Saturday, June 26, 2021

ਦਿੱਲੀ ਕਿਸਾਨ ਮੋਰਚਿਆਂ ਦੇ 6 ਮਹੀਨੇੇ

 ਦਿੱਲੀ ਕਿਸਾਨ ਮੋਰਚਿਆਂ ਦੇ 6 ਮਹੀਨੇੇ 

ਦਿੱਲੀ ਦੀਆਂ ਬਰੂਹਾਂ ’ਤੇ ਲੱਗੇ ਕਿਸਾਨ ਮੋਰਚਿਆਂ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋ ਗਏ ਹਨ।  ਖੇਤੀ ਖੇਤਰ ’ਤੇ ਬੋਲੇ ਗਏ ਕਾਰਪੋਰੇਟ ਧਾਵੇ ਖਿਲਾਫ ਕੌਮਾਂਤਰੀ ਪੱਧਰ ’ਤੇ ਉਭਰੇ ਇਹਨਾਂ ਦਿੱਲੀ ਮੋਰਚਿਆਂ ਨੇ ਮੋਦੀ ਹਕੂਮਤ ਦੇ ਫਾਸ਼ੀ ਹੱਲੇ ਨੂੰ ਵੀ ਡੱਟਵੀ ਚੁਣੌਤੀ ਦਿੱਤੀ ਹੋਈ ਹੈ ਜਿਸ ਕਾਰਨ ਇਹ ਮੁਲਕ ਦੀ ਕਿਸਾਨੀ ਤੋਂ ਅੱਗੇ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਲਈ ਵੀ ਖਿੱਚ ਦਾ ਕੇਂਦਰ ਬਣ ਕੇ ਉਭਰੇ ਹਨ। ਇਹ ਮੋਰਚੇ ਲਾਮਿਸਾਲ ਕਿਸਾਨ ਲਾਮਬੰਦੀ ਤੇ ਰੋਹ ਦੇ ਸਿਖਰ ਵਜੋਂ ਸਥਾਪਿਤ ਹੋਏ ਹਨ। ਵੱਖ-ਵੱਖ ਉਤਰਾਵਾਂ ਚੜ੍ਹਾਵਾ ’ਚੋਂ ਗੁਜਰਦੇ ਆਏ ਇਹਨਾਂ ਮੋਰਚਿਆਂ ਤੇ ਸਮੁੱਚੇ ਕਿਸਾਨੀ ਸੰਘਰਸ਼ ਨੂੰ ਇਸ ਵੇਲੇ ਮੋਦੀ ਸਰਕਾਰ ਦੇ ਘੇਸਲ ਵੱਟੂ ਰਵੱਈਏ ਦੇ ਨਾਲ ਨਾਲ ਕਰੋਨਾ ਸੰਕਟ ਨਾਲ ਵੀ ਨਜਿੱਠਣਾ  ਪੈ ਰਿਹਾ ਹੈ। ਬਿਮਾਰੀ ਦੇ ਪਸਾਰੇ ਦੇ ਖਤਰੇ ਦਰਮਿਆਨ ਕਿਸਾਨ ਦਿੱਲੀ ਮੋਰਚਿਆਂ ’ਤੇ ਡਟੇ ਹੋਏ ਹਨ। ਇਸ ਵੇਲੇ ਕੇਂਦਰ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਨੂੰ ਕਰੋਨਾ ਫੈਲਾਉਣ ਦੇ ਕੇਂਦਰਾਂ ਵਜੋਂ ਪ੍ਰਚਾਰਨ ਦੀਆਂ  ਨਾਪਾਕ ਕੋਸ਼ਿਸਾਂ  ਹੋ ਰਹੀਆਂ ਹਨ ਤੇ ਇਸ ਪ੍ਰਚਾਰ ਰਾਹੀਂ ਸੰਘਰਸ਼ ਨੂੰ ਲੋਕਾਂ ਚੋਂ ਨਿਖੇੜ ਕੇ ਹਮਲੇ ਹੇਠ ਲਿਆਉਣ ਦੇ ਨਾਪਾਕ ਇਰਾਦੇ ਜ਼ਾਹਰ ਹੋ ਰਹੇ ਹਨ। ਪਰ ਅਜੇ ਤੱਕ ਇਹਨਾਂ ਇਰਾਦਿਆਂ ’ਚ ਕਾਮਯਾਬੀ ਨਹੀਂ ਮਿਲ ਰਹੀ। ਕਿਸਾਨਾਂ ਵੱਲੋਂ ਇਸ ਨੀਅਤ ਨੂੰ ਬੁੱੱਝ ਕੇ ਦਿਖਾਈ ਜਾ ਰਹੀ ਚੌਕਸੀ, ਤੇ ਲਾਮਬੰਦੀ ਦੀ ਚੜ੍ਹਤ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਇਹਨਾਂ  ਮਨਸੂਬਿਆਂ ਮੂਹਰੇ ਅੜਿੱਕੇ ਬਣੇ ਹੋਏ ਹਨ। ਇਉ ਸੰਘਰਸ਼ ਦਾ ਇਹ ਦੌਰ ਮੋਦੀ ਹਕੂਮਤ ਦੇ ਕਿਸੇ ਵੀ ਸੰਭਾਵੀ ਜਾਬਰ ਹੱਲੇ ਤੋਂ ਮੋਰਚਿਆਂ ਦੀ ਰਾਖੀ ਕਰਨ, ਚੌੌਕਸੀ ਬਰਕਰਾਰ ਰੱਖਣ, ਆ ਰਹੀ ਝੋਨੇ ਦੀ ਬਿਜਾਈ ਦੇ ਸੀਜ਼ਨ ਦਰਮਿਆਨ ਲਾਮਬੰਦੀ ਨੂੰ ਬਰਕਰਾਰ ਰੱਖਣ ਤੇ ਨਾਲ ਨਾਲ ਸੂਬਿਆਂ ਅੰਦਰ ਸਰਗਰਮੀਆਂ ਦੀ ਲੜੀ ਕਾਇਮ ਰੱਕਣ ਦੇ ਸਰੋਕਾਰਾਂ ਨੂੰ ਸੰਬੋਧਤ ਹੋਣ ਦਾ ਦੌਰ ਹੈ। ਇਸ ਦਿਸ਼ਾ ’ਚ ਸੰਘਰਸ਼ ਦੀ ਲੀਡਰਸ਼ਿੱਪ ਵੱਲੋਂ ਲੜੀਵਾਰ ਯਤਨ ਹੋ ਰਹੇ ਹਨ। ਹਰਿਆਣੇ ਅੰਦਰ ਕਿਸਾਨਾਂ ਦੇ ਰੋਹ ਨੂੰ ਭਾਜਪਾਈ ਹਕੂਮਤ ਵੱਲੋਂ ਡੱਕਣਾ ਮੁਸ਼ਕਿਲ ਹੋਇਆ ਪਿਆ ਹੈ। ਹਰਿਆਣੇ ਦੇ  ਕਿਸਾਨਾਂ ਦਾ ਖਾੜਕੂ ਰੌਂਅ ਸੰਘਰਸ਼ ਨੂੰ ਭਖਾਈ ਰੱਖਣ ਤੇ ਜੋਸ਼ ਬਰਕਰਾਰ ਰੱਖਣ ’ਚ ਮਹੱਤਵਪੂਰਨ ਵਰਤਾਰਾ ਸਾਬਤ ਹੋ ਰਿਹਾ ਹੈ। ਪੁਲਸ ਦੇ ਜਾਬਰ ਹੱਲੇ ਇਸ ਨੂੰ ਰੋਕ ਨਹੀਂ ਪਾ ਰਹੇ।

ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ  ਵੱਲੋਂ ਮੁਲਕ ਭਰ ਵਿੱਚ ਰੋਸ ਦਿਵਸ ਮਨਾਉਣ ਦੇ ਸੱਦੇ ਨੂੰ ਮੁਲਕ ਦੀ ਕਿਸਾਨੀ ਦੇ ਨਾਲ ਨਾਲ ਸਮਾਜ ਦੇ ਹੋਰਨਾਂ ਤਬਕਿਆਂ ਨੇ ਵੀ ਹੁੰਗਾਰਾ ਦਿੱਤਾ ਹੈ। ਟਰੇਡ ਯੂਨੀਅਨਾਂ ਤੇ ਹੋਰ ਲੋਕ ਜਥੇਬੰਦੀਆਂ ਨੇ ਵੀ ਇਸ ਦੀ ਡਟਵੀਂ ਹਮਾਇਤ ਕੀਤੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ’ਚ ਲੋਕ ਸੜਕਾਂ ’ਤੇ ਆਏ ਹਨ, ਥਾਂ-ਥਾਂ ਕਾਲੇ ਝੰਡੇ ਲਹਿਰਾਏ ਗਏ ਹਨ, ਮੋਦੀ ਸਰਕਾਰ ਦੀਆਂ ਅਰਥੀਆਂ ਨੂੰ ਲਾਬੂ ਲਾਏ ਗਏ ਹਨ। ਰੋਸ ਪ੍ਗਟਾਵੇ ਦਾ ਇਹ ਐਕਸ਼ਨ ਕਾਫੀ ਵਿਆਪਕ ਪੱਧਰ ’ਤੇ ਹੋਇਆ ਹੈ। ਇਸ ਐਕਸ਼ਨ ਰਾਹੀਂ ਇੱਕ ਵਾਰੀ ਫੇਰ ਮੁਲਕ ਵਿਆਪੀ ਕਿਸਾਨ ਏਕਤਾ ਦਾਪ੍ਗਟਾਵਾ ਹੋਇਆ ਹੈ। ਹਰਿਆਣੇ ਅੰਦਰ ਕਿਸਾਨਾਂ ਦੇ ਰੋਹ ਦਾ ਬਹੁਤ ਤਿੱਖਾ ਪ੍ਗਟਾਵਾ ਹੋਇਆ ਹੈ। ਹਿਸਾਰ ’ਚ ਖੱਟੜ ਹਕੂਮਤ ਵੱਲੋਂ ਢਾਹੇ ਗਏ ਜਬਰ ਦੀ ਚੀਸ ਇਸ ਐਕਸ਼ਨ ਰਾਹੀਂ ਜੋਰਦਾਰ ਲਲਕਾਰ ਬਣ ਕੇ ਪ੍ਗਟ ਹੋਈ ਹੈ। ਮੋਦੀ ਦੀਆਂ ਅਰਥੀਆਂ ਨੂੰ ਲਾਂਬੂ  ਭਾਜਪਾ ਮੰਤਰੀਆਂ  ਆਗੂਆਂ ਦੇ ਘਰਾਂ ਅੱਗੇ ਜਾ ਕੇ ਲਾਏ ਗਏ ਹਨ, ਕੁੱਝ ਥਾਵਾਂ ’ਤੇ ਇਹ ਐਕਸ਼ਨ ਪੁਲਿਸ ਨਾਲ ਭਿੜ ਕੇ, ਅੜਕੇ ਹੋਇਆ ਹੈ। ਪੰਜਾਬ ਅੰਦਰ ਵੀ ਸੂਬੇ ਦੇ ਹਰ ਕੋਨੇ ’ਚ ਵੱਖ-ਵੱਖ  ਢੰਗਾਂ ਨਾਲ ਲਾਮਬੰਦੀ  ਹੁੰਦੀ ਦਿਖੀ ਹੈ ਤੇ ਕਿਸਾਨੀ ਤੋਂ ਇਲਾਵਾ ਬਾਕੀ ਤਬਕਿਆਂ ਨੇ ਕਾਲੇ ਝੰਡੇ ਲਹਿਰਾਉਣ ’ਚ ਸ਼ਮੂਲੀਅਤ ਕੀਤੀ ਹੈ। ਕਰੋਨਾ ਦੇ ਕਹਿਰ ਦਰਮਿਆਨ ਦੇਸ਼ ਭਰ’ਚ ਕਿਸਾਨਾ ਵੱਲੋਂ ਪ੍ਗਟਾਏ ਜ਼ੋਰਦਾਰ ਰੋਸ ਨੇ ਦਰਸਾਇਆ ਹੈ ਕਿ ਕਿਸਾਨੀ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲਈ ਲੰਮਾ ਇਰਾਦਾ ਧਾਰ ਰਹੀ ਹੈ, 6 ਮਹੀਨਿਆਂ ਮਗਰੋਂ ਵੀ ਰੋਹ ਮੱਠਾ ਨਹੀਂ ਪਿਆ ਸਗੋਂ ਏਨੀਆਂ ਕੁਰਬਾਨੀਆਂ ਹੋ ਜਾਣ ਤੇ ਦੁਸ਼ਵਾਰੀਆਂ ਦਾ ਸਾਹਮਾਣਾ ਹੋਣ ਨੇ ਤੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਨੇ ਇਸ ਰੋਹ ਨੂੰ ਹੋਰ ਡੂੰਘਾ ਕੀਤਾ ਹੈ, ਇਸ ਦਾ ਪਸਾਰਾ ਕੀਤਾ ਹੈ, ਇਹ ਸਹਿਜੇ ਸਹਿਜੇ ਨਵੇਂ ਸੂਬਿਆਂ ਤੱਕ ਪਸਰ ਰਿਹਾ ਹੈ। ਹੁਣ ਤੱਕ ਦੇ ਕਿਸਾਨ ਸੰਘਰਸ਼ ਨੇ ਆਪਣੇ ਸ਼ਾਨਮੱਤੇ  ਸਫ਼ਰ ਨਾਲ ਮੁਲਕ ਦੀ ਕਿਰਤੀ ਲੋਕਾਈ ਲਈ  ਅਜਿਹੇ ਖਿੱਚ ਪਾਊ ਕੇਂਦਰ ਵਜੋਂ ਸਥਾਨ ਹਾਸਲ ਕੀਤਾ ਹੈ ਜਿਸ ਨਾਲ ਜੁੜ ਕੇ ਮੋਦੀ ਹਕੂਮਤ ਨਾਲ ਮੱਥਾ ਲਾਉਣ ਲਈ ਤਾਕਤ ਜੁਟਾਈ ਜਾ ਸਕਦੀ ਹੈ। ਅਜਿਹੇ ਹਰਮਨ ਪਿਆਰੇ ਸੰਘਰਸ਼ ਵਜੋਂ ਇਸਦੀ ਸਥਾਪਤੀ ਮੋਦੀ ਹਕੂਮਤ ਲਈ ਸਭ ਤੋਂ ਵਧੇਰੇ ਰੜਕਵੀਂ ਹੈ। ਜਿਹੜੀ ਉਸਦੀ ਦਹਿਸ਼ਤੀ ਤੇ ਵੰਡ ਪਾਊਨੀਤੀਆਂ ਖਿਲਾਫ਼ ਮੁਲਕ ਦੇ ਕਿਰਤੀ ਲੋਕਾਂ ਦੇ ਮਨਾਂ ਅੰਦਰ ਜੂਝਣ ਦਾ ਭਰੋਸਾ ਪੈਦਾ ਕਰਦੀ ਹੈ। 

ਲੰਘਿਆ ਤਾਜ਼ਾ ਅਰਸਾ ਸੰਘਰਸ਼ ਅੰਦਰ ਘੁਸਪੈਠ ਕਰਕੇ ਇਸ ਨੂੰ ਆਪਣੇ ਸੌੜੇ ਸਿਆਸੀ ਤੇ ਫਿਰਕੂ ਮੰਤਵਾਂ ਲਈ ਵਰਤਣ ਖਾਤਰ ਲਟਾਪੀਂਘ ਹੋ ਰਹੀਆਂ ਤਾਕਤਾਂ ਨਾਲ ਜੋਰਦਾਰ ਸੰਘਰਸ਼ ਦਾ ਅਰਸਾ ਬਣਿਆ ਰਿਹਾ ਹੈ. ਮੋਦੀ ਸਰਕਾਰ ਵੱਲੋਂ ਸੰਘਰਸ਼ ਨੂੰ ਢਾਹ ਲਾਉਣ ਦੀ ਇਹ ਕੋਸ਼ਿਸ਼ ਹੁਣ ਬਦਲਵੇਂ ਰੂਪ ’ਚ ਪ੍ਰਗਟ ਹੋਈ ਹੈ  ਤੇ ਇਸ ਖਿਲਾਫ ਲੀਡਰਸ਼ਿੱਪ ਨੇ ਲਮਕਵਾਂ ਤੇ ਗੁੰਝਲਦਾਰ ਸੰਘਰਸ਼ ਕੀਤਾ ਹੈ। ਹੁਣ ਇਹਨਾਂ ਚੱਕਵੇਂ, ਫਿਰਕੂਤੇਸਿਆਸੀ ਮੰਤਵਾਂ ਵਾਲੇ ਅਨਸਰਾਂ ਵੱਲੋਂ ਪਾਰਲੀਮੈਂਟ ਵੱਲ ਮਾਰਚ ਕਰਨ ਦੇ ਐਕਸ਼ਨ ਨੂੰ ਮੁੱਦਾ ਬਣਾ ਕੇ ਸੰਘਰਸ਼ ਦੀ ਲੀਡਰਸਿੱਪ ਨੂੰ ਬੱਦੂ ਕਰਨ, ਕਮਜੋਰ ਤੇ ਨਿਕੰਮੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੀਡਰਸ਼ਿਪ ’ਤੇ ਹਰ ਹਾਲਤ ਮਾਰਚ ਕਰਨ ਦਾ ਦਬਾਅ ਬਣਾਉਣ ਲਈ ਝਲਿਆਈ ਦੂਸ਼ਣਬਾਜੀ ਵਾਲੀ ਮੁਹਿੰਮ ਚਲਾਈ ਗਈ. ਇਸ ਦਾ ਸਭ ਤੋਂ ਸਿਖਰਲਾ ਇਜ਼ਹਾਰ 23 ਅਪ੍ਰੈਲ ਨੂੰ ਸਿੰਘੂ ਬਾਰਡਰ ਦੇ ਮੋਰਚੇ ’ਤੇ ਕਿਸਾਨ ਆਗੂਆਂ ਦੀਆਂ ਗੱਡੀਆਂ ਘੇਰਨਾ ਸੀ। ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਵਾਲੀ ਥਾਂ ਅੱਗੇ ਆ ਕੇ ਇਹਨਾਂ ਚੱਕਵੇਂ ਅਨਸਰਾਂ ਵੱਲੋਂ ਧਰਨਾ ਮਾਰਿਆ ਗਿਆ। ਲੀਡਰਸਿੱਪ ਖਿਲਾਫ ਤਕਰੀਰਾਂ ਕਰਨ ਦਾ ਯਤਨ ਕੀਤਾ ਗਿਆ। 40 ਕੁ ਦੀ ਗਿਣਤੀ ’ਚ ਪਹੁੰਚੇ ਇਹਨਾਂਚੱਕਵੇਂ ਅਨਸਰਾਂਦੇ ਅਜਿਹੇ ਖੌਰੂ-ਪਾਊ ਰਵੱਈਏ ਨੂੰ ਦੇਖਦਿਆਂ ਲੀਡਰਸ਼ਿੱਪ ਵੱਲੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਆਗੂ ਵਾਪਸ ਜਾਣ ਲੱਗੇ ਤਾਂ ਇਹਨਾਂ ਨੇ ਗੱਡੀਆਂ ਘੇਰ ਲਈਆਂ। ਪਾਰਲੀਮੈਂਟ ਵੱਲ ਮਾਰਚ ਦੀ ਤਰੀਕ ਐਲਾਨਣ ਦਾ ਦਬਾਅ ਪਾਇਆ ਗਿਆ। ਪਾਰਲੀਮੈਂਟ ਵੱਲ ਜਾਣ ਦੇ ਮਾਰਚ ਨੂੰ ਮੁਲਤਵੀ ਕਰਨ ਦੀ ਵਜ੍ਹਾ ਵੀ ਇਹਨਾਂ ਅਨਸਰਾਂ ਵੱਲੋਂ ਇਸ ਐਕਸ਼ਨ ਨੂੰ ਭਾਜਪਾ ਹਕੂਮਤ ਦੀ ਸ਼ਹਿ ’ਤੇ ਆਪਣੇ ਵਿਸ਼ੇਸ਼ ਸਿਆਸੀ ਮਕਸਦਾਂ ਲਈ ਵਰਤਣ ਦੇ ਇਰਾਦੇ ਹੀ ਬਣੇ ਸਨ ਕਿਉਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਐਕਸ਼ਨ ’ਚ ਲਾਲ ਕਿਲੇ ’ਤੇ ਧਾਰਮਿਕ ਝੰਡਾ ਝੁਲਾਉਣ ਦੀ ਕਾਰਵਾਈ ਰਾਹੀਂ ਇਸ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਗਿਆ ਸੀ। ਪਾਰਲੀਮੈਂਟ ਵੱਲ ਮਾਰਚ ਦੇ ਐਕਸ਼ਨ ’ਚ ਹਕੂਮਤੀ ਏਜੰਟਾਂ ਅਤੇ ਆਪਣੇ ਆਪ ਨੂੰ ਵਧੇਰੇ ਖਾੜਕੂ ਸਾਬਤ ਕਰਨਾ ਚਾਹੁੰਦੇ ਗੈਰਜੁੰਮੇਵਾਰ ਤੇ ਖੌਰੂਪਾਊ ਅਨਸਰਾਂ ਦੇ ਗੱਠਜੋੜ ਵੱਲੋਂ ਹਕੂਮਤੀ ਵਿਉਤ ਦਾ ਹਿੱਸਾ ਬਣ ਕੇ , ਐਕਸ਼ਨ ਨੂੰ ਸਾਬੋਤਾਜ ਕਰਨ ਤੇ ਇਸ ਰਾਹੀਂ ਹਕੂਮਤ ਨੂੰਮੋੜਵਾਂ  ਜਬਰ ਕਰਨ ਦਾ ਮੌਕਾ ਦੇਣ ਦਾ ਰਾਹ ਖੁੱਲ੍ਹਣ ਦੀ ਸੰਭਾਵਨਾ ਬਣਦੀ ਸੀ। ਅਜਿਹੀ ਕਿਸੇ ਵੀ ਵਿਘਨਪਾਊ ਸੰਭਾਵਨਾ ਦੇ ਮੱਦੇਨਜ਼ਰ ਲੀਡਰਸ਼ਿਪ ਵੱਲੋਂ ਇਹਮਾਰਚ ਦਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ।

ਇਸ ਘਟਨਾਕ੍ਰਮ ਵਿਚ ਲੀਡਰਸ਼ਿੱਪ ਦੇ ਇਕ ਹਿੱਸੇ ਵਲੋਂ ਆਪਣੀ ਪੁਜੀਸ਼ਨ ’ਤੇ ਡਟ ਕੇ ਖੜ੍ਹਨ ਤੇ ਕਿਸੇ ਵੀ ਤਰ੍ਹਾਂ ਦੀ ਰਿਆਇਤਦਿਲੀ ਤੋਂ ਇਨਕਾਰ ਕਰਨ ਕਾਰਨ ਇਹ ਹਿੱਸੇ ਆਪਣੇ ਮਨਸੂਬੇ ’ਚ ਕਾਮਯਾਬ ਨਹੀਂ ਹੋ ਸਕੇ ਸਗੋਂ ਇਸ ਰਾਹੀਂ ਉਹਨਾਂ ਦੇ ਲੋਕਾਂ ’ਚੋਂ  ਨਿਖੇੜੇ ਦਾ ਅਮਲ ਅੱਗੇ ਵਧਿਆ ਹੈ। ਸੰਘਰਸ਼ ਅੰਦਰ ਸ਼ਾਮਿਲ ਲੋਕਾਂ ਦੇ ਵੱਡੇ ਹਿੱਸੇ ਵੱਲੋਂ ਤੇ ਹਿਮਾਇਤੀ ਘੇਰੇ ਵੱਲੋਂ ਵੀ ਇਹਨਾਂ ਦੇ ਮਕਸਦਾਂ ਦੀ ਪਛਾਣ ਕਰਨ ਦਾ ਅਮਲ ਅੱਗੇ ਵਧਿਆ ਹੈ। ਇਸ ਖਰੂਦਪਾਊ ਕਾਰਵਾਈ ਨੇ ਸੰਘਰਸ਼ ਅੰਦਰਲੀ ਠੀਕ-ਗਲਤ ਦੀ ਪਾਲਾਬੰਦੀ  ਨੂੰ ਹੋਰ ਨਿੱਤਰਵਾਂ ਬਣਾ ਦਿਤਾ। ਵੱਖ ਵੱਖ ਤਰ੍ਹਾਂ ਦੇ ਹਿੱਤਾਂ ਲਈ ਸੰਘਰਸ਼ ਨੂੰ ਢਾਹਲਾਉਣ  ਵਾਲੇ ਮੌਕਾਪ੍ਰਸਤ ਗੱਠਜੋੜ ਦੀ ਪਛਾਣ ਲੋਕਾਂ ’ਚ ਗੂੜ੍ਹੀ ਕਰ ਦਿੱਤੀ ਹੈ। ਇਉ ਪਿਛਲੇ ਅਰਸੇ ਚ ਢਾਹਲਾਊ ਤਾਕਤਾਂ ਖਿਲਾਫ਼ ਸੰਘਰਸ਼ਦੌਰਾਨ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਦੀ ਸਮਝ ਤੇ ਪੈਂਤੜਿਆਂ ਦਾ ਲੋਕਾਂ ’ਚ ਹੋਰ ਵਧੇਰੇ ਸੰਚਾਰ ਹੋਇਆ ਹੈ। ਸੌੜੇ ਸਿਆਸੀ ਮਕਸਦਾਂ ਵਾਲੀਆਂ ਅਜਿਹੀਆਂ ਤਾਕਤਾਂ ਪ੍ਰਤੀ  ਕਿਸਾਨ ਸੰਘਰਸ਼ ਦੀਆਂ ਸਫਾਂ ਦੀ ਚੌਕਸੀ ’ਚ ਵਾਧਾ ਹੋਇਆ ਹੈ। 

ਇਹਨਾਂ ਪਰਾਈਆਂ ਸ਼ਕਤੀਆਂ ਨਾਲ ਚੱਲੇ ਇਸ ਸੰਘਰਸ਼ ਦੌਰਾਨ ਇਹ ਪਹਿਲੂ ਵੀ ਉਭਰਵਾਂ ਹੈ ਕਿ ਕਿਸਾਨ ਜਥੇਬੰਦੀਆਂ ਦੇ ਅੰਦਰ ਕੁੱਝ ਹਿੱਸੇ ਉਹਨਾਂ ਤਾਕਤਾਂ ਨੂੰ ਲੁਕਵੀਂ ਸ਼ਹਿ ਦੇਣ ਵਾਲਿਆਂ ’ਚ ਸ਼ੁਮਾਰ ਹਨ ਜਿਹੜਾ ਪਹਿਲੂ ਇਹਨਾਂ ਤਾਕਤਾਂ ਨੂੰ ਅਜਿਹੀਆਂ ਵਿਘਨਪਾਊ ਤੇ ਭੜਕਾਊ ਕਾਰਵਾਈਆਂ ਲਈ ਹੌਸਲਾ ਦੇਣ ਦਾ ਸਾਧਨ ਬਣਦਾ ਹੈ। ਬਾਹਰੋਂ ਜਨਤਕ ਆਧਾਰ ਤੋਂ ਸੱਖਣੀਆਂ ਇਹ ਸ਼ਕਤੀਆਂ ਇਸ ਸ਼ਹਿ ਦੇ ਜੋਰ ’ਤੇ ਹੀ ਅਜਿਹੇ ਮਨਸੂਬਿਆਂ ਲਈ ਕੋਸ਼ਿਸ਼ਾ ਜੁਟਾਉਣ ਦੀ ਹਿੰਮਤ ਜੁਟਾਉਦੀਆਂ ਹਨ। ਸੰਘਰਸ਼ ਅੰਦਰ ਅਜਿਹੀ ਵਿਸ਼ੇਸ਼ ਹਾਲਤ ਕਾਰਨ ਇਸ ਕਿਸਮ ਦੇ ਐਕਸ਼ਨ ਐਲਾਨੇ ਜਾਣ ਵੇਲੇਵੀ ਲੀਡਰਸ਼ਿਪ ਵੱਲੋਂ ਵਧੇਰੇ ਚੌਕੰਨੇ ਰਹਿਣ ਤੇ ਹਾਲਤ ਦਾ ਸੰਤੁਲਤ ਮੁਲਾਂਕਣ ਕਰਨ ਦੀ ਲੋੜ ਹੁੰਦੀ ਹੈ। ਕਿਸੇ ਐਕਸ਼ਨ ਦੀ ਤਬਦੀਲੀ ਅਜਿਹੀਆਂ ਸ਼ਕਤੀਆਂ ਨੂੰ ਭੰਡੀ ਪ੍ਰਚਾਰ ਦੀਆਂ ਮੁਹਿੰਮਾਂ ਚਲਾਉਣ ਲਈ ਇਕ ਮੌਕਾ ਮੁਹੱਈਆ ਕਰਦੀ ਹੈ। ਪਹਿਲਾਂ ਹਾਲਤਾਂ ਨੂੰ ਵਧੇਰੇ ਠੀਕ ਤਰ੍ਹਾਂ ਅੰਗਣ ਨਾਲ ਅਜਿਹੀ ਗਲਤੀ ਕਰਨ ਤੋਂ ਬਚਿਆ ਜਾ ਸਕਦਾ ਹੈ। ਇਕ ਹੋਰ ਪੱਖ ਨੂੰ ਵੀ ਧਿਆਨ ਗੋਚਰੇ ਰੱਖਣ ਦੀ ਜਰੂਰਤ ਹੈ। ਇਸ ਸੰਘਰਸ਼ ਅੰਦਰ ਜਥੇਬੰਦੀਆਂ ਦੇ ਪਹਿਲੇ ਪ੍ਰਭਾਵ ਘੇਰੇ ਤੋਂ ਅੱਗੇ ਕਾਫੀ ਹਿੱਸਾ ਨਵਾਂ ਹੈ ਜੋ ਸੰਘਰਸ਼ ਅੰਦਰ ਲਾਮਬੰਦ ਹੋਇਆ ਹੈ। ਉਸ ਦਾ ਵਾਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿੱਪ ਨਾਲ ਪਹਿਲਾਂ ਸੀਮਤ ਹੈ ਜਾਂ ਨਾਂਮਾਤਰ ਹੈ। ਕਿਸੇ ਹੱਦ ਤੱਕ ਉਸ ਭਰੋਸੇ ਦੀ ਵੀ ਕਮੀ ਹੈ ਜਿਹੜੇ ਜਥੇਬੰਦੀ ਦੇ ਪੱਕੇ ਪ੍ਰਭਾਵ ਘੇਰੇ ’ਚ ਮੌਜੂਦ ਹੁੰਦਾ ਹੈ। ਇਹ ਨਵਾਂ ਘੇਰਾ ਹੀ ਹੁੰਦਾ ਹੈ ਜਿਹੜਾ ਇਹਨਾਂ  ਭਰਮਾਊ, ਪਾਟਕਪਾਊ ਸ਼ਕਤੀਆਂ ਦੇ ਗੁਮਰਾਹਕੰੁਨ ਪ੍ਰਚਾਰ ਤੋਂ ਕਈ ਵਾਰ ਛੇਤੀ ਅਸਰਅੰਦਾਜ਼ ਵੀ ਹੁੰਦਾ ਹੈ। ਹਾਲਤ ਦੀ ਲੋੜ ਅਨੁਸਾਰ ਐਕਸ਼ਨ ਦੀ ਤਬਦੀਲੀ ਕਰਨ ਵੇਲੇ ਇਹਨਾਂ ਹਿੱਸਿਆਂ ਦੀ ਅਜਿਹੀ ਸੀਮਤਾਈ ਨੂੰ ਧਿਆਨ  ਵਿਚ ਰੱਖਣ ਦੀ ਜਰੂਰਤ ਹੈ। ਅਜਿਹੀ ਹਾਲਤ ਪੈਦਾ ਹੋਣ ਤੋਂ ਬਚਿਆ ਜਾਣਾ ਚਾਹੀਦਾ ਹੈ। 

ਦੂਸਰਾ ਪਹਿਲੂ ਕੁੱਝ ਜਥੇਬੰਦੀਆਂ ਅੰਦਰ ਇਹਨਾਂ ਤਾਕਤਾਂ ਨਾਲ ਸੰਘਰਸ਼ ਦੇ ਮਹੱਤਵ ਦਾ ਪੂਰਾ ਥਹੁ ਨਾ ਹੋਣਾ ਹੈ ਜਾਂ ਇਸ ਸੰਘਰਸ਼ ਲਈ ਨਿਹਚਾ ਦੀ ਕਮੀ  ਹੋਣਾ ਹੈ। ਇਹ ਹਿੱਸੇ  ਇਹਨਾਂ ਪਰਾਏ ਰੁਝਾਨਾਂ ਨਾਲੋਂ ਪੂਰੀ ਤਰ੍ਹਾਂ ਸਪੱਸ਼ਟ ਲਕੀਰ ਖਿੱਚਣ ਤੋਂ ਗੁਰੇਜ ਕਰਦੇ ਹਨ ਤੇ ਨਿੱਤਰਵੀਂ ਪਾਲਾਬੰਦੀ ਤੱਕ ਪੁੱਜਣ ਤੋਂ ਕਿਨਾਰਾ ਕਰਦੇ ਹਨ। ਇਸ ਕਾਰਨ ਹੀ ਇਹਨਾਂ ਸ਼ਕਤੀਆਂ ਦੇ ਨਿਖੇੜੇ ਦਾ ਅਮਲ ਧੀਮਾ ਹੈ ਤੇ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਕਰਨ ਦਾ ਕਾਰਨ ਬਣ ਜਾਂਦਾ ਹੈ। ਇਸਲਈ ਸੰਘਰਸ਼ ਦੀ ਸਮੁੱਚੀ ਕਿਸਾਨ ਲੀਡਰਸ਼ਿੱਪ ਨੂੰ ਹੋਰ ਵਧੇਰੇ ਸਪਸ਼ਟ ਤੇ ਦਿ੍ਰੜ ਹੋਣ ਦੀ ਜਰੂਰਤ ਹੈ। ਤਾਂ ਵੀ ਵਲਵਲੇਵਿਆਂ ਤੇ ਉਤਰਾਵਾਂ ਚੜ੍ਹਾਵਾਂ ਵਾਲਾ ਇਹ ਅਮਲ ਅੱਗੇ ਵਧ ਰਿਹਾ ਹੈ। ਇਹ ਪਾਲਾਬੰਦੀ ਅੱਗੇ ਵਧੀ ਹੈ ਅਤੇ ਠੀਕ ਪੈਂਤੜੇ ਵਾਲੀਆਂ ਸ਼ਕਤੀਆਂ ਹੋਰ ਪੱਕੇ ਪੈਰੀਂ ਹੋਈਆਂ ਹਨ।

ਇਸ ਪੜਾਅ ’ਤੇ ਪਹੁੰਚਿਆ ਇਹ ਸੰਘਰਸ਼ ਇਸ ਹਕੀਕਤ ਨੂੰ ਦਰਸਾ ਰਿਹਾ ਹੈ ਕਿ ਇਹ ਇਕ ਲਮਕਵਾਂ ਸੰਘਰਸ਼ ਹੈਜਿਸ ਨੇ ਕਈ ਉਤਰਾਵਾਂ-ਚੜ੍ਹਾਵਾਂ ਤੇ ਮੋੜਾਂ-ਘੋੜਾਂ ’ਚੋਂ ਗੁਜਰਨਾ ਹੈ। ਸੰਘਰਸ਼ ’ਚ ਸ਼ਾਮਲ ਸਮੁੱਚੀ ਕਿਸਾਨੀ , ਇਸ ਦੀ ਲੀਡਰਸ਼ਿੱਪ ਤੇ ਇਸਦੇ ਸਭਨਾਂ ਹਮਾਇਤੀ ਹਿੱਸਿਆਂ ਨੂੰ ਇਹ ਸੋਝੀ ਡੂੰਘੀ ਤਰ੍ਹਾਂ ਮਨ ’ਚ ਵਸਾ ਕੇ ਚੱਲਣ ਦੀ ਲੋੜ ਹੈ। ਸਾਮਾਰਾਜੀ ਬਹੁਕੌਮੀ ਕੰਪਨੀਆਂ ਵੱਲੋਂ ਖੇਤੀ ਕਾਨੂੰਨਾਂ ਰਾਹੀਂ ਖੇਤੀ ਖੇਤਰ ’ਚ ਬੋਲਿਆ ਗਿਆ ਇਹ ਹਮਲਾ ਸਾਮਰਾਜੀ ਸੰਸਥਾਵਾਂ ਤੇ ਭਾਰਤੀ ਹਾਕਮ ਜਮਾਤਾਂ ਦੀ ਲਗਭਗ ਤਿੰਨ ਦਹਾਕਿਆਂ ਦੀ ਲੰਮੀ ਵਿਉਤ ਦਾ ਸਿੱਟਾ ਹੈ ਜਿਸ ਨੂੰ ਲਾਗੂ ਕਰਨ ’ਚ ਉਹ ਲੇਟ ਹੋਏ ਮਹਿਸੂਸ ਕਰਦੇ ਹਨ ਤੇ ਉਹਦੇ ਲਈ ਭਾਰਤੀ ਹਕੂਮਤਾਂ ਨੂੰ ਆਪਣੇ  ਸਾਮਰਾਜੀ ਆਕਾਵਾਂ ਤੋਂ ਝਿੜਕਾਂ ਵੀ ਖਾਣੀਆਂ ਪੈਂਦੀਆਂ ਰਹੀਆਂ ਹਨ। ਜਥੇਬੰਦ ਕਿਸਾਨੀ ਦੇ ਵਿਰੋਧ ਦੀਆਂ ਸੰਭਾਵਨਾਵਾਂ ਨੂੰ ਇਸ ਵਿਚ ਵੱਡਾ ਅੜਿੱਕਾ ਸਮਝਿਆ ਜਾਂਦਾ ਰਿਹਾ ਹੈ। 2014 ਚ ਮੋਦੀ ਹਕੂਮਤ ਨੂੰ ਸੱਤਾ ਸੌਂਪਣ ’ਚ ਸਾਮਰਾਜੀਆਂ ਤੇ ਭਾਰਤੀ ਦਲਾਲ ਸਰਮਾਏਦਾਰਾਂ ਦੀ ਇਹ ਜੋਰਦਾਰ ਤਾਂਘ ਤੇ ਭਰੋਸਾ ਸ਼ਾਮਲ ਸੀ ਕਿ ਇਹ ਹਕੂਮਤ ਇਸ ਧਾਵੇ ਨੂੰ ਬੇਕਿਰਕੀ ਨਾਲ ਅੱਗੇ ਵਧਾ ਸਕੇਗੀ। ਆਰਥਿਕਤਾ ਦੇ ਸਭਨਾਂ ਖੇਤਰਾਂ ਚ ਮੋਦੀ ਹਕੂਮਤ ਨੇ ਇਸਹਮਲੇ ਨੂੰ ਤੇਜ਼ ਕਰਦਿਆਂ ਆਪਣੇ ਮਾਲਕਾਂ ਦਾ ਭਰੋਸਾ ਡੋਲਣ ਨਹੀਂ ਦਿੱਤਾ ਸੀ। ਹੁਣ ਵੀ ਪਾਰਲੀਮੈਂਟ ਚ ਸੀਟਾਂ ਦੇ ਅੰਕੜਿਆਂ ਦੇ ਜ਼ੋਰ ’ਤੇ ਸਮਾਜ ਅੰਦਰ ਕੀਤੀ ਗਈ ਫਿਰਕੂ ਪਾਲਾਬੰਦੀ ਦੇ ਜ਼ੋਰ ਅਤੇ ਕਰੋਨਾ ਸੰਕਟ ਦੀ ਆੜ ਲੈ ਕੇ ਇਹ ਕਾਨੂੰਨ ਲਿਆਂਦੇ ਗਏ ਹਨ। ਇਸ ਦਾ ਭਾਵ ਇਹ ਹੈ ਕਿ ਹਕੂਮਤ ਇਹ ਕਾਨੂੰਨ ਉਦੋਂ ਲਿਆਈ ਹੈ ਜਦੋਂ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਉਸ ਨੇ ਵਧੇਰੇ ਪੱਕੇ  ਪੈਰੀਂ ਸਮਝਿਆ ਹੈ। ਹੁਣ ਵੀ  ਮਹੀਨਿਆਂ ਬੱਧੀ ਕਿਸਾਨੀ ਦਾ ਜੋਰਦਾਰ ਵਿਰੋਧ ਝੱਲ ਜਾਣ ’ਚ ਵੀ ਮੁੱਖ ਪੱਖ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਜੋਰਦਾਰ ਢੋਈ ਦਾ ਹੋਣਾ ਹੈ। 

ਅਜਿਹੀ ਹਕੂਮਤ ਨਾਲ ਮੱਥਾ ਲਾ ਕੇ ਜਿੱਤ ਤੱਕ ਪੁੱਜਣ ਲਈ ਜਿੱਥੇ ਲੰਮਾ ਸਬਰ ਰੱਖ ਕੇ ਚੱਲਣ ਦੀ ਜਰੂਰਤ ਹੈ ਉਥੇ ਸੰਘਰਸ਼ ਦੇ ਹੋਰਨਾਂ ਸੂਬਿਆਂ ’ਚ ਪਸਾਰੇ ਦੀ ਵੀ ਲੋੜ ਹੈ। ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ ਪੱਧਰ ਦੀ ਲਾਮਬੰਦੀ ਅਜੇ ਬਾਕੀ ਸੂਬਿਆਂ ਚ ਨਹੀਂ ਹੈ। ਇਸ ਨੂੰ  ਦੂਜੀ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਦੂਜਿਆਂ ਸੂਬਿਆਂ ’ਚ ਵੀ ਪੰਜਾਬ ਦੀ ਕਿਸਾਨ ਲਹਿਰ ਦੀ ਤਰਜ਼ ’ਤੇ ਸੰਘਰਸ਼ ਉਭਾਰਨ ਦੀ ਜਰੂਰਤ ਹੈ। ਹੋਰਨਾਂ ਸੂਬਿਆਂ ’ਚ ਪੰਜਾਬ ਵਰਗੀ ਲਾਮਬੰਦੀ ਦੇ ਨਾਲ ਨਾਲ ਜਾਬਤਾ, ਮੰਗਾਂ ਦੀ ਸਪਸ਼ਟਤਾ, ਪਾਰਟੀਆਂ ਦੇ ਦਖਲ ਤੋਂ ਮੁਕਤੀਵਰਗੇ ਹਾਂਦਰੂ ਲੱਛਣਾਂ ਦੀ ਰੰਗਤ ਨੂੰ ਹੋਰ ਗੂੜ੍ਹੀ ਕਰਨ ਦੀ ਜ਼ਰੂਰਤ ਹੈ। ਸੰਘਰਸ਼ ਦਾ ਅਗਲਾ ਸਫ਼ਰ ਇਹਨਾਂ ਲੱਛਣਾਂ ਦੀ ਮਜਬੂਤੀ ’ਤੇ ਨਿਰਭਰ ਕਰੇਗਾ।   

(26 ਮਈ 2021)   

ਮੋਦੀ ਸਰਕਾਰ ਦਾ ਮੁਜਰਮਾਨਾ ਰੋਲ ਉਜਾਗਰ ਕਰੋ

ਕਰੋਨਾ ਸੰਕਟ

ਮੋਦੀ ਸਰਕਾਰ ਦਾ ਮੁਜਰਮਾਨਾ ਰੋਲ ਉਜਾਗਰ ਕਰੋ

ਮੁਲਕ ਕਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਕਹਿਰ ਝੱਲ ਰਿਹਾ ਹੈ। ਸ਼ਹਿਰਾਂ ਤੋਂ ਅੱਗੇ ਇਹ ਵਾਇਰਸ ਇਨਫੈਕਸ਼ਨ ਤੇਜੀ ਨਾਲ ਪਿੰਡਾਂ ’ਚ ਫੈਲ ਰਹੀ ਹੈ। ਦੇਸ਼ ਦੇ ਮਹਾਂਨਗਰਾਂ ’ਚ ਤਾਂ ਸਿਵਿਆਂ ’ਚ ਵੀ ਥਾਂ ਨੀ ਮਿਲ ਰਹੀ। ਗੰਗਾ ਦਰਿਆ ’ਚ ਤੈਰਦੀਆਂ ਲਾਸ਼ਾਂ ਮੁਲਕ ਦੇ ਹਾਲਤ ਦੀ ਕਹਾਣੀ ਕਹਿ ਰਹੀਆਂ ਹਨ। ਦੁਨੀਆ  ਭਰ ਦੀ ਪ੍ਰੈੱਸ ਚ ਛਪ ਰਹੀਆ ਇਹ ਤਸਵੀਰਾਂ ਦੁਨੀਆਂ ਦੀ ਮਹਾਂ-ਸਕਤੀ ਬਣਨ ਦੇ ਹਾਕਮਾਂ ਦੇ ਦਾਅਵਿਆਂ ਦੀ ਔਕਾਤ ਦੱਸ ਰਹੀਆਂ ਹਨ। ਬਿਮਾਰੀ ਦਾ ਕਹਿਰ ਦੱਸ ਰਿਹਾ ਹੈ ਕਿ ਸਾਡਾ ਮੁਲਕ ਬਿਮਾਰੀ ਨੂੰ ਮਹਾਂਮਾਰੀ ’ਚ ਬਦਲ ਦੇਣ ਦੀ ਮਹਾਂਸ਼ਕਤੀ  ਬਣਿਆ ਹੋਇਆ ਹੈ।

ਮੋਦੀ ਸਰਕਾਰ ਕਰੋਨਾ ਮਹਾਂਮਾਰੀ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਅਸਫਲ ਹੋਈ ਹੈ ਤੇ ਲੋਕਾਂ ਨੂੰ ਪੂਰੀ ਤਰ੍ਹਾ ਲਵਾਰਿਸ ਛੱਡ ਦਿੱਤਾ ਗਿਆ ਹੈ। ਪਿਛਲੇ ਵਰੇ ਜਦੋਂ ਇਸ ਵਾਇਰਸ ਇਨਫੈਕਸ਼ਨ ਨਾਲ ਲੋਕਾ ਦਾ ਸਾਹਮਣਾ ਹੋਇਆ ਸੀ ਉਦੋਂ ਇਸ ਸਰਕਾਰ ਕੋਲ ਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਕੋਲ ਇੱਕ ਬਹਾਨਾ ਸੀ ਕਿ ਇਹ ਨਵੀਂ ਤਰ੍ਹਾਂ ਦਾ ਵਾਇਰਸ ਹੈ ਤੇ ਅਜੇ ਇਸਦੇ ਸੁਭਾਅ ਤੇ ਲੱਛਣਾਂ ਤੋਂ ਮੈਡੀਕਲ ਵਿਗਿਆਨ ਜਾਣੂੰ ਨਹੀਂ ਹੈ ਇਸ ਲਈ ਇਸਦੇ ਕੰਟਰੋਲ ਤੇ ਇਲਾਜ  ’ਚ ਊਣਤਾਈਆਂ ਰਹਿ ਰਹੀਆ ਹਨ। ਉਦੋਂ ਵੀ ਇਹ ਦਲੀਲਾਂ ਪੂਰੀ ਤਰਾਂ ਨਿਰ-ਅਧਾਰ ਸਨ। ਪਿਛਲੇ ਵਰ੍ਹੇ ਵੀ ਮੁਲਕ ਅੰਦਰ ਸ਼ੁਰੂਆਤੀ ਕੇਸ ਆਉਣ ਵੇਲੇ ਤੋ ਹੀ ਸਰਕਾਰ ਵੱਲੋ ਦਿਖਾਈਮੁਜਰਮਾਨਾਬੇਪਰਵਾਹੀ ਤੇ ਨਲਾਇਕੀ ਹੀ ਸੀ ਜਿਸ ਨੇ ਇਨਫੈਕਸ਼ਨ ਦੇ ਤੇਜੀ ਨਾਲ ਫੈਲਣ ’ਚ ਰੋਲ ਅਦਾ ਕੀਤਾ ਸੀ। ਉਦੋਂ ਵੀ ਹਕੂਮਤ ਕੋਲ ਮੋਹਲਤੀ ਸਮਾਂ ਹਾਸਲ  ਸੀ। ਇਨਫੈਕਸ਼ਨ ਪਸਾਰੇ ਦੀ ਦਰ ਨੂੰ ਕਾਬੂ ਕਰਨ ਦਾ ਸਮਾਂ ਵੀ ਸੀ ਤੇ ਇਲਾਜ ਲਈ ਲੋੜੀਂਦੇ ਇੰਤਜਾਮ ਕਰਨ ਤੇ ਸਿਹਤ ਸੰਭਾਲ ਦੇ ਢਾਂਚੇ ਦਾ ਪਸਾਰਾ ਕਰਨ ਅਰਸਾ ਵੀ ਹਾਸਲ ਸੀ ਕਿਉਂਕਿ ਸ਼ੁਰੂਆਤੀ ਦੌਰ ’ਚ ਇਸਦੀ ਮਾਰ ਯੂਰਪੀ ਤੇ ਹੋਰਨਾਂ ਵਿਦੇਸੀ ਮੁਲਕਾਂ ’ਚ  ਜ਼ਿਆਦਾ ਸੀ ਪਰ ਉਦੋਂ ਵੀ ਹਕੂਮਤ ਨੇ ਜਰੂਰਤਾਂ ਤੋਂ  ਬੇਲਾਗਤਾਜਾਹਰ ਕੀਤੀ ਸੀ ਜਿਸਦੀ ਚਰਚਾ ਅਸੀਂ ਪਿਛਲੀਆਂ ਲਿਖਤਾਂ ’ਚ ਕਰ ਚੁੱਕੇ ਹਾਂ।

ਪਿਛਲੇ ਵਰ੍ਹੇ ਸਿਹਤ ਵਿਗਿਆਨੀਆ ਵੱਲੋ ਇਹ ਚਿਤਾਵਨੀਆਂ ਪੂਰੇ ਜ਼ੋਰ ਨਾਲ ਦਿੱਤੀਆਂ ਜਾ ਰਹੀਆਂ ਸਨ ਕਿ  ਬਿਮਾਰੀ ਦੀ ਦੂਜੀ ਲਹਿਰ ਵੀ ਜਲਦੀ ਆਵੇਗੀ। ਪਹਿਲੀ ਲਹਿਰ ਦੌਰਾਨ ਸਾਡੇ ਮੁਲਕ ’ਚ ਪਈ ਮਾਰ ਹੋਰਨਾਂ ਕਈ ਮੁਲਕਾਂ ਦੇ ਮੁਕਾਬਲੇ ’ਚ ਘੱਟ ਸੀ। ਦੂਸਰੇ ਕਈ ਮੁਲਕ ਦੂਸਰੀ ਲਹਿਰ ਦੀ ਮਾਰ ਹੰਢਾ ਰਹੇ ਸਨ ਤੇ ਸਾਡੇ ਕੋਲ ਉਦੋਂ  ਕਈ ਮਹੀਨਿਆਂ ਦਾ ਮੁਹਲਤੀ ਅਰਸਾ ਸੀ ਪਰ ਮੋਦੀ ਸਰਕਾਰ  ਦੀਆਂ ਤਰਜੀਹਾਂ ਹੀਹੋਰ ਸਨ। ਉਸਨੇ ਇਹ ਅਰਸਾ੍ਰ ਫੋਕੇ ਦਮਗਜੇ ਮਾਰਨ ਲਈ ਵਰਤਿਆ ਕਿ ਭਾਰਤ ਨੇ ਕਰੋਨਾ ਨੂੰ ਹਰਾ ਕੇ ਦੁਨੀਆਂ ਸਾਹਮਣੇ ਇੱਕ ਉਦਾਹਰਨ ਪੇਸ ਕਰ ਦਿੱਤੀ ਹੈ। ਵੈਕਸੀਨ ਬਣਾ ਕੇ ਦੁਨੀਆਂ ਨੂੰ ਵੰਡ ਦੇਣ ਦੇ ਦਾਅਵੇ ਕੀਤੇ ਗਏ। ਭਾਰਤ ਦੀ ਆਯੁਰਵੈਦ ਪ੍ਰਣਾਲੀ ਰਾਹੀਂ ਲੋਕਾਂ ਦੀ ਪ੍ਰਤੀਰੋਧਕ ਪ੍ਰਣਾਲੀ ਮਜਬੂਤ ਹੋ ਜਾਣ ਕਾਰਨ ਕਰੋਨਾ ਦੀ ਮਾਰ ਨਾਂ ਪੈਣ ਦੇ ਦਾਅਵੇ ਕੀਤੇ ਗਏ। ਇਸ ਅਰਸੇ ਦੀ ਵਰਤੋਂ ਅਖੌਤੀ ਆਰਥਿਕ ਸੁਧਾਰਾਂ ਦਾ ਰੋਲਰ ਹੋਰ ਤੇਜੀ ਨਾਲ ਵਾਹੁਣ ਲਈ ਕੀਤੀ, ਲੋਕਾਂ ਦੀਆਂ ਹੱਕੀ ਸਰਗਰਮੀਆਂ ’ਤੇ ਲੌਕਡਾਊਨ ਦੀਆਂ ਪਾਬੰਦੀਆਂ ਰਾਹੀਂ ਰਾਜ ਮਸ਼ੀਨਰੀ ਦਾ ਸਿਕੰਜਾ ਕਸਣ ਲਈ ਕੀਤੀ ਗਈ। ਸਿਹਤ ਸੰਭਾਲ ਦੇ ਪਸਾਰੇ ਦੇ ਇੰਤਜਾਮਾਂ ਦੀ ਥਾਂ ਸਾਰੀ ਰਾਜ ਮਸ਼ੀਨਰੀ ਸੂਬੇ ਦੀਆਂ ਚੋਣਾਂ ਜਿੱਤਣ ਤੇ ਹਰ ਤਰਾਂ ਦੀਆਂ ਆਵਾਜ਼ਾਂ ਨੂੰ ਕੁਚਲਣ ਲਈ ਝੋਕੀ ਰੱਖੀ। ਇਸ ਸਾਰੇ ਅਰਸੇ ਦੌਰਾਨ ਸਿਹਤ ਵਿਗਿਆਨੀ ਚਿਤਾਵਨੀਆਂ ਦਿੰਦੇ ਰਹੇ ਕਿ ਵਾਇਰਸ ਆਪਣੀ ਕਿਸਮ ਬਦਲ ਰਿਹਾ ਹੈ, ਵਾਇਰਸ ਨਵੀਆਂ ਹਾਲਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ ਤੇ ਪਹਿਲਾਂ ਨਾਲੋ ਵਧੇਰੇ ਖਤਰਨਾਕ ਹੋ ਜਾਂਦਾ ਹੈ। ਇਹ ਤਜਰਬਾ ਇੰਗਲੈਂਡ ਹੰਢਾ ਰਿਹਾ ਸੀ ਪਰ ਇਹਨਾਂ ਸਭਨਾਂ ਚਿਤਾਵਨੀਆਂ ਦਰਮਿਆਨ ਸਿਹਤ ਸਹੂਲਤਾਂ ਦਾ ਪਸਾਰਾ ਕਰਨ, ਨਵੇਂ ਹਸਪਤਾਲ ਬਣਾਉਣ, ਸਟਾਫ ਭਰਤੀ ਨਰਸ ਤੇ ਦਵਾਈਆਂ ਜੁਟਾਉਣ ਦੀ ਥਾਂ ਉਲਟਾ ਪਹਿਲਾਂ ਕੀਤੇ ਗਏ ਵਕਤੀ ਉਹੜ ਪੋਹੜ ਵੀ ਤਿਆਗ ਦਿੱਤੇ ਗਏ। ਆਰਜੀ ਤੌਰ ’ਤੇ ਭਰਤੀ ਕੀਤੇ ਗਏ ਸਟਾਫ ਵੀ ਪੱਕੇ ਕਰਨ ਦੀ ਥਾਂ  ਨੌਕਰੀਉਂ ਹਟਾ ਦਿੱਤੇ ਗਏ ਤੇ ਕਰੋਨਾ ਖਿਲਾਫ ਜੰਗ ਜਿੱਤ ਲੈਣ ਦੇ ਐਲਾਨ ਕਰ ਦਿੱਤੇ ਗਏ। ਮੋਦੀ ਮਾਰਚ ਮਹੀਨੇ ਤੱਕ ਆਪਣੀ ਸਫਲਤਾ ਦੀ ਗਾਥਾ  ਗਾਉਂਦਾ ਰਿਹਾ ਜਦਕਿ ਫਰਵਰੀ ’ਚ ਦੂਜੀ ਲਹਿਰ ਜ਼ੋਰ ਫੜਨਾ ਸ਼ੁਰੂ ਕਰ ਚੁੱਕੀ ਸੀ। ਏਸੇ ਲਹਿਰ ਦੇ ਜ਼ੋਰ ਫੜਨ ਮਗਰੋਂ ਹੀ ਬੰਗਾਲ ਚੋਣਾਂ ’ਚ ਵੱਡੇ ਇੱਕਠ ਕੀਤੇ ਗਏ  ਤੇ ਕੁੰਭ ਦੇ ਮੇਲੇ ਰਾਹੀਂ ਇਨਫੈਕਸ਼ਨ ਫੈਲਾਉਣ ਦੀ ਖੁੱਲ੍ਹ ਦਿੱਤੀ ਗਈ। ਬਿਮਾਰੀ  ਦੇ ਟਾਕਰੇ ਦੀ ਸਰਕਾਰੀ ਗੰਭੀਰਤਾ ਦਾ ਅੰਦਾਜ਼ਾ ਇਸ ਇੱਕ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕੌਮੀ ਵਿਗਿਆਨਕ ਟਾਸਕ ਫੋਰਸ ਜਿਹੜੀ ਪਿਛਲੇ ਵਰ੍ਹੇ ਗਠਿਤ ਕੀਤੀ ਗਈ ਸੀ ਉਹ 11 ਜਨਵਰੀ ਤੋਂ 15 ਅਪ੍ਰੈਲ ਦੇ ਦਰਮਿਆਨ ਇੱਕ ਵਾਰ ਵੀ ਨਹੀਂ ਮਿਲੀ। ਅਜਿਹੇ ਰਵੱਈਏ ਦਾ ਅਰਥ ਬਿਮਾਰੀ ਦੀ ਦੂਜੀ ਲਹਿਰ ਮੂਹਰੇ  ਲੋਕਾਂ ਨੂੰ ਨਿਹੱਥੇ ਕਰਕੇ ਸੁੱਟ ਦੇਣਾ ਹੀ ਸੀ। ਇਸਤੋਂ ਵੀ ਅੱਗੇ, ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਪਿਛਲੀ ਅਗਸਤ ਤੱਕ ਹੀ ਵੈਕਸੀਨ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਜਿਸ ’ਤੇ ਦੁਨੀਆਂ ਤੇ ਮੁਲਕ ਦੇ ਵਿਗਿਆਨੀ ਹੱਸੇ ਸਨ। ਖੈਰ ਅਗਸਤ ’ਚ ਤਾਂ ਕੀ ਬਣਨੀ ਸੀ ਪਰ  ਜਦ ਇਸ ਵਰ੍ਹੇ ਵੈਕਸੀਨ ਬਣਨ ਦਾ ਐਲਾਨ ਵੀ ਕੀਤਾ ਗਿਆ ਤਾਂ ਨਾਲ ਹੀ ਦੁਨੀਆਂ ਨੂੰ ਇਹ ਵੈਕਸੀਨ ਮੁਹੱਈਆ ਕਰਵਾਉਣ ਦੇ ਦਮਗਜ਼ੇ ਮਾਰੇ ਗਏ। ਦੁਨੀਆਂ ਸਾਹਮਣੇ ਰੋਲ ਮਾਡਲ ਵਜੋਂ ਪੇਸ਼ ਹੋਣ ਦੀ ਲਾਲਸਾ ਤਹਿਤ ਦੁਨੀਆਂ ਦੇ 80 ਮੁਲਕਾਂ ’ਚ ਵੈਕਸੀਨ ਭੇਜੀ ਗਈ। ਇੱਥੋਂ ਤੱਕ ਕਿ ਕਈ ਮੁਲਕਾਂ ਜਿਵੇਂ ਮੀਆਂਮਾਰ, ਮੰਗੋਲੀਆ, ਫਿਲਪਾਈਨਜ, ਨੇਪਾਲ ਤੇ ਅਫਗਾਨਿਸਤਾਨ ਵਗੈਰਾ ਨੂੰ ਮੁਫਤ ਭੇਜਣ ਦੇ ਐਲਾਨ ਵੀ ਕੀਤੇ ਗਏ। ਵੈਕਸੀਨ ਮਾਈਤਰੀ ਮਿਸ਼ਨ ਦੇ ਨਾਂ ਥੱਲੇ ਦੁਨੀਆਂ ਦੇ ਦੇਸ਼ਾਂ ਨੂੰ 64.4 ਮਿਲੀਅਨ ਡੋਜ਼  ਭੇਜੀ ਗਈ। ਇਹਦੇ ’ਚੋਂ 35.7 ਮਿਲੀਅਨ ਵਪਾਰਕ ਅਧਾਰ ਤੇ, 18.2 ਮਿਲੀਅਨ ਕੋਵੈਕਸ ਪ੍ਰੋਗਰਾਮ ਦੇ ਅਧਾਰ ਤੇ 10.4 ਮਿਲਿਅਨ ਗ੍ਰਾਂਟ ਦੇ ਅਧਾਰ ’ਤੇ ਭੇਜੀ ਗਈ। ਉਸ ਸਮੇਂ ਮੁਲਕ ਅੰਦਰ ਸਿਰਫ 120 ਮਿਲੀਅਨ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਗਈ ਸੀ। ਹੁਣ ਹਾਲਤ ਇਹ ਹੈ ਕਿ ਇਸ ਦੂਜੀ ਲਹਿਰ ਦੇ ਕਹਿਰ ਦਰਮਿਆਨ ਵੈਕਸੀਨ ਪੂਰੀ ਨਹੀਂ ਹੋ ਰਹੀ ਹੈ। ਸਰਕਾਰ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਸੂਬਿਆਂ ਨੂੰ ਸਿੱਧੇ ਕੰਪਨੀਆਂ ਤੋਂ ਖਰੀਦਣ ਲਈ ਕਿਹਾ ਜਾ ਰਿਹਾ ਹੈ।  ਕਿੰਨੇ ਹੀ ਸੂਬਿਆਂ ਨੇ ਟੀਕਾਕਰਨ ਦਾ ਪ੍ੋਗਰਾਮ ਤਿਆਗ ਦਿੱਤਾ ਹਨ। ਵੈਕਸੀਨ ਦੀ ਭਾਰੀ ਤੋਟ ਹੋਣ ’ਤੇ ਲੋਕ ਮੋਦੀ ਸਰਕਾਰ ਦੀਆਂ ਕੌਮਾਂਤਰੀ ਪੱਧਰ ’ਤੇ ਉੱਭਰਨ ਦੀਆਂ ਸੇਖਚਿਲੀ ਲਾਲਸਾਵਾਂ ਦੀ ਕੀਮਤ ਤਾਰ ਰਹੇ ਹਨ। ਕਰੋੜਾਂ ਕਰੋੜ ਗਰੀਬ ਲੋਕਾਂ ਕੋਲ ਏਸੇ ਮਹਿੰਗੇ ਟੀਕੇ ਲਈ ਰਕਮਾਂ ਨਹੀਂ ਹਨ । 

ਇਸ ਮਹਾਂਮਾਰੀ ਦੇ ਕਹਿਰ ਤੇ ਮੋਦੀ ਸਰਕਾਰ ਦੀ ਘੋਰ ਲੋਕ ਵਿਰੋਧੀ ਖਸਲਤ ਕਾਰਨ ਵੱਡੇ ਸ਼ਹਿਰਾਂ ਅੰਦਰ ਖਾਸ ਕਰ ਮੁਲਕ ਦੀ ਰਾਜਧਾਨੀ ਅੰਦਰ ਲਾਸ਼ਾਂ ਦੇ ਅੰਬਾਰ ਲੱਗੇ ਹਨ। ਹਸਪਤਾਲਾਂ ਮੂਹਰੇ ਲੋਕ ਸਾਹਾਂ ਲਈ ਲੋੜੀਂਦੀ ਆਕਸੀਜਨ ਨਾ ਮਿਲਣ ਕਾਰਨ ਆਪਣੇ ਪਿਆਰਿਆਂ ਨੂੰ ਹੱਥਾਂ ’ਚੋਂ ਨਿਕਲਦੇ ਜਾਂਦਿਆਂ ਦੇ ਮੰਜਰ ਨੂੰ ਸਹਾਰਦੇ ਹਨ। ਇਸ ਹਾਲਤ ’ਚ ਆਕਸੀਜਨ ਸਿਲੰਡਰਾਂ, ਦਵਾਈਆਂ, ਹਸਪਤਾਲ ਬੈੱਡਾਂ ਦੀ ਕਾਲਾ ਬਜਾਰੀ ਨੇ ਅਸਮਾਨ ਛੋਹਿਆ ਹੈ। ਇਸ ਕਾਰੋਬਾਰ ਨਾਲ ਜੁੜੇ ਹਰ ਹਿੱਸੇ ਨੇ ਕਮਾਈਆਂ ਕੀਤੀਆਂ ਹਨ। ਡੇਢ ਲੱਖ ਰੁਪਏ ਤੱਕ ਲੈ ਕੇ ਹਸਪਤਾਲਾਂ ਦੇ ਬੈੱਡ ਮਿਲਦੇ ਰਹੇ ਹਨ। ਰੈਮਡੀਸੀਵਰ ਨਾਂ ਦਾ ਟੀਕਾ ਜੀਹਦੀ ਕੀਮਤ 4000 ਰੁਪਏ ਤੋਂ ਵੀ ਘੱਟ ਸੀ, 70000 ਰੁਪਏ ਤੱਕ ਵੇਚਿਆ ਗਿਆ ਹੈ। ਇਉਂ ਹੀ ਆਕਸੀਜਨ ਸਿਲੰਡਰ, ਆਕਸੀਜਨ ਕੰਨਸਟਰੇਟਰ ਤੇ ਵੈਂਟੀਲੇਟਰ ਕਈ ਕਈ ਗੁਣਾਂ ਕੀਮਤਾਂ ’ਤੇ ਵਿਕੇ ਹਨ। ਇਹ ਸਭ ਕੇਂਦਰੀ ਹਕੂਮਤ ਐਨ ਨੱਕ ਥੱਲੇ ਉਸਦੀ ਹਾਜਰੀ ’ਚ ਹੋਇਆ ਹੈ। ਇਹ ਤਾਂ ਵੱਡੀਆਂ ਕਮਾਈਆਂ ਵਾਲਿਆਂ ਜਾਂ ਮੱਧ ਵਰਗ ਦੇ ਉੱਪਰਲੇ ਹਿੱਸੇ ਦੀਆਂ ਮੁਸਕਿਲਾਂ ਹਨ ਜਦਕਿ ਕਰੋੜਾਂ ਕਿਰਤੀ ਲੋਕਾਂ ਲਈ ਹਸਪਤਾਲਾਂ ਦੇ ਬੈੱਡ ਜਾਂ ਰੈਮਡੀਸੀਵਰ ਦਾ ਟੀਕੇ ਤਾਂ ਦੂਰ, ਉਹਨਾਂ ਨੂੰ ਟੈਸਟ ਕਰਵਾਉਣੇ ਵੀ ਉਪਲੱਬਧ ਨਹੀਂ ਹੋਏ ਕਿ ਕਰੋਨਾ ਪੋਜੇਟਿਵ ਹਨ ਜਾਂ ਨੈਗੇਟਿਵ। ਵੈਕਸੀਨ ਵੀ ਬਹੁਤ ਥੋੜੀ ਉਪਰਲੀ ਪਰਤ ਨੂੰ ਹਾਂਸਲ ਹੋਈ ਹੈ ਜਦਕਿ ਮੁਲਕ ਦੀ ਬਹੁਤੀ ਅਬਾਦੀ ਨੂੰ ਇਸ ਬਿਮਾਰੀ ਦੇ ਸੁਪਰਦ ਕਰ ਦਿੱਤਾ ਗਿਆ ਹੈ ਜਿੱਥੇ ਸਾਲਾਂ ਬੱਧੀ ਇਹ ਇਨਫੈਕਸ਼ਨ ਵਾਰ-ਵਾਰ ਇੱਕ ਸਥਾਈ ਬਿਮਾਰੀ  ਵਜੋਂ ਲੋਕਾਂ ਨੂੰ ਟੱਕਰਦੀ ਰਹੇਗੀ। 

ਇਸ ਵਾਰ ਚਾਹੇ ਪਿਛਲੇ ਵਰ੍ਹੇ ਵਰਗਾ ਲੌਕਡਾਊਨ ਨਹੀਂ ਹੈ ਪਰ ਤਾਂ ਵੀ ਸੂਬਿਆਂ ਵੱਲੋਂ ਲਾਈਆਂ ਗਈਆਂ  ਵੱਖ-2 ਕਿਸਮਾਂ ਦੀਆਂ ਪਾਬੰਦੀਆਂ ਨੇ ਕਿਰਤੀ ਲੋਕਾਂ ਦੇ ਜੂਨ ਗੁਜਾਰੇ ’ਤੇ ਬੁਰੀ ਤਰ੍ਹਾਂ ਸੱਟ ਮਾਰੀ ਹੈ। ਖਾਸ ਕਰਕੇ ਗੈਰ ਰਸਮੀ ਖੇਤਰ ਦੇ ਕਰੋੜਾਂ ਕਾਮੇ ਕੰਮ ਛੁੱਟਣ ਕਾਰਨ ਫਾਕੇ ਕੱਢਣ ਲਈ ਮਜਬੂਰ ਹਨ। ਬਹੁਤ ਨਿਗੂਣੀ ਅਬਾਦੀ ਨੂੰ ਪ੍ਰਤੀ ਜੀਅ ਪ੍ਰਤੀ ਮਹੀਨਾ ਪੰਜ ਕਿੱਲੋ ਅਨਾਜ ਦੇਣ ਦੇ ਦਾਅਵਿਆਂ ਨਾਲ ਸਰਕਾਰ ਤਾਂ ਸੁਰਖਰੂ ਹੋ ਗਈ ਹੈ ਪਰ ਲੋਕਾਂ ਲਈ ਭੁੱਖਾਂ-ਦੁੱਖਾਂ ਦਾ ਸਮੁੰਦਰ ਹੈ ਜਿਸ ਵਿੱਚ ਉਹਨਾਂ ਨੂੰ ਗੋਤੇ ਲਾਉਣੇ ਹੀ ਪੈਂਣੇ ਹਨ। 

ਮੁਲਕ ’ਤੇ ਆਇਆ ਇਹ ਸੰਕਟ ਸਿਰਫ ਕੁਦਰਤੀ ਨਹੀਂ ਹੈ ਸਗੋਂ ਮੌਜੂਦਾ ਲੁਟੇਰੇ ਤੇ ਕਾਰੋਬਾਰੀ ਨੀਹਾਂ ’ਤੇ ਟਿਕੇ ਅਣਮਨੁੱਖੀ ਨਿਜਾਮ ਦਾ ਸੰਕਟ ਹੈ। ਮਹਾਂਮਾਰੀ ਦੇ ਕਹਿਰ ਦਾ ਜ਼ੋਰ ਤਾਂ ਉਹਦੇ ਲਈ ਮਾਫਕ ਰਾਜਸੀ ਆਰਥਿਕ ਸਮਾਜਿਕ ਢਾਂਚੇ ’ਚ ਫੁਰਦਾ ਹੈ। ਸਰਕਾਰਾਂ ਦੇ ਰਵੱਈਏ ਤੇ ਨੀਤੀਆਂ ਨਾਲ ਫੁਰਦਾ ਹੈ। ਮੋਦੀ ਸਰਕਾਰ ਦਾ ਸਮੁੱਚਾ ਵਿਹਾਰ ਤੇ ਇਸ ਪਿਛਲੀ ਪਹੁੰਚ ਜਾਹਰਾ ਤੌਰ ’ਤੇ ਇਹੀ ਦਰਸਾ ਰਹੀ ਹੈ। ਪਹਿਲਾਂ ਹੀ ਨਵ-ਉਦਾਰਵਾਦੀ ਨੀਤੀਆਂ ਦੇ ਹਮਲੇ ਨਾਲ ਜਨਤਕ ਸਿਹਤ ਢਾਂਚੇ ਨੂੰ ਤਬਾਹ ਕਰਕੇ ਮਹਾਂਮਾਰੀਆਂ ਨੂੰ ਸੱਦਾ ਦਿੱਤਾ ਜਾ ਚੁੱਕਿਆ ਸੀ। ਇਸ ਲਗਭਗ ਗੈਰ ਹਾਜਰ ਸਿਹਤ ਢਾਂਚੇ ’ਚ ਹਰ ਸਧਾਰਨ ਬਿਮਾਰੀ ਵੀ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਹੈ ਤੇ ਸਿਹਤ ਵਪਾਰੀਆਂ ਲਈ ਮੁਨਾਫ਼ਿਆਂ ਦੇ ਗੱਫਿਆਂ ਦਾ ਮੌਕਾ ਬਣਕੇ ਆਉਦੀ ਹੈ। ਅਜਿਹੇ ਗੈਰ ਹਾਜਰ ਸਿਹਤ ਢਾਂਚੇ ਨਾਲ ਕਰੋਨਾ ਮਹਾਂਮਾਰੀ ਦੇ ਸੰਕਟ ਦਾ ਸਾਹਮਣਾ ਕਰਨ ਲਈ ਹੰਗਾਮੀ ਪੱਧਰ ’ਤੇ ਵੱਡੇ ਕਦਮ ਲੈਣ ਦੀ ਜਰੂਰਤ ਸੀ। ਪਰ ਮੋਦੀ ਸਰਕਾਰ ਦੀ ਨੀਤੀ ਤੇ ਸਿਆਸੀ ਇੱਛਾ ਸਕਤੀ ਅਜਿਹੀ ਨਹੀਂ ਹੈ। ਸਭ ਤੋਂ ਵੱਡਾ ਸਵਾਲ ਮੁਲਕ ਦੇ ਸੋਮੇ/ਖਜ਼ਾਨੇ ਲੋਕਾਂ ਦੀ ਸਿਹਤ ਲਈ ਝੋਕਣ ਦਾ ਹੈ ਪਰ ਇਸ ਖੇਤਰ ’ਚ ਸਰਕਾਰ ਨੇ ਪੂਰੀ ਤਰ੍ਹਾਂ ਹੱਥ ਘੁੱਟ ਕੇ ਰੱਖਿਆ ਹੈ। ਇਸਦੀ ਥਾਂ ਹਕੂਮਤ ਨੇ ਤਾਂ ਵੱਡੇ ਕਾਰੋਬਾਰੀਆਂ ਦੇ ਮੁਨਾਫੇ ਯਕੀਨੀ ਕਰਨ ਲਈ ਤੇ ਲੋਕਾਂ ਨੂੰ ਇਹਨਾਂ ਭੁੱਖੇ ਬਘਿਆੜਾਂ ਮੂਹਰੇ ਸੁੱਟਣ ਦਾ ਰੋਲ ਅਦਾ ਕੀਤਾ ਹੈ। ਉਸਨੇ ਕਾਰਪੋਰੇਟਾਂ ਦੇ ਡਿੱਗਦੇ ਮੁਨਾਫਿਆਂ ਦੀ ਫਿਕਰ ਕੀਤੀ ਹੈ ਤੇ ਸੰਕਟ ਨੂੰ ਸਟੇਟ ਦੇ ਜਾਬਰ ਦੰਦ ਹੋਰ ਤਿੱਖੇ ਕਰਨ ਦਾ ਜਰੀਆ ਬਣਾਇਆ ਹੈ। ਆਪਣੀ ਇਸ ਪਹੁੰਚ ਤੇ ਖਸਲਤ ਕਾਰਨ ਮੋਦੀ ਸਰਕਾਰ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਤੇ ਲੋਕਾਂ ਦੇ ਘਰਾਂ ’ਚ ਸੱਥਰ ਵਿਛਾਉਣ ਦੀ ਦੋਸ਼ੀ ਹੈ। ਲੋਕਾਂ ਦੇ ਜੂਨ ਗੁਜਾਰੇ ਦੇ ਸਾਧਨ ਤਬਾਹ ਕਰਨ ਕਰਕੇ ਉਹਨਾਂ ਨੂੰ ਹੋਰ ਜਿਆਦਾ ਨਰਕ ਭਰੀ ਜਿੰਦਗੀ ’ਚ ਧੱਕ ਦੇਣ ਦੀ ਦੋਸ਼ੀ ਹੈ।

ਇਸ ਵੇਲੇ ਮਹਾਂਮਾਰੀ ਦਾ ਸਾਹਮਣਾ ਕਰਦੇ ਹੋਏ ਲੋਕਾਂ ਮੂਹਰੇ ਅਹਿਮ ਕਾਰਜ ਹੈ ਕਿ ਮੋਦੀ ਸਰਕਾਰ ਨੂੰ ਸੰਕਟ ਦੀ ਅਸਲ ਦੋਸ਼ੀ ਵਜੋਂ ਟਿੱਕਣ ਤੇ ਉਸਨੂੰ ਮਨੁੱਖਤਾ ਦੀ ਮੁਜਰਿਮ ਵਜੋਂ ਪਛਾਨਣ ਤੇ ਉਸਨੂੰ ਸਿੱਧੇ ਮੱਥੇ ਟੱਕਰਨ। ਸੰਕਟ ਦੇ ਟਾਕਰੇ ਲਈ ਮੁਲਕ ਦੇ ਸੋਮੇ/ਖਜ਼ਾਨੇ ਝੋਕਣ ਦੀ ਮੰਗ ਕਰਨ ਤੇ ਇਹਦੇ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨ। ਨਵ-ਉਦਾਰਵਾਦੀ ਨੀਤੀਆਂ ਤਿਆਗਣ ਦੀ ਮੰਗ ਕਰਨ। ਲੋਕ ਪੱਖੀ ਵਿਕਾਸ ਮਾਡਲ ਲਾਗੂ ਕਰਨ ਦੀ ਮੰਗ ਕਰਨ।   

ਕਰੋਨਾ ਸੰਕਟ -ਇੱਕ ਸੁਝਾਊ ਮੰਗ ਪੱਤਰ

 ਕਰੋਨਾ ਸੰਕਟ -ਇੱਕ ਸੁਝਾਊ ਮੰਗ ਪੱਤਰ

ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰਦਾਰ ਟਾਕਰਾ ਕਰਨ ਲਈ ਇਨ੍ਹਾਂ ਦਿਨਾਂ ਦੀ ਸਰਗਰਮੀ ਦੌਰਾਨ ਉਭਾਰੇ ਜਾਣ ਵਾਲ਼ੇ ਮੰਗਾਂ/ਮੁੱਦਿਆਂ ਦੇ ਸੁਝਾਅ ਵਜੋਂ ਅਸੀਂ ਵੱਖ ਵੱਖ ਜਥੇਬੰਦੀਆਂ ਤੇ ਲੋਕ ਪੱਖੀ ਹਿੱਸਿਆਂ ਲਈ ਇਹ ਨੁਕਤੇ ਜਾਰੀ ਕਰ ਰਹੇ ਹਾਂ। ਵੱਖ ਵੱਖ ਜਨਤਕ ਜਥੇਬੰਦੀਆਂ ਜਾਂ ਲੋਕ ਪੱਖੀ ਪਲੇਟਫਾਰਮ ਆਪਣੀ ਸਮਝ ਦੇ ਦਾਇਰੇ-ਘੇਰੇ ਅਨੁਸਾਰ ਸਰਗਰਮੀ ਲਈ ਇਨ੍ਹਾਂ ਮੁੱਦਿਆਂ ਦੀ ਚੋਣ ਕਰ ਸਕਦੇ ਹਨ। ਕੁੱਝ ਹਿੱਸੇ ਇਨ੍ਹਾਂ ਨੂੰ ਸੰਘਰਸ਼ ਮੁੱਦਿਆਂ ਵਜੋਂ ਹੱਥ ਲੈ ਸਕਦੇ ਹਨ ਜਾਂ ਕੁਝ ਹੋਰ ਇਨ੍ਹਾਂ ਨੂੰ ਪ੍ਰਚਾਰਨ ਦਾ ਕੰਮ ਕਰ ਸਕਦੇ ਹਨ। ਇਨ੍ਹਾਂ ਚੋਂ ਕੁਝ ਮੰਗਾਂ ਫੌਰੀ ਸੰਘਰਸ਼ ਦਾ ਨੁਕਤਾ ਬਣ ਸਕਦੀਆਂ ਹਨ ਜਦ ਕਿ ਕੁਝ ਮੁੱਦੇ ਅਜੇ ਪ੍ਰਚਾਰਨ ਤਕ ਸੀਮਤ ਰਹਿ ਸਕਦੇ ਹਨ। ਲੋਕਾਂ ਦੇ ਹਿੱਤਾਂ ਦੇ ਨਜਰੀਏ ਤੋਂ ਇਹ ਮੰਗਾਂ ਦਾ ਇੱਕ ਮੋਟਾ ਚੌਖਟਾ ਬਣਦਾ ਹੈ। ਇਸਦੇ ਅੰਤਿਮ ਤੇ ਮੁਕੰਮਲ ਹੋਣ ਦਾ ਕੋਈ ਦਾਅਵਾ ਨਹੀਂ ਹੈ। ਸਰਗਰਮੀ ਦੇ ਹਰ ਪੱਧਰ ’ਤੇ ਇਨ੍ਹਾਂ ‘ਚ ਵਾਧਾ ਕੀਤਾ ਜਾ ਸਕਦਾ ਹੈ ਜਾਂ ਇਨ੍ਹਾਂ ਨੂੰ ਹੋਰ ਠੋਸ ਰੂਪ ਦਿੱਤਾ ਜਾ ਸਕਦਾ ਹੈ। 

1. ਬਿਮਾਰੀ ਤੋਂ ਪੀੜਤ ਸਾਰੇ ਲੋਕਾਂ ਦੇ ਇਲਾਜ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਤੇ ਇਨ੍ਹਾਂ ਦੇ ਸਿਹਤ ਵਿਭਾਗਾਂ ਦੇ ਸਿਰ ਆਉਂਦੀ ਹੈ। ਇਸ ਜਿੰਮੇਵਾਰੀ ਤੋਂ ਮੁਨਕਰ ਹੋ ਰਹੀਆਂ ਸਰਕਾਰਾਂ ਵੱਲੋਂ ਇਸ ਨੂੰ ਨਿਭਾਉਣ ਲਈ ਸਿਆਸੀ ਇਰਾਦਾ ਧਾਰਨ ਕਰਨ ਤੇ ਸਰਕਾਰੀ ਖ਼ਜ਼ਾਨੇ ਦਾ ਮੂੰਹ ਖੋਲ੍ਹਣ ਦੀ ਲੋੜ ਹੈ।

(ੳ) ਸੂਬੇ ਦੇ ਸਿਹਤ ਵਿਭਾਗ ਦੀਆਂ 30% ਖਾਲੀ ਅਸਾਮੀਆਂ ਦੀ ਪੂਰਤੀ, ਅਣਵਰਤੇ ਰਹਿ ਰਹੇ ਸਾਜ਼ੋ ਸਾਮਾਨ ਦੀ ਵਰਤੋਂ, ਬਿਮਾਰੀ ਲਈ ਲੋੜੀਂਦੀਆਂ ਦਵਾਈਆਂ ਅਤੇ ਖਾਧ ਖੁਰਾਕ ਦੀ ਪੂਰਤੀ ਕੀਤੀ ਜਾਵੇ।

(ਅ) ਬਿਮਾਰੀ ਦੇ ਅਸਰਦਾਰ ਟਾਕਰੇ ਲਈ ਸਰਕਾਰੀ ਸਿਹਤ ਵਿਭਾਗ ਦਾ ਵੱਡੇ ਪੱਧਰ ‘ਤੇ ਪਸਾਰਾ ਕੀਤਾ ਜਾਵੇ। ਇਸ ਮਕਸਦ ਲਈ ਬਜਟ ਰਕਮਾਂ ਜੁਟਾਉਣ ਅਤੇ ਢਾਂਚਾ ਮੁਹੱਈਆ ਕਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇ। 

2. ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਂਦਾ ਜਾਵੇ। ਛੋਟੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ ਪੀੜਤ ਮਰੀਜ਼ਾਂ ਦੇ ਇਲਾਜ ਦੇ ਰੇਟਾਂ ਨੂੰ ਸਰਕਾਰੀ ਕੰਟਰੋਲ ਵਿੱਚ ਲਿਆ ਕੇ ਦਰਮਿਆਨੇ ਅਤੇ ਗ਼ਰੀਬ ਤਬਕੇ ਦੀ ਪਹੁੰਚ ਵਿੱਚ ਆਉਣ ਵਾਲਾ ਬਣਾਇਆ। ਬਿਮਾਰੀ ਨਾਲ ਸਬੰਧਤ ਦਵਾਈਆਂ, ਆਕਸੀਜਨ ਤੇ ਹੋਰ ਸਾਜ਼ੋ ਸਾਮਾਨ ਦੀ ਕਾਲਾ ਬਾਜ਼ਾਰੀ ਨੂੰ ਨੱਥ ਪਾਈ ਜਾਵੇ। 

3. ਬਿਮਾਰੀ ਤੋਂ ਬਚਾਅ ਲਈ ਲੋੜੀਂਦੀਆਂ ਸਿਹਤ ਸਾਵਧਾਨੀਆਂ ਦੇ ਪਾਲਣ ਦੀ ਮਹੱਤਤਾ ਦਰਸਾਉਣ ਖਾਤਰ ਜਾਬਰ ਕਦਮਾਂ (ਕੁਟਾਪਾ ਕਰਨਾ, ਚਲਾਨ ਕੱਟਣਾ, ਗਿ੍ਰਫਤਾਰ ਕਰਨਾ, ਜੇਲ੍ਹ ਭੇਜਣਾ ਤੇ ਕਰਫ਼ਿਊ ਲਾਉਣਾ ਆਦਿ ਦੀ ਨੀਤੀ ਦਾ ਤਿਆਗ ਕੀਤਾ ਜਾਵੇ। ਵਿਆਪਕ ਪੱਧਰ ’ਤੇ ਜਾਣਕਾਰੀ ਅਤੇ ਸਿੱਖਿਆ ਮੁਹਿੰਮ ਜਥੇਬੰਦ ਕਰਨ ਲਈ ਸਰਕਾਰੀ ਪ੍ਰਚਾਰ ਸਾਧਨਾਂ, ਸਮਾਜ ਸੇਵੀ ਸੰਸਥਾਵਾਂ ਤੇ ਲੋਕ ਜਥੇਬੰਦੀਆਂ ਦਾ ਸਾਂਝਾ ਉੱਦਮ ਜਥੇਬੰਦ ਕੀਤਾ ਜਾਵੇ।

4. ਬਿਮਾਰੀ ਦਾ ਪਸਾਰਾ ਰੋਕਣ ਤੇ ਇਲਾਜ ਤੇ ਢੁੱਕਵੇਂ ਪ੍ਰਬੰਧ ਕਰਨ ਦੀ ਥਾਂ ਲੌਕ ਡਾਊਨ ਜਾਂ ਕਰਫਿਊ ਦੀ ਗ਼ੈਰ ਤਰਕਸੰਗਤ ਪਹੁੰਚ ਦਾ ਤਿਆਗ ਕੀਤਾ ਜਾਵੇ। ਬਹੁਤ ਅਣਸਰਦੀ ਹਾਲਤ ਵਿਚ ਅੰਸ਼ਕ ਤੌਰ ’ਤੇ ਅਜਿਹੇ ਕਦਮ ਚੁੱਕੇ ਜਾਣ ਸਮੇਂ ਲੋਕਾਂ ਦੇ ਗੁਜ਼ਾਰੇ, ਰੁਜਗਾਰ, ਆਮਦਨ ਤੇ ਕਾਰੋਬਾਰ ਆਦਿ ਲਈ ਢੁੱਕਵੀਂ ਵਿੱਤੀ ਸਹਾਇਤਾ ਯਕੀਨੀ ਕੀਤੀ ਜਾਵੇ। ਲੋੜਵੰਦਾਂ ਲਈ ਖਾਧ ਖੁਰਾਕ ਦਾ ਸਰਕਾਰੀ ਪ੍ਰਬੰਧ ਯਕੀਨੀ ਬਣਾਇਆ ਜਾਵੇ। ਸਰਵਜਨਕ ਜਨਤਕ ਵੰਡ ਪ੍ਰਣਾਲੀ ਫੌਰੀ ਲਾਗੂ ਕੀਤੀ ਜਾਵੇ।

5.ਬਿਮਾਰੀ ਤੋਂ ਬਚਾਅ ਲਈ ਲਾਈ ਜਾ ਰਹੀ ਵੈਕਸੀਨ ਸਭਨਾਂ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇ, ਵੈਕਸੀਨ ਲਵਾਉਣ ਦੇ ਸਿੱਟਿਆਂ ਤੇ ਉਲਝਣਾਂ ਬਾਰੇ ਲੋਕਾਂ ਦੇ ਸ਼ੰਕਿਆਂ ਨੂੰ ਨਵਿਰਤ ਕੀਤਾ ਜਾਵੇ। ਜਬਰੀ ਵੈਕਸੀਨ ਲਾਉਣ ਦੀ ਨੀਤੀ ਰੱਦ ਕੀਤੀ ਜਾਵੇ। 

6. ਹੋਰਨਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਨਿਰਵਿਘਨ ਇਲਾਜ ਨੂੰ ਯਕੀਨੀ ਬਣਾਇਆ ਜਾਵੇ।

7. ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਰਾਜ ਵੱਲੋਂ ਕੋਰੋਨਾ ਸੰਕਟ ਨੂੰ ਸੁਨਹਿਰੀ ਮੌਕਾ ਸਮਝਣ ਦੀ ਮੁਜਰਮਾਨਾ ਨੀਤੀ ਦਾ ਤਿਆਗ ਕੀਤਾ ਜਾਵੇ। ਕੋਰੋਨਾ ਸੰਕਟ ਦੀ ਆੜ ’ਚ ਲੇਬਰ ਕਾਨੂੰਨ ਬਦਲਣ, ਖੇਤੀ ਖੇਤਰ ‘ਚ ਕਾਲੇ ਕਾਨੂੰਨ ਲਿਆਉਣ, ਜਨਤਕ ਅਦਾਰੇ ਵੇਚਣ, ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ ਲਿਆਉਣ, ਬਿਮਾਰੀ ਦੇ ਟਾਕਰੇ ਲਈ ਸਰਕਾਰੀ ਉੱਦਮ ਤੇ ਪੂੰਜੀ ਨਿਵੇਸ਼ ਤੋਂ ਪੈਰ ਪਿੱਛੇ ਖਿੱਚਣ, ਇਸ ਨੂੰ ਨਿੱਜੀ ਕਾਰੋਬਾਰਾਂ ਲਈ ਕਮਾਈ ਦਾ ਸੁਨਹਿਰੀ ਮੌਕਾ ਬਣਾਉਣ, ਛੋਟੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਕਾਰੋਬਾਰਾਂ ’ਚੋਂ ਬਾਹਰ ਕਰਕੇ ਪ੍ਚੂਨ ਵਪਾਰ ਵਿਚ ਸਾਮਰਜੀ ਬਹੁਕੌਮੀ ਕੰਪਨੀਆਂ ਲਈ ਰਾਹ ਪੱਧਰਾ ਕਰਨ ਦੀ ਨੀਤੀ ਅਪਨਾਉਣ ਵਰਗੇ ਘੋਰ ਲੋਕ ਵਿਰੋਧੀ ਤੇ ਕਾਰਪੋਰੇਟ ਜਗਤ ਪੱਖੀ ਅਮਲਾਂ ਨੂੰ ਤਿਆਗਿਆ ਜਾਵੇ। 

8. ਸਿਹਤ ਖੇਤਰ ਸਮੇਤ ਸਭਨਾਂ ਜਨਤਕ ਖੇਤਰਾਂ ‘ਚ ਸਰਕਾਰੀ ਪੂੰਜੀ ਨਿਵੇਸ਼ ਵਧਾਉਣ ਖਾਲੀ ਖਜ਼ਾਨੇ ਦਾ ਮੂੰਹ ਖੋਲ੍ਹਿਆ ਜਾਵੇ। ਖਜਾਨਾ ਭਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਦੇ ਕਾਰੋਬਾਰਾਂ ’ਤੇ ਸਿੱਧੇ ਟੈਕਸ ਲਾਏ ਜਾਣ। ਵੱਡੀਆਂ ਪੇਂਡੂ ਜਾਇਦਾਦਾਂ ਨੂੰ ਟੈਕਸਾਂ ਅਧੀਨ ਲਿਆਂਦਾ ਜਾਵੇ ਤੇ ਕਿਰਤੀ ਲੋਕਾਂ ਤੋਂ ਟੈਕਸਾਂ ਦਾ ਭਾਰ ਘਟਾਇਆ ਜਾਵੇ। 

9. ਖੇਤੀ ਵਪਾਰਕ ਕੰਪਨੀਆਂ ਦੇ ਕੰਟਰੋਲ ਹੇਠ ਆਇਆ ਸਮੁੱਚਾ ਖਾਧ ਪ੍ਰਬੰਧ ਕੋਰੋਨਾ ਵਾਇਰਸ ਤੇ ਇਸ ਵਰਗੇ ਹੋਰ ਵਾਇਰਸਾਂ ਦੀ ਜੰਮਣ ਭੋਇੰ ਹੈ। ਇਸ ਤੋਂ ਛੁਟਕਾਰੇ ਲਈ ਕਾਰਪੋਰੇਟ ਖੇਤੀ ਮਾਡਲ ਰੱਦ ਕੀਤਾ ਜਾਵੇ। ਖੇਤੀ ਵਪਾਰਕ ਕੰਪਨੀਆਂ ਦੇ ਮੁਲਕ ਵਿੱਚ ਪੈਰ ਪਸਾਰੇ ’ਤੇ ਪਾਬੰਦੀ ਲਾਈ ਜਾਵੇ।

10. ਸਿਹਤ ਦੇ ਖੇਤਰ ਵਿੱਚ ਸਰਕਾਰੀ ਜਿੰਮੇਵਾਰੀ, ਜਵਾਬਦੇਹੀ ਤੇ ਪੂੰਜੀ ਨਿਵੇਸ਼ ਦੀ ਸਫ਼ ਵਲ੍ਹੇਟਣ ਲਈ ਜਿੰਮੇਵਾਰ ਨਵ ਉਦਾਰਵਾਦੀ ਨੀਤੀਆਂ ਦਾ ਤਿਆਗ ਕੀਤਾ ਜਾਵੇ। ਸਾਮਰਾਜਵਾਦ ਨਾਲ ਸਾਂਝ ਭਿਆਲੀ ਵਾਲੇ ਵਿਕਾਸ ਮਾਡਲ ਦਾ ਤਿਆਗ ਕੀਤਾ ਜਾਵੇ। ਇਸ ਦੀ ਥਾਂ ਸਾਮਰਾਜੀ ਲੁੱਟ ਖਸੁੱਟ ਤੋਂ ਮੁਕਤ ਸਵੈ ਨਿਰਭਰ ਵਿਕਾਸ ਵਾਲਾ ਮਾਡਲ ਅਪਣਾਇਆ ਜਾਵੇ।    

Saturday, June 19, 2021

ਕੋਰੋਨਾ ਮਹਾਂਮਾਰੀ ਤੇ ਖੇਤੀ ਕਨੂੰਨਾਂ ਦਾ ਕਾਰਪੋਰੇਟ ਖੇਤੀ ਮਾਡਲ

 ਕੋਰੋਨਾ ਮਹਾਂਮਾਰੀ ਤੇ ਖੇਤੀ ਕਨੂੰਨਾਂ ਦਾ ਕਾਰਪੋਰੇਟ ਖੇਤੀ ਮਾਡਲ

ਸੰਸਾਰ ਪੂੰਜੀਵਾਦ ਦੀਆਂ ਲੁਟੇਰੀਆਂ ਨੀਤੀਆਂ ਤੇ ਸੁਭਾਅ ਨੇ ਅਜਿਹੀ ਹਾਲਤ ਸਿਰਜੀ ਹੈ ਕਿ ਮਨੁੱਖਤਾ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਜੋਗੀ ਨਹੀਂ ਛੱਡੀ। ਸਿਆਸੀ ਤੇ ਆਰਥਿਕ ਹਿੱਤਾਂ ਨੇ ਸਾਇੰਸ ਨੂੰ ਅਜਿਹੀਆਂ ਮਹਾਂਮਾਰੀਆਂ ਨਾਲ ਭਿੜਨ ਦੇ ਮਾਮਲੇ ’ਚ ਕਮਜ਼ੋਰ ਕਰ ਦਿੱਤਾ ਹੈ। ਇਸ ਤੋਂ ਵੀ ਅੱਗੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਸੰਸਾਰ ਸਾਮਰਾਜੀ ਨਿਜ਼ਾਮ ਆਪ ਹੀ ਅਜਿਹੀਆਂ ਮਹਾਂਮਾਰੀਆਂ ’ਤੇ ਅਨੇਕ ਤਰ੍ਹਾਂ ਦੇ ਮਾਰੂ ਰੋਗਾਂ ਲਈ ਜੰਮਣ ਭੋਂਇੰ ਹੈ। ਇਹ ਸਾਮਰਾਜੀ ਨਿਜ਼ਾਮ ਹੈ ਜਿਹੜਾ ਸਾਇੰਸ ਵੱਲੋਂ ਪੁਰਾਣੇ ਮਾਰੂ ਰੋਗਾਂ ’ਤੇ ਫਤਹਿ ਪਾ ਲੈਣ ਮਗਰੋਂ ਨਵੇਂ ਵਾਇਰਸਾਂ ਨੂੰ ਵਿਕਾਸ ਕਰਨ ਲਈ ਜ਼ਮੀਨ ਦਿੰਦਾ ਹੈ। ਵਿਗਿਆਨੀ ਦੱਸ ਰਹੇ ਹਨ ਕਿ ਹੁਣ ਬਿਮਾਰੀਆਂ ਦੇ ਟੀਕੇ ਖੋਜਣ ਤੋਂ ਵੀ ਮਹੱਤਵਪੂਰਨ ਕਾਰਜ ਇਹ ਉੱਭਰ ਰਿਹਾ ਹੈ ਕਿ ਅਣੂਆਂ ਦੀਆਂ ਉਹਨਾਂ ਵਿਧੀਆਂ ਦਾ ਥਹੁ ਪਾਇਆ ਜਾਵੇ ਜਿੰਨਾਂ ਨਾਲ ਵਾਇਰਸ ਮਨੁੱਖੀ ਰੋਗ ਰੋਧਕ ਸਮਰੱਥਾ ਦੇ ਉੱਪਰ ਦੀ ਪੈਂਦੇ ਹਨ। ਪਰ ਦਵਾਈ ਕੰਪਨੀਆਂ ਦੀ ਇਹਨਾਂ ਖੋਜਾਂ ’ਚ ਕੋਈ ਰੁਚੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਵੈਕਸੀਨਾਂ ਤੋਂ ਮੁਨਾਫੇ ਕਮਾਉਣ ਦੀ ਹੁੰਦੀ ਹੈ। ਉਹਨਾਂ ਦੀ ਰੁਚੀ ਤਾਂ ਨਵੀਂ ਕਿਸਮ ਦੇ ਰੋਗਾਂ ਦੇ ਪੈਦਾ ਹੋ ਜਾਣ ’ਚ ਜ਼ਿਆਦਾ ਹੈ। ਇਹ ਪੂੰਜੀਵਾਦੀ ਪ੍ਰਬੰਧ ਦਾ ਘੋਰ ਅਣ-ਮਨੁੱਖੀ ਚਿਹਰਾ ਹੈ।

ਨਵੇਂ ਰੋਗਾਂ ਦੇ ਉਤਪੰਨ ਹੋਣ ਦਾ ਸੰਬੰਧ ਉਹਨਾਂ ਹਾਲਤਾਂ ਨਾਲ ਬਣਦਾ ਹੈ ਜਿਹੜੀਆਂ ਨਵੇਂ ਵਾਇਰਸਾਂ ਦੇ ਵਿਕਾਸ ਲਈ ਅਧਾਰ ਬਣਦੀਆਂ ਹਨ। ਇਹ ਹਾਲਤਾਂ ਪੂੰਜੀਵਾਦੀ ਨਿਜ਼ਾਮਾਂ ਦੀਆਂ ਆਰਥਿਕ-ਸਮਾਜਿਕ ਹਾਲਤਾਂ ਹਨ। ਜਿਵੇਂ ਕਿ ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਵੱਡਾ ਕਾਰੋਬਾਰ ਇਹਨਾਂ ਨਵੇਂ ਵਾਇਰਸਾਂ ਦੇ ਪੈਦਾ ਹੋਣ ਤੇ ਮਹਾਂਮਾਰੀ ’ਚ ਵਟ ਜਾਣ ਲਈ ਸਭ ਤੋਂ ਵੱਡਾ ਦੋਸ਼ੀ ਹੈ। ਇਹ ਅਤਿ-ਆਧੁੁਨਿਕ ਤਰੀਕਿਆਂ ਨਾਲ ਖੇਤੀ @ਚੋਂ ਮੁਨਾਫੇ ਹਾਸਲ ਕਰਦਾ ਹੈ। ਜਾਨਵਰਾਂ ਦਾ ਸ਼ੋਸ਼ਣ ਤੇ ਭਿਆਨਕ ਤਕਨੀਕਾਂ ਇਹਨਾਂ ਦੇ ਢੰਗ ਤਰੀਕਿਆਂ ’ਚ ਸ਼ੁੁਮਾਰ ਹਨ। ਜਿਵੇਂ ਵੱਡੇ ਪੋਲਟਰੀ ਉਦਯੋਗ ਨੇ ਬਰੈਲਰ ਮੁੁਰਗਿਆਂ ਦਾ ਵੱਡਾ ਕਾਰੋਬਾਰ ਚਲਾ ਦਿੱਤਾ ਹੈ ਪਰ ਜੀਨ ਬਦਲਣ ਕਾਰਨ ਇਹ ਸਧਾਰਨ ਮੁੁਰਗਿਆਂ ਨਾਲੋਂ ਅੱਧੀ ਖੁਰਾਕ ਨਾਲ ਪਰ ਤਿੰਨ ਗੁਣਾਂ ਤੇਜ਼ੀ ਨਾਲ ਵਿਕਾਸ ਕਰਦੇ ਹਨ। ਇਹ ਐਟੀਬਾਇਟਿਕ ਦਵਾਈਆਂ ਸਹਾਰੇ ਪਲਦੇ ਹਨ। ਇਹ ਮੁਨਾਫੇ ਦਿੰਦੇ ਹਨ ਪਰ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖੋਰਾ ਲਾਉਣ ਦਾ ਕਾਰਨ ਬਣਦੇ ਹਨ। ਕਿਉ ਕਿ ਮਨੁੱਖੀ ਸਰੀਰ ’ਚ ਜਾਂਦੇ ਇਹ  ਐਟੀਬਾਇਟਿਕ ਰੋਗ ਪ੍ਰਤੀਰੋਧਕ ਸਮਰੱਥਾ ਦੇ ਉਲਟ ਭੁਗਤਦੇ ਹਨ।

ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਸਮੁੱਚਾ ਕਾਰੋਬਾਰ ਹੀ ਅਜਿਹਾ ਹੈ ਜਿਹੜਾ ਨਵੇਂ ਵਾਇਰਸਾਂ ਦੇ ਵਿਗਸਣ ਦਾ ਅਧਾਰ ਦਿੰਦਾ ਹੈ। ਇਸਨੇ ਖੇਤੀ ਤੇ ਮਨੁੱਖੀ ਖਾਧ ਖੁਰਾਕ ਦੇ ਖੇਤਰ ’ਚ ਕੁਦਰਤੀ ਮਹੌਲ ਦਾ ਖਾਤਮਾ ਕਰਕੇ ਸਾਰਾ ਮਸਨੂਈ ਮਹੌਲ ਉਸਾਰ ਲਿਆ ਹੈ। ਇਸਨੇ ਪੌਦਿਆਂ, ਪੰਛੀਆਂ ਤੇ ਜਾਨਵਰਾਂ ਦੀਆਂ ਵੱਖ-2ਵੰਨਗੀਆਂ ਦੀ ਥਾਂ ਇਕਸਾਰ ਵੰਨਗੀਆਂ ਪੈਦਾ ਕੀਤੀਆਂ ਹਨ। ਉਹਨਾਂ ਨੂੰ ਕੁਦਰਤੀ ਮਹੌਲ ’ਚੋਂ ਕੱਢ ਕੇ  ਚਾਰਦਿਵਾਰੀਆਂ ’ਚ ਕੈਦ ਕਰ ਲਿਆ ਹੈ। ਇਸਨੇ ਬਹੁ-ਵੰਨਗੀਆਂ ’ਚ ਵਿਕਸਤ ਹੋਣ ਵਾਲੀ ਪ੍ਰਤੀਰੋਧਕ ਸਮਰੱਥਾ ਨੂੰ ਬੇਹੱਦ ਕਮਜ਼ੋਰ ਕੀਤਾ ਹੈ। ਜੰਗਲਾਂ ਦੀ ਤਬਾਹੀ ਨੇ ਵਾਤਾਵਰਨ ਵਿਗਾੜਾਂ ਨੂੰ ਤੇਜ਼ ਕਰ ਦਿੱਤਾ ਹੈ। ਜੰਗਲੀ ਤੇ ਕੁਦਰਤੀ ਮਹੌਲ ’ਚ ਪਲਣ ਦੀ ਥਾਂ ਮਨੁੱਖੀ ਖਾਧ ਖੁਰਾਕ ਬਣਨ ਵਾਲੇ ਜਾਨਵਰ ਗੈਰ-ਕੁੁਦਰਤੀ ਢੰਗ ਨਾਲ ਸਿਰਜੇ ਗਏ ਮਸਨੂਈ ਮਹੌਲ ’ਚ ਵੱਡੇ ਹੁੰਦੇ ਹਨ। ਕੁਦਰਤੀ ਵਾਤਾਵਰਨ ’ਚ ਪਲਣ-ਰਹਿਣ ਵਾਲੇ ਜੀਵਾਂ ’ਚ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਹੁੰਦੀ ਹੈ, ਜਦ ਕਿ ਫੈਕਟਰੀ-ਨੁੁਮਾ ਫਾਰਮਾਂ ’ਚ ਰੱਖੇ ਜੀਵਾਂ ’ਚ ਇਹ ਬੇਹੱਦ ਘਟ ਰਹੀ ਹੈ। ਇਹਨਾਂ ’ਚ ਵਿਗਸਦੇ ਤੇ ਫੈਲਦੇ ਵਾਇਰਸਾਂ ਦਾ ਮਨੁੱਖਾਂ ਤੱਕ ਸੰਚਾਰ ਹੁੰਦਾ ਹੈ ਤੇ ਇਹ ਤਬਾਹਕੁੰੁਨ ਹੋ ਨਿੱਬੜਦੇ ਹਨ। ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਖੇਤੀ ਰਾਹੀਂ ਪੈਦਾ ਕੀਤੀ ਜਾ ਰਹੀ ਖਾਧ-ਖੁਰਾਕ ਬੁਨਿਆਦੀ ਤੌਰ ’ਤੇ ਮੁਨਾਫ਼ੇ ਦੀਆਂ ਲੋੜਾਂ ’ਤੇ ਅਧਾਰਿਤ ਹੈ ਅਤੇ ਇਹਨਾਂ ਮੁਨਾਫਿਆਂ ਦੀ ਗਰੰਟੀ ਲਈ ਸਭਨਾਂ ਮੁੁਲਕਾਂ ਦੀਆਂ ਹਕੂਮਤਾਂ ਸਭ ਤਰ੍ਹਾਂ ਦੇ ਨਿਯਮਾਂ-ਕਾਨੂੰਨਾਂ  ਨੂੰ ਖਾਰਜ ਕਰਕੇ ਉਹਨਾਂ ਨੂੰ ਮਰਜ਼ੀ ਕਰਨ ਦੀ ਖੁੱਲ ਦੇ ਰਹੀਆਂ ਹਨ। ਪਛੜੇ ਮੁੁਲਕਾਂ ’ਚ ਸਸਤੀ ਜ਼ਮੀਨ ਅਤੇ  ਸਸਤੀ ਕਿਰਤ ਦੀ ਲੁੱਟ ਦੇ ਅਧਾਰ’ਤੇ ਏਥੇ ਪੰਛੀਆਂ-ਜਾਨਵਰਾਂ ਦੇ ਵੱਡੇ ਭੰਡਾਰ ਕੀਤੇ ਜਾਂਦੇ ਹਨ ਤੇ ਜਿਹੜੇ ਮਗਰੋਂ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਦੇ ਹਨ। ਜਿਣਸਾਂ ਦੀਆਂ ਕੌਮਾਂਤਰੀ ਲੜੀਆਂ ਜ਼ਰੀਏ ਪੂੰਜੀਵਾਦੀ ਸੰਸਾਰੀਕਰਨ ਆਪਣੇ ਆਪ ’ਚ ਹੀ ਇਹਨਾਂ ਵਾਇਰਸਾਂ ਨੂੰ ਦੇਸ਼ਾਂ ਦੇਸ਼ਾਂਤਰਾਂ ਤੱਕ ਫੈਲਾਉਣ ਦਾ ਸਾਧਨ ਹੈ। ਇਸ ਸੰਸਾਰੀਕਰਨ ਨੇ ਬਿਮਾਰੀਆਂ ਦਾ ਵੀ ਸੰਸਾਰੀਕਰਨ ਕਰ ਦਿੱਤਾ ਹੈ। ਸਾਡੇ ਮੁਲਕ ’ਚ ਨਵੇਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਅਸਰ ਸਿਰਫ਼ ਆਰਥਿਕ ਖੇਤਰ ਤੱਕ ਸੀਮਤ ਰਹਿਣ ਵਾਲੇ ਨਹੀਂ ਹਨ, ਸਗੋਂ ਇਹ ਮਨੁੱਖੀ ਖਾਧ-ਖੁਰਾਕ ਨੂੰ ਹੋਰ ਵਧੇਰੇ ਗੈਰ-ਕੁਦਰਤੀ ਬਣਾਉਣ ਵਾਲੇ ਹੋਣਗੇ। ਇਉ ਹੋਰ ਵਧੇਰੇ ਮਾਰੂ ਬਿਮਾਰੀਆਂ ਲਈ ਜ਼ਮੀਨ ਸਿਰਜੀ ਜਾ ਰਹੀ ਹੈ। ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰੋਨਾ ਵਾਇਰਸ ਵਰਗੇ ਰੋਗਾਂ ਦੀ ਜੰਮਣ ਭੋਂਇ ਦੇ ਖਿਲਾਫ਼ ਬਣਦਾ ਸੰਘਰਸ਼ ਵੀ ਹੈ ਜਿਸ ਨੂੰ ਇਹ ਖੇਤੀ ਕਨੂੰਨ ਕਾਰਪੋਰੇਟ ਖੇਤੀ ਮਾਡਲ ਰਾਹੀਂ ਬਣਾਉਣ ਜਾ ਰਹੇ ਹਨ।

 (ਪਿਛਲੇ ਵਰ੍ਹੇ ਦੀ ਇੱਕ ਲਿਖਤ ’ਚੋਂ)       

ਲਾਸ਼ਾਂ ਢੋਂਦੀ ਗੰਗਾ

 ਲਾਸ਼ਾਂ ਢੋਂਦੀ ਗੰਗਾ

ਕੱਠੇ ਹੋ ਸਭ ਮੁਰਦੇ ਬੋਲੇ, 

‘‘ਸਭ ਕੁਛ ਚੰਗਾ ਚੰਗਾ’’

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ


ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,

ਲੱਕੜਾਂ ਬਲ ਬਲ ਮੁੱਕੀਆਂ।

ਥੱਕ ਗਏ ਨੇ ਮੋਢੇ ਸਾਰੇ, 

ਅੱਖੀਆਂ ਰੋ ਰੋ ਸੁੱਕੀਆਂ।

ਦਰ ਦਰ ਜਾ ਜਮਦੂਤ ਖੇਲਦੇ,

ਮੌਤ-ਨਾਚ ਬੇਢੰਗਾ।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।


ਦਿਨ ਰਾਤ ਜੋ ਬਲਣ ਚਿਤਾਵਾਂ,

ਰੋਕ ਨਾ ਪੈਂਦੀ ਪਲ ਭਰ।

ਟੁੱਟੀ ਜਾਂਦੇ ਗਜਰੇ ਵੰਙਾਂ,

ਛਾਤੀਆਂ ਪਿੱਟਣ ਘਰ ਘਰ।

ਲਾਟਾਂ ਦੇਖ ਵੀ ਮੱਛਰੇ ਫਿਰਦੇ,

ਦੋਵੇਂ ‘ਬਿੱਲਾ-ਰੰਗਾ’।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।


ਰਾਜਨ ਤੇਰੇ ਉਜਲੇ ਵਸਤਰ,

ਕਹਿਣ ਤੂੰ ਰੱਬੀ ਜੋਤੀ।

ਤੂੰ ਜੋ ਸੀ ਪੱਥਰ ਤੋਂ ਭੈੜਾ,

ਰਹੇ ਸਮਝਦੇ ਮੋਤੀ।

ਹਿੰਮਤ ਹੈ ਤਾਂ ਬੋਲੋ ਭਾਈ,

ਸਾਡਾ ਰਾਜਨ ਨੰਗਾ।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।

(ਗੁਜਰਾਤੀ ਕਵਿੱਤਰੀ ਪਾਰੁਲ ਖੱਖਰ ਦੀ ਕਵਿਤਾ 

ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ)

ਬੌਧਿਕ ਸੰਪਤੀ ਅਧਿਕਾਰਾਂ ਦਾ ਮਸਲਾ ਦਵਾਈ ਕੰਪਨੀਆਂ ਲਈ ਮੁਨਾਫੇ ਦਾ ਸਵਰਗ ਕਰੋਨਾ ਮਹਾਂਮਾਰੀ

ਬੌਧਿਕ ਸੰਪਤੀ ਅਧਿਕਾਰਾਂ ਦਾ ਮਸਲਾ
ਦਵਾਈ ਕੰਪਨੀਆਂ ਲਈ ਮੁਨਾਫੇ ਦਾ ਸਵਰਗ  ਕਰੋਨਾ ਮਹਾਂਮਾਰੀ


ਸਾਰਾ ਸੰਸਾਰ ਕੋਵਿਡ ਮਹਾਂ-ਮਾਰੀ ਨਾਲ ਜੂਝ ਰਿਹਾ ਹੈ, ਲੱਖਾਂ ਲੋਕਾਂ ਦੀ ਮੌਤ ਇਸ ਅਲਾਮਤ ਨਾਲ ਹੋ ਚੁੱਕੀ ਤੇ ਅਜੇ ਵੀ ਇਸ ਸਿਲਸਿਲੇ ਦਾ ਕੋਈ ਅੰਤ ਨਜਰ ਨਹੀੰ ਪੈ ਰਿਹਾ। ਭਾਰਤ ਵਰਗੇ ਪੱਛੜੇ ਤੇ ਤੀਜੀ ਦੁਨੀਆ ਦੇ ਮੁਲਕ ਅੱਜ ਇਸ ਦੀ ਸਭ ਤੋਂ ਵੱਧਮਾਰ ਹੇਠ ਹਨ। ਪਰ ਸੰਸਾਰ ਸਾਮਰਾਜੀ ਤੇ ਪੂੰਜੀਵਾਦੀ ਪ੍ਰਬੰਧ ਲਈ ਹ ਮਹਾਂ-ਮਾਰੀ ਵੀ ਮੁਨਾਫੇ ਕਮਾਉਣ ਦਾ ਸਰੋਤ ਹੋ ਕੇ ਬਹੁੜੀ ਹੈ। ਜਦੋਂ ਦੁਨੀਆਂ ਭਰ ਦੇ ਪੱਛੜੇ ਦੇਸਾਂ ਦੇ ਕਰੋੜਾਂ ਲੋਕ ਕਰੋਨਾ ਤੋਂ ਬਚਾਅ ਲਈ ਲਗਾਈ ਜਾਣ ਵਾਲੀ ਵੈਕਸੀਨ ਦੀ ਭਾਰੀ ਤੋਟ ਨਾਲ ਜੂਝ ਰਿਹਾ ਹੈ ਤਾਂ ਦੁਨੀਆਂ ਦੀਆਂ ਵੱਡੀਆਂ ਦਵਾਈ ਕੰਪਨੀਆਂ ਪੇਟੈੰਟ ਤੇ ਬੌਧਿਕ ਸੰਪਤੀ ਕਾਨੂੰਨਾਂ ਦੀ ਆੜ ਹੇਠ, ਕਰੋਨਾ ਵੈਕਸੀਨ ਤੇ ਆਪਣੇ ਏਕਾਧਿਕਾਰ ਰਾਹੀਂ ਕਰੋੜਾਂ-ਅਰਬਾਂ ਦੇ ਮੁਨਾਫੇ ਕਮਾਉਣ ਲਈ ਸੰਸਾਰ ਜਨਤਕ ਸਿਹਤ ਦੀ ਬਲੀ ਦੇਣ ਲਈ ਤਹੂ ਹਨ। 

ਬੀਤੇ ਵਰ੍ਹੇ ਕਰੋਨਾਂ ਮਹਾਂਮਾਰੀ ਦੇ ਸੰਸਾਰ ਵਿਆਪੀ ਰੂਪ ਧਾਰਨ ਕਰ ਜਾਣ ਮਗਰੋਂ, ਦੁਨੀਆਂ ਭਰ ਦੀਆਂ ਵੱਡੀਆਂ  ਦਵਾਈ ਕੰਪਨੀਆਂ ਵਿੱਚ ਇਸ ਬਿਮਾਰੀ ਲਈ ਵੈਕਸੀਨ ਤਿਆਰ ਕਰਨ ਲਈ ਦੌੜ ਸ਼ੁਰੂ ਹੋ ਗਈ ਸੀ। ਇਹ ਦਵਾਈ ਕੰਪਨੀਆਂ ਮੁੱਖ ਤੌਰ ਤੇ ਧਨਾਢ ਮੁਲਕਾਂ ਅਮਰੀਕਾ, ਇੰਗਲੈੰਡ, ਸਵਿਟਜਰਲੈੰਡ,ਜਰਮਨੀ ਤੇ ਰੂਸ ਆਦਿ ਨਾਲ ਸਬੰਧਿਤ ਹਨ। ਇਹਨਾਂ ਦਵਾਈ ਕੰਪਨੀਆਂ ਵੱਲੋਂ ਕੁੱਲ ਚਾਰ-ਪੰਜਾ ਤਰ੍ਹਾਂ ਦੀ ਵੈਕਸੀਨ ਤਿਆਰ ਕੀਤੀ ਗਈ ਹੈ ਜਿਸਦੇ ਪੇਟੈੰਟ ਹੱਕ ਇਹਨਾਂ ਦਵਾਈ ਕੰਪਨੀਆਂ ਕੋਲ ਹਨ। ਬੀਤੇ ਅਕਤੂਬਰ ਵਿੱਚ ਭਾਰਤ ਤੇ ਅਫਰੀਕਾ ਨੇ ਵਿਸ਼ਵ ਵਪਾਰ ਸੰਘ ਕੋਲ ਅਪੀਲ ਕੀਤੀ ਸੀ ਕਿ ਵਿਕਾਸਸ਼ੀਲ ਤੇ ਪੱਛੜੇ ਮੁਲਕਾਂ ਵਿੱਚ ਵੈਕਸੀਨ ਦੀ ਪੂਰਤੀ ਯਕੀਨੀ ਬਣਾਉਣ ਲਈ ਕੁੱਝ ਅਸਥਾਈ ਸਮੇਂ ਲਈ ਇਹਨਾਂ ਪੇਟੈਂਟ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਪੱਛੜੇ ਮੁਲਕ ਸਥਾਨਕ ਪੱਧਰ ਤੇ ਵੈਕਸੀਨ ਤਿਆਰ ਕਰਕੇ ਵਸੋਂ ਨੂੰ ਲਗਾ ਸਕਣ। ਪਰ ਇਸ ਅਪੀਲ ਨੂੰ ਦਾਖਲ ਕੀਤਿਆਂ ਛੇ ਮਹੀਨੇ ਤੋਂ ਵੱਧ ਅਰਸਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸਤੇ ਕੋਈ ਫੈਸਲਾ ਨਹੀੰ ਲਿਆ ਗਿਆ ਜਦੋਂ ਕਿ ਇਸੇ ਦੌਰਾਨ ਇਹ ਮਹਾਂ-ਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਕੁੱਝ ਦਿਨ ਪਹਿਲਾਂ ਉਰੂਗੁਏ ਵਾਰਤਾ ਦੌਰਾਨ ਜਦੋਂ ਇਸ ’ਤੇ ਚਰਚਾ ਹੋਈ ਤਾਂ ਸੌ ਤੋਂ ਵੱਧ ਪੱਛੜੇ ਮੁਲਕਾਂ ਨੇ ਇਸਦਾ ਸਮਰਥਨ ਕੀਤਾ ਤੇ ਮਗਰੋਂ ਅਮਰੀਕਾ ਨੇ ਵੀ ਹਾਮੀ ਭਰੀ। ਪਰ ਅਮਰੀਕਾ ਦੀ ਹਾਮੀ ਆਉਣ ਸਾਰ ਹੀ ਦੁਨੀਆਂ ਦੀਆਂ ਵੱਡੀਆਂ ਦਵਾ ਕੰਪਨੀਆਂ ਦੀਆਂ ਭਵਾਂ ਚੜ੍ਹ ਗਈਆਂ ਤੇ ਉਹਨਾਂ ਵੱਲੋਂ ਇਸਦੀ ਜੋਰਦਾਰ ਮੁਖਾਲਫਤ ਕੀਤੀ ਜਾ ਰਹੀ ਹੈ। ਇਸ ਮੁਖਾਲਫਤ ਵਿੱਚ ਸਭ ਤੋਂ ਮੋਹਰੀਆਂ ਵਿੱਚ ਇੱਕ ਦੁਨੀਆ ਭਰ ਵਿੱਚ ਮੈਡੀਕਲ ਖੇਤਰ ਵਿੱਚ ਸਭ ਤੋਂ ਵੱਧ ਦਾਨੀ ਕਹਾਉਣ ਵਾਲੀ  ਬਿਲ ਗੇਟਸ ਦੀ ਕੰਪਨੀ ਬਿਲ ਤੇ ਮਿਲਿੰਦਾ ਗੇਟਸ ਫਾਊਂਡੇਸਨ ਪ੍ਰਮੁੱਖ ਹੈ।

ਅਸਲ ਵਿੱਚ 1986 ਤੋਂ 1994 ਤੱਕ ਗੈਟ ਦੇ ਅੰਤਰਗਤ ਵਪਾਰ ਦੀਆਂ ਸ਼ਰਤਾਂ ਸਬੰਧੀ ਉਰੂਗੁਏ ਵਾਰਤਾ ਦੇ ਕਈ ਦੌਰ ਚੱਲੇ ਜਿਹਨਾਂ ਦੌਰਾਨ ਵਿਕਸਿਤ ਮੁਲਕਾਂ ਵੱਲੋਂ ਦਬਾਅ ਤੇ ਲਾਲਚ ਦੋਹਾਂ ਦੀ ਵਰਤੋਂ ਕਰਕੇ ਗੈਟ ਸਮਝੋਤੇ ਵਿੱਚ ਸ਼ਾਮਿਲ ਵਿਕਾਸਸ਼ੀਲ ਮੁਲਕਾਂ ਕੋਲੋਂ ਪੇਟੈੰਟ ਤੇ ਬੌਧਿਕ ਅਧਿਕਾਰ ਸੰਪਤੀ ਕਾਨੂੰਨਾਂ ਦੀਆਂ ਸ਼ਰਤਾਂ ਮੰਨਵਾਈਆਂ ਗਈਆਂ ਜਿਹਨਾਂ ਤਹਿਤ ਹਰ ਨਵੀਂ ਖੋਜ ਉੱਪਰ 20 ਸਾਲਾਂ ਤੱਕ ਉਸਦੀ ਕੰਪਨੀ ਦਾ ਏਕਾਧਿਕਾਰ ਹੋਵੇਗਾ। ਇਸੇ ਦੌਰਾਨ ਸ਼ਰਤਾਂ ਵਿੱਚ ਇਹ ਮਦ ਵੀ ਪਾਈ ਗਈ ਸੀ ਕਿ ਕਿਸੇ ਵੱਡੀ ਜਾਂ ਖਾਸ ਕੁਦਰਤੀ ਆਫਤ ਜਾਂ ਲੋੜ ਮੌਕੇ ਇਹਨਾਂ ਕਾਨੂੰਨਾਂ ਨੂੰ ਅਸਥਾਈ ਤੌਰ ਤੇ ਰੱਦ ਵੀ ਕੀਤਾ ਜਾ ਸਕਦਾ ਹੈ। ਇਸੇ ਮਦ ਤਹਿਤ ਭਾਰਤ ਤੇ ਅਫਰੀਕਾ ਨੇ ਕੋਵਿਡ ਵੈਕਸੀਨ ਦੇ ਨਿਰਮਾਣ ਲਈ ਪੇਟੈਂਟ ਕਾਨੂੰਨਾਂ ਤੋਂ ਛੋਟ ਮੰਗੀ ਸੀ, ਜਿਸ ਉਪਰ ਦਵਾ ਕੰਪਨੀਆਂ ਨੂੰ ਔਖ ਹੋ ਰਹੀ ਹੈ।

ਜਿਵੇਂ ਹੀ ਅਮਰੀਕਾ ਵੱਲੋਂ ਵਿਸ਼ਵ ਵਪਾਰ ਸੰਸਥਾ ਅੰਦਰ ਇਹ ਐਲਾਨ ਕੀਤਾ ਗਿਆ ਕਿ ਉਹ ਕੋਰੋਨਾ ਵੈਕਸੀਨ ਮਾਮਲੇ ’ਚ ਪੇਟੈੰਟ ਕਾਨੂੰਨ ਰੱਦ ਕਰਨ ਦੀ ਵਕਾਲਤ ਕਰ ਸਕਦਾ ਹੈ ਤਾਂ ਤੁਰੰਤ ਹੀ ਕੌਮਾਂਤਰੀ ਦਵਾ ਕੰਪਨੀਆਂ ਦੀ ਔਖ ਸਾਹਮਣੇ ਆਉਣੀ ਸ਼ੁਰੂ ਹੋ ਗਈ। ਅੰਤਰ-ਰਾਸ਼ਟਰੀ ਦਵਾ ਸਨਅਤ ਫੈਡਰੇਸ਼ਨ ( ) ਦੇ ਚੇਅਰਮੈਨ ਨੇ ਕਿਹਾ,“ ਅਮਰੀਕਾ ਵੱਲੋੰ ਕੋਵਿਡ-19 ਵੈਕਸੀਨ ’ਤੇ ਪਟੈਂਟ ਰੋਕਾਂ ਨੂੰ ਅਸਥਾਈ ਸਮੇਂ ਲਈ  ਹਟਾਉਣ ਦੀ ਹਿਮਾਇਤ ਕਰਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ।’’

ਦਵਾਈ ਖੋਜ ਤੇ ਪੈਦਾਵਾਰ ਸੰਘ ਅਮਰੀਕਾ ਦੇ ਪ੍ਰਧਾਨ ਤੇ ਸੀ.ਈ.ਓ. ਸਟੀਫਨ ਉਬੀ ਨੇ ਕਿਹਾ,“ ਇਹ ਫੈਸਲਾ ਜਨਤਕ ਤੇ ਪ੍ਰਾਈਵੇਟ ਭਾਗੀਦਾਰਾਂ ਵਿੱਚ ਭੁਲੇਖੇ ਪੈਦਾ ਕਰੇਗਾ, ਦਵਾ ਉਦਯੋਗ ਦੀਆਂ ਪਹਿਲਾਂ ਹੀ ਦਬਾਅ ਹੇਠਲੀਆਂ ਸਪਲਾਈ ਲਾਇਨਾਂ ਨੂੰ ਕਮਜੋਰ ਕਰੇਗਾ ਤੇ ਸਸਤੀਆਂ ਤੇ ਘੱਟ ਅਸਰਦਾਰ ਦਵਾਈਆਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰੇਗਾ। ਇਸੇ ਤਰਾਂ ਅਮਰੀਕਾ ਦੀ ਇੱਕ ਦਵਾ ਕੰਪਨੀ ਦਾ ਨੁਮਾਇੰਦਾ ਦਿਲਚਸਪ ਦਲੀਲ ਦਿੰਦਾ ਹੈ ਕਿ ਪੇਟੈੰਟ ਕਾਨੂੰਨ ਰੱਦ ਕਰਨ ਨਾਲ ਇਸ ਵੈਕਸੀਨ ਦੀ ਤਕਨੀਕ ਚੀਨ ਤੇ ਰੂਸ ਵਰਗੇ ਦੇਸਾਂ ਕੋਲ ਚਲੀ ਜਾਵੇਗੀ ਤੇ ਜਿਸ ਨਾਲ ਮਗਰੋਂ ਉਹ ਕੈੰਸਰ ਤੇ ਦਿਲ ਦੇ ਰੋਗਾਂ ਦੇ ਇਲਾਜ ਲਈ ਦਵਾਈਆਂ ਬਣਾ ਲੈਣਗੇ। ਭਾਵ ਉਹਨਾਂ ਦਾ ਇਸ ਪ੍ਰਕਾਰ ਦੀ ਅਸਰਦਾਰ ਦਵਾਈ ਬਣਾ ਲੈਣ ਵੀ ਮੁਨਾਫਾਖੋਰ ਕੰਪਨੀਆਂ ਲਈ ਵੱਡਾ ਖਤਰਾ ਹੈ। ਇਸੇ ਤਰਾਂ ਦਵਾ ਨਿਰਮਾਣਕਾਰਾਂ  ਕੌਮਾਂਤਰੀ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਥਾਮਸ ਕੁਏਨੀ ਨੇ ਕਿਹਾ ਕਿ “ ਅੰਤਰ ਰਾਸ਼ਟਰੀ ਬੌਧਿਕ ਸੰਪਤੀ ਕਾਨੂੰਨ ਨਾਲ ਛੇੜ-ਛਾੜ ਹਾਨੀਕਾਰਕ ਤੇ ਮਾਰੂ ਹੋਵੇਗੀ।’’

ਦੁਨੀਆ ਭਰ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੇ ਦਾਨੀ ਪੁਰਖ ਵਜੋਂ ਧੁਮਾਉਣ ਵਾਲੇ ਬਿਲ ਗੇਟਸ ਨੇ ਪੇਟੈੰਟ ਕਾਨੂੰਨਾਂ ’ਚ ਰਿਆਇਤ ਤੇ ਤਿੱਖੀ ਪ੍ਰਤਿਕਰਿਆ ਦਿੰਦਿਆਂ ਇਸ ਲਈ ਵੱਡੀ “ਨਾਂਹ’’ ਸ਼ਬਦ ਵਰਤਿਆ। ਉਸਨੇ ਅੱਗੇ ਕਿਹਾ,“ ਦੁਨੀਆ ਵਿੱਚ ਏਸ ਵੇਲੇ ਵੈਕਸੀਨ ਤਿਆਰ ਕਰਨ ਵਾਲੀਆਂ ਕੁੱਝ ਕੁ ਹੀ ਫੈਕਟਰੀਆਂ ਮੌਜੂਦ ਹਨ। ਲੋਕ ਆਪਣੀ ਸੁਰੱਖਿਆ ਨੂੰ ਲੈਕੇ ਬਹੁਤ ਚਿੰਤਤ ਹਨ ਇੱਥੋਂ ਦੀ ਇੱਕ ਫੈਕਟਰੀ ਵਿੱਚੋਂ ਭਾਰਤ ਦੀ ਇੱਕ ਫੈਕਟਰੀ ਵਿੱਚ ਵੈਕਸੀਨ ਨੂੰ ਤਬਦੀਲ ਕਰਨਾ ਹੈਰਾਨਕੁੰਨ ਹੈ। ਇਹ ਸਿਰਫ ਸਾਡੀਆਂ ਗਰਾਂਟਾਂ ਤੇ ਮੁਹਾਰਤ ਦੀ ਕੀਮਤ ’ਤੇ ਹੋਵੇਗਾ।’’

ਦਵਾ ਕੰਪਨੀਆਂ ਦੇ ਇਸ ਵਿਰੋਧ ਦਾ ਕਾਰਨ ਇਸ ਮਹਾਂ-ਮਾਰੀ ਦੌਰਾਨ ਵੀ ਅੰਨ੍ਹੇ ਮੁਨਾਫੇ ਕਮਾਉਣ ਦੀ ਹਿਰਸ ਤੋਂ ਬਿਨਾ ਹੋਰ ਕੁੱਝ ਵੀ ਨਹੀਂ। ਅਸਲ ਵਿੱਚ ਵੱਡੀਆਂ ਮੁਨਾਫੇਖੋਰ ਦਵਾ ਕੰਪਨੀਆਂ ਦਾ ਝੁਕਾਅ ਲੰਮੇ ਸਮੇਂ ਤੱਕ ਵਿਕਦੇ ਰਹਿਣ ਵਾਲੀਆਂ ਤੇ ਮਹਿੰਗੀਆਂ ਦਵਾਈਆਂ ਬਣਾਉਣ ਵੱਲ ਹੈ ਜਿਵੇਂ ਕਂੈਸਰ ਤੇ ਦਿਲ ਦੇ ਰੋਗਾਂ ਦੀਆਂ ਦਵਾਈਆਂ। ਬਹੁਤ ਘੱਟ ਕੰਪਨੀਆਂ ਵੈਕਸੀਨ ਵਰਗੇ ਖੇਤਰ ਵਿੱਚ ਪੈਰ ਧਰਦੀਆਂ ਹਨ ਕਿਉ ਕਿ ਵੈਕਸੀਨ ਨੇ ਸਿਰਫ ਇੱਕ ਜਾਂ ਦੋ ਵਾਰ ਲੱਗਣਾ ਹੁੰਦਾ ਹੈ। ਪਰ ਕਰੋਨਾ ਮਹਾਂ-ਮਾਰੀ ਇਹਨਾਂ ਲਈ ਸੁਨਿਹਰੀ ਮੌਕਾ ਬਣ ਕੇ ਬਹੁੜੀ ਹੈ। ਦੁਨੀਆ ਭਰ ਅੰਦਰ ਵੈਕਸੀਨ ਵੇਚਣ ਤੇ ਮੁਨਾਫੇ ਕਮਾਉਣ ਦਾ ਸੁਨਿਹਰੀ ਮੌਕਾ ਬਣਕੇ ਬਹੁੜੀ ਹੈ। ਇਸ ਮੌਕੇ ਸਬੰਧੀ ਉਹਨਾਂ ਦੀ ਲਾਲਸਾ ਇੱਕ ਮਸ਼ਹੂਰ ਮਹਾਂ-ਮਾਰੀ ਵਿਗਿਆਨੀ ਤੇ ਹਾਰਵਰਡ ਮੈਡੀਕਲ ਸਕੂਲ ਦਾ ਵਕੀਲ ਅਮੀਟ ਸਰਪਟਵਾਰੀ ਇਸ ਬਾਰੇ ਹੁੱਬ ਕੇ ਕਹਿੰਦਾ ਹੈ ਕਿ,“ ਵੈਕਸੀਨ ਨਿਰਮਾਣ ਦੀ ਆਰਥਿਕਤਾ ਨੂੰ ਬਦਲਣ ਦਾ ਜੇ ਕੋਈ ਮੌਕਾ ਹੈ ਤਾਂ ਇਹ ਸਿਰਫ ਹੁਣ ਹੈ। ਇਹ ਆਮ ਵਾਂਗ ਕਾਰੋਬਾਰ ਹੈ ਜਿੱਥੇ ਨਿਰਮਾਤਾ ਨਿਰਮਾਣ ਦਾ ਹੱਕ ਹਾਸਲ ਕਰਦਾ ਹੈ ਤੇ ਅਸੀੰ ਇੱਛਾ ਕਰ ਸਕਦੇ ਹਾਂ ਕਿ ਜਨ-ਸਧਾਰਨ ਦੀ ਮਾਨਸਿਕਤਾ ਦਾ ਧਿਆਨ ਰੱਖਦਿਆਂ ਉਹ ਆਪਣੀ ਉਪਜ ਦੀ ਕੀਮਤ ਭਰੋਸੇਯੋਗ ਰੱਖੇਗਾ।’’ ਇੰਗਲੈੰਡ ਦਾ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੰਗੇ ਚਿੱਟੇ ਰੂਪ ਵਿੱਚ ਕਬੂਲ ਕਰਦਿਆਂ ਕਹਿੰਦਾ ਹੈ,“ ਕੋਵਿਡ-19 ਵੈਕਸੀਨ ਦੀ ਰਿਕਾਰਡ ਸਮੇਂ’ਚ ਖੋਜ ਪੂੰਜੀਵਾਦ ਕਰਕੇ ਹੈ, ਲਾਲਚ ਕਰਕੇ ਹੈ।’’ ਇਸੇ ਲਾਲਚ ਕਰਕੇ ਬਿਲ ਗੇਟਸ ਨਾ ਸਿਰਫ ਪੇਟੈਂਟ ਰਿਆਇਤਾਂ ਦੀ ਮੁਖਾਲਫਤ ਕਰਦਾ ਹੈ ਸਗੋਂ ਰਿਆਇਤਾਂ ਦੇਣ ਵਾਲੀਆਂ ਹੋਰਨਾਂ ਕੰਪਨੀਆਂ ਨੂੰ ਵੀ ਰਿਆਇਤਾਂ ਦੇਣ ਤੋਂ ਵਰਜਦਾ ਹੈ। ਇਸਦੀ ਵੱਡੀ ਉਦਹਾਰਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਵੈਕਸੀਨ ਦੇ ਮਾਮਲੇ ਵਿੱਚ ਸਾਹਮਣੇ ਆਉੰਦੀ ਹੈ। ਕਰੋਨਾ ਵੈਕਸੀਨ ਨਿਰਮਾਣ ਦੌਰਾਨ ਆਕਸਫੋਰਡ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਵੈਕਸੀਨ ਬਿਨਾ ਕਿਸੇ ਮੁਨਾਫੇ ਦੇ ਕੇਵਲ ਲਾਗਤ ਕੀਮਤ ਲੈਕੇ ਕਿਸੇ ਵੀ ਕੰਪਨੀ ਨੂੰ ਬਣਾਉਣ ਦੇ ਹੱਕ ਪ੍ਰਦਾਨ ਕਰੇਗੀ। ਪਰ ਜਦੋੰ ਵੈਕਸੀਨ ਬਣੀ ਤਾਂ ਬਿਲ ਗੇਟਸ ਦੀ ਬਿਲ ਐੰਡ ਮਿਲਿੰਦਾ ਗੇਟਸ ਫਾਊੰਡੇਸ਼ਨ ਨੇ ਆਕਸਫੋਰਡ ਨੂੰ ਕਿਹਾ ਕਿ ਲਾਗਤ ਕੀਮਤ ਤੇ ਵੈਕਸੀਨ ਨਿਰਮਾਣ ਦੇ ਹੱਕ ਦੇਣ ਦੀ ਬਜਾਏ, ਇਸਨੂੰ ਦਵਾ ਕੰਪਨੀ ਅਸਟਰਾ-ਜੈਨੇਕਾ ਨੂੰ ਵੇਚ ਦੇਵੇ। ਆਕਸਫੋਰਡ ਯੂਨੀਵਰਸਿਟੀ ਨੇ ਇਸੇ ਤਰਾਂ ਕੀਤਾ ਤੇ ਹੁਣ ਉਹ ਦਵਾ ਕੰਪਨੀ ਇਸਨੂੰ ਮੁਨਾਫਾ ਲੈਕੇ ਵੇਚ ਰਹੀ ਹੈ। ਅਜਿਹਾ ਕਿਉ ਕੀਤਾ ਗਿਆ? ਕਿਉਕਿ ਬਿਲ ਗੇਟਸ ਨੇ ਲੱਗਭਗ 250 ਮਿਲੀਅਨ ਡਾਲਰ ਵੈਕਸੀਨ ਨਿਰਮਾਣ ਖੇਤਰ ਵਿੱਚ ਨਿਵੇਸ਼ ਕੀਤੇ ਹਨ ਤੇ ਲੱਗਭਗ ਸਾਰੀਆਂ ਵੈਕਸੀਨ ਜੋ ਬਜਾਰ ਵਿੱਚ ਹਨ, ਉਹਨਾਂ ਵਿੱਚ ਉਸਦਾ ਹਿੱਸਾ ਹੈ ਤੇ ਉਹ ਉਹਨਾਂ ਤੋਂ ਮੁਨਾਫਾ ਕਮਾ ਰਿਹਾ ਹੈ ਸਮੇਤ ਆਕਸਫੋਰਡ ਦੀ ਆਸਟਰਾ-ਜੈਨੇਕਾ ਵੈਕਸੀਨ ਦੇ।

ਦੁਨੀਆਂ ਦੀਆਂ ਵੱਡੀਆਂ ਦਵਾ ਕੰਪਨੀਆਂ ਜਦੋਂ ਮੁਨਾਫੇ ਦੀ ਹਿਰਸ ਖਾਤਰ ਵੈਕਸੀਨ ਤਕਨੀਕ ਸਾਂਝੀ ਕਰਨ ਤੋਂ ਟਾਲਾ ਵੱਟ ਰਹੀਆਂ ਹਨ ਉਦੋਂ ਦੁਨੀਆਂ ਵਿੱਚ ਲੱਖਾਂ ਲੋਕ ਮਹਾਂ-ਮਾਰੀ ਕਾਰਨ ਬਿਮਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ ’ਚ ਜਾ ਰਹੇ ਹਨ। ਵੈਕਸੀਨ, ਇਸ ਬਿਮਾਰੀ ਦੀ ਰੋਕਥਾਮ ਦਾ ਘੱਟ ਜਾਂ ਵੱਧ ਅਸਰਕਾਰ ਇੱਕ ਉਪਾਅ ਹੈ। ਪਰ ਦੁਨੀਆ ਪੱਧਰ ਤੇ ਇਸਦੀ ਅਣਸਾਂਵੀ ਵੰਡ ਤੇ ਵੱਡੇ ਮੁਲਕਾਂ ਦੇ ਇਸਦੇ ਕਬਜੇ ਕਾਰਨ, ਇਸ ਮਹਾਂ-ਮਾਰੀ ਦਾ ਵੱਡਾ ਖਮਿਆਜਾ ਗਰੀਬ ਮੁਲਕਾਂ ਦੇ ਅਤਿ-ਗਰੀਬ ਲੋਕ ਭੁਗਤ ਰਹੇ ਹਨ। ਅੰਕੜਿਆਂ ਅਨੁਸਾਰ ਵਿਕਸਿਤ ਮੁਲਕਾਂ ਅੰਦਰ ਹਰੇਕ 4  ਵਿੱਚੋਂ 1 ਬਾਲਗ ਵਿਅਕਤੀ ਨੂੰ ਵੈਕਸੀਨ ਲਗਾਈ ਜਾ ਚੁੱਕੇ ਹੈ ਪਰ ਗਰੀਬ ਮੁਲਕਾਂ ਦੀ ਜਨਤਾ ਸਬੰਧੀ ਇਹ ਅੰਕੜਾ ਹਰ 500 ਬਾਲਗ ਵਿਅਕਤੀਆਂ ਪਿੱਛੇ 1  ਵਿਅਕਤੀ ਹੈ। ਅਨੁਮਾਨਾਂ ਅਨੁਸਾਰ  ਵਿਕਸਿਤ ਮੁਲਕਾਂ ਅੰਦਰ ਅਗਲੇ ਸਾਲ ਦੇ ਅੱਧ ਤੱਕ ਸਾਰੀ ਵਸੋਂ ਨੂੰ ਵੈਕਸੀਨ ਲੱਗ ਜਾਵੇਗੀ ਜਦੋਂ ਕਿ ਗਰੀਬ ਮੁਲਕਾਂ ਅੰਦਰ ਇਹ ਟੀਚਾ (ਜੇਕਰ ਕਦੇ ਪੂਰਾ ਹੋ ਸਕਿਆ) 2024 ਤੱਕ ਪੂਰਾ ਹੋਵੇਗਾ। ਉਦੋਂ ਤੱਕ ਇਹਨਾਂ ਮੁਲਕਾਂ ਦੇ ਲੋਕ ਮਾੜੀਆਂ ਸਿਹਤ ਸਹੂਲਤਾਂ, ਘਟੀਆ ਸਿਹਤ ਪ੍ਰਬੰਧ ਤੇ ਵੈਕਸੀਨ ਦੀ ਅਣਹੋਂਦ ਕਾਰਨ ਮੌਤ ਦੇ ਮੂੰਹ ਪੈੰਦੇ ਰਹਿਣਗੇ। ਦੂਜੇ ਪਾਸੇ ਦੁਨੀਆ ਭਰ ਦੇ ਚੋਟੀ ਦੇ  70 ਮਹਾਂ-ਮਾਰੀ ਵਿਗਿਆਨੀਆਂ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦੀ ਬਣਤਰ-ਪਰਿਵਰਤਨ ਕਾਰਨ ਅਗਲੇ ਸਾਲ ਤੱਕ ਮੌਜੂਦਾ ਸਾਰੀਆਂ ਵੈਕਸੀਨ ਆਪਣੀ ਅਸਰਦਾਰੀ ਗਵਾ ਦੇਣਗੀਆਂ, ਭਾਵ ਨਵੀਆਂ ਵੈਕਸੀਨ ਦੀ ਲੋੜ ਪਵੇਗੀ, ਸੋ ਵੈਕਸੀਨ ਨਿਰਮਾਤਾ ਕੰਪਨੀਆਂ ਦੇ ਮੁਨਾਫੇ ਲਈ ਲੰਮੇ ਸਮੇਂ ਦਾ ਜੁਗਾੜ ਹੋ ਜਾਵੇਗਾ। ਇਸੇ ਵੈਕਸੀਨ ਸੰਕਟ ਨੂੰ ਦਵਾਈ ਕੰਪਨੀਆਂ ਮੁਨਾਫੇ ਦੇ ਸੁਨਿਹਰੀ ਮੌਕੇ ਵਜੋਂ ਦੇਖ ਰਹੀਆਂ ਹਨ। ਇਸੇ ਕਰਕੇ ਵੈਕਸੀਨ ਤੇ ਪੇਟੈੰਟ ਰਿਆਇਤਾਂ ਦਾ ਮਸਲਾ ਸੱਤ ਮਹੀਨਿਆਂ ਤੋੰ ਹਵਾ ਵਿੱਚ ਲਟਕ ਰਿਹਾ ਹੈ ਤੇ ਸ਼ਾਇਦ ਉਦੋਂ ਨੇਪਰੇ ਚੜ੍ਹੇਗਾ ਜਦੋਂ ਇਹ ਮੌਜੂਦਾ ਵੈਕਸੀਨ ਵੈਸੇ ਹੀ ਕੂੜਾ ਬਣ ਚੁੱਕੀਆਂ ਹੋਣਗੀਆਂ।

ਇੱਥੇ ਇਹ ਗੱਲ ਵੀ ਨੋਟ ਕਰਨਯੋਗ ਹੈ ਕਿ ਦਵਾਈ ਕੰਪਨੀਆਂ ਨੇ ਇਹਨਾਂ ਵੈਕਸੀਨ ਦਾ ਨਿਰਮਾਣ ਆਪਣੇ ਪੈਸਿਆਂ ਨਾਲ ਨਹੀਂ ਸਗੋਂ ਸਰਕਾਰੀ ਫੰਡਾਂ ਨਾਲ, ਭਾਵ ਆਮ ਲੋਕਾਂ ਦੇ ਪੈਸੇ ਨਾਲ ਕੀਤਾ ਹੈ। ਮਸਲਨ ਆਕਸਫੋਰਡ ਦੀ ਅਸਟਰਾ-ਜੈਨੇਕਾ ਵੈਕਸੀਨ ਦਾ 97% ਖਰਚਾ ਸਰਕਾਰੀ ਫੰਡਾਂ ਜਾਂ ਦਾਨ ਦੀ ਰਕਮ ਵਿੱਚੋਂ ਆਇਆ ਹੈ। ਟਰੰਪ ਹਕੂਮਤ ਨੇ ਵੱਖ-ਵੱਖ ਦਵਾਈ ਕੰਪਨੀਆਂ ਨੂੰ 10 ਬਿਲੀਅਨ ਡਾਲਰ( ਦਸ ਖਰਬ ਡਾਲਰ) ਵੈਕਸੀਨ ਨਿਰਮਾਣ ਲਈ ਦਿੱਤੇ ਹਨ। ਸੋ,ਇਹ ਕੌਮਾਂਤਰੀ ਸਾਮਰਾਜੀ ਕੰਪਨੀਆਂ ਜਨਤਕ ਫੰਡਾਂ ਰਾਹੀੰ ਵੈਕਸੀਨ ਤਿਆਰ ਕਰਕੇ ਅੰਨ੍ਹੇ ਮੁਨਾਫੇ ਕਮਾ ਰਹੀਆਂ ਹਨ।

ਸੋ ਮਹਾਂ-ਮਾਰੀ ਦੇ ਇਸ ਦੌਰ ਅੰਦਰ ਦਵਾ-ਸਨਅਤ ਅੰਦਰ ਵੱਡੇ ਸਾਮਰਾਜੀ ਮੁਲਕਾਂ ਤੇ ਬਹੁ-ਕੌਮੀ ਮੁਨਾਫਾਖੋਰ ਦਵਾ ਕੰਪਨੀਆਂ ਦੀ ਅਜਾਰੇਦਾਰੀ ਖਿਲਾਫ ਜੋਰਦਾਰ ਅਵਾਜ ਬੁਲੰਦ ਕਰਨ ਦੀ ਲੋੜ ਹੈ। ਪੇਟੈੰਟ ਤੇ ਬੌਧਿਕ ਸੰਪਤੀ ਕਾਨੂੰਨਾਂ ਦੀ ਆੜ ਹੇਠ ਤਕਨੀਕ ਤੇ ਅਜਾਰੇਦਾਰੀ ਰਾਹੀੰ ਗਰੀਬ ਮੁਲਕਾਂ ਦੀ ਭਾਰੀ ਆਰਥਿਕ ਲੁੱਟ ਖਿਲਾਫ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਦੀ ਲੋੜ ਹੈ। ਇਸਦੇ ਨਾਲ ਸਾਡੇ ਮੁਲਕ ਦੀ ਸਰਕਾਰ ਤੋਂ ਗੈਟ ਵਰਗੇ ਗੈਰ-ਨਿਆਈੰ ਤੇ ਗੋਡੇ-ਟੇਕੂ ਸਮਝੌਤਿਆਂ ਤੋੰ ਬਾਹਰ ਆਉਣ ਦੀ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ।   

ਕਰੋਨਾ ਸੰਕਟ, ਸਮਾਜ ਤੇ ਮੁਲਕ ਦੀ ਲੀਡਰਸ਼ਿਪ

 ਕਰੋਨਾ ਸੰਕਟ, ਸਮਾਜ ਤੇ ਮੁਲਕ ਦੀ ਲੀਡਰਸ਼ਿਪ

ਸਾਡੇ ਦੇਸ ’ਚ ਵਿਆਪਕ ਪੱਧਰ ’ਤੇ ਅੰਧ ਵਿਸਵਾਸਾਂ ਤੇ ਗੈਰ ਵਿਗਿਆਨਕ ਧਾਰਨਾਵਾਂ ਦਾ ਬੋਲਬਾਲਾ ਹੈ। ਬਿਮਾਰੀਆਂ ਦੇ ਵਿਗਿਆਨਕ ਇਲਾਜਾਂ ਲਈ ਸਰਕਾਰੀ ਸਿਹਤ ਢਾਚਾਂ ਗੈਰ ਹਾਜਰ ਹੋਣ ਕਾਰਨ ਤੇ ਪ੍ਰਾਈਵੇਟ ਸਿਹਤ ਸਹੂਲਤਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਲੋਕਾਂ ਦੀ ਟੇਕ ਵੱਖ-ਵੱਖ ਪੱਧਰਾਂ ਤੇ ਓਹੜ-ਪੋਹੜ ਕਰਨ ’ਚ ਰਹਿੰਦੀ ਹੈ। ਵਿਸ਼ਾਲ ਪੇਂਡੂ ਖੇਤਰਾਂ ’ਚ ਤਾਂ ਦੇਸੀ ਵੈਦ ਤੇ ਗੈਰ ਸਿੱਖਿਅਤ ਡਾਕਟਰ ਹੀ ਲੋਕਾਂ ਦਾ ਆਸਰਾ ਹਨ। ਅੰਧ ਵਿਸਵਾਸਾਂ ਕਾਰਨ ਟੂਣੇ-ਟਾਮਣਾਂ ਦਾ ਚੱਕਰ ਵੀ ਚੱਲਦਾ ਹੈ। ਗੈਰ ਵਿਗਿਆਨਕ ਇਲਾਜ ਵਿਧੀਆਂ ਦੀ ਭਰਮਾਰ ਹੈ। ਜਿੰਨ੍ਹਾਂ ਬਿਮਾਰੀਆਂ ਬਾਰੇ ਅਜੇ ਮੈਡੀਕਲ ਵਿਗਿਆਨ ਵੀ ਅਣਜਾਣਤਾ ਦੀ ਪੱਧਰ ’ਤੇ ਹੁੰਦਾ ਹੈ ਉਹਨਾਂ ਬਾਰੇ ਹਾਸਲ ਮੁੱਢਲੀ ਤੇ ਸੀਮਤ ਜਾਣਕਾਰੀ ਦੇ ਅਧਾਰ ’ਤੇ ਕੋਈ ਪੇਸ਼ਬੰਦੀਆਂ ਕਰਨਾਂ ਜਾਂ ਉਸਨੂੰ ਗੰਭੀਰਤਾ ਨਾਲ ਲੈਣਾ ਆਮ ਲੋਕਾਂ ਲਈ ਸੁਭਾਵਿਕ ਜਿਹਾ ਵਰਤਾਰਾ ਨਹੀਂ ਹੁੰਦਾ। ਕਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਲੰਘੇ ਤਜਰਬੇ ਨੇ ਇਹੀ ਦਿਖਾਇਆ ਹੈ ਕਿ ਆਮ ਕਰਕੇ ਲੋਕਾਂ ਦਾ ਹੁੰਗਾਰਾ ਤਰਕ-ਸੰਗਤ ਨਹੀਂ ਹੁੰਦਾ। ਜਾਂ ਤਾਂ ਬਹੁਤ ਜਿਆਦਾ ਖੌਫ ਦੀ ਪੱਧਰ ’ਤੇ ਵਿਹਾਰ ਕੀਤਾ ਜਾਂਦਾ ਹੈ ਜਾਂ ਫਿਰ ਪੂਰੀ ਤਰ੍ਹਾਂ ਅਵੇਸਲਾਪਣ ਦਿਖਾਇਆ ਜਾਂਦਾ ਹੈ ਤੇ ਇਹ ਯਕੀਨ ਕਰਨਾ ਔਖਾ ਜਾਪਦਾ ਹੈ ਕਿ ਸੱਚਮੁੱਚ ਇਹ ਕੋਈ ਗੰਭੀਰ ਬਿਮਾਰੀ ਹੈ। ਅਜਿਹੇ ਸਮੇਂ ਸਾਡੇ ਤਾਂ ਮੈਡੀਕਲ ਸਟਾਫ ਦੀ ਹਾਲਤ ਅਜਿਹੀ ਹੁੰਦੀ ਹੈ ਜਦਕਿ ਆਮ ਲੋਕ ਤਾਂ ਕਿਹੜੇ ਬਾਗ਼ ਦੀ ਮੂਲੀ ਹਨ।

ਉਸਤੋਂ ਅੱਗੇ ਸਰਕਾਰਾਂ ਤੇ ਸਮੁੱਚੇ ਰਾਜਕੀ ਢਾਂਚੇ ਪ੍ਰਤੀ ਬੇ-ਭਰੋਸਗੀ ਦੀ ਹਾਲਤ ਇਹ ਹੈ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਰਸਮੀ ਪ੍ਰਚਾਰ ’ਚ ਵੀ ਲੋਕਾਂ ਦਾ ਭਰੋਸਾ ਨਹੀਂ ਬਣਦਾ। ਪਹਿਲਾਂ ਹੀ ਜਿਸ ਅਫਸਰਸਾਹੀ ਤੇ ਪੁਲਿਸ ਮਸ਼ੀਨਰੀ ਰਾਹੀਂ ਇਹ ਕੰਮ ਕੀਤਾ ਜਾਂਦਾ ਹੈ ਉਸਦੀ ਢਲਾਈ ਹੀ ਇਸ ਕੰਮ ਲਈ ਨਹੀਂ ਹੋਈ ਹੁੰਦੀ। ਉਹਨਾਂ ਨੂੰ ਤਾਂ ਲੋਕਾਂ ਨੂੰ ਦਬਾਉਣਾ, ਧਮਕਾਉਣਾ ਹੀ ਆਉਂਦਾ ਹੈ ਤੇ ਇਸ ਸੰਕਟ ਦੌਰਾਨ ਵੀ ਪ੍ਰਚਾਰ ਦੇ ਨਾਂ ਹੇਠ ਉਹਨਾਂ ਨੇ ਆਪਣਾ ਇਹੀ ਕੰਮ ਕੀਤਾ ਹੈ। ਨਾ ਮਕਸਦ ਲੋਕਾਂ ਨੂੰ ਸਮਝਾਉਣ ਦਾ ਸੀ, ਨਾ ਸਮਝਾਉਣ ਵਾਲਾ ਕਿਰਦਾਰ ਹੀ ਹੈ। ਸਮੁੱਚੀ ਰਾਜ ਮਸ਼ੀਨਰੀ ਦੀ ਮਾਨਸਿਕਤਾ ਚ ਇਹ ਗੱਲ ਡੂੰਘੀ ਧਸੀ ਹੋਈ ਹੈ ਕਿ ਲੋਕ ਡੰਡੇ ਦੇ ਹੀ ਯਾਰ ਹਨ। 

ਕਰੋਨਾ ਸੰਕਟ ਨੂੰ ਵੀ ਜਿਵੇਂ ਮੋਦੀ ਹਕੂਮਤ ਤੇ ਕੈਪਟਨ ਹਕੂਮਤ ਨੇ ਲੋਕ ਵਿਰੋਧੀ ਨਵ ਉਦਾਰਵਾਦੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਵਰਤਿਆ ਹੈ ਇਸਨੇ ਲੋਕਾ ਦੇ ਮਨਾਂ ਚ ਇਹ ਧਾਰਨਾ ਬਣਾਈ ਕਿ ਇਹ ਕੋਈ ਵਾਇਰਸ ਜਾਂ ਬਿਮਾਰੀ ਨਹੀਂ ਹੈ ਸਗੋਂ ਇਹ ਇੱਕ ਵੱਡੀ ਸਾਜਿਸ ਹੈ ਤੇ ਸਰਕਾਰਾਂ ਵੱਲੋਂ ਆਪਣੀਆਂ ਲੁਟੇਰੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਇੱਕ ਬਹਾਨਾ ਹੈ। ਅਜਿਹੇ ਮਾਹੌਲ ਦਰਮਿਆਨ ਇਹ ਮਹਾਂਮਾਰੀ ਉਨਾ ਸਮਾਂ ਲੋਕਾਂ ਲਈ ਇੱਕ ਸ਼ੱਕੀ ਜਿਹਾ ਮਸਲਾ ਹੀ ਰਹਿੰਦੀ ਹੈ ਜਿਨਾਂ ਸਮਾਂ ਇਸਦਾ ਨੇੜਲਾ ਤਜਰਬਾ ਅਮਲ ਨਹੀਂ ਹੰਢਾ ਲਿਆ ਜਾਂਦਾ। ਭਾਵ ਆਪਣੇ ਜਾਣਕਾਰਾਂ ਨੂੰ ਇਸ ‘ਚੋੰ ਲੰਘਦਿਆਂ ਦੇਖ ਨਹੀਂ ਲਿਆ ਜਾਦਾਂ ਹੈ। ਵਿਆਪਕ ਅਨਪੜ੍ਹਤਾ, ਪਛੜੀ ਸਮਾਜੀ ਚੇਤਨਾ ਤੇ ਗੈਰ ਵਿਗਿਆਨਕ ਧਾਰਨਾਵਾਂ ਵਾਲੇ ਇਸ ਸਮਾਜ ਅੰਦਰ ਲੋਕਾਂ ਦੇ ਅਜਿਹੇ ਹੁੰਗਾਰੇ ਲਈ ਜ਼ਿੰਮੇਵਾਰੀ ਸਮੁੱਚੀ ਰਾਜ ਮਸ਼ੀਨਰੀ ਤੇ ਹਕੂਮਤੀ ਤਾਣੇ ਬਾਣੇ ਸਿਰ ਆਉਂਦੀ ਹੈ। ਜਿਸ ਨੇ ਇਸ ਮਾਹੌਲ ਅੰਦਰ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਭਰੋਸਾ ਜਿੱਤਣ ਦਾ ਰੱਤੀ ਭਰ ਵੀ ਉੱਦਮ ਨਹੀਂ ਜੁਟਾਇਆ ਸਗੋਂ ਘੋਰ ਪਿਛਾਖੜੀ ਅਮਲਾਂ ਦੀ ਨੁਮਾਇਸ਼ ਲਾਈ ਗਈ। 

ਅਜਿਹੇ ਸਮੇਂ ਹਕੂਮਤਾਂ ਦੀ ਤੇ ਮੁਲਕ ਦੀ ਲੀਡਰਸਿਪ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਹਕੀਕਤ ਦਿਖਾਉਣ ਦਾ ਯਤਨ ਕਰੇ। ਉਹਨਾਂ ਨੂੰ ਬਿਮਾਰੀ ਬਾਰੇ ਚੇਤਨ ਕਰਦਿਆਂ ਉਹਨਾਂ ਦੇ ਹੁੰਗਾਰੇ ਨੂੰ ਤਰਕ ਸੰਗਤ ਬਣਾਉਣ ਦਾ ਯਤਨ ਕਰੇ। ਪਰ ਅਜਿਹਾ ਤਾਂ ਕੋਈ ਡੂੰਘੇ ਲੋਕ ਸਰੋਕਾਰਾਂ ਨੂੰ ਪ੍ਰਣਾਈ ਲੋਕ ਪੱਖੀ ਲੀਡਰਸਿਪ ਹੀ ਕਰ ਸਕਦੀ ਹੈ। ਜਿਹੜੀ ਸਰਕਾਰ ਨੇ ਇਲਾਜ ਜਾਂ ਸਿਹਤ ਸਹੂਲਤਾਂ ਦੇ ਪਸਾਰੇ ਲਈ ਧੇਲਾ ਖਰਚਣਾ ਨਹੀਂ ਸੀ ਸਗੋਂ ਉਲਟਾ ਜਿਸ ਲਈ ਇਹ ਆਪਣੇ ਰਹਿੰਦੇ ਏਜੰਡੇ ਲਾਗੂ ਕਰਨ ਦਾ ਮੌਕਾ ਸੀ ਉਸਤੋ ਅਜਿਹੀ ਆਸ ਕੀ ਰੱਖੀ ਜਾ ਸਕਦੀ ਸੀ। ਸਰਕਾਰ ਨੇ ਲੋਕਾਂ ਨੂੰ ਚੇਤਨ ਕਰਨ ਤੇ ਸਿਹਤ ਸਹੂਲਤਾਂ ਦਾ ਵਿਆਪਕ ਪਸਾਰਾ ਕਰਨ ਦੀ ਥਾਂ ਸਾਰੀ ਟੇਕ ਲਾਕਡਾਊਨ ’ਤੇ ਰੱਖੀ। ਬਿਮਾਰੀ ਦੇ ਖੌਫ ਨਾਲੋਂ ਸਰਕਾਰੀ ਖੌਫ ਨੂੰ ਅੱਗੇ ਲਿਆਂਦਾ ਤੇ ਇਸ ਪਹੁੰਚ ਨੇ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੇ ਰਸਮੀ ਪ੍ਰਚਾਰ ਤੋਂ ਵੀ ਲੋਕਾਂ ਦਾ ਭਰੋਸਾ ਉਠਾ ਦਿੱਤਾ। ਲੋਕਾਂ ਨੇ ਸਰਕਾਰੀ ਚਲਾਣਾਂ ਤੋਂ ਬਚਣ ਦੇ ਢੰਗ ਤਾਂ ਲੱਭੇ ਪਰ ਕਰੋਨਾ ਤੋਂ ਬਚਣ ਦੇ ਇੰਤਜਾਮਾਂ ਦਾ ਬਹੁਤਾ ਫਿਕਰ ਨਹੀਂ ਕੀਤਾ ਗਿਆ। ਉਂਝ ਵੀ ਇਉਂ ਇਨਫੈਕਸ਼ਨ ਤੋਂ ਬਚਕੇ ਰਹਿਣਾ ਹਕੀਕਤਾਂ ਤੋਂ ਕੋਹਾਂ ਦੂਰ ਦੀ ਧਾਰਨਾ ਹੈ। ਸਰੀਰਕ ਤੌਰ ’ਤੇ ਦੂਰੀ ਦੀਆਂ ਅਜਿਹੀਆਂ ਪੇਸਸ਼ਬੰਦੀਆਂ ਬਹੁਤ ਸੀਮਤ ਅਰਸੇ ਵਾਸਤੇ ਹੀ ਲਾਗੂ ਕੀਤੀਆਂ ਤੇ ਨਿਭਾਈਆਂ ਜਾ ਸਕਦੀਆਂ ਹਨ। ਉਹ ਵੀ ਸਮਾਜ ਦੇ ਉਸ ਤਬਕੇ ਵੱਲੋ ਜਿਹਨਾਂ ਕੋਲ ਮਹਿਨਿਆਂ ਬੱਧੀ ਕੰਮ ’ਤੇ ਜਾਏ ਬਿਨਾਂ ਘਰੇ ਬੈਠੇ ਖਾ ਸਕਣ ਤੇ ਟੱਬਰ ਨੂੰ ਖਵਾ ਸਕਣ ਦੇ ਸਾਧਨ ਮੌਜੂਦ ਹਨ। ਜਦਕਿ ਦੇਸ ਦੇ ਕਰੋੜਾਂ ਲੋਕਾਂ ਦੀਆਂ ਜੀਵਨ ਹਾਲਤਾਂ ਅਜਿਹੀਆਂ ਨਹੀਂ ਹਨ ਤੇ ਸਰਕਾਰੀ ਸਹਾਇਤਾ ਤੋਂ ਬਿਨਾਂ ਤਾਂ ਅਜਿਹਾ ਇੱਕ ਦਿਨ ਵੀ ਸੰਭਵ ਨਹੀਂ ਹੈ। ਰੋਜ ਕਮਾ ਕੇ ਖਾਣ ਵਾਲੀ ਤੇ 20 ਰੁਪਏ ਦਿਹਾੜੀ ’ਤੇ ਗੁਜਾਰਾ ਕਰਨ ਵਾਲੀ ਮੁਲਕ ਦੀ 70-80% ਅਬਾਦੀ ਲਈ ਸਰੀਰਕ ਦੂਰੀ ਬਣਾ ਕੇ ਰੱਖਣ ਤੇ ਘਰਾਂ ਚ ਰਹਿਣ ਦੀ ਗੱਲਾਂ ਹੀ ਬੇ-ਮਾਅਨੇ ਹਨ। ਉਹਨਾਂ ਨੂੰ ਘਰਾਂ ਅੰਦਰ ਰੱਖਣ ਦਾ ਅਰਥ ਮੌਤ ਦੇ ਮੂੰਹ ’ਚ ਧੱਕਣਾ ਹੈ। ਲੋਕਾਂ ਉੱਪਰ ਜਬਰੀ ਮੜ੍ਹੇ ਗਏ ਗੈਰ-ਤਰਕਸੰਗਤ ਲਾਕਡਾਊਨ ਨੇ ਵੀ ਲੋਕਾਂ ਦਾ ਭਰੋਸਾ ਉਠਾਉਣ ’ਚ ਰੋਲ ਨਿਭਾਇਆ ਹੈ। 

ਅਜਿਹੇ ਮਾਹੌਲ ਅੰਦਰ ਲੋਕਾਂ ਨੂੰ ਭੰਬਲਭੂਸੇ ਚੋਂ ਕੱਢਣ ਦੀ ਜਿੰਮੇਵਾਰੀ ਵਾਲੀ ਮੁਲਕ ਦੀ ਲੀਡਰਸ਼ਿਪ ਨੇ ਆਪ ਸਿਰੇ ਦਾ ਗੈਰ-ਜਿੰਮੇਵਾਰ ਰਵੱਈਆ ਅਖਤਿਆਰ ਕੀਤਾ ਹੈ। ਸਰਕਾਰੀ ਪੱਧਰ ’ਤੇ ਨਕਲੀ ਕਿਸਮ ਦੀਆਂ ਬੇ ਮਤਲਬ ਉਪਚਾਰ ਵਿਧੀਆਂ ਦਾ ਸਮਰਥਨ ਕੀਤਾ ਗਿਆ। ਇੱਥੋਂ ਤੱਕ ਕੇ ਗਾਂ ਦੇ ਦੁੱਧ, ਮੱਖਣ, ਗੋਹੇ ਤੇ ਪਿਸ਼ਾਬ ਤੋਂ ਪੰਚਗਵਾਇਆ ਨਾਂ ਦੀ ਦਵਾਈ ਦੇ ਟਰਾਇਲ ਦੀ ਪਰਵਾਨਗੀ ਦਿੱਤੀ ਗਈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਜੋ ਆਪ ਵੀ ਇੱਕ ਡਾਕਟਰ ਹੈ, ਇਸਤੋਂ ਵੀ ਅੱਗੇ ਗਿਆ। ਉਸਨੇ ਫਰਵਰੀ ’ਚ ਰਾਮਦੇਵ ਵੱਲੋਂ ਜਾਰੀ ਕੀਤੀ ਗਈ ਦਵਾਈ ਕੋਰੋਨਲ ਨੂੰ ਬਿਮਾਰੀ ਦੇ ਟਾਕਰੇ ਲਈ ਇੱਕ ਅਸਰਦਾਰ ਦਵਾਈ ਦੱਸਿਆ ਤੇ ਉਸਦੀ ਹਾਜਰੀ ਚ ਇਸਨੂੰ ਲਾਂਚ ਕੀਤਾ ਗਿਆ। ਸਿਹਤ ਮੰਤਰਾਲੇ ਨੇ ਇਸਨੂੰ ਸਰਟੀਫਿਕੇਟ ਦਿੱਤਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ’ਤੇ ਮੰਤਰੀ ਨੂੰ ਸਿੱਧਾ ਸਵਾਲ ਵੀ ਕੀਤਾ ਕਿ ਇਸ ਦਵਾਈ ਦੇ ਕਿਸੇ ਟਰਾਇਲ ਬਾਰੇ ਤੇ ਉਸਦੇ ਅਰਸੇ ਬਾਰੇ ਦੱਸਿਆ ਜਾ ਸਕਦਾ? ਐਸੋਸੀਏਸ਼ਨ ਨੇ ਇਤਰਾਜ ਕੀਤਾ ਕਿ ਦੇਸ ਦੇ ਮੰਤਰੀ ਵੱਲੋਂ ਅਜਿਹੇ ਝੂਠੇ ਗੈਰ ਵਿਗਿਆਨਕ ਉਤਪਾਦ ਨੂੰ ਲਾਂਚ ਕਰਨਾ ਵਾਜਬ ਨਹੀਂ ਹੈ। ਪਰ ਇਸਦਾ ਜਵਾਬ ਕੀਹਨੇ ਦੇਣਾ ਸੀ ਸਗੋਂ ਕਈ ਭਾਜਪਾਈ ਆਗੂਆਂ ਨੇ ਇਮਊਨਟੀ ਵਧਾਉਣ ਲਈ ਗੰਗਾ ਦੇ ਇਸ਼ਨਾਨ ਦੇ ਸੱਦੇ। ਗਊ-ਮੂਤਰ ਪੀਣ ਤੇ ਸਰੀਰ ਉੱਪਰ ਗੋਹੇ ਦਾ ਲੇਪ ਕਰਨ ਰਾਹੀਂ ਕੋਰੋਨਾ ਭਜਾਉਣ ਦੇ ਦਾਅਵੇ ਕੀਤੇ ਗਏ। ਦੂਜੀ ਲਹਿਰ ਦੇ ਸ਼ੁਰੂ ਹੋਣ ਮਗਰੋਂ ਅਪ੍ਰੈਲ ਮਹੀਨੇ ਲੱਖਾਂ ਲੋਕ ਕੁੰਭ ਦੇ ਮੇਲੇ ’ਚ ਇੱਕਠੇ ਹੋਏ। 

ਇੱਕ ਪਾਸੇ ਇਹਨਾਂ ਸਿਰੇ ਦੀਆਂ ਗੈਰ ਵਿਗਿਆਨਕ ਧਾਰਨਾਵਾਂ ਨੂੰ ਉਤਸਾਹਿਤ ਕੀਤਾ ਗਿਆ ਤੇ ਪਹਿਲਾਂ ਹੀ ਅੰਧ-ਵਿਸਵਾਸਾਂ ਚ ਜਕੜੀ ਲੋਕਾਈ ਨੂੰ ਹੋਰ ਭੰਬਲਭੂਸੇ ਪਾਇਆ ਗਿਆ ਤੇ ਦੂਜੇ ਪਾਸੇ ਦੁਨੀਆਂ ਨੂੰ ਕਰੋਨਾ ਵਾਇਰਸ ਖਿਲਾਫ਼ ਲੜਣ ’ਚ ਅਗਵਾਈ ਦੇਣ ਦੇ ਦਾਅਵੇ ਕੀਤੇ ਗਏ। ਵੈਕਸੀਨ ਦਾਤਾ ਬਣਨ ਦੀਆਂ ਸੇਖੀਆਂ ਮਾਰੀਆਂ ਗਈਆਂ। ਦੁਨੀਆਂ ਦੇ ਮੁਲਕਾਂ ਨੂੰ ਵੈਕਸੀਨ ਭੇਜੀ ਗਈ, ਕੁਝ ਨੂੰ ਗਰਾਂਟ ਦੇ ਰੂਪ ਵਿਚ ਤੇ ਬਾਕੀਆਂ ਨੂੰ ਵੱਡੀ ਪੱਧਰ ’ਤੇ ਵੇਚੀ ਗਈ। ਪਰ ਜਦੋਂ ਦੂਜੀ ਲਹਿਰ ਦਾ ਕਹਿਰ ਵਰ੍ਹਿਆ ਤਾਂ ਮੁਲਕ ਦੇ ਲੋਕਾਂ ਲਈ ਵੈਕਸੀਨ ਨਹੀਂ ਹੈ। ਬੁਰੀ ਤਰਾਂ ਫੈਲ ਬਿਮਾਰੀ ਤੇ ਹੋ ਰਹੀਆਂ ਮੌਤਾਂ ਇਹਨਾਂ ਸ਼ੇਖੀਆਂ ਦੀ ਹਾਲਤ ਦਰਸਾ ਰਹੀਆਂ ਹਨ। ਅਸਲ ਵਿੱਚ ਸਰਕਾਰ ਦੀ ਪਹੁੰਚ ਸਮਾਜ ਦੇ ਸਰਦੇ ਪੁੱਜਦੇ ਉਪਰਲੇ ਤਬਕੇ ਨੂੰ ਵੈਕਸੀਨ ਰਾਹੀਂ ਸੁਰੱਖਿਅਤ ਕਰ ਲੈਣ ਤੇ ਬਾਕੀ ਕਰੋੜਾਂ ਕਰੋੜ ਕਿਰਤੀ ਲੋਕਾਂ ਨੂੰ ਇਸ ਬਿਮਾਰੀ ਮੂਹਰੇ ਲਾਵਾਰਿਸ ਸੁੱਟ ਦੇਣ ਦੀ ਹੈ। ਇਸ ਸਾਰੀ ਆਫ਼ਤ ਦਰਮਿਆਨ ਜਾਗਦੇ ਲੋਕਾਂ ਮਨਾਂ ਕੋਲ ਹਕੂਮਤ ਨੂੰ ਕਰਨ ਲਈ ਹਜ਼ਾਰਾਂ ਸਵਾਲ ਹਨ। ਉਹ ਸਵਾਲ ਰੋਜ਼ ਵੱਖ ਵੱਖ ਕਾਲਮਾਂ ’ਚ ਤੇ ਮੀਡੀਆ ਦੀ ਹਰ ਵੰਨਗੀ ’ਚ ਉਠਾਏ ਜਾ ਰਹੇ ਹਨ। ਪਰ ਇਨ੍ਹਾਂ ਦਾ ਜਵਾਬ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਮੁਲਕ ਦੀ ਸਮੁੱਚੀ ਕਿਰਤੀ ਲੋਕਾਈ ਇਕਮੁੱਠ ਹੋ ਕੇ ਸਾਂਝੀ ਆਵਾਜ਼ ’ਚ ਇਹ ਸਵਾਲ ਕਰੇਗੀ ਕਿ ਸਾਡੀਆਂ ਜ਼ਿੰਦਗੀਆਂ ਇੰਨੀਆਂ ਸਸਤੀਆਂ ਕਿਉਂ ਹਨ ?

ਮਨੁੱਖਤਾ ਲਈ ਡਾਹਢੇ ਸੰਕਟਾਂ ਦੇ ਇਸ ਸਮੇਂ ਸਾਡੀ ਸਰਕਾਰ ਦੀ ਅਜਿਹੀ ਪਹੁੰਚ ਕਾਰਨ ਹੀ ਲਾਸ਼ਾਂ ਗੰਗਾ ਦਰਿਆ ’ਚ ਤੈਰਦੀਆਂ ਮਿਲ ਰਹੀਆਂ ਹਨ। ਇਸ ਰਾਜ ਨੇ ਜਿਉਂਦਿਆਂ ਨੂੰ ਤਾਂ ਕੀ ਸਾਂਭਣਾ ਸੀ ਇਹ ਤਾਂ ਮੋਇਆਂ ਦੀ ਮਿੱਟੀ ਸਮੇਟਣ ਜੋਗਾ ਵੀ ਸਾਬਤ ਨਹੀਂ ਹੋਇਆ। ਇਹ ਨਵ ਉਦਾਰਵਾਦੀ ਨੀਤੀਆਂ ’ਚ ਡੂੰਘੇ ਗ੍ਰੱਸੇ ਰਾਜ ਦੀ ਅਸਫ਼ਲਤਾ ਹੈ ਕਿਉਂਕਿ ਮਹਾਂਮਾਰੀਆਂ ਨੂੰ ਸੱਦਾ ਤਾਂ ਉਦੋਂ ਹੀ ਦਿੱਤਾ ਜਾ ਚੁੱਕਾ ਸੀ ਜਦੋਂ 90ਵਿਆਂ ’ਚ ਹੀ ਸਿਹਤ ਖੇਤਰ ਦੇ ਬਜਟਾਂ ’ਚ ਭਾਰੀ ਕਟੌਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਹਰ ਸਧਾਰਨ ਬਿਮਾਰੀ ਨੂੰ ਮਹਾਂਮਾਰੀ ’ਚ ਬਦਲ ਦੇਣ ਵਾਲੀ ਇਹ ਜ਼ਮੀਨ ਵਿਛਾਉਣ ’ਚ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਹੀ ਹਿੱਸੇਦਾਰ ਹਨ ਪਰ ਇਸ ਮੌਜੂਦਾ ਸੰਕਟ ਨੂੰ ਨਜਿੱਠਣ ਦੀ ਅਸਫਲਤਾ ’ਚ ਫਿਰਕੂ ਤੇ ਪਿਛਾਖੜੀ ਸਿਆਸਤ ਦਾ ਆਪਣਾ ਵਿਸ਼ੇਸ਼ ਹਿੱਸਾ ਹੈ। ਤਬਾਹੀ ਦੇ ਇਸ ਮੰਜ਼ਰ ’ਤੇ ਸ੍ਰੀਮਾਨ ਮੋਦੀ ਦੀ ਵਿਸ਼ੇਸ਼ ਮੋਹਰਛਾਪ ਸਾਰਾ ਸੰਸਾਰ ਦੇਖ ਰਿਹਾ ਹੈ।   

ਭਾਰਤ ਅੰਦਰ ਕੋਵਿਡ-19 ਐਮਰਜੈਂਸੀ

 ਭਾਰਤ ਅੰਦਰ ਕੋਵਿਡ-19 ਐਮਰਜੈਂਸੀ

(ਇਹ ਸੰਸਾਰ ਪ੍ਰਸਿੱਧ ਬਰਤਾਨਵੀ ਸਿਹਤ ਮੈਗਜੀਨ ਦਾ ਲਾਂਸੇਟ ਦਾ ਸੰਪਾਦਕੀ ਹੈ। ਇਸ ਵਿੱਚ ਮੋਦੀ ਸਰਕਾਰ ਦੀ ਕੀਤੀ ਗਈ ਨੁਕਤਾਚੀਨੀ ਦੀ ਚਰਚਾ ਦੁਨੀਆਂ ਭਰ ’ਚ ਹੋਈ। ਇਸ ਚਰਚਿਤ ਸੰਪਾਦਕੀ ਨੂੰ ਪਾਠਕਾਂ ਦੀ ਨਜ਼ਰ ਪੇਸ਼ ਕਰ ਰਹੇ ਹਾਂ।)

ਕਰਾਹ ਰਹੇ ਭਾਰਤ ਦੀ ਤਸਵੀਰ ਪ੍ਰਵਾਨ ਕਰਨੀ ਮੁਸ਼ਕਲ ਹੈ। 4 ਮਈ ਨੂੰ ਰਿਪੋਰਟ ਇਹ ਆਈ ਹੈ ਕਿ ਕੋਵਿਡ 19 ਦੇ ਕੇਸਾਂ ਦੀ ਗਿਣਤੀ ਦੋ ਕਰੋੜ ਤੋਂ ਵੱਧ ਹੈ, ਹਰ ਰੋਜ ਔਸਤਨ 378000 ਕੇਸਾਂ ਦਾ ਵਾਧਾ ਹੋ ਰਿਹਾ ਹੈ, 222000 ਮੌਤਾਂ ਹੋ ਚੁੱਕੀਆਂ ਹਨ ਜਿਹਨਾਂ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਦਾਜਾ ਘਟਾ ਕੇ ਲਾਇਆ ਗਿਆ ਹੈ। ਹਸਪਤਾਲ ਭਰੇ ਪਏ ਹਨ, ਸਿਹਤ ਕਾਮੇ ਹਫ ਚੁੱਕੇ ਹਨ ਅਤੇ ਲਾਗ ਦਾ ਸ਼ਿਕਾਰ ਹੋ ਰਹੇ ਹਨ। ਸ਼ੋਸਲ ਮੀਡੀਆ ’ਚ ਆਕਸੀਜਨ ਹਸਪਤਾਲ ’ਚ ਬੈੱਡ ਅਤੇ ਹੋਰ ਜਰੂਰਤਾਂ ਲਈ ਮਾਰੇ ਮਾਰੇ ਫਿਰ ਰਹੇ ਲੋਕਾਂ (ਡਾਕਟਰਾਂ ਅਤੇ ਆਮ ਲੋਕਾਂ) ਦੀਆਂ ਖਬਰਾਂ ਦੀ ਭਰਮਾਰ ਹੈ। ਇਸ ਦੇ ਬਾਵਜੂਦ ਮਾਰਚ ਦੇ ਸ਼ੁਰੂ ਵਿੱਚ ਕੋਵਿਡ 19 ਦੇ ਕੇਸਾਂ ਦੀ ਦੂਜੀ ਲਹਿਰ ਸ਼ੁਰ ੂਹੋਣ ਤੋਂ ਪਹਿਲਾਂ, ਭਾਰਤ ਦੇ ਸਿਹਤ ਮੰਤਰੀ ਸ੍ਰੀ ਹਰਸ਼ਵਰਧਨ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਮਹਾਂਮਾਰੀ ਦਾ ਖਾਤਮਾ ਹੋ ਚੁੱਕਾ ਹੈ। ਸਰਕਾਰ ਇਹ ਪ੍ਰਭਾਵ ਦੇ ਰਹੀ ਸੀ ਕਿ ਭਾਰਤ ਵਿਚ ਪਿਛਲੇ ਕਈ ਮਹੀਨਿਆਂ ਤੋਂ ਕੇਸਾਂ ਦੀ ਘਟ ਰਹੀ ਗਿਣਤੀ ਦੱਸਦੀ ਹੈ ਕਿ ਭਾਰਤ ਨੇ ਕੋਵਿਡ 19 ਨੂੰ ਮਾਤ ਦੇ ਦਿੱਤੀ ਹੈ। ਅਜਿਹਾ ਦਾਅਵਾ ਉਦੋਂ ਕੀਤਾ ਜਾ ਰਿਹਾ ਸੀ ਜਦੋਂ ਕੋਵਿਡ ਦੀ ਦੂਜੀ ਲਹਿਰ ਆਉਣ ਦੇ ਖਤਰੇ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਨਵੀਂ ਕਿਸਮ ਸਿਰ ਚੁੱਕ ਰਹੀ ਸੀ। ਪੇਸ਼ਕਾਰੀ ਇਹ ਕੀਤੀ ਜਾ ਰਹੀ ਸੀ ਕਿ ਭਾਰਤ (ਹਰਡ ਇਮਿਊਨਿਟੀ)ਜਨਤਕ ਟਾਕਰਾ ਸ਼ਕਤੀ ਅਖਤਿਆਰ ਕਰ ਚੁੱਕਾ ਹੈ, ਸਿੱਟੇ ਵਜੋਂ ਤਿਆਰੀ ਕਰਨ ਵਿੱਚ ਢਿੱਲਮੱਠ ਅਤੇ ਅਧੂਰੇਪਣ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਭਾਰਤੀ ਮੈਡੀਕਲ ਸਿਹਤ ਕੌਂਸਲ ਵੱਲੋਂ ਜਨਵਰੀ 2021 ਵਿੱਚ ਕਰਵਾਇਆ ਗਿਆ ਕੋਵਿਡ ਟੈਸਟ ਸਰਵੇ ਦਸਦਾ ਸੀ ਕਿ ਸਾਰਸ ਕੋਵਿਡ-2 ਦੇ ਖਿਲਾਫ (ਐਂਟੀਬਾਡੀਜ) ਟਾਕਰਾ ਜੀਵਾਣ ੂਸਿਰਫ 21% ਆਬਾਦੀ ਵਿੱਚ ਪੈਦਾ ਹੋਏ ਹਨ। ਅਜਿਹੇ ਮੌਕੇ ਮੌਜੂਦ ਹਨ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਮਹਾਂਮਾਰੀ ਨੂੰ ਕਾਬੂ ਕਰਨ ਦੇ ਯਤਨ ਕਰਨ ਦੀ ਥਾਂ ਟਵਿੱਟਰ’ਤੇ ਹੋ ਰਹੀ ਨੁਕਤਾਚੀਨੀ ਨੂੰ ਹਟਾਉਣ ਦਾ ਇਰਾਦਾ ਵੱਧ ਦਿਖਾ ਰਹੀ ਹੈ। 

ਅਜੀਹੀਆਂ ਚਿਤਾਵਨੀਆਂ ਦੇ ਬਾਵਯੂਦ ਕਿ ਇਹ ਘਟਨਾਵਾਂ ਲਾਗ ਫੈਲਾਉਣ ’ਚ ਵੱਡਾ ਰੋਲ ਅਦਾ ਕਰ ਸਕਦੀਆਂ ਹਨ, ਸਰਕਾਰ ਨੇ ਧਾਰਮਿਕ ਮੇਲਿਆਂ ਨੂੰ ਲੱਗਣ ਦੀ ਇਜਾਜਤ ਦਿੱਤੀ, ਜਿੱਥੇ ਦਹਿ ਲੱਖਾਂ ਲੋਕ ਮੁਲਕ ਭਰ ’ਚੋਂ ਇਕੱਠੇ ਹੋਏ। ਨਾਲ ਹੀ ਵੱਡੀਆਂ ਸਿਆਸੀ ਰੈਲੀਆਂ ਹੋਈਆਂ, ਜਿੱਥੇ ਕੋਵਿਡ 19 ਤੋਂ ਰੋਕਥਾਮ ਦੀਆਂ ਪੇਸ਼ਬੰਦੀਆਂ ਗੈਰਹਾਜਰ ਸਨ। ਕੋਵਿਡ-19 ਬਹੁਤਾ ਕਰਕੇ ਖਤਮ ਹੋ ਚੁੱਕਾ ਹੈ, ਵਾਲੇ ਸੁਨੇਹੇ ਨੇ ਕੋਵਿਡ-19 ਵਾਲੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਨੂੰ ਧੀਮਾ ਕੀਤਾ, ਜੀਹਦੇ ਤਹਿਤ ਅਬਾਦੀ ਦਾ ਸਿਰਫ 2% ਹਿੱਸਾ ਹੀ ਟੀਕਾਕਰਨ ਦੇ ਹੇਠ ਆਇਆ ਹੈ। ਕੇਂਦਰੀ ਅਤੇ ਸੂਬਾ ਸਰਕਾਰਾਂ ਦੇ ਰਿਸ਼ਤੇ ਦੇ ਸਬੰਧ ਵਿੱਚ ਭਾਰਤ ਦੀ ਟੀਕਾਕਰਨ ਯੋਜਨਾਬੰਦੀ ਵਿੱਚ ਖਿੰਡਾਅ ਆ ਗਿਆ। ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨਾਲ ਨੀਤੀ ਤਬਦੀਲੀ ਦੀ ਚਰਚਾ ਕਰੇ ਬਿਨਾਂ ਉਭੜਵਾਹੇ ਰਾਹ ਤਬਦੀਲ ਕਰ ਲਿਆ। 18 ਸਾਲ ਤੋਂ ਉਪਰ ਵਾਲੇ ਹਰ ਬੰਦੇ ਨੂੰ ਟੀਕਾਕਰਨ ਮੁਹਿੰਮ ਹੇਠ ਲੈ ਆਂਦਾ। ਸਪਲਾਈ ਮੁੱਕ ਗਈ, ਜਨਤਕ ਪੱਧਰ ’ਤੇ ਭੰਬਲਭੂਸਾ ਪੈਦਾ ਕਰ ਦਿੱਤਾ ਅਤੇ ਸੂਬਿਆਂ ਅਤੇ ਹਸਪਤਾਲਾਂ ਦਰਮਿਆਨ ਵੈਕਸੀਨ ਦੀਆਂ ਡੋਜਾਂ ਹਾਸਲ ਕਰਨ ਲਈ ਮੰਡੀ ਮੁਕਾਬਲਾ ਖੜ੍ਹਾ ਕਰ ਦਿੱਤਾ।

ਸੰਕਟ ਸਭ ਥਾਵੀਂ ਇੱਕੋ ਜਿਹਾ ਨਹੀਂ ਰਿਹਾ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਰਗੇ ਸੂਬੇ, ਕੇਸਾਂ ਦੇ ਅਚਨਚੇਤ ਵਾਧੇ ਲਈ ਤਿਆਰ ਨਹੀਂ ਸਨ, ਉਹਨਾਂ ਦੀ ਮੈਡੀਕਲ ਆਕਸੀਜਨ ਖਤਮ ਹੋ ਗਈ, ਹਸਪਤਾਲਾਂ ’ਚ ਥਾਂ ਨਾ ਰਹੀ, ਸ਼ਮਸ਼ਾਨ ਘਾਟਾਂ ਦੀ ਸਮਰੱਥਾ ਊਣੀ ਪੈ ਗਈ, ਕੁਝ ਸਰਕਾਰਾਂ ਆਕਸੀਜਨ ਜਾਂ ਹਸਪਤਾਲਾਂ ’ਚ ਬੈੱਡਾਂ ਦੀ ਮੰਗ ਕਰਨ ਵਾਲਿਆਂ ਖਿਲਾਫ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀਆਂ ਧਮਕੀਆਂ ਦੇਣ ਤੱਕ ਗਈਆਂ। ਕੁਝ ਹੋਰ ਸਰਕਾਰਾਂ ਜਿਵੇਂ ਕੇਰਲਾ ਅਤੇ ਉੜੀਸਾ ਬਿਹਤਰ ਤਿਆਰੀ ’ਚ ਸਨ, ਅਤੇ ਉਹ ਇਸ ਦੂਸਰੀ ਲਹਿਰ ਦੌਰਾਨ ਐਨੀ ਕੁ ਆਕਸੀਜਨ ਤਿਆਰ ਕਰਨ ਦੇ ਸਮਰੱਥ ਹੋ ਨਿੱਬੜੀਆਂ ਕਿ ਦੂਜੇ ਸੂਬਿਆਂ ਲਈ ਵੀ ਭੇਜ ਸਕੀਆਂ।

ਹੁਣ ਭਾਰਤ ਨੂੰ ਚਾਹੀਦਾ ਹੈ ਕਿ ਉਹ ਦੋ ਲੜੀ ਰਣਨੀਤੀ ਉਪਰ ਕੰਮ ਕਰੇ । ਪਹਿਲਾ, ਅਸਫਲ ਹੋ ਚੁੱਕੀ ਟੀਕਾਕਰਨ ਮੁਹਿੰਮ ਨੂੰ ਤਰਕਸੰਗਤ ਅਤੇ ਵਾਜਬ ਰਫਤਾਰ ਨਾਲ ਚਲਾਉਣਾ ਲਾਜਮੀ ਬਣਾਇਆ ਜਾਵੇ । ਇਥੇ ਦੋ ਤੁਰਤ-ਪੈਰੇ ਅੜਿੱਕੇ ਸਰ ਕਰਨ ਵਾਲੇ ਹਨ: ਵੈਕਸੀਨ ਦੀ ਸਪਲਾਈ ਯਕੀਨੀ ਬਣਾਈ ਜਾਵੇ (ਜੀਹਦੇ ਵਿੱਚੋਂ ਕੁੱਝ ਬਾਹਰੋਂ ਮੰਗਵਾਈ ਜਾਵੇ) ਅਤੇ ਇਸਦੀ ਵੰਡ ਕਰਨ ਦੀ ਮੁਹਿੰਮ ਚਲਾਈ ਜਾਵੇ ਜਿਹੜੀ ਨਾ ਸਿਰਫ ਸ਼ਹਿਰੀ ਖੇਤਰਾਂ ਤੱਕ ਸੀਮਤ ਰਹੇ ਸਗੋਂ ਪੇਂਡ ੂਅਤੇ ਗਰੀਬ ਲੋਕਾਂ ਤੱਕ ਪਹੁੰਚੇ, ਜਿਹੜੇ ਕੁੱਲ ਅਬਾਦੀ ਦਾ 65% ਬਣਦੇ ਹਨ  (80 ਕਰੋੜ ਬਣਦੇ ਹਨ) ਜਿਹਨਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਅਤੇ ਮੁੱਢਲੀਆਂ ਸਿਹਤ ਸਹੂਲਤਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਲਈ ਲਾਜਮੀ ਹੈ ਕਿ ਉਹ ਸਥਾਨਕ ਅਤੇ ਮੁੱਢਲੇ ਸਿਹਤ ਕੇਂਦਰਾਂ ਨਾਲ ਮਿਲ ਕੇ ਕੰਮ ਕਰੇ ਜਿਹੜੇ ਆਵਦੇ ਭਾਈਚਾਰਿਆਂ ਨੂੰ ਜਾਣਦੇ ਹਨ ਅਤੇ ਸਰਕਾਰ ਲਾਜਮੀ ਤੌਰ ’ਤੇ ਵੈਕਸੀਨ ਦੀ ਬਰਾਬਰ ਦੀ ਵੰਡ ਦਾ ਪ੍ਰਬੰਧ ਸਥਾਪਤ ਕਰੇ।

ਦੂਜੇ ਭਾਰਤ ਲਈ ਲਾਜਮੀ ਹੈ ਕਿ ਜਦ ਤੱਕ ਵੈਕਸੀਨ ਆਉਂਦੀ ਹੈ, ਸਾਰਸ ਕੋਵਿਡ -2 ਦੇ ਪਸਾਰੇ ਨੂੰ ਘਟਾਇਆ ਜਾਵੇ।

ਜਿਵੇਂ ਜਿਵੇਂ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਸਰਕਾਰ ਲਈ ਲਾਜਮੀ ਹੈ ਕਿ ਉਹ ਸਮੇਂ ਸਿਰ ਸਹੀ ਅੰਕੜਿਆਂ ਨੂੰ ਲਿਖਤੀ ਰੂਪ ’ਚ ਨਸ਼ਰ ਕਰੇ, ਲੋਕਾਂ ਨੂੰ ਸਾਫ ਸਾਫ ਦੱਸੇ ਕਿ ਕੀ ਹੋ ਰਿਹਾ ਹੈ, ਅਤੇ ਮਹਾਂਮਾਰੀ ਦੇ ਚੜਾਅ ਨੂੰ ਮੋੜਾ ਦੇਣ ਲਈ ਕੀ ਕਰਨ ਦੀ ਲੋੜ ਹੈ, ਸਮੇਤ ਮੁਲਕ ਪੱਧਰਾ ਲਾਕਡਾਊਨ ਲਾਉਣ ਦੀ ਸੰਭਾਵਨਾ ਹੋਣ ਬਾਰੇ ਦੱਸੇ । 

ਸੂਬਾ ਸਰਕਾਰਾਂ ਨੇ ਬਿਮਾਰੀ ਦੀ ਰੋਕਥਾਮ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਪਰ ਇਹ ਕੰਮ ਕੇਂਦਰ ਸਰਕਾਰ ਦਾ ਬਣਦਾ ਹੈ ਕਿ ਉਹ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਜਨਤਕ ਇਕੱਠਾ ਨੂੰ ਰੋਕਣ, ਸਵੈ-ਇਕਾਂਤਵਾਸ ਹੋਣ ਅਤੇ ਟੈਸਟ ਕਰਵਾਉਣ ਬਾਰੇ ਸਮਝਾਉਣ-ਜਚਾਉਣ ਦਾ ਕੰਮ ਕਰੇ । ਇਸ ਸੰਕਟ ਦੌਰਾਨ ਨੁਕਤਾਚੀਨੀ ਅਤੇ ਬਹਿਸ-ਵਿਚਾਰ ਦਾ ਗਲਾ ਘੁੱਟਣ ਦਾ ਯਤਨ ਕਰਨ ਵਾਲੇ ਮੋਦੀ ਦੇ ਕਦਮ ਮੁਆਫ ਕਰਨ ਯੋਗ ਨਹੀਂ ਹਨ।

ਸਿਹਤ ਪੈਮਾਨਾ ਅਤੇ ਮੁਲੰਕਣ ਸੰਸਥਾ ਦਾ ਅੰਦਾਜਾ ਹੈ ਕਿ ਭਾਰਤ ਵਿੱਚ ਪਹਿਲੀ ਅਗਸਤ ਤੱਕ 10 ਲੱਖ ਲੋਕਾਂ ਦੀ ਕੋਵਿਡ-19 ਦੀ ਮਹਾਂਮਾਰੀ ਸਦਕਾ ਮੌਤ ਹੋ ਜਾਵੇਗੀ । ਜੇ ਅਜਿਹਾ ਵਾਪਰ ਜਾਂਦਾ ਹੈ ਤਾਂ ਇਸ ਆਪ-ਸਹੇੜੀ ਪਰਲੋ ਦੀ ਪ੍ਰਧਾਨਗੀ ਕਰਨ ਦੀ ਜੁੰਮੇਵਾਰੀ ਮੋਦੀ ਸਰਕਾਰ ਸਿਰ ਪਵੇਗੀ। ਭਾਰਤ ਨੇ ਕੋਵਿਡ -19 ਨੂੰ ਕਾਬੂ ਕਰਨ ਵਾਲੀਆਂ ਪਹਿਲੀਆਂ ਪ੍ਰਾਪਤੀਆਂ ਨੂੰ ਮੂਰਖਾਂ ਵਾਂਗੂੰ ਖੇਹ ਕਰ ਦਿੱਤਾ ਹੈ। ਅਪ੍ਰੈਲ ਮਹੀਨੇ ਤੱਕ ਸਰਕਾਰ ਦੀ ਕੋਵਿਡ-19 ਟਾਸਕ ਫੋਰਸ ਨੂੰ ਮਿਲਿਆਂ ਮਹੀਨੇ ਬੀਤ ਚੁੱਕੇ ਸਨ । ਇਸ ਫੈਸਲੇ ਦੇ ਨਤੀਜੇ ਸਾਡੇ ਸਾਹਮਣੇ ਹਨ, ਅਤੇ ਹੁਣ ਲੋੜ ਹੈ ਕਿ ਭਾਰਤ ਲਾਜਮੀ ਹੀ ਸੰਕਟ ਦੇ ਵਧ ਰਹੇ ਕਹਿਰ ਦੇ ਸਾਹਮਣੇ ਆਵਦੇ ਹੁੰਗਾਰੇ ਦੀ ਮੁੜ ਉਸਾਰੀ ਕਰੇ। ਇਸ ਕੋਸ਼ਿਸ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸਰਕਾਰ ਆਵਦੀਆਂ ਗਲਤੀਆਂ ਨੂੰ ਕਿੰਨਾਂ ਕੁ ਪ੍ਰਵਾਨ ਕਰਦੀ ਹੈ, ਜੁੰਮੇਵਾਰ ਤੇ ਪਾਰਦਰਸ਼ੀ ਲੀਡਰਸ਼ਿੱਪ ਕਿੰਨੀ ਕੁ ਮੁਹੱਈਆ ਕਰਦੀ ਹੈ, ਅਤੇ ਵਿਗਿਆਨ ਨੂੰ ਦਿਲ ’ਚ ਲੈ ਕੇ ਚੱਲਣ ਵਾਲਾ ਲੋਕ ਸਿਹਤ ਹੁੰਗਾਰਾ ਕਿਹੋ ਜਿਹਾ ਦਿੰਦੀ ਹੈ ।  

 (ਅੰਗਰੇਜੀ ਤੋਂ ਅਨੁਵਾਦ)

ਮਈ 8, 2021   

ਮੁਲਕ ਦੀ ਆਰਥਿਕਤਾ ’ਤੇ ਕੋਵਿਡ ਦਾ ਗਹਿਰਾ ਪਰਛਾਵਾਂ

 

ਮੁਲਕ ਦੀ ਆਰਥਿਕਤਾ ’ਤੇ ਕੋਵਿਡ ਦਾ ਗਹਿਰਾ ਪਰਛਾਵਾਂ

ਕੋਵਿਡ-19 ਦੀ ਤੁਲਨਾ ਸਪੈਨਿਸ਼-ਫਲੂ ਨਾਲ ਕੀਤੀ ਜਾ ਰਹੀ ਹੈ, ਜਿਸ ਸਦਕਾ 1918 ਤੋਂ 1920 ਦੇ ਦਰਮਿਆਨ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਫਲੂ ਦਾ ਸ਼ੋਕਮਈ ਲੱਛਣ ਇਹ ਸੀ ਕਿ ਤਬਾਹੀ ਮਚਾਉਂਦੀਆਂ ਲਾਗ ਦੀਆਂ ਲਹਿਰਾਂ-ਦਰ-ਲਹਿਰਾਂ ਚੱਲੀਆਂ ਸਨ, ਐਹੋ ਜਿਹੀਆਂ ਲਹਿਰਾਂ ਜੋ ਕਰੋਨਾ ਵਾਇਰਸ ਦੀਆਂ ਦੇਖੀਆਂ ਜਾ ਰਹੀਆਂ ਹਨ। ਇਸ ਸਾਲ ਦੇ ਫਰਵਰੀ ਮਹੀਨੇ, ਜਦੋਂ ਯੂਰਪ ਵਿੱਚ ਕੋਵਿਡ ਦੀ ਦੂਜੀ ਲਹਿਰ ਜੋਰਾਂ ’ਤੇ ਪਹੁੰਚ ਚੁੱਕੀ ਸੀ, ਭਾਰਤ ਆਵਦੇ ਆਪ ਨੂੰ ਵਧਾਈਆਂ ਦੇਣ ਵਾਲੀ ਮੁਦਰਾ ਵਿੱਚ ਵਿਚਰ ਰਿਹਾ ਸੀ। ਭਾਰਤ ਇਸ ਵਿਸ਼ਵਾਸ ਨਾਲ ਵਿਚਰ ਰਿਹਾ ਸੀ ਕਿ ਵਾਇਰਸ ਕਾਬ ੂਹੇਠ ਹੈ ਅਤੇ 2020-21 ਦੇ ਪਹਿਲੇ ਅੱਧ ਵਾਲੇ ਮੰਦਵਾੜੇ ਤੋਂ ਬਾਅਦ ਆਰਥਿਕ ਮੁੜ-ਸੰਭਾਲੇ ਦੀ ਆਮਦ ਹੋ ਗਈ ਹੈ। ਪਰ ਅੱਧ ਮਾਰਚ ਤੱਕ ਇਹ ਚਮਕਦਾ ਆਸ਼ਾਵਾਦ ਝੂਠਾ ਸਾਬਤ ਹੋ ਚੁੱਕਾ ਸੀ ਕਿਉਂਕਿ ਭਾਰਤ ਵਿੱਚ ਕੇਸਾਂ ਵਿੱਚ ਵਾਧਾ ਸ਼ੁਰੂ ਹੋ ਚੁੱਕਾ ਸੀ। 20 ਅਪ੍ਰੈਲ ਨੂੰ 259000 ਨਵੇਂ ਕੇਸਾਂ ਦਾ ਵਾਧਾ ਹੋਇਆ ਅਤੇ 24 ਘੰਟਿਆਂ ’ਚ 1761 ਮੌਤਾਂ ਹੋ ਗਈਆਂ।
.... ਪਿਛਲੇ ਸਾਲ, ਸਾਰੇ ਸੰਸਾਰ ਵਿੱਚ ਵੱਧ ਤੋਂ ਵੱਧ ਸਖਤ ਤਾਲਾਬੰਦੀ ਵਰਗੀ ਤਾਲਾਬੰਦੀ ਭਾਰਤ ਵਿੱਚ ਲਾਗੂ ਕੀਤੀ ਗਈ ਤਾਂ ਜੋ ਸਿਹਤ ਸੰਭਾਲ ਵਾਲਾ ਢਾਂਚਾ ਮਰੀਜਾਂ ਨੂੰ ਝੱਲਣ ਤੋਂ ਅਸਮਰੱਥ ਨਾ ਹੋ ਜਾਵੇ, ਸਰਕਾਰ ਅਤੇ ਨਿੱਜੀ ਖੇਤਰ ਆਵਦੀ ਸਿਹਤ ਸਮਰੱਥਾ ਵਿੱਚ ਲੋੜੀਂਦਾ ਵਾਧਾ ਕਰ ਲੈਣ। ਇਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਪਿਛਲੇ 40 ਸਾਲਾਂ ਵਿੱਚ ਪਹਿਲੀ ਵਾਰ ਮੰਦਵਾੜੇ ਵਿੱਚ ਚਲਾ ਗਿਆ। ਪਿਛਲੇ ਵਿੱਤੀ ਸਾਲ (2020-21) ਵਿੱਚ ਕੁੱਲ ਘਰੇਲੂ ਪੈਦਾਵਾਰ ਪਹਿਲੀ ਤਿਮਾਹੀ ਵਿੱਚ -23.9 ਫੀਸਦੀ ਹੇਠਾਂ ਆਈ ਅਤੇ ਦੂਜੀ ਤਿਮਾਹੀ ਵਿੱਚ -7.5 ਫੀਸਦੀ ਹੇਠਾਂ ਆਈ। ਮਨੁੱਖੀ ਕੀਮਤ ਇਹ ਤਾਰਨੀ ਪਈ ਕਿ ਲੱਖਾਂ ਨੌਕਰੀਆਂ ਖੁੱਸ ਗਈਆਂ। ਇਕ ਖੋਜ ਕੇਂਦਰ ਦੀ ਖੋਜ ਦਾ ਅੰਦਾਜਾ ਹੈ ਕਿ 750-1500 ਰੁਪਏ ਰੋਜਾਨਾ ਕਮਾਉਣ ਵਾਲਿਆਂ ਦੀ ਗਿਣਤੀ 9.9 ਕਰੋੜ ਤੋਂ ਘਟ ਕੇ 6.6 ਕਰੋੜ ਰਹਿ ਗਈ। ਯਾਨੀ 3.3 ਕਰੋੜ ਲੋਕ ਇਸ ਤੋਂ ਹੇਠਾਂ ਵਾਲੀ ਆਮਦਨ-ਪਰਤ ਵਿੱਚ ਧੱਕੇ ਗਏ। ਭਾਰਤੀ ਆਰਥਿਕਤਾ ਦੀ ਨਜਰਸਾਨੀ ਕਰਨ ਵਾਲੇ ਕੇਂਦਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਪ੍ਰੈਲ ਤੋਂ ਸਤੰਬਰ ਤੱਕ 1.9 ਕਰੋੜ ਤਨਖਾਹਦਾਰ ਮੁਲਾਜਮ ਆਵਦੀਆਂ ਨੌਕਰੀਆਂ ਤੋਂ ਬਾਹਰ ਧੱਕੇ ਗਏ। ਜਦੋਂ ਕਿ  ਗਰੁੱਪ ਦੇ ਸਰਵੇ ਦਾ ਅਨੁਮਾਨ ਹੈ ਕਿ ਲਘੂ, ਛੋਟੇ ਅਤੇ ਦਰਮਿਆਨੀਆਂ ਸਨਅਤੀ ਇਕਾਈਆਂ ਵਾਲੇ ਖੇਤਰ ਵਿੱਚ 2.5 ਤੋਂ 3 ਕਰੋੜ ਨੌਕਰੀਆਂ ਖਤਮ ਹੋਈਆਂ। ਐਕਸ਼ਨ ਏਡ ਇੰਡੀਆ ਨਾਂ ਦੀ ਇੱਕ ਐਨ. ਜੀ. ਓ. ਜਿਹੜੀ ਹੇਠਲੇ ਗਰੁੱਪਾਂ ਨਾਲ ਕੰਮ ਕਰਦੀ ਹੈ ਦਾ ਕਹਿਣਾ ਹੈ ਕਿ ਗੈਰ-ਸੰਗਠਤ ਖੇਤਰ ਦੇ 80 ਫੀਸਦੀ ਕਾਮਿਆਂ ਦਾ ਪਿਛਲੇ ਸਾਲ ਦੀ ਤਾਲਾਬੰਦੀ ਦੌਰਾਨ ਰੁਜਗਾਰ ਖੁੱਸ ਗਿਆ ਹੈ।
ਖੇਤੀਬਾੜੀ ਇੱਕ ਵਾਰਫੇਰ ਇੱਕੋ ਇੱਕ ਸੁਨਹਿਰੀ ਆਰਥਿਕ ਖੇਤਰ ਹੈ ਜਿਥੇ 2020-21 ਦੌਰਾਨ 3.50 ਫੀਸਦੀ ਵਿਕਾਸ ਦਰ ਬਰਕਰਾਰ ਰਹਿਣ ਦਾ ਅਨੁਮਾਨ ਹੈ।
 (ਸੰਖੇਪ, ਇੰਡੀਆ ਟੂਡੇ ਮਈ 30, 2021
 (ਸਵੇਤਾ ਪੁੰਜ ਅਤੇ ਐਮ.ਜੀ.ਮਾਰਨ)   

ਗਾਜ਼ਾ ਪੱਟੀ ’ਤੇ ਵਹਿਸ਼ੀ ਇਜ਼ਰਾਇਲੀ ਹਮਲਾ

 ਗਾਜ਼ਾ ਪੱਟੀ ’ਤੇ ਵਹਿਸ਼ੀ ਇਜ਼ਰਾਇਲੀ ਹਮਲਾ

ਇਜ਼ਰਾਈਲ ਦੀ ਸੱਜੇ-ਪੱਖੀ ਤੇ ਨਸਲਪ੍ਰਸਤ ਹਕੂਮਤ ਵੱਲੋਂ ਮਈ 2021 ਦੌਰਾਨ ਫਲਸਤੀਨ ਦੀ ਗਾਜ਼ਾ ਪੱਟੀ ਉਪਰ ਬਿਨਾਂ ਕਿਸੇ ਵਾਜਬ ਆਧਾਰ ਤੋਂ ਕੀਤੀ ਤਾਬੜਤੋੜ ਬੰਬਾਰੀ ਅਤੀ ਘਿਨਾਉਣੀ ਤੇ ਨਿੰਦਣਯੋਗ ਕਾਰਵਾਈ ਹੈ। ਹੁਣ ਭਾਵੇਂ  21 ਮਈ ਨੂੰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਜੰਗਬੰਦੀ ਨਾਲ ਇਸ ਜੰਗ ਦਾ ਕਾਰਨ ਬਣੇ ਕਿਸੇ ਵੀ ਮੂਲ ਮੁੱਦੇ ਦਾ ਨਿਪਟਾਰਾ ਨਾ ਹੋਣ ਕਾਰਨ ਜੰਗਬੰਦੀ ਕਦੇ ਵੀ ਖੰਡਤ ਹੋ ਸਕਦੀ ਹੈ ਅਤੇ ਇਜ਼ਰਾਈਲੀ-ਫਲਸਤੀਨੀ ਮਸਲੇ ਦੀ ਇਹ ਧੁਖਦੀ ਧੂਣੀ ਕਦੇ ਵੀ ਫਿਰ ਭਾਂਬੜ ਬਣ ਫੁੱਟ ਸਕਦੀ ਹੈ। ਇਸ 11 ਦਿਨਾ ਲੱਗਭੱਗ ਇਕਪਾਸੜ ਜੰਗ ਨਾਲ ਗਾਜ਼ਾ ਪੱਟੀ ’ਚ ਲਗਭਗ ਸੌ ਬੱਚਿਆਂ ਤੇ ਔਰਤਾਂ ਸਮੇਤ ਢਾਈ ਸੌ ਲੋਕ ਮਾਰੇ ਗਏ ਹਨ, 1500 ਬਿਲਡਿੰਗਾਂ ਬੰਬਾਰੀ ਦੀ ਮਾਰ ਹੇਠ ਆਈਆਂ ਹਨ ਤੇ ਹਜਾਰਾਂ ਦੀ ਗਿਣਤੀ ’ਚ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲੀ ਹਵਾਈ ਸੈਨਾ ਵੱਲੋਂ ਗਾਜ਼ਾ ਦੇ ਵਸਨੀਕਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਰਿਹਾਇਸ਼ੀ ਇਲਾਕਿਆਂ, ਬਹੁਮੰਜਲੀ ਇਮਾਰਤਾਂ, ਪਾਵਰ ਪਲਾਂਟਾਂ, ਹਸਪਤਾਲਾਂ ਅਤੇ ਆਰਥਕ ਪੱਖੋਂ ਅਹਿਮ ਟਿਕਾਣਿਆਂ ਨੂੰ ਹਵਾਈ ਹਮਲਿਆਂ ਦਾ ਚੋਣਵਾਂ ਨਿਸ਼ਾਨਾ  ਬਣਾ ਕੇ ਵੱਧ ਤੋਂ ਤਬਾਹੀ ਮਚਾਉਣ ਦੀ ਸੋਚੀ ਸਮਝੀ ਕੋਸ਼ਿਸ਼ ਕੀਤੀ ਗਈ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਹਮਸ ਵੱਲੋਂ ਇਜ਼ਰਾਈਲੀ ਖੇਤਰ ’ਚ ਕੋਈ ਤਿੰਨ ਤੋਂ ਚਾਰ ਹਜ਼ਾਰ ਰਾਕਟ ਦਾਗੇ ਗਏ ਹਨ ਤੇ ਇਜ਼ਰਾਈਲੀ ਦਾਅਵਿਆਂ ਅਨੁਸਾਰ 12 ਲੋਕਾਂ ਦੀ ਇਹਨਾਂ ਨਾਲ ਮੌਤ ਹੋਈ ਹੈ। 

ਮਸਲੇ ਦਾ ਸੰਖੇਪ ਪਿਛੋਕੜ

ਇਜ਼ਰਾਈਲ-ਫਲਸਤੀਨ ਮਸਲੇ ਦਾ ਮੁੱਢ ਉਸ ਵੇਲੇ ਬੱਝਾ ਜਦ ਅੰਗਰੇਜ ਬਸਤੀਵਾਦੀ ਹਕੂਮਤ ਨੇ 1947 ’ਚ ਫਲਸਤੀਨ ਨੂੰ ਆਜਾਦ ਕਰਨ ਅਤੇ ਯੂ ਐਨ ਓ ਜਨਰਲ ਅਸੈਂਬਲੀ ਵਲੋਂ ਫਲਸਤੀਨ ਨੂੰ ਤਿੰਨ ਭਾਗਾਂ ’ਚ ਵੰਡਣ ਦਾ ਫੈਸਲਾ ਕਰ ਲਿਆ। ਫਲਸਤੀਨ ’ਚ ਅਰਬ ਵਸੋਂ ਦੇ ਬਹੁਤਾਤ ਵਾਲੇ ਰਾਜ ਲਈ 48 ਫੀਸਦੀ, ਯਹੂਦੀ ਵਸੋਂ ਵਾਲੇ ਇਜ਼ਰਾਈਲ ਰਾਜ ਲਈ 44 ਫੀਸਦੀ ਇਲਾਕਾ ਦਿੱਤਾ ਗਿਆ ਅਤੇ ਯਹੂਦੀ , ਇਸਾਈ ਤੇ ਮੁਸਲਿਮ ਧਰਮ ਦੇ ਪਵਿੱਤਰ ਅਸਥਾਨਾਂ ਵਾਲੇ ਸ਼ਹਿਰ ਯੋਰੋਸ਼ਲਮ (ਸਮੇਤ ਬੈਟਲਹੀਮ ਦੇ) ’ਤੇ ਅਧਾਰਤ 8 ਫੀਸਦੀ ਖੇਤਰ ਯੂ.ਐਨ. ਓ. ਦੀ ਅਧੀਨ ਰੱਖਿਆ ਗਿਆ। ਯਹੂਦੀਆਂ ਨੇ ਇਹ ਪੇਸ਼ਕਸ਼ ਪ੍ਰਵਾਨ ਕਰਕੇ 14 ਮਈ 1948 ਨੂੰ ਆਜ਼ਾਦ ਇਜ਼ਰਾਈਲ ਰਾਜ ਦੇ ਗਠਨ ਦਾ ਐਲਾਨ ਕਰ ਦਿੱਤਾ। ਅਰਬਾਂ ਨੇ ਇਹ ਪੇਸ਼ਕਸ਼ ਨਾ ਮਨਜੂਰ ਕਰ ਦਿੱਤੀ। ਸਾਬਕਾ ਫਲਸਤੀਨ ਰਾਜ ਦੇ ਇਲਾਕੇ ’ਤੇ ਕਬਜਾ ਅਤੇ ਖੋਹ-ਖਿੰਝ ਦੀ ਦੌੜ ’ਚ ਨਾਲ ਲਗਦੇ ਅਰਬ ਰਾਜਾਂ ਦੀਆਂ ਸਰਕਾਰਾਂ ਤੇ ਇਜ਼ਰਾਈਲ ਵਿਚਕਾਰ ਜੰਗ ਛਿੜ ਪਈ। ਸਾਮਰਾਜੀ ਮੁਲਕਾਂ ਤੋਂ ਮਿਲੀ ਹਰ ਕਿਸਮ ਦੀ ਮਦਦ ਨਾਲ ਇਜ਼ਰਾਈਲ ਜੇਤੂ ਰਿਹਾ ਤੇ ਇਸ ਨੇ ਆਪਣੇ ਬਣਦੇ ਹਿੱਸੇ ਤੋਂ ਵੀ ਵੱਧ 26 ਫੀਸਦੀ ਤੋਂ ਉੱਪਰ ਹੋਰ ਇਲਾਕੇ ’ਤੇ ਵੀ ਕਬਜਾ ਕਰ ਲਿਆ। ਪੱਛਮੀ ਯੋਰੋਸ਼ਲਮ ’ਤੇ ਵੀ ਕਬਜਾ ਕਰ ਲਿਆ ਜਦ ਕਿ ਪੂਰਬੀ ਯੋਰੋਸ਼ਲਮ ’ਤੇ ਅਰਬਾਂ ਦਾ ਕਬਜਾ ਹੋ ਗਿਆ। ਇਸ ਜੰਗ ਦੌਰਾਨ 8 ਲੱਖ ਦੇ ਕਰੀਬ ਫਲਸਤੀਨੀ ਵਸੋਂ (ਕੁੱਲ ਵਸੋਂ ਦਾ 80 ਫੀਸਦੀ ਭਾਗ) ਜਾਂ ਤਾਂ ਡਰਦੀ ਆਪ ਹੀ ਇਜ਼ਰਾਈਲੀ ਖੇਤਰ ਛੱਡ ਗਈ ਤੇ ਜਾਂ ਇਜ਼ਰਾਈਲ ਦੇ ਯਹੂਦੀ ਕੱਟੜਪੰਥੀਆਂ ਤੇ ਸਰਕਾਰ ਵੱਲੋਂ ਉਹਨਾਂ ਨੂੰ ਜਬਰਨ ਕੱਢ ਦਿੱਤਾ ਗਿਆ। ਇਸ ਮਹਾਂ-ਉਜਾੜੇ ਨੂੰ ਫਲਸਤੀਨੀ ਨਕਬਾ (ਜਾਂ ਘੱਲੂਘਾਰਾ) ਕਹਿ ਕੇ ਯਾਦ ਕਰਦੇ ਹਨ। ਇਸ ਤੋਂ ਬਾਅਦ 1967 ਦੀ ਛੇ ਦਿਨਾਂ ਇਜ਼ਰਾਈਲ-ਅਰਬ ਜੰਗ ਦੌਰਾਨ ਨਾ ਸਿਰਫ ਇਜ਼ਰਾਈਲ ਨੇ ਫਲਸਤੀਨ ਦੇ ਸਮੁੱਚੇ ਇਤਿਹਾਸਕ ਖੇਤਰ ’ਤੇ ਕਬਜਾ ਕਰ ਲਿਆ ਸਗੋਂ ਮਿਸਰ ਦੇ ਸਿਨਾਈ ਖੇਤਰ ਤੇ ਸੀਰੀਆ ਦੇ ਗੋਲਾਨ ਹਾਈਟਸ ਤੇ ਕਈ ਹੋਰ ਅਰਬ ਇਲਾਕਿਆਂ ’ਤੇ ਵੀ ਕਬਜਾ ਕਰ ਲਿਆ। ਇਸ ਜੰਗ ਦੌਰਾਨ ਵੀ ਤਿੰਨ ਤੋਂ ਚਾਰ ਲੱਖ ਹੋਰ ਫਲਸਤੀਨੀ ਵਸੋਂ ਨੂੰ ਫਲਸਤੀਨੀ ਖੇਤਰਾਂ ’ਚੋਂ ਭਜਾ ਦਿੱਤਾ ਗਿਆ ਤੇ ਅਰਬ ਅਤੇ ਦੁਨੀਆਂ ਦੇ ਹੋਰ ਭਾਗਾਂ ਤੋਂ ਆਉਣ ਵਾਲੀ ਯਹੂਦੀ ਵਸੋਂ ਨੂੰ ਇਜ਼ਰਾਈਲ ’ਚ ਵਸਾਉਣਾ ਸ਼ੁਰੂ ਕਰ ਦਿੱਤਾ। ਰਫਿਊਜੀ ਬਣੇ ਯਹੂਦੀ ਪਰਿਵਾਰਾਂ ਨੂੰ ਇਜ਼ਰਾਈਲ ਨੇ ਵਧੀਆ ਢੰਗ ਨਾਲ ਵਸਾਇਆ, ਉਥੇ ਕਿਸੇ ਵੀ ਅਰਬ ਦੇਸ਼ ਨੇ ਆਪਣੇ ਤੌਰ ’ਤੇ ਜਾਂ ਸਮੂਹਕ ਤੌਰ ’ਤੇ ਫਲਸਤੀਨੀ ਸ਼ਰਨਾਰਥੀਆਂ ਨੂੰ ਨਹੀਂ ਵਸਾਇਆ ਤੇ ਉਹ ਅੱਜ ਵੀ ਅੱਡ ਅੱਡ ਦੇਸ਼ਾਂ ’ਚ ਰਫਿਊਜੀ ਕੈਂਪਾਂ ’ਚ ਰੁਲ ਰਹੇ ਹਨ। 

ਆਤਮ ਰੱਖਿਆ ਦੀ ਹਾਸੋ-ਹੀਣੀ ਦੁਹਾਈ

ਇਜ਼ਰਾਈਲੀ ਧੌਂਸਬਾਜ ਸਰਕਾਰ ਵੱਲੋਂ ਗਾਜ਼ਾ ’ਚ ਕੀਤੀ ਗਈ ਬੰਬਾਰੀ ਤੇ ਹੋਰ ਹਿੰਸਾ ਨੂੰ, ਹਕੀਕਤ ’ਚ ਆਪਣੇ ਹਰ ਹਿੰਸਕ ਕੁਕਰਮ ਨੂੰ, ਇਸ ਆਧਾਰ ’ਤੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਕਿ ਹਮਸ ਵੱਲੋਂ ਜੋ ਦਹਿਸ਼ਤੀ ਹਮਲੇ ਕੀਤੇ ਜਾਂਦੇ ਹਨ ਜਾਂ ਜਦ ਤੱਕ ਇਹ ਖਤਰਾ ਮੌਜੂਦ ਹੈ, ਉਦੋਂ ਤੱਕ ਉਸ ਨੂੰ ਆਪਣੇ ਨਾਗਰਿਕਾਂ ਅਤੇ ਦੇਸ਼ ਦੀ ਰੱਖਿਆ ਲਈ ਮੋੜਵੇਂ ਜਾਂ ਅਗਾਊਂ ਹਮਲੇ ਕਰਨ ਦਾ ਅਧਿਕਾਰ ਹੈ। ਇਸੇ ਵਾਹਯਾਤ ਤੇ ਚਗਲੇ ਤਰਕ ਦੀ ਓਟ ’ਚ ਅਮਰੀਕਨ ਸਾਮਰਾਜ ਤੇ ਹੋਰ ਪੱਛਮੀ ਸਾਮਰਾਜੀ ਮੁਲਕਾਂ ਵੱਲੋਂ ਇਜ਼ਰਾਈਲ ਦੀਆਂ ਇਹਨਾਂ ਬੇਮੇਚੀਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਨ ਦੀ ਥਾਂ ਉਸ ਨੂੰ ਉਚਿੱਤ ਠਹਿਰਾਇਆ ਤੇ ਉਸ ਨੂੰ ਸ਼ਹਿ ਤੇ ਸਹਾਇਤਾ ਦਿੱਤੀ ਜਾ ਰਹੀ ਹੈ। ਕੀ ਸੱਚਮੁੱਚ ਹੀ ਫਲਸਤੀਨੀ ਪ੍ਰਸਾਸ਼ਨ ਜਾਂ ਲੋਕਾਂ ਤੋਂ ਇਜ਼ਰਾਈਲਦੀ ਸੁਰੱਖਿਆ ਨੂੰ ਕੋਈ ਹਕੀਕੀ ਖਤਰਾ ਹੈ? ਆਓ ਜ਼ਰਾ ਹਕੀਕਤਾਂ ’ਤੇ ਨਜ਼ਰ ਮਾਰੀਏ। ਫਲਸਤੀਨ ਤੇ ਇਜ਼ਰਾਈਲ ਦੀ ਸਮਰੱਥਾ ਦਾ ਤੁਲਨਾ ਕਰੀਏ।

ਇਜ਼ਰਾਈਲ ਇਕ ਕਾਫੀ ਤਾਕਤਵਰ ਫੌਜੀ ਸ਼ਕਤੀ ਹੈ ਜਿਸ ਕੋਲ ਅਣਐਲਾਨੇ ਐਟਮੀ ਹਥਿਆਰਾਂ ਤੋਂ ਇਲਾਵਾ ਉੱਚ-ਤਕਨੀਕ ਅਧਾਰਤ ਹਥਿਆਰ ਸਨਅਤ ਹੈ। ਇਹ ਦੁਨੀਆਂ ਦੇ 5-6 ਅਤਿਅਧੁਨਿਕ ਹਥਿਆਰ ਵੇਚਣ ਵਾਲੇ ਪ੍ਰਮੁੱਖ ਦੇਸ਼ਾਂ ’ਚ ਸ਼ਾਮਲ ਹੈ। ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਦਿਓ-ਤਾਕਤ ਦਾ ਹਰ ਪੱਖੋਂ ਮਿਹਰ ਭਰਿਆ ਹੱਥ ਹਮੇਸ਼ਾ ਇਸ ਦੇ ਸਿਰ ’ਤੇ ਰਿਹਾ ਹੈ। ਇਸ ਦਾ ਅਰਥਚਾਰਾ ਵੀ ਕਾਫੀ ਵਿਕਸਤ ਤੇ ਸ਼ਕਤੀਸ਼ਾਲੀ ਹੈ। ਖੇਤਰਫਲ ਪੱਖੋਂ ਵੀ ਇਹ ਫਲਸਤੀਨੀ ਖੇਤਰ ਤੋਂ ਕਾਫੀ ਵੱਡਾ ਹੈ। ਫਲਸਤੀਨ ਦੇ ਸਮੁੱਚੇ ਖੇਤਰ ਉਪਰ ਇਸ ਦਾ ਫੌਜੀ ਗਲਬਾ ਹੈ। ਫਲਸਤੀਨ ਜੰਗ ਨਾਲ ਤਬਾਹ ਹੋਇਆ, ਸਨਅਤ ਤੇ ਵਿਕਸਤ-ਖੇਤੀ ਵਿਹੂਣਾ ਮੁਲਕ ਹੈ ਜੋ ਆਪਣਾ ਰੋਜ਼ਾਨਾ ਜੀਵਨ ਪ੍ਰਵਾਹ ਚਲਦਾ ਰੱਖਣ ਲਈ ਵਿਦੇਸ਼ੀ ਸਹਾਇਤਾ ’ਤੇ ਨਿਰਭਰ ਹੈ। ਇਹ ਪਿਛਲੇ 15-20 ਸਾਲਾਂ ਤੋਂ ਇਜ਼ਰਾਈਲ ਦੀ ਸਾਹ-ਘੁੱਟਵੀਂ ਨਾਕੇਬੰਦੀ ਦਾ ਸ਼ਿਕਾਰ ਹੈ। ਗਾਜ਼ਾ ਪੱਟੀ ’ਚ ਖਾਧ-ਖੁਰਾਕ, ਦਵਾਈਆਂ, ਬਿਜਲੀ-ਪਾਣੀ ਤੇ ਹੋਰ ਵਸਤਾਂ ਦੀ ਹਮੇਸ਼ਾ ਕਿੱਲਤ ਵਾਲੀ ਹਾਲਤ ਰਹਿੰਦੀ ਹੈ। ਉਥੇ ਕੀ ਚੀਜ਼ ਤੇ ਕਿੰਨੀ ਮਾਤਰਾ ’ਚ ਆ ਸਕਦੀ ਹੈ, ਇਹ ਇਜ਼ਰਾਈਲ ’ਤੇ ਨਿਰਭਰ ਹੈ। ਬੇਰੁਜ਼ਗਾਰੀ ਸਿਖਰਾਂ ’ਤੇ ਹੈ। ਆਰਥਿਕਤਾ ਬੇਹਾਲ ਹੈ। ਆਪਣੀ ਫੌਜ ਨਹੀਂ। ਹਥਿਆਰ ਦਰਾਮਦ ਕਰਨ ਦੀ ਇਜ਼ਰਾਈਲੀ ਨਾਕੇਬੰਦੀ ਦੀਆਂ ਹਾਲਤਾਂ ’ਚ, ਸੰਭਾਵਨਾ ਨਹੀਂ। ਅਜਿਹੀ ਮੁਥਾਜਗੀ ਤੇ ਮੰਦਹਾਲੀ ਵਾਲਾ ਫਲਸਤੀਨ ਕੀ ਇਜ਼ਰਾਈਲ ਲਈ ਕੋਈ ਪਾਏਦਾਰ ਸੁਰੱਖਿਆ ਖਤਰਾ ਹੋ ਸਕਦਾ ਹੈ? ਇਹ ਤਾਂ ਅਜਿਹੀ ਗੱਲ ਬਣਦੀ ਹੈ ਕਿ ਇਕ ਹੱਟਾ-ਕੱਟਾ ਤੇ ਬੰਦੂਕ ਨਾਲ ਲੈਸ ਵਿਅਕਤੀ ਕਿਸੇ ਹੱਥਾਂ-ਪੈਰਾਂ ਤੋਂ ਨੂੜੇ ਤੇ ਮਾੜਚੂ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਗੰਭੀਰ ਖਤਰਾ ਦੱਸ ਰਿਹਾ ਹੋਵੇ। 

ਫਲਸਤੀਨ ਵੱਲੋਂ ਦਾਗੇ ਜਾ ਰਹੇ ਜਿਨ੍ਹਾਂ ਰਾਕਟਾਂ ਦੇ ਹਮਲਿਆਂ ਦੀ ਡੌਂਡੀ ਪਿੱਟੀ ਜਾ ਰਹੀ ਹੈ, ਉਹ ਮੁੱਢਲੀ ਕਿਸਮ ਦੇ ਹਨ, ਜਿਹਨਾਂ ਨੂੰ ਨਾ ਪੂਰੀ ਤਰ੍ਹਾਂ ਸਿਸਤ ਬੱਝਵੇਂ ਨਿਸ਼ਾਨੇ ’ਤੇ ਮਾਰਿਆ ਜਾ ਸਕਦਾ ਹੈ, ਨਾ ਹੀ ਉਹ ਇੰਨੇ ਘਾਤਕ ਹਨ। ਇਹ ਰਾਕਟ ਫਲਸਤੀਨੀਆਂ ਵੱਲੋਂ ਮੋੜਵੇਂ ਟਾਕਰੇ ਦੀ ਸਮਰੱਥਾ ਦੇ ਪ੍ਰਤੀਕ ਹੋਣ ਨਾਲੋਂ ਉਹਨਾਂ ਦੇ ਟਾਕਰਾ ਕਰਨ ਦੇ ਇਰਾਦੇ ਅਤੇ ਜੋਰਾਵਰ ਦੁਸ਼ਮਣ ਵੱਲੋਂ ਮੜ੍ਹੀ ਨਿਹੱਕੀ ਤੇ ਜਾਲਮਾਨਾ ਜੰਗ ’ਚ ਗੋਡੇ ਨਾਟੇਕਣ ਦੇ ਇਰਾਦੇ ਦੇ ਵਧੇਰੇ ਪ੍ਰਤੀਕ ਹਨ। ਇਜਰਾਈਲ ਦੀ ਵਿਕਸਤ ਸੁਰੱਖਿਆ ਪ੍ਰਣਾਲੀ, ਇਜ਼ਰਾਈਲੀ ਸੈਨਾ ਦੇ ਆਪਣੇ ਦਾਅਵਿਆਂ ਅਨੁਸਾਰ, ਇਹਨਾਂ ਰਾਕਟ ਹਮਲਿਆਂ ਨੂੰ ਟਿਕਾਣੇ ’ਤੇ ਪੁੱਜਣ ਤੋਂ ਪਹਿਲਾਂ  ਨਾਕਾਮ ਕਰ ਦਿੰਦੀ ਹੈ। ਇਹ ਰਾਕਟ ਹਮਲੇ ਵੀ ਇਜ਼ਰਾਈਲੀ ਪੁਲਸ ਅਤੇ ਸੈਨਾ ਦੇ ਘਾਤਕ ਹਮਲਿਆਂ ਦੇ ਜੁਆਬ ’ਚ ਹੀ ਕੀਤੇ ਜਾ ਰਹੇ ਹਨ। ਫਿਰ ਵੀ ਸਾਮਰਾਜੀ ਗੋਲੇ ਮੀਡੀਆ ਵੱਲੋਂ ਫਲਸਤੀਨੀਆਂ ਨੂੰ ਹੀ ਦਹਿਸ਼ਤਗਰਦ ਅਤੇ ਹਮਲਾਵਰ ਕਹਿ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਬੇਮੇਚੇ ਅਤੇ ਬੇਪਨਾਹ ਜ਼ੁਲਮ ਅਤੇ ਵਹਿਸ਼ੀ ਬਦਲਾਖੋਰੀ ਦੀਆਂ ਕਾਰਵਾਈਆਂ ਕਰਨ ਵਾਲੀ ਇਜ਼ਰਾਈਲੀ ਦਹਿਸ਼ਤਗਰਦੀ ਨੂੰ ‘ਰੱਖਿਆਤਮਕ ਕਾਰਵਾਈ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। 

1948 ’ਚ ਫਲਸਤੀਨੀ ਧਰਤੀ ਉਪਰ ਸਾਮਰਾਜੀਆਂ ਵੱਲੋਂ ਜਬਰਨ ਇਜ਼ਰਾਈਲੀ ਰਾਜ ਦੀ ਸਥਾਪਨਾ ਵੇਲੇ ਤੋਂ ਹੀ ਇਜ਼ਰਾਈਲੀ ਰਾਜ ਇਸ ਨੀਤੀ ’ਤੇ ਚਲਦਾ ਆ ਰਿਹਾ ਹੈ ਕਿ ਫਲਸਤੀਨੀ ਲੋਕਾਂ ਦੀ ਕੌਮੀ ਰਾਜ ਦੀ ਸਥਾਪਨਾ ਲਈ ਚੱਲ ਰਹੀ ਜੱਦੋਜਹਿਦ ਨੂੰ ਕੁਚਲਿਆ ਜਾਵੇ, ਫਲਸਤੀਨੀ ਇਲਾਕਿਆਂ ਨੂੰ ਲਗਾਤਾਰ ਹਥਿਆਉਣਾ ਜਾਰੀ ਰੱਖਿਆ ਜਾਵੇ, ਇਜ਼ਰਾਈਲੀ ਅਧਿਕਾਰ ਹੇਠ ਆਏ ਇਲਾਕਿਆਂ ਚੋਂ ਅਰਬ ਮੂਲਦੇ ਲੋਕਾਂ ਨੂੰ ਉਜਾੜਨ ਤੇ ਯਹੂਦੀਆਂ ਨੂੰ ਵਸਾਉਣ ਦਾ ਅਮਲ ਤੇਜ਼ੀ ਨਾਲ ਅੱਗੇ ਵਧਾਉਣਾ ਜਾਰੀ ਰੱਖਿਆ ਜਾਵੇ, ਇਜ਼ਰਾਈਲੀ ਖੇਤਰ ’ਚ ਰਹਿ ਗਏ ਫਲਸਤੀਨੀ ਲੋਕਾਂ ਨੂੰ ਦਬੈਲ ਬਣਾ ਕੇ ਰੱਖਿਆ ਜਾਵੇ ਅਤੇ ਫਲਸਤੀਨੀ ਇਲਾਕਿਆਂ ਦੀ ਨਾਕੇਬੰਦੀ ਜਾਰੀ ਰੱਖੀ ਜਾਵੇ। ਸਾਮਰਾਜੀ ਮੁਲਕਾਂ-ਖਾਸ ਕਰਕੇ ਦਿਓ-ਕੱਦ ਤਾਕਤ ਅਮਰੀਕੀ ਸਾਮਰਾਜ ਵੱਲੋਂ-ਇਸ ਨੀਤੀ ਦੀ ਜਾਹਰਾ ਜਾਂ ਗੁੱਝੀ ਹਮਾਇਤ ਹੋਣਕਰਕੇ ਇਜ਼ਰਾਈਲੀ ਹਾਕਮ ਯੂ.ਐਨ. ਓ. ਦੇ ਮਤਿਆਂ, ਕੌਮਾਂਤਰੀ ਕਾਨੂੰਨਾਂ ਨੂੰ ਟਿੱਚ ਜਾਣਦੇ ਆ ਰਹੇ ਹਨ। ਹਕੀਕਤ ’ਚ ਸੁਰੱਖਿਆਤਮ ਲੜਾਈ ਦੇ ਹੋਕਰੇ ਮਾਰ ਕੇ ਸਿਰੇ ਦੀ ਵਹਿਸ਼ੀ, ਪਸਾਰਵਾਦੀ ਤੇ ਨਿਹੱਕੀ ਜੰਗ ਜਾਰੀ ਰੱਖੀ ਤੇ ਅੱਗੇ ਵਧਾਈ ਜਾ ਰਹੀ ਹੈ। 

ਮੌਜੂਦਾ ਹਮਲੇ ਲਈ ਭੜਕਾਊ ਕਾਰਵਾਈਆਂ

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਤਾਜ਼ਾ ਹਮਲਿਆਂ ਲਈ ਵੀ ਇਜ਼ਰਾਈਲੀ ਹਾਕਮਾਂ ਨੇ ਗਿਣ-ਮਿਥ ਕੇ ਜਮੀਨ ਤਿਆਰ ਕੀਤੀ ਹੈ। ਲਗਾਤਾਰ ਭੜਕਾਊ ਕਾਰਵਾਈਆਂ ਅਤੇ ਜਬਰ ਢਾਹ ਕੇ ਫਲਸਤੀਨੀ ਲੋਕਾਂ ਨੂੰ ਪ੍ਰਤੀਕਰਮ ਲਈ ਮਜਬੂਰ ਕੀਤਾ ਹੈ। 

ਯੂ.ਐਨ. ਓ. ਜਨਰਲ ਅਸੈਂਬਲੀ ਯੋਰੋਸ਼ਲਮ ’ਤੇ ਇਜ਼ਰਾਈਲੀ ਕਬਜੇ ਨੂੰ ਗੈਰ-ਕਾਨੂੰਨੀ ਮੰਨਦੀ ਹੈ। ਪਿਛਲੇ ਸਮੇਂ ’ਚ ਘੋਰ ਸੱਜੇ-ਪੱਖੀ ਤੇ ਨਸਲਪ੍ਰਸਤ ਟਰੰਪ ਨੇ ਯੋਰੋਸ਼ਲਮ ਦੇ ਸਮੁੱਚੇ ਇਲਾਕੇ ਨੂੰ ਇਜ਼ਰਾਈਲੀ ਰਾਜਧਾਨੀ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਦੇ ਬਾਵਜਦੂ ਫਲਸਤੀਨੀ ਲੋਕਾਂ ਨੇ ਇਸ ਦਾ ਰਸਮੀ ਵਿਰੋਧ ਕਰਨ ਤੱਕ ਹੀਆਪਣੇ ਆਪ ਨੂੰ ਸੀਮਤ ਰੱਖਿਆ। ਪੂਰਬੀ ਯੋਰੋਸ਼ਲਮ ’ਚ ਪੈਂਦੇ ਖੇਤਰ ’ਚ ਇਜ਼ਰਾਈਲ ਪਿਛਲੇ ਅਰਸੇ ਦੌਰਾਨ ਤਿੰਨ ਲੱਖ ਤੋਂ ਵੀ ਵੱਧ ਯਹੂਦੀ ਵਸੋਂ ਵਾਲੀਆਂ ਬਸਤੀਆਂ ਗੈਰਕਾਨੂੰਨੀ ਢੰਗ ਨਾਲ ਵਸਾ ਚੁੱਕਿਆ ਹੈ। ਹੁਣ ਇੱਥੇ 1948 ਤੋਂ ਵੀ ਪਹਿਲਾਂ ਰਹਿੰਦੇ ਫਲਸਤੀਨੀ ਲੋਕਾਂ ਨੂੰ ਜਬਰਨ ਉਜਾੜਿਆ ਜਾ ਰਿਹਾ ਹੈ। ਇਹ ਮਸਲਾ ਇਜ਼ਰਾਈਲੀ ਸੁਪਰੀਮਕੋਰਟ ’ਚ ਵੀ ਹੈ। ਇਸ ਮਸਲੇ ਨੂੰ ਲੈ ਕੇ ਇਜ਼ਰਾਈਲ ’ਚ ਰਹਿੰਦੀ ਫਲਸਤੀਨੀ ਵਸੋਂ ’ਚ ਕਾਫੀ ਰੋਸ ਤੇ ਵਿਰੋਧ ਹੈ। ਇਜ਼ਰਾਈਲੀ ਕੱਟੜਪੰਥੀ ਅਨਸਰਾਂ ਤੇ ਅਧਿਕਾਰੀਆਂ ਵੱਲੋਂ ਫਲਸਤੀਨੀਆਂ ਨੂੰ ਕੱਢਣ ਦੀ ਇਸ ਮੁਹਿੰਮ ਨੂੰ ਤੂਲ ਦਿੱਤੀ ਜਾ ਰਹੀ ਹੈ। 

-21 ਅਪ੍ਰੈਲ ਨੂੰ ਅੱਤ-ਸੱਜੇਪੱਖੀ ਯਹੂਦੀ ਜਥੇਬੰਦੀ ‘‘ਲੇਹਾਵਾ’’ ਦੇ ਕਈ ਸੈਂਕੜੇ ਕਾਰਕੁੰਨਾਂ ਨੇ ਕੇਂਦਰੀ ਯੋਰੋਸ਼ਲਮ ’ਚ ਫਲਸਤੀਨੀਆਂ ਨੂੰ ਮੁਲਕ ’ਚੋਂ ਕੱਢਣ ਲਈ ਭੜਕਾਊ ਜਲੂਸ ਕੱਢਿਆ ਅਤੇ ‘‘ਅਰਬ ਮੁਰਦਾਬਾਦ’’ ਦੇ ਨਾਹਰੇ ਲਾਏ। ਯਹੂਦੀਆਂ ਦੇ ਇਕ ਟੋਲੇ ਵੱਲੋਂ ਫਲਸਤੀਨੀਆਂ ਦੇ ਘਰਾਂ ਤੇ ਹਮਲੇਕਰਨ ਅਤੇ ਇਕ ਹੋਰ ਗਰੁੱਪ ਵੱਲੋਂ ਇਕ ਫਲਸਤੀਨੀ ਦਾ ਕੁਟਾਪਾ ਕਰਨ ਦੀਆਂ ਫਿਲਮਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ। 

-13 ਅਪ੍ਰੈਲ ਨੂੰ ਰਮਜ਼ਾਨ ਦੇ ਮਹੀਨੇ ਦੀ ਪਹਿਲੀ ਰਾਤ ਮੌਕੇ ਪਵਿੱਤਰ ‘ਅਲ ਅਕਸਾ’ ਮਸਜਿਦ ’ਚ ਇਕ ਧਾਰਮਿਕ ਸਮਾਗਮ ’ਚ ਹਜਾਰਾਂ ਦੀ ਗਿਣਤੀ ’ਚ ਮੁਸਲਿਮ ਸ਼ਰਧਾਲੂ ਸ਼ਾਮਲ ਹੋਏ। ਇਜ਼ਰਾਈਲੀ ਪੁਲਸ ਨੇ ਇਸ ਪਵਿੱਤਰ ਮਸਜਿਦ ’ਚ ਧੱਕੇ ਨਾਲ ਵੜ ਕੇ ਉਥੇ ਚਲਦੇ ਲਾਊਡ ਸਪੀਕਰਾਂ ਦੀਆਂ ਤਾਰਾਂ ਇਸ ਕਰਕੇ ਕੱਟ ਦਿੱਤੀਆਂ ਕਿੳਂੁਕਿ ਮਸਜਿਦ ਵਾਲੀ ਪਹਾੜੀ ਦੇ ਹੇਠਾਂ ਇਜ਼ਰਾਈਲੀ ਰਾਸ਼ਟਰਪਤੀ ਵੱਲੋਂ ਉਹਨਾਂ ਸੈਨਿਕਾਂ ਦੀ ਯਾਦ ’ਚ ਸਮਾਗਮ ਰੱਖਿਆ ਹੋਇਆ ਸੀ ਜਿਨ੍ਹਾਂ ਨੇ ਇਜ਼ਰਾਈਲੀ ਰਾਜ ਦੀ ਸਥਾਪਨਾ ਤੇ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ ਸਨ। ਇਸ ਧਾਰਮਿਕ ਸਥਾਨ ਦੀ ਬੇਹੁਰਮਤੀ ਅਤੇ ਨਸਲੀ ਵਿਤਕਰੇ ਦੀ ਕਾਰਵਾਈ ਨੇ ਫਲਸਤੀਨੀ ਲੋਕਾਂ ’ਚ ਅੰਤਾਂ ਦੀ ਨਫਰਤ ਅਤੇ ਰੋਹ ਭਰ ਦਿੱਤਾ। 

-ਲਾਊਡ ਸਪੀਕਰ ਕੱਟਣ ਦੀ ਘਟਨਾ ਤੋਂ ਬਾਅਦ ਹੀ ਫਲਸਤੀਨੀਆਂ ਦੇ ਇਕੱਠ ਰੋਕਣ ਲਈ ਪੁਲਸ ਨੇ ਡਮਸਕਸ ਗੇਟ ਲਾਗੇ ਪੈਂਦੇ ਇਕ ਪਲਾਜੇ ਨੂੰ ਬੰਦ ਕਰਵਾ ਦਿੱਤਾ, ਜਿੱਥੇ ਰਮਜ਼ਾਨ ਦੌਰਾਨ ਫਲਸਤੀਨੀ ਇਕੱਠੇ ਹੁੰਦੇ ਤੇ ਬਹਿੰਦੇ ਸਨ। ਇਹ ਪੱਛਮੀ ਕਿਨਾਰੇ ਅਤੇ ਪੂਰਬੀ ਯੋਰੋਸ਼ਲਮ ਦੇ ਲੋਕਾਂ ਲਈ ਅਲ-ਅਕਸਾ ਮਸਜਿਦ ਅਤੇ ਪੁਰਾਣੇ ਸ਼ਹਿਰ ’ਚ ਜਾਣ ਦਾ ਵੀ ਮੁੱਖ ਮਾਰਗ ਸੀ। ਇਸ ਨਾਲ ਮਸਜਿਦ ਜਾਣ ਵਾਲੇ ਸ਼ਰਧਾਲੂਆਂ ਤੇ ਫਲਸਤੀਨੀ ਯੁਵਕਾਂ ’ਚ ਅੰਤਾਂ ਦਾ ਰੋਹ ਫੈਲ ਗਿਆ। ਇਹ ਪਲਾਜ਼ਾ ਖੁਲਵਾਉਣ ਲਈ ਮੁਸਲਿਮ ਸ਼ਰਧਾਲੂਆਂ ਅਤੇ ਪੁਲਸ ਵਿਚਕਾਰ ਝੜੱਪਾਂ ਸ਼ੁਰੂ ਹੋ ਗਈਆਂ ਜੋ ਹੌਲੀ ਹੌਲੀ ਜਨੂੰਨੀ ਯਹੂਦੀ ਤੇ ਸਥਾਨਕ ਅਰਬ ਲੋਕਾਂ ’ਚ ਝੜੱਪਾਂ ਤੱਕ ਵਧ ਕੇ ਇਜ਼ਰਾਈਲ ਦੇ ਕਈ ਸ਼ਹਿਰਾਂ ਤੱਕ ਫੈਲ ਗਈਆਂ। ਅੰਤ ਨੂੰ ਪੁਲਸ ਨੂੰ ਇਹ ਪਲਾਜ਼ਾ ਖੋਹਲਣਾ ਪਿਆ। 

-ਪੂਰਬੀ ਯੋਰੋਸ਼ਲਮ ਦੇ ਸ਼ੇਖ ਜਗ੍ਹਾ ਖੇਤਰ ’ਚੋਂ 6 ਫਲਸਤੀਨੀ ਪਰਿਵਾਰਾਂ ਨੂੰ ਉਜਾੜਨ ਦੇ ਇਕ ਕੇਸ ਦਾ ਫੈਸਲਾ 10 ਮਈ ਨੂੰ ਸੁਪਰੀਮ ਕੋਰਟ ਨੇ ਸੁਣਾਉਣਾ ਸੀ। 6 ਮਈ ਨੂੰ ਯੋਰੋਸ਼ਲਮ ਸ਼ਹਿਰ ਦੇ ਯਹੂਦੀ ਉਪ-ਮੇਅਰ ਆਰੇਹ ਕਿੰਗ ਦੀ ਅਗਵਾਈ ਹੇਠ ਯਹੂਦੀ ਬੁਰਸ਼ਗਰਦਾਂ ਦੇ ਇੱਕ ਹਜੂਮ ਵੱਲੋਂ ਸ਼ਹਿਰ ’ਚ ਜਲੂਸ ਕੱਢ ਕੇ, ਧਮੱਚੜ ਮਚਾ ਕੇ ਇਹਨਾਂ 6 ਪ੍ਰਵਾਰਾਂ ਨੂੰ ਤੁਰੰਤ ਘਰ ਛੱਡ ਜਾਣ ਲਈ ਧਮਕਾਇਆ ਗਿਆ। ਘੈਂਕਰੇ ਡਿਪਟੀ ਮੇਅਰ ਨੇ ਇਕ ਫਲਸਤੀਨੀ ਦੀ ਪਿੱਠ ਵਿਚ ਗੋਲੀ ਮਾਰ ਦਿੱਤੀ ਤੇ ਇਸ ਗੱਲ ’ਤੇ ਜਨਤਕ ਅਫਸੋਸ ਜਤਾਇਆ ਕਿ ਉਸ ਦਾ ਨਿਸ਼ਾਨਾ ਸਿਰ ’ਤੋਂ ਖੁੰਝ ਗਿਆ। 

ਉਪਰੋਕਤ ਜ਼ਿਕਰ ਕੀਤੀਆਂ ਤੇ ਕਈ ਹੋਰ ਨਸਲਪ੍ਰਸਤ ਤੇ ਭੜਕਾਊ ਕਾਰਵਾਈਆਂ ਸਦਕਾ ਫਲਸਤੀਨੀ ਵਸੋਂ ਤੇ ਯੁਵਕ ਆਹਤ ਅਤੇ ਅਪਮਾਣਤ ਮਹਿਸੂਸ ਕਰ ਰਹੇ ਸਨ। ਅੰਤਾਂ ਦੇ ਰੋਹ ਨਾਲ ਭਰੇ ਹੋਏ ਸਨ। 7 ਮਈ ਦੀਆਂ  ਧਾਰਮਿਕ ਠੇਸ ਪਹੁੰਚਾਉਣ ਤੇ ਜ਼ਾਲਮਾਨਾ ਘਟਨਾਵਾਂ ਨੇ ਸੁਲਘਦੀ ਅੱਗ ’ਤੇਹੋਰ ਤੇਲ ਪਾ ਦਿੱਤਾ। 

7 ਮਈ ਨੂੰ  ਸ਼ੁਕਰਵਾਰ ਦੇ ਰਮਜ਼ਾਨ ਦੇ ਇਕੱਠ ’ਚ ਦਹਿ-ਹਜ਼ਾਰਾਂ ਦੀ ਗਿਣਤੀ ’ਚ ਫਲਸਤੀਨੀ ਅਲ-ਅਕਸਾ ਮਸਜਿਦ ’ਚ ਜਮ੍ਹਾ ਹੋਏ। ਪੁਲਸ ਨੇ ਵਿਰੋਧ ਪ੍ਰਦਰਸ਼ਨ ਦੇ ਡਰੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆਂ ਘੋਰ ਸੰਵੇਦਨਹੀਣਤਾ ਦਾ ਮੁਜਾਹਰਾ ਕਰਦਿਆਂ, ਇਸ ਇਕੱਠ ਨੂੰ ਵਿਝੇੜਨ ਲਈ ਅਲ-ਅਕਸਾ ਮਸਜਿਦ ’ਚ ਦਾਖਲਹੋ ਕੇ ਟੀਅਰ ਗੈਸ, ਸਟੰਨ ਗਰਨੇਡਾਂ ਅਤੇ ਰਬੜ ਦੀਆਂ ਗੋਲੀਆਂ ਦੀ ਵਾਛੜ ਕਰ ਦਿਤੀ । ਰੋਹ ’ਚ ਆਏ ਤੇ ਉਤੇਜਿਤ ਹੋਏ ਲੋਕਾਂ ਨੇ ਵੀ ਅੱਗੋਂ ਪੁਲਿਸ ਦਾ ਰੋੜਿਆਂ ਨਾਲ ਮੁਕਾਬਲਾ ਕੀਤਾ। ਇਸ ਨਾਲ ਇਜ਼ਰਾਈਲ ਵਿਚਲੀ ਅਰਬ ਲੋਕਾਂ ਦੀ ਵਸੋਂ ਵੀ ਝੰਜੋੜੀ ਗਈ ਅਤੇ ਸੜਕਾਂ ’ਤੇ ਆ ਗਈ। ਬਹੁਤ ਸਾਰੇ ਸ਼ਹਿਰਾਂ ਜਿਵੇਂ ਹਾਈਫਾ, ਅੱਕਾ, ਲੋਡ, ਰਾਮਲੇ ਆਦਿਕ ਅੰਦਰ ਅਰਬਾਂ ਅਤੇ ਯਹੂਦੀ ਕੱਟੜਪੰਥੀਆਂ ’ਚ ਆਪਸੀ ਟਕਰਾਅ ਹੋਏ ਤੇ ਕਈ ਥਾਈਂ ਸੈਨਾ ਵੀ ਬੁਲਾਉਣੀ ਪਈ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਜ਼ਰਾਈਲ ’ਚ ਦੋ ਸਾਲਾਂ ’ਚ ਹੀ ਚਾਰ ਵਾਰ ਚੋਣਾਂ ਹੋਣ ਦੇ ਬਾਵਜੂਦ ਸਥਿਰ ਸਰਕਾਰ ਨਹੀਂ ਬਣ ਸਕੀ। ਪ੍ਰਧਾਨ ਮੰਤਰੀ ਨੇਤਨਯਾਹੂ ਕੁਰੱਪਸ਼ਨ ਦੇ ਗੰਭੀਰ ਸਕੈਂਡਲ ਵਿਚ ਫਸੇ ਹੋਏ ਹਨ। ਹੁਣ ਉਹਨਾਂ ਦੀ ਸਰਕਾਰ ਡਿਗੂੰ ਡਿਗੂੰ ਕਰ ਰਹੀ ਸੀ। ਨਵੀਂ ਕੁਲੀਸ਼ਨ ਬਣਾਉਣ ਲਈ ਉਹਨਾਂ ਨੂੰ ਕੱਟੜ ਯਹੂਦੀ ਨਸਲਪ੍ਰਸਤ ਤੇ ਸੱਜ-ਪਿਛਾਖੜੀ ਨੇਤਾ-ਇਟਾਮਰ ਬੈਨ ਗਵੀਰ-ਦੀ ਹਮਾਇਤ ਦਰਕਾਰ ਸੀ ਜੋ ਕਿ ਗੋਲਡਸਟੀਨ ਨਾਂ ਦੇ ਇਕ ਯਹੂਦੀ ਸਿਰਫਿਰੇ ਦੀ ਫੋਟੋ ਆਪਣੇ ਗਲ ’ਚ ਪਾ ਕੇ ਘੁੰਮਣ ਲਈ ਜਾਣਿਆ ਜਾਂਦਾ ਹੈ ਅਤੇ ਜਿਸ ਨੇ 29 ਫਲਸਤੀਨੀਆਂ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀ। ਅਜਿਹੇ ਸਿਆਸੀ ਸੰਕਟਾਂ ਵਿੱਚੋਂ ੳੱੁਭਰਨ ਲਈ ਦੁਨੀਆਂ ਭਰ ’ਚ ਸਿਆਸਤਦਾਨਾਂ ਵੱਲੋਂ ਜੰਗੀ ਜਨੂੰਨ ਨੂੰ ਬ੍ਰਹਮਅਸਤਰ ਦੇ ਰੂਪ ’ਚ ਵਰਤਿਆ ਜਾਂਦਾ  ਹੈ। ਨੇਤਨਯਾਹੂ ਨੇ ਵੀ ਉਪਰੋਕਤ ਭੜਕਾਊ ਮਹੌਲ ਗਿਣ-ਮਿਥ ਕੇ ਸਿਰਜਿਆ ਅਤੇ ਫਲਸਤੀਨੀਆਂ ’ਤੇ ਨਿਹੱਕੀ ਜੰਗ ਮੜ੍ਹ ਕੇ ਆਪਣੇ ਸਿਆਸੀ ਸੰਕਟ ’ਚੋਂ ਨਿੱਕਲਣ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਅਮਰੀਕਨ ਸਾਮਰਾਜੀ, ਅਰਬ ਹਕੂਮਤਾਂ ’ਤੇ ਇਜ਼ਰਾਈਲੀ-ਫਲਸਤੀਨੀ ਮਸਲਾ

ਇਜ਼ਰਾਈਲ ਦੀ ਸਥਾਪਨਾ ਦੇ ਵੇਲੇ ਤੋਂ ਲੈ ਕੇ ਹੀ ਅਮਰੀਕਨ ਸਾਮਰਾਜ ਇਸ ਨੂੰ ਮੱਧ-ਪੂਰਬ ਦੇ ਪੈਟਰੌਲੀਅਮ ਭਰਪੂਰ ਤੇ ਯੁੱਧਨੀਤਕ ਮਹੱਤਤਾ ਵਾਲੇ ਖਿੱਤੇ ’ਚ ਆਪਣੀ ਇਕ ਤਾਕਤਵਰ ਪੁਲਸ ਚੌਕੀ ਦੇ ਰੂਪ ’ਚ ਵਿਕਸਤ ਕਰਦਾ ਆ ਰਿਹਾ ਹੈ। ਅਮਰੀਕਾ ’ਚ ਇਜ਼ਰਾਈਲ ਪੱਖੀ ਤਾਕਤਵਰ ਲਾਬੀ ਹੈ ਜਿਸ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ, ਅਣਦੇਖੀ ਨਹੀਂ ਕਰ ਸਕਦੀ। ਪੂਰੀ ਦੁਨੀਆਂ ਦੇ ਲੋਕਾਂ ਅਤੇ ਦੇਸ਼ਾਂ ਵੱਲੋਂ ਇਜ਼ਰਾਈਲੀ ਧੌਂਸਬਾਜ ਕਾਰਵਾਈਆਂ ਤੇ ਵਤੀਰੇ ਦਾ ਵਿਰੋਧ ਕਰਨ ਦੇ ਬਾਵਜੂਦ ਅਮਰੀਕਾ ਨੇ ਇਜ਼ਰਾਈਲ ਦੀ ਫੌਜੀ, ਆਰਥਕ, ਸਿਆਸੀ ਤੇ ਕੂਟਨੀਤਕ ਮਦਦ ਡਟ ਕੇ ਕੀਤੀ ਹੈ। ਬਾਕੀ ਸਾਮਰਾਜੀ ਮੁਲਕ ਵੀ ਵੱਧ ਘੱਟ ਹੱਦ ਤੱਕ, ਮੋਟੇ ਰੂਪ ’ਚ ਇਹਦੇ ਹੱਕ ’ਚ ਹੀ ਭੁਗਤਦੇ ਆ ਰਹੇ ਹਨ। ਮੌਜੂਦਾ ਸਮੇਂ ਵੀ ਉਹ ਸਵੈ-ਰਾਖੀ ਦੇ ਅਖੌਤੀ ਅਧਿਕਾਰ ਦੀ ਆੜ ’ਚ ਇਜ਼ਰਾਈਲੀ ਹਮਲੇ ਤੇ ਵਧਵੀਂ ਕਾਰਵਾਈ ਤੱਕ ਦੀਵੀ ਨਿਖੇਧੀ ਕਰਨ ਲਈ ਤਿਆਰ ਨਹੀਂ। ਮੌਜੂਦਾ ਹਮਲੇ ਦੌਰਾਨ ਤਾਂ ਅਮਰੀਕਨ ਸਾਮਰਾਜੀਆਂ ਨੇ ਯੂ ਐਨ ਸਕਿਊਰਿਟੀ ਕੌਂਸਲ ਵੱਲੋਂ ਇਸ ਮਸਲੇ ਨੂੰ ਵਿਚਾਰਨ ਲਈ ਰੱਖੀਆਂ ਮੀਟਿੰਗਾਂ ਤੱਕ ਨਹੀਂ ਹੋਣ ਦਿੱਤੀਆਂ। ਬਾਈਡਨ ਪ੍ਰਸ਼ਾਸਨ ਨੇ ਕੁੱਝ ਚਿਰ ਪਹਿਲਾਂ ਹੀ ਇਜ਼ਰਾਈਲ ਨੂੰ ਲਗਭਗ 750 ਮਿਲੀਅਨ ਡਾਲਰ ਦੇ ਅਤੀ-ਅਧੁਨਿਕ ਹਥਿਆਰ ਵੀ ਦਿੱਤੇ ਹਨ। ਮੱਧ ਪੂਰਬ ’ਚ ਇਜ਼ਰਾਈਲ ਅਮਰੀਕਨ ਯੁੱਧ ਨੀਤੀ ਨੂੰ ਅੱਗੇ ਵਧਾਉਣ ਦਾ ਅਹਿਮ ਸੰਦ ਬਣਿਆ ਹੋਇਆ ਹੈ। 

ਇਸ ਖਿੱਤੇ ਦੀਆਂ ਅਰਬ ਹਕੂਮਤਾਂ ਆਮ ਕਰਕੇ ਰਾਜਾਸ਼ਾਹੀਆਂ ਹਨ ਜੋ ਫਲਸਤੀਨੀ ਕਾਜ਼ ਨੂੰ ਮਨੋ-ਦਿਲੋਂ ਭੁਲਾ ਕੇ ਸਿਰਫ ਵਿਸ਼ਾਲ ਮੁਸਲਿਮ ਰਿਆਇਆ ਦੇ ਦਬਾਅ ਕਰਕੇ , ਫਲਸਤੀਨ ਨਾਲ ਯੱਕਯਹਿਤੀ ਦਾ ਵਿਖਾਵਾ ਕਰ ਰਹੀਆਂ ਹਨ। ਇਜ਼ਰਾਈਲ ਨਾਲੋਂ ਇਰਾਨ ਨਾਲ ਇਹਨਾਂ ਦਾ ਵਿਰੋਧ ਕਿਤੇ ਜ਼ਿਆਦਾ ਤਿੱਖਾ ਹੈ। ਫਲਸਤੀਨ ਦੇ ਗਵਾਂਢੀ -ਮਿਸਰ ਤੇ ਜੌਰਡਨ-ਤਾਂ ਅਮਰੀਕਾ ਦੇ ਪਿੱਠੂ ਹਨ। ਇਸੇ ਤਰ੍ਹਾਂ ਸਾਊਦੀ ਅਰਬ, ਯੂ. ਏ.ਈ.ਵੀ ਅਮਰੀਕਨ ਹਿੱਤਾਂ ਨਾਲ ਬੱਝੇ ਹੋਏ ਹਨ। ਕੁੱਝ ਚਿਰ ਪਹਿਲਾਂ ਹੀ ਯੂ.ਏ.ਈ., ਬਹਿਰੀਨ, ਸੂਡਾਨ ਤੇ ਮਰੋਕੋ ਨੇ ਤਾਂ ਇਜ਼ਰਾਈਲ ਨਾਲ ਆਪਣੇ ਕੂਟਨੀਤਕ ਸਬੰਧ ਵੀ ਕਾਇਮ ਕਰ ਲਏ ਹਨ। ਮੁਸਲਿਮ ਜਨਤਾ ਦੇ ਦਬਾਅ ਕਰਕੇ ਇਹ ਫਲਸਤੀਨ ਦੀ ਮੁੱਖ ਤੌਰ ’ਤੇ ਆਰਥਕ ਤੇ ਸਿਆਸੀ ਮੱਦਦ ਕਰਨ ਤੱਕ ਹੀ ਸੀਮਤ ਹਨ। ਇਰਾਨ ਮੁਕਾਬਲਤਨ ਵੱਧ ਖੁੱਲ੍ਹ ਕੇ ਮੱਦਦ ਕਰ ਰਿਹਾ ਹੈ। 

ਮੋਦੀ ਹਕੂਮਤ ਦਾ ਸ਼ਰਮਨਾਕ ਰੋਲ 

ਭਾਜਪਾਈ ਹਕੂਮਤਾਂ, ਖਾਸ ਕਰ ਮੋਦੀ ਸਰਕਾਰ ਨੇ, ਭਾਰਤ ਦੀ ਦਹਾਕਿਆਂ ਤੋਂ ਚਲੀ ਆ ਰਹੀ ਫਲਸਤੀਨੀ ਲੋਕਾਂ ਦੇ ਹੱਕੀ ਕਾਜ਼ ਦੀ ਡਟਵੀਂ ਹਿਮਾਇਤ ਕਰਨ ਦੀ ਨੀਤੀ ਤੋਂ ਮੋੜਾ ਕੱਟ ਕੇ ਆਪਣੇ ਅਮਰੀਕਨ ਸਾਮਰਾਜੀ ਪ੍ਰਭੂਆਂ ਦੀ ਸੁਰ ਮੁਤਾਬਕ ਆਪਣੀ ਸੁਰ ਢਾਲਣ ਦੀ ਕਵਾਇਦ ਆਰੰਭੀ ਹੋਈ ਹੈ। ਮੋਦੀ ਆਪਣੇ ਆਪ ਨੂੰ ਨੇਤਨਯਾਹੂ ਦਾ ਪਰਮ ਮਿਤਰ ਦਸਦਾ ਹੈ। ਭਾਜਪਾਈ ਲਾਣਾ ਹੁਣ ਇਜ਼ਰਾਈਲਦੀ ਮੁਸਲਿਮ ਵਿਰੋਧੀ ਧੱਕੜਸ਼ਾਹੀ ਦਾ ਖੁੱਲ੍ਹਾ ਪ੍ਰਸੰਸ਼ਕ ਬਣਿਆਹੋਇਆ ਹੈ। ਭਾਰਤ ਇਜ਼ਰਾਈਲ ਤੋਂ ਜੰਗੀ ਸਾਜੋਸਮਾਨ ਦੀ ਦਰਾਮਦ ਵਧਾਉਦਾ ਆ ਰਿਹਾ ਹੈ ਅਤੇ ਫੌਜੀ ਖੇਤਰ ਦੇ ਵੱਖ ਵੱਖ ਪਹਿਲੂਆਂ ’ਚ ਸਾਂਝ ਵਧਾ ਰਿਹਾ ਹੈ। ਇਹ ਵੀ ਇਜ਼ਰਾਈਲ ਵੱਲੋਂ ਸਵੈ-ਰਾਖੀ ਦੇ ਗੁਮਰਾਹੀ ਸਿਧਾਂਤ ’ਚ ਉਸ ਦਾ ਪੱਖ ਪੂਰ ਰਿਹਾ ਹੈ। ਅਜੋਕੇ ਇਜ਼ਰਾਈਲੀ ਹਮਲੇ ਦੇ ਪ੍ਰਸੰਗ ’ਚ ਵੀ ਭਾਰਤੀ ਹਕੂਮਤ ਦੀ ਯੂ.ਐਨ. ’ਚ ਲਈ ਪੁਜ਼ੀਸ਼ਨ ਗਹੁ ਕਰਨ ਯੋਗ ਹੈ:

‘‘ਇਜ਼ਰਾਈਲ ਦੀ ਸਿਵਲੀਅਨ ਵਸੋਂ ਨੂੰ ਨਿਸ਼ਾਨਾ ਬਣਾ ਕੇ ਗਾਜ਼ਾ ’ਚੋਂ ਦਾਗੇ ਜਾਣ ਵਾਲੇ ਬੇਤਹਾਸ਼ਾ ਰਾਕਟ ਹਮਲਿਆਂ, ਜਿਨ੍ਹਾਂ ਦੀ ਅਸੀਂ ਜੋਰਦਾਰ ਨਿਖੇਧੀ ਕਰਦੇ ਹਾਂ, ਅਤੇ ਗਾਜ਼ਾ ਉਤੇ ਕੀਤੇ ਮੋੜਵੇਂ ਹਮਲਿਆਂ ਨੇ ਬਹੁਤ ਹੀ ਮੁਸ਼ਕਿਲ ਭਰੀ ਹਾਲਤ ਪੈਦਾ ਕਰ ਦਿੱਤੀ ਹੈ ਅਤੇ ਔਰਤਾਂ ਤੇ ਬੱਚਿਆਂ ਦੀ ਮੌਤ ਸਮੇਤ ਕਾਫੀ ਜਾਨੀ ਨੁਕਸਾਨ ਕੀਤਾ ਹੈ।’’

(ਟੀ ਐਸ ਤ੍ਰੀਮੂਰਤੀ, ਯੂ ਐਨ ਓ ’ਚ 

ਭਾਰਤ ਦਾ ਪੱਕਾ ਨੁਮਾਇੰਦਾ) 

ਭਾਰਤ ਦੀ ਇਹ ਬਦਲੀ ਹੋਈ ਤੇ ਪੱਖਪਾਤੀ ਸੁਰ ਹੁਣ ਸਿਰਫ ਗਾਜ਼ਾ ਪੱਟੀ ਚੋਂ ਦਾਗੇ ਰਾਕਟ ਹਮਲਿਆਂ ਦੀ ਹੀ ਨਿਖੇਧੀ ਕਰਦੀ ਹੈ, ਇਜ਼ਰਾਈਲ ਦੀ ਨਿਹੱਕੀ ਤੇ ਵਹਿਸ਼ੀ ਬੰਬਾਰੀ ਬਾਰੇ ਚੁੱਪ ਹੈ। ਹਾਲਾਂ ਕਿ ਵੱਡੀ ਜਾਨੀ ਤੇ ਮਾਲੀ ਤਬਾਹੀ ਦਾ ਕਾਰਨ ਇਹ ਇਜ਼ਰਾਈਲੀ ਬੰਬਾਰੀ ਹੈ ਜੋ ਗਿਣ-ਮਿਥ ਕੇ ਰਿਹਾਇਸ਼ੀ ਇਲਾਕਿਆਂ, ਸੂਚਨਾ ਕੇਂਦਰਾਂ , ਬਿਜਲੀ ਪਲਾਂਟਾਂ ਤੇ ਹਸਪਤਾਲਾਂ ਆਦਿਕ ’ਤੇ ਕੀਤੀ ਗਈ ਹੈ। ਇਹ ਵੀ ਖਬਰਾਂ ਪ੍ਰਕਾਸ਼ਤ ਹੋਈਆਂ ਹਨ ਕਿ ਭਾਰਤ ’ਚ ਇਜ਼ਰਾਈਲੀ ਜੰਗੀ ਬੁਰਛਾਗਰਦੀ ਵਿਰੁੱਧ ਕਸ਼ਮੀਰ ’ਚ ਹੋਏ ਮੁਜਾਹਰਿਆਂ ਨੂੰ ਸਖਤੀ ਨਾਲ ਰੋਕਿਆ ਤੇ ਦਬਾਇਆ ਜਾ ਰਿਹਾ ਹੈ। 

ਫਲਸਤੀਨੀਆਂ ਦੀ ਹੱਕੀ ਜੱਦੋਜਹਿਦ ਦੀ ਡਟਵੀਂ ਹਮਾਇਤ ਕਰੋ

ਫਲਸਤੀਨੀ ਲੋਕਾਂ ਦੀ ਕੌਮੀ ਮੁਕਤੀ ਤੇ ਆਪਣਾ ਕੌਮੀ ਰਾਜ ਸਥਾਪਤ ਕਰਨ ਦੀ ਜੱਦੋਜਹਿਦ ਬਹੁਤ ਹੀ ਔਖੇ ਦੌਰ ’ਚੋਂ ਲੰਘ ਰਹੀ ਹੈ। ਇਜ਼ਰਾਈਲ ਯਹੂਦੀਵਾਦ ਖਿੱਤੇ ’ਚ ਇਕ ਤਾਕਤਵਰ ਫੌਜੀ ਸ਼ਕਤੀ ਬਣ ਕੇ ਉੱਭਰਆ ਹੈ। ਫਲਸਤੀਨੀ ਮੁਕਤੀ ਲਹਿਰ ਖੁਦ ਸਿਆਸੀ ਵਖਰੇਵਿਆਂ ਤੇ ਵੰਡੀਆਂ ਦੀ ਸ਼ਿਕਾਰ ਹੈ। ਫਲਸਤੀਨੀ ਇਲਾਕਿਆਂ ਉਪਰ ਇਜ਼ਰਾਈਲੀ ਸ਼ਿਕੰਜਾਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਮਜਬੂਤ ਹੈ। ਕੌਮਾਂਤਰੀ ਪੱਧਰ ’ਤੇ ਇਨਕਲਾਬੀ ਲਹਿਰਾਂ ਦੀ ਚੜ੍ਹਤ ਵਾਲੀ ਹਾਲਤ ਨਾ ਹੋਣ ਅਤੇ ਅੰਤਰ-ਸਾਮਰਾਜੀ ਵਿਰੋਧਤਾਈਆਂ ਦੇ ਮੱਧਮ ਦੌਰ ’ਚ ਹੋਣ ਕਾਰਨ ਫਲਸਤੀਨੀ ਲਹਿਰ ਦੀ ਕੌਮਾਂਤਰੀ ਦੇਸ਼ਾਂ ਵੱਲੋਂ  ਆਰਥਕ ਤੇ ਸਿਆਸੀ ਹਮਾਇਤ ਵੀ ਮੱਧਮ ਪਈ ਹੈ। ਇਹੋ ਜਿਹੇ ਚੁਣੌਤੀ ਭਰਪੂਰ ਸਮਿਆਂ ’ਚ ਫਲਸਤੀਨੀ ਲੋਕਾਂ ਦੇ ਹੱਕੀ ਕਾਜ਼ ਦੀ ਹਰ ਤਰ੍ਹਾਂ ਨਾਲ ਡਟਵੀਂ ਹਮਾਇਤ ਕਰਨੀ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਜਰੂਰੀ ਹੈ। ਯਹੂਦੀ ਕੱਟੜਪੰਥੀ ਹਲਕੇ ਇਜ਼ਰਾਈਲ ਦੇ ਨਾਲ ਨਾਲ ਆਜ਼ਾਦ ਫਲਸਤੀਨੀ ਰਾਜ ਦੀ ਕਾਇਮੀ ਦੇ ਢਿੱਡੋਂ-ਚਿੱਤੋਂ ਉੱਕਾ ਹੀ ਹਮਾਇਤੀ ਨਹੀਂ। ਅਮਰੀਕਨ ਸਾਮਰਾਜੀਆਂ ਦੀ ਜਾਹਰਾ ਪੁਜੀਸ਼ਨ ਭਾਵੇਂ ਕੋਈ ਵੀ ਹੋਵੇ, ਉਹਨਾਂ ਦੀ ਹਾਲ ਦੀ ਘੜੀ, ਇਜ਼ਰਾਈਲੀ ਹਾਕਮਾਂ  ਨਾਲ ਸਹਿਮਤੀ ਹੈ। ਮੱਧ-ਪੂਰਬ ਖਿੱਤੇ ’ਚ ਇਸ ਮਸਲੇ ਦਾ ਹੱਲ ਕਰਨ ਲਈ ਫਲਸਤੀਨੀ ਮੁਕਤੀ ਜੱਦੋਜਹਿਦ ਦੀ ਡਟਵੀਂ ਹਮਾਇਤ ਦੇ ਨਾਲ ਨਾਲ ਇਜ਼ਰਾਈਲੀ-ਅਮਰੀਕੀ ਜੁੰਡਲੀ ਦੇ ਇਹਨਾਂ ਮਨਸੂਬਿਆਂ ਨੂੰ ਵੀ ਬੇਪਰਦ ਕੀਤਾ ਜਾਣਾ ਜਰੂਰੀ ਹੈ। ਦੁਨੀਆਂ ਭਰ ਦੇ ਜਮਹੂਰੀ ਤੇ ਇਨਸਾਫਪਸੰਦ ਲੋਕਾਂ ਨੂੰ ਇਜ਼ਰਾਈਲੀ ਹਮਲਾਵਰਾਂ ’ਤੇ ਜੰਗੀ ਅਪਰਾਧਾਂ ਤਹਿਤ ਮੁਕੱਦਮੇਂ ਚਲਾਉਣ ਦੀ ਵੀ ਮੰਗ ਕਰਨੀ ਚਾਹੀਦੀ ਹੈ।    

ਸੰਸਾਰ ਬੈਂਕ ਅਤੇ ਮੌਜੂਦਾ ਕਾਲੇ ਕਾਨੂੰਨ

 ਸੰਸਾਰ ਬੈਂਕ ਅਤੇ ਮੌਜੂਦਾ ਕਾਲੇ ਕਾਨੂੰਨ

ਦੋਹਾਂ ਦਾ ਸਬੰਧ ਸਥਾਪਤ ਕਰਦਾ ਖਾਕਾ 
ਜੋ ਅਮਰੀਕਾ ਦੀ ਰਾਜਧਾਨੀ ’ਚ 30 ਸਾਲ ਪਹਿਲਾਂ ਜਾਰੀ ਹੋਇਆ

ਜੋ ਕਾਲੇ ਕਾਨੂੰਨ ਮਈ 2020 ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਹਨ ਇਹਨਾਂ ਦਾ ਖਾਕਾ ਅਸਲ ਵਿੱਚ ਸੰਸਾਰ ਬੈਂਕ ਦੀ ਅਗਸਤ 1991 ਦੀ ਦਸਤਾਵੇਜ਼ ਵਿੱਚ ਉਲੀਕਿਆ ਗਿਆ ਸੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਨੂੰ ਲਾਗੂ ਕੀਤਾ ਜਾਵੇ। ਇਸ ਖਾਕੇ ਨੂੰ ਲਾਗ ੂਕਰਨ ਲਈ ਕਿਹੜੇ ਹਿੱਸੇ ਨੂੰ ਕਿੰਨੀ ਤੱਦੀ ਨਾਲ ਲਾਗੂ ਕਰਨਾ ਹੈ ਇਹ ਵੀ ਦੱਸਿਆ ਗਿਆ ਸੀ।

ਸੰਸਾਰ ਬੈਂਕ ਦੀ ਦਸਤਾਵੇਜ਼ ਦਾ ਸਿਰਲੇਖ ਹੈ, “ਭਾਰਤ: ਮੁਲਕ ਲਈ ਆਰਥਿਕ ਮੰਗ ਪੱਤਰ, ਜਿਲਦ 2’’ ਭਾਰਤ ਉਸ ਸਮੇਂ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ। 1990-91 ਦੇ ਇਸ ਸਾਲ ਵਿੱਚ ਭਾਰਤ ਨੂੰ ਕੌਮਾਂਤਰੀ ਮੁਦਰਾ ਫੰਡ ਤੋਂ ਵੱਡੀ ਰਾਸ਼ੀ ਕਰਜ਼ਾ ਪ੍ਰਾਪਤ ਹੋਇਆ ਸੀ। ਜਿਸਦੇ ਇਵਜਾਨੇ ਵਜੋਂ ਭਾਰਤ ਕੌਮਾਂਤਰੀ ਮੁਦਰਾ ਫੰਡ ਵੱਲੋਂ ਨਿਰਦੇਸ਼ਤ ਕੀਤੇ ਗਏ ‘ਢਾਂਚਾ ਢਲਾਈ’ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਹਿਮਤ ਹੋਇਆ ਸੀ। ਸੰਸਾਰ ਬੈਂਕ ਵੱਲੋਂ ਇਸ ਢਾਂਚਾ ਢਲਾਈ ਪ੍ਰੋਗਰਾਮ ਲਈ ਅਗਸਤ 1991 ਦੇ (ਮੈਮੋਰੰਡਮ) ਮੰਗ ਪੱਤਰ ਵਿੱਚ ਜੋ ਮੰਗਾਂ ਪੇਸ਼ ਕੀਤੀਆਂ ਗਈਆਂ ਸਨ, ਉਹਨਾਂ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ:-

1. ਖੇਤੀ ਖੇਤਰ ’ਚ ਖਾਦ, ਪਾਣੀ, ਬਿਜਲੀ ਤੇ ਬੈਂਕ ਕਰਜਿਆਂ ਉਪਰ ਦਿੱਤੀਆਂ ਜਾਂਦੀਆਂ ਸਬਸਿਡੀਆਂ ਖਤਮ ਕਰ ਦਿੱਤੀਆਂ ਜਾਣ ਅਤੇ ਖੇਤੀ-ਖੇਤਰ ਨੂੰ ਬਦੇਸ਼ੀ ਵਪਾਰ ਲਈ ਖੋਹਲ ਦਿੱਤਾ ਜਾਵੇ।

ੳ) ਸਰਕਾਰ ਖਾਦ ਉਪਰ ਦਿੱਤੀਆਂ ਜਾਂਦੀਆਂ ਸਾਰੀਆਂ ਸਬਸਿਡੀਆਂ ਆਉੁਦੇ ਚਾਰ ਸਾਲਾਂ ਵਿੱਚ ਖਤਮ ਕਰੇ। ਭਾਰਤ ਆਵਦੀ ਖਾਦ ਸਨਅਤ ਨੂੰ ਸੁਰੱਖਿਆ ਪ੍ਰਦਾਨ ਕਰਨਾ ਬੰਦ ਕਰੇ, ਅਤੇ ਖਾਦ ਦੀਆਂ ਕੀਮਤਾਂ ਨੂੰ ਸੰਸਾਰ ਮੰਡੀ ਦੀਆਂ ਕੀਮਤਾਂ ਨਾਲ ਜੋੜੇ, ਖਾਦ ਸਨਅਤ ਅੰਦਰ ਢਾਂਚਾ ਢਲਾਈ ਕਰੇ (ਜਾਣੀ ਕਿ ਖਾਦ ਕਾਰਖਾਨਿਆਂ ਨੂੰ ਬੰਦ ਹੋ ਜਾਣ ਦੇਵੇ)। ਸਰਕਾਰ ਖਾਦ ਦੇ ਬਾਜਾਰ ਵਿਚਲੇ ਭਾਵਾਂ ਲਈ ਨਾ ਕੋਈ ਨਿਯਮ ਬਣਾਵੇ ਨਾ ਇਸ ਵਿੱਚ ਦਖਲ ਦੇਵੇ।

ਅ) ਸਰਕਾਰ ਕਰਜਾ ਦੇਣ ਸਮੇਂ ਪਹਿਲ ਹੱਥੇ ਖੇਤਰ ਲਈ ਕਰਜਾ ਕੋਟਾ ਦੇਣਾ ਬੰਦ ਕਰੇ, ਜਿਸ ਤਹਿਤ ਖੇਤੀਬਾੜੀ ਲਈ ਬੈਂਕ ਕਰਜੇ ਦੀ ਰਕਮ ਰਾਖਵੀਂ ਰੱਖੀ ਜਾਂਦੀ ਹੈ ਅਤੇ ਬੈਂਕ ਕਰਜੇ ’ਚ ਦਿੱਤੀਆਂ ਜਾਂਦੀਆਂ ਸਾਰੀਆਂ ਛੋਟਾਂ ਖਤਮ ਕਰਕੇ ਕਰਜ ਉਪਰ ਵਿਆਜ ਦਰ ਵਧਾਈ ਜਾਵੇ।

ੲ) ਖੇਤੀਬਾੜੀ ਲਈ ਚਾਹੀਦੀਆਂ ਪਾਣੀ, ਪਸ਼ੂ-ਪਾਲਣ ਅਤੇ ਹੋਰ ਸੇਵਾਵਾਂ ਦੇ ਰੇਟ ਵਧਾਏ ਜਾਣ। ਇਹਨਾਂ ਸੇਵਾਵਾਂ ਵਿਚ ਨਿਜੀ ਖੇਤਰ ਦੀ ਭਾਗੀਦਾਰੀ ਅਤੇ ਪੂੰਜੀ ਨਿਵਸ਼ ਨੂੰ ਵਧਾਇਆ ਜਾਵੇ।

ਸ) ਖੇਤੀਬਾੜੀ ਆਯਾਤ (9) ਉੱਪਰ ਲਾਈਆਂ ਸਾਰੀਆਂ ਰੋਕਾਂ ਹਟਾਈਆਂ ਜਾਣ।

ਹ) ਸਰਕਾਰ ਨੂੰ ਚਾਹੀਦਾ ਹੈ ਕਿ ਬੀਜਾਂ ਲਈ ਨਿੱਜੀ ਖੋਜ ਨੂੰ ਉਤਸ਼ਾਹਿਤ ਕਰੇ ਅਤੇ ਬੀਜਾਂ ਉਪਰ ਸਬਸਿਡੀਆਂ ਦਾ ਖਾਤਮਾ ਕਰੇ।

ਕ) ਖੇਤੀ ਲਈ ਬਿਜਲੀ ਦੇ ਰੇਟ ਸਸਤੇ ਕਰਨ ਦੀ ਥਾਂ ਇਸਨੂੰ ਗੈਰ-ਖੇਤੀ ਖੇਤਰ ਦੇ ਬਰਾਬਰ ਲਿਆਉਣ ਲਈ ਉੱਚਾ ਚੁੱਕਿਆ ਜਾਵੇ।

2) ਖਾਧ-ਖੁਰਾਕ ਲਈ ਸਰਕਾਰੀ ਖ੍ਰੀਦ ਅਤੇ ਵੰਡ ਪ੍ਰਣਾਲੀ ਦੇ ਸਮੁੱਚੇ ਪ੍ਰਬੰਧ ਨੂੰ ਸਮਾਪਤ ਕਰਨ ਵੱਲ ਵਧਿਆ ਜਾਵੇ।

ੳ) “ਐਫ.ਸੀ.ਆਈ ਨੂੰ ਚਾਹੀਦਾ ਹੈ ਕਿ ਉਹ ਖ੍ਰੀਦ, ਢੋਅ-ਢੋਆਈ ਤੇ ਅਨਾਜ ਭੰਡਾਰਨ ਦੇ ਆਵਦੇ ਵੱਡ ਅਕਾਰੇ ਸਿੱਧੇ ਰੋਲ ਤੋਂ ਪਿੱਛੇ ਹਟੇ। ਅਜਿਹਾ ਕਰਨ ਲਈ ਲਸੰਸਦਾਰ ਏਜੰਟਾਂ, ਥੋਕ-ਵਪਾਰੀਆਂ, ਸਟਾਕਿਸਟਾਂ ਨੂੰ ਅੱਗੇ ਠੇਕੇ ਦੇਵੇ ਅਤੇ ਕਿਸਾਨਾਂ ਨੂੰ ਅਨਾਜ ਭੰਡਾਰ ਕਰਨ ਲਈ ਕੀਮਤ ਵਾਧਾ ਦੇਵੇ। ਅ) ਭਾਰਤ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਥੋੜ੍ਹਾ ਰਾਖਵਾਂ ਭੰਡਾਰ ਰੱਖੇ, ਤੋਟ ਪੈਣ ਸਮੇਂ ਸੰਸਾਰ ਮੰਡੀ ਵਿੱਚ ਜਾਵੇ, ਊਣੀ ਪੈਦਾਵਾਰ ਦੇ ਸਾਲਾਂ ਨਾਲ ਨਿਪਟਣ ਲਈ ਬਦੇਸ਼ੀ ਸਿੱਕਾ ਜਮ੍ਹਾਂ ਰੱਖੇ।

ੲ) ਜਨਤਕ ਲੋੜਾਂ ਲਈ ਭੰਡਾਰ ਕਰਨ ਦੇ ਕਾਰਜ ਨੂੰ ਅਤੇ ਕੀਮਤਾਂ ਵਿਚ ਸਹਾਇਤਾ ਰਾਸ਼ੀ ਦੇਣ ਦੇ ਪ੍ਰੋਗਰਾਮਾਂ ਨੂੰ ਵੱਖੋ ਵੱਖ ਰੱਖਿਆ ਜਾਵੇ।

ਸ) ਖਾਧ-ਪਦਾਰਥਾਂ ਲਈ ਦਿੱਤੀਆਂ ਜਾਂਦੀਆਂ ਸਬਸਿਡੀਆਂ ਸਰਕਾਰੀ ਤੌਰ ਤੇ ਗਰੀਬ ਐਲਾਨੇ ਗਏ ਲੋਕਾਂ ਤੱਕ ਸੀਮਤ ਕਰ ਦਿੱਤੀਆਂ ਜਾਣ। ਜਿਹੜੇ ਲੋੜਵੰਦ ਨਹੀਂ ਉਹਨਾਂ ਨੂੰ ਇਸ ’ਚੋਂ ਬਾਹਰ ਕਰ ਦਿੱਤਾ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ “ਸਭ ਤੋਂ ਵੱਧ ਮਾਰ ਹੇਠ ਆਉਣ ਵਾਲਿਆਂ ਤੱਕ ਪਹੰੁਚ ਬਣਾਉਣ ਲਈ ਨਵੇਂ ਤਰੀਕੇ ਖੋਜੇ ਜਾਣ, ਸਮੇਤ ਨਿੱਜੀ ਖੇਤਰ ਨੂੰ ਮੌਕਾ ਦੇਣ ਦੇ।

ਵੱਖ-ਵੱਖ ਸਰਕਾਰਾਂ ਨੇ ਸੰਸਾਰ ਬੈਂਕ ਦੇ ਇਸ ਮੰਗ ਪੱਤਰ ਨੂੰ ਲਾਗ ੂਕਰਨ ਲਈ ਪੂਰਾ ਤਾਣ ਲਾਇਆ ਹੈ।

(ਭਾਰਤ ਦੀ ਰਾਜਨੀਤਕ ਆਰਥਿਕਤਾ ਦੀ ਖੋਜ ਲਈ ਸੰਸਥਾ ਦੀ ਲਿਖਤ ’ਤੇ ਅਧਾਰਿਤ, 5 ਜਨਵਰੀ 2021)   

ਕੌਮ ਧਰੋਹੀ ਭਾਰਤੀ ਹਾਕਮਾਂ ਵੱਲੋਂ ਕੀਤੇ ਗਾਟ ਸਮਝੌਤੇ ’ਤੇ ਤੈਰਦੀ ਨਜ਼ਰ

 ਕੌਮ ਧਰੋਹੀ ਭਾਰਤੀ ਹਾਕਮਾਂ ਵੱਲੋਂ ਕੀਤੇ ਗਾਟ ਸਮਝੌਤੇ ’ਤੇ ਤੈਰਦੀ ਨਜ਼ਰ


ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਕਨੂੰਨ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਆਰਥਿਕ ਸੁਧਾਰਾਂ ਦੇ ਹਮਲੇ ਦੇ ਤਹਿਤ ਆਏ ਹਨ। ਮੁਲਕ ਦੀ ਆਰਥਿਕਤਾ ਨੂੰ ਸਾਮਰਾਜੀ ਲੋੜਾਂ ਅਨੁਸਾਰ ਹੋਰ ਵਧੇਰੇ ਢਾਲਣ ਦਾ ਇਹ ਅਮਲ 90ਵਿਆਂ ਦੇ ਸ਼ੁਰੂ ’ਚ ਹੋਏ ਗਾਟ ਸਮਝੌਤੇ ਨਾਲ ਬੱਝਿਆ ਸੀ ਜਦੋਂ ਭਾਰਤੀ ਹਾਕਮਾਂ ਨੇ ਇਸਤੇ ਦਸਤਖਤ ਕੀਤੇ ਸਨ। ਉਸਤੋਂ ਮਗਰੋਂ ਹੋਰਨਾਂ ਖੇਤਰਾਂ ਦੇ ਨਾਲ ਨਾਲ ਭਾਰਤੀ ਖੇਤੀ ਖੇਤਰ ਨੂੰ ਵੀ ਪੂਰੀ ਤਰਾਂ ਸਾਮਰਾਜੀ ਕੰਪਨੀਆਂ ਹਵਾਲੇ ਕਰਨ ਦਾ ਅਮਲ ਤੁਰਿਆ ਹੋਇਆ ਹੈ। ਨਵੇਂ ਖੇਤੀ ਕਨੂੰਨ ਵੀ ਏਸੇ ਅਮਲ ਦੀ ਅਗਲੀ ਉਧੇੜ ਹੀ ਹਨ। ਪਹਿਲਾਂ ਵੀ ਵੱਖ ਵੱਖ ਕਦਮਾਂ ਨਾਲ ਖੇਤੀ ਖੇਤਰ ’ਚ ਵਿਦੇਸ਼ੀ ਪੂੰਜੀ ਦੀ ਪੁੱਗਤ ਬਣਾਉਣ ਦਾ ਅਮਲ ਚੱਲਿਆ ਆ ਰਿਹਾ ਹੈ। 

ਚੱਲ ਰਹੇ ਕਿਸਾਨ ਸੰਘਰਸ਼ ਦੀ ਸਾਮਰਾਜ ਵਿਰੋਧੀ ਧਾਰ ਬਣਾਉਣ ਲਈ ਜਰੂਰੀ ਹੈ ਕਿ ਕਿਸਾਨ ਜਨਤਾ ਇਹਨਾਂ ਖੇਤੀ ਕਨੂੰਨਾਂ ਨੂੰ ਖੇਤੀ ਖੇਤਰ ’ਤੇ ਬੋਲੇ ਹੋਏ ਸਾਮਰਾਜੀ ਹੱਲੇ ਦੀ ਲਗਾਤਾਰਤਾ ਦੇ ਅੰਗ ਵਜੋਂ ਬੁੱਝ ਸਕੇ। ਕਿਸਾਨ ਸਰਗਰਮਾਂ ’ਤੇ ਕਾਰਕੁੰਨਾਂ ਦੀ ਚੇਤਨਾ ’ਚ ਇਸਦਾ ਸੰਚਾਰ ਕਰਨ ਲਈ ਅਸੀਂ ਕੁੱਝ ਪੁਰਾਣੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ। ਇਹ ਲਿਖਤਾਂ ਇਸ ਸੁਮੱਚੇ ਦੀ ਉਧੇੜ ਤਹਿਤ ਵੱਖ ਵੱਖ ਮੌਕਿਆਂ ’ਤੇ ਚੱਕੇ ਜਾਂਦੇ ਰਹੇ ਕਦਮਾਂ, ਬਣਦੀਆਂ ਰਹੀਆਂ ਵਿਉਂਤਾਂ ਅਤੇ ਸੰਸਾਰ ਸਾਮਰਾਜੀ ਸੰਸਥਾਵਾਂ ਦੀਆਂ ਹਦਾਇਤਾਂ ਆਦਿ ਰਾਹੀਂ ਮੌਜੂਦਾ ਕਨੂੰਨਾਂ ਦਾ ਪਿਛੋਕੜ ਸਮਝਣ ’ਚ ਸਹਾਇਤਾ ਕਰਦੀਆਂ ਹਨ।  ਇਹਨਾਂ ਲਿਖਤਾਂ ’ਚ ਜਿੰਨਾਂ ਕਦਮਾਂ ਦੀ ਚਰਚਾ ਕੀਤੀ ਗਈ ਹੈ, ਅਗਲੇ ਵਰੇ ਉਹਨਾਂ ਦੀ ਉਧੇੜ ਦੇ ਗਵਾਹ ਬਣੇ ਹਨ। - ਸੰਪਾਦਕ

15 ਦਸੰਬਰ 1994 ਨੂੰ ਕੌਮ ਧਰੋਹੀ ਭਾਰਤੀ ਹਾਕਮਾਂ ਨੇ ਮਰਾਕੋ ਦੇ ਸਹਿਰ ਮਾਰੀਕਸ ਵਿਖੇ ਡੰਕਲ ਖਰੜੇ ਵਜੋਂ ਜਾਣੇ ਜਾਂਦੇ ਦਸਤਾਵੇਜ਼ ਦੇ ਅੰਤਮ ਰੂਪ ’ਤ ੇ ਦਸਤਖ਼ਤ ਕਰਕੇ ਭਾਰਤੀ ਅਰਥਚਾਰੇ ਨੂੰ ਹੋਰ ਵੀ ਪੱਕੀ ਤਰ੍ਹਾਂ ਸਾਮਰਾਜੀ ਹਿੱਤਾਂ ਨੇਲ ਜੋੜ ਦਿੱਤਾ ਹੈ। ਡੰਕਲ ਖਰੜਾ ਭਾਰਤ ਅੰਦਰ ਲਗਾਤਾਰ ਤਿੱਖੀ ਚਰਚਾ ਅਤੇ ਬਹਿਸ ਦਾ ਵਿਸ਼ਾ ਬਣਿਆ ਆ ਰਿਹਾ ਹੈ। ਮਿਹਨਤਕਸ਼ ਅਤੇ ਕਮਾਉ ਲੋਕਾਂ ਦੀਆਂ ਜਥੇਬੰਦੀਆਂ, ਦੇਸਪ੍ਰੇਮੀ ਅਤੇ ਲੋਕ ਪੱਖੀ ਸੋਚਣੀ ਵਾਲੇ ਬੁੱਧੀਜੀਵੀਆਂ, ਵਿਗਿਆਨੀਆਂ, ਖੋਜੀਆਂ ਅਤੇ ਉਹਨਾਂ ਵੱਲੋਂ ਕਾਇਮ ਕੀਤੇ ਅਧਿਐਨ ਤੇ ਖੋਜ ਗਰੁੱਪਾਂ ਅਤੇ ਵੱਖ-ਵੱਖ ਰਾਜਨੀਤਕ ਹਲਕਿਆਂ ਵੱਲੋਂ ਇਸ ਦਸਤਾਵੇਜ਼ ਦੀ ਪ੍ਰਵਾਨਗੀ ਖਿਲਾਫ਼ ਰੋਸ ਮੁਹਿੰਮਾਂ ਚੱਲੀਆਂ ਹਨ ਅਤੇ ਰੋਹ ਭਰੇ ਜਨਤਕ ਐਕਸ਼ਨ ਹੁੰਦੇ ਆ ਰਹੇ ਹਨ, ਪਰ ਕੌਮ ਧਰੌਹੀ ਹਾਕਮਾਂ ਨੇ ਨਾ ਸਿਰਫ਼ ਇਸ ਜਨਤਕ ਵਿਰੋਧ ਨੂੰ ਹੀ ਟਿੱਚ ਕਰਕੇ ਜਾਣਿਆ ਹੈ- ਸਗੋਂ ਪਾਰਲੀਮੈਂਟ ਵਿਚ ਵਿਰੋਧੀ ਪਾਰਟੀਆਂ ਨੂੰ ਚੱਜ ਨਾਲ ਬੁੜ-ਬੁੜ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਇਸ ਸਮਝੌਤੇ ਲਈ ਪ੍ਰਵਾਨਗੀ ਪਾਰਲੀਮੈਂਟ ਵਿੱਚੋਂ ਨਹੀ ਲਈ ਗਈ ਸਗੋਂ ਕੇਂਦਰੀ ਕੈਬਨਿਟ ਵੱਲੋਂ ਦੇ ਦਿੱਤੀ ਗਈ ਹੈ। ਇੱਥੇ ਇਹ ਗੱਲ ਨੋਟ ਕਰਨ ਯੋਗ ਹੈ ਕਿ ਬਰਤਾਨਵੀ ਸਾਮਰਾਜੀਆਂ ਤੋਂ ਵਿਰਸੇ ‘ਚ ਲਿਆ ਭਾਰਤ ਦਾ ਅਖੌਤੀ ਜਮਹੂਰੀ ਸੰਵਿਧਾਨ ਕੌਮਾਂਤਰੀ ਸੰਧੀਆਂ ਬਾਰੇ ਫੈਸਲੇ ਕਰਨ ਦਾ ਹੱਕ ਪਾਰਲੀਮੈਂਟ ਨੂੰ ਨਹੀਂ ਸਗੋਂ ਕਾਰਜਕਰਨੀ ਨੂੰ ਸੌਂਪਦਾ ਹੈ।

ਇਉਂ ਡੰਕਲ ਦਸਤਾਵੇਜ਼ ’ਤੇ ਦਸਤਖ਼ਤ ਕਰਕੇ ਨਾ ਸਿਰਫ਼ ਭਾਰਤੀ ਹਾਕਮਾਂ ਨੇ ਆਪਣੀ ਕੌਮ-ਧਰੋਹੀ ਖਸਲਤ ਹੀ ਜਾਹਰ ਕੀਤੀ ਹੈ - ਸਗੋਂ ਇਸ ਅਮਲ ਦੌਰਾਨ ਪਾਰਲੀਮੈਂਟ ਤੱਕ ਨੂੰ ਖੂੰਜੇ ਲਾਕੇ ਭਾਰਤੀ ਜਮਹੂਰੀਅਤ ਦੀ ਅਸਲ ਔਕਾਤ ਵੀ ਜੱਗ ਜ਼ਾਹਰ ਕਰ ਦਿੱਤੀ ਹੈ।

ਗਾਟ (ਜਨਰਲ ਐਗਰੀਮੈਂਟ ਔਨ ਟਰੇਡ ਐਡ ਟੈਰਿਫ) “ਸੰਸਾਰ ਵਪਾਰ ਅਤੇ ਕਰਾਂ ਬਾਰੇ ਆਮ ਸਮਝੌਤਾ’’ ਦੇ ਡਾਇਰੈਕਟਰ ਜਨਰਲ ਆਰਥਰ ਡੰਕਲ ਨੇ ਇਸ ਦਸਤਾਵੇਜ਼ ਨੂੰ ਤਿਆਰ ਕੀਤਾ ਹੈ - ਜਿਸਨੂੰ ਅੱਜ ਦੁਨੀਆਂ ਭਰ ’ਚ ਡੰਕਲ - ਦਸਤਾਵੇਜ਼ ਵਜੋਂ ਜਾਣਿਆ ਜਾਂਦਾ ਹੈ। 

ਦੂਜੀ ਸੰਸਾਰ ਜੰਗ ਦੇ ਮੁੱਕਣ ਤੋਂ ਪਹਿਲਾਂ ਤੱਕ ਆਮ ਕਰਕੇ ਪਛੜੇ ਅਧੀਨ ਮੁਲਕਾਂ ਦੀ ਲੁੱਟ ਇਹਨਾਂ ਮੁਲਕਾਂ ’ਤ ੇ ਸਿੱਧੇ ਸਾਮਰਾਜੀ ਕਬਜੇ ਰਾਹੀਂ ਕੀਤੀ ਜਾਂਦੀ ਸੀ ਪਰ ਇਸ ਦੌਰ ’ਚ ਗੁਲਾਮ ਮੁਲਕਾਂ ਦੇ ਲੋਕਾਂ ‘ਚ ਆਈ ਜਾਗਰਤੀ ਅਤੇ ਥਾਂ-ਥਾਂ ਫੁਟੀਆਂ ਬਗਾਵਤਾਂ ਸਿੱਧੀ ਸਾਮਰਾਜੀ ਗੁਲਾਮੀ ਲਈ ਚੁਣੌਤੀ ਬਣ ਗਈਆਂ ਅਤੇ ਗੁਲਾਮ ਮੁਲਕਾਂ ਦੀ ਵੱਡੀ ਗਿਣਤੀ ’ਚੋਂ ਸਿਧੀਆਂ ਸਾਮਰਾਜੀ ਹਕੂਮਤਾਂ ਦਾ ਭੋਗ ਪੈ ਗਿਆ। ਇਸ ਹਾਲਤ ਵਿੱਚ ਸਾਮਰਾਜੀ ਮੁਲਕਾਂ ਖਾਤਰ ਪਛੜੇ ਮੁਲਕਾਂ ’ਤੇ ਸਾਮਰਾਜੀ ਗਲਬੇ ਦੇ ਅਸਿੱਧੇ ਸੰਦਾਂ ਦੀ ਮਹੱਤਤਾ ਵਧ ਗਈ। ਸਾਮਰਾਜੀ ਮਾਲੀ ਕਾਰੋਬਾਰਾਂ ਅਤੇ ਸੰਸਾਰ ਪੱਧਰੀਆਂ ਵਿੱਤੀ ਸੰਸਥਾਵਾਂ ਅਤੇ ਫੋਰਮਾਂ ਰਾਹੀਂ ਇਹਨਾਂ ਮੁਲਕਾਂ ਦੇ ਅਰਥਚਾਰਿਆਂ ਅਤੇ ਸਮਾਜਿਕ ਤਾਣੇ ਬਾਣੇ ’ਤੇ ਗਲਬਾ ਜਮਾਕੇ ਰੱਖਣ ਦੀਆਂ ਕੋਸ਼ਿਸ਼ਾਂ ਤੇਜ ਹੋ ਗਈਆਂ। ਇਸ ਪਿਛੋਕੜ ’ਚ ਹੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਅਤੇ ਗਾਟ ਵਰਗੀਆਂ ਸੰਸਥਾਵਾਂ ਦਾ ਜਨਮ ਹੋਇਆ।

ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾਫੰਡ ਦੀ ਬਣਤਰ ‘ਚ ਸਾਮਰਾਜੀ ਮੁਲਕਾਂ ਦੀ ਪੁਗਾਉ ਹੈਸੀਅਤ ਨੰਗੀ ਚਿੱਟੀ ਹੈ। ਇਹਨਾਂ ਸੰਸਥਾਵਾਂ ਵਿਚ ਵੱਖ-ਵੱਖ ਮੁਲਕਾਂ ਦੀ ਵੋਟ ਤਾਕਤ ਉਹਨਾਂ ਦੀ ਮਾਲੀ ਤਾਕਤ ਦੇ ਲਿਹਾਜ ਨਾਲ ਤਹਿ ਕੀਤੀ ਹੋਈ ਹੈ। ਇਹ ਸੰਸਥਾਵਾਂ ਨਾ ਸਿਰਫ਼ ਪਛੜੇ ਗਰੀਬ ਮੁਲਕਾਂ ਨੂੰ ਸਾਮਰਾਜੀ ਕਰਜੇ ਦੇ ਤੰਦੂਆ ਜਾਲ ਵਿੱਚ ਜਕੜਨ ਦਾ ਸੰਦ ਬਣੀਆਂ ਹੋਈਆਂ ਹਨ, ਸਗੋਂ ਪਛੜੇ ਮੁਲਕਾਂ ਦੀਆਂ ਆਰਥਕ ਸਿਆਸੀ ਨੀਤੀਆਂ ਨੂੰ ਸਾਮਰਾਜੀ ਹਿੱਤਾਂ ਮੁਤਾਬਿਕ ਢਾਲਣ ਅਤੇ ਸਾਮਰਾਜੀ ਗਲਬੇ ਨੂੰ ਮਜਬੂਤ ਕਰਨ ਦੇ ਉਭਰਵੇਂ ਅਤੇ ਅਸਰਦਾਰ ਹਥਿਆਰ ਦਾ ਰੋਲ ਨਿਭਾਉਂਦੀਆਂ ਆਈਆਂ ਹਨ।

ਦੂਜੀ ਸੰਸਾਰ ਜੰਗ ਦੌਰਾਨ ਇਸ ਦੀ ਗੰਭੀਰ ਫੇਟ ਤੋਂ ਬਚਿਆ ਰਹਿਣ ਕਰਕੇ ਅਮਰੀਕੀ ਸਾਮਰਾਜ ਸੰਸਾਰ ਸਾਮਰਾਜੀ ਪ੍ਰਬੰਧ ਦਾ ਚੌਧਰੀ ਬਣਕੇ ਉਭਾਰਿਆਂ ਸੀ। ਉਪਰੋਕਤ ਤਿੰਨਾਂ ਸੰਸਥਾਵਾਂ ਦੇ ਨਿਰਮਾਣ ਦੀ ਪਹਿਲਕਦਮੀ ਵੀ ਅਮਰੀਕੀ ਸਾਮਰਾਜੀਆਂ ਵੱਲੋਂ ਹੀ ਕੀਤੀ ਗਈ ਸੀ ਅਤੇ ਇਹ ਹਮੇਸ਼ਾ ਹੀ ਸਭ ਤੋਂ ਵੱਧ ਅਮਰੀਕੀ ਸਾਮਰਾਜੀਆਂ ਦੇ ਸਰੋਕਾਰਾਂ ਨੂੰ ਸੰਬੋਧਤ ਰਹੀਆਂ ਹਨ। ਇਹ ਗੱਲ ਅਮਰੀਕਾ ਦੇ ਸਾਬਕਾਂ ਰਾਸ਼ਟਰਪਤੀ ਰੀਗਨ ਦੇ ਇਨ੍ਹਾਂ ਸ਼ਬਦਾਂ ‘ਚੋਂ ਵੀ ਸਪੱਸ਼ਟ ਹੋ ਜਾਂਦੀ ਹੈ, “ਬਿਨਾਂ ਸ਼ੱਕ ਗਾਟ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਗੈਰ-ਰਾਜਨੀਤਕ ਸੰਸਥਾਵਾਂ ਹਨ, ਪਰੰਤੂ ਇਸਦਾ ਇਹ ਮਤਲਬ ਨਹੀਂ ਕਿ ਇਹ ਅਮਰੀਕਾ ਦੇ ਹਿੱਤਾਂ ਦੀ ਰਾਖੀ ਨਾ ਕਰਨ।’’

[ਬਰੈਟਨ ਵੁਡਜ ਕਾਨਫਰੰਸ : 1944 ’ਚ ਅਮਰੀਕੀ ਸਰਕਾਰ ਨੇ 44 ਮੁਲਕਾਂ ਦੀ ਇਕੱਤਰਤਾ ਕੀਤੀ। ਇਹ ਇਕੱਤਰਤਾ ਮਾਊਟ ਵਾਸਿੰਗਟਨ ਹੋਟਲ ਵਿਚ ਕੀਤੀ ਗਈ। ਇਸ ਕਾਨਫਰੰਸ ਨੇ ਸੰਸਾਰ ਬੈਂਕ ਆਈ.ਐਮ.ਐਫ ਅਤੇ ਗੈਟ ਦੀ ਸਥਾਪਨਾ ਕੀਤੀ, ਸੋਨੇ ਦਾ ਤਬਾਦਲਾ ਰੇਟ $33/ਪ੍ਰਤੀ ਔਂਸ ਤਹਿ ਕੀਤਾ ਅਤੇ ਅਮਰੀਕੀ ਡਾਲਰ ਨੂੰ ਕੌਮਾਂਤਰੀ ਲੈਣ ਦੇਣ ਦੀ ਰੀੜ੍ਹ ਦੀ ਹੱਡੀ ਵਜੋਂ ਪ੍ਰਵਾਨ ਕੀਤਾ। ਬਰਤਾਨਵੀਆਂ ਦੀ ਬਸਤੀ ਭਾਰਤ ਉਸੇ ਸਮੇਂ ਤੋਂ ਇਹਨਾਂ ਸੰਸਥਾਵਾਂ ਦਾ ਮੋਢੀ ਮੈਂਬਰ ਤੁਰਿਆ ਆਉਂਦਾ ਹੈ। ਸਗੋਂ ਉਸ ਸਮੇਂ ਦੇ ਭਾਰਤ ਦੇ ਅੰਗਰੇਜ ਵਿੱਤ ਮੰਤਰੀ ਨੇ ਸੰਸਾਰ ਬੈਂਕ ਤੇ ਇਸ ਰੋਲ ਦਾ ਖਰੜਾ ਇਸ ਕਾਨਫਰੰਸ ਵਿੱਚ ਪੇਸ਼ ਕੀਤਾ ਤੇ ਇਸ ਨੂੰ ਪ੍ਰਵਾਨ ਕਰਵਾਇਆ। 1947 ਤੋਂ ਬਾਅਦ ਵੀ ਇਹਨਾਂ ਸੰਸਥਾਵਾਂ ਵਿਚ ਭਾਰਤ ਦਾ ਰੋਲ ਮੋਢੀ ਮੈਂਬਰ ਵਜੋਂ ਤੁਰਿਆ ਆ ਰਿਹਾ ਹੈ। 189 ਦੇਸ਼ ਸੰਸਾਰ ਬੈਂਕ ਦੇ ਮੈਂਬਰ ਹਨ। ਅਮਰੀਕਾ ਇਸ ਦਾ ਸਭ ਤੋਂ ਵੱਡਾ ਹਿੱਸੇਦਾਰ ਹੈ ਅਤੇ ਬੈਂਕ ਦੇ ਹੋਂਦ ’ਚ ਆਉਣ ਤੋਂ ਲੈਕੇ ਹੁਣ ਤੱਕ ਅਮਰੀਕੀ ਨਾਗਰਿਕ ਹੀ ਸੰਸਾਰ ਬੈਂਕ ਦਾ ਪ੍ਰਧਾਨ ਬਣਦਾ ਆ ਰਿਹਾ ਹੈ। ਬੈਂਕ ਦੇ ਸਭ ਤੋਂ ਵੱਡੇ ਸੇਅਰ ਹੋਲਡਰ ਪੰਜ ਸਾਮਰਾਜੀ ਮੁਲਕ ਹਨ। ਅਮਰੀਕਾ (ਹਿੱਸਾ 17.25%) , ਜਪਾਨ (ਹਿੱਸਾ 7.24%) ਚੀਨ (ਹਿੱਸਾ 4.78%) ਜਰਮਨੀ (ਹਿੱਸਾ 4.33%) ਅਤੇ ਫਰਾਂਸ (ਹਿੱਸਾ 4.06%) ਇਹਨਾਂ ਮੁਲਕਾਂ ਦਾ ਹਿੱਸਾ ਕੁੱਲ ਜਮਾਂ ਪੂਜੀ ਦਾ 37.66% ਬਣ ਜਾਂਦਾ ਹੈ। ਬੈਂਕ ਅੰਦਰ ਹਿੱਸੇਦਾਰਾਂਦੀ ਵੋਟ ਸ਼ਕਤੀ ਹਿੱਸੇ ਦੇ ਅਨੁਪਾਤ ਨਾਲ ਹੁੰਦੀ ਹੈ। ਇਸ ਲਈ ਬੈਂਕ ਦੇ ਸਮੁੱਚੇ ਫੈਸਲੇ ਸਾਮਰਾਜੀ ਮੁਲਕਾਂ ਦੇ ਹਿਸਾਬ ਨਾਲ ਖਾਸ ਕਰਕੇ ਅਮਰੀਕਾ ਦੇ ਹਿੱਤਾਂ ਮੁਤਾਬਿਕ ਹੁੰਦੇ ਹਨ। ਅਮਰੀਕਾ ਦਾ ਖਜਾਨਾ ਸਕੱਤਰ, ਸੰਸਾਰ ਬੈਂਕ ਦੀ ਸਭ ਤੋਂ ਉਚੀ ਗਵਰਨਿੰਗ ਬਾਡੀ ਬੋਰਡ ਆਫ ਗਵਰਨਰਜ ਵਿਚ ਬੈਠਦਾ ਹੈ। ਸੰਸਾਰ ਬੈਂਕ ਦੇ ਸਭ ਤੋਂ ਵੱਡੇ ਕਰਜਦਾਰ ਦਸ ਮੁਲਕ ਹਨ, ਬਰਾਜੀਲ, ਇੰਡੋਨੇਸ਼ੀਆ, ਮੈਕਸੀਕੋ, ਚੀਨ, ਭਾਰਤ, ਤੁਰਕੀ, ਕੋਲੰਬੀਆ, ਪੋਲੈਂਡ, ਮਿਸਰ ਅਤੇ ਅਰਜਨਟੀਨਾ। ਸੰਸਾਰ ਵਪਾਰ ਜਥੇਬੰਦੀ 1995 ਵਿੱਚ ਹੋਂਦ ਵਿਚ ਆਈ ਹੈ। ਇਸ ਦੀ ਵਜ੍ਹਾ ਇਹ ਬਣੀ ਹੈ ਕਿ 1944 ਵਿੱਚ ਹੋਂਦ ਵਿਚ ਆਏ ਗੈਟ ਦਾ ਰੋਲ ਹੁਣ ਦੀਆਂ ਸੰਸਾਰ ਸਾਮਰਾਜੀ ਲੋੜਾਂ ਦੀ ਪੂਰਤੀ ਲਈ ਤਬਦੀਲ ਕਰਨਾ ਪਿਆ। ਇਸ ਤੋਂ ਪਹਿਲਾਂ ਗੈਟ ਮੁਲਕਾਂ ਦਰਮਿਆਨ “ਵਪਾਰ ਅਤੇ ਟੈਕਸਾਂ’’ ਦੇ ਸਮਝੌਤਿਆਂ ਦੇ ਸੀਮਤ ਖੇਤਰ ਨੂੰ ਸੰਬੋਧਿਤ ਹੁੰਦਾ ਸੀ। ਡੰਕਲ ਤਰਵੀਜਾ ਨੇ “ਵਪਾਰ ਅਤੇ ਟੈਕਸਾਂ’’ ਤੱਕ ਸੀਮਤ ਨਾ ਰਹਿ ਕੇ ਤੀਜੀ ਦੁਨੀਆ ਦੇ ਹਰ ਇੱਕ ਮੁਲਕ ਦੀ ਸਮੁੱਚੀ ਆਰਥਿਕਤਾ ਨੂੰ ਸਾਮਰਾਜੀ ਲੋੜਾਂ ਮੁਤਾਬਿਕ ਢਾਲਣ ਦਾ ਕੰਮ ਆਪਣੇ ਹੱਥ ਲੈ ਲਿਆ। ਸੰਸਾਰ ਵਪਾਰ ਸੰਸਥਾ ਨੂੰ ਇਸ ਕਾਰਜ ਦੀ ਪੈਰਵੀ ਕਰਨ ਵਾਲੀ ਉਚ ਤਾਕਤੀ ਸੰਸਥਾਂ ਵਜੋਂ ਸਥਾਪਤ ਕੀਤਾ ਹੈ।]

1986 ਵਿੱਚ ਗਾਟ ਵਾਰਤਾ ਦਾ ਅੱਠਵਾਂ ਗੇੜ ਸ਼ੁਰੂ ਹੋਇਆ ਜਿਸਨੂੰ ਉਰੂਗਾਏ ਗੇੜ ਕਿਹਾ ਜਾਂਦਾ ਹੈ। ਇਹ ਗੇੜ ਸਾਮਰਾਜੀ ਮੁਲਕਾਂ ਦੀਆਂ ਦੋ ਲੋੜਾਂ ਨੂੰ ਸੰਬੋਧਿਤ ਸਨ। ਇਕ ਲੋੜ ਸੀ ਕਿ ਮੁਨਾਫਿਆ ’ਚ ਵਾਧੇ ਦੀ ਦਰ ਬਰਕਰਾਰ ਰੱਖਣ ਲਈ ਆਪਣੇ ਅਰਥਚਾਰਿਆਂ ਦੇ ਸੰਕਟ ਦਾ ਭਾਰ ਗਰੀਬ ਅਤੇ ਪਛੜੇ ਮੁਲਕਾਂ ਸਿਰ ਹੋਰ ਵੱਧ ਤਿਲਕਾਇਆ ਜਾਵੇ। ਨਾ ਸਿਰਫ਼ ਤਿਲਕਾਇਆ ਹੀ ਜਾਵੇ - ਸਗੋਂ ਇਹਨਾਂ ਮੁਲਕਾਂ ਦੇ ਅਰਥਚਾਰਿਆਂ ’ਤ ੇ ਆਪਣੇ ਕੰਟਰੋਲ ਨੂੰ ਇੰਨਾ ਮਜਬੂਤ ਅਤੇ ਰੈਲਾ ਕਰ ਲਿਆ ਜਾਵੇ ਕਿ ਆਪਣੀਆਂ ਮੁਨਾਫੇ ਦੀਆਂ ਲੋੜਾਂ ਇਨਾਂ ਮੁਲਕਾਂ ਤੇ ਲਗਾਤਾਰ ਲੱਦੀ ਜਾਣ ‘ਚ ਕੋਈ ਦਿੱਕਤ ਨਾ ਆਵੇ। ਯਾਨੀ ਪਛੜੇ ਮੁਲਕਾਂ ਦੇ ਅਰਥਚਾਰਿਆਂ ਉਤੇ ਸਾਮਰਾਜੀ ਮੁਲਕਾਂ ਦੀਆਂ ਸੰਸਥਾਵਾਂ ਅਤੇ ਕਾਰੋਬਾਰਾਂ ਦੇ ਕੰਟਰੋਲ ਨੂੰ ਵੱਧ ਸਵੈ-ਚਾਲਕ ਬਣਾਇਆ ਜਾਵੇ। ਦੂਜੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਜਿਥੇ ਪਹਿਲਾਂ ਪਛੜੇ ਮੁਲਕਾਂ ਦੀਆਂ ਸਰਕਾਰਾਂ ਆਪਣੇ ਮੁਲਕਾਂ ’ਚ ਸਾਮਰਾਜੀ ਹਿੱਤਾਂ ਦੀ ਮੰਗ ਅਨੁਸਾਰ ਆਰਥਕ ਨੀਤੀਆਂ ਘਾੜਨ ਅਤੇ ਲਾਗੂ ਕਰਨ ’ਚ ਸਬ-ਹੈਡਕੁਆਟਰਾਂ ਦਾ ਰੋਲ ਨਿਭਾਉਂਦੀਆਂ ਹਨ, ਉਥੇ ਹੁਣ ਇਹਨਾਂ ਸਰਕਾਰਾਂ ਨੂੰ ਖੂੰਜੇ ਲਾਕੇ ਪਛੜੇ ਮੁਲਕਾਂ ਦੇ ਅਰਥਚਾਰਿਆਂ ਦਾ ਸਿੱਧਾ ਕੁਨੈਕਸ਼ਨ ਸਾਮਰਾਜੀ ਮੁਲਕਾਂ ਦੀਆਂ ਹਕੂਮਤਾਂ, ਵਿੱਤੀ ਸੰਸਥਾਵਾਂ ਅਤੇ ਕਾਰੋਬਾਰਾਂ ਨਾਲ ਜੋੜ ਦਿੱਤਾ ਜਾਵੇ। ਇਕ ਤਰ੍ਹਾਂ ਨਾਲ ਇਹ ਸਾਮਰਾਜੀ ਮੁਲਕਾਂ ਵੱਲੋਂ ਪਛੜੇ ਮੁਲਕਾਂ ਦੀਆਂ ਆਰਥਕ ਨੀਤੀਆਂ ਦੇ ਕੰਟਰੋਲ ਦਾ “ਕੰਪੂਟਰੀਕਰਨ“ ਹੈ ! ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਇਸ ਕਾਰਜ ਨੂੰ ਢਾਂਚਾ ਢਲਾਈ ਨੀਤੀਆਂ ਰਾਹੀਂ ਸੰਬੋਧਿਤ ਹੋ ਰਹੇ ਹਨ। 

ਗਾਟ ਵੱਲੋਂ ਆਪਣੇ ਘੇਰੇ ਨੂੰ ਵਪਾਰ ਅਤੇ ਕਰਾਂ ਦੇ ਖੇਤਰ ਤੋਂ ਅੱਗੇ ਵਧਾ ਲਿਆ ਗਿਆ ਹੈ। ਹੁਣ ਇਸਨੇ ਵੱਖ-ਵੱਖ ਮੁਲਕਾਂ ਦੀਆਂ ਆਰਥਕ ਨੀਤੀਆਂ ਦੇ ਸਭ ਤੋਂ ਅਹਿਮ ਖੇਤਰਾਂ ਨੂੰ ਆਵਦੇ “ਢਾਂਚਾ ਢਲਾਈ’’ ਦੇ ਕਾਰਜ ਦੇ ਮਤਾਹਿਤ ਕਰਦਿਆ ਹੈ।

ਸਾਮਰਾਜੀ ਮੁਲਕਾਂ ਦੀ ਦੂਸਰੀ ਲੋੜ ਇਹ ਸੀ ਕਿ ਆਰਥਕ ਸੰਕਟ ਦੇ ਨਤੀਜੇ ਵਜੋਂ ਤਿਖੇ ਹੋਏ ਆਪਸੀ ਸਰੀਕਾ ਭੇੜ ਨੂੰ ਬੇਕਾਬੂ ਅਤੇ ਖਤਰਨਾਕ ਹਫੜਾ ਦਫੜੀ ‘ਚ ਵਟਣੋਂ ਟਾਲਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ। 1986 ਤੋਂ ਸੁਰੂ ਹੋਇਆ ਗਾਟ ਵਾਰਤਾ ਦਾ ਅੱਠਵਾਂ ਗੇੜ ਜਿਸਨੂੰ ਉਰਗਾਏ ਗੇੜ ਕਿਹਾ ਜਾਂਦਾ ਹੈ, ਇਹ ਗੇੜ ਸਾਮਰਾਜੀ ਮੁਲਕਾਂ ਦੀਆਂ ਲੋੜਾਂ ਨੂੰ ਸੰਬੋਧਿਤ ਸੀ। ਜਦੋਂ ਅੰਤਰ ਸਾਮਰਾਜੀ ਵਾਰਤਾ ਦਾ ਇਹ ਗੇੜ ਆਪਸੀ ਲੈ ਦੇ ਕਰਕੇ ਸਹਿਮਤੀ ਬਣਾਉਣ ਵਿੱਚ ਸਫਲ ਰਿਹਾ। ਪਰ ਪਛੜੇ ਮੁਲਕਾਂ ਤੋਂ ਪ੍ਰਵਾਨਗੀ ਲੈਣ ਵੇਲੇ “ਡੰਕਲ-ਦਸਤਾਵੇਜ਼’’ ਨੂੰ ਗਾਟ ਦੇ ਮੰਚ ਤੇ ਇਹ ਕਹਿਕੇ ਅੰਤਮ ਪ੍ਰਵਾਨਗੀ ਲਈ ਰੱਖਿਆ ਗਿਆ ਕਿ ਜਾਂ ਤਾਂ ਇਸਨੂੰ ਸਾਰੇ ਦੇ ਸਾਰੇ ਪ੍ਰਵਾਨ ਕਰੋ ਜਾਂ ਫੇਰ ਰੱਦ ਕਰ ਦਿਉ। ਪਛੜੇ ਮੁਲਕਾਂ ਦੀਆਂ ਕੌਮ ਧਰੋਹੀ ਹਕੂਮਤਾਂ ਨੇ ਇਸ ਨੂੰ ਪ੍ਰਵਾਨਗੀ ਦੇ ਕੇ ਇਹ ਸਬੂਤ ਦੇ ਦਿੱਤਾ ਹੈ ਕਿ ਇਹ ਆਪਣੇ ਲੋਕਾਂ ਅਤੇ ਮੁਲਕਾਂ ਦੇ ਹਿਤਾਂ ਦੀਆਂ ਵਫਾਦਾਰ ਨਹੀਂ ਹਨ, ਸਗੋਂ ਲੁਟੇਰੇ ਸਾਮਰਾਜੀਆਂ ਦੇ ਹਿੱਤਾਂ ਦੀਆਂ ਵਫਾਦਾਰ ਹਨ।

ਭਾਵੇਂ ਭਾਰਤੀ ਹਾਕਮਾਂ ਵੱਲੋਂ ਜਨਤਕ ਤੌਰ ਤੇ ਅਮਰੀਕੀ ਸਾਮਰਾਜੀਆਂ ਦੀ ਧੌਂਸ ਖਿਲਾਫ਼ ਬੁੜ-ਬੁੜ ਜਾਰੀ ਰੱਖੀ ਜਾਂਦੀ ਰਹੀ ਹੈ। ਪਰ ਗਾਟ ਦੀਆਂ ਖੁਫੀਆ ਵਾਰਦਾਤਾਂ ’ਚ ਇੱਕ ਤੋਂ ਬਾਅਦ ਦੂਜੇ ਨੁਕਤੇ ’ਤ ੇ ਸਾਮਰਾਜੀ ਇਛਾਵਾਂ ’ਤੇ ਫੁੱਲ ਚੜ੍ਹਾਏ ਜਾਦੇ ਰਹੇ ਹਨ। 1986 ਵਿੱਚ ਭਾਰਤ ਉਹਨਾਂ 10 ਮੁਲਕਾਂ ’ਚ ਸ਼ਾਮਲ ਸੀ ਜਿੰਨ੍ਹਾਂ ਨੇ ਗਾਟ ਦੇ ਘੇਰੇ ਨੂੰ “ਵਪਾਰ ਅਤੇ ਕਰਾਂ’’ ਤੱਕ ਸੀਮਤ ਰੱਖਣ ਦੀ ਬਜਾਏ ਹੋਰਨਾਂ ਖੇਤਰਾਂ ਨੂੰ ਘੇਰੇ ’ਚ ਲੈਣ ਦੀ ਅਮਰੀਕੀ ਸਾਮਰਾਜੀਆਂ ਦੀਆਂ ਤਜਵੀਜ਼ਾਂ ਖਿਲਾਫ਼ ਰਸਮੀ ਪੁਜੀਸ਼ਨ ਲਈ ਸੀ। ਪਰ 1989 ’ਚ ਸਪਸਟ ਰੂਪ ’ਚ ਮੰਨ ਲਿਆ ਸੀ ਕਿ ਭਾਰਤ ਨਵੇਂ ਖੇਤਰਾਂ ਨੂੰ ਗਾਟ ਵਾਰਤਾ ਦੇ ਘੇਰੇ ’ਚ ਲਿਆਉਣ ਲਈ ਰਜਾਮੰਦ ਹੈ। ਭਾਰਤੀ ਅਰਥਚਾਰੇ ਨੂੰ ਸਾਮਰਾਜੀ ਕਰਜਿਆਂ ਦੇ ਜਾਲ ਮੂਹਰੇ ਲਗਾਤਾਰ ਵਿਛਾਉਂਦੇ ਜਾਣ ਦੀ ਭਾਰਤੀ ਹਾਕਮਾਂ ਦੀ ਨੀਤੀ ਸਦਕਾ ਸੰਸਾਰ ਬੈਂਕ ਅਤੇ ਆਈ. ਐਮ. ਐਫ ਲਗਾਤਾਰ ਸ਼ਰਤਾਂ ਮੜ੍ਹਕੇ ਇਸ ਅਮਲ ਵਿੱਚ ਤੇਜ ਕਰਨ ਲਈ ਸਫਲਤਾ ਨਾਲ ਦਬਾਅ ਵਧਾਉਂਦੇ ਗਏ ਹਨ।

ਡੰਕਲ ਦਸਤਾਵੇਜ਼ ਰਾਹੀਂ ਸੰਸਾਰ ਜਥੇਬੰਦੀ ਦਾ ਗਠਨ ਕਰਨ ਅਤੇ ਇਸਨੂੰ ਦਸਤਾਵੇਜ਼ ਦੇ ਲਾਗੂ ਹੋਣ ਦੀ, ਡੰਡਾ ਫੜਕੇ ਨਿਗਰਾਨੀ ਕਰਨ ਦੇ ਅਧਿਕਾਰ ਸੌਂਪਣ ਦੀ ਪੇਸ਼ ਕੀਤੀ ਤਜਵੀਜ਼ ਦੇ 1995 ‘ਚ ਲਾਗੂ ਹੋ ਜਾਣ ਨਾਲ ਇਹ ਨਵੀਂ ਵਪਾਰ ਜਥੇਬੰਦੀ ਪਛੜੇ ਮੁਲਕਾਂ ਤੋਂ ਸਾਮਰਾਜੀ ਗਲਬੇ ਦੇ ਸ਼ਕਤੀਸ਼ਾਲੀ ਸੰਦ ਵਜੋਂ ਕੰਮ ਕਰੇਗੀ।

ਕਹਿਣ ਦੀ ਲੋੜ ਨਹੀਂ ਕਿ ਡੰਕਲ ਤਜਵੀਜ਼ਾਂ ਰਾਹੀਂ ਪਛੜੇ ਮੁਲਕਾਂ ’ਤੇ ਸਾਮਰਾਜੀ ਗੁਲਾਮੀ ਦੀਆਂ ਜ਼ੰਜੀਰਾਂ ਹੋਰ ਕਸੀਆਂ ਜਾਣੀਆਂ ਹਨ। ਡੰਕਲ-ਦਸਤਾਵੇਜ਼ ਦੀ ਸਭ ਤੋਂ ਜੋਰਦਾਰ ਵਕਾਲਤ ਕਰਨ ਵਾਲੇ ਹਲਕੇ ਵੀ ਇਸ ਗੱਲ ਦਾ ਇਕਬਾਲ ਕਰਦੇ ਹਨ ਕਿ ਡੰਕਲ ਦਸਤਾਵੇਜ਼ ਦਾ ਮਤਲਬ ਅਜਾਦੀ ਨਹੀਂ ਹੈ ਸਗੋਂ ਸਾਮਰਾਜੀ ਸਰਮਾਏ ਦੀ ਵਧਦੀ ਗੁਲਾਮੀ ਹੈ। ਡੰਕਲ-ਦਸਤਾਵੇਜ਼ਾਂ ਦਾ ਸ਼ੋਰੀਲਾ ਹਮਾਇਤੀ ਸਰਦ-ਜੋਸ਼ੀ ਇਹਨਾਂ ਸ਼ਬਦਾਂ ‘ਚ ਇਸ ਗੁਲਾਮੀ ਦੀ ਨੰਗੀ ਚਿੱਟੀ ਵਕਾਲਤ ਕਰਦਾ ਹੈ :

“ਦਿੱਲੀ ਨੇ ਕਿਸਾਨਾਂ ਨੂੰ ਚਮੜੀ ਦਾ ਇੱਕ ਰੰਗ ਹੋਣ ਦੇ ਬਾਵਯੂਦ ਗੁਲਾਮ ਬਣਾਇਆ ਹੋਇਆ ਹੈ। ਜੇ ਅਸੀਂ ਕਿਸੇ ਦੇ ਗੁਲਾਮ ਹੋਣਾ ਹੀ ਹੈ ਤਾਂ ਅਸੀਂ ਇਸ ਗੱਲ ਨੂੰ ਤਰਜੀਹ ਦੇਵਾਂਗੇ ਕਿ ਵਧੇਰੇ ਕੁਸਲ ਲੋਕਾਂ ਦੇ ਗੁਲਾਮ ਹੋਈਏ।’’ (ਈ.ਪੀ.ਡਬਲਯੂ, 26 ਮਾਰਚ 1994)

ਖੁਦ ਆਰਥਰ ਡੰਕਲ ਐਲਾਨੀਆਂ ਇਹ ਮੱਤ ਦਿੰਦਾ ਹੈ ਕਿ ਪਛੜੇ ਮੁਲਕਾਂ ਲਈ ਸਾਮਰਾਜੀ ਸਰਮਾਏ ਦੀ ਨੰਗੀ ਚਿੱਟੀ ਗੁਲਾਮੀ ਦੇ ਕਸਿਆ ਜਾ ਰਿਹਾ ਸਿਕੰਜਾ ਚੰਗੀ ਚੀਜ਼ ਹੈ :

“ਕੀ ਪ੍ਰਭੂਸਤਾ ਦਾ ਕੋਈ ਫਾਇਦਾ ਹੈ, ਜੇ ਅਮਰੀਕਾ ’ਚ ਮੰਦਾ ਆ ਜਾਂਦਾ ਹੈ ਅਤੇ ਤੁਹਾਡੀਆਂ ਬਰਾਮਦਾਂ ਦਾ 30 ਪ੍ਰਤੀਸਤ ਖੁੱਸ ਜਾਂਦਾ ਹੈ। ਤੁਹਾਡੀ ਅਜ਼ਾਦੀ ਫੈਸਲਾਕੁਨ ਨਹੀਂ ਹੈ ਫੈਸਲਾਕੁਨ ਗੱਲ ਅਜਿਹੇ ਪ੍ਰਬੰਧ ਦਾ ਅੰਗ ਹੋਣਾ ਹੈ ਜਿਹੜਾ ਇਹ ਗਰੰਟੀ ਕਰ ਸਕੇ ਕਿ (ਅਮਰੀਕਾ ਦਾ) ਮੰਦਾ ਜਾਰੀ ਨਹੀਂ ਰਹੇਗਾ।’’

(ਇਨਕਲਾਬੀ ਜਮਹੂਰੀ ਫਰੰਟ ਵੱਲੋਂ 1995 ’ਚ ਜਾਰੀ ਕੀਤੀ ਗਈ ਇੱਕ ਲਿਖਤ ਦੇ ਅੰਸ਼   

ਡੰਕਲ ਦਸਤਾਵੇਜ਼ ਤੇ ਭਾਰਤੀ ਖੇਤੀ
[ਭਾਰਤ ਸਰਕਾਰ ਵੱਲੋਂ 15 ਦਸੰਬਰ 1994 ਨੂੰ ਪ੍ਰਵਾਨ ਕੀਤੇ ਡੰਕਲ ਦਸਤਾਵੇਜ਼ ਰਾਹੀਂ ਖੇਤੀਬਾੜੀ ਖੇਤਰ ਵਿੱਚ ਚੁੱਕੇ ਜਾਣ ਵਾਲੇ ਅਹਿਮ ਕਦਮ]

ਖੇਤੀਬਾੜੀ ਦੇ ਖੇਤਰ ’ਚ ਡੰਕਲ-ਦਸਤਾਵੇਜ਼ ਰਾਹੀਂ ਚੁੱਕੇ ਜਾਣ ਵਾਲੇ ਅਹਿਮ ਕਦਮ ਹੇਠ ਲਿਖੇ ਹਨ :

ਸਾਰੀਆਂ ਖੇਤੀ ਅਧਾਰਤ ਵਸਤਾਂ ਲਈ ਦਿੱਤੀ ਜਾਣ ਵਾਲੀ ਸਰਕਾਰੀ ਮੱਦਦ 1993 ਦੇ ਮੁਕਾਬਲੇ 1999 ਤੱਕ 20 ਪ੍ਰਤੀਸ਼ਤ ਘਟਾਈ ਜਾਵੇਗੀ। ਸਿਰਫ ਉਨ੍ਹਾਂ ਕੁਝ ਕੁ ਖੇਤਰਾਂ ਨੂੰ ਛੱਡਕੇ ਜਿਨ੍ਹਾਂ ਬਾਰੇ ਇਹ ਜਾਇਜਾ ਬਣਦਾ ਹੈ ਕਿ ਇਨ੍ਹਾਂ ਦਾ ਵਪਾਰ ’ਚ ਵਿਗਾੜ ਲਿਆਉਣ ’ਚ ਕੋਈ ਰੋਲ ਨਹੀਂ ਬਣਦਾ।

ਬਰਾਮਦਾਂ ਲਈ ਦਿੱਤੀਆਂ ਜਾਣ ਵਾਲੀਆਂ ਸਿੱਧੀਆਂ ਸਬਸਿਡੀਆਂ ਲਈ ਬਜਟ ਦੀ ਰਕਮ 1993 ਦੇ ਮੁਕਾਬਲੇ 1999 ਤੱਕ 36 ਪ੍ਰਤੀਸ਼ਤ ਘਟਾਈ ਜਾਵੇਗੀ। ਸਬਸਿਡੀਆਂ ਹਾਸਲ ਕਰਨ ਵਾਲੀਆਂ ਵਸਤਾਂ ਦੀ ਮਾਤਰਾਂ ’ਚ ਇਸੇ ਸਮੇਂ ਦੌਰਾਨ 24 ਪ੍ਰਤੀਸ਼ਤ ਕਟੌਤੀ ਕੀਤੀ ਜਾਵੇਗੀ।

ਕੁੱਲ ਮਿਲਾਕੇ ਇਨ੍ਹਾਂ ਵਸਤਾਂ ਦੀ ਦਰਾਮਦ ਤੇ ਕਸਟਮ ਡਿਊਟੀ ਵਿਚ 36 ਪ੍ਰਤੀਸ਼ਤ ਕਮੀ ਕੀਤੀ ਜਾਵੇਗੀ ਅਤੇ ਕਿਸੇ ਵੀ ਇਕੱਲੀ ਵਸਤ ਦੇ ਮਾਮਲੇ ’ਚ ਇਹ ਕਟੌਤੀ 15 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਵੇਗੀ।

ਨੀਤੀ ਦੇ ਕੁਝ ਖੇਤਰਾਂ ਨੂੰ ਇਨ੍ਹਾਂ ਕਟੌਤੀਆਂ ਤੋਂ ਛੋਟ ਦਿੱਤੀ ਗਈ ਹੈ। ਮੁੱਖ ਤੌਰ ਤੇ ਇਹਛੋਟ ਜਨਤਕ ਲੋੜਾਂ ਲਈ ਭੰਡਾਰ ਕਰਨ ਦੇ ਖੇਤਰ ਨਾਲ ਸਬੰਧਤ ਹੈ। ਪਰ ਇਸ ਛੋਟ ਲਈ ਹੇਠ ਲਿਖਿਆ ਸਖਤ ਪੈਮਾਨਾ ਲਾਗੂ ਕਰ ਦਿੱਤਾ ਗਿਆ ਹੈ।

ਸਰਕਾਰ ਵਲੋਂ ਇਨ੍ਹਾਂ ਵਸਤਾਂ ਨੂੰ ਜਨਤਕ ਲੋੜਾਂ ਲਈ ਭੰਡਾਰ ਕਰਨ ਦੇ ਅਧਿਕਾਰ ਨੂੰ ਸਖਤੀ ਨਾਲ ਅਜਿਹੇ ਖੁਰਾਕ ਸੁਰੱਖਿਆ ਪ੍ਰੋਗਰਾਮ ਤੱਕ ਸੀਮਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਮੁਲਕ ਦੇ ਕਾਨੂੰਨ ’ਚ ਵਿਵਸਥਾ ਕੀਤੀ ਗਈ ਹੋਵੇ।

ਇਨ੍ਹਾਂ ਭੰਡਾਰਾਂ ਦੀ ਮਾਤਰਾ ਨਿਰੋਲ ਖੁਰਾਕ ਸੁਰੱਖਿਆ ਨਾਲ ਸਬੰਧਤ, ਅਗਾਊਂ ਮਿਥੀ ਹੱਦ ਤੱਕ ਸੀਮਤ ਰੱਖਣੀ ਲਾਜਮੀ ਹੋਣਗੇ।

ਇਨ੍ਹਾਂ ਭੰਡਾਰਾਂ ਲਈ ਖਰੀਦ ਮੰਡੀ ਦੀਆਂ ਪ੍ਰਚਲਤ ਕੀਮਤਾਂ ’ਤੇ ਕੀਤੀ ਜਾਵੇਗੀ ਅਤੇ ਇਨ੍ਹਾਂ ਭੰਡਾਰਾਂ ’ਚੋਂ ਵਿਕਰੀ ਵੀ ਮੰਡੀ ਦੀਆਂ ਪ੍ਰਚਲਤ ਕੀਮਤਾਂ ’ਤੇ ਕੀਤੀ ਜਾਵੇਗੀ।

ਘਰੇਲੂ ਖੁਰਾਕ ਸਹਾਇਤਾ ਪ੍ਰੋਗਰਾਮ ਦੇ ਮਾਮਲੇ ’ਚ “ਨਰੋਏ ਤੱਤਾਂ ਵਾਲੀ ਖੁਰਾਕ’’ ਮੁਹੱਈਆ ਕਰਨ ਦਾ ਸਪੱਸ਼ਟ ਪੈਮਾਨਾ ਸਖਤੀ ਨਾਲ ਲਾਗੂ ਕਰਨਾ ਹੋਵੇਗਾ।

ਖੇਤੀ ਵਪਾਰ ਦੇ ਖੇਤਰ ’ਚ ਗੈਰ-ਕਰ-ਰੋਕਾਂ ਖਤਮ ਕੀਤੀਆਂ ਜਾਣਗੀਆਂ-ਯਾਨੀ ਖੇਤੀ ਅਧਾਰਤ ਵਸਤਾਂ ਦੀ ਦਰਾਮਦ ਬਰਾਮਦ ਦੇ ਕੋਈ ਕੋਟੇ ਨਿਸ਼ਚਿਤ ਨਹੀਂ ਕੀਤੇ ਜਾਣਗੇ। ਇਨ੍ਹਾਂ ਦੀ ਥਾਂ ਤੇ ਕਰ ਲਾਗੂ ਕੀਤੇ ਜਾਣਗੇ ਜਿਨ੍ਹਾਂ ’ਚ ਲਗਾਤਾਰ ਕਟੌਤੀ ਕੀਤੀ ਜਾਵੇਗੀ।

1993 ਤੋਂ ਲੈ ਕੇ 1999 ਤੱਕ ਕਸਟਮ ਡਿਊਟੀ ਵਿਚ ਕੁੱਲ ਮਿਲਾਕੇ 36 ਪ੍ਰਤੀਸ਼ਤ ਕਮੀ ਕੀਤੀ ਜਾਵੇਗੀ ਅਤੇ ਕਿਸੇ ਇਕੱਲੀ ਵਸਤ ਦੇ ਮਾਮਲੇ ’ਚ ਕਟੌਤੀ ਦੀ ਘੱਟੋ ਘੱਟ ਹੱਦ 15 ਪ੍ਰਤੀਸ਼ਤ ਹੋਵੇਗੀ। ਵਿਕਾਸਸ਼ੀਲ ਦੇਸ਼ਾਂ ਲਈ ਇਹ ਕਟੌਤੀ ਦੀ ਘੱਟੋ ਘੱਟ ਹੱਦ 15 ਪ੍ਰਤੀਸ਼ਤ ਹੋਵੇਗੀ। ਵਿਕਾਸਸ਼ੀਲ ਦੇਸ਼ਾਂ ਲਈ ਇਹ ਕਟੌਤੀ ਕਰਮ-ਵਾਰ 24 ਪ੍ਰਤੀਸ਼ਤ ਅਤੇ 10 ਪ੍ਰਤੀਸ਼ਤ ਹੋਵੇਗੀ ਅਤੇ 1993 ਤੋਂ ਲੈ ਕੇ 2003 ਤੱਕ ਦੇ 10 ਸਾਲਾਂ ਦੇ ਅਰਸੇ ’ਚ ਕਰਨੀ ਹੋਵੇਗੀ।

ਹਰ ਮੁਲਕ ਨੇ ਕਿਸੇ ਵੀ ਖੇਤੀ ਅਧਾਰਤ ਵਸਤ ਦੀ 1993 ਦੇ ਸਾਲ ’ਚ ਆਪਣੀ ਖਪਤ ਦੇ 3 ਪ੍ਰਤੀਸ਼ਤ ਦੇ ਬਰਾਬਰ ਮਾਤਰਾ ਲਾਜਮੀ ਦਰਾਮਦ ਕਰਨੀ ਹੋਵੇਗੀ। 1999 ਤੋਂ ਇਸ ਮਾਤਰਾ ਦਾ 5 ਪ੍ਰਤੀਸ਼ਤ ਲਾਜਮੀ ਦਰਾਮਦ ਕਰਨਾ ਹੋਵੇਗਾ।

ਵਪਾਰ ਦੇ ਖੇਤਰ ’ਚ ਗਾਟ ਵੱਲੋਂ ਭਾਰਤ ਵਰਗੇ ਵਿਕਾਸਸ਼ੀਲ ਕਰਾਰ ਦਿੱਤੇ ਮੁਲਕਾਂ ਨਾਲ ਰਿਆਇਤੀ ਵਿਹਾਰ ਦੀ ਰਸਮੀ ਬਚਨਵੱਧਤਾ ਤਿਆਗ ਦਿੱਤੀ ਗਈ ਹੈ। ਹੁਣ ਇਸ ਰਿਆਇਤੀ ਵਿਹਾਰ ਦਾ ਘੇਰਾ “ਸਭ ਤੋਂ ਘੱਟ ਵਿਕਸਤ’’ ਕਰਾਰ ਦਿੱਤੇ ਮੁਲਕਾਂ ਦੀ ਛੋਟੀ ਜਿਹੀ ਗਿਣਤੀ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਘਰੇਲੂ ਸਬਸਿਡੀਆਂ ਦੇ ਕੁੱਲ ਖੇਤੀ ਉਤਪਾਦਨ ਮੁੱਲ ਦੇ 10% ਤੋਂ ਵੱਧ ਹੋਣ ਦੀ ਹਾਲਤ ’ਚ ਇਨ੍ਹਾਂ ’ਚ 13.3% ਕਟੌਤੀ ਕੀਤੀ ਜਾਣੀ ਹੈ।

ਕੁੱਲ ਮਿਲਾਕੇ ਡੰਕਲ-ਦਸਤਾਵੇਜ਼ ਅਨੁਸਾਰ ਲਏ ਜਾਣ ਵਾਲੇ ਇਹਨਾਂ ਕਦਮਾਂ ਦਾ ਤੱਤ ਭਾਰਤੀ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਸਰਦਾਰੀ ਵਾਲੀ ਸੰਸਾਰ ਮੰਡੀ ਦੇ ਢਿੱਡ ’ਚ ਖਪਾ ਦੇਣਾ ਹੈ। ਭਾਰਤ ਦੇ ਬਹੁ-ਗਿਣਤੀ ਕਿਸਾਨਾਂ ਅਤੇ ਹੋਰ ਗਰੀਬ ਮਿਹਨਤਕਸ਼ਾਂ ਲਈ ਇਹਨਾਂ ਕਦਮਾਂ ਦੇ ਨਤੀਜੇ ਬਹੁਤ ਭਿਆਨਕ ਹੋਣਗੇ।

ਜਨਤਕ ਹਿਤਾਂ ਲਈ ਸਰਕਾਰ ਵੱਲੋਂ ਭੰਡਾਰ ਕਰਨ ਦੇ ਮਾਮਲੇ ’ਚ ਡੰਕਲ ਦੀਆਂ ਹਦਾਇਤਾਂ ਦੀ ਗਰੀਬ ਖਪਤਕਾਰਾਂ ਨੂੰ ਡਾਢੀ ਮਾਰ ਝੱਲਣੀ ਪੈਣੀ ਹੈ। ਇਹਨਾਂ ਭੰਡਾਰਾਂ ਨੂੰ ਸਖਤੀ ਨਾਲ ਅਗਾਊਂ ਐਲਾਨੇ ਖੁਰਾਕ ਪ੍ਰੋਗਰਾਮਾਂ ਤੱਕ ਸੀਮਤ ਕਰ ਦੇਣ ਦਾ ਨਤੀਜਾ ਇਹ ਹੋਵੇਗਾ ਕਿ ਪਬਲਿਕ ਵੰਡ ਪ੍ਰਣਾਲੀ ਰਾਹੀਂ ਰਾਸਨ ਦੀਆਂ ਸੀਮਤ ਆਈਟਮਾਂ ਤੋਂ ਇਲਾਵਾ ਹੋਰ ਜ਼ਰੂਰਤਾਂ ਜਿਵੇਂ ਕੱਪੜਾ ਆਦਿਕ ਸਸਤੇ ਭਾਵਾਂ ਤੇ ਨਸੀਬਨਹੀਂ ਹੋਣਗੀਆਂ। ਸਸਤਾ ਕੱਪੜਾ ਮਿਲੇ ਨਾ ਮਿਲੇ, ਸਰਕਾਰ ਕਪਾਹ ਦੀ ਪੈਦਾਵਾਰ ਨੂੰ ਉਤਸ਼ਾਹਤ ਨਹੀਂ ਕਰੇਗੀ। ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਘਰੇਲੂ ਮਦਦ ਤੇ ਕਾਟ ਲਾਵੇਗੀ ਹੀ ਲਾਵੇਗੀ। ਖੁਰਾਕ ਭੰਡਾਰਾਂ ਨੂੰ ਅਗਾਊਂਐਲਾਨੇ ਟੀਚਿਆਂ ਤੱਕ ਸਖਤੀ ਨਾਲ ਸੀਮਤ ਰੱਖਣ ਦੀ ਸ਼ਰਤ ਦਾ ਅਸਲ ਮਤਲਬ ਇਹ ਹੈ ਕਿ ਕਣਕ, ਚੌਲਾਂ, ਖੰਡ, ਦਾਲਾਂ ਆਦਿਕ ਦੀਆਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਖਾਤਰ ਵਾਫਰ ਭੰਡਾਰ ਜਮ੍ਹਾਂ ਨਾ ਕੀਤੇ ਜਾਣ ਅਤੇ ਇਸ ਮਕਸਦ ਲਈ ਪੈਦਾਵਾਰ ਨੂੰ ਉਤਸ਼ਾਹਤ ਕਰਨ ਖਾਤਰ ਕਿਸਾਨਾਂ ਦੀ ਸਹਾਇਤਾ ਨਾ ਕੀਤੀ ਜਾਵੇ। ਕੌਣ ਨਹੀਂ ਜਾਣਦਾ ਕਿ ਅੱਜ ਸਸਤੀ ਵੰਡ ਪ੍ਰਣਾਲੀ ਰਾਹੀਂ ਗਰੀਬ ਲੋਕਾਂ ਨੂੰ ਪ੍ਰਤੀ ਜੀਅ ਕਿੰਨੀ ਕੁ ਖੰਡ, ਕਣਕ, ਚੌਲ, ਜਾਂ ਦਾਲਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਸਰਕਾਰ ਵੱਲੋਂ ਇੰਨ੍ਹਾਂ ਦੇ ਭੰਡਾਰ ਜਮ੍ਹਾਂ ਕਰਨ ’ਤੇ ਰੋਕਾਂ ਦਾ ਮਤਲਬ ਹਾਲਤ ਦਾ ਮੌਜੂਦਾ ਸਥਿਤੀ ਨਾਲੋਂ ਵੀ ਕਿਤੇ ਬਦਤਰ ਹੋ ਜਾਣਾ ਹੈ। ਇਸ ਤੋਂ ਅੱਗੇ ਡੰਕਲ-ਦਸਤਾਵੇਜ਼ ਪਬਲਿਕ ਵੰਡ ਪ੍ਰਣਾਲੀ ਰਾਹੀਂ ਗਰੀਬ ਲੋਕਾਂ ਨੂੰ ਸਸਤੇ ਭਾਅ ਰਾਸ਼ਨ ਮੁਹੱਈਆ ਕਰਨ ਦੀ ਇਹ ਸ਼ਰਤ ਲਾ ਕੇ ਮਨਾਹੀ ਕਰਦਾ ਹੈ ਕਿ ਇਹਨਾਂ ਦੀ ਖ੍ਰੀਦ ਅਤੇ ਵਿਕਰੀ ਮੰਡੀ ਦੇ ਭਾਵਾਂ ’ਤੇ ਕਰਨੀ ਹੋਵੇਗੀ। ਖੁਰਾਕ ਪ੍ਰੋਗਰਾਮਾਂ ਦੇ ਸਬੰਧ ’ਚ “ਨਰੋਏ ਖੁਰਾਕੀ ਤੱਤਾਂ’’ ਦਾ ਪੈਮਾਨਾ ਲਾਗੂ ਕਰਨ ਦੀ ਡੰਕਲ ਦੀ ਸਿਫਾਰਸ਼ ਵੀ ਭਾਰਤ ਵਰਗੇ ਮੁਲਕਾਂ ਦੇ ਗਰੀਬ ਲੋਕਾਂ ਲਈ ਖੁਰਾਕ ਪ੍ਰੋਗਰਾਮਾਂ ਦਾ ਕੂੰਡਾ ਕਰਨ ਵਾਲੀ ਹੈ। ਇਸ ਸਿਫਾਰਸ਼ ਦਾ ਮਤਲਬ ਹੈ ਕਿ ਖੁਰਾਕ ਸਪਲਾਈ ਖਾਤਰ ਸਰਕਾਰੀ ਖਰਚੇ ਆਂਡੇ, ਮਾਸ, ਮੱਛੀ ਵਰਗੇ “ਨਰੋਏ ਖੁਰਾਕੀ ਤੱਤਾਂ’’ ਵਾਲੇ ਪਦਾਰਥਾਂ ’ਤੇ ਕੀਤੇ ਜਾਣ ਜਦੋਂ ਕਿ ਭਾਰਤ ਦੇ ਗਰੀਬ ਲੋਕਾਂ ਦੀ ਢਿੱਡ ਭਰਨ ਖਾਤਰ ਲੋੜੀਂਦੇ ਅਨਾਜ ਅਤੇ ਦਾਲਾਂ ਦੀ ਜਰੂਰਤ ਵੀ ਪੂਰੀ ਨਹੀਂ ਹੁੰਦੀ।

ਅਧਾਰ ਸਾਲ ’ਚ ਕੁੱਲ ਖਪਤ ਦੇ 3 ਪ੍ਰਤੀਸ਼ਤ  ਦੇ ਬਰਾਬਰ ਲਾਜਮੀ ਦਰਾਮਦਾਂ ਦਾ ਮਤਲਬ ਇਹ ਹੈ ਕਿ ਭਾਰਤ ਨੂੰ ਹਰ ਸਾਲ 50 ਲੱਖ ਟੱਨ ਅਨਾਜ ਅਤੇ 2.94 ਲੱਖ ਕਪਾਹ ਦੀਆਂ ਗੰਢਾਂ ਦੀ ਲਾਜਮੀ ਅਤੇ ਸਸਤੀ ਤੋਂ ਸਸਤੀ ਦਰਾਮਦ ਕਰਨੀ ਪਵੇਗੀ। ਅਜਿਹਾ ਹੀ ਖੰਡ ਅਤੇ ਹੋਰ ਵਸਤਾਂ ਦੇ ਮਾਮਲੇ ’ਚ ਵਾਪਰੇਗਾ। ਇਸਦਾ ਨਤੀਜਾ ਮੁਲਕ ਦੇ ਬਦੇਸ਼ੀ ਸਿੱਕੇ ਦੇ ਅੰਜਾਈਂ ਉਜਾੜੇ ਅਤੇ ਭਾਰਤੀ ਕਿਸਾਨਾਂ ਲਈ ਇਨ੍ਹਾਂ ਚੀਜਾ ਦੀ ਮੰਡੀ ਦੇ ਸੁੰਗੜਨ ’ਚ ਨਿਕਲੇਗਾ। ਇਸ ਦੇ ਨਾਲ ਹੀ ਦਰਾਮਦਾਂ ’ਤੇ ਮਿਕਦਾਰੀ ਰੋਕਾਂ ਹਟਾਉਣ ਅਤੇ ਕਰਾਂ ’ਚ ਕਟੌਤੀ ਦੇ ਸਿੱਟੇ ਵਜੋਂ ਉਨ੍ਹਾਂ ਦੀਆਂ ਜਿਣਸਾਂ ਨੂੰ ਦਰਾਮਦ ਕੀਤੀ ਸਸਤੀ ਪੈਦਾਵਾਰ ਦਾ ਮੁਕਾਬਲਾ ਕਰਨਾ ਪਵੇਗਾ। ਖੇਤੀਬਾੜੀ ਲਈ ਮੱਦਦ ’ਚ ਕਟੌਤੀ ਉਨ੍ਹਾਂ ਦੀਆਂ ਲਾਗਤਾਂ ’ਚ ਵਾਧਾ ਕਰਕੇ ਧੜਾ ਧੜ ਆ ਰਹੀਆਂ ਸਸਤੀਆਂ ਬਦੇਸ਼ੀ ਜਿਣਸਾਂ ਦਾ ਮੁਕਾਬਲਾ ਕਰਨਾ ਹੋਰ ਵੀ ਮੁਸ਼ਕਿਲ ਬਣਾ ਦੇਵੇਗੀ। ਉਹਨਾਂ ਦਾ ਇਸ ਮੁਕਾਬਲੇ ’ਚ ਮਾਤ ਖਾਣਾ ਅਤੇ ਖੁਗੰਲ ਹੋ ਜਾਣਾ ਯਕੀਨੀ ਹੈ। 

ਡੰਕਲ ਦਸਤਾਵੇਜ਼ ਦੇ ਢੰਡੋਰਚੀਆਂ ਵੱਲੋਂ ਇਹ ਪ੍ਰਚਾਰ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਕਿ ਭਾਰਤੀ ਮੰਡੀ ਦੇ ਸੰਸਾਰ ਮੰਡੀ ਨਾਲ ਜੁੜਨ ਦੀ ਹਾਲਤ ’ਚ ਖੇਤੀ ਪੈਦਾਵਾਰ ਦੇ ਵਪਾਰ ’ਚ ਭਾਰੀ ਵਾਧਾ ਹੋਵੇਗਾ ਅਤੇ ਇਸ ਗਲ ਦਾ ਮੁਲਕ ਦਾ ਕਿਸਾਨਾਂ ਨੂੰ ਲਾਹਾ ਹੋਵੇਗਾ। ਇਹ ਢੰਡੋਰਚੀ ਇਸ ਹਕੀਕਤ ਤੇ ਪਰਦਾ ਪਾਉਂਦੇ ਹਨ ਕਿ ਖੇਤੀ ਪੈਦਾਵਾਰ ਦੇ ਸੰਸਾਰ ਵਪਾਰ ਤੇ ਮੁਠੀ ਭਰ ਬਹੁਕੌਮੀ ਕੰਪਨੀਆਂ ਕਾਬਜ ਹਨ। ਪਛੜੀ ਖੇਤੀ ਨਾਲ ਜੁੜੇ ਭਾਰਤ ਦੇ ਗਰੀਬ ਕਿਸਾਨ ਇਹਨਾਂ ਦਾ ਮੁਕਾਬਲਾ ਕਰਨ ਦਾ ਸੁਪਨਾ ਤੱਕ ਨਹੀਂ ਲੈ ਸਕਦੇ। ਮਿਸਾਲ ਵਜੋਂ ਅਮਰੀਕੀ ਬਹੁਕੌਮੀ ਕਾਰਗਿਲ ਦਾ ਸੰਸਾਰ ਦੇ ਅਨਾਜ ਵਪਾਰ ਦੇ 25% ਹਿੱਸੇ ਤੇ ਕਬਜਾ ਹੈ। 1985 ’ਚ ਇਸ ਨੇ 3230 ਕਰੋੜ ਡਾਲਰ ਯਾਨੀ ਇਕ ਹਜਾਰ ਅਰਬ ਰੁਪਏ ਦੀ ਵਿਕਰੀ ਕੀਤੀ ਹੈ। ਇਸ ਉੱਤੇ ਅਮਰੀਕਾ ਦੇ ਦੋ ਘਰਾਣੇ ਕਾਬਜ ਹਨ ਅਤੇ ਇਹ ਵਪਾਰ ਹੇਰਾਫੇਰੀਆਂ ਸਦਕਾ ਬਦਨਾਮ ਹੈ। ਇਹਨਾਂ ਦਿਓ ਕੱਦ ਕੰਪਨੀਆਂ ਦੇ ਹੁੰਦੇ ਆਜਾਦ ਵਪਾਰ ਦਾ ਮਤਲਬ ਇਹਨਾਂ ਵਲੋਂ ਨਾ ਸਿਰਫ ਕਿਸਾਨਾਂ ਦੀ ਵਿਸ਼ਾਲ ਗਿਣਤੀ ਸਗੋਂ ਛੋਟੇ ਵਪਾਰੀਆਂ ਤੱਕ ਦੇ ਹਿਤਾਂ ਨੂੰ ਚਟਮ ਕਰ ਜਾਣ ਦੀ ਆਜਾਦੀ ਹੈ। ਮੰਡੀ ਤੇ ਅਜਿਹੀਆਂ ਮੁਠੀ ਭਰ ਕੰਪਨੀਆਂ ਦੀ ਚੌਧਰ ਹੋਣ ਦੀ ਹਾਲਤ ’ਚ ਖੇਤੀ ਪੈਦਾਵਾਰ ਦੀਆਂ ਕੀਮਤਾਂ ਇਨ੍ਹਾਂ ਦੇ ਰਹਿਮ ’ਚ ਹੋਣਗੀਆਂ ਅਤੇ ਯਾਦ ਰਹੇ ਕਿ ਡੰਕਲ-ਦਸਤਾਵੇਜ਼ ਹਕੂਮਤ ਨੂੰ ਮੰਡੀਆਂ ਦੀਆਂ ਕੀਮਤਾਂ ਤੇ ਖਰੀਦ ਕਰਨ ਅਤੇ ਫਸਲਾਂ ਲਈ ਸਮਰਥਨ ਮੁੱਲ ਖਾਤਰ ਰਕਮਾਂ ’ਚ ਕਟੌਤੀ ਕਰਨ ਦੀ ਸਪੱਸ਼ਟ ਹਦਾਇਤ ਕਰਦਾ ਹੈ। 

ਡੰਕਲ ਦਸਤਾਵੇਜ਼ ਦੇ ਵਕੀਲਾਂ ਦੀ ਇਹ ਜੋਰਦਾਰ ਦਲੀਲ ਹੈ ਕਿ ਖੇਤੀਬਾੜੀ ਲਈ ਘਰੇਲੂ ਮੱਦਦ ਬਰਾਮਦੀ ਸਬਸਿਡੀਆਂ ਅਤੇ ਘਰੇਲੂ ਸਬਸਿਡੀਆਂ ’ਚ ਕਟੌਤੀ ਦਾ ਲਾਹਾ ਭਾਰਤ ਵਰਗੇ ਮੁਲਕਾਂ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਟੌਤੀ ਦੇ ਨਤੀਜੇ ਵਜੋਂ ਵਿਕਸਤ ਮੁਲਕਾਂ ਦੀ ਖੇਤੀ ਪੈਦਾਵਾਰ ਦੀਆਂ ਕੀਮਤਾਂ ਵਧ ਜਾਣਗੀਆਂ ਅਤੇ ਭਾਰਤੀ ਕਿਸਾਨ ਘਰੇਲੂ ਮੰਡੀ ਅਤੇ ਸੰਸਾਰ ਮੰਡੀ ’ਚ ਉਨ੍ਹਾਂ ਦੇ ਮਾਲ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਣਗੇ।

ਇਹ ਸੱਜਣ ਇਸ ਹਕੀਕਤ ’ਤੇ ਪਰਦਾ ਪਾਉਂਦੇ ਹਨ ਕਿ ਡੰਕਲ-ਦਸਤਾਵੇਜ਼ ਦੇ ਨਤੀਜੇ ਵਜੋਂ ਇਹਨਾਂ ਮੁਲਕਾਂ ਵੱਲੋਂ ਖੇਤੀਬਾੜੀ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ’ਚ ਹਕੀਕੀ ਕਟੌਤੀ ਨਹੀਂ ਹੋਵੇਗੀ। ਸਿਰਫ ਇਹਨਾਂ ਦੀ ਸ਼ਕਲ ਬਦਲੇਗੀ। ਇਹ ਸਿੱਧੀਆਂ ਤੋਂ ਅਸਿੱਧੀਆਂ ਸਬਸਿਡੀਆਂ ’ਚ ਤਬਦੀਲ ਹੋ ਜਾਣਗੀਆਂ। ਗਾਟ ਵੱਲੋਂ ਸਾਮਰਾਜੀ ਮੁਲਕਾਂ ’ਚ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਅਸਿੱਧੀਆਂ ਸਬਸਿਡੀਆਂ ’ਤੇ ਕੋਈ ਰੋਕ ਨਹੀਂ ਹੈ। ਇਹ ਸਬਸਿਡੀਆਂ ਪੈਦਾਵਾਰ ਨਾਲੋਂ ਤੋੜਕੇ ਕਿਸਾਨਾਂ ਨੂੰ ਕੀਤੀਆਂ ਜਾਣ ਵਾਲੀਆਂ ਸਿੱਧੀਆਂ ਅਦਾਇਗੀਆਂ ਦੀ ਸ਼ਕਲ ’ਚ ਹੋ ਸਕਦੀਆਂ ਹਨ। ਵਾਤਾਵਰਣ ਦੇ ਅਧਾਰ ’ਤੇ ਕੀਤੀਆਂ ਜਾਣ ਵਾਲੀਆਂ ਅਦਾਇਗੀਆਂਦੀ ਸ਼ਕਲ ’ਚ ਹੋ ਸਕਦੀਆਂ ਹਨ ਅਤੇ ਪਛੜੇ ਖਿੱਤਿਆ ਲਈ ਸਬਸਿਡੀਆਂ ਦੀ ਸ਼ਕਲ ’ਚ ਹੋ ਸਕਦੀਆਂ ਹਨ।

ਇਨ੍ਹਾਂ ਮੁਲਕਾਂ ਨੂੰ ਬਦੇਸ਼ਾਂ ’ਚ ਆਪਣੀ ਖੇਤੀ ਪੈਦਾਵਾਰ ਸਸਤੀ ਵੇਚਣ ਲਈ ਬਰਾਮਦੀ ਸਬਸਿਡੀਆਂ ਦੀ ਮੁਥਾਜਗੀ ਨਹੀਂ ਹੋਵੇਗੀ। ਯੂਰਪੀਨ ਭਾਈਚਾਰੇ ਦੀ ਸਾਂਝੀ ਖੇਤੀਬਾੜੀ ਨੀਤੀ ’ਚ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਤੋਂ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ। ਇਹ ਮੁਲਕਸੰਸਾਰ ਮੰਡੀ ਦੀਆਂ ਕੀਮਤਾਂ ਦੇ ਲਿਹਾਜ ਨਾਲ ਕਿਸਾਨਾਂ ਤੋਂ ਸਸਤੀਆਂ ਕੀਮਤਾਂ ਤੇ ਖੇਤੀ ਪੈਦਾਵਾਰ ਖਰੀਦਦੇ ਹਨ, ਇਹਨਾਂ ਨੂੰ ਸਸਤੇ ਭਾਵਾਂ ’ਤੇ ਸੰਸਾਰ ਮੰਡੀ ’ਚ ਸੁੱਟਦੇ ਹਨ ਅਤੇ ਆਪਣੇ ਕਿਸਾਨਾਂ ਨੂੰ ਕਮੀ ਪੂਰਤੀ ਲਈ ਵੱਖ-ਵੱਖ ਫਸਲਾਂ ਹੇਠਲੇ ਰਕਬੇ ਦੇ ਅਧਾਰ ’ਤੇ ਅਦਾਇਗੀਆਂ ਕਰਕੇ ਕਸਰ ਪੂਰੀ ਕਰ ਦਿੰਦੇ ਹਨ।

ਇਹ ਅਸਿੱਧੀਆਂ ਸਬਸਿਡੀਆਂ ਸਾਮਰਾਜੀ ਮੁਲਕਾਂ ਵੱਲੋਂ ਕਿਸ ਵੀ ਸਬਸਿਡੀ ਕਟੌਤੀ ਦੇ ਅਸਰ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦੇਣ ਦੇ ਸਮਰੱਥ ਹਨ। ਇਸ ਦਾ ਸਬੂਤ ਯੂਰਪੀਨ ਭਾਈਚਾਰੇ ਦੇ ਮੁਲਕਾਂ ਵੱਲੋਂ 1992 ’ਚ ਪਾਸ ਕੀਤੇ ਰੈਗੂਲੇਸ਼ਨ ਤੋਂ ਮਿਲਦਾ ਹੈ। ਇਹ ਰੈਗੂਲੇਸ਼ਨ ਪੈਦਾ ਕੀਤੀਆਂ ਜਾਣ ਵਾਲੀਆਂ ਕੁਝ ਫਸਲਾਂ ਲਈ ਸਹਾਇਤਾ ਨਾਲ ਸਬੰਧਤ ਹੈ। ਇਸ ਰੈਗੂਲੇਸ਼ਨ ਮੁਤਾਬਕ 1995-96 ਤੋਂ ਅਨਾਜ ਉਤਪਾਦਕਾਂ ਨੂੰ 5000 ਰੁਪਏ ਪ੍ਰਤੀ ਹੈਕਟੇਅਰ ਦੇ ਲਿਹਾਜ ਅਦਾਇਗੀ ਕੀਤੀ ਜਾਵੇਗੀ ਅਤੇ ਤੇਲ ਬੀਜ ਉਤਪਾਦਕਾਂ ਨੂੰ 15000 ਰੁਪਏ ਪ੍ਰਤੀਹੈਕਟੇਅਰ ਦੇ ਲਿਹਾਜ ਨਾਲ ਅਦਾਇਗੀ ਕੀਤੀ ਜਾਵੇਗੀ। ਇਸ ਹਾਲਤ ’ਚ ਇਨ੍ਹਾਂ ਮੁਲਕਾਂ ਦੀ ਖੇਤੀ ਪੈਦਾਵਾਰ ਬਰਾਮਦੀ ਸਬਸਿਡੀਆਂ ਦੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਜਾਣ ਦੀ ਸੂਰਤ ’ਚ ਵੀ ਸੰਸਾਰ ਮੰਡੀ ’ਚ ਅਸਰਦਾਰ ਢੰਗ ਨਾਲ ਭਿੜ ਸਕੇਗੀ। ਇਥੋਂ ਤੱਕ ਕਿ ਇਹ ਆਪਣਾ ਅਨਾਜ ਭਾਰਤ ਨਾਲੋਂ ਸਸਤੇ ਭਾਅ ’ਤੇ ਵੇਚ ਸਕਣਗੇ। ਇਨ੍ਹਾਂ ਦੀਆਂ ਸਸਤੀਆਂ ਦਰਾਮਦਾਂ ਨੂੰ ਭਾਰਤ ਰੋਕ ਨਹੀਂ ਸਕੇਗਾ ਕਿਉਂਕਿ ਡੰਕਲ-ਦਸਤਾਵੇਜ਼ਦੇ ਆਰਟੀਕਲ 13 ਮੁਤਾਬਕ ਇਨ੍ਹਾਂ ਅਸਿੱਧੀਆਂ ਸਬਸਿਡੀਆਂ ਖਿਲਾਫ ਕੋਈ ਵਪਾਰਕ ਐਕਸ਼ਨ ਲੈਣ ਦੀ ਮਨਾਹੀ ਹੈ।

ਦੂਜੇ ਪਾਸੇ ਭਾਰਤ ਅਜਿਹੀਆਂ ਅਸਿੱਧੀਆਂ ਸਬਸਿਡੀਆਂ ਰਾਹੀਂ ਆਪਣੀ ਖੇਤੀ ਪੈਦਾਵਾਰ ਦੀਆਂ ਕੀਮਤਾਂ ਘਟਾਉਣ ਦੀ ਹਾਲਤ ’ਚ ਨਹੀਂ ਹੈ। ਇਹ ਸਾਮਰਾਜੀ ਮੁਲਕਾਂ ਨੂੰ ਹੀ ਰਾਸ ਬਹਿੰਦੀਆਂ ਹਨ। ਭਾਰਤ ਵਰਗਾ ਮੁਲਕ ਜਿੱਥੇ ਅਨਾਜ ਦੀ ਤੋਟ ਹੈ, ਕਿਸਾਨਾਂ ਨੂੰ ਗੈਰ-ਪੈਦਾਵਾਰ ਸਬਸਿਡੀਆਂ ਨਹੀਂ ਦੇ ਸਕਦਾ ਜਿਵੇਂ ਕਿ ਅਨਾਜ ਦੀ ਫਾਲਤੂ ਪੈਦਾਵਾਰ ਕਰਨ ਵਾਲੇ ਵਿਕਸਤ ਸਾਮਰਾਜੀ ਮੁਲਕ ਜਮੀਨ ਵਿਹਲੀ ਰੱਖਣ ’ਤੇ ਸਬਸਿਡੀ ਦੇ ਸਕਦੇ ਹਨ। ਭਾਰਤ ਵਿਚ ਤਾਂ ਇਸਦੇ ਉਲਟ ਪੈਦਾਵਾਰ ਨੂੰ ਉਤਸ਼ਾਹਤ ਕਰਨ ਲਈ ਸਬਸਿਡੀਆਂ ਦੇਣ ਦੀ ਲੋੜ ਹੈ - ਜਿਨ੍ਹਾਂ ਤੇ ਡੰਕਲ ਦਸਤਾਵੇਜ਼ ਕੈਂਚੀ ਫੇਰਨ ਦੀ ਹਦਾਇਤ ਕਰਦਾ ਹੈ। 

ਡੰਕਲ ਦਸਤਾਵੇਜ਼ ਦੇ ਢੰਡੋਰਚੀ ਇਹ ਵੀ ਪ੍ਰਚਾਰਦੇ ਹਨ ਕਿ ਵਿਕਸਤ ਮੁਲਕਾਂ ਨੂੰ ਘਰੇਲੂ ਸਬਸਿਡੀ ’ਚ ਕਟੌਤੀ ਦਾ ਭਾਰਤ ਨੂੰ ਇਸ ਕਰਕੇ ਫਾਇਦਾ ਹੋਵੇਗਾ ਕਿਉਂਕਿ ਭਾਰਤ ’ਚ ਇਹ ਕਟੌਤੀ ਨਹੀਂ ਕਰਨੀ ਪਵੇਗੀ। ਉਨ੍ਹਾਂ ਦੀ ਦਲੀਲ ਹੈ ਕਿ ਭਾਰਤ ’ਚ ਇਹ ਘਰੇਲੂ ਸਬਸਿਡੀ ਕੁੱਲ ਘਰੇਲੂ ਖੇਤੀ ਉਤਪਾਦਨ ਮੁੱਲ ਦੇ 10 ਪ੍ਰਤੀਸ਼ਤ ਨਾਲੋਂ ਪਹਿਲਾਂ ਹੀ ਬਹੁਤ ਥੱਲੇ ਹੈ, ਜਿਹੜੀ ਕਿ ਘਰੇਲੂ ਸਬਸਿਡੀਆਂ ’ਚ ਕਟੌਤੀ ਲਈ ਡੰਕਲ-ਦਸਤਾਵੇਜ਼ ’ਚ ਮਿਥੀ ਗਈ ਹੱਦ ਹੈ।

ਇਹ ਦਲੀਲ ਇਸ ਕਰਕੇ ਗੁਮਰਾਹਕੁਨ ਹੈ ਕਿ ਭਾਰਤ ’ਚ ਖੇਤੀ ਲਈ ਘਰੇਲੂ ਸਬਸਿਡੀ ਨੂੰ ਛਾਂਗਣ ਖਾਤਰ ਸਾਮਰਾਜੀ ਮੁਲਕ ਆਪਣੀ ਸਰਦਾਰੀ ਵਾਲੀਆਂ ਦੂਸਰੀਆਂ ਸੰਸਥਾਵਾਂ ਸੰਸਾਰ ਬੈਂਕ ਅਤੇ ਆਈ.ਐਮ.ਐਫ. ਰਾਹੀਂ ਅਸਰਦਾਰ ਢੰਗ ਨਾਲ ਦਬਾਅ ਪਾਉਣ ਦੇ ਸਮਰੱਥ ਹਨ। ਕੌਮ ਧਰੌਹੀ ਭਾਰਤੀ ਹਾਕਮ ਇਸ ਦਬਾਅ ਮੂਹਰੇ ਪਹਿਲਾਂ ਹੀ ਲਿਟੇ ਹੋਏ ਹਨ ਅਤੇ ਘਰੇਲੂ ਸਬਸਿਡੀਆਂ ’ਤੇ ਕੁਹਾੜਾ ਵਾਹ ਰਹੇ ਹਨ। ਬਿਜਲੀ ਦੀਆਂ ਦਰਾਂ ਅਤੇ ਖਾਦ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ’ਚ ਵਾਧੇ ਦੇ ਵਾਰ ਵਾਰ ਹੋ ਰਹੇ ਐਲਾਨ ਇਸ ਗੱਲ ਦੀ ਨੰਗੀ ਚਿੱਟੀ ਗਵਾਹੀ ਹਨ।

ਸੋ ਕੁੱਲ ਮਿਲਾਕੇ ਖੇਤੀਬਾੜੀ ਸਬੰਧੀ ਡੰਕਲ ਦਸਤਾਵੇਜ਼ ਦੀਆਂ ਹਦਾਇਤਾਂ ਨੂੰ ਵਿਕਸਤ ਸਾਮਰਾਜੀ ਮੁਲਕਾਂ ਦੀ ਪੈਦਾਵਾਰ ਅਤੇ ਬਹੁਕੌਮੀ ਕੰਪਨੀਆਂ ਲਈ ਭਾਰਤੀ ਮੰਡੀ ਦੇ ਬੂਹੇ ਚੱਪਟ ਖੋਹਲ ਕੇ ਉਨ੍ਹਾਂ ਨੂੰ ਭਾਰਤੀ ਕਿਸਾਨਾਂ ਦਾ ਉਜਾੜਾ ਕਰਨ ਦੀ ਖੁਲ੍ਹ ਦਿੰਦੀਆਂ ਹਨ। ਬਹ-ਕੌਮੀ ਕੰਪਨੀਆਂਦੇ ਟੁਕੜਿਆਂ ’ਤੇ ਪਲਣ ਲਈ ਤਿਆਰ ਮੁੱਠੀ ਭਰ ਪੇਂਡੂ ਧਨਾਡ ਚੌਧਰੀਆਂ ਨੂੰ ਛੱਡ ਕੇ ਹੋਰ ਕਿਸੇ ਨੂੰ ਲਾਹਾ ਨਹੀਂ ਹੋਵੇਗਾ। ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਸ਼ਾਲ ਹਿੱਸੇ ਹੋਰ ਵੱਧ ਕੰਗਾਲੀ ਅਤੇ ਸ਼ਾਹੂਕਾਰਾਂ ਦੇ ਕਰਜਅਿਾਂ ਦੇ ਜਾਲ ਵਿੱਚ ਧੱਕੇ ਜਾਣਗੇ।     

ਭਾਰਤ ਦੇ ਖੇਤੀਬਾੜੀ ਖੇਤਰ ’ਤੇ ਸਾਮਰਾਜੀ ਹੱਲੇ ਦੇ ਕਦਮਾਂ ਦੀ ਝਲਕ

  ਭਾਰਤ ਦੇ ਖੇਤੀਬਾੜੀ ਖੇਤਰ ’ਤੇ ਸਾਮਰਾਜੀ ਹੱਲੇ ਦੇ ਕਦਮਾਂ ਦੀ ਝਲਕ

(ਇਸ ਪੁਰਾਣੀ ਲਿਖਤ ’ਚ ਜਿਕਰ ਆਏ ਕਦਮਾਂ ਤੇ ਫੈਸਲਿਆਂ ਦੇ ਅਸਰ ਹੁਣ ਮੁਲਕ ਦੀ ਕਿਸਾਨੀ ਹੰਢਾ ਰਹੀ ਹੈ। 

ਖੇਤੀ ਕਾਨੂੰਨ ਇਸੇ ਦਿਸ਼ਾ ’ਚ ਅਗਲਾ ਕਦਮ ਵਧਾਰਾ ਹੈ।) 

ਸਾਲ 2000 ਵਿਚ ਭਾਰਤੀ ਖੇਤੀ ਦਾ ਨਾਸ਼ ਮਾਰਨ ਲਈ ਸਾਮਰਾਜੀਆਂ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ। ਤਾਂ ਵੀ, ਜੋ ਵੱਡੇ ਘਟਨਾ-ਵਿਕਾਸ ਹੋਏ ਹਨ-ਸਸਤੀਆਂ ਖੇਤੀਬਾੜੀ ਵਸਤਾਂ ਦੀ ਆਮਦ ਲਈ ਦਰ ਖੋਹਲਣੇ, ਬਹੁਕੌਮੀ ਕਾਰਪੋਰੇਸ਼ਨਾਂ ਲਈ ਬੀਜ-ਮੰਡੀ ਦੇ ਬੂਹੇ ਖੋਲ੍ਹਣੇ, ਅਨਾਜ ਦੀ ਸਰਕਾਰੀ ਖਰੀਦ ਬੰਦ ਕਰਨ ਦੀਆਂ ਤਿਆਰੀਆਂ, ਜੰਗਲ ਹੇਠਲੀ ਜ਼ਮੀਨ ਅਤੇ ਫਸਲੀ ਜ਼ਮੀਨ ਕਾਰਪੋਰੇਸ਼ਨਾਂ ਨੂੰ ਦੇਣ ਦੀਆਂ ਤਿਆਰੀਆਂ ਆਦਿ


(ੳ) ਖੇਤੀ-ਵਸਤਾਂ ਨੂੰ ਮੁਲਕ ’ਚ ਆਉਣ ਦੀ ਖੁੱਲ੍ਹੀ ਛੁੱਟੀ

31 ਦਸੰਬਰ 1999 ਵਿੱਚ, ਭਾਰਤ ਅਤੇ ਅਮਰੀਕਾ ਨੇ ਇਕ ਸਮਝੌਤੇ ਉਤੇ ਦਸਤਖਤ ਕੀਤੇ। ਇਸ ਦੇ ਸਿੱਟੇ ਵਜੋਂ ਭਾਰਤ 1 ਅਪ੍ਰੈਲ 2001 ਤੱਕ ਬਾਹਰੋਂ ਆਉਣ ਵਾਲੀਆਂ ਵਸਤਾਂ ਉੱਤੇ ਮਿਕਦਾਰੀ ਰੋਕਾਂ ਚੁੱਕ ਲਵੇਗਾ। ਸਰਕਾਰ ਨੇ ਇਹ ਫੈਸਲਾ ਸੰਸਾਰ ਵਪਾਰ ਜਥੇਬੰਦੀ (ਡਬਲਯੂ. ਟੀ. ਓ.) ਵੱਲੋਂ ਤਹਿ ਕੀਤੀ ਤਰੀਕ ਤੋਂ ਦੋ ਸਾਲ ਪਹਿਲਾਂ ਹੀ ਕਰ ਦਿੱਤਾ ਹੈ। ਯਾਨੀ ਇਹ ਰੋਕਾਂ 2003 ਵਿਚ ਹਟਾਉਣੀਆਂ ਸਨ। ਕੌਮੀ ਸੁਰੱਖਿਆ, ਪਬਲਿਕ ਸਿਹਤ ਅਤੇ ਵਾਤਾਵਰਨ ਕਾਰਨਾਂ ਕਰਕੇ ਕਾਇਮ ਰੱਖੀਆਂ ਨਾਂ-ਮਾਤਰ ਰੋਕਾਂ ਨੂੰ ਛੱਡ ਕੇ, ਇਹ ਸਮਝੌਤਾ ਹੋਇਆ ਹੈ ਕਿ ਬਾਕੀ ਦੀਆਂ ਰੋਕਾਂ ਨੂੰ ਦੋ-ਗੇੜਾਂ ਵਿਚ ਖਤਮ ਕੀਤਾ ਜਾਵੇਗਾ। 714 ਵਸਤਾਂ ੳੱੁਤੇ ਲਗਾਈਆਂ ਰੋਕਾਂ 1 ਅਪ੍ਰੈਲ 2000 ਤੱਕ ਮੁਕ ਜਾਣਗੀਆਂ ਅਤੇ ਬਾਕੀ 715 ਉਤੇ ਅਗਲੇ ਸਾਲ ਵਿਚ। ਇਸ ਤਰ੍ਹਾਂ ਸਾਰੀਆਂ ਖੇਤੀ ਵਸਤਾਂ ਨੂੰ ਅਪ੍ਰੈਲ 2001 ਤੱਕ ਬਾਹਰੋਂ ਮੰਗਵਾਇਆ ਜਾ ਸਕੇਗਾ। 

ਇਹਨਾਂ ਵਿਚੋਂ ਕੁੱਝ ਵਸਤਾਂ ਹੇਠ ਲਿਖੇ ਅਨੁਸਾਰ ਹਨ। ( ‘‘ਆਊਟ ਲੁੱਕ’’, 7 ਫਰਵਰੀ 2000) ਕਣਕ, ਚੌਲ, ਉਬਾਲ ਕੇ ਸੁਕਾਏ ਚੌਲ,ਟੋਟਾ ਚੌਲ, ਬਾਸਮਤੀ ਚੌਲ, ਮੱਕੀ, ਜਵਾਰ, ਰਾਗੀ, ਜੌਂ, ਮੱਕੀ ਦਾ ਆਟਾ, ਚੌਲਾਂ ਦਾ ਆਟਾ, ਦਾਲਾਂ, ਅੰਬ, ਇਮਲੀ, ਖੋਪਾ ਗਿਰੀ, ਨਾਰੀਅਲ, ਮੇਥੀ , ਪੀਸਿਆ ਜੀਰਾ, ਅਦਰਕ, ਇਲਾਇਚੀ, ਗਰਮ ਮਸਾਲੇ, ਚਾਹ, ਕਾਫੀ, ਆਲੂ, ਫੁੱਲ ਗੋਭੀ, ਪੱਤ ਗੋਭੀ, ਚੁਕੰਦਰ, ਸਲਾਦ ਵਾਸਤੇ ਹਰਾ ਫਲ, ਮਿੱਠੇ ਆਲੂ, ਕੰਦਮੂਲ, ਰਬੜ, ਦੁੱਧ, ਕਰੀਮ, ਮੱਖਣ, ਘਿਉ, ਪਨੀਰ, ਤਲਿਆ ਪਨੀਰ, ਸੁੱਕਾ ਦੁੱਧ, ਸੁੱਕੀ ਆਂਡਾ ਜ਼ਰਦੀ, ਦੁੱਧ ਤੋਂ ਬਣੀਆਂ ਹੋਰ ਵਸਤਾਂ, ਬੱਚਿਆਂ ਦਾ ਦੁੱਧ, ਪੰਛੀਆਂ ਦੇ ਅੰਡੇ, ਤਰਲ ਗੁਲੂਕੋਜ਼, ਫਲਾਂ ਦਾ ਰਸ, ਨਸ਼ਾਸਤੇਦਾਰ ਦੁੱਧ, ਬੇਕਰੀ ਦਾ ਸਮਾਨ, ਦਾਲਾਂ-ਗੰਢਿਆਂ ਤੋਂ ਤਿਆਰ ਮਾਲ, ਮਿਰਚਾਂ, ਅਚਾਰ, ਟਮਾਟਰ, ਨਿੰਬੂਆਂ ਦੀ ਚਟਨੀ, ਖੁੰਬਾਂ ਆਲੂ ਪਾਪੜੀਆਂ (ਪੋਟੈਟੋਚਿਪਸ), ਸਲੂਣੇ ਕਾਜੂ, ਅੰਬ, ਨਿੰਬੂ ਅਤੇ ਸੰਤਰੇ ਦੇ ਮਿੱਠੇ ਰਸ, ਭੇਡ ਦਾ ਮੀਟ, ਮੱਛੀ ਦਾ ਪੂੰਗ, ਅੱਠ-ਦਸ ਕਿਸਮ ਦੀ ਮੱਛੀ। 

ਡਬਲਯੂ.ਟੀ. ਓ. ਅਤੇ ਦੁਵੱਲੇ ਸਮਝੌਤਿਆਂ ਰਾਹੀਂਬਾਹਰੋਂ ਆਉਣ ਵਾਲੀਆਂ ਵਸਤਾਂ ਉੱਤੇ ਟੈਕਸ ਲਾਉਣ ਦੀ ਇਕ ਹੱਦ ਬੰਨ੍ਹੀ ਗਈ ਸੀ। 23 ਮਾਰਚ 2000 ਵਿਚ, ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਇਕ ਹੋਰ ਸਮਝੌਤੇ ਵਿਚ ਇਹ ਰਜ਼ਾਮੰਦੀ ਹੋਈ ਕਿ ਭਾਰਤ ਆਪਣੀਆਂ ਕਈ ਖੇਤੀ ਵਸਤਾਂ-ਸਮੇਤ ਚੀਨੀ, ਕਣਕ, ਚੌਲ, ਮੱਕੀ, ਜਵਾਰ ਅਤੇ ਹੋਰ ਅਨਾਜਾਂ-ਉਤੇ ਟੈਕਸ ਲਾਉਣ ਦੀ ਇਹ ਹੱਦ ਵਧਾ ਸਕਦਾ ਹੈ। ਇਸ ਦੇ ਵੱਟੇ ਵਿਚ ਭਾਰਤ ਹੋਰ ਬਾਹਰੋਂ ਆਉਣ ਵਾਲੀਆਂ ਵਸਤਾਂ ਉੱਤੇ ਟੈਕਸ ਘਟਾਉਣਾ ਮੰਨਿਆ ਹੈ ਜਿਵੇਂ ਬਦਾਮ ਅਤੇ ਤਾਜ਼ੇ ਫਲ। ਇਹ ਅਮਰੀਕਾ ਦੀ ਫੌਰੀ ਦਿਲਚਸਪੀ ਦੀਆਂ ਵਸਤਾਂ ਹਨ। 

ਏਸੇ ਸਾਲ ਅੰਦਰ ਹੀ ਬਾਹਰੋਂ ਮੰਗਵਾਉਣ ਵਾਲੀਆਂ ਵਸਤਾਂ ਬਾਰੇ ਤੇਜ਼ੀ ਨਾਲ ਕੀਤੇ ਫੈਸਲਿਆਂ ਦੇ ਤਬਾਹੀ ਮਚਾਉਣ ਵਾਲੇ ਅਸਰ ਵੀ ਸਾਫ ਦਿੱਸਣ ਲੱਗੇ ਹਨ। 

ਇਹ ਰਿਪੋਰਟ ਹੈ ਕਿ ਬਹੁਤ ਹੀ ਘੱਟ ਕੀਮਤ ਦਾ 40 ਹਜਾਰ ਟਨ ਦੁੱਧ ਪਾਊਡਰ ਅਤੇ ਘੀ ਮਈ-ਜੂਨ 2000 ਵਿਚ ਬਾਹਰੋਂ ਮੰਗਵਾਇਆ ਗਿਆ ਹੈ। ਇਸ ਨਾਲ ਦੁੱਧ ਵਸਤਾਂ ਦੀਆਂ ਕੀਮਤਾਂ ਧੜੱਮ ਥੱਲੇ ਡਿੱਗ ਗਈਆਂ ਜਿਸ ਨਾਲ ਪੰਜਾਬ ਅੰਦਰ ਛੋਟੇ ਕਿਸਾਨਾਂ ਦਾ ਬਹੁਤ ਹਰਜ਼ਾ ਹੋਇਆ। ਪੰਜਾਬ ਅੰਦਰ ਦੁੱਧ ਦੀ ਮਿਲਕਫੈਡ ਦੀ ਲੁਧਿਆਣਾ ਇਕਾਈ ਨੂੰ ਕੀਮਤਾਂ ਘਟਣ ਕਰਕੇ ਮਈ-ਜੂਨ 2000 ਵਿਚ ਡੇਢ ਕਰੋੜ ਦਾ ਘਾਟਾ ਪਿਆ। ਮਿਲਕਫੈਡ ਦੀ ਦੁੱਧ ਤੋਂ ਆਮਦਨ ਪਹਿਲੇ ਸਾਲ ਨਾਲੋਂ 1999-2000 ਵਿਚ ਸਾਢੇ ਸੋਲਾਂ ਕਰੋੜ ਘੱਟ ਹੋਈ। 

ਖਾਣਵਾਲੇ ਤੇਲ ਨੂੰ, ਖਾਸ ਕਰਕੇ ਖਜੂਰਾਂ ਦੇ ਤੇਲ ਨੂੰ , ਭਾਰੀ ਮਾਤਰਾ ’ਚ ਮੰਗਵਾਉਣ ਨਾਲ ਖੋਪੇ ਦੇ ਤੇਲ ਦੀਆਂ ਕੀਮਤਾਂ ਬਹੁਤ ਹੀ ਹੇਠਾਂ ਆ ਗਈਆਂ। ਇਹ ਗਿਰਾਵਟ 1999 ਵਿਚ 5500-6500 ਰੁਪਏ ਫੀ ਕਵਿੰਟਲ ਤੋਂ ਜੁਲਾਈ 2000 ਵਿਚ 3025 ਰੁਪਏ ਫੀ ਕਵਿੰਟਲ ਹੋਈ। ਇਸ ਦੇ ਨਤੀਜੇ ਵਜੋਂ ਖੋਪਾ ਗਿਰੀ ਦੀ ਕੀਮਤ ਪੰਜ ਰੁਪਏ ਨਗ ਤੋਂ ਡੇਢ-ਪੌਣੇ ਦੋ ਰੁਪਏ ਨਗ ਹੋ ਗਈ। ਅੱਜ ਕੇਰਲਾ ਵਿਚ ਬਹੁਤਾ ਵਰਤਿਆ ਜਾਣ ਵਾਲਾ ਤੇਲ ਬਾਹਰੋਂ ਮੰਗਾਇਆ ਪਾਮੋਲੀਨ ਤੇਲ ਹੈ। 

ਤਾਮਲਨਾਡੂ ਦੇ ਨੀਲਗਿਰੀ ਜਿਲ੍ਹੇ ਵਿਚ ਅਤੇ ਅਸਾਮ ਅੰਦਰ ਚਾਹ ਉਤਪਾਦਕਾਂ ਦੀ ਭਾਰੀ ਗਿਣਤੀ ਹੈ। ਮੁਲਕ ਦੀ ਚਾਹ ਦੀ ਮੁੱਖ ਵਿਕਰੇਤਾ ਹਿੰਦੁਸਤਾਨ ਲੀਵਰ ਕੰਪਨੀ-(ਵਿਦੇਸ਼ੀ ਕੰਪਨੀ) ਚਾਹ ਦੀਆਂ ਕੀਮਤਾਂ ’ਤੇ ਵੱਡਾ ਅਸਰ ਪਾਉਦੀ ਹੈ। ਉਦਾਹਰਣ ਲਈ, ਇਹ ਅਸਾਮ ਚਾਹ ਦੀ 50 ਫੀਸਦੀ ਦੀ ਬੋਲੀ ਰਾਹੀਂ ਵਿੱਕਰੀ ਕਰਦੀ ਹੈ। ਹਿੰਦੁਸਤਾਨ ਲੀਵਰ ਕੰਪਨੀ ਅਤੇ ਦੂਸਰੀਆਂ ਕੰਪਨੀਆਂ ਨੇ ਸ੍ਰੀ ਲੰਕਾ ਤੋਂ ਸਸਤੀ ਚਾਹ ਮੰਗਵਾਉਣੀ ਸ਼ੁਰੂ ਕਰ ਦਿੱਤੀ ਹੈ। ਨੀਲਗਿਰੀ ਚਾਹ ਦੀਆਂ ਕੀਮਤਾਂ 25 ਰੁਪਏ ਕਿੱਲੋ (ਹਰੀ ਪੱਤੀ) ਤੋਂ ਸਾਢੇ ਬਾਰਾਂ ਰੁਪਏ ਅਤੇ ਹੋਰ ਹੇਠਾਂ ਪੰਜ ਰੁਪਏ ਕਿੱਲੋਂ ਤੱਕ ਲੁੜਕ ਗਈਆਂ। ਅਸਾਮ ਵਿਚ ਤੀਹ ਹਜਾਰ ਛੋਟੇ ਛੋਟੇ ਬਾਗਾਂ ਵਿਚ ਕੰਮ ਕਰਦੇ ਪੰਜ ਲੱਖ ਮਿਹਨਤਕਸ਼ ਕਿਸਾਨਾਂ ਨੂੰ ਅਜਿਹੀ ਨਿਰਾਸ਼ਾਮਈ ਹਾਲਤ ਵਿਚ ਧੱਕ ਦਿੱਤਾ ਗਿਆ ਕਿ ਉਹਨਾਂ ਡੇਢ ਲੱਖ ਕਿੱਲੋ ਚਾਹ ਪੱਤੀ ਨੂੰ ਬ੍ਰਹਮਪੁਤਰ ਦਰਿਆ ਵਿਚ ਵਹਾ ਦਿੱਤਾ। 

ਮੁਲਕ ਵਿਚ ਚੀਨੀ ਦੀ ਲੋੜ ਨਾਲੋਂ 57 ਲੱਖ ਟਨ ਵੱਧ ਪੈਦਾਵਾਰ ਹੋਣ ਦੇ ਬਾਵਜੂਦ ਵੀ ਪਿਛਲੇ ਸਾਲ ਦਸ ਲੱਖ ਟਨ ਚੀਨੀ ਬਾਹਰੋਂ ਮੰਗਵਾਈ ਗਈ। ਇਸ ਨਾਲ ਚੀਨੀ ਭੰਡਾਰ ਵਿਚ ਵਾਧਾ ਹੋ ਗਿਆ, ਗੰਨੇ ਦੀਆਂ ਕੀਮਤਾਂ ਘਟ ਗਈਆਂ। ਯੂਪੀ, ਬਿਹਾਰ, ਪੰਜਾਬ ਅਤੇ ਮਹਾਂਰਾਸ਼ਟਰ ਆਦਿ ਸੂਬਿਆਂ ਵਿਚ ਮਿੱਲ ਮਾਲਕਾਂ ਵੱਲੋਂ ਕਿਸਾਨਾਂ ਦੇ ਬਕਾਇਆਂ ਦਾ ਭੁਗਤਾਨ ਨਹੀਂ ਹੋਇਆ। 

1999 ਵਿਚ ਕਪਾਹ ਦੀਆਂ ਦਸ ਲੱਖ ਗੰਢਾਂ ਬਾਹਰੋਂ ਮੰਗਵਾਈਆਂ ਗਈਆਂ ਅਤੇ 2000 ਵਿਚ ਇਸ ਤੋਂ ਦੁੱਗਣੀਆਂ, 20 ਲੱਖ ਗੰਢਾਂ ਮੰਗਵਾਈਆਂ ਗਈਆਂ। ਇਸ ਨਾਲ ਕਪਾਹ ਭੰਡਾਰ ਵਿਚ ਵਾਧਾ ਹੋਇਆ ਅਤੇ ਕਪਾਹ ਨਰਮੇ ਦੀਆਂ ਕੀਮਤਾਂ ਵਿਚ ਗਿਰਾਵਟ ਆ ਗਈ। 

ਭਾਰਤ ਕੁਦਰਤੀ ਰਬੜ ਦਾ ਵੱਡਾ ਉਤਪਾਦਕ ਹੈ ਅਤੇ ਪੈਦਾਵਾਰ ਵਧ ਰਹੀ ਹੈ। (ਸੰਸਾਰ ਬੈਂਕ ਵੱਧ ਪੈਦਾਵਾਰ ਕਰਨ ਦੇ ਪ੍ਰੋਗਰਾਮ ਵਿਚ ਮੱਦਦ ਕਰਦਾ ਹੈ ਤਾਂ ਕਿ ਸਾਮਰਾਜੀ ਮੁਲਕ ਇਸ ਕੱਚੇ ਮਾਲ ਨੂੰ ਸਸਤੇ ਭਾਅ ਖਰੀਦ ਸਕਣ) ਬਾਹਰੋਂ ਮੰਗਵਾਏ ਟਾਇਰਾਂ ਦਾ ਪਹਿਲਾਂ ਹੀ ਚੋਖਾ ਸਟਾਕ ਪਿਆ ਹੈ ਅਤੇ ਸੰਸਾਰ ਮੰਡੀ ਵਿਚ ਰਬੜ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਪਰ ਬਾਹਰੋਂ ਹੋਰ ਕੁਦਰਤੀ ਰਬੜ ਮੰਗਵਾਈ ਜਾ ਰਹੀ ਹੈ। ਕੱਚੀ ਰਬੜ ਮੰਗਵਾਉਣ ’ਤੇ ਲਾਈ ਪਾਬੰਦੀ ਹਟਾ ਦਿਤੀ ਗਈ ਹੈ। ਜਿਵੇਂ ਖੋਪਾ-ਗਿਰੀ ਦੀਆਂ ਕੀਮਤਾਂ ਵਿਚ ਭਾਣਾ ਵਾਪਰਿਆ ਹੈ ਇਸੇ ਤਰ੍ਹਾਂ, ਰਬੜ ਦੀਆਂ ਕੀਮਤਾਂ ਦੇ ਲੁੜਕ ਜਾਣ ਕਰਕੇ ਕੇਰਲਾ ਅੰਦਰ ਛੋਟੇ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ। 

ਸਾਮਰਾਜੀ ਮੁਲਕ ਖੇਤੀ ਵਸਤਾਂ ਨੂੰ ਦੂਸਰੇ ਮੁਲਕਾਂ ਵਿਚ ਭੇਜਦੇ ਹਨ, ਜਿਵੇਂ ਕਣਕ, ਸੋਇਆਬੀਨ ਤੇਲ, ਚੀਨੀ, ਦੁੱਧ ਆਦਿ। ਇਸੇ ਤਰ੍ਹਾਂ ਪਛੜੇ ਮੁਲਕਾਂ ਵਿਚੋਂ ਸਾਮਰਾਜੀ ਮੁਲਕਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ ਵਿਚ ਵੀ ਬਹੁਕੌਮੀ ਕੰਪਨੀਆਂ ਦਾ ਹਿੱਸਾ ਹੁੰਦਾ ਹੈ। 

ਸੱਜਰਾ ਸੰਕਟ ਐਨਾ ਗਹਿਰਾ ਹੈ ਕਿ ਦਲਾਲ ਕਾਂਗਰਸ ਪਾਰਟੀ ਨੇ ਵੀ ਆਪਣੇ ਆਪ ਨੂੰ ਵਿਰੋਧੀ ਹੋਣ ਵਜੋਂ ਪੇਸ਼ ਕਰਕੇ ਸਿਆਸੀ ਲਾਹਾ ਖੱਟਣ ਦਾ ਸੋਚਿਆ ਹੈ। 

(ਅ) ਟਰਾਂਸਜੈਨਿਕ (ਵੱਖ ਵੱਖ ਲੱਛਣਾਂ ਵਾਲੀਆਂ ਬੀਜ ਵੰਸ਼ਾਂ ਨੂੰ ਮਿਲਾ ਕੇ ਤਿਆਰ ਕੀਤਾ ਬੀਜ) ਬੀਜਾਂ ਦਾ ਦਾਖਲਾ-

ਜੁਲਾਈ 2000 ਵਿਚ ਕੇਂਦਰੀ ਵਾਤਾਵਰਨ ਮਹਿਕਮੇ ਨੇ ਕਪਾਹ ਦੇ ਟਰਾਂਸਜੈਨਿਕ ਬੀਜਾਂ ਦੀ ਵੱਡੇ ਪੱਧਰ ’ਤੇ ਪਰਖ ਕਰਨ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ। ਜੁਲਾਈ ਤੱਕ ਫੈਸਲੇ ਨੂੰ ਗੁਪਤ ਰੱਖਿਆ ਗਿਆ। ਦਿਓ-ਕੱਦ ਅਮਰੀਕੀ ਬਹੁਕੌਮੀ ਕੰਪਨੀ ਮਨਸੈਂਟੋ ਦੇ ਕੰਟਰੋਲ ਹੇਠਲੀ ਮੈਕੋ ਕੰਪਨੀ (ਮਹਾਂਰਾਸ਼ਟਰ ਦੋਗਲੇ ਬੀਜਾਂ ਦੀ ਕੰਪਨੀ) ਨੂੰ 210 ਏਕੜ ਦੇ ਰਕਬੇ ਵਿਚ ਬੀਟੀ ਕਪਾਹ ਦੇ ਬੀਜਾਂ ਦੀ ਪਰਖ ਕਰਨ ਅਤੇ ਪੌਣੇ ਚਾਰ ਸੌ ਏਕੜ ਵਿਚ ਬੀਜ ਤਿਆਰ ਕਰਨ ਦੀ ਇਜਾਜਤ ਦੇ ਦਿੱਤੀ। ਇਹ ਫੈਸਲਾ ਇਸ ਸਚਾਈ ਦੇ ਬਾਵਜੂਦ ਕੀਤਾ ਗਿਆ ਕਿ ਸੁਪਰੀਮ ਕੋਰਟ ਵਿਚ ਇਕ ਰਿੱਟ ਦਾਇਰ ਕੀਤੀ ਹੋਈ ਹੈ, ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿਅਜਿਹੀਆਂ ਕੰਪਨੀਆਂ ਵੱਲੋਂ ਵਾਤਾਵਰਨ ਕਾਨੂੰਨਾਂ ਦੀ ਉਲੰਘਣਾ ਕਰਨ ’ਤੇ ਰੋਕ ਲਾਉਣ ਲਈ ਦਖਲ ਦਿੱਤਾ ਜਾਵੇ। ਆਪਣੇ ਬਚਾਅ ਲਈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਫਸਲ ਦੀ ਪੈਦਾਵਾਰ ਦਰ ਅਤੇ ਖੁਰਾਕੀ ਗੁਣਾਂ ਦੇ ਸੁਧਾਰ ਕਰਨ ਲਈ ਟਰਾਂਸਜੈਨਿਕ ਫਸਲਾਂ ‘‘ਬਹੁਤ ਜਿਆਦਾ ਮਹੱਤਵਪੂਰਨ’’ ਹਨ। 

ਪਰ ਟਰਾਂਸਜੈਨਿਕ ਫਸਲਾਂ ਦੇ ਸਿਹਤ ਅਤੇ ਵਾਤਾਵਰਨ ਉਤੇ ਪੈਣ ਵਾਲੇ ਅਸਰਾਂ ਦੀ ਸੰਸਾਰ ਅੰਦਰ ਭੋਰਾ ਭਰ ਵੀ ਜਾਣਕਾਰੀ ਨਹੀਂ ਹੈ। ਤੀਜੀ ਦੁਨੀਆਂ ਦੇ ਮੁਲਕਾਂ ਅੰਦਰ ਜਿੱਥੇ ਅੰਕੜੇ ਬਹੁਤ ਹੀ ਥੋੜ੍ਹੇ ਅਤੇ ਬੇਤਰਤੀਬੇ ਹਨ, ਮਾੜੇ ਅਸਰਾਂ ਨੂੰ ਰੋਕਣ ਦੀ ਗੁੰਜਾਇਸ਼ ਬਹੁਤ ਹੀ ਘੱਟ ਅਤੇ ਵਾਤਾਵਰਨ ਦੇ ਵਿਗੜਨ ਦੀ ਸੰਭਾਵਨਾ ਵੱਧ ਹੈ। ਜੁਲਾਈ ਮਹੀਨੇ ਵਿਚ ਹੀ ਸੰਸਾਰ ਦੀਆਂ ਸੱਤ ਵਿਗਿਆਨ ਦੀਆਂ ਸੰਸਥਾਵਾਂ ( ਜਿਨ੍ਹਾਂ ਵਿਚੋਂ ਪੰਜ ਪਛੜੇ ਮੁਲਕਾਂ ਦੀਆਂ ਹਨ) ਨੇ ਚਿਤਾਵਨੀ ਦਿੱਤੀ ਹੈ ਕਿ ਟਰਾਂਜੈਨਿਕ ਪੌਦਿਆਂ ਦੇ ਸਿਹਤ ਉਤੇ ਪੈਣ ਵਾਲੇ ਮਾੜੇ ਅਸਰਾਂ ਦੀ ਸੰਭਾਵਨਾ ਨੂੰ ਰੋਕਣ ਲਈ ਲੋਕਾਂ ਦੀ ਸਿਹਤ ਦੀ ਦੇਖ-ਭਾਲ ਕਰਨ ਵਾਲੇ ਸਿਸਟਮ ਨੂੰ ਕਾਇਮ ਕੀਤਾ ਜਾਵੇ। ਇਹ ਤਕਨੀਕ ਵੱਖ ਵੱਖ ਪੌਦਿਆਂ ਦੀਆਂ ਵੰਸ਼ਾਂ (ਜੀਨਜ਼) ਨੂੰ ਮਿਲਾਉਦੀ ਹੈ, ਜਿਨ੍ਹਾਂ ਵਿਚੋਂ ਕੁੱਝ ਦਾ ਭੋਜਨ ਨਾਲ ਕੋਈ ਸਬੰਧ ਨਹੀਂ। ਅਜਿਹੀਆਂ ਫਸਲਾਂ ਵਿਚ ਵਰਤੇ ਅਛੂਤ-ਛਾਤ ਵਿਰੋਧੀ ਜੀਨਜ਼ ਮਨੁੱਖਾਂ ਦੇ ਅਛੂਤ ਵਿਰੋਧੀ ਟਾਕਰੇ ਨੂੰ ਵਧਾ ਸਕਦੇ ਹਨ। ਟਰਾਂਸਜੈਨਿਕ ਫਸਲਾਂ ਵਿਚ ਪੌਦਿਆਂ ਤੋਂ ਬਾਹਰੋਂ ਵੀ ਜੀਨਜ ਮਿਲਾਏ ਜਾਂਦੇ ਹਨ। ਇਹਨਾਂ ਦੇ ਲੰਮੇ ਚਿਰ ਵਿਚ ਪੈਣ ਵਾਲੇ ਅਸਰਾਂ ਬਾਰੇ ਕੋਈ ਇਲਮ ਨਹੀਂ ਹੈ। 

ਇਹ ਗੱਲ ਯਾਦ ਕਰਨੀ ਚਾਹੀਦੀ ਹੈ ਕਿ ਬੀ.ਐਸ.ਈ. (ਗਊਆਂ ਦੇ ਪਾਗਲਪਣ ਦੀ ਬਿਮਾਰੀ) ਬਰਤਾਨੀਆ ਵਿਚ ਫੈਲ ਗਈ ਸੀ। ਇਹ ਪਸ਼ੂਆਂ ਨੂੰ ਕਈ ਸਾਲ ‘‘ਵਧਾਏ ਖੁਰਾਕੀ ਤੱਤਾਂ’’ ਵਾਲੀ ਵਿਸ਼ੇਸ਼ ਖੁਰਾਕ ਦੇਣ ਦਾ ਨਤੀਜਾ ਸੀ। ਇਸ ਬਿਮਾਰੀ ਦੇ ਅਸਰ ਹੇਠ ਆਏ ਪਸ਼ੂਆਂ ਦਾ ਮੀਟ ਮਨੁੱਖਾਂ ਲਈ ਜਾਨਲੇਵਾ ਹੈ। ਇਹਨਾਂ ਪਸ਼ੂਆਂ ਦਾ ਥੋਕ ਰੂਪ ’ਚ ਫਸਤਾ ਵੱਢਣ ਲਈ ਬਰਤਾਨਵੀ ਸਰਕਾਰ ਨੂੰ ਮਜਬੂਰ ਕੀਤਾ ਗਿਆ। ਟਰਾਂਸਜੈਨਿਕ ਫਸਲਾਂ ਪਿਛਲੇ ਦਹਾਕੇ ਵਿਚ ਹੀ ਪੈਦਾ ਕੀਤੀਆਂ ਜਾਣ ਲੱਗੀਆਂ ਹਨ। ਸਾਮਰਾਜੀ ਮੁਲਕਾਂ ਵਿਚ ਵੀ ਇਹਨਾਂ ਦੇ ਦੂਰ-ਰਸ ਸਿੱਟਿਆਂ ਬਾਰੇ ਅੰਕੜਿਆਂ ਦਾ ਕੋਈ ਠੋਸ ਵਜੂਦ ਨਹੀਂ ਹੈ ਹਾਲਾਂ ਕਿ ਇਹਨਾਂ ਮੁਲਕਾਂ ਅੰਦਰ ਇਹਨਾਂ ਦੇ ਅਸਰਾਂ ਨੂੰ ਜਾਨਣਾ ਸੌਖਾ ਹੈ। ਯੂਰਪ ਦੇ ਮੁਲਕਾਂ ਨੇ ਟਰਾਂਸਜੈਨਿਕ ਫਸਲਾਂ ਤੋਂ ਤਿਆਰ ਕੀਤੀ ਅਮਰੀਕੀ ਖਾਧ-ਸਮੱਗਰੀ ਨੂੰ ਆਪਣੇ ਮੁਲਕ ਵਿਚ ਆਉਣ ਤੋਂ ਵਰਜ ਦਿੱਤਾ ਹੈ। 

ਸਤੰਬਰ 2000 ਵਿਚ ਕਰਨਾਟਕ ਸਰਕਾਰ ਨੇ ਆਪਣੇ ਪੰਜ ਜਿਲ੍ਹਿਆਂ ਵਿਚ 14 ਥਾਵਾਂ ’ਤੇ ਜ਼ਮੀਨੀ ਪਰਖਾਂ ਕਰਨ ਦੀ ਮੈਕੋ ਨੂੰ ਆਗਿਆ ਦੇ ਦਿੱਤੀ ਹੈ। ਅਖਬਾਰ ਰਿਪੋਰਟ ਕਰਦੇ ਹਨ ਕਿ ‘‘ਇਹੋ ਜਿਹੀਆਂ ਪਰਖਾਂ ਪਹਿਲਾਂ ਹੀ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਲਨਾਡੂ ਅਤੇ ਮੱਧ ਪ੍ਰਦੇਸ਼ ਵਿਚ ਚੱਲ ਰਹੀਆਂ ਹਨ।’’

ਕੇਂਦਰੀ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਪਰਖ ਕਰਨ ਦੇਣ ਦੀ ਇਜ਼ਾਜਤ ਮੈਕੋ ਵੱਲੋਂ ਛੋਟੇ ਪੈਮਾਨੇ ’ਤੇ ਕੀਤੀਆਂ ਪਰਖਾਂ ਦੇ ਆਧਾਰ ’ਤੇ ਦਿੱਤੀ ਗਈ ਹੈ। ਪਰ ਛੋਟੇ ਪੈਮਾਨੇ ਦੀਆਂ ਪਰਖਾਂ ਦੇ ਸਿੱਟਿਆਂ ਨੂੰ ਗੁਪਤ ਰੱਖਿਆ ਗਿਆ ਹੈ। 

(ੲ) ਖਰੀਦ ਏਜੰਸੀਆਂ ਦਾ ਬਿਸਤਰਾ ਗੋਲ ਕਰਨ ਦੀਆਂ ਤਿਆਰੀਆਂ-

ਅਗਸਤ ਵਿਚ, ਖਰਚ ਸੁਧਾਰ ਕਮਿਸ਼ਨ ਨੇ ਐਫ.ਸੀ.ਆਈ. ਵੱਲੋਂ ਫਸਲਾਂ ਨੂੰ ਖਰੀਦਣ,ਵਪਾਰ ਕਰਨ ਅਤੇ ਬਾਹਰ ਭੇਜਣ ਦੇ ਕੰਮਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਸਿਫਾਰਿਸ਼ ਕੀਤੀ ਹੈ। ਪੰਜ ਸਤੰਬਰ ਨੂੰ ਖਪਤ ਮਾਮਲਿਆਂ ਅਤੇ ਜਨਤਕ ਵੰਡ ਵੰਡਾਈ ਦੇ ਮੰਤਰੀ ਸ਼ਾਂਤਾ ਕੁਮਾਰ ਨੇ ਕਿਹਾ ਕਿ ਉਸ ਦਾ ਮਹਿਕਮਾ ਨਵੀਂ ਅਨਾਜ ਨੀਤੀ ਤਿਆਰ ਕਰ ਰਿਹਾ ਹੈ। ‘‘ਸੰਸਾਰਦੇ ਸੁੰਗੜ ਕੇ ਪਿੰਡ ਬਣ ਜਾਣ ਕਰਕੇ, ਅਨਾਜ ਨੂੰ ਵੱਡੀ ਮਾਤਰਾ ’ਚ ਖਰੀਦਣ ਦੀ ਸਰਕਾਰ ਦੀ ਲੋੜ ਘਟ ਗਈ ਹੈ।’’ ਉਸ ਨੇ ਇਹ ਵੀ ਇਸ਼ਾਰਾ ਦਿੱਤਾ ਕਿ ਸਰਕਾਰ ‘‘ਜਰੂਰੀ ਵਸਤਾਂ ਦੇ ਕਾਨੂੰਨ’’ ਵਿਚ, ਵਪਾਰੀਆਂ ਦੀਆਂ ਲੋੜਾਂ ਨਾਲ ਮੇਲ ਖਾਂਦੀਆਂ ਤਬਦੀਲੀਆਂ ਕਰਨ ਦੀਆਂ ਵਿਉਤਾਂ ਬਣਾ ਰਹੀ ਹੈ। ਉਸੇ ਦਿਨ, 6 ਕੰਪਨੀਆਂ ਦੀ ਪ੍ਰਾਈਵੇਟ ਜਥੇਬੰਦੀ, ਜਿਸ ਵਿਚ ਦੋ ਵਿਦੇਸ਼ੀ ਕੰਪਨੀਆਂ ਵੀ ਸ਼ਾਮਲ ਹਨ-ਬਰਤਾਨੀਆ ਦੀ ਹਾਈਪੋਇੰਟ ਰੈਂਡਲ ਅਤੇ ਜਰਮਨੀ ਦੀ ਮੌਲਰਜ-ਨੇ ਮਹਿਕਮੇ ਨੂੰ ਅਰਜੀ ਦਿੱਤੀ ਹੈ ਕਿ ਮੁਲਕ ਅੰਦਰ ਸਭ ਫਸਲਾਂ ਨੂੰ ਭੰਡਾਰ ਕਰਨ ਲਈ 10-12 ਸਟੋਰ ਖੋਲ੍ਹੇ ਜਾਣ। ਦੂਜੀਆਂ ਕੰਪਨੀਆਂ ਦੀ ਵੀ ਇਸ ਵਿਚ ਦਿਲਚਸਪੀ ਹੈ। ਇਹ ਕੋਨਾਰਗਾ, ਕਾਰਗਿਲ, ਬੁੰਜ ਅਤੇ ਏ.ਡੀ.ਐਮ. ਕੰਪਨੀਆਂ ਹਨ ਜੋ ਪਹਿਲਾਂ ਹੀ ਭਾਰਤ ਵਿਚ ਕਾਰੋਬਾਰ ਕਰਦੀਆਂ ਹਨ। 

ਜਨਤਕ ਵੰਡ ਪ੍ਰਣਾਲੀ ਦੇ ਜੜ੍ਹੀਂ ਤੇਲ ਦੇਣ ਦੀ ਸਕੀਮ ਦੇ ਅੰਗ ਵਜੋਂ, ਸਰਕਾਰ ਨੇ ਰਾਸ਼ਨ ਵਸਤੂਆਂ ਦੀਆਂ ਕੀਮਤਾਂ ਐਨੀਆਂ ਵਧਾ ਦਿੱਤੀਆਂ (ਖੁੱਲ੍ਹੀ ਮੰਡੀ ਦੀਆਂ ਕੀਮਤਾਂ ਬਰਾਬਰ, ਕੁੱਝ ਮਾਮਲਿਆਂ ਵਿਚ ਇਸ ਤੋਂ ਵੀ ਵੱਧ) ਕਿ ਰਾਸ਼ਨ ਡਿੱਪੂਆਂ ਤੋਂ ਖਰੀਦ ਬਹੁਤ ਘਟ ਗਈ। ਨਤੀਜੇ ਵਜੋਂ ਐਫ.ਸੀ.ਆਈ.ਦੇ ਗੁਦਾਮ ਚਾਰ ਕਰੋੜ ਵੀਹ ਲੱਖ ਟਨ ਅਨਾਜ ਨਾਲ ਆਫਰੇ ਪਏ ਹਨ। ਸਰਕਾਰ ਨੇ ਸਤੰਬਰ-ਅਕਤੂਬਰ 2000 ਵਿਚ ਪੰਜਾਬ ਵਿੱਚੋਂ ਝੋਨਾ ਖਰੀਦਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਬੀ.ਕੇ.ਯੂ. (ਏਕਤਾ) ਦੇ ਰੇਲਾਂ, ਬੱਸਾਂ ਰੋਕਣ ਦੇ ਖਾੜਕੂ ਘੋਲ ਨੇ ਫੇਲ੍ਹ ਕਰ ਦਿੱਤੀ। 

ਇਸ ਦੇ ਨਾਲ ਹੀ ਦਲਾਲ ਅਖਬਾਰਾਂ ਨੇ ਇਸ ਸਿਧਾਂਤ ਨੂੰ ਧੁਮਾਉਣਾ ਸ਼ੁਰੂ ਕਰ ਦਿੱਤਾ ਕਿ ਭਾਰਤ ਹੁਣ ਵਾਧੂ ਅਨਾਜ ਪੈਦਾ ਕਰਨ ਲੱਗ ਪਿਆ ਹੈ। ਪੰਜਾਬ ਅਤੇ ਦੂਸਰੀਆਂ ਥਾਵਾਂ ਦੇ ਅਨਾਜ ਉਤਪਾਦਕਾਂ ਨੂੰ ਦੂਸਰੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ। (ਜਿਵੇਂ ਕਿ ਤੇਲ ਬੀਜ ਫਸਲਾਂ (ਜਿਨ੍ਹਾਂ ਦਾ ਨੀਵੀਆਂ ਕੀਮਤਾਂ ਕਰਕੇ ਪਹਿਲਾਂ ਹੀ ਕਚੂੰਮਰ ਨਿਕਲਿਆ ਪਿਆ ਹੈ) ਇਹ ਗੱਲ ਐਵੇਂ ਇਤਫਾਕੀਆ ਨਹੀਂ ਹੈ ਕਿ ਕੁੱਝ ਜਾਣੇ ਪਛਾਣੇ ਉਦਾਰਪੰਥੀ ਅਰਥਸ਼ਾਸ਼ਤਰੀਆਂ (ਸੀ.ਐਚ. ਹਨੂੰਮੰਥਾ ਰਾਓ) ਨੇ ਇਸ ਮੌਕੇ ਦਾਅਵਾਕੀਤਾ ਹੈ ਕਿ ਗਰੀਬ ਲੋਕ ਹੋਰ ਚੰਗਾ ਭੋਜਨ ਖਾਣ ਲੱਗੇ ਹਨ। ਉਹ ਕਹਿੰਦਾ ਹੈ ਕਿ ‘‘ਗਰੀਬਾਂ ਅੰਦਰ ਦਾਲਾਂ ਦੀ ਵਰਤੋਂ ਕਰਨ ਦਾ ਤਰਿਪਤੀ ਨੁਕਤਾ ਛੇਤੀ ਹੀ ਹਾਸਲ ਹੋ ਜਾਵੇਗਾ।’’ ਇਸ ਫਰੇਬੀ ਦਲੀਲ ਦਾ ਅਸਲ ਮੰਤਵ ਜਨਤਕ ਵੰਡ ਪ੍ਰਣਾਲੀ ਅਤੇ ਰਾਸ਼ਨ ਡਿੱਪੂਆਂ ਦੀ ਸਫ ਵਲੇਟਣ ਲਈ ਵਾਜਬੀਅਤ ਦੀ ਉਸਾਰੀ ਕਰਨਾ ਹੈ। ਇਹ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤੀ ਲੋਕਾਂ ਦੀ ਬਹੁਗਿਣਤੀ ਮਾੜੀ ਖੁਰਾਕ ਖਾਣ ਦੇ ਦੁੱਖ ਭੋਗ ਰਹੀ ਹੈ। 

ਵਾਧੂ ਅਨਾਜ ਭੰਡਾਰ ਘਟਾਉਣ ਦੇ ਨਾਂ ਹੇਠ, ਕੇਂਦਰੀ ਸਰਕਾਰ ਰਾਜ ਸਰਕਾਰਾਂ ਨੂੰ 8.30 ਰੁਪਏ ਫੀ ਕਿੱਲੋ ਕਣਕ ਵੇਚ ਰਹੀ ਹੈ ਪਰ ਉਤਰੀ ਭਾਰਤ ਵਿਚ, ਪ੍ਰਾਈਵੇਟ ਚੱਕੀ ਵਾਲਿਆਂ ਨੂੰ ਸਾਢੇ ਛੇ ਰੁਪਏ ਫੀ ਕਿੱਲੋ। ਬਾਕੀ ਦੇ ਭਾਰਤ ’ਚ 7 ਰੁਪਏ ਫੀ ਕਿਲੋ ਵੇਚ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਨਿੱਜੀ ਚੱਕੀ ਮਾਲਕਾਂ ਨੂੰ ਸਬਸਿਡੀ ਦੇ ਰਹੀ ਹੈ ਜਦੋਂ ਕਿ ਗਰੀਬ ਲੋਕਾਂ ਨੂੰ ਸਬਸਿਡੀ ਦੇਣ ਲਈ ਤਿਆਰ ਨਹੀ ਹੈ। ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਵਾਧੂ ਭੰਡਾਰ ਨੂੰ ਘਟਾਉਣ ਲਈ ਇਹ ਆਪਣੇ ਸਭ ਤੋਂ ਵਧੀਆ ਅਨਾਜ ਨੂੰ ਘਾਟਾ ਪਾ ਕੇ ਬਾਹਰ ਭੇਜੇਗੀ, ਯਾਨੀ ਸਬਸਿਡੀ ਦੇਵੇਗੀ। (ਇਹ ਸਬਸਿਡੀ 2.3 ਰੁਪਏ ਫੀ ਕਿਲੋ ਹੋਵੇਗੀ)। ਮੁਕਾਬਲੇ ਵਿਚ ਦੇਖੀਏ ਤਾਂ ਗਰੀਬੀ ਰੇਖਾ ਤੋਂ ਉੱਪਰਲੇ ਲੋਕਾਂ (ਅਸਲ ’ਚ ਗਰੀਬ ਲੋਕਾਂ) ਨੂੰ ਕੋਈ ਸਬਸਿਡੀ ਨਹੀਂ ਦਿੱਤੀ ਜਾ ਰਹੀ। ਇਹਨਾਂ ਵਾਸਤੇ ਕੀਮਤ ‘‘ਪੂਰੇ ਲਾਗਤ ਖਰਚਿਆਂ’’ ਦੇ ਆਧਾਰ ਉਤੇ ਤਹਿ ਕੀਤੀ ਜਾ ਰਹੀ ਹੈ। (ਖਰਚਿਆਂ ਦੀਆਂ ਇਹ ਗਿਣਤੀਆਂ ਮਿਣਤੀਆਂ ਨਕਲੀ ਹਨ ਕਿਉਕਿ ਇਹਨਾਂ ਗਿਣਤੀਆਂ ਨੂੰ ਅਨਾਜ ਖਰੀਦਣ, ਅਨਾਜ ਭੰਡਾਰ ਕਰਨ ਅਤੇ ਥਾਉ ਥਾੲੀਂ ਪਹੁੰਚਾਉਣ ਦੇ ਖਰਚਿਆਂ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਗਿਆ ਸਗੋਂ ਐਫ.ਸੀ.ਆਈ.ਨੂੰ ਚਲਾਉਣ ਦੇ ਪੂਰੇ ਖਰਚਿਆਂ ਦੇ ਆਧਾਰ ’ਤੇ ਕੀਤਾ ਗਿਆ ਹੈ । ਇਸ ਕਿਸਮ ਦਾ ਡਾਕਾ ਪੂਰੇ ਖਰੀਦ ਸਿਸਟਮ ਨੂੰ ਉਖੇੜਨ ਤੋਂ ਪਹਿਲਾਂ ਦੀ ਝਾਕੀ ਹੈ।

(ਸੁਰਖ ਰੇਖਾ ਵੱਲੋਂ ਜਾਰੀ ਕਿਤਾਬਚੇ 

ਕਰਤੂਤਾਂ ਦੀ ਜੰਤਰੀ ’ਚੋਂ)