ਮਹਾਨਤਾ ਦੇ ਸੁਪਨੇ - ਸਵਰਾਜਬੀਰ
ਮੁਜੱਫ਼ਰਾਬਾਦ
(ਬਿਹਾਰ) ਰੇਲਵੇ ਸਟੇਸ਼ਨ : ਗੁਜਰਾਤ ਤੋਂ ਰੇਲਗੱਡੀ ’ਤੇ ਚੜੀ ਮਾਂ ਆਪਣੇ ਬੱਚੇ ਨਾਲ ਰੇਲਗੱਡੀ ਤੋਂ ਉੱਤਰੀ
ਹੈ। ਪਤਾ ਨਹੀਂ ਉਹ ਕਿੰਨਾਂ ਥੱਕ ਗਈ ਹੈ। ਉਹ ਪਲੇਟਫਾਰਮ ’ਤੇ ਲੰਮੀ ਪੈ ਗਈ ਹੈ। ਉਹ ਸੌਂ ਗਈ ਹੈ। ਦੋ ਤਿੰਨ ਸਾਲ
ਦਾ ਬੱਚਾ ਉਹਦੇ ਸਰੀਰ ’ਤੇ ਪਿਆ ਕੱਪੜਾ ਖਿੱਚਦਾ ਹੈ। ਉਹ
ਮਾਂ ਨੂੰ ਜਗਾਉਣਾ ਚਾਹੁੰਦਾ ਹੈ। ਮਾਂ ਜਾਗਦੀ ਨਹੀਂ। ਮਾਂ ਮਰ ਚੁੱਕੀ ਹੈ। ਬੱਚੇ ਨੂੰ ਪਤਾ ਨਹੀਂ
ਲੱਗਦਾ। ਉਹ ਵਾਰ ਵਾਰ ਚਾਦਰ ਖਿੱਚਦਾ ਹੈ। ਮਾਂ ਮੋਹ ਤੇ ਦੁੱਖ ਤੋਂ ਮੁਕਤ ਹੋ ਗਈ ਹੈ।
ਛੱਤੀਸਗੜ
ਦੇ ਬੀਜਾਪੁਰ ਜਿਲੇ ਦੀ 12 ਸਾਲਾਂ ਦੀ ਧੀ-ਧਿਆਣੀ ਤਿਲੰਗਾਨਾ
ਦੇ ਇੱਕ ਪਿੰਡ ਤੋਂ 15 ਅਪ੍ਰੈਲ ਨੂੰ ਤੁਰੀ। ਉਹ ਆਪਣੇ
ਪ੍ਰਵਾਰ ਨਾਲ ਉੱਥੇ ਮਿਰਚਾਂ ਦੇ ਖੇਤਾਂ ’ਚ ਕੰਮ ਕਰਦੀ ਸੀ। ਉਹ ਤਿੰਨ ਦਿਨ ਪੈਦਲ ਤੁਰਨ ਬਾਅਦ ਘਰ
ਪਹੁੰਚਣ ਵਾਲੀ ਸੀ। ਘਰ ਸਿਰਫ 14 ਕਿਲੋਮੀਟਰ ਦੂਰ ਰਹਿ ਗਿਆ ਸੀ। ਉਹ
ਮਰ ਗਈ। ਉਹਦੇ ਪਿਉ ਨੇ ਦੱਸਿਆ , ਉਸ ਨੂੰ ਢਿੱਡ ਪੀੜ ਹੁੰਦੀ ਸੀ ਤੇ
ਉਲਟੀਆਂ ਆਉਦੀਆਂ ਰਹੀਆਂ।
ਉਹ ਉੱਤਰ
ਪ੍ਰਦੇਸ਼ ਦੇ ਲਲਿਤਪੁਰ ਜਿਲੇ ਦੀ ਰਹਿਣ ਵਾਲੀ ਹੈ ਤੇ ਮੱਧ ਪ੍ਰਦੇਸ਼ ਦੇ ਧਰ ਜਿਲੇ ਵਿੱਚ ਕੰਮ ਕਰਦੀ
ਹੈ। ਉਹ ਆਪਣੇ ਸਾਥੀਆਂ ਨਾਲ ਪੈਦਲ ਤੁਰ ਪਈ। ਉਹ ਗਰਭਵਤੀ ਸੀ। ਸੈਂਕੜੇ ਕਿਲੋਮੀਟਰ ਤੁਰਨ ਤੋਂ ਬਾਅਦ
ਗਰਭ-ਪੀੜਾਂ ਸ਼ੁਰੂ ਹੋ ਗਈਆਂ। ਉਹਨੇ ਸੜਕ ਕੰਢੇ ਬੱਚੀ ਨੂੰ ਜਨਮ ਦਿੱਤਾ।
ਉੱਤਰ
ਪਦੇਸ਼ ਦਾ 60 ਸਾਲਾਂ ਦਾ ਵਿਕਰਮ ਆਪਣੇ ਸਾਥੀਆਂ
ਤੇ ਪੀ੍ਰਵਾਰ ਨਾਲ ਮਹਾਂਰਾਸ਼ਟਰ ਤੋਂ ਇੱਕ ਟਰੱਕ ’ਤੇ ਚੜਿਆ। ਉਹ ਕਨੌਜ ਪਹੁੰਚ ਗਏ ਤੇ ਹਰਦੋਈ ਪਹੁੰਚਣ ਲਈ
ਪੈਦਲ ਤੁਰੇ। ਉਹਨਾਂ ਨੇ ਚੱਜ ਨਾਲ ਖਾਣਾ ਟਰੱਕ ’ਤੇ ਚੜਨ ਤੋਂ ਪਹਿਲਾਂ ਖਾਧਾ ਸੀ। ਉਸ ਗੱਲ ਨੂੰ 6 ਦਿਨ ਹੋ ਗਏ ਸਨ। ਅਜੇ ਵਿਕਰਮ ਇੱਕ
ਕਿਲੋਮੀਟਰ ਵੀ ਨਹੀਂ ਸੀ ਤੁਰਿਆ , ਉਹ ਡਿੱਗ ਪਿਆ ਤੇ ਮਰ ਗਿਆ।
ਪੈਦਲ
ਤੁਰੇ ਜਾਂਦੇ ਤੇ ਟਰੱਕਾਂ ਵਿੱਚ ਆ ਰਹੇ ਸੈਂਕੜੇ ਕਿਰਤੀ ਹਾਦਸਿਆਂ ਵਿੱਚ ਮਰ ਗਏ।
ਖਬਰਾਂ
ਅਨੁਸਾਰ ਪਿਛਲੇ ਦੋ ਦਿਨਾਂ ਵਿੱਚ ਸ਼੍ਰਮਿਕ ਰੇਲ ਗੱਡੀਆਂ ਵਿੱਚ ਸਫਰ ਕਰ ਰਹੇ 9 ਮੁਸਾਫਰਾਂ ਨੇ ਰਸਤੇ ਵਿੱਚ ਹੀ ਦਮ
ਤੋੜ ਦਿੱਤਾ।
ਮਧੂਬਨੀ
ਜਾ ਰਿਹਾ 58 ਸਾਲਾ ਮੁਸਾਫਿਰ ਸਾਵਿਕ ਕੁਮਾਰ
ਸਿੰਘ ਨੂੰ ਦਵਾਈ ਖਾਣ ਲਈ ਪਾਣੀ ਨਾ ਮਿਲਿਆ ਤੇ ਉਹ ਰੇਲ ਗੱਡੀ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ
ਗਿਆ।
ਕਹਾਣੀਆਂ? ਖਬਰਾਂ? ਅਫਵਾਹਾਂ? ਇਹ ਕੀ ਹਨ? ਇਹ ਸਭ ਕੁੱਝ ਉਸ ਦੇਸ਼ ਵਿੱਚ ਹੋ ਰਿਹਾ ਹੈ ਜਿੱਥੇ ਆਜ਼ਾਦੀ
ਤੋਂ ਬਾਅਦ ਦੇ ਸਮਿਆਂ ਵਿੱਚ ਸਭ ਤੋਂ ਮਜ਼ਬੂਤ ਸਰਕਾਰ ਬਣੀ ਹੈ; ਜਦ ਇੱਕ ਮਹਾਨ ਵਿਕਾਸ ਪੁਰਸ਼ ਸਾਡੇ ਦੇਸ਼ ਦਾ ਆਗੂ ਹੈ।
ਜਿਸ ਨੇ ਸਾਢੇ ਤਿੰਨ ਸਾਲ ਪਹਿਲਾਂ ਨੋਟਬੰਦੀ ਕਰਕੇ ਦੇਸ਼ ਵਿਚੋਂ ਭਿ੍ਰਸ਼ਟਾਚਾਰ, ਅੱਤਵਾਦ, ਤੇ ਕਾਲਾਧਨ ਖਤਮ ਕਰਨ ਦਾ ਵਾਅਦਾ
ਕੀਤਾ ਸੀ; ਜਿਸ ਨੇ ਸਵੱਛ ਭਾਰਤ ਬਨਾਉਣ ਦਾ
ਦਾਅਵਾ ਕੀਤਾ ਸੀ; ਜਿਹੜਾ ਭਾਰਤ ਨੂੰ ਸੰਯੁਕਤ ਰਾਸ਼ਟਰ
ਦੀ ਸੁਰੱਖਿਆ ਕੌਂਸਲ ਵਿੱਚ ਸੀਟ ਦਿਵਾਉਣ ਲਈ ਵੱਡੇ ਯਤਨ ਕਰ ਰਿਹਾ ਹੈ ਤਾਂ ਕਿ ਭਾਰਤ ਹੋਰ ਵੀ ਮਹਾਨ
ਬਣ ਜਾਏ। ਭਾਰਤ ਦੇ ਇੱਕ ਪ੍ਰਸਿੱਧ ਅਦਾਰੇ ਵਿੱਚ ਕੰਮ ਕਰ ਰਹੇ ਚਿੰਤਕ ਨੇ ਜਨਤਕ ਕਰਫਿਊ ਤੋਂ
ਪਹਿਲਾਂ ਦਿੱਤੇ ਉਸ ਦੇ ਭਾਸ਼ਣ ਬਾਰੇ 20 ਮਾਰਚ 2020 ਨੂੰ ਲਿਖਿਆ , ‘‘ਮੇਰੇ ਖਿਆਲ ਵਿੱਚ ਇਹ (ਜਨਤਾ ਕਰਫਿਊ) ਉਸ ਦੇ ਭਾਸ਼ਣ ਤੇ
ਰਣਨੀਤੀ ਦਾ ਸਭ ਤੋਂ ਗੁਣਵਾਨ ਹਿੱਸਾ ਸੀ, ਇਸ ਨੇ ਲੋਕਾਂ ਵਿੱਚ ਏਕਤਾ ਪੈਦਾ ਕੀਤੀ ਤੇ ਉਹਨਾਂ ਨੂੰ
ਰਾਸ਼ਟਰੀ ਕਾਰਜ ਅਤੇ ਸੇਧ ਦਾ ਅਹਿਸਾਸ ਕਰਾਇਆ। ਉਸ ਨੇ ਲੋਕਾਂ ਨੂੰ ਆਸ ਤੇ ਪ੍ਰੇਰਨਾ ਨਾਲ ਭਰ
ਦਿੱਤਾ।’’
ਸਾਨੂੰ ਕਿਸ ’ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ; ਪਹਿਲਾਂ ਦਿੱਤੀਆਂ ਖਬਰਾਂ ’ਤੇ, ਜਾਂ ਇਸ ਚਿੰਤਕ ਦੇ ਸ਼ਬਦਾਂ ’ਤੇ ? ਇਸ ਚਿੰਤਕ ਦੇ ਲੇਖ ਨੂੰ ਇੱਕ ਪੋਰਟਲ ਨੇ ਇਸ ਸੁਰਖੀ ਨਾਲ
ਸਜਾਇਆ ਸੀ,
‘‘ਆਪਣੇ
ਭਾਸ਼ਣ ਨਾਲ ਮੋਦੀ ਨੇ ਉਹ ਕਰ ਵਿਖਾਇਆ ਜੋ ਸ਼ੀ ਤੇ ਟਰੰਪ ਨਾ ਕਰ ਸਕੇ, (ਉਸ ਨੇ) ਭਾਰਤ ਨੂੰ ਮਹਾਂਮਾਰੀ
ਤੋਂ ਕਿਤੇ ਜ਼ਿਆਦਾ ਮਹਾਨ ਬਣਾ ਦਿੱਤਾ।’’ ਸਾਨੂੰ ਸਾਰਿਆਂ ਨੂੰ ਇਹ ਲੇਖ ਪੜਨਾ ਤੇ ਇਸ ’ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ।
ਖਬਰਾਂ ਦਾ ਕੀ ਹੈ; ਖਬਰਾਂ ਤਾਂ ਆਉਦੀਆਂ ਰਹਿੰਦੀਆਂ
ਹਨ।
137 ਕਰੋੜ ਦੇ ਸਾਡੇ ਦੇਸ਼ ਵਿੱਚ 2011 ਦੀ ਮਰਦਮਸ਼ੁਮਾਰੀ ਅਨੁਸਾਰ 45 ਕਰੋੜ ਪ੍ਰਵਾਸੀ ਸਨ, ਭਾਵ ਉਹ ਆਪਣੇ ਘਰਾਂ ਤੋਂ ਦੂਰ
ਦੁਰੇਡੀਆਂ ਥਾਵਾਂ ਤੇ ਰਹਿੰਦੇ ਸਨ। ਅੰਦਾਜ਼ਿਆਂ ਅਨੁਸਾਰ ਇਹਨਾਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 4 ਕਰੋੜ ਤੋਂ 10 ਕਰੋੜ ਦੇ ਵਿਚਕਾਰ ਹੈ। ਪਰਵਾਸੀ
ਹੋਣਾ ਕੋਈ ਮਿਹਣਾ ਨਹੀਂ। ਪ੍ਰਵਾਸੀ ਮਿਹਨਤੀ ਹੁੰਦਾ ਹੈ, ਉਹ ਦਿਨ-ਰਾਤ ਮੁਸ਼ੱਕਤ ਕਰਕੇ ਆਪਣੇ ਪੀ੍ਰਵਾਰ ਦਾ ਪੇਟ
ਭਰਦਾ ਹੈ; ਦੇਸ਼ ਲਈ ਸਰਮਾਏ ਦਾ ਨਿਰਮਾਣ ਕਰਦਾ
ਹੈ। ਮਿਹਣਾ ਇਸ ਗੱਲ ਦਾ ਹੈ ਕਿ ਉਹ ਕਿੰਨਾਂ ਹਾਲਤਾਂ ਵਿੱਚ ਰਹਿੰਦਾ ਹੈ, ਉਸ ਨੂੰ ਕਿੰਨੀਂ ਮਜ਼ਦੂਰੀ ਮਿਲਦੀ
ਹੈ, ਉਸ ਦੀ ਸਮਾਜਿਕ ਸੁਰੱਖਿਆ ਲਈ
ਸਰਕਾਰ ਨੇ ਕੀ ਕੀਤਾ ਹੈ? ਕੀ ਉਸ ਦੀ ਸਿਹਤ ਸੰਭਾਲ ਲਈ
ਸਰਕਾਰ ਜਾਂ ਉਸ ਦੇ ਮਾਲਕ ਨੇ ਜੁੰਮੇਵਾਰੀ ਲਈ ਹੈ? ਇਹਨਾਂ ਸਭਨਾਂ ਪ੍ਰਸ਼ਨਾਂ ਦਾ ਉੱਤਰ ਹੈ ‘ਨਹੀਂ’। ਉਸ ਨੂੰ ਮਨੁੱਖ ਸਮਝਿਆ ਹੀ
ਨਹੀਂ ਜਾਂਦਾ। ਉਸ ਨੂੰ ਨੌਕਰੀ ਤੋਂ ਕਦੀ ਵੀ ਜੁਆਬ ਮਿਲ ਸਕਦਾ ਹੈ। ਉਸ ਕੋਲ ਕੋਈ ਸਮਾਜਕ ਸੁਰੱਖਿਆ
ਨਹੀਂ। ਉਹ ਮਘੋਰਿਆਂ ਵਾਲੇ ਘਰਾਂ ਵਿੱਚ ਰਹਿੰਦਾ ਹੈ। ਉਹਦੇ ਜੀਵਨ ਦੇ ਹਾਲਾਤ ਅਮਨੁੱਖੀ ਹਨ ਜਿਹੜੇ
ਆਗੂ ਮਨੁੱਖਾਂ ਨੂੰ ਅਮਨੁੱਖੀ ਹਾਲਾਤ ਵਿੱਚ ਰੱਖ ਕੇ ਮਹਾਨਤਾ ਦੇ ਸੁਪਨੇ ਲੈਂਦੇ ਹਨ, ਉਹਨਾਂ ਨੂੰ ਕੀ ਕਿਹਾ ਜਾ ਸਕਦਾ
ਹੈ; ਉਹ ਨਿਸ਼ਚੇ ਹੀ ਮਹਾਨ ਹਨ।
ਮਹਾਨਤਾ ਦੇ ਸੁਪਨਿਆਂ ਨਾਲੋਂ ਹਕੀਕਤ ਵੱਲ ਪਰਤਣਾ ਜਰੂਰੀ
ਹੈ। ਇਕ ਅਨੁਮਾਨ ਅਨੁਸਾਰ ਇਸ ਲੌਕਡਾਊਨ ਦੌਰਾਨ 12 ਕਰੋੜ ਨੌਕਰੀਆਂ ਖਤਮ ਹੋਈਆਂ ਹਨ। ਇਹ ਗੱਲ 12 ਕਰੋੜ ਲੋਕਾਂ ਦੀ ਨਹੀਂ, 12 ਕਰੋੜ ਪੀ੍ਰਵਾਰਾਂ ਦੀ ਹੈ। ਮਹਾਨ
ਆਗੂ ਨੇ ਕਿਹਾ ਸੀ ਕਿ ਕਿਸੇ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ, ਸਭ ਨੂੰ ਤਨਖਾਹ ਦਿੱਤੀ ਜਾਵੇ ਤੇ
ਉਹਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਹਕੀਕਤ ਵਿੱਚ ਲੋਕ ਭੁੱਖੇ ਮਰ ਰਹੇ ਹਨ; ਕਿਸੇ ਥਾਂ ’ਤੇ ਲੰਗਰ ਲੱਗਣ ਜਾਂ ਭੋਜਨ ਕਰਾਉਣ
ਦੀ ਕੋਈ ਬੰਦੋਬਸਤ ਕਰਾਏ ਜਾਣ ’ਤੇ ਉਥੇ ਭੀੜਾਂ ਲੱਗ ਜਾਂਦੀਆਂ
ਹਨ। ਕੁੱਝ ਥਾਵਾਂ ’ਤੇ ਲੋਕਾਂ ਨੇ ਖਾਣ-ਪੀਣ ਵਾਲੀਆਂ
ਚੀਜਾਂ ਹਾਸਲ ਕਰਾਉਣ ਲਈ ਲੁੱਟ-ਖਸੁੱਟ ਕੀਤੀ। ਇੱਕ ਸਰਵੇਖਣ ਅਨੁਸਾਰ ਆਮ ਹਾਲਤ ਵਿੱਚ ਵੀ ਇਸ ਦੇਸ਼
ਦੇ 19 ਕਰੋੜ ਲੋਕਾਂ ਨੂੰ ਭਰ ਪੇਟ ਖਾਣਾ
ਨਹੀਂ ਮਿਲਦਾ। ਅੱਜ ਉਹਨਾਂ ਦੀ ਗਿਣਤੀ ਕਿੰਨੀ ਹੋਵੇਗੀ?
ਰੇਲ ਗੱਡੀਆਂ ਵਿੱਚ ਹੋਈਆਂ ਮੌਤਾਂ ਬਾਰੇ ਰੇਲਵੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਿੱਚੋਂ ਬਹੁਤੇ ਪਹਿਲਾਂ ਹੀ ਬਿਮਾਰ ਸਨ। ਮੁਜੱਫਰਪੁਰ ਰੇਲਵੇ
ਸਟੇਸ਼ਨ ’ਤੇ ਹੋਈ ਮਾਂ ਦੀ ਮੌਤ ਬਾਰੇ
ਅਧਿਕਾਰੀਆਂ ਨੇ ਕਿਹਾ ਹੈ ਕਿ ਉਸ ਨੂੰ ਦਿਲ ਦੀ ਬਿਮਾਰੀ ਸੀ। ਉਹਨਾਂ ਨੂੰ ਇਹ ਸੁਆਲ ਜ਼ਰੂਰ ਪੁੱਛਿਆ
ਜਾਣਾ ਚਾਹੀਦਾ ਹੈ ਕਿ ਕਿਸੇ ਸੱਭਿਅਕ ਦੇਸ਼ ਵਿੱਚ ਮਰੀਜ਼ਾਂ ਦੀ ਮੌਤ ਪਲੇਟਫਾਰਮਾਂ ਤੇ ਰੇਲ ਗੱਡੀਆਂ
ਵਿੱਚ ਹੁੰਦੀ ਹੈ?
ਕੇਂਦਰੀ ਸਰਕਾਰ ਤੇ ਰੇਲਵੇ ਵਿਭਾਗ ਵੱਲੋਂ ਕੀਤੀ ਜਾ ਰਹੀ
ਕਾਰਵਾਈ ਵੇਖ ਕੇ ਸਾਨੂੰ ਹੋਰ ਸ਼ਰਮਸਾਰ ਹੋਣਾ ਪੈਂਦਾ ਹੈ। ਜਦ ਕਈ ਹਫਤਿਆਂ ਬਾਅਦ ਪ੍ਰਵਾਸੀ ਮਜ਼ਦੂਰਾਂ
ਲਈ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਰੋਜ਼ਾਨਾ ਇਹ ਦੱਸਿਆ ਜਾਂਦਾ ਰਿਹਾ ਹੈ ਕਿ ਸੈਂਕੜੇ ਰੇਲ
ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਵੇਂ ਲੋਕਾਂ ’ਤੇ ਅਹਿਸਾਨ ਕੀਤਾ ਜਾ ਰਿਹਾ
ਹੋਵੇ। ਇਹਨਾਂ ਵਿਚੋਂ ਕਈ ਰੇਲ ਗੱਡੀਆਂ 24 ਤੋਂ 72 ਘੰਟੇ ਤੱਕ ਲੇਟ ਹੋਈਆਂ। ਲੱਗਭੱਗ 40 ਰੇਲ ਗੱਡੀਆਂ ਆਪਣੀ ਮੰਜ਼ਲ ਦੀ ਥਾਂ
ਪਹੁੰਚਣ ’ਤੇ ਕਿਤੇ ਹੋਰ ਪਹੁੰਚ ਗਈਆਂ।
ਕੜਕਦੀ ਧੁੱਪ ਵਿੱਚ ਮਜ਼ਦੂਰ ਘੰਟਿਆਂ ਬੱਧੀ ਰੇਲ ਵਿੱਚ ਬਹਿਣ ਦਾ ਇੰਤਜ਼ਾਰ ਕਰਦੇ ਹਨ। ਰੇਲ ਵਿਭਾਗ ਆਮ
ਦਿਨਾਂ ਵਿੱਚ 13452
ਮੁਸਾਫਰ
ਗੱਡੀਆਂ ਚਲਾ ਕੇ 2.3
ਕਰੋੜ
ਮੁਸਾਫਰਾਂ ਨੂੰ ਸਫਰ ਲਈ ਸਹੂੂਲਤਾਂ ਮੁਹੱਈਆ ਕਰਾਉਂਦਾ ਹੈ। ਜਦ ਇਹ ਸਵਾਲ ਪੁੱਛਿਆ ਗਿਆ ਕਿ
ਪ੍ਰਵਾਸੀ ਮਜ਼ਦੂਰਾਂ ਲਈ ਏਨੀਆਂ ਘੱਟ ਰੇਲ ਗੱਡੀਆਂ ਕਿਉ ਚਲਾਈਆਂ ਗਈਆਂ ਹਨ ਤਾਂ ਜੁਆਬ ਦਿੱਤੇ ਜਾਂਦੇ
ਹਨ ਕਿ ਏਨੀਆਂ ਹੀ ਬਹੁਤ ਹਨ; ਪ੍ਰਵਾਸੀ ਮਜ਼ਦੂਰਾਂ ਦੇ ਜੱਦੀ
ਸੂਬੇ ਜ਼ਿਆਦਾ ਲੋਕਾਂ ਦੇ ਵਾਪਿਸ ਪਰਤਣ ’ਤੇ ਇਤਰਾਜ਼ ਕਰ ਰਹੇ ਹਨ ਕਿਉਕਿ ਉਹਨਾਂ ਕੋਲ ਇਕਾਂਤਵਾਸ ਲਈ ਸਹੂਲਤਾਂ
ਨਹੀਂ ਹਨ, ਇਤਿਆਦਿ। ਸ਼ਾਇਦ ਮਹਾਨ ਦੇਸ਼ਾਂ
ਵਿੱਚ ਆਪਣੇ ਕਿਰਤੀਆਂ ਨਾਲ ਏਦਾਂ ਦਾ ਵਿਹਾਰ ਹੀ ਕੀਤਾ ਜਾਂਦਾ ਹੈ!
ਦੇਸ਼ ਨੂੰ ਮਹਾਨਤਾ ਦੇ ਸੁਪਨਿਆਂ ਤੋਂ ਬਚਣ ਤੇ ਹਕੀਕਤ ਦੇ
ਰੂਬਰੂ ਹੋਣ ਦੀ ਜ਼ਰੂਰਤ ਹੈ। ਅਖੌਤੀ ਮਹਾਨਤਾ ਦੇ ਸੁਪਨੇ ਵੇਚਣ ਵਾਲੇ ਆਗੂਆਂ ਕਾਰਨ ਦੇਸ਼ ਵੱਡੀਆਂ
ਸਮੱਸਿਆਵਾਾਂ ਦਾ ਸਾਹਮਣਾ ਕਰ ਰਿਹਾ ਹੈ। ਲੋਕਾਂ ਨੂੰ ਭਰਮਾਉਣ ਲਈ ਮਸਨੂਈ ਮਹਾਨਤਾ ਦੇ ਇੰਦਰਜਾਲ
ਬੁਣ ਕੇ ਵਾਰ ਵਾਰ ਛਲਿਆ ਜਾਂਦਾ ਹੈ। ਲੋਕਾਂ ਨੂੰ ਇਹਨਾਂ ਫਰੇਬਾਂ ਤੋਂ ਮੁਕਤ ਕਰਾਉਣ ਦੀ
ਜੁੰਮੇਵਾਰੀ ਕਿਰਤੀਆਂ ਦੀਆਂ ਜਥੇਬੰਦੀਆਂ, ਚਿੰਤਕਾਂ, ਪੱਤਰਕਾਰਾਂ ਤੇ ਵਿਦਵਾਨਾਂ ’ਤੇ ਹੈ ਪਰ ਇਸ ਦੇ ਨਾਲ ਨਾਲ
ਲੋਕਾਂ ਵਿੱਚ ਵੀ ਇਹ ਚੇਤਨਾ ਜਾਗਣੀ ਜ਼ਰੂਰੀ ਹੈ ਕਿ ਉਹ ਕਿੰਨਾਂ ਚਿਰ ਅਖੌਤੀ ਮਹਾਨਤਾ ਦੇ ਸੁਪਨਿਆਂ
ਦੇ ਫਰੇਬ ਵਿੱਚ ਫਸੇ ਰਹਿਣਗੇ; ਕੀ ਉਹ ਆਪਣੇ ਆਗੂਆਂ ਨੂੰ ਹਕੀਕੀ
ਹਾਲਾਤ ਬਾਰੇ ਸਵਾਲ ਪੁੱਛ ਕੇ ਉਹਨਾਂ ਨੂੰ ਜਵਾਬਦੇਹ ਬਨਾਉਣਗੇ ਜਾਂ ਫਿਰ ਉਹਨਾਂ ਦੇ ਭਰਮਜਾਲ ਵਿੱਚ
ਫਸ ਕੇ ਉਹਨਾਂ ਦੀ ਮਹਾਨਤਾ ਦੇ ਨਾਅਰੇ ਲਾਉਦੇ ਰਹਿਣਗੇ?
(ਪੰਜਾਬੀ ਟਿ੍ਰਬਿਊਨ ’ਚੋਂ ਧੰਨਵਾਦ ਸਹਿਤ)
No comments:
Post a Comment