ਅਮਰੀਕਾ:
ਰਾਜਕੀ ਨਸਲੀ ਜਬਰ ਖਿਲਾਫ ਉੱਠੇ ਲੋਕ
ਇਹਨੀਂ
ਦਿਨੀਂ ਅਮਰੀਕਾ ਅੰਦਰ ਵੱਡੇ ਜਨਤਕ ਮੁਜ਼ਾਹਰੇ ਹੋ ਰਹੇ ਹਨ। ਸਧਾਰਨ ਰੋਸ ਪ੍ਰਗਟਾਵਿਆਂ ਤੋਂ ਅੱਗੇ
ਵਧਕੇ ਇਨਾਂ ਮੁਜ਼ਾਹਰਿਆਂ ’ਚ ਲੋਕਾਂ ਦਾ ਤਿੱਖਾ ਜੁਝਾਰੂ
ਰੌਂਅ ਪ੍ਰਗਟ ਹੋ ਰਿਹਾ ਹੈ। ਪੁਲੀਸ ਦੇ ਜਬਰ ਖਿਲਾਫ਼ ਲੋਕਾਂ ਨੇ ਤਿੱਖਾ ਮੋੜਵਾਂ ਪ੍ਰਤੀਕਰਮ ਦਿੱਤਾ
ਹੈ। ਲੋਕਾਂ ਨੇ ਪੁਲਿਸ ਨਾਲ ਸਿੱਧੀਆਾਂ ਟੱਕਰਾਂ ਵੀ ਲਈਆਂ ਹਨ, ਉਸ ਦੀਆਂ ਗੱਡੀਆਂ ਅਗਨ ਭੇਂਟ ਕੀਤੀਆਂ ਗਈਆਂ ਹਨ। ਇਹਨਾਂ
ਮੁਜਾਹਰਿਆਂ ਨੇ ਦਰਜਨਾਂ ਸ਼ਹਿਰਾਂ ਨੂੰ ਲਪੇਟ ’ਚ ਲੈ ਲਿਆ ਹੈ। 2 ਜੂਨ ਤੱਕ ਇਹ ਮੁਜ਼ਾਹਰੇ 75 ਸ਼ਹਿਰਾਂ ’ਚ ਫੈਲ ਗਏ। ਲੋਕਾਂ ਅੰਦਰ ਇਸ ਰੋਸ
ਫੁਟਾਰੇ ਦਾ ਕਾਰਨ ਇਕ ਅਫਰੀਕਨ ਮੂਲ ਦੇ ਕਾਲੇ ਰੰਗ ਦੇ ਵਿਅਕਤੀ ਜੌਰਜ ਫਲਾਇਡ ਦੀ ਇਕ ਪੁਲਿਸ ਅਫਸਰ
ਵੱਲੋਂ ਕੀਤੀ ਗਈ ਹੱਤਿਆ ਹੈ। ਗੋਰੇ ਰੰਗ ਦੀ ਨਸਲ ਦੇ ਇਸ ਅਫਸਰ ਨੇ ਜੌਰਜ ਫਲਾਇਡ ਦੀ ਧੌਣ ’ਤੇ ਗੋਡਾ ਰੱਖਿਆ ਤੇ ਲਗਭਗ 9 ਮਿੰਟ ਤੱਕ ਇਸ ਹਾਲਤ ’ਚ ਬੈਠਾ ਰਿਹਾ। ਸਾਹ ਘੁਟਣ ਕਰਕੇ
ਜੌਰਜ ਫਲਾਇਡ ਦੀ ਮੌਤ ਹੋ ਗਈ। ਇਸ ਅਤਿ ਵਹਿਸ਼ੀ ਤੇ ਦਰਦਨਾਕ ਕਾਰੇ ਦੀ ਵੀਡੀਓ ਬਣ ਗਈ ਜਿਸ ਵਿਚ
ਹੇਠਾਂ ਡਿੱਗਿਆ ਕਾਲੇ ਰੰਗ ਦਾ ਵਿਅਕਤੀ ਵਾਰ ਵਾਰ ਇਹ ਕਹਿ ਰਿਹਾ ਹੈ ਕਿ ਉਸ ਨੂੰ ਸਾਹ ਨਹੀਂ ਆ
ਰਿਹਾ ਤੇ ਉਸ ਨੂੰ ਛੱਡਿਆ ਜਾਵੇ। ਪਰ ਕੋਲ ਖੜੇ ਲੋਕਾਂ ਵੱਲੋਂ ਕੀਤੀਆਂ ਅਪੀਲਾਂ ਦੀ ਵੀ ਕੋਈ
ਪ੍ਰਵਾਹ ਨਾ ਕਰਦਿਆਂ, ਪੁਲਿਸ ਅਧਿਕਾਰੀ ਸਿਰੇ ਦੇ
ਹੰਕਾਰੀ ਲਹਿਜ਼ੇ ’ਚ ਉਵੇਂ ਹੀ ਉਸਦੀ ਧੌਣ ਨੱਪੀ ਰੱਖਦਾ
ਹੈ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਅਮਰੀਕਾ ਦੇ ਕੋਨੇ ਕੋਨੇ ’ਚ ਲੋਕਾਂ ਅੰਦਰ ਰੋਹ ਦੀਆਂ
ਤਰੰਗਾਂ ਫੈਲ ਗਈਆਂ। ਲੋਕ ਸੜਕਾਂ ’ਤੇ ਉੱਤਰ ਆਏ। ਉਸ ਪੁਲਿਸ ਅਧਿਕਾਰੀ ਤੇ ਉਸ ਨੂੰ ਮੂਕ ਦਰਸ਼ਕ ਬਣ ਕੇ
ਦੇਖਦੇ ਰਹੇ ਕੋਲ ਖੜੇ ਉਸ ਦੇ ਸਾਥੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਨੂੰ
ਲੈ ਕੇ ਲੋਕਾਂ ਨੇ ਜਬਰਦਸਤ ਰੋਸ ਪ੍ਰਦਸ਼ਨਾਂ ਦਾ ਤਾਂਤਾ ਬੰਨ ਦਿੱਤਾ। ਚਾਹੇ ਇਹਨਾਂ ਪ੍ਰਦਰਸ਼ਨਾਂ ’ਚ ਮੋਹਰੀ ਕਾਲੇ ਰੰਗ ਦੇ ਅਫਰੀਕਨ
ਮੂਲ ਦੇ ਲੋਕ ਹਨ ਪਰ ਉਹ ਇਕੱਲੇ ਹੀ ਨਹੀਂ ਸਨ, ਗੋਰੀ ਨਸਲ ਦੇ ਲੋਕ ਵੀ ਨਾਲ ਸ਼ਾਮਲ ਹਨ। ਇਸ ਪੁਲਿਸ
ਅਧਿਕਾਰੀ ਦੇ ਵਹਿਸ਼ੀ ਕਾਰੇ ਦੀ ਅਮਰੀਕੀ ਪੁਲਿਸ ਦੇ ਹਲਕਿਆਂ ’ਚ ਵੀ ਨਿੰਦਾ ਹੋਈ। ਕਈ ਥਾਵਾਂ ’ਤੇ ਪੁਲਿਸ ਮੁਲਾਜ਼ਮ ਵੀ ਲੋਕਾਂ ਦੇ
ਪ੍ਰਦਰਸ਼ਨਾਂ ’ਚ ਸ਼ਾਮਲ ਹੋਏ ਤੇ ਮੁਲਕ ਅੰਦਰ ਵੱਖ
ਵੱਖ ਥਾਵਾਂ ’ਤੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ
ਤੋਂ ਇਸ ਕਾਰੇ ਦੀ ਮੁਆਫੀ ਵੀ ਮੰਗੀ। ਜਾਰਜ ਫਲਾਇਡ ਦੇ ਮੂੰਹੋਂ ਨਿੱਕਲੇ ਸ਼ਬਦ ‘‘ਮੈਨੂੰ ਸਾਹ ਨਹੀਂ ਆ ਰਿਹਾ’’ ਇਹਨਾਂ ਪ੍ਰਦਰਸ਼ਨਾਂ ਦਾ ਨਾਅਰਾ ਬਣ
ਕੇ ਗੂੰਜ ਉੱਠੇ ਹਨ ਤੇ ਲੋਕਾਂ ਵੱਲੋਂ ਨਸਲੀ ਵਿਤਕਰੇਬਾਜੀ ਤੇ ਜ਼ੁਲਮਾਂ ਖਿਲਾਫ ਪਨਪ ਰਹੇ ਰੋਹ ਦਾ
ਪ੍ਰਗਟਾਵਾ ਬਣ ਕੇ ਉੱਭਰ ਆਏ ਹਨ। ਇਹਨਾਂ ਸ਼ਬਦਾਂ ਦੀਆਂ ਤਖਤੀਆਂ ਫੜੀ ਮੁਜ਼ਾਹਰਾਕਾਰੀਆਂ ਦੀਆਂ
ਤਸਵੀਰਾਂ ਦੁਨੀਆਂ ਭਰ ’ਚ ਪਹੁੰਚੀਆਂ ਤਾਂ ਸੰਸਾਰ ਭਰ ਵਿਚ
ਵਿਤਕਰਿਆਂ, ਜਾਤ-ਪਾਤੀ ਤੇ ਨਸਲੀ ਜੁਲਮਾਂ, ਵੱਖ ਵੱਖ ਤਰਾਂ ਦੇ ਦਾਬਿਆਂ ਦੇ
ਸ਼ਿਕਾਰ ਲੋਕਾਂ ਲਈ ਇਹ ਆਪਣੇ ਅੰਦਰ ਜਮਾਂ ਹੋਏ ਰੋਹ ਨੂੰ ਪ੍ਰਗਟਾਉਦੇ ਸ਼ਬਦ ਜਾਪੇ। ਇਸ ਨਸਲੀ ਜ਼ੁਲਮ
ਖਿਲਾਫ ਦੁਨੀਆਂ ਭਰ ਦੇ ਜਮਹੂਰੀ ਤੇ ਇਨਸਾਫ ਪਸੰਦ ਹਲਕਿਆਂ ਨੇ ਵੀ ਅਮਰੀਕੀ ਜਮਹੂਰੀ ਹਲਕਿਆਂ ਦੀ
ਆਵਾਜ਼ ਨਾਲ ਆਵਾਜ਼ ਮਿਲਾਈ ਹੈ। ਕਰੋਨਾ ਵਾਇਰਸ ਦੇ ਸੰਕਟ ਦਰਮਿਆਨ ਅਮਰੀਕੀ ਲੋਕਾਂ ਨੇ ਕਿਸੇ ਇਨਫੈਕਸ਼ਨ
ਦੀ ਪ੍ਰਵਾਹ ਨਾ ਕੀਤੀ ਤੇ ਬੇਖੌਫ ਹੋ ਕੇ ਸੜਕਾਂ ’ਤੇ ਨਿੱਤਰ ਆਏ ਹਨ। ਵੱਡੇ ਇਕੱਠ ਹੋਏ ਹਨ ਤੇ ਲੋਕਾਂ ਨੇ
ਹਰ ਤਰਾਂ ਦੀਆਂ ਪਾਬੰਦੀਆਂ ਨੂੰ ਇੱਕੋ ਝਟਕੇ ਤੋੜ ਦਿੱਤਾ ਹੈ। ਕਨੇਡਾ, ਆਸਟਰੇਲੀਆ ਅਤੇ ਯੂਰਪ ਤੇ ਲਾਤੀਨੀ
ਅਮਰੀਕਾ ਦੇ ਕਈ ਮੁਲਕਾਂ ਅੰਦਰ ਵੱਡੇ ਜਨਤਕ ਪ੍ਰਦਰਸ਼ਨ ਹੋ ਰਹੇ ਹਨ।
ਇਨਸਾਫ
ਪਸੰਦ ਅਮਰੀਕੀ ਹਲਕਿਆਂ ਦਾ ਇਹ ਵਿਰੋਧ ਏਨਾ ਜ਼ੋਰਦਾਰ ਤੇ ਰੋਹ ਭਰਪੂਰ ਹੈ ਕਿ ਸੰਸਾਰ ਭਰ ’ਚ ਸਾਮਰਾਜੀ ਜਾਬਰ ਤਾਕਤ ਦੀ ਚੌਧਰ
ਦਾ ਚਿੰਨ ਬਣੇ ਹੋਏ ਵਾਈਟ ਹਾਊਸ ਨੂੰ ਕੰਬਣੀਆਂ ਛਿੜ ਗਈਆਂ। 1960 ਵਿਆਂ ਤੋਂ ਬਾਅਦ ਪਿਛਲੇ 70 ਸਾਲਾਂ ’ਚ ਇਹ ਪਹਿਲੀ ਵਾਰ ਸੀ ਕਿ ਨਸਲੀ
ਜ਼ੁਲਮਾਂ ਖਿਲਾਫ ਅਜਿਹਾ ਦੇਸ਼-ਵਿਆਪੀ ਲੋਕ-ਉਭਾਰ ਉੱਠਿਆ ਹੈ। ਵਾੲੀਟ ਹਾਊਸ ਨੂੰ ਲੋਕਾਂ ਨੇ ਜਿਵੇਂ
ਇਕ ਤਰਾਂ ਘੇਰਾ ਪਾ ਲਿਆ ਤੇ ਉਸ ਦੀਆਂ ਲਾਈਟਾਂ ਬੰਦ ਕਰਨੀਆਂ ਪੈ ਗਈਆਂ ਅਤੇ ਰਾਸ਼ਟਰਪਤੀ ਟਰੰਪ ਨੂੰ
ਵਾੲੀਟ ਹਾਊਸ ਦੇ ਭੋਰੇ ’ਚ ਜਾ ਲੁਕਣਾ ਪਿਆ। ਸੰਸਾਰ ਦਾ
ਥਾਣੇਦਾਰ ਬਣੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਦੀ ਅਜਿਹੀ ਹਾਲਤ ਦੁਨੀਆਂ ਨੇ ਦੇਖੀ ਹੈ, ਸੁਣੀ ਹੈ ਤੇ ਮਾਣੀ ਹੈ। ਇਕ ਪਾਸੇ
ਟਰੰਪ ਦੀ ਘਬਰਾਹਟ ਦਾ ਅਜਿਹਾ ਪ੍ਰਦਰਸ਼ਨ ਹੋਇਆ ਤੇ ਦੂਜੇ ਪਾਸੇ ਉਸ ਨੇ ਆਪਣੇ ਸਿਰੇ ਦੇ ਆਕੜਖੋਰ
ਲਹਿਜ਼ੇ ’ਚ ਮੁਜ਼ਾਹਰਾਕਾਰੀਆਂ ਨੂੰ ਗੋਲੀ
ਨਾਲ ਭੁੰਨਣ ਦੇ ਐਲਾਨ ਕੀਤੇ ਹਨ। ਟਰੰਪ ਦੇ ਅਜਿਹੇ ਬਿਆਨਾਂ ਨੇ ਲੋਕਾਂ ਦਾ ਰੋਹ ਭੜਕਾਉਣ ਦਾ ਹੀ
ਕੰਮ ਕੀਤਾ। ਕਈ ਦਿਨਾਂ ਦੀ ਇਸ ਮੁਲਕ-ਵਿਆਪੀ ਰੋਸ ਲਹਿਰ ਮਗਰੋਂ ਆਖਰ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ
ਖਿਲਾਫ ਮੁਕੱਦਮੇਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਮਗਰੋਂ ਵੀ ਹਾਲੇ ਰੋਸ ਪ੍ਰਦਰਸ਼ਨਾਂ
ਦੀ ਕਾਂਗ ਮੱਠੀ ਪਈ ਨਹੀਂ ਜਾਪਦੀ।
ਫੌਰੀ
ਤੌਰ ’ਤੇ ਇਹ ਪ੍ਰਦਰਸ਼ਨ ਚਾਹੇ ਕਿਸੇ ਵੀ
ਨੁਕਤੇ ’ਤੇ ਜਾ ਕੇ ਮੁੱਕਣ ਪਰ ਇਸ ਰੋਸ
ਲਹਿਰ ਨੇ ਇਕ ਵਾਰ ਅਮਰੀਕੀ ਰਾਜ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੰਸਾਰ ਮਹਾਂਸ਼ਕਤੀ ਦੇ ਆਪਣੇ
ਵਿਹੜੇ ਅੰਦਰੋਂ ਉੱਠੀ ਲੋਕ ਲਲਕਾਰ ਨੇ ਇਸ ਮਹਾਂਸ਼ਕਤੀ ਦੀ ਆਪਣੀ ਅੰਦਰੂਨੀ ਹਾਲਤ ਨੂੰ ਵੀ ਨਸ਼ਰ ਕਰ
ਦਿੱਤਾ ਹੈ ਕਿ ਅਮਰੀਕੀ ਲੋਕ ਕਿਹੋ ਜਿਹੀ ਬੇਚੈਨੀ ਤੇ ਰੋਹ ਨਾਲ ਭਰੇ ਹੋਏ ਹਨ। ਸਭ ਤੋਂ ਅਹਿਮ ਗੱਲ, ਇਹ ਰੋਹ-ਫੁਟਾਰਾ ਅਮਰੀਕੀ ਰਾਜ
ਮਸ਼ੀਨਰੀ ਅੰਦਰ ਭਰੀ ਪਈ ਨਸਲਪ੍ਰਸਤੀ ਦੀ ਬਿਮਾਰੀ ਖਿਲਾਫ ਹੋਇਆ ਹੈ। ਰਾਜ ਮਸ਼ੀਨਰੀ ਦੇ ਮਹੱਤਵਪੂਰਨ
ਅੰਗ ਵਜੋਂ ਪੁਲਿਸ ਅੰਦਰ ਅਫਰੀਕੀ ਲੋਕਾਂ ਪ੍ਰਤੀ ਮੌਜੂਦ ਤੁਅੱਸਬੀ ਵਿਹਾਰ ਖਿਲਾਫ ਹੋਇਆ ਹੈ।
ਨਸਲਪ੍ਰਸਤੀ ਦੇ ਪਾਲਣਹਾਰ ਬਣੇ ਆ ਰਹੇ ਅਮਰੀਕੀ ਰਾਜਕੀ ਢਾਂਚੇ ਦੀ ਇਸ ਪਹੁੰਚ ਨੂੰ ਲੋਕਾਂ ਨੇ ਰਲ ਕੇ ਚੁਣੌਤੀ
ਦਿੱਤੀ ਹੈ। ਨਸਲੀ ਵਖਰੇਵਿਆਂ ਨੂੰ ਹਵਾ ਦੇਣ ਵਾਲੀ ਅਮਰੀਕੀ ਹਾਕਮ ਜਮਾਤੀ ਹਲਕਿਆਂ ਦੀ ਸਿਆਸਤ ਦੀ
ਇਸ ਪਹੁੰਚ ਨੂੰ ਚੁਣੌਤੀ ਦਿੱਤੀ ਹੈ। ਕਾਲੇ ਲੋਕਾਂ ਨਾਲ ਬਾਕੀ ਦੇ ਸਭ ਰੰਗਾਂ ਦੇ ਜਮਹੂਰੀ, ਇਨਸਾਫ ਪਸੰਦ ਤੇ ਮਨੁੱਖਤਾਵਾਦੀ
ਲੋਕਾਂ ਨੇ ਰਲ ਕੇ ਆਵਾਜ਼ ਉਠਾਈ ਹੈ।
ਅਮਰੀਕਾ
ਅੰਦਰ ਅਫਰੀਕੀ ਮੂਲ ਦੇ ਕਾਲੇ ਲੋਕਾਂ ਨਾਲ ਵਿਤਕਰਿਆਂ ਤੇ ਜ਼ੁਲਮਾਂ ਦਾ ਇਕ ਲੰਮਾ ਇਤਿਹਾਸ ਹੈ। ਚਾਹੇ
ਅਮਰੀਕਾ ਆਪਣੇ ਆਪ ਨੂੰ ਅਮਰੀਕਾ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਕਰਾਰ ਦਿੰਦਾ ਹੈ ਪਰ ਕਾਲੇ ਲੋਕਾਂ
ਨੂੰ ਏਥੇ ਕਦੇ ਵੀ ਬਰਾਬਰੀ ਨਹੀਂ ਮਿਲੀ, ਗੋਰੇ ਰੰਗ ਦੀ ਨਸਲ ਦਾ ਦਬਦਬਾ ਹੀ ਤੁਰਿਆ ਆ ਰਿਹਾ ਹੈ।
ਕਿਸੇ ਵੇਲੇ ਅਮਰੀਕਾ ਅੰਦਰ ਕਾਲੇ ਲੋਕਾਂ ਨੂੰ ਅਫਰੀਕਾ ਤੋਂ ਗੁਲਾਮਾਂ ਵਜੋਂ ਲਿਆਂਦਾ ਗਿਆ ਸੀ ਤੇ
ਉਹਨਾਂ ਨਾਲ ਜਾਨਵਰਾਂ ਵਰਗਾ ਵਿਹਾਰ ਕੀਤਾ ਜਾਂਦਾ ਸੀ। ਸਦੀਆਂ ਮਗਰੋਂ ਵੀ, ਚਾਹੇ ਜ਼ੁਲਮਾਂ ਦੇ ਰੂਪ ਬਦਲ ਗਏ
ਪਰ ਕਾਲੇ ਲੋਕਾਂ ਦਾ ਅਮਰੀਕੀ ਸਮਾਜ ਅੰਦਰ ਸਥਾਨ ਉਹੀ ਰਿਹਾ ਹੈ। 1790 ’ਚ ਅਮਰੀਕੀ ਸੰਵਿਧਾਨ ਪਾਸ ਹੋਣ
ਤੋਂ ਮਗਰੋਂ ਵੀ ਅਮਰੀਕਾ ਦੀ ਆਬਾਦੀ ਦਾ 20% ਬਣਦੇ ਕਾਲੇ ਰੰਗ ਦੇ ਲੋਕ ਨਾਗਰਿਕ ਹੱਕਾਂ ਤੋਂ ਵਾਂਝੇ
ਸਨ ਤੇ ਮੰਡੀਆਂ ’ਚ ਜਾਨਵਰਾਂ ਵਾਂਗ ਵੇਚੇ ਜਾਂਦੇ
ਸਨ। ਉਸ ਤੋਂ ਮਗਰੋਂ 1865
ਤੇ 1876 ਦੇ ਦਰਮਿਆਨ ਸੰਵਿਧਾਨਕ ਸੋਧਾਂ
ਨਾਲ ਕਾਲੇ ਲੋਕਾਂ ਨੂੰ ਚਾਹੇ ਨਾਗਰਿਕਤਾ ਹੱਕ ਦਿਤੇ ਗਏ ਤੇ ਵੋਟ ਦਾ ਹੱਕ ਦਿੱਤਾ ਗਿਆ। ਇਸ ਤੋਂ
ਮਗਰੋਂ ਕਾਲੇ ਲੋਕਾਂ ’ਚ ਵੀ ਸਥਾਨਕ ਸਰਕਾਰਾਂ ਤੇ
ਪਾਰਲੀਮੈਂਟ ’ਚ ਲੋਕ ਜਾਣ ਲੱਗੇ ਪਰ ਮੂਲ ਰੂਪ ’ਚ ਕਾਲੇ ਲੋਕਾਂ ਨਾਲ ਨਸਲੀ
ਵਿਤਕਰਾ ਤੇ ਦਾਬਾ ਕਾਇਮ ਰਿਹਾ। ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਅੰਦਰ ਵੀ ਗੋਰੀ ਨਸਲ ਦੀ ਉਤਮਤਾ
ਨੂੰ ਪ੍ਰਵਾਨ ਕਰਕੇ ਇਸ ਨੂੰ ਉਚਿਆਇਆ ਜਾਂਦਾ ਰਿਹਾ। ਵੱਖ ਵੱਖ ਦੌਰਾਂ ’ਚ ਇਸਦੇ ਰੂਪ ਵੱਖ ਵੱਖ ਰਹੇ। ਇਕ
ਦੌਰ ’ਚ ਭੀੜਾਂ ਵੱਲੋਂ ਕਾਲੇ ਲੋਕਾਂ ਦੇ
ਕਤਲ ਖੁਲੇਆਮ ਕੀਤੇ ਜਾਂਦੇ ਸਨ ਤੇ ਇਹਨਾਂ ਕਤਲਾਂ ਦੀ ਫੋਟੋਗਰਾਫੀ ਕੀਤੀ ਜਾਂਦੀ ਸੀ, ਜਿਸ ਦੀ ਮਗਰੋਂ ਪੋਸਟ ਕਾਰਡਾਂ
ਵਜੋਂ ਵਿਆਪਕ ਵਿੱਕਰੀ ਵੀ ਹੁੰਦੀ ਸੀ। ਅਮਰੀਕੀ ਬੁਰਜੂਆ ਜਮਹੂਰੀਅਤ ਦੇ ਇਤਿਹਾਸ ਦੇ ਪੰਨਿਆਂ ’ਤੇ ਅਜਿਹੀਆਂ ਅਣਮਨੁੱਖੀ ਰਵਾਇਤਾਂ
ਦੇ ਅਨੇਕਾਂ ਦਰਦਨਾਕ ਕਾਂਡ ਗੂਹੜੇ ਉੱਕਰੇ ਪਏ ਹਨ। 1950 ਤੇ 60ਵਿਆਂ ’ਚ ਵੱਡੇ ਅੰਦੋਲਨਾਂ ਮਗਰੋਂ ਕਾਨੂੰਨੀ ਰੂਪ ’ਚ ਤਾਂ ਵਖਰੇਵੇਂ ਹਟਾ ਦਿੱਤੇ ਗਏ
ਪਰ ਅਮਰੀਕੀ ਸਮਾਜ ਤੇ ਖਾਸ ਕਰਕੇ ਅਮਰੀਕੀ ਰਾਜਕੀ ਢਾਂਚੇ ਅੰਦਰ ਇਹ ਵਿਤਕਰੇਬਾਜੀ ਘੋਰ ਡੂੰਘੀ ਰਚੀ
ਹੋਈ ਹੈ। ਚਾਹੇ ਕਾਲੇ ਰੰਗ ਦੀ ਨਸਲ ਦਾ ਬਰਾਕ ਉਬਾਮਾ 8 ਵਰੇ ਅਮਰੀਕਾ ਦਾ ਰਾਸ਼ਟਰਪਤੀ ਵੀ ਰਿਹਾ, ਪਰ ਇਹਦਾ ਅਰਥ ਅਮਰੀਕਾ ਅੰਦਰ
ਕਾਲੇ ਲੋਕਾਂ ਦੀ ਹਕੀਕੀ ਬਰਾਬਰੀ ਨਹੀਂ ਬਣਦਾ। ਇਹ ਤਾਂ ਉਹੋ ਜਿਹਾ ਮਾਮਲਾ ਹੀ ਹੈ ਜਿਵੇਂ ਸਾਡੇ
ਮੁਲਕ ਅੰਦਰ ਦਲਿਤਾਂ ’ਚੋਂ ਰਾਸ਼ਟਰਪਤੀ ਜਾਂ ਹੋਰ ਵੱਡੇ
ਆਹੁਦਿਆਂ ’ਤੇ ਪਹੁੰਚ ਜਾਣ ਮਗਰੋਂ ਵੀ ਮੁਲਕ
ਅੰਦਰ ਦਲਿਤਾਂ ਦੀ ਹਾਲਤ ਨਹੀਂ ਬਦਲਦੀ। ਦਬਾਏ ਹੋਏ ਲੋਕਾਂ ਲਈ ਇਹ ਸਿਰਫ ਛਲਾਵਾ ਹੀ ਹੁੰਦਾ ਹੈ। ਇਹ
ਛਲਾਵਾ ਅਮਰੀਕਾ ਦੇ ਕਾਲੇ ਲੋਕਾਂ ਨੇ ਵੀ ਹੰਢਾਇਆ ਹੈ।
ਕਾਲੇ
ਅਫਰੀਕਨਾਂ ਨੂੰ ਆਮ ਕਰਕੇ ਜਰਾਇਮਪੇਸ਼ਾ ਲੋਕਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਅਮਰੀਕੀ
ਸਮਾਜ ਦਾ ਸਭ ਤੋਂ ਪਛੜਿਆ ਰੱਖਿਆ ਗਿਆ ਤਬਕਾ ਹੈ। ਇਹ ਅਮਰੀਕਾ ’ਚ ਜਮਾਤੀ ਤੌਰ ’ਤੇ ਹੇਠਲੀ ਸ਼ਰੇਣੀ ਬਣਦੀ ਹੈ। ਇਹ
ਨਸਲੀ ਜਬਰ ਜਮਾਤੀ ਦਾਬੇ ਦੀ ਇਕ ਸ਼ਕਲ ਵੀ ਹੈ। ਅਮਰੀਕੀ ਸਮਾਜ ਅੰਦਰ ਕਾਲੇ ਲੋਕਾਂ ਦੀ ਹਾਲਤ ਦਾ ਇੱਕ
ਨਮੂਨਾ ਇਹ ਹੈ ਕਿ ਹੁਣ ਕਰੋਨਾ ਵਾਇਰਸ ਮਹਾਂਮਾਰੀ ਕਾਰਣ ਹੋਈਆਂ ਕੁੱਲ ਮੌਤਾਂ ’ਚ ਬਹੁਤ ਵੱਡਾ ਹਿੱਸਾ ਕਾਲੇ ਰੰਗ
ਦੇ ਲੋਕਾਂ ਦਾ ਹੈ। ਅੱਧ ਅਪ੍ਰੈਲ ਦੇ ਅੰਕੜਿਆਂ ਤੱਕ ਕੁੱਲ ਮੌਤਾਂ ’ਚ 70 ਫ਼ੀਸਦੀ ਹਿੱਸਾ ਕਾਲੇ ਲੋਕ ਸਨ। 2019 ’ਚ ਅਮਰੀਕਾ ’ਚ ਹੋਇਆ ਇੱਕ ਅਧਿਅਨ ਦੱਸਦਾ ਹੈ
ਕਿ 10 ਵਿੱਚੋਂ 8 ਕਾਲੇ ਵਿਅਕਤੀਆਂ ਨੇ ਕਿਹਾ ਕਿ
ਉਹਨਾਂ ਦਾ ਗੁਲਾਮਾਂ ਵਜੋਂ ਬੀਤਿਆ ਇਤਿਹਾਸ ਅੱਜ ਵੀ ਉਹਨਾਂ ਦ ਜਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ।
ਜੇਲਾਂ ਵੀ ਕਾਲੇ ਲੋਕਾਂ ਨਾਲ ਭਰੀਆਂ ਪਈਆਂ ਹਨ। ਅਮਰੀਕਾ ’ਚ ਕਾਲੇ ਰੰਗ ਦੇ ਲੋਕ ਕੁੱਲ ਅਬਾਦੀ ਦਾ 12 % ਹਿੱਸਾ ਬਣਦੇ ਹਨ। ਪਰ ਜੇਲਾਂ ’ਚ ਇਹਨਾਂ ਲੋਕਾਂ ਦੀ ਪ੍ਰਤੀਸ਼ਤ 38 ਹੈ। ਮੁਲਕ ਅੰਦਰ ਹਰ ਜ਼ੁਰਮ ਨੂੰ
ਕਾਲੇ ਲੋਕਾਂ ਨਾਲ ਹੀ ਜੋੜ ਦੇਣ ਦੀ ਆਮ ਧਾਰਨਾ ਹੈ। ਅਮਰੀਕੀ ਰਾਜ ਮਸ਼ੀਨਰੀ ਦੀਆਂ ਰਗਾਂ ’ਚ ਤਾਂ ਨਸਲੀ ਵਿਤਰਕੇਬਾਜੀ ਭਰੀ
ਪਈ ਹੈ। ਪੁਲਿਸ ਵੱਲੋਂ ਆਮ ਕਰਕੇ ਕਾਲੇ ਲੋਕਾਂ ’ਤੇ ਜ਼ੁਲਮ ਕੀਤੇ ਜਾਂਦੇ ਹਨ ਪਰ ਪੁਲਿਸ ਅਧਿਕਾਰੀ ਮੌਜ
ਨਾਲ ਹੀ ਸਜ਼ਾਵਾਂ ਤੋਂ ਬਚ ਨਿੱਕਲਦੇ ਹਨ। ਅਦਾਲਤਾਂ ’ਚ ਵੀ ਜੱਜ ਇਨਸਾਫ ਦੀ ਤੱਕੜੀ ’ਚ ਰੰਗਾਂ ਦਾ ਵਜਨ ਵੱਖਰਾ ਜੋਖਦੇ
ਹਨ। ਇੱਕ ਸਰਵੇ ਇਹ ਵੀ ਦੱਸਦਾ ਹੈ ਕਿ ਡਰੱਗ ਲੈਣ ਦੇ ਮਾਮਲੇ ’ਚ ਗੋਰੇ ਲੋਕ ਵੀ ਪਿੱਛੇ ਨਹੀਂ ਹਨ। ਪਰ ਇਸ ਜੁਰਮ ’ਚ ਗਿ੍ਰਫਤਾਰ ਆਮ ਕਰਕੇ ਕਾਲੇ ਲੋਕ
ਹੀ ਕੀਤੇ ਜਾਂਦੇ ਹਨ।
ਮੌਜੂਦਾ
ਘਟਨਾਕ੍ਰਮ ’ਚ ਰਾਸ਼ਟਰਪਤੀ ਟਰੰਪ ਦੀ ਟੇਕ
ਨਸਲਪ੍ਰਸਤੀ ਦੇ ਇਸ ਵਿਤਕਰੇ ਦੇ ਅਧਾਰ ’ਤੇ ਅਮਰੀਕੀ ਸਮਾਜ ’ਚ ਪਾਲਾਬੰਦੀ ਤੇਜ਼ ਕਰਨ ਤੇ ਇਸਦਾ ਸਿਆਸੀ ਲਾਹਾ ਲੈਣ ਦੀ
ਹੀ ਹੈ। ਸੱਜੇ-ਪੱਖੀ ਸਿਆਸਤ ’ਤੇ ਟੇਕ ਰੱਖ ਕੇ ਚਲਦੇ ਆ ਰਹੇ ਟਰੰਪ
ਨੇ ਪਿਛਲੀਆਂ ਚੋਣਾਂ ਵੀ ਅਜਿਹੇ ਮੁੱਦੇ ਉਭਾਰ ਕੇ ਤੇ ਪਿਛਾਖੜੀ ਪਾਲਾਬੰਦੀਆਂ ਤੇਜ਼ ਕਰਕੇ ਜਿੱਤੀਆਂ
ਸਨ। ਉਸ ਦਾ ਵੋਟ ਅਧਾਰ ਵੀ ਗੋਰੀ ਨਸਲ ਦੇ ਘੋਰ ਪਿਛਾਖੜੀ ਹਿੱਸਿਆਂ ’ਚ ਹੈ। ਹੁਣ ਵੀ ਉਸ ਨੇ ਇਹਨਾਂ
ਹਿੱਸਿਆਂ ਦੀ ਪਿਛਾਖੜੀ ਲੀਹਾਂ ’ਤੇ ਲਾਮਬੰਦੀ ਲਈ ਭੜਕਾਊ ਬਿਆਨ
ਦਿੱਤੇ ਹਨ। ਉਹ ਵਾੲੀਟ ਹਾਊਸ ਨੇੜਲੀ ਚਰਚ ’ਚ ਹੱਥ ’ਚ ਬਾਈਬਲ ਲੈ ਕੇ ਗਿਆ। ਇਹ ਇਸਾਈ ਮੱਤ ਦੇ ਧਾਰਨੀਆਂ ਦੇ
ਵੋਟ ਬੈਂਕ ਨੂੰ ਸੰਬੋਧਿਤ ਟਰਿੱਕ ਸੀ ਤੇ ਇਉ ਟਰੰਪ
ਨੇ ਇਸ ਮੌਕੇ ਨੂੰ ਆਪਣੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਦੇ ਮੌਕੇ ਵਜੋਂ ਵਰਤਿਆ। ਇੱਕ ਹੱਥ
ਮੁਜਾਹਰਾਕਾਰੀਆਂ ਨੂੰ ਕੁਚਲਣ ਦੇ ਐਲਾਨ ਤੇ ਦੂਜੇ ਹੱਥ ਬਾਈਬਲ ਲੈ ਕੇ ਆਏ ਟਰੰਪ ਦਾ ਇਹ ਭਰਮਾਊ
ਪੈਂਤੜਾ ਘੋਰ ਪਿਛਾਖੜੀ ਪੈਂਤੜਾ ਹੈ। ਇਸੇ ਪਿਛਾਖੜੀ ਪੈਂਤੜੇ ਦੇ ਸਿਰ ’ਤੇ ਟਰੰਪ ਦੁਬਾਰਾ ਰਾਸ਼ਟਰਪਤੀ ਦੀ
ਗੱਦੀ ’ਤੇ ਬੈਠਣ ਦੇ ਸੁਪਨੇ ਪਾਲ ਰਿਹਾ
ਹੈ।
ਇਸ
ਸਮੁੱਚੇ ਘਟਨਾਕ੍ਰਮ ਨੇ ਦਰਸਾਇਆ ਹੈ ਕਿ ਲੋਕ ਰੋਹ ਦਾ ਇਹ ਫੁਟਾਰਾ ਚਾਹੇ ਨਸਲੀ ਜਬਰ ਦੀ ਇਕ
ਹਿਰਦੇਵੇਧਕ ਘਟਨਾ ਰਾਹੀਂ ਹੋਇਆ ਹੈ ਪਰ ਇਸਦੀ ਤਹਿ ਹੇਠਾਂ ਅਮਰੀਕੀ ਸਮਾਜ ’ਚ ਪਸਰ ਰਹੀ ਡੂੰਘੀ ਬੇਚੈਨੀ ਤੇ
ਰੋਹ ਵੀ ਮੌਜੂਦ ਹੈ। ਲੰਘੇ ਕੁਝ ਮਹੀਨਿਆਂ ਦੌਰਾਨ ਹੀ ਕਈ ਕਾਲੇ ਵਿਅਕਤੀਆਂ ਦੀਆਂ ਮੌਤਾਂ ਤੇ ਉਹਨਾਂ
’ਤੇ ਹਮਲਿਆਂ ਦੀਆਂ ਘਟਨਾਵਾਂ
ਵਾਪਰੀਆਂ ਸਨ। ਇਸ ਰੋਸ ’ਚ ਅਮਰੀਕਾ ਅੰਦਰ ਡੂੰਘੇ ਹੋਏ
ਆਰਥਕ ਸੰਕਟ ਦੇ ਅਸਰਾਂ ਦੀ ਮਾਰ ਹੰਢਾ ਰਹੇ ਲੋਕਾਂ ਦੀਆਂ ਮੁਸ਼ਕਲਾਂ ਦਾ ਰੋਸ ਵੀ ਸ਼ਾਮਲ ਹੈ। ਕਰੋਨਾ
ਦੌਰ ’ਚ ਹੋਰ ਡੂੰਘੇ ਹੋ ਰਹੇ ਆਰਥਿਕ
ਸੰਕਟ ਕਾਰਣ ਬੇਰੁਜ਼ਗਾਰ ਹੋਏ ਲੋਕਾਂ ਦਾ ਰੋਹ ਵੀ ਸ਼ਾਮਲ ਹੈ। ਟਰੰਪ ਦੀ ਸੱਜੇ-ਪੱਖੀ ਸਿਆਸਤ ਦੀ ਇਸ
ਸੰਕਟ ’ਤੇ ਵਿਸ਼ੇਸ਼ ਮੋਹਰਸ਼ਾਪ ਵੀ ਮੌਜੂਦ
ਹੈ। ਇਸ ਸਿਆਸਤ ਨੇ ਅਮਰੀਕੀ ਰਾਜ ਤੇ ਸਮਾਜ ਦੇ ਘੋਰ ਪਿਛਾਖੜੀ ਅੰਸ਼ਾਂ ਨੂੰ ਹੋਰ ਤਕੜਾਈ ਦਿੱਤੀ ਹੈ।
ਨਾਲ ਹੀ ਲੋਕਾਂ ਦਾ ਇਹ ਰੋਸ ਪ੍ਰਦਰਸ਼ਨ ਇੱਕ ਤਰਾਂ ਇਸ ਸੱਜੇ ਪੱਖੀ ਸਿਆਸਤ ਖਿਲਾਫ ਅਮਰੀਕੀ ਸਮਾਜ ਦੇ
ਜਮਹੂਰੀ ਤੇ ਇਨਸਾਫਪਸੰਦ ਹਲਕਿਆਂ ਦੀ ਇਕਜੁੱਟ ਹੋ ਕੇ ਗੂੰਜੀ ਆਵਾਜ਼ ਵੀ ਹੈ। ਨਸਲਪ੍ਰਸਤੀ ਦੇ ਇਸ
ਵਰਤਾਰੇ ਖਿਲਾਫ਼ ਅਮਰੀਕੀ ਸਮਾਜ ਦੇ ਅੰਦਰੋਂ ਹੀ ਇਨਸਾਫਪਸੰਦ, ਜਮਹੂਰੀਅਤ ਪਸੰਦ ਤੇ ਮਨੁੱਖਤਾਵਾਦੀ ਹਲਕਿਆਂ ਦੇ ਜ਼ੋਰਦਾਰ
ਵਿਰੋਧ ਦੀ ਵਿਰਾਸਤ ਦੀ ਲਗਾਤਾਰਤਾ ਦਾ ਪ੍ਰਗਟਾਵਾ ਵੀ ਹੈ। ਇਸ ਸਮੁੱਚੇ ਘਟਨਾਕ੍ਰਮ ਨੇ ਅਮਰੀਕੀ
ਸਮਾਜ ਦੇ ਡੂੰਘੇ ਹੋ ਰਹੇ ਚੌਤਰਫੇ ਸੰਕਟ ਨੂੰ ਉਘਾੜ ਕੇ ਦਰਸਾ ਦਿੱਤਾ ਹੈ।
ਅਮਰੀਕੀ
ਸਾਮਰਾਜ ਦੀ ਇਹ ਹਾਲਤ ਦੁਨੀਆਂ ਨੂੰ ਜਮਹੂਰੀਅਤ ਦਾ ਪਾਠ ਪੜਾਉਣ ਦੇ ਉਸ ਵੱਲੋਂ ਕੀਤੇ ਜਾਂਦੇ ਰਹੇ
ਦੰਭੀ ਦਾਅਵਿਆਂ ਦੀ ਖਿੱਲੀ ਉਡਾ ਰਹੀ ਹੈ। ਲੋਕਾਂ ਵੱਲੋਂ ਰੋਸ ਪ੍ਰਗਟਾਉਣ ਦੇ ਆਮ ਜਮਹੂਰੀ ਹੱਕ ਨੂੰ
ਵੀ ਪੁਲਿਸ ਵੱਲੋਂ ਜਿਵੇਂ ਕੁਚਲਿਆ ਜਾ ਰਿਹਾ ਹੈ ਇਹ ਬੁਰਜੂਆ ਜਮਹੂਰੀਅਤ ਦੀ ‘‘ਉੱਤਮ ਅਮਰੀਕੀ ਵੰਨਗੀ’’ ਦਾ ਹੀ ਮੁਜ਼ਾਹਰਾ ਹੈ। ਹੁਣ ਤੱਕ ‘‘ਜ਼ਿੰਦਗੀ ਦੇ ਅਮਰੀਕੀ ਅੰਦਾਜ਼’’ ਨੂੰ ਬਚਾਉਣ ਦੇ ਦਾਅਵਿਆਂ ਉਹਲੇ
ਅਮਰੀਕਾ ਨੇ ਥਾਂ-ਥਾਂ ਜੰਗਾਂ ਥੋਪੀਆਂ ਹਨ। ਜਾਰਜ ਦੀ ਮੌਤ ਰਾਹੀਂ ਉਸ
ਅਮਰੀਕੀ ਅੰਦਾਜ਼ ਨੂੰ ਦੁਨੀਆਂ ਨੇ ਫਿਰ ਦੇਖ ਲਿਆ ਹੈ। ਦੁਨੀਆਂ ਦੇ ਮੁਲਕਾਂ ’ਚ ਜਮਹੂਰੀ ਸਰਕਾਰਾਂ ਕਾਇਮ ਕਰਨ
ਦੇ ਨਾਂ ਹੇਠ ਥਾਂ-ਥਾਂ ਰਾਜ ਪਲਟੇ ਕਰਦੇ ਆ ਰਹੇ ਅਮਰੀਕੀ ਸਾਮਰਾਜ ਦੀ ਆਪਣੀ ‘‘ਜਮਹੂਰੀਅਤ’’ ਤੇ ਨਸਲਪ੍ਰਸਤੀ ਦੀ ਇਹ ਝਾਲਰ ਫਿਰ
ਚਮਕ ਉਠੀ ਹੈ। ਇਹ ਰੋਸ ਲਹਿਰ ਸੰਸਾਰ ਮਹਾਂਸ਼ਕਤੀ ਵਜੋਂ ਸ਼ੁਰੂ ਹੋ ਚੁੱਕੇ ਅਮਰੀਕੀ ਸਾਮਰਾਜ ਦੇ ਬੁਰੇ
ਦਿਨਾਂ ਦਾ ਨਵਾਂ ਸਿਰਨਾਵਾਂ ਬਣ ਗਈ ਹੈ। ਸੰਸਾਰ ਸਾਮਰਾਜ ਦੇ ਚੌਧਰੀ ਅਮਰੀਕੀ ਸਾਮਰਾਜ ਦੇ ਵਿਹੜੇ ’ਚੋਂ ਉੱਠੀ ਇਹ ਲਲਕਾਰ ਦੁਨੀਆਂ ਭਰ
’ਚ ਸਾਮਰਾਜ ਖਿਲਾਫ ਜੂਝਦੇ ਲੋਕਾਂ ’ਚ ਵੀ ਨਵੇਂ ਜੋਸ਼ ਦਾ ਸੰਚਾਰ ਕਰਨ
ਵਾਲੀ ਹੈ। ਦੁਨੀਆਂ ਦੇ ਵੱਖ ਵੱਖ ਮੁਲਕਾਂ ਅੰਦਰੋਂ ਇਸ ਜਬਰ ਤੇ ਵਿਤਕਰੇ ਖਿਲਾਫ਼ ਉੱਠੀ ਰੋਸ ਆਵਾਜ਼
ਵਿੱਚ ਨਸਲਪ੍ਰਸਤੀ ਨੂੰ ਚੁਣੌਤੀ ਦੇ ਨਾਲ ਨਾਲ ਅਮਰੀਕੀ ਸਾਮਰਾਜੀ ਲੁੱਟ ਤੇ ਜਬਰ ਨੂੰ ਚੁਣੌਤੀ ਦੇਣ
ਦੀ ਭਾਵਨਾ ਵੀ ਸ਼ਾਮਲ ਹੈ। ਹਰ ਤਰਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਕਿਰਤੀਆਂ ਵਜੋਂ ਇੱਕ ਹੋਣ
ਦੀ ਭਾਵਨਾ ਵੀ ਸ਼ਾਮਿਲ ਹੈ। ਨਸਲਪ੍ਰਸਤੀ ਦੇ ਵਰਤਾਰੇ
ਖਿਲਾਫ਼ ਆਵਾਜ਼ ਉਠਾਉਂਦਿਆਂ ਹੋਇਆਂ ਦੁਨੀਆਂ ਭਰ ਅੰਦਰ ਹਰ ਤਰਾਂ ਦੇ ਪਿਛਾਖੜੀ ਵਿਚਾਰਾਂ ਦੇ ਪਾਲਣਹਾਰ
ਬਣੇ ਆ ਰਹੇ ਅਮਰੀਕੀ ਸਾਮਰਾਜ ਖਿਲਾਫ਼ ਲੋਕ ਸੰਗਰਾਮਾਂ ਦੀ ਇਹ ਭਾਵਨਾ ਹੋਰ ਬੁਲੰਦ ਹੋਣੀ ਚਾਹੀਦੀ
ਹੈ। ਰੰਗ, ਜਾਤ ਧਰਮ ਤੇ ਨਸਲ ਸਮੇਤ ਹਰ ਤਰਾਂ
ਦੇ ਵਿਤਕਰਿਆਂ ਦੇ ਖਾਤਮੇ ਦੇ ਕਾਰਜ ਨੂੰ ਇਸ ਧਰਤੀ ਤੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ ਦੇ
ਕਾਰਜ ਨਾਲ ਜੋੜਨਾ ਚਾਹੀਦਾ ਹੈ।
No comments:
Post a Comment