Showing posts with label teachers' movement. Show all posts
Showing posts with label teachers' movement. Show all posts

Wednesday, January 20, 2016

(18) ਮੋਹਾਲੀ ਵਿਖੇ ਤਿੰਨ ਰੋਜ਼ਾ ਅਧਿਆਪਕ ਧਰਨਾ



ਬਾਦਲ-ਹਕੂਮਤ ਦੇ ਧੱਕੜ ਵਿਹਾਰ ਖਿਲਾਫ਼ ਤਿੰਨ ਰੋਜ਼ਾ ਅਧਿਆਪਕ ਧਰਨਾ

5 ਸਤੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਬਠਿੰਡਾ ਵਿਖੇ ਹੋਏ ਵੱਡੇ ਇੱਕਠ ਦੇ ਦਬਾਅ ਨਾਲ 15 ਸਤੰਬਰ ਦੀ ਦਿੱਤੀ ਮੀਟਿੰਗ ਤੋਂ ਮੁੱਕਰ ਜਾਣ ਕਰਕੇ 28, 29 ਤੇ 30 ਦਸੰਬਰ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਮੋਹਾਲੀ ਮੂਹਰੇ ਧਰਨੇ ਲਾਏ ਗਏ ਹਨ। ਇਹ ਧਰਨੇ ਅਧਿਆਪਕ ਮੰਗਾਂ-- ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਤਨਖਾਹ ਕਮਿਸ਼ਨ ਬਣਾਉਣ, ਮਹਿੰਗਾਈ ਭੱਤੇ ਦਾ ਬਕਾਇਆ ਲੈਣ, ਹਰ ਕਾਡਰ ਦੀਆਂ ਤਰੱਕੀਆਂ ਕਰਵਾਉਣ, ਵੱਡੇ ਅਫਸਰਾਂ ਵਾਂਗ 4-9-14 ਸਾਲਾ ਲਾਭ ਅਧਿਆਪਕਾਂ ਨੂੰ ਦਿਵਾਉਣ, ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਸਮੇਤ ਸਾਰੇ ਵਿਕਟੇਮਾਈਜ਼ਡ ਅਧਿਆਪਕਾਂ ਨੂੰ ਨਿਆਂ ਦਿਵਾਉਣ ਅਤੇ ਸਾਂਝੇ ਮੋਰਚੇ ਦੇ ਪਹਿਲਾਂ ਦਿੱਤੇ ਮੰਗ-ਪੱਤਰਾਂ ਵਿਚ ਦਰਜ ਮੰਗਾਂ ਪੂਰੀਆਂ ਕਰਵਾਉਣ ਲਈ ਸਨ। ਹਰ ਬੁਲਾਰੇ ਵੱਲੋਂ, ਮੁੱਖ ਮੰਤਰੀ ਦੇ ਮੁੱਕਰਨ ਤੇ ਟਾਲੂ ਰਵਈਏ ਦੀ ਨਿੰਦਾ ਕੀਤੀ ਗਈ। ਵੱਖ ਵੱਖ ਕਾਰਨਾਂ ਕਰਕੇ ਇਹਨਾਂ ਧਰਨਿਆਂ ਚ ਅਧਿਆਪਕ-ਹਾਜ਼ਰੀ ਭਾਵੇਂ ਅਧਿਆਪਕ-ਗਿਣਤੀ ਅਨੁਸਾਰ ਕਾਫੀ ਘੱਟ ਸੀ ਪਰ ਤਾਂ ਵੀ ਹਰ ਰੋਜ਼ ਪੰਡਾਲ ਦੀ ਭਰਵੀਂ ਹਾਜ਼ਰੀ ਤੇ ਰੌਂਅ ਉਤਸ਼ਾਹਜਨਕ ਰਹਿੰਦਾ ਰਿਹਾ ਹੈ। ਇਉਂ ਸੰਘਰਸ਼ ਕਰਨ ਅਤੇ ਸਰਵਿਸ ਜਾਰੀ ਰੱਖਣ ਤੇ ਰੈਗੂਲਰ ਕਰਵਾਉਣ ਵਿਚਾਲੇ ਬਣਦੇ ਟਕਰਾਅ ਤੇ ਤਣਾਅ ਅਤੇ ਉੱਪਰੋਂ ਸਰਕਾਰ ਦੇ ਜਾਬਰ ਵਿਹਾਰ ਸਨਮੁੱਖ ਸੰਘਰਸ਼ ਦਾ ਜਾਰੀ ਰਹਿਣਾ ਅਧਿਆਪਕ ਲਹਿਰ ਅੰਦਰ ਖਾਸ ਕਰਕੇ ਨਵੇਂ ਭਰਤੀ, ਕੱਚੇ ਅਧਿਆਪਕਾਂ ਅੰਦਰ ਜੁਝਾਰ ਲੱਛਣਾਂ ਦਾ ਸੁਲੱਖਣਾ ਇਜ਼ਹਾਰ ਹੈ। ਇਹਨਾਂ ਧਰਨਿਆਂ ਦੌਰਾਨ, ਐਸ.ਐਸ.ਏ./ਰ ਮ ਸਾ ਅਧਿਆਪਕ ਜਥੇਬੰਦੀ ਦੇ 15-20 ਜ਼ੋਸ਼ੀਲੇ ਤੇ ਜੂਝਾਰੂ ਅਧਿਆਪਕ-ਗੁਫਲੇ ਦਾ ਰਾਤ ਨੂੰ ਉਥੇ ਹੀ ਡਟੇ ਰਹਿਣਾ, ਉਹਨਾਂ ਲਈ ਰੈਗੂਲਰ ਹੋਣ ਦੀ ਲੜਾਈ ਦੀ ਤਿੱਖੀ ਲੋੜ ਨੂੰ ਉਜਾਗਰ ਕਰਦਾ ਹੈ। ਹਾਜ਼ਰੀ ਵੀ ਇਹਨਾਂ ਅਧਿਆਪਕਾਂ ਦੀ ਹੀ ਵੱਧ ਰਹਿੰਦੀ ਰਹੀ ਹੈ।   
ਧਰਨਿਆਂ ਦੇ ਤੀਸਰੇ ਦਿਨ, ਡੀ.ਜੀ.ਐਸ.ਈ. ਦਾ ਤਿੰਨ ਘੰਟੇ ਦਫਤਰ ਘੇਰੀ ਰੱਖਣ ਉਪਰੰਤ, ਮੁੱਖ ਮੰਤਰੀ ਦੀ ਮੀਟਿੰਗ ਦਾ ਨਾ ਮਿਲਣਾ, ਬਾਦਲ-ਹਕੂਮਤ ਦਾ ਅਧਿਆਪਕਾਂ ਤੇ ਸਿੱਖਿਆ ਖੇਤਰ ਨੂੰ ਅਜੇ ਕੁਝ ਨਾ ਦੇਣ, ਉਲਟਾ ਸੰਘਰਸ਼ ਰੋਕਣ ਲਈ ਅਧਿਕਾਰੀਆਂ ਤੋਂ ਕਾਲੇ-ਪੱਤਰ ਜਾਰੀ ਕਰਵਾਉਣ ਅਤੇ ਖ਼ੁਦ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ਮੜ੍ਹਨ ਵਰਗੇ ਕਦਮਾਂ ਰਾਹੀਂ ਜਾਬਰ ਵਿਹਾਰ ਹੀ ਪ੍ਰਗਟ ਹੁੰਦਾ ਹੈ। ਅਧਿਆਪਕ ਸੰਗਠਨਾਂ ਦੀਆਂ ਮੰਗਾਂ ਤੇ ਦਲੀਲਾਂ ਮੂਹਰੇ ਲਾਜਵਾਬ ਹੋਣ ਕਰਕੇ ਟਾਲ਼ਾ ਵੱਟਣ ਨੂੰ ਹੀ ਤਰਜੀਹ ਹੈ। ਨਿੱਤ ਦਿਨ ਮੁੱਖ ਮੰਤਰੀ ਦੀਆਂ ਹੁੰਦੀਆਂ ਮੀਟਿੰਗਾਂ ਤੇ ਮੀਟਿੰਗਾਂ ਤੋਂ ਬਾਅਦ ਆਉਂਦੇ ਬਿਆਨਾਂ ਦਾ ਹਸ਼ਰ, ਖਿਆਲੀ ਸੁਪਨਿਆਂ ਵਰਗਾ ਹੀ ਹੁੰਦਾ ਹੈ।
ਇਹ ਗੱਲ ਇਤਿਹਾਸਕ ਤੌਰ ਤੇ ਸਿੱਧ ਹੋ ਚੁੱਕੀ ਹੈ ਕਿ ਜਥੇਬੰਦ, ਚੇਤਨਾ ਨਾਲ ਲੈਸ ਤੇ ਦ੍ਰਿੜ-ਖਾੜਕੂ ਘੋਲਾਂ ਦੇ ਰਾਹ ਪਈ ਹੋਈ ਅਧਿਆਪਕ-ਲਹਿਰ ਹੀ ਹਕੂਮਤ ਦੇ ਟਰਕਾਊ ਵਿਹਾਰ ਨੂੰ ਰੋਕਣ ਦਾ ਭਰੋਸੇਯੋਗ ਸਾਮਾ ਬਣਦੀ ਰਹੀ ਹੈ ਅਤੇ ਮੰਗਾਂ ਮੰਨਵਾ ਲੈਂਦੀ ਰਹੀ ਹੈ। ਧੁਰ ਹੇਠਾਂ ਤੱਕ ਅਧਿਆਪਕ ਏਕਤਾ ਤੇ ਜਥੇਬੰਦੀ ਦੀ ਉਸਾਰੀ ਨਾਲ ਹੀ ਸੰਘਰਸ਼ ਦੀ ਜਿੱਤ ਯਕੀਨੀ ਹੋਵੇਗੀ। 7 ਫਰਵਰੀ ਨੂੰ ਸੂਬਾਈ ਰੈਲੀ ਤੇ ਮੁਜ਼ਾਹਰਾ ਇਸ ਪਾਸੇ ਵੱਲ ਪੁੱਟਿਆ ਅਗਲਾ ਕਦਮ ਹੈ।
- ਮੁਲਾਜ਼ਮ ਮੁਹਾਜ਼ ਪੱਤਰਕਾਰ

(19) ਪ੍ਰਿੰਸੀਪਲ ਦਲਜੀਤ ਸਿੰਘ



ਪ੍ਰਿੰਸੀਪਲ ਦਲਜੀਤ ਸਿੰਘ ਨਾਲ ਹੋਏ ਸਰਕਾਰੀ  ਧੱਕੇ ਖਿਲਾਫ਼

ਪਿਛਲੇ ਦਸ ਮਹੀਨਿਆਂ ਤੋਂ ਸੰਘਰਸ਼ ਜਾਰੀ

ਪ੍ਰਿੰਸੀਪਲ ਦਲਜੀਤ ਸਿੰਘ ਭਗਤਾ ਦੀ ਪੱਗ ਲਹਾਉਣ ਅਤੇ ਨਜਾਇਜ਼ ਬਦਲੀ ਕਰਵਾਉਣ ਦੇ ਜੁੰਮੇਵਾਰਾਂ ਦੀ ਸ਼ਨਾਖ਼ਤ ਜਿੰਨੀ ਸਪੱਸ਼ਟ ਹੈ, ਉਨੀਂ ਹੀ, ਇਸ ਧੱਕੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਦੇ ਬੇਮੇਚਾ ਹੋਣ ਦੀ ਗੱਲ ਵੀ ਸਾਫ਼ ਹੈ। ਪੰਚਾਇਤ ਮੰਤਰੀ ਨੇ ਨਾ ਸਿਰਫ ਇਸ ਧੱਕੇ ਦੀ ਜੁੰਮੇਵਾਰੀ ਖ਼ੁਦ ਮੂਹਰੇ ਹੋ ਕੇ ਚੱਕ ਲਈ ਹੈ, ਸਗੋਂ ਪ੍ਰਿੰਸੀਪਲ ਨੂੰ ਨਿਆਂ ਮਿਲਣ ਦੇ ਰਾਹ ਵਿਚ ਵੀ ਹੈਂਕੜ ਦਾ ਟੰਬਾ ਗੱਡਿਆ ਹੋਇਆ ਹੈ। ਏਹਦੇ ਲਈ ਉਹ ਨਾ ਸਿਰਫ ਸਿਆਸੀ ਤਾਕਤ ਦੀ ਵਰਤੋਂ ਕਰ ਰਿਹਾ ਹੈ, ਪੂਰੀ ਦੀ ਪੂਰੀ ਬਾਦਲ ਹਕੂਮਤ, ਸਿੱਖਿਆ ਵਿਭਾਗ ਤੇ ਪੁਲਸ ਮਹਿਕਮੇ ਨੂੰ ਨਿਸ਼ੰਗ ਵਰਤ ਰਿਹਾ ਹੈ। ਨਾ ਪੱਗ ਲਾਹੁਣ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਿੰਦਾ ਹੈ ਤੇ ਨਾ ਬਦਲੀ ਰੱਦ ਹੋਣ ਦਿੰਦਾ ਹੈ।
ਪਿੰਡ ਭਗਤਾ ਦੇ ਲੋਕਾਂ ਤੇ ਅਧਿਆਪਕ ਸੰਗਠਨਾਂ ਦੀ ਬਣੀ ਐਕਸ਼ਨ ਕਮੇਟੀ, ਪ੍ਰਿੰਸੀਪਲ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਦੀ ਭਰਵੀਂ ਤੇ ਡੱਟਵੀਂ ਹਮਾਇਤ ਨਾਲ ਅਪ੍ਰੈਲ ਮਹੀਨੇ ਤੋਂ ਸੰਘਰਸ਼ ਕਰ ਰਹੀ ਹੈ। ਆਪਣੇ ਨਾਲ ਹੋਏ ਧੱਕੇ ਤੇ ਬੇਇਨਸਾਫੀ ਖਿਲਾਫ਼ ਪ੍ਰਿੰਸੀਪਲ ਖ਼ੁਦ ਅਡੋਲ ਡਟਿਆ ਖੜਾ ਹੈ। ਉਹਨਾਂ ਦੀ ਇਸ ਅਡੋਲਤਾ ਨੂੰ ਸਾਂਝਾ ਅਧਿਆਪਕ ਮੋਰਚਾ ਨੇ ‘‘ਅਧਿਆਪਕ ਸਨਮਾਨ ਦਿਵਸ’’ ’ਤੇ 5 ਸਤੰਬਰ ਦੇ ਵੱਡੇ ਅਧਿਆਪਕ ਇੱਕਠ ਦੀ ਸਟੇਜ਼ ਤੋਂ ‘‘ਸਿਰੜ ਨੂੰ ਸਲਾਮ’’ ਸਨਮਾਨ ਨਾਲ ਸਨਮਾਨਿਆ ਹੈ।
ਇਸ ਅਨਿਆਂ ਖਿਲਾਫ਼ ਸੰਘਰਸ਼ ਨੂੰ ਜਾਰੀ ਰੱਖਦਿਆਂ ਐਕਸ਼ਨ ਕਮੇਟੀ ਵੱਲੋਂ ਕਾਨਫਰੰਸ ਕੀਤੀ ਗਈ ਹੈ ਤੇ ਨਾਟਕ ਕਰਵਾਏ ਹਨ। ਤਿਆਰੀ ਵਜੋਂ, ਸੰਘਰਸ਼ ਦੀਆਂ ਫੋਟੋਆਂ ਲਾ ਕੇ ਇੱਕ ਵੱਡਾ ਪੋਸਟਰ ਛਪਵਾ ਕੇ ਪਿੰਡ ਭਗਤਾ, ਇਲਾਕੇ ਦੇ ਪਿੰਡਾਂ ਤੇ ਬਠਿੰਡਾ ਸ਼ਹਿਰ ਤੇ ਸਕੂਲਾਂ ਦੀਆ ਕੰਧਾ ਤੇ ਲਾਇਆ ਗਿਆ। ਲਾਗਲਿਆਂ ਜਿਲ੍ਹਿਆਂ ਵਿਚ ਵੀ ਭੇਜਿਆ ਗਿਆ। ਪਿੰਡ ਚ ਘਰ ਘਰ ਜਾ ਕੇ ਟੀਮਾਂ ਨੇ ਪ੍ਰਚਾਰ ਕੀਤਾ। ਮੀਟਿੰਗਾਂ ਕਰਵਾਈਆਂ। ਇਲਾਕੇ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਤਿਆਰੀ ਮੁਹਿੰਮ ਵਿਚ ਹਿੱਸਾ ਪਾਇਆ। ਨੁੱਕੜ ਨਾਟਕ ਕੀਤੇ ਗਏ। 12 ਦਸੰਬਰ ਨੂੰ ਪਿੰਡ ਭਗਤਾ ਦੇ ਢਾਡੀ ਬਲਵਿੰਦਰ ਸਿੰਘ ਨੇ ਇਸ ਧੱਕੇ ਖਿਲਾਫ਼ ਆਪਦੀ ਲਿਖੀ ਕਵੀਸ਼ਰੀ ਅਤੇ ਪਿੰਡ ਦੇ ਕਲੱਬ ਵੱਲੋਂ ਤਿਆਰ ਕਰਵਾਈਆਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਪੰਜਾਬ ਦੇ ਲੋਕ-ਪੱਖੀ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਟੀਮ ਵੱਲੋਂ ਬਿਗਾਨੇ ਬੋਹੜ ਦੀ ਛਾਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਨਾਟਕ ਸ਼ੁਰੂ ਕਰਵਾਉਂਦਿਆਂ ਪ੍ਰੋ. ਔਲਖ ਨੇ ਪ੍ਰਿੰਸੀਪਲ ਦਲਜੀਤ ਸਿੰਘ ਨਾਲ ਹੋਈ ਬੇਇਨਸਾਫ਼ੀ ਖਿਲਾਫ਼ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਨਾ ਸਿਰਫ ਪ੍ਰਿੰਸੀਪਲ ਨਾਲ ਧੱਕਾ ਹੈ, ਇਹ ਤਾਂ ਉਹਨਾਂ ਵਿਦਿਆਰਥੀਆਂ ਨਾਲ ਵੀ ਵਧੀਕੀ ਦਾ ਮਾਮਲਾ ਬਣਦਾ ਹੈ, ਜਿਹੜੇ ਉੱਚ ਵਿਦਿਆ ਤੇ ਤਜ਼ਰਬਾ ਪ੍ਰਾਪਤ ਇਸ ਪ੍ਰਿੰਸੀਪਲ ਤੋਂ ਵਾਂਝੇ ਕਰ ਦਿੱਤੇ ਗਏ ਹਨ। ਨਾਟਕ ਸਿੱਧਾ ਪੇਂਡੂ ਬੋਲੀ ਤੇ ਅੰਦਾਜ਼ ਵਿਚ ਹੋਣ ਕਰਕੇ ਸਵਾ ਘੰਟਾ ਪੂਰੇ ਇੱਕਠ ਨੂੰ ਕੀਲਣ ਵਿਚ ਸਫ਼ਲ ਰਿਹਾ। ਨਾਟਕ ਦੀ ਸਮਾਪਤੀ ਤੇ ਬਹੁਤ ਲੋਕਾਂ ਨੇ ਕਮੇਟੀ ਆਗੂਆਂ ਕੋਲ ਆ ਕੇ ਇਹੋ ਜਿਹੇ ਨਾਟਕ ਥੋੜਾ ਥੋੜਾ ਚਿਰ ਬਾਅਦ ਕਰਾਉਂਦੇ ਰਹਿਣ ਲਈ ਕਿਹਾ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਵੱਲੋਂ ਆਪੋ ਆਪਣੇ ਸ਼ਬਦਾਂ ਵਿਚ ਪ੍ਰਿੰਸੀਪਲ ਨਾਲ ਹੋਏ ਧੱਕੇ ਦਾ ਅਤੇ ਇਸ ਧੱਕੇ ਖਿਲਾਫ਼ ਕੀਤੇ ਸੰਘਰਸ਼ ਦਾ ਵਿਸਥਾਰ ਦੱਸਦਿਆਂ ਅੱਜ ਵੀ ਸਾਰੀ ਦੀ ਸਾਰੀ ਬਾਦਲ ਹਕੂਮਤ ਵੱਲੋਂ ਫੜੀ ਅੜੀ ਦੀ ਨਿੰਦਿਆ ਕੀਤੀ ਗਈ ਅਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

Sunday, October 4, 2015

4) ਸਾਂਝਾ ਅਧਿਆਪਕ ਮੋਰਚਾ -- ਸੁਲੱਖਣੀ ਕਰਵਟ



ਏਕਤਾ ਤਾਂਘ ਦੀ ਸੁਲੱਖਣੀ ਕਰਵਟ-ਉਚੇਰੀ ਏਕਤਾ ਵੱਲ ਅੱਗੇ ਵਧੋ

ਸਾਬਕਾ ਇੱਕਜੁੱਟ ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਵੱਖ ਵੱਖ ਟੁਕੜੀਆਂ ਦੇ ਡੇਢ ਸਾਲ ਤੋਂ ਚਲੇ ਆ ਰਹੇ ਸਾਂਝੇ ਅਧਿਆਪਕ ਮੋਰਚੇ 'ਚ ਵੱਖ-ਵੱਖ ਕੈਟੇਗਰੀਆਂ ਨਾਲ ਸੰਬੰਧਤ ਯੂਨੀਅਨਾਂ ਦੇ ਦਾਖਲੇ ਨੇ ਇਸ ਦੀ ਸੰਘਰਸ਼ ਸਰਗਰਮੀ 'ਚ ਰਵਾਨਗੀ ਲੈ ਆਂਦੀ ਹੈ।ਖਾੜਕੂ ਰੰਗਤ ਦੇ ਝਲਕਾਰੇ ਪੈਣ ਲੱਗ ਪਏ ਹਨ।ਹੁਣ ਇਸ ਸਾਂਝੇ ਅਧਿਆਪਕ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੀ ਗਿਣਤੀ ੨੨ ਹੋ ਗਈ ਹੈ। ਇਉਂ ਸਾਂਝਾ ਮੋਰਚਾ ਕੁੱਲ ਮਿਲਾ ਕੇ ਲੱਗਭੱਗ ੧ ਲੱਖ ਅਧਿਆਪਕਾਂ ਦੀ ਨੁਮਾਇੰਦਗੀ ਕਰਦੇ ਵਿਸ਼ਾਲ ਪਲੇਟਫਾਰਮ ਵਜੋਂ ਉੱਭਰ ਆਇਆ ਹੈ।

9 ਜੂਨ ਨੂੰ ਜਲੰਧਰ ਹੋਈ ਕਨਵੈਨਸ਼ਨ ਸਮੇਂ ਦੇਸ਼ ਭਗਤ ਯਾਦਗਾਰ ਹਾਲ 'ਚ ਭਰਵੀਂ ਹਾਜ਼ਰੀ ਨੇ ਅਧਿਆਪਕਾਂ ਦੀ ਸੰਘਰਸ਼ ਤਾਂਘ ਅਤੇ ਉਤਸ਼ਾਹ ਦਾ ਸੰਕੇਤ ਦਿੱਤਾ ਸੀ।ਕਿੰਨੀਆਂ ਹੀ ਟੁਕੜੀਆਂ 'ਚ ਵੰਡੇ ਅਧਿਆਪਕ ਸਮੂਹਾਂ ਨੂੰ ਇਸ ਸਾਂਝੀ ਘੋਲ ਸਰਗਰਮੀ 'ਚ ਆਪਣੀ ਏਕਤਾ ਤਾਂਘ ਦਾ ਅਕਸ ਨਜ਼ਰ ਆਇਆ ਹੈ।ਇਸ ਸਾਂਝ 'ਤੇ ਖੁਸ਼ੀ ਅਤੇ ਇਸਨੂੰ ਕਾਇਮ ਰੱਖਣ ਦਾ ਸਰੋਕਾਰ ਪ੍ਰਗਟ ਹੋਇਆ ਹੈ।ਇਹ ਸਰੋਕਾਰ "ਸਾਂਝਾ ਮੋਰਚਾ ਟੁੱਟਣ ਨਹੀਂ ਦੇਣਾ" ਦੇ ਨਾਅਰਿਆਂ ਰਾਹੀਂ  ਜ਼ਾਹਰ ਹੋਇਆ ਹੈ।
5 ਸਤੰਬਰ ਨੂੰ ਤਕਰੀਬਨ 5000 ਅਧਿਆਪਕਾਂ ਦੇ ਬਠਿੰਡਾ ਐਕਸ਼ਨ ਨੇ ਹੋਰ ਉਤਸ਼ਾਹੀ ਅਸਰ ਛੱਡਿਆ ਹੈ।18 ਸਤੰਬਰ ਨੂੰ ਪੰਜਾਬ ਸਰਕਾਰ ਦੇ ਵਾਅਦੇ ਤੋਂ ਮੁੱਕਰ ਜਾਣ ਪਿੱਛੋਂ  ਜਿਲ੍ਹਾ ਦਫਤਰਾਂ 'ਤੇ ਅਰਥੀਆਂ ਸਾੜੀਆਂ ਗਈਆਂ।ਹੁਣ ਮੋਰਚੇ ਨੇ ਪੰਜ ਅਕਤੂਬਰ ਨੂੰ ਜਿਲ੍ਹਾ ਹੈਡਕੁਆਰਟਰਾਂ 'ਤੇ ਰੈਲ਼ੀਆਂ ਮੁਜਾਹਰੇ ਕਰਨ ਅਤੇ ੧੮ ਅਕਤੂਬਰ ਨੂੰ ਜਲੰਧਰ ਵਿਖੇ ਸੂਬਾਈ ਮੁਜਾਹਰੇ ਦਾ ਐਕਸ਼ਨ ਐਲਾਨ ਦਿੱਤਾ ਹੈ।
ਸਾਂਝੇ ਅਧਿਆਪਕ ਮੋਰਚੇ ਦੇ ਮੌਜੂਦਾ ਪਲੇਟਫਾਰਮ 'ਤੇ ਪੰਜਾਬ ਦੀ ਅਧਿਆਪਕ ਲਹਿਰ ਦੇ ਇਤਿਹਾਸ ਨਾਲ ਜੋੜ ਕੇ ਝਾਤ ਪਾਇਆਂ ਵੱਡੀਆਂ ਤਬਦੀਲੀਆਂ ਨਜ਼ਰ ਆਉਂਦੀਆਂ ਹਨ। ਕੋਈ ਵੇਲਾ ਸੀ ਜਦੋਂ ਪੰਜਾਬ ਦੇ ਸਮੂਹ ਅਧਿਆਪਕ ਆਪਣੀ ਇੱਕੋ ਇੱਕ ਨੁਮਾਇੰਦਾ ਜਥੇਬਦੀ ਗੌਰਮਿੰਟ ਟੀਚਰਜ਼ ਯੂਨੀਅਨ ' ਪਰੋਏ ਹੋਏ ਸਨ।ਇਸ ਏਕਤਾ ਸਦਕਾ ਪੰਜਾਬ ਦੀ ਸਮੁੱਚੀ  ਮੁਲਾਜ਼ਮ ਲਹਿਰ 'ਚ ਗੌਰਮਿੰਟ ਟੀਚਰ ਯੂਨੀਅਨ ਦੀ ਧਾਂਕ ਸੀ।ਫੇਰ ਇਹ ਜਥੇਬੰਦੀ ਬਿਖਰਦੀ ਬਿਖਰਦੀ ਬਿਖਰ ਗਈ।ਇਸ ਦੀ ਨਿਰਅਧਾਰ ਵੰਡ 'ਚ ਦੋ ਕਾਰਨਾਂ ਨੇ ਵੱਡਾ ਰੋਲ ਅਦਾ ਕੀਤਾ। ਇੱਕ ਸੀ ਸੌੜੀ ਧੜੇਬੰਦਕ ਬਿਰਤੀ ਜਿਹੜੀ  ਹਾਕਮ ਜਮਾਤਾਂ ਨਾਲ ਭਿਆਲੀ ਦੀ ਸਿਆਸਤ ਨਾਲ ਜੁੜੀ ਹੋਈ ਸੀ। ਇਹ ਬਿਰਤੀ ਪਾਰਟੀਆਂ ਦੀ ਸਿਆਸੀ ਧੜੇਬੰਦੀ ਨੂੰ ਟਰੇਡ ਯੂਨੀਅਨਾਂ 'ਤੇ ਥੋਪਦੀ ਸੀ।ਸਮੇਂ ਨਾਲ ਇਹ ਬਿਰਤੀ ਬਹੁਤ ਕੁੱਢਰ ਰੂਪ 'ਚ ਪਰਗਟ ਹੋਣ ਲੱਗ ਪਈ।ਇੱਕੋ ਸਿਆਸੀ ਪਾਰਟੀ ਅੰਦਰਲੇ ਵੱਖ ਵੱਖ ਧੜਿਆਂ ਦਾ ਸ਼ਰੀਕਾ ਆਪਣੇ ਹੀ ਪ੍ਰਭਾਵ ਹੇਠਲੀ ਯੂਨੀਅਨ ਨੂੰ ਪਾੜਨ ਤੱਕ ਜਾਣ ਲੱਗ ਪਿਆ।ਸਿਆਸੀ ਧੜੇਬੰਦਕ ਹਿਤਾਂ ਕਰਕੇ ਹੀ ਅਧਿਆਪਕ ਜਥੇਬੰਦੀ 'ਚ ਇੱਕਜੁਟ ਅਧਿਆਪਕਾਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਫਾਕੜਾਂ 'ਚ ਵੰਡਣ ਦਾ ਕਦਮ ਲਿਆ ਗਿਆ ਸੀ। ਦੂਜਾ ਕਾਰਨ ਟਰੇਡ ਅਧਾਰਤ ਬੁਨਿਆਦੀ ਏਕਤਾ ਦੇ ਦਾਇਰੇ 'ਚ ਕੈਟੇਗਰੀਆਂ ਦੇ ਵਿਸ਼ੇਸ਼ ਮੁੱਦਿਆਂ ਦੀ ਕਦਰ ਘਟਾਈ ਸੀ ।ਇਸ ਵਜਾ੍ਹ ਕਰਕੇ ਵੱਖ-ਵੱਖ ਕੈਟੇਗਰੀਆਂ ਨਾਲ ਸੰਬੰਧਤ ਅਧਿਆਪਕ ਸਮ੍ਹੂਹ ਆਜ਼ਾਦ ਯੂਨੀਅਨਾਂ 'ਚ ਜਥੇਬੰਦ ਹੋਣ ਲੱਗੇ।ਫਾਕਾਂ 'ਚ ਵੰਡੀ ਯੂਨੀਅਨ ਉਂਝ ਵੀ ਵਿਸ਼ੇਸ਼ ਕੈਟੇਗਰੀਆਂ ਦੀ ਵਿਸ਼ਾਲ ਵੰਨਗੀ ਨੂੰ ਆਪਣੇ ਕਲਾਵੇ 'ਚ ਰੱਖਣ ਦੇ ਸਮਰੱਥ ਨਾ ਰਹੀ।
ਸੋ ਅੱਜ ਅਧਿਆਪਕ ਸੰਘਰਸ਼ਾਂ ਦੇ ਮੰਚ 'ਤੇ ਸੰਘਰਸ਼ ਦੇ ਸਲੁੱਖਣੇ ਰਾਹ ਪਏ ਜਥੇਬੰਦ ਅਧਿਆਪਕ ਸਮੂਹਾਂ ਦੀਆਂ ਜੁਝਾਰ ਟੁਕੜੀਆਂ ਦੀ ਭਰਮਾਰ ਹੈ।ਸੰਸਾਰੀਕਰਨ ਅਤੇ ਨਵੀਆਂ ਆਰਥਕ ਨੀਤੀਆਂ ਦੇ ਹੱਲੇ ਨੇ ਔਖ ਅਤੇ ਬੇਚੈਨੀ ਵਧਾਈ ਹੈ।ਜੂਝਣ ਅਤੇ ਜਥੇਬੰਦ ਹੋਣ ਦੀ ਤਾਂਘ ਅੱਗੇ ਵਧੀ ਹੈ। ਅਧਿਆਪਕ ਮੁਹਾਜ਼ 'ਤੇ ਇਹ ਤਾਂਘ ਕਿੰਨੀਆਂ ਹੀ ਕੈਟੇਗਰੀਆਂ ਅਤੇ ਉਪ-ਕੈਟੇਗਰੀਆਂ 'ਤੇ ਅਧਾਰਤ ਜਥੇਬੰਦੀਆਂ ਦਾ ਰੂਪ ਲੈ ਰਹੀ ਹੈ।ਇਹ ਯੂਨੀਅਨਾਂ ਰੁਜ਼ਗਾਰ ਨਾਲ ਸਬੰਧਤ ਅਤੇ ਹੋਰ ਆਪੋ-ਆਪਣੇ ਵਿਸ਼ੇਸ਼ ਮੁੱਦਿਆਂ ਦੁਆਲੇ ਉੱਭਰੀਆਂ ਹਨ।ਹਾਕਮ ਨਵੀਆਂ ਆਰਥਕ ਨੀਤੀਆਂ ਦੇ ਹੱਲੇ ਰਾਹੀਂ ਰੁਜ਼ਗਾਰ ਅਤੇ ਕਿੱਤਾ ਪੈਟਰਨ ਦੀਆਂ ਫਾੜੀਆਂ ਕੱਟੀ ਜਾ ਰਹੇ ਹਨ।ਅਧਿਆਪਕ ਸਮੂਹ ਦਾ ਇਹ ਫਾੜੀ ਦਰ ਫਾੜੀ ਕਿੱਤਾ ਪੈਟਰਨ, ਜਥੇਬੰਦ ਹੋਣ ਦੀ ਤਾਂਘ ਲਈ ਸੀਮਤ ਸੁਤੇਸਿਧ ਚੇਤਨਾ ਅਧਾਰ ਹੀ ਪੇਸ਼ ਕਰ ਸਕਦਾ ਹੈ।ਇਹ ਜਥੇਬੰਦ ਹੋਣ ਦੀ ਸੁਲੱਖਣੀ ਤਾਂਘ ਦੇ ਕੈਟੇਗਰੀ ਅਧਾਰਤ ਖੰਡਤ ਪ੍ਰਗਟਾਵੇ ਦੀ ਮੂਲ ਵਜ੍ਹਾ ਹੈ।ਦੂਜੀ ਵਜ੍ਹਾ ਦਾ ਜ਼ਿਕਰ ਪਹਿਲਾਂ ਆ ਚੁੱਕਿਆ ਹੈ।ਇਹ ਕਿੱਤਾ ਅਧਾਰਤ ਇੱਕਜੁਟ ਅਧਿਆਪਕ ਜਥੇਬੰਦੀ ਦੀ ਗੈਰਹਾਜ਼ਰੀ  ਹੈ।ਕਿਸੇ ਸਮੇਂ ਦੀ ਕੱਦਾਵਰ ਅਤੇ ਸਥਾਪਤ ਮੂਲ ਅਧਿਆਪਕ ਜਥੇਬੰਦੀ ਹੀ ਅੱਜ ਕਈ ਫਾਂਕਾਂ 'ਚ ਵਿਚਰ ਰਹੀ ਹੈ।ਮੂਲ ਅਧਿਆਪਕ ਜਥੇਬੰਦੀ ਦਾ ਇਕਜੁੱਟ ਪਲੇਟਫਾਰਮ ਹਾਸਲ  ਹੋਣ  ਦੀ ਹਾਲਤ 'ਚ ਇਸ ਤਾਂਘ ਨੇ ਇਸ ਜਥੇਬੰਦੀ ਜ਼ਰੀਏ ਪ੍ਰਗਟ ਹੋਣਾ ਸੀ।ਕਿੱਤਾ ਅਧਾਰਤ ਵਿਸ਼ਾਲ ਸਾਂਝੇ ਹਿਤਾਂ ਦੇ ਅਹਿਸਾਸ ਦੀ ਮੁਕਾਬਲਤਨ ਗੂੜ੍ਹੀ ਰੰਗਤ ਹੇਠ ਪ੍ਰਗਟ ਹੋਣਾ ਸੀ। ਜਥੇਬੰਦੀ ਅਤੇ ਚੇਤਨਾ ਦੇ ਮੁਕਾਬਲਤਨ ਉੱਚੇ ਪੱਧਰ ਤੋਂ ਪ੍ਰਗਟ ਹੋਣਾ ਸੀ।ਸਿੱਟੇ ਵਜੋਂ ਅਧਿਆਪਕ ਲਹਿਰ ਦੇ ਇਨਕਲਾਬੀ ਵਰਗ ਚੇਤਨਾ ਵੱਲ ਕਦਮ ਵਧਾਣ ਪੱਖੋਂ ਹਾਲਤ ਵੱਧ ਮਾਫਕ ਹੋਣੀ ਸੀ।
ਤਾਂ ਵੀ ਜੋ ਉਪਰ ਬਿਆਨਿਆ ਗਿਆ ਹੈ, ਉਹ (ਬਾਹਰਮੁਖੀ ਅਤੇ ਅੰਤਰਮੁਖੀ) ਹਾਲਤ ਦਾ ਇੱਕ ਪੱਖ ਹੀ ਹੈ।ਦੂਜਾ ਪੱਖ ਇਹ ਹੈ ਕਿ ਨਵੀਆਂ ਆਰਥਿਕ ਨੀਤੀਆਂ ਦੇ ਤੇਜ਼ ਹੋਏ ਹੱਲੇ ਦੀਆਂ ਸਾਂਝੀਆਂ ਕੜੀਆਂ ਉੱਘੜ ਰਹੀਆਂ ਹਨ।ਸਭਨਾਂ ਵੱਲ ਸੇਧੀ ਹਮਲੇ ਦੀ ਇਹ ਧਾਰ ਵਿਸ਼ਾਲ ਸੰਘਰਸ਼ ਏਕੇ ਦੀ ਲੋੜ ਅਤੇ ਰੁਚੀ ਨੂੰ ਤੁਣਕੇ ਮਾਰ ਰਹੀ ਹੈ।ਇਹਨਾਂ ਹਾਲਤਾਂ 'ਚ ਕੈਟੇਗਰੀਆਂ ਤੋਂ ਅੱਗੇ ਅਧਿਆਪਕ ਏਕੇ ਦੀ ਭਾਵਨਾ ਜ਼ੋਰ ਫੜ੍ਹ ਰਹੀ ਹੈ।ਮਹੌਲ ਅਧਿਆਪਕ ਸਮੂਹ ਦੀ ਸਿਆਸੀ ਧੜੇਬੰਦਕ ਅਧਾਰ 'ਤੇ ਵੰਡ ਦੇ ਖਿਲਾਫ ਹੈ। ਜਥੇਬੰਦ ਅਧਿਆਪਕਾਂ ਦੇ ਸਾਂਝੇ ਮੰਚ ਦੀ ਉਸਾਰੀ ਦੇ ਕਿਸੇ ਵੀ ਕਦਮ ਦਾ ਅਧਿਆਪਕ ਸਮੂਹਾਂ ਵੱਲੋਂ ਸਵਾਗਤ ਹੁੰਦਾ ਆਇਆ ਹੈ।ਇਨ੍ਹਾਂ ਕਦਮਾਂ ਨਾਲ ਜੂਝਣ ਦਾ ਭਰੋਸਾ ਤਕੜਾ ਹੁੰਦਾ ਰਿਹਾ ਹੈ ਅਤੇ ਲਾਮਬੰਦੀ ਨੂੰ ਉਗਾਸਾ ਮਿਲਦਾ ਰਿਹਾ ਹੈ। ਮੌਜੂਦਾ ਸਾਂਝੇ ਅਧਿਆਪਕ ਮੋਰਚੇ ਦੀ ਸਰਗਰਮੀ ਇਸੇ ਗੱਲ ਨੂੰ ਹੋਰ ਜ਼ੋਰ ਨਾਲ਼ ਪਰਤੱਖ ਕਰ ਰਹੀ ਹੈ।
ਇਨਕਲਾਬੀ ਅਧਿਆਪਕ ਕਾਰਕੁਨਾਂ ਲਈ ਜ਼ਰੂਰੀ ਹੈ ਕਿ ਉਹ ਅਧਿਆਪਕ ਸਮੂਹ ਦੀ ਏਕਤਾ ਲਈ ਅਹਿਮ ਇਸ ਘਟਨਾ ਵਿਕਾਸ ਨੂੰ ਤਕੜਾਈ ਦੇਣ ਲਈ ਪੂਰਾ ਤਾਣ ਲਾਉਣ।ਇੱਕ ਟਰੇਡ-ਇੱਕ ਯੂਨੀਅਨ ਦਾ ਨਾਅਰਾ ਜ਼ੋਰ ਨਾਲ ਬੁਲੰਦ ਕੀਤਾ ਜਾਣਾ ਚਾਹੀਦਾ ਹੈ। ਸਾਂਝੇ ਅਧਿਆਪਕ ਸੰਘਰਸ਼ ਅੰਤਿਮ ਤੌਰ 'ਤੇ ਇਹ ਟੀਚਾ ਹਾਸਲ ਕਰਨ ਦਾ ਜ਼ਰ੍ਹੀਆ ਬਣਨੇ ਚਾਹੀਦੇ ਹਨ।ਸਾਂਝੇ ਸੰਘਰਸ਼ ਦੇ ਅਮਲ ਨੂੰ ਇੱਕੋ ਇੱਕ ਅਧਿਆਪਕ ਜਥੇਬੰਦੀ ਦੀ ਤਾਂਘ ਤੇਜ਼ ਕਰਨ 'ਚ ਹਿੱਸਾ ਪਾਉਣਾ ਚਾਹੀਦਾ ਹੈ।
ਇਹ ਮਨ 'ਚ ਰੱਖਣਾ ਜ਼ਰੂਰੀ ਹੈ ਕਿ ਇੱਕਜੁੱਟ ਅਤੇ ਵਿਸ਼ਾਲ ਟਰੇਡ ਯੂਨੀਅਨ ਇਨਕਲਾਬੀ ਜਨਤਕ/ਸਿਆਸੀ ਸਰਗਰਮੀ ਦੀ ਗੁੰਜਾਇਸ਼ ਨੂੰੰ ਵਿਸ਼ਾਲ ਕਰਦੀ ਹੈ। ਵਿਸ਼ਾਲ ਜਥੇਬੰਦ ਅਧਿਆਪਕ ਜਨਤਾ ਹੋਣਹਾਰ ਇਨਕਲਾਬੀ ਸਮਾਜਿਕ ਸਿਆਸੀ ਕਾਰਕੁਨਾਂ ਦਾ ਅਹਿਮ ਜ਼ਖੀਰਾ ਬਣਦੀ ਹੈ।ਇਸ ਜ਼ਖੀਰੇ ਦੇ ਮਹੱਤਵ ਨੂੰ ਪਛਾਨਣਾ ਜ਼ਰੂਰੀ ਹੈ।
ਉੁੱਭਰਵੀਆਂ ਮੰਗਾਂ ਸਬੰਧੀ ਪਹੁੰਚ ਦਾ ਇੱਕ ਅਹਿਮ ਨੁਕਤਾ ਇਹ ਹੈ ਕਿ ਸਮੂਹ ਅਧਿਆਪਕਾਂ ਦੇ ਹਿਤਾਂ ਦੀਆਂ ਸਾਂਝੀਆਂ ਅਹਿਮ ਅਤੇ ਬੁਨਿਆਦੀ ਕੜੀਆਂ ਨਸ਼ਰ ਕਰਨ ਵਾਲ਼ੀਆਂ ਮੰਗਾਂ ਛਾਂਟਣ ਅਤੇ ਉਭਾਰਨ ਵੱਲ ਤਵੱਜੋ ਦੇਣ ਦੀ ਲੋੜ ਹੈ।ਮਿਸਾਲ ਵਜੋਂ ਸਾਂਝੀ ਅਹਿਮ ਕੜੀ ਦੇ ਤੌਰ 'ਤੇ ਸਭ ਰੈਗੂਲਰ ਅਸਾਮੀਆਂ ਭਰਨ ਅਤੇ ਉਚੇਰੇ ਅਧਿਆਪਕ-ਵਿਦਿਆਰਥੀ ਅਨੁਪਾਤ ਦੇ ਅਧਾਰ 'ਤੇ ਨਵੀਆਂ ਰੈਗੂਲਰ ਅਸਾਮੀਆਂ ਦੀ ਰਚਨਾ ਦੀ ਮੰਗ ਮਹੱਤਵਪੂਰਣ ਮੰਗ ਬਣਦੀ ਹੈ।

5) ਦਲਜੀਤ ਸਿੰਘ ਅਧਿਆਪਕ ਸਵੈਮਾਨ ਸੰਘਰਸ਼



ਜਮਹੂਰੀ ਚੇਤਨਾ ਦਾ ਕਦਮ ਵਧਾਰਾ

ਸਟਾਫ਼ ਟਿੱਪਣੀਕਾਰ

ਸਾਡੇ ਮੁਲਕ ਦੇ ਹਾਕਮਾਂ ਦਾ ਅੱਤ ਨਿੱਘਰਿਆ ਹੋਇਆ ਸਿਆਸੀ ਸਭਿਆਚਾਰ ਤਾਂ ਵਿਦਿਅਕ ਅਦਾਰਿਆਂ ਨੂੰ, ਵਿਦਿਅਕ ਅਦਾਰਿਆਂ ਦੀ ਜਿੰਦ ਜਾਨ ਬਣਦੇ ਅਧਿਆਪਕ ਅਤੇ ਵਿਦਿਆਰਥੀ ਵਰਗ ਨੂੰ ਆਵਦੇ ਨਿੱਘਰੇ ਨੀਮ-ਗੁਲਾਮ ਸਿਆਸੀ ਸੱਭਿਆਚਾਰ ਦੀ ਗੂੜ੍ਹੀ ਪਾਹ ਚਾੜ੍ਹਨ ਦਾ ਸਾਧਨ ਮਾਤਰ ਸਮਝਦਾ ਹੈ। ਇਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਮੁਨਾਫ਼ਾ ਕਮਾਉਣ ਵਾਲੀਆਂ ਦੁਕਾਨਾਂ ਮਾਤਰ ਸਮਝਦਾ ਹੈ। ਪੰਜਾਬ ਦੇ ਰਾਜ-ਭਾਗ 'ਤੇ ਕਾਬਜ ਸਿਆਸੀ ਸ਼ਾਸਕ ਵਰਗ ਅਧਿਆਪਕ ਵਰਗ ਅਤੇ ਵਿਦਿਆਰਥੀ ਵਰਗ ਨੂੰ ਜਗੀਰੂ-ਦਬਸ਼ ਅਤੇ ਨੀਮ-ਗੁਲਾਮੀ ਦੀ ਗਰਕਣ ਵਿੱਚ ਪਲਰਦੇ ਇੱਜੜਾਂ ਦੇ ਰੂਪ 'ਚ ਦੇਖਣਾ ਚਾਹੁੰਦਾ ਹੈ। ਇਸ ਮਕਸਦ ਖਾਤਰ ਤਾਇਨਾਤ ਕੀਤੀ ਉੱਚ ਅਫ਼ਸਰਸ਼ਾਹੀ ਸਿਆਸਤਦਾਨਾਂ ਦੇ ਹੱਥਾਂ ਦਾ ਹਥਿਆਰ ਬਣਦੀ ਹੈ। ਉਹ ਗੈਰ ਵਿਦਿਅਕ ਕੰਮਾਂ ਲਈ ਹੁਕਮਾਂ ਦੀ ਝੜੀ ਲਾਈ ਰੱਖਦੀ ਹੈ। ਵਿਦਿਅਕ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਸੰਚਾਰ ਕਰਨ ਦਾ ਸਾਧਨ ਬਣਦੀ ਹੈ। ਸੂਬਾਈ ਦਫਤਰ ਤੋਂ ਇਸ ਦਾ ਸੰਚਾਰ ਸ਼ੁਰੂ ਕਰਦੀ ਹੈ। ਜ਼ਿਲ, ਬਲਾਕ ਅਤੇ ਸਕੂਲ ਪੱਧਰ ਤੱਕ ਇਸ ਗਰਕਣ ਨੂੰ ਪੁੱਜਦਾ ਕਰਦੀ ਹੈ। ਇਥੋਂ ਹੁੰਦੀ ਮੋਟੀ ਕਮਾਈ ਦਾ ਵੱਡਾ ਭੰਡਾਰ ਉੱਚ ਸਿਆਸੀ ਗਲਿਆਰਿਆਂ ਵਿੱਚ ਇਕੱਤਰ ਹੁੰਦਾ ਹੈ। ਉਥੇ ਵੰਡਿਆ ਜਾਂਦਾ ਹੈ। ਦੂਜੇ ਪਾਸੇ ਇਸ ਸਿਆਸਤ ਦੇ ਸੂਬਾਈ ਰਹਿਬਰਾਂ ਤੋਂ ਲੈ ਕੇ ਸਥਾਨਕ ਜਥੇਦਾਰਾਂ ਤੇ ਧਨਾਢ ਚੌਧਰੀਆਂ ਤੱਕ ਦਾ ਸਾਰਾ ਢਾਂਚਾ ਵਿਦਿਅਕ ਸੰਸਥਾਵਾਂ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਤੇ ਹੱਬ-ਦੱਬ ਕਰਨ ਨੂੰ ਆਵਦਾ ਜਨਮ-ਸਿੱਧ ਅਧਿਕਾਰ ਸਮਝਦਾ ਹੈ। ਅਧਿਆਪਕ ਵਰਗ ਤੋਂ ਨੀਮ-ਗੁਲਾਮਾਂ ਵਾਲੀ ਸਾਹਬ-ਸਲਾਮੀ ਵਸੂਲ ਕਰਨੀ ਚਾਹੁੰਦਾ ਹੈ। ਇਸਦੇ ਆਸਰੇ ਇਹ ਵਿੱਦਿਅਕ ਮੰਦਰਾਂ ਨੂੰ ਆਵਦੀ ਪੜਤ-ਕਮਾਈ, ਧਨ-ਕਮਾਈ ਤੇ ਵੋਟ-ਉਗਰਾਹੀ ਦਾ ਸਾਧਨ ਬਣਾਉਣਾ ਚਾਹੁੰਦਾ ਹੈ। ਇਉਂ ਅਧਿਆਪਕ ਵਰਗ ਨੂੰ ਨਿੱਸਲ ਕਰਕੇ, ਵਿਦਿਅਕ ਖੇਤਰ ਵਿੱਚ ਨਵੀਆਂ ਆਰਥਕ ਨੀਤੀਆਂ ਮੜ੍ਹਨ ਲਈ ਰਾਹ ਪੱਧਰਾ ਰੱਖਣਾ ਚਾਹੁੰਦਾ ਹੈ। ਅਧਿਆਪਕ ਵਰਗ ਦੀ ਸੰਵੇਦਨਸ਼ੀਲ ਤੇ ਜਾਗਦੀ ਜ਼ਮੀਰ, ਲੁੱਟ-ਮਾਰ ਮਚਾਉਣ ਵਾਲੀ ਇਸ ਗੈਰ-ਜਮਹੂਰੀ ਅਤੇ ਹੈਂਕੜ ਭਰੀ ਸਿਆਸੀ ਦਖਲ-ਅੰਦਾਜ਼ੀ ਨੂੰ ਕਦਾਚਿੱਤ ਪਰਵਾਨ ਨਹੀਂ ਕਰਦੀ। ਇਸ ਖਿਲਾਫ਼ ਤਿਲਮਿਲਾਉਂਦੀ ਹੈ। ਬੁੜ-ਬੁੜ ਵਿਰੋਧ ਹਰ ਸਮੇਂ ਜਾਰੀ ਰੱਖਦੀ ਹੈ। ਜਾਗਰਤ ਹੋ ਕੇ ਜਥੇਬੰਦ ਜਨਤਕ ਵਿਰੋਧ ਦਾ ਰੂਪ ਧਾਰਦੀ ਹੈ। ਕਦੇ ਜਨਤਕ ਵਿਸਫੋਟ ਦਾ ਰੂਪ ਧਾਰਦੀ ਹੈ। ਹਲਕਾ ਫੂਲ ਦੇ ਭਗਤਾ ਸਕੂਲ ਵਿੱਚ ਸ਼ੁਰੂ ਹੋਇਆ ਟਕਰਾਅ ਇਸੇ ਵਿਰੋਧਤਾਈ ਦਾ ਤਿੱਖਾ ਇਜ਼ਹਾਰ ਹੈ। ਇਹ ਜਨਤਕ ਵਿਸਫੋਟ ਦਾ ਰੂਪ ਧਾਰਨ ਕਰ ਰਿਹਾ ਹੈ।
ਭਗਤੇ ਵਿੱਚ ਹਾਕਮ ਵਰਗ ਦੇ ਨੁਮਾਇੰਦਿਆਂ ਨੇ ਅਧਿਆਪਕ ਵਰਗ ਦੇ ਸਵੈਮਾਣ ਦੀ ਨੁਮਾਇੰਦਾ ਬੁਲੰਦ ਹਸਤੀ ਪ੍ਰਿੰਸੀਪਲ ਦਲਜੀਤ ਸਿੰਘ 'ਤੇ ਵਾਰ ਕੀਤਾ ਹੈ। ਇਸ ਬੁਲੰਦੀ ਨੂੰ ਹੀਣਤਾ ਬਣਾ ਦੇਣ ਲਈ 'ਸਬਕ' ਸਿਖਾਇਆ ਹੈ। ਪਰ ਇਹ 'ਸਬਕ' ਇਸ ਚੰਗਿਆੜੇ ਨੂੰ ਭਸਮ ਨਹੀਂ ਕਰ ਸਕਿਆ। ਇਸ ਨੂੰ ਭਾਂਬੜ ਬਣਾ ਗਿਆ ਹੈ। ਮਾਨਸਿਕ ਗਿਠਮੁਠੀਏ ਤੇ ਮਸੰਦ ਸਿਆਸਤਦਾਨਾਂ ਦਾ ਇਹ ਬੌਣਾ ਵਾਰ ਥੰਮਲਿਆ ਗਿਆ ਹੈ। ਹੁਣ ਇਹ ਵਾਰ ਪਿਛਲਖੁਰੀ ਮਾਰ ਕਰ ਰਿਹਾ ਹੈ। ਹਮਲਾਵਰ ਸਿਆਸਤ ਦਾ ਸਿਆਸੀ ਮੂੰਹ-ਮੁਹਾਂਦਰਾ ਧੁਆਂਖਿਆ ਗਿਆ ਹੈ। ਅਧਿਆਪਕ ਵਰਗ ਦਾ ਸਵੈਮਾਣ ਦਗ਼-ਦਗ਼ ਕਰਨ ਲੱਗ ਪਿਆ ਹੈ। ਵਿਦਿਆਰਥੀ, ਸਾਬਕਾ ਵਿਦਿਆਰਥੀ, ਮਾਪਾ ਵਰਗ ਤੇ ਇਲਾਕਾ ਨਿਵਾਸੀ ਇਸ ਹਮਲੇ ਖਿਲਾਫ਼ ਢਾਲ ਬਣੇ ਖੜ੍ਹੇ ਹਨ। ਸੁਲਤਾਨੀ ਗਵਾਹ ਬਣਕੇ ਭੁਗਤੇ ਹਨ। ਇਲਾਕੇ ਦੀ ਖੇਤ-ਮਜ਼ਦੂਰ ਅਤੇ ਕਿਸਾਨ ਲਹਿਰ ਹਿੱਕ ਥਾਪੜਕੇ ਹਮਾਇਤ ' ਨਿੱਤਰੀ ਹੋਈ ਹੈ। ਇਸਨੇ ਅਧਿਆਪਕ ਵਰਗ ਲਈ ਇਸ ਬੇ-ਮੇਚੀ ਲੜਾਈ ਨੂੰ ਪਲਟਾ ਦੇ ਦਿੱਤਾ ਹੈ। ਪੰਜਾਬ ਪੱਧਰੀ ਸਾਂਝੀ ਅਧਿਆਪਕ ਲਹਿਰ ਨੇ ਇਸ ਮੁੱਦੇ ਨੂੰ ਪੰਜਾਬ ਭਰ ਦੇ ਅਧਿਆਪਕ ਵਰਗ ਦੇ ਭਖਦੇ ਸਰੋਕਾਰ ਦਾ ਮੁੱਦਾ ਸਮਝਿਆ ਹੈ। ਇਸਨੂੰ ਸੰਘਰਸ਼ਸ਼ੀਲ ਹੁੰਗਾਰਾ ਦਿੱਤਾ ਹੈ।
ਇਸ ਹੋਛੇ ਤੇ ਕੋਝੇ ਹਮਲੇ ਪਿੱਛੇ ਪੰਚੈਤ ਮੰਤਰੀ ਦਾ ਸਿੱਧਾ ਹੱਥ ਸਾਬਤ ਕੀਤਾ ਜਾ ਚੁੱਕਾ ਹੈ। ਇਸ ਖਿਲਾਫ਼ ਰੋਹ ਨੂੰ ਵਿਆਪਕ ਬਣਾਉਣਾ ਤੇ ਤਿੱਖਾ ਕਰਨਾ ਜਾਰੀ ਰੱਖਿਆ ਹੋਇਆ ਹੈ। ਮੰਤਰੀ ਦੀ ਸਿਆਸਤ ਨੂੰ ਹਲਕੇ ਦੇ ਅੰਦਰ ਤੇ ਬਾਹਰ ਧਰਕੇ ਮਾਂਜਾ ਲੱਗ ਚੁੱਕਾ ਹੈ। ਪੰਜਾਬ ਸਰਕਾਰ ਅਤੇ ਅਕਾਲੀ ਦਲ ਦੀ ਸੂਬਾਈ ਸਾਖ ਤੱਕ ਪਹੁੰਚ ਰਿਹਾ ਸੇਕ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਮੁੱਖ-ਮੰਤਰੀ ਤੇ ਉਪ ਮੁੱਖ ਮੰਤਰੀ ਦੇ ਦਖ਼ਲ ਨਾਲ ਹੋਈ ਗੱਲਬਾਤ ਰਾਹੀਂ ਨਿਬੇੜਾ ਕਰਨ ਦੀਆਂ ਦੋ ਗੰਭੀਰ ਕੋਸ਼ਿਸ਼ਾਂ, ਇਸ ਸਿਆਸੀ ਸੇਕ ਦੇ ਉੱਪਰ ਤੱਕ ਪਹੁੰਚਣ ਦਾ ਪ੍ਰਮਾਣ ਬਣਦੀਆਂ ਹਨ। ਘੋਲ ਦੀ ਤਾਕਤ ਦਾ ਸਿੱਟਾ ਬਣਦੀਆਂ ਹਨ। ਪ੍ਰਿੰਸੀਪਲ ਦੀ ਦੋ ਮਹੀਨਿਆਂ 'ਚ ਭਗਤੇ ਦੀ ਬਦਲੀ ਤੇ ਕੁੱਟਮਾਰ ਦੇ ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਆਦਿ ਦੀਆਂ ਮੰਗਾਂ ਪ੍ਰਵਾਨ ਕਰਨਾ ਤੇ ਮੁੱਕਰਨਾ, ਘੋਲ ਦੀ ਕੁੜਿੱਕੀ 'ਚੋਂ ਨਿੱਕਲਣ ਲਈ ਹਾਕਮਾਂ ਦੇ ਤੜਫਣ ਤੇ ਫੜਕਣ ਦਾ ਸਬੂਤ ਬਣਦੀਆਂ ਹਨ। ਬੇਬਸੀ ਦੇ ਆਲਮ 'ਚ ਫਸੇ ਹਾਕਮਾਂ ਨੂੰ ਬਦਲੀ ਤੇ ਬੇ-ਪਤੀ ਦਾ ਨਿੱਸਲ ਕੀਤਾ ਦਲਜੀਤ ਸਿੰਘ ਨਹੀਂ ਟੱਕਰਿਆ। ਉਸਦਾ ਬੁਰਾ ਹਸ਼ਰ ਹੋਇਆ ਦੇਖਕੇ ਗੋਡੀਂ ਹੱਥ ਲਾਉਣ ਲਈ ਉੱਲਰਦਾ ਅਧਿਆਪਕ ਵਰਗ ਨਹੀਂ ਟੱਕਰਿਆ। ਹਾਕਮਾਂ ਦੇ ਇਹ ਸੁਪਨੇ ਕਾਫ਼ੂਰ ਹੋ ਚੁੱਕੇ ਹਨ। ''ਕਿੱਥੋਂ ਖੱਖਰ ਨੂੰ ਹੱਥ ਲਾ ਬੈਠੇ,'' ਇਹ ਝੋਰਾ ਪੱਲੇ ਪਾ ਗਏ ਹਨ। ਇਸ ਘੋਲ ਦੀਆਂ ਇਹ ਬਹੁਤ ਵੱਡੀਆਂ ਤੇ ਦੂਰ-ਰਸ ਸਿਆਸੀ ਪ੍ਰਾਪਤੀਆਂ ਹਨ। ਅਧਿਆਪਕ ਵਰਗ ਦੇ ਮਾਣ-ਸਨਮਾਨ ਤੇ ਸੰਘਰਸ਼ ਕਰਨ ਦੀ ਸਮਰੱਥਾ ਨੂੰ ਤਕੜਾ ਹੁਲਾਰਾ ਦੇਣ ਵਾਲੀਆਂ ਪ੍ਰਾਪਤੀਆਂ ਹਨ।

ਵਰਗਾਂ ਦੀ ਏਕਤਾ ਤੇ ਵਰਗ ਸੰਘਰਸ਼ ਦਾ ਹੋਕਾ

ਕਿਸੇ ਵੀ ਕੀਮਤ 'ਤੇ ਹਲਕਾ ਫੂਲ ਤੋਂ ਬਾਹਰ ਬਦਲੀ ਕਰਨ ਦੀ ਹਾਕਮ ਨੀਤੀ ਸਾਹਮਣੇ ਆਈ ਹੈ। ਪ੍ਰਿੰਸੀਪਲ ਦਲਜੀਤ ਸਿੰਘ ਨੇ ਇਸਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਾ ਕਰਨ ਦਾ ਜਨਤਕ ਐਲਾਨ ਕਰ ਦਿੱਤਾ ਹੈ। ਲੜਨ-ਖੜ੍ਹਨ ਦੇ ਇਰਾਦੇ ਦੇ ਇਸ ਵੱਡੇ ਪ੍ਰਗਟਾਵੇ ਦਾ ਸੰਘਰਸ਼ਸ਼ੀਲ ਜਨਤਾ ਨੇ ਪੁਰਜੋਸ਼ ਸੁਆਗਤ ਕੀਤਾ ਹੈ। ਇਸੇ ਸਮੇਂ ਘੋਲ ਦੇ ਅਗਲੇਰੇ ਤੇ ਲੰਮੇਰੇ ਦੌਰ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ। ਅਧਿਆਪਕ ਵਰਗ ਦੀਆਂ ਨਮਾਇੰਦਾ ਟੁਕੜੀਆਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀਆਂ ਤਬਕਾਤੀ ਮੰਗਾਂ ਦੀ ਹਮਾਇਤ 'ਚ ਨਿੱਤਰੀਆਂ ਹਨ। ਮਾਲਵੇ ਦੇ 7-8 ਜ਼ਿਲਿਆਂ ਵਿੱਚ ਉਹਨਾਂ ਦੇ ਪੰਜ ਦਿਨਾਂ ਤੇ ਤਿੰਨ ਦਿਨਾਂ ਧਰਨਿਆਂ 'ਚ ਸ਼ਾਮਲ ਹੋਈਆਂ ਹਨ। ਇਨ੍ਹਾਂ ਸੰਘਰਸ਼ਸ਼ੀਲ ਤਬਕਿਆਂ ਦੀ ਲਾਮਬੰਦੀ ਦੀਆਂ ਮੁਹਿੰਮਾਂ ਅਤੇ ਜਥੇਬੰਦੀਆਂ ਦੇ ਪਸਾਰੇ ਦੀਆਂ ਕੋਸ਼ਿਸ਼ਾਂ ਵਿੱਚ ਹੱਥ ਵਟਾਉਣ ਦੇ ਸੰਕੇਤ ਦੇ ਰਹੀਆਂ ਹਨ। ਅਧਿਆਪਕ ਸਾਂਝੇ ਮੋਰਚੇ ਦੀਆਂ ਮੰਗਾਂ ਵਾਲੇ ਬਠਿੰਡਾ ਵਿਚਲੇ 5 ਸਤੰਬਰ ਦੇ ਧਰਨੇ ਵਿੱਚ ਕਿਸਾਨਾਂ ਖੇਤ-ਮਜ਼ਦੂਰਾਂ ਦੀ ਸੰਕੇਤਕ ਸ਼ਮੂਲੀਅਤ ਹੋਈ ਹੈ। ਪ੍ਰਿੰਸੀਪਲ ਦਲਜੀਤ ਦੀ ਬਦਲੀ ਦਾ ਮੁੱਦਾ ਇਸ ਰੁਝਾਨ ਨੂੰ ਸ਼ੁਰੂ ਕਰਨ, ਅੱਗੇ ਵਧਾਉਣ ਤੇ ਜਾਰੀ ਰੱਖਣ ਦਾ ਫੌਰੀ ਤੇ ਮੋਹਰੀ ਕਾਰਨ ਬਣਿਆ ਆ ਰਿਹਾ ਹੈ। ਇਹਨਾਂ ਪੰਜਾਬ ਪੱਧਰੀਆਂ ਸਰਗਰਮੀਆਂ ਵਿੱਚ ਇਸ ਮੰਗ ਦਾ ਢੁੱਕਵਾਂ ਸਥਾਨ ਬਣਿਆ ਆ ਰਿਹਾ ਹੈ। ਇਉਂ ਇਹ ਮੁੱਦਾ ਵਰਗਾਂ ਦੇ ਏਕੇ ਦੀ ਲੋੜ ਅਤੇ ਵਰਗ ਸੰਘਰਸ਼ ਨੂੰ ਤੇਜ਼ ਕਰਨ ਦਾ ਹੋਕਾ ਉੱਚਾ ਕਰਨ ਦਾ ਸਾਧਨ ਬਣ ਰਿਹਾ ਹੈ। ਇਸ ਤਰ੍ਹਾਂ ਇਸ ਮੁੱਦੇ ਨੂੰ ਹੋਰ ਵੱਡੀ ਝੁੱਟੀ ਮਾਰਨ ਰਾਹੀਂ ਹੱਲ ਕਰਨ ਦਾ ਪੈੜਾ ਵੀ ਬੱਝ ਰਿਹਾ ਹੈ। ਅਧਿਆਪਕ ਵਰਗ ਅੰਦਰ ਵਧ ਰਹੀ ਏਕਤਾ ਤੇ ਜਾਗਰਤੀ, ਸੰਘਰਸ਼ ਕਰਨ ਦਾ ਦ੍ਰਿੜ ਹੋ ਰਿਹਾ ਇਰਾਦਾ ਅਤੇ ਸੰਘਰਸ਼ਸ਼ੀਲ ਵਰਗਾਂ ਦੀ ਵਧ ਰਹੀ ਸਾਂਝ, ਹੋਰ ਵੱਡੀਆਂ ਪੁਲਾਂਘਾਂ ਪੁੱਟਣ ਲਈ ਪੈੜਾ ਬੰਨ੍ਹ ਰਹੀ ਹੈ।