Friday, July 3, 2020

ਕਾਮਰੇਡ ਨੌਨਿਹਾਲ ਦਾ ਵਿਛੋੜਾ ...ਯਾਦ ਤੇਰੀ ਦਿਲਾਂ ’ਚੋਂ ਜਾਣੀ ਨਹੀਂ


ਕਾਮਰੇਡ ਨੌਨਿਹਾਲ ਦਾ ਵਿਛੋੜਾ      ...ਯਾਦ ਤੇਰੀ ਦਿਲਾਂ ਚੋਂ ਜਾਣੀ ਨਹੀਂ
ਭਾਈ ਕਾਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਚ ਨੌਨਿਹਾਲ ਸਿੰਘ ਸ਼ਬਦ ਦੇ ਅਰਥ; ‘ਆਨੰਦ ਦਾਇਕ ਨੌਜਵਾਨਦਰਸਾਏ ਗਏ ਹਨ।
ਕਾਮਰੇਡ ਨੌਨਿਹਾਲ ਸਿੰਘ ਦਾ ਜਿਹਨਾਂ ਨੇ ਵੀ ਸੰਗ-ਸਾਥ ਮਾਣਿਆ, ਉਹ ਫ਼ਖਰ ਨਾਲ ਕਹਿ ਸਕਦੇ ਹਨ ਕਿ ਉਹ ਸੱਚਮੁੱਚ ਆਨੰਦ ਦਾਇਕ ਨੌਜਵਾਨਸੀ। ਤੁਹਾਡੇ ਥਕੇਵੇਂ, ਅਕੇਵੇਂ, ਗ਼ਮ ਪੀ ਜਾਣ ਵਾਲਾ। ਤੁਹਾਡੇ ਅੰਦਰ ਰੌਸ਼ਨ ਖਿਆਲਾਂ ਦੀ ਤਰੰਗ ਛੇੜਨ ਵਾਲਾ। ਤਾਜ਼ਾ ਪੌਣ ਦੇ ਬੁੱਲੇ ਵਰਗਾ। ਜ਼ਿੰਦਗੀ ਦੇ ਬਿਖੜੇ ਪੈਂਡਿਆਂ ਤੇ ਸਦਾ ਸਫ਼ਰ ਤੇ ਰਹਿਣ ਵਾਲਾ। ਖੱਟੇ-ਮਿੱਠੇ ਅਮੁੱਲੇ ਜੀਵਨ ਤਜ਼ਰਬਿਆਂ ਵਿਚੋਂ ਕਸ਼ੀਦੇ ਸ਼ਬਦਾਂ ਨੂੰ ਸੰਭਾਲਕੇ, ਸੰਗੀਆਂ-ਸਾਥੀਆਂ, ਵਿਸ਼ੇਸ਼ ਕਰਕੇ ਚੜਦੀ ਜੁਆਨੀ ਦੀ ਝੋਲੀ ਪਾਉਣ ਵਾਲਾ।
ਆਨੰਦ ਦਾਇਕ ਨੌਜਵਾਨ, ਨੌਨਿਹਾਲ ਸਿੰਘ ਨੇ ਖ਼ੁਦ ਆਨੰਦਮਈ ਜ਼ਿੰਦਗੀ ਜੀਣ ਦੀਆਂ ਬਹਾਰਾਂ ਨੂੰ ਗਲੇ ਨਹੀਂ ਲਗਾਇਆ। ਉਸਨੇ ਸਦੀਆਂ ਤੋਂ ਪੱਤਝੜਾਂ ਵਿੱਚ ਜੰਮਦੀ ਅਤੇ ਪੱਤਝੜ ਰੁੱਤੇ ਹੀ ਮਰ ਮੁੱਕ ਜਾਂਦੀ ਕਿਰਤੀ ਜਮਾਤ ਦੀ ਪੱਤਝੜ ਰੁੱਤ ਨਾਲ ਹੀ ਆਤਮ ਸਾਤ ਹੋਣ ਦਾ ਚੇਤਨ ਮਾਰਗ ਚੁਣਿਆ। ਉਸਦੇ ਵਿਹੜੇ ਬਸੰਤ-ਬਹਾਰ ਲਿਆਉਣ ਦਾ ਬੀੜਾ ਚੁੱਕਿਆ। ਹਕੀਕਤ ਹੈ ਕਿ ਚਾਂਦੀ ਦਾ ਚਮਚਾ ਮੂੰਹ ਲੈ ਕੇ ਜਨਮੇ ਨੌਨਿਹਾਲ ਸਿੰਘ ਨੇ ਭਾਈ ਲਾਲੋਆਂ ਦੀ ਪੀੜ ਨੂੰ ਗਹਿਰਾਈ ਚ ਮਹਿਸੂਸ ਕੀਤਾ। ਸੁਰਮਈ ਸ਼ਾਮਾਂ ਦੇ ਮਾਹੌਲ ਵਿੱਚ ਗੜੁੱਚ ਹੋ ਕੇ ਨਿੱਜੀ ਜ਼ਿੰਦਗੀ ਜੀਣ ਦੀ ਬਜਾਏ, ਨੌਨਿਹਾਲ ਸਿੰਘ ਨੇ ਜੁਆਨੀ ਦੀ ਸਰਦਲ ਤੇ ਕਦਮ ਧਰਦਿਆਂ ਹੀ ਸਮਾਜ-ਸਿਰਜਕ, ਅਸਲ ਮਜ਼ਦੂਰ ਜਮਾਤ ਦੀ ਅਦੁੱਤੀ ਕਲਾ ਅਤੇ ਊਰਜਾ ਨੂੰ ਬੁੱਝ ਲਿਆ।
ਉਸਨੇ ਆਲੀਸ਼ਾਨ ਮਹਿਲ ਮੁਨਾਰੇ, ਬੇਸਕੀਮਤੀ ਭੋਇੰ, ਪਰਿਵਾਰਕ ਸੁੱਖ ਆਰਾਮ ਤਿਆਗਕੇ ਆਪਣੇ ਆਪ ਨੂੰ ਉਸ ਮਹਾਂ-ਪਰਿਵਾਰ ਦਾ ਅੰਗ ਬਣਾ ਲਿਆ, ਜਿਹੜਾ ਪਰਿਵਾਰ ਸਾਧਨ ਅਤੇ ਪੂੰਜੀ ਵਿਹੂਣਾ ਹੋਣ ਕਰਕੇ, ਆਪਣੀਆਂ ਕਲਾ ਕਿਰਤਾਂ, ਹੁਨਰਮੰਦੀ ਅਤੇ ਹੱਡ-ਭੰਨਵੀਂ ਮਿਹਨਤ ਦੇ ਬਾਵਜੂਦ ਬੁਰੀ ਤਰਾਂ ਦੁਰਕਾਰਿਆ, ਲਿਤਾੜਿਆ ਅਤੇ ਜ਼ਿੰਦਗੀ ਦੇ ਹਰ ਖੇਤਰ ਅੰਦਰ ਦਰੜਿਆ ਜਾ ਰਿਹਾ ਹੈ। ਇਸ ਪਰਿਵਾਰ ਦੇ ਪੁਰਖਿਆਂ ਨੇ ਜੈਤੋ ਅਤੇ ਨਨਕਾਣਾ ਸਾਹਿਬ ਦੇ ਮੋਰਚੇ ਵਿੱਚ ਮਾਣ-ਮਤਾ ਯੋਗਦਾਨ ਪਾਇਆ। ਜੋ ਮੋਰਚਾ, ਬਰਤਾਨਵੀ ਹਾਕਮਾਂ ਦੇ ਧਾੜਵੀ ਕਾਰਿਆਂ ਦੇ ਖ਼ਿਲਾਫ਼ ਲਾਇਆ ਗਿਆ ਸੀ। ਸਾਮਰਾਜ ਵਿਰੋਧੀ ਉਸ ਪਰਿਵਾਰਕ ਪਿਛੋਕੜ ਦੀ ਗੁੜਤੀ ਉਹਨਾਂ ਦੇ ਸਾਹਾਂ ਚੋਂ ਸਦਾ ਮਹਿਸੂਸ ਹੁੰਦੀ ਸੀ।
ਅਸੀਂ ਕਈ ਵਾਰ ਨੌਨਿਹਾਲ ਦੇ ਦੋ ਨੈਣਾਂ ਵਿੱਚ ਵਗਦੇ ਪੰਜ ਦਰਿਆ ਤੱਕੇ। ਇਸ ਚੀਸ ਅਤੇ ਰਿਸਦੇ ਜਖ਼ਮਾਂ ਦੀ ਪੈੜ ਨੱਪਦਿਆਂ ਪਤਾ ਲੱਗਾ ਕਿ ਉਹਨਾਂ ਦੇ ਵੱਡ-ਵਡੇਰੇ ਨਕੋਦਰ ਲਾਗੇ ਪਿੰਡ ਨੂਰਪੁਰ ਚੱਠਾ ਦੇ ਸਨ। ਉਹ ਲਾਇਲਪੁਰ (ਹੁਣ ਪਾਕਿਸਤਾਨ) ਜਾ ਵਸੇ ਸਨ। ਜਦੋਂ ਇੱਕੋ ਧਰਤੀ ਮਾਂ ਦੇ ਦਿਲ ਦੇ ਦੋ ਟੋਟੇ ਕੀਤੇ ਗਏ ਤਾਂ 10 ਕੁ ਵਰਿਆਂ ਦੇ ਨੌਨਿਹਾਲ ਦੇ ਜਿਹਨ ਚ ਫ਼ਿਰਕੂ ਕਤਲੋਗਾਰਦ ਦੇ ਦੇਖੇ ਦਿ੍ਰਸ਼ਾਂ ਦੀਆਂ ਬਰਛੀਆਂ ਖੁਭ ਗਈਆਂ। ਉਹਨਾਂ ਦਾ ਪਰਿਵਾਰ ਲਾਇਲਪੁਰ ਤੋਂ ਆ ਕੇ ਗੜਾ (ਜਲੰਧਰ) ਰਹਿਣ ਲੱਗ ਪਿਆ। ਲੁੱਟੀ ਜਾਂਦੀ ਆਬਰੂ ਦੀਆਂ ਕਹਾਣੀਆਂ ਦਾ ਕਾਂਬਾਂ ਅੱਜ ਵੀ ਅੱਖੀਂ ਡਿੱਠਾ ਹਾਲ ਸੁਣਾਉਣ ਸਮੇਂ ਉਹਨਾਂ ਦੇ ਫਰਫਰਾਉਂਦੇ ਬੁੱਲਾਂ ਤੋਂ ਸਾਫ਼ ਪੜਿਆ ਜਾ ਸਕਦਾ ਸੀ। ਵਿਚਾਰਧਾਰਕ-ਰਾਜਨੀਤਕ ਜਾਗਰੂਕਤਾ ਦੇ ਨਾਲ ਵਿਸ਼ੇਸ਼ ਕਾਰਨ ਇਸ ਪਿਛੋਕੜ ਦਾ ਵੀ ਸੀ ਕਿ ਉਹ ਇਨਸਾਨ, 84 ਵਰਿਆਂ ਦੇ ਜੀਵਨ ਸਫ਼ਰ ਦੇ ਆਖ਼ਰੀ ਦਮ ਤੱਕ ਹਰ ਵੰਨਗੀ ਦੀ ਫ਼ਿਰਕੂ ਫਾਸ਼ੀ ਜ਼ਹਿਰ ਅਤੇ ਅੱਗ ਦੇ ਖਿਲਾਫ਼, ਲੋਕਾਂ ਨੂੰ ਲਾਮਬੰਦ ਕਰਕੇ, ਇਸਦਾ ਟਾਕਰਾ ਕਰਨ, ਇਸਨੂੰ ਹਰਾਉਣ ਲਈ ਸਰਗਰਮ ਯਤਨ ਕਰਦਾ ਰਿਹਾ।
ਮੁੱਢਲੀ ਵਿੱਦਿਆ ਲਾਇਲਪੁਰ ਖਾਲਸਾ ਸਕੂਲ ਜਲੰਧਰ, ਗ੍ਰੈਜੁਏਟ ਲਾਇਲਪੁਰ ਖਾਲਸਾ ਕਾਲਜ, ਜਲੰਧਰ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਇਤਿਹਾਸ ਦੀ ਐਮ.ਏ. ਕਰਨ ਵਾਲੇ ਨੌਨਿਹਾਲ ਦੀ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਉੱਪਰ ਪਰਪੱਕਤਾ ਸੀ। ਚੜਦੀ ਉਮਰੇ ਹੀ ਆਪਣੇ ਮਾਮਾ ਜੀ ਕਰਮ ਸਿੰਘ ਮਾਨ ਦੇ ਵਿਚਾਰਾਂ ਦੀ ਲੋਅ, ਉਹਨਾਂ ਦਾ ਮਾਰਗ ਰੁਸ਼ਨਾਉਣ ਲੱਗੀ। ਨੌਨਿਹਾਲ ਸਿੰਘ ਨੇ ਜ਼ਿੰਦਗੀ ਦੇ ਪਹਿਲੇ ਫੈਸਲਾਕੁੰਨ ਪਹਿਰ ਸਮੇਂ ਹੀ ਇਹ ਸਮਝ ਲਿਆ ਕਿ ਕੁੱਲ ਦੁਨੀਆਂ ਅੰਦਰ ਗ਼ੁਲਾਮੀ, ਦਾਬੇ, ਲੁੱਟ-ਖਸੁੱਟ, ਜਬਰ ਜ਼ੁਲਮ, ਜਾਤ-ਪਾਤ, ਫ਼ਿਰਕਾਪ੍ਰਸਤੀ ਦੀਆਂ ਜ਼ਹਿਰੀ ਨੋਕੀਲੀਆਂ ਦੀਵਾਰਾਂ ਦੀ ਬੁਨਿਆਦ ਹੈ; ਮੁੱਠੀ ਭਰ ਘਰਾਣਿਆ ਦਾ ਧਨ ਅਤੇ ਧਰਤੀ ਉਪਰ ਕਬਜ਼ਾ ਹੈ। ਉਸਨੂੰ ਇਤਿਹਾਸ, ਦਰਸ਼ਨ, ਰਾਜਨੀਤੀ, ਸਮਾਜ ਅਤੇ ਸਾਹਿਤ ਦਾ ਗੰਭੀਰ ਵਿਦਿਆਰਥੀ ਹੋਣ ਕਾਰਨ ਇਹ ਬੋਧ ਵੀ ਬਹੁਤ ਸਪੱਸ਼ਟਤਾ ਨਾਲ ਹੋ ਗਿਆ ਸੀ ਕਿ ਮਾਰਕਸਵਾਦੀ ਵਿਚਾਰਧਾਰਾ ਹੀ ਕੁੱਲ ਦੁਨੀਆਂ ਦੀਆਂ ਦੱਬੀਆਂ ਕੁਚੱਲੀਆਂ ਕੌਮਾਂ ਦੀ ਆਜ਼ਾਦੀ ਅਤੇ ਲੁੱਟੇ-ਪੁੱਟੇ ਲੋਕਾਂ ਦੀ ਮੁਕਤੀ ਦਾ ਮਾਰਗ-ਦਰਸ਼ਕ ਹੈ। ਉਹਨਾਂ ਦੇ ਮਨ ਮਸਤਕ ਅੰਦਰ ਜ਼ਰਾ ਜਿੰਨੀਂ ਵੀ ਦੁਬਿਧਾ, ਧੁੰਧਲਾਪਣ ਨਹੀਂ ਦੇਖਿਆ। ਉਹ ਪੂਰੀ ਤਰਾਂ ਦਿ੍ਰੜ ਸੰਕਲਪ ਸੀ ਕਿ ਜਮਾਤੀ ਲਾਮਬੰਦੀ, ਜਮਾਤੀ ਸੰਗਰਾਮ, ਬੁਨਿਆਦੀ ਸਮਾਜਕ ਤਬਦੀਲੀ ਨੂੰ ਪਰਨਾਇਆ ਇਨਕਲਾਬ ਹੀ ਸੱਭੇ ਅਲਾਮਤਾਂ ਦੇ ਮੁਕੰਮਲ ਇਲਾਜ ਦੀ ਦਵਾ ਹੈ।
ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੁੰਦਿਆਂ, ਮਜ਼ਦੂਰ ਜਮਾਤ ਦੀ ਭੂਮਿਕਾ ਦੇ ਇਤਿਹਾਸਕ ਮਹੱਤਵ ਨੂੰ ਸਮਝਦਿਆਂ ਉਹ ਮਜ਼ਦੂਰਾਂ ਵਿੱਚ ਕੁੱਲ ਵਕਤੀ ਕੰਮ ਕਰਨ ਲੱਗਾ। ਨੌਨਿਹਾਲ ਦੀ ਅਗਵਾਈ ਵਿੱਚ ਜੇ.ਸੀ.ਟੀ. ਮਿੱਲ ਫਗਵਾੜਾ ਦੇ ਕਾਮਿਆਂ ਦਾ ਹੱਕੀ ਘੋਲ ਲੜਿਆ ਗਿਆ। ਇਹ 4 ਨਵੰਬਰ 1966 ਦੀ ਘਟਨਾ ਹੈ, ਜਦੋਂ ਭੁੱਖ-ਹੜਤਾਲ ਤੇ ਬੈਠੇ ਕਾਮਿਆਂ ਨੂੰ ਮਿੱਲ ਮਾਲਕਾਂ ਨੇ ਸਾਜ਼ਿਸ਼ ਤਹਿਤ ਅਜੇਹਾ ਪਾਰਸਲ ਭੇਜਿਆ ਜਿਸਨੂੰ ਖੋਲਦੇ ਸਾਰ ਜਬਰਦਸਤ ਬੰਬ ਧਮਾਕਾ ਹੋਇਆ। ਜਿਸ ਵਿੱਚ ਮਜ਼ਦੂਰ ਆਗੂ ਸ਼ਾਦੀ ਲਾਲ ਅਤੇ ਸਾਥੀ ਚਰਨਜੀਤ ਲਾਲ ਸ਼ਹੀਦ ਹੋ ਗਏ। ਨੌਨਿਹਾਲ ਸਮੇਤ ਰਾਮ ਸਹਾਏ ਅਤੇ ਮੁਨੀ ਲਾਲ ਜ਼ਖ਼ਮੀ ਹੋ ਗਏ। 
ਉਹ 2008 ਤੋਂ 2010 ਤੱਕ ਤਿੰਨ ਵਰੇ ਜਦੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਰਹੇ, ਮੈਂ ਉਹਨਾਂ ਨਾਲ ਸਹਾਇਕ ਸਕੱਤਰ ਰਿਹਾ। ਉਸ ਸੈਸ਼ਨ ਦੌਰਾਨ ਕਾਮਾਗਾਟਾ ਮਾਰੂ, ਕੂਕਾ ਲਹਿਰ ਚ ਸੂਰਮਿਆਂ ਦਾ ਸ਼ਹੀਦ ਦਾ ਰੁਤਬਾ ਬੁਲੰਦ ਕਰਨ ਲਈ ਨਿਰੰਤਰ ਆਵਾਜ਼ ਉਠਾਈ। ਅੰਮਿ੍ਰਤਸਰ ਵਿਖੇ ਰੋਸ ਮੁਜ਼ਾਹਰਾ ਕੀਤਾ ਤਾਂ ਸਾਨੂੰ ਨੌਨਿਹਾਲ ਸਿੰਘ ਸਮੇਤ ਫੜਕੇ ਅੰਮਿ੍ਰਤਸਰ ਥਾਣੇ ਡੱਕ ਦਿੱਤਾ।
ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਦਾ ਮੁਹਾਂਦਰਾ ਬਦਲ ਕੇ ਇਸਨੂੰ ਆਪਣੇ ਸੌੜੇ ਰਾਜਨੀਤਕ ਹਿੱਤਾਂ ਦੇ ਸਿਆਸੀ ਰੰਗ ਚ ਰੰਗਣ, ਸੈਰਗਾਹ ਬਣਾ ਧਰਨ, ਆਪਣੇ ਹਿੱਤਾਂ ਦੀ ਪੂਰਤੀ ਕਰਦਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਸ਼ੁਰੂ ਕਰਨ। ਗੋਲੀਆਂ, ਕੰਧਾਂ, ਸ਼ਹੀਦੀ ਖੂਹ ਗਲੀਆਂ ਦੇ ਇਤਿਹਾਸਕ ਪ੍ਰਮਾਣ ਹੌਲੀ-ਹੌਲੀ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ਹੇਠ ਬਦਲ ਦੇਣ ਦਾ ਤਿੱਖਾ ਵਿਰੋਧ ਕਰਨ ਲਈ ਉਹਨਾਂ ਦੀ ਅਗਵਾਈ ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ਾਨਦਾਰ ਭੂਮਿਕਾ ਨਿਭਾਈ। ਉਹ ਨੌਨਿਹਾਲ ਸਿੰਘ ਹੀ ਸਨ, ਜਿਨਾਂ ਨੇ ਵਿਦਿਆਰਥੀ ਨੌਜਵਾਨ ਜੱਥੇਬੰਦੀਆਂ ਵੱਲੋਂ ਜਲਿਆਂਵਾਲਾ ਬਾਗ਼ ਦੀ ਇਤਿਹਾਸਕਤਾ ਸੰਭਾਲਣ ਲਈ ਉਠਾਈ ਆਵਾਜ਼ ਨੂੰ ਭਰਵਾਂ ਹੁੰਗਾਰਾ ਭਰਿਆ।
ਕਾਮਰੇਡ ਨੌਨਿਹਾਲ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਨੂੰ ਜਿਸ ਠੋਸ ਆਧਾਰਸ਼ਿਲਾ ਅਤੇ ਮਾਰਗ-ਸੇਧ ਉਪਰ ਸਰਗਰਮੀ ਨਾਲ ਨਵੇਂ ਮੁਕਾਮ ਤੇ ਪਹੁੰਚਾਉਣ ਲਈ ਯੋਗਦਾਨ ਪਾਇਆ, ਉਸ ਉੱਪਰ ਅਮਲਦਾਰੀ ਹੀ ਨੌਨਿਹਾਲ ਸਿੰਘ ਨੂੰ ਜ਼ਿੰਦਾ ਰੱਖਣ ਦੀ ਗਵਾਹੀ ਭਰੇਗੀ। ਉਸਦੇ ਕੁੱਝ ਕੁ, ਉਹ ਵੀ ਝਲਕ ਮਾਤਰ ਪੱਖ ਸਾਡਾ ਵਿਸ਼ੇਸ਼ ਧਿਆਨ ਖਿੱਚਦੇ ਹਨ:
1. ਮੁਲਕ ਦੇ ਆਜ਼ਾਦੀ ਸੰਗਰਾਮ ਚ ਰਵਾਇਤੀ ਲੀਕ ਤੋਂ ਹਟਕੇ ਨਿਵੇਕਲੀ ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੀ ਸਮਝ-ਸੋਚ ਦੇ ਬੁਨਿਆਦੀ ਆਧਾਰ ਚੌਖਟੇ ਉੱਪਰ ਉਹਨਾਂ ਨੇ ਅਗਵਾਈ ਕੀਤੀ। ਸਾਮਰਾਜ, ਜਾਗੀਰਦਾਰੀ, ਸਰਮਾਏਦਾਰੀ, ਭਾਵ ਦੇਸੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ ਵਗਾਹ ਮਾਰਨ ਦੀ ਸੇਧ ਨੂੰ ਪ੍ਰਨਾਏ ਰਾਹ ਉਪਰ ਅੱਗੇ ਤੋਰਿਆ, ਦੇਸ਼ ਭਗਤ ਯਾਦਗਾਰ ਹਾਲ ਦੀ ਬਣਦੀ ਭੂਮਿਕਾ ਨੂੰ।
2. ਦੇਸ਼ ਭਗਤ ਯਾਦਗਾਰ ਹਾਲ ਆਪਣੇ ਆਪ ਚ ਹੀ ਇਨਕਲਾਬੀ ਇਤਿਹਾਸਕ ਵਿਰਾਸਤ ਨੂੰ ਖੋਜਣ-ਪੜਤਾਲਣ, ਸੰਭਾਲਣ, ਪ੍ਰਕਾਸ਼ਿਤ ਕਰਨ ਅਤੇ ਉਸਦੀ ਪਰਸੰਗਕਤਾ ਦਾ ਮਹੱਤਵ ਉਭਾਰਨ ਵਾਲੀ ਸੰਸਥਾ ਹੈ ਨਾ ਕਿ ਸਿਆਸੀ ਪਾਰਟੀ। ਇਹ ਨਾ ਹੀ ਵੰਨ-ਸੁਵੰਨੀਆਂ ਸਿਆਸੀ ਪਾਰਟੀਆਂ, ਗਰੁੱਪਾਂ ਦੇ ਪ੍ਰਤੀਨਿੱਧ ਨੁੰਮਾਇੰਦਿਆਂ ਦੇ ਆਧਾਰ ਤੇ ਬਣੀ ਸੰਸਥਾ ਹੈ। ਇਹ ਆਜ਼ਾਦੀ ਜੱਦੋ-ਜਹਿਦ ਚ ਜੂਝਣ ਵਾਲੇ ਅਤੇ ਸ਼ਹੀਦੀਆਂ ਪਾ ਜਾਣ ਵਾਲਿਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਬਣੀ ਪਰਿਵਾਰ ਸਹਾਇਕ ਕਮੇਟੀ ਤੋਂ ਅੱਗੇ ਨਵੇਂ ਨਾਮਕਰਣ ਹੇਠ ਕਹਾਉਂਦੀ ਦੇਸ਼ ਭਗਤ ਯਾਦਗਾਰ ਕਮੇਟੀ ਹੈ। ਜਿਸਦਾ ਮਾਰਗ-ਦਰਸ਼ਕ ਅਤੇ ਜਮਹੂਰੀ ਕਾਰਜਸ਼ੀਲਤਾ ਲਈ ਆਪਣਾ ਐਲਾਨਨਾਮਾ ਅਤੇ ਵਿਧਾਨ ਹੈ। ਇਸ ਦੀ ਰੌਸ਼ਨੀ ਚ ਚੱਲਦੇ ਆ ਰਹੇ ਕੰਮ ਦਾ ਵਿਸ਼ੇਸ਼ ਨਤੀਜਾ ਇਹ ਹੈ ਕਿ ਇਸਨੇ ਆਪਣੀ ਵਿਸ਼ੇਸ਼ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ ਹੈ। ਉਸਤੇ ਸਾਬਤ ਕਦਮੀ ਅਮਲ ਕੀਤਾ ਹੈ। ਪ੍ਰਭਾਵਸ਼ਾਲੀ ਨਤੀਜੇ ਹਾਸਲ ਕੀਤੇ ਹਨ। ਇਹ ਕਮੇਟੀ ਦੇ ਚਰਿੱਤਰ ਅਤੇ ਅਮਲ ਦੀ ਚੂਲ ਹੈ। ਇਸਦੀ ਵਿਲੱਖਣ ਭੂਮਿਕਾ ਦਾ ਸਿਰਨਾਵਾਂ ਹੈ। ਇਸਦਾ ਰਾਜਨੀਤਕ, ਸਮਾਜਕ, ਸਭਿਆਚਾਰਕ ਅਤੇ ਜਮਹੂਰੀ ਮੁੱਦਿਆਂ ਉਪਰ ਸਰਗਰਮੀ ਕਰਦੇ ਰਹਿਣ ਦਾ ਗੌਰਵਮਈ ਇਤਿਹਾਸ ਹੈ। ਇਸ ਆਧਾਰ ਚੌਖਟੇ ਤੇ ਪਹਿਰੇਦਾਰੀ ਅਤੇ ਅਮਲਦਾਰੀ ਦੀ ਮੰਗ ਕਰਨਗੀਆਂ ਕਾਮਰੇਡ ਨੌਨਿਹਾਲ ਸਿੰਘ ਦੀਆਂ ਪੈੜਾਂ।
3. ਹਰ ਵੰਨਗੀ ਦੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼, ਦਲਿਤ, ਮੁਸਲਮਾਨ, ਸਿੱਖ, ਇਸਾਈ ਜਾਂ ਹਿੰਦੂ ਭਾਈਚਾਰੇ ਨੂੰ ਜਦੋਂ ਵੀ ਫ਼ਿਰਕੇ, ਜਾਤ, ਧਰਮ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਗਿਆ ਤਾਂ ਨੌਨਿਹਾਲ ਸਿੰਘ ਇਸ ਵਰਤਾਰੇ ਚ ਕਮੇਟੀ ਦੀ ਪਹਿਲਕਦਮੀ ਭਰੀ ਵਿਸ਼ੇਸ਼ ਸਰਗਰਮੀ ਲਈ ਵਿਸ਼ੇਸ਼ ਤਵੱਜੋਂ ਦਿਆ ਕਰਦੇ। 
4. ਗ਼ਦਰੀ ਬਾਬਿਆਂ ਦੇ ਹੁਣ ਤੱਕ ਲੱਗੇ 28 ਮੇਲੇ ਵੱਖ-ਵੱਖ ਇਤਿਹਾਸਕ ਲਹਿਰਾਂ, ਘਟਨਾਵਾਂ ਅਤੇ ਨਾਇਕਾਂ ਨੂੰ ਸਮਰਪਤ ਕਰਨ ਦੀ ਅਟੁੱਟ ਲੜੀ ਜੋੜਕੇ ਤੁਰਨ ਚ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਗ਼ਦਰ ਪਾਰਟੀ, ਕਾਮਾਗਾਟਾ ਮਾਰੂ, ਕੂਕਾ ਲਹਿਰ, ਬਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫੌਜ਼, ਫੌਜੀ ਛਾਉਣੀਆਂ ਦੀ ਬਗ਼ਾਵਤ, ਉੱਘੇ ਨਾਇਕਾਂ, ਸਾਮਰਾਜਵਾਦ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਲਹਿਰਾਂ ਨੂੰ ਸਮਰਪਤ, ਰੂਸੀ ਕਰਾਂਤੀ, ਕਾਰਲ ਮਾਰਕਸ, ਜਲਿਆਂਵਾਲਾ ਬਾਗ਼ ਅਤੇ ਬਾਬਾ ਸੋਹਨ ਸਿੰਘ ਭਕਨਾ ਸ਼ਤਾਬਦੀਆਂ ਦੀਆਂ ਲੜੀਆਂ ਅਤੇ ਕੜੀਆਂ ਜੋੜਕੇ ਰੱਖਣ ਲਈ ਨਿਭਾਈ ਭੂਮਿਕਾ ਸਦਾ ਸਾਡੇ ਮੱਥਿਆਂ ਚ ਜਗਦੀ ਰਹੇਗੀ।
5. ਮੇਲੇ ਚ ਕੁਇਜ਼, ਵਿਚਾਰ-ਚਰਚਾ, ਭਾਸ਼ਣ, ਗਾਇਨ, ਪੇਂਟਿੰਗ ਮੁਕਾਬਲੇ, ਨਾਟਕ, ਝੰਡੇ ਦੇ ਗੀਤ ਸਭਨਾਂ ਦੇ ਥੀਮ-ਤੱਕ ਕੀ ਹੋਵੇ। ਮੇਲੇ ਚ ਵੱਧ ਤੋਂ ਵੱਧ ਟੀਮਾਂ/ਲੋਕਾਂ ਨੂੰ ਕਿਵੇਂ ਸ਼ਾਮਲ ਕਰੀਏ। ਉਹ ਸਦਾ ਹੀ ਅਥਾਹ ਯਤਨ ਕਰਦੇ ਰਹੇ।
6. ਮੇਲੇ ਦੀ ਵਿੱਤੀ ਸਹਾਇਤਾ, ਬਿਲਡਿੰਗ ਫੰਡ ਅਤੇ ਹੋਰ ਸਮੇਂ-ਸਮੇਂ ਲੋੜਾਂ ਚ ਉਹ ਦੋ ਕੰਮ ਕਦੇ ਨਾ ਭੁੱਲਦੇ ਇੱਕ ਹਰੇਕ ਨੂੰ ਮੱਦਦ ਦੀ ਅਪੀਲ ਕਰਨੀ। ਦੂਜਾ ਪੁਸਤਕਾਂ ਲੈ ਕੇ ਜਾਣ ਲਈ ਪ੍ਰੇਰਨਾ।
7. ਜਦੋਂ ਗ਼ਦਰ ਸ਼ਤਾਬਦੀ ਮੌਕੇ ਪੰਜਾਬ ਦੇ ਕੋਨੇ ਕੋਨੇ ਤੱਕ ਕਾਫ਼ਲਾ ਗਿਆ, ਇਸਨੂੰ ਉਹਨਾਂ ਨੇ ਸਿਫ਼ਤੀ ਪੁਲਾਂਘਦਾ ਨਾਂਅ ਦਿੱਤਾ। ਉਹਨਾਂ ਦਾ ਵਿਚਾਰ ਸੀ ਇਸ ਕਾਫ਼ਲਾ ਮੁਹਿੰਮ ਨਾਲ ਕਮੇਟੀ ਨੂੰ ਹਰ ਪੱਖੋਂ ਊਰਜ਼ਾ ਮਿਲੇਗੀ। 
8. ਦੇਸ਼-ਬਦੇਸ਼ ਅੰਦਰ ਗ਼ਦਰ ਪਾਰਟੀ ਦੇ ਵਿਚਾਰਾਂ, ਉਦੇਸ਼ਾਂ ਅਤੇ ਅਮਿਟ ਦੇਣ ਦੀ ਗਾਥਾ ਲੈ ਕੇ ਜਾਣ ਦੀ ਦਿਸ਼ਾ ਚ ਉਹਨਾਂ ਨੇ ਵਿਸ਼ੇਸ਼ ਉੱਦਮ ਜੁਟਾਏ।
9. ਇਤਿਹਾਸ, ਸਾਹਿਤ ਆਦਿ ਵਿਸ਼ਿਆਂ, ਪ੍ਰੇਰਨਾਦਾਇਕ ਸੂਝਵਾਨ ਨਾਇਕਾਂ ਨੂੰ ਪੁਸਤਕ ਪ੍ਰਕਾਸ਼ਨ ਰਾਹੀਂ ਲੋਕਾਂ ਚ ਲਿਜਾਣ ਦੇ ਕੰਮ ਨੂੰ ਬਤੌਰ ਸੀਨੀਅਰ ਆਗੂ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਨਾਤੇ ਵੀ ਵਿਸੇ ਯੋਗਦਾਨ ਪਾਇਆ।
10. ਜੰਗਲ, ਜਲ, ਜ਼ਮੀਨ ਖੋਹੇ ਜਾਣ, ਆਦਿਵਾਸੀਆਂ ਤੇ ਹੱਲੇ, ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲਸ ਮੁਕਾਬਲੇ, ਗਿ੍ਰਫ਼ਤਾਰੀਆਂ, ਕਸ਼ਮੀਰੀ ਲੋਕਾਂ ਉਪਰ ਕਈ ਦਹਾਕਿਆਂ ਤੋਂ ਵਰਦੇ ਕਹਿਰ, ਕਾਲੇ ਕਾਨੂੰਨਾਂ, ਵਿਸੇ ਕਰਕੇ ਐਨ.ਸੀ.ਆਰ., ਐਨ.ਪੀ.ਆਰ., ਸੀ.ਏ.ਏ. ਕਾਨੂੰਨਾਂ ਵਿਰੋਧੀ ਲਹਿਰ, ਸ਼ਾਹੀਨ ਬਾਗ਼ ਆਦਿ ਸਰਗਰਮੀਆਂ, ਬੇਜ਼ਮੀਨਿਆਂ, ਮਜ਼ਦੂਰਾਂ ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਦੀਆਂ ਸਰਗਰਮੀਆਂ, ਤਾਜ਼ਾ ਤਾਰੀਨ ਘਟਨਾਵਾਂ/ਖ਼ਬਰਾਂ ਦੀ ਮਹਿਜ਼ ਜਾਣਕਾਰੀ ਹੀ ਨਹੀਂ ਸੀ ਰੱਖਦੇ ਸਗੋਂ ਗਹਿਰ ਗੰਭੀਰਤਾ ਨਾਲ ਇਹਨਾਂ ਨਾਲ ਜੁੜਵੇਂ ਸਰੋਕਾਰਾਂ/ਫ਼ਿਕਰਾਂ ਦੀ ਬਾਂਹ ਫੜਕੇ ਕੁੱਝ ਕਰਨ ਲਈ ਸੰੰਜੀਦਾ ਮੰਥਨ ਕਰਿਆ ਕਰਦੇ।
ਕੀ ਲਿਖੀਏ, ਕੀ ਛੱਡੀਏ ਉਹ ਤੁਰਦਾ ਫਿਰਦਾ ਇਤਿਹਾਸਕ ਇਨਸਾਈਕਲੋਪੀਡੀਆ ਸੀ। ਉਹ ਕਮੇਟੀ ਦੇ ਜਨਰਲ ਸਕੱਤਰ, ਮੀਤ ਪ੍ਰਧਾਨ, ਖਜ਼ਾਨਚੀ, ਇਤਿਹਾਸ ਕਮੇਟੀ ਦੇ ਕਨਵੀਨਰ ਵੀ ਰਹੇ ਪਰ ਉਹ ਅਮਲੀ ਤੌਰ ਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸੱਚੇ ਸੇਵਕ ਬਣਕੇ ਵਿਚਰੇ। ਉਸਦਾ ਖੱਪਾ ਭਰਨਾ ਕੋਈ ਸੌਖਾ ਕਾਰਜ਼ ਨਹੀਂ। ਅਗਲੇ ਹਰ ਮੋੜ ਤੇ, ਹਰ ਕਦਮ ਤੇ ਉਹਨਾਂ ਦੇ ਹੁੰਗਾਰੇ ਉਹਨਾਂ ਦੇ ਨਿੱਘੇ ਸਹਾਰੇ ਦੀ ਜਿਸਮਾਨੀ ਗੈਰ-ਹਾਜ਼ਰੀ ਦੀ ਚੋਭ ਰੜਕੇਗੀ ਅਤੇ ਡਾ.ਜਗਤਾਰ ਦੇ ਬੋਲ ਸਦਾ ਬੁੱਲਾਂ ਤੇ ਰਹਿਣਗੇ:
ਕਾਫ਼ਲੇ ਚ ਤੂੰ ਭਾਵੇਂ ਨਹੀਂ ਰਿਹਾ ਯਾਦ ਤੇਰੀ ਦਿਲਾਂ ਚੋਂ ਜਾਣੀਂ ਨਹੀਂ

No comments:

Post a Comment