ਛਾਨਣੀ ਵੀ ਬੋਲੇ....
ਕੌਮੀ ਔਰਤ ਕਮਿਸ਼ਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਨੂੰ ਨੋਟਿਸ
ਕੌਮੀ ਔਰਤ ਕਮਿਸ਼ਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਇੱਕ ਨੋਟਿਸ ਭੇਜਣ ਦੀ ਖਬਰ ਕੱਲ੍ਹ ਦੇ ਅਜੀਤ ਅਖਬਾਰ ਵਿੱਚ ਛਪੀ ਹੈ। ਨੋਟਿਸ ਤਾਂ ਅਜੇ ਤਕ ਉਨ੍ਹਾਂ ਨੂੰ ਨਹੀਂ ਮਿਲਿਆ ਪਰ ਖਬਰ ’ਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਟਿਕਰੀ ਬਾਰਡਰ ਦੇ ਧਰਨੇ ਵਿੱਚ ਔਰਤਾਂ ਦੀ ਸੁਰੱਖਿਆ ਲਈ ਕੀ ਇੰਤਜਾਮ ਕੀਤੇ ਹਨ। ਜ਼ਾਹਰ ਹੈ ਕਿ ਇਹ ਨੋਟਿਸ ਦਿੱਲੀ ਲੱਗੇ ਕਿਸਾਨ ਮੋਰਚਿਆਂ ’ਚੋਂ ਇੱਕ ਟਿਕਰੀ ਬਾਰਡਰ ਦੇ ਮੋਰਚੇ ’ਤੇ ਪੱਛਮੀ ਬੰਗਾਲ ਤੋਂ ਆਈ ਇੱਕ ਨੌਜਵਾਨ ਕੁੜੀ ਨਾਲ ਵਾਪਰੀ ਜਬਰ ਜਿਨਾਹ ਦੀ ਘਟਨਾ ਮਗਰੋਂ ਭੇਜਿਆ ਗਿਆ ਹੈ।
ਇਹ ਖ਼ਬਰ ਪੜ੍ਹਕੇ ਹੈਰਾਨ ਹੀ ਹੋਇਆ ਜਾ ਸਕਦਾ ਹੈ ਕਿ ਕੈਸੇ ਜ਼ਮਾਨੇ ਆ ਗਏ ! ! !
ਘੋਰ ਔਰਤ ਵਿਰੋਧੀ ਤੇ ਸਿਰੇ ਦੀ ਪਿਛਾਖੜੀ ਮੋਦੀ ਸਰਕਾਰ ਦਾ ਥਾਪਿਆ ਇਹ ਕਮਿਸ਼ਨ ਇੱਕ ਅਜਿਹੀ ਜਥੇਬੰਦੀ ਦੇ ਆਗੂ ਨੂੰ ਇਹ ਸਵਾਲ ਪੁੱਛਣ ਦੀ ਹਿਮਾਕਤ ਕਰ ਰਿਹਾ ਹੈ ਜਿਸ ਜਥੇਬੰਦੀ ਨੇ ਦਹਾਕਿਆਂ ਤੋਂ ਕਿਸਾਨ ਲਹਿਰ ਅੰਦਰ ਔਰਤਾਂ ਦੀ ਸਰਗਰਮ ਹਿੱਸੇਦਾਰੀ ਲਈ ਜ਼ੋਰਦਾਰ ਯਤਨ ਕੀਤੇ ਹਨ। ਅਜਿਹੀ ਹਿੱਸੇਦਾਰੀ ਲਈ ਔਰਤਾਂ ਨੂੰ ਚੇਤਨ ਕੀਤਾ ਗਿਆ ਹੈ। ਧਰਨਿਆਂ, ਮੁਜ਼ਾਹਰਿਆਂ ਤੇ ਜਨਤਕ ਅੰਦੋਲਨਾਂ ਚ ਸ਼ਮੂਲੀਅਤ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕੀਤੀ ਗਈ ਹੈ। ਅਜਿਹੀ ਸ਼ਮੂਲੀਅਤ ਦੇ ਮਹੱਤਵ ਲਈ ਮਰਦ ਕਾਰਕੁੰਨਾਂ ਨੂੰ ਸਿੱਖਿਅਤ ਕੀਤਾ ਗਿਆ ਹੈ। ਜਨਤਕ ਇਕੱਠਾਂ ਦੌਰਾਨ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ। ਅਜਿਹੀ ਸ਼ਮੂਲੀਅਤ ਲਈ ਨੀਤੀਆਂ ਘੜੀਆਂ ਹਨ। ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਇਤਿਹਾਸ ਲਿਖ ਰਹੀਆਂ ਔਰਤਾਂ ਅੱਠ ਮਾਰਚ ਨੂੰ ਆਪਣੇ ਦਿਹਾੜੇ ਮੌਕੇ ਜਥੇਬੰਦੀ ਦੇ ਸੱਦੇ ’ਤੇ ਪੰਜਾਹ ਹਜਾਰ ਦੀ ਗਿਣਤੀ ’ਚ ਇਕੱਠਿਆਂ ਪੁੱਜ ਕੇ ਇਸਦੀ ਗਵਾਹੀ ਦੇ ਕੇ ਗਈਆਂ ਹਨ। ਮਹਿਲਾ ਕਮਿਸ਼ਨ ਦੀਆਂ ਔਰਤਾਂ ਸੱਤਾ ਦੇ ਗੁੰਬਦਾਂ ’ਚੋਂ ਨਿਕਲ ਕੇ ਉਸ ਦਿਨ ਔਰਤਾਂ ਦੇ ਆਏ ਹੜ੍ਹ ਦੇ ਦਰਸ਼ਨ ਕਰਦੀਆਂ ਤਾਂ ਸ਼ਾਇਦ ਇਉਂ ਸਵਾਲ ਪੁੱਛਣ ਤੋਂ ਪਹਿਲਾਂ ਮੁੜ ਸੋਚਦੀਆਂ। ਜੇ ਉਸ ਤੋਂ ਪਹਿਲਾਂ ਜਾਂ ਪਿੱਛੋਂ ਹੀ ਧਰਨੇ ’ਚ ਇਕ ਦਿਨ ਗੇੜਾ ਮਾਰ ਜਾਂਦੀਆਂ ਤਾਂ ਵੀ ਸ਼ਾਇਦ ਕੁਝ ਸੋਚਦੀਆਂ। ਹੁਣ ਵੀ ਇਹ ਸਵਾਲ ਪੁੱਛਣ ਤੋਂ ਪਹਿਲਾਂ ਜੇ ਇਹ ਪਤਾ ਲੈਣਾ ਵਾਜਬ ਸਮਝਦੀਆਂ ਇਸ ਮਸਲੇ ਚ ਜਥੇਬੰਦੀ ਦਾ ਕੀ ਰੋਲ ਹੈ। ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਇਹ ਘਟਨਾ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠਲੇ ਧਰਨੇ ’ਚ ਨਾ ਵਾਪਰੀ ਹੋਣ ਕਾਰਨ ਲੀਡਰਸ਼ਿਪ ਨੂੰ ਕੁੜੀ ਦੀ ਮੌਤ ਤੋਂ ਮਗਰੋਂ ਪਤਾ ਲੱਗਿਆ ਸੀ ਪਰ ਅਜਿਹਾ ਪਤਾ ਲੱਗਣ ਤੋਂ ਮਗਰੋਂ ਇਹ ਜਥੇਬੰਦੀ ਨੇ ਬਹੁਤ ਤੱਦੀ ਤੇ ਸਰਗਰਮੀ ਨਾਲ ਪਿਤਾ ਨਾਲ ਰਾਬਤਾ ਬਣਾਉਣ, ਘਟਨਾ ਬਾਰੇ ਪੜਤਾਲਣ ਤੇ ਇਨਸਾਫ਼ ਲਈ ਖੜ੍ਹਨ ਖ਼ਾਤਰ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ।
ਇਹ ਸਵਾਲ ਇਕ ਅਜਿਹੀ ਜਥੇਬੰਦੀ ਨੂੰ ਪੁੱਛਿਆ ਗਿਆ ਹੈ ਜਿਸ ਨੇ ਫ਼ਰੀਦਕੋਟ ਅੰਦਰ ਬਾਦਲਸ਼ਾਹੀ ਦੀ ਸਰਪ੍ਰਸਤੀ ਵਾਲੇ ਗੁੰਡਾ ਲਾਣੇ ਹੱਥੋਂ ਜ਼ਿਬ੍ਹਾ ਹੋ ਰਹੀ ਨੌਜਵਾਨ ਕੁੜੀ ਦੀ ਰੱਖਿਆ ਕੀਤੀ ਹੈ, ਜਿਸ ਨੇ ਮਹਿਲ ਕਲਾਂ ਦੀ ਕਿਰਨਜੀਤ ਦੇ ਬਲਾਤਕਾਰ ਤੇ ਕਤਲ ਕਾਂਡ ਵਿਰੋਧੀ ਸੰਘਰਸ਼ ਵਿੱਚ ਹਿੱਸਾ ਅਹਿਮ ਪਾਇਆ ਹੈ, ਜਿਸਦੇ ਜੁਝਾਰਾਂ ਨੇ ਗੰਧੜ ਦੇ ਖੇਤ ਮਜ਼ਦੂਰ ਪਰਿਵਾਰ ਦੀ ਧੀ ਦੀ ਆਨ-ਸ਼ਾਨ ਲਈ ਜੇਲ੍ਹਾਂ ਕੱਟੀਆਂ ਹਨ, ਜਿਹੜੀ ਜਥੇਬੰਦੀ ਪੰਜਾਬ ਅੰਦਰ ਔਰਤਾਂ ਖ਼ਿਲਾਫ਼ ਹੁੰਦੇ ਧੱਕੇ ਵਿਤਕਰੇ ਮੌਕੇ ਇੱਕ ਗਰਜਵਾਂ ਬੋਲ ਹੋ ਕੇ ਗੂੰਜਦੀ ਰਹੀ ਹੈ। ਜਿਹੜੀ ਕਠੂਆ ’ਚ ਮਾਸੂਮ ਬੱਚੀ ਦੇ ਨੋਚੀ ਜਾਣ ਵੇਲੇ ਵੀ ਤੇ ਯੂ ਪੀ ਦੇ ‘ਯੋਗੀ-ਰਾਜ’ ਅੰਦਰ ਬਲਾਤਕਾਰਾਂ ਦੀ ਝੁੱਲ ਰਹੀ ਨ੍ਹੇਰੀ ਦਰਮਿਆਨ ਵੀ ਇਨਸਾਫ਼ ਲਈ ਸੜਕਾਂ ’ਤੇ ਨਿੱਤਰਦੀ ਰਹੀ ਹੈ। ਕੈਸੀ ਸਿਤਮ ਜ਼ਰੀਫੀ ਹੈ ਕਿ ਦਿੱਲੀ ਦੇ ਟਿਕਰੀ ਬਾਰਡਰ ’ਤੇ ਡਟੀਆਂ ਪੰਜਾਬ ਦੀਆਂ ਇਹ ਔਰਤਾਂ ਇਸੇ ਕੌਮੀ ਮਹਿਲਾ ਕਮਿਸ਼ਨ ਨੂੰ ਸਵਾਲ ਪੁੱਛਦੀਆਂ ਰਹੀਆਂ ਹਨ ਕਿ ਉਨ੍ਹਾਂ ਉੱਤੇ ਹੁੰਦੇ ਜ਼ੁਲਮਾਂ ਵੇਲੇ ਇਸ ਕਮਿਸ਼ਨ ਨੂੰ ਨੋਟਿਸ ਕੱਢਣੇ ਕਿਉਂ ਯਾਦ ਨਹੀਂ ਆਉਂਦੇ। ਕਿਉਂ ਮਰਦਾਵੀਂ, ਜਗੀਰੂ ਤੇ ਉੱਚ ਜਾਤੀ ਹੈਂਕੜ ਦਾ ਸ਼ਿਕਾਰ ਹੁੰਦੀਆਂ ਦਲਿਤ ਧੀਆਂ ਦੇ ਹੰਝੂ ਕਦੇ ਇਨ੍ਹਾਂ ਨੋਟਿਸਾਂ ਦੀ ਸਿਆਹੀ ਨਹੀਂ ਬਣੇ। ਉਨ੍ਹਾਂ ਵੱਲੋਂ ਤਪਦੀਆਂ ਸੜਕਾਂ ’ਤੇ ਬੈਠ ਕੇ ਜਾਰੀ ਕਰਵਾਏ ਗਏ ਨੋਟਿਸਾਂ ਦੇ ਜਵਾਬ ਕਦੇ ਕਿਉਂ ਨਹੀਂ ਲਏ ਗਏ। ਇਹ ਔਰਤਾਂ ਪੰਜਾਬ ਦੀਆਂ ਸੜਕਾਂ ’ਤੇ ਨਿੱਤਰ ਕੇ ਇਸੇ ਕਮਿਸ਼ਨ ਨੂੰ ਪੁੱਛਦੀਆਂ ਰਹੀਆਂ ਹਨ ਕਿ ਕਸ਼ਮੀਰੀ ਕੁੜੀਆਂ ਬਾਰੇ ਅਵਾ ਤਵਾ ਬੋਲ ਰਹੇ ਭਾਜਪਾਈ ਲੀਡਰਾਂ ਦੀ ਜ਼ੁਬਾਨ ਨੂੰ ਲਗਾਮ ਪਾਉਂਦਾ ਨੋਟਸ ਕਿਸੇ ਕੰਧ ’ਤੇ ਕਿਉਂ ਨਹੀਂ ਲੱਗਿਆ ਦਿਖਦਾ।
ਉਂਝ ਦਿੱਲੀ ਦੇ ਮੋਰਚਿਆਂ ’ਚ ਡਟੇ ਕਿਸਾਨ ਤੇ ਕਿਸਾਨ ਔਰਤਾਂ ਇਹ ਜਾਣਦੀਆਂ ਹਨ ਕਿ ਕੌਮੀ ਮਹਿਲਾ ਕਮਿਸ਼ਨ ਨੂੰ ਉਨ੍ਹਾਂ ਦਾ ਹੇਜ ਹੁਣ ਹੀ ਕਿਉਂ ਜਾਗਿਆ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਅੰਤਾਂ ਦੀ ਸਰਦੀ ਚ ਠਰਦੀਆਂ ਤੇ ਕੁਰਬਾਨ ਹੁੰਦੀਆਂ ਔਰਤਾਂ ਇਸ ਮਹਿਲਾ ਕਮਿਸ਼ਨ ਨੂੰ ਕਿਉਂ ਦਿਖਾਈ ਨਹੀਂ ਦਿੱਤੀਆਂ। ਮੋਦੀ ਹਕੂਮਤ ਦੇ ਮੋਹਰਿਆਂ ਵਲੋਂ ਇਨ੍ਹਾਂ ਖਿਲਾਫ ਵਰਤੀ ਜਾਂਦੀ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਦਾ ਮਹਿਲਾ ਕਮਿਸ਼ਨ ਨੇ ਕੋਈ ਨੋਟਿਸ ਕਿਉਂ ਨਹੀਂ ਲਿਆ। ਕਾਫਲੇ ’ਚ ਡਟੇ ਲੋਕ ਇਹ ਜਾਣਦੇ ਹਨ ਕਿ ਅਜਿਹਾ ਸਵਾਲ ਪੁੱਛਣ ਦਾ ਅਰਥ ਸਿਰਫ਼ ਤੇ ਸਿਰਫ਼ ਕੌਮੀ-ਕੌਮਾਂਤਰੀ ਪੱਧਰ ’ਤੇ ਕਿਸਾਨ ਆਗੂਆਂ ਖਿਲਾਫ਼ ਭੰਡੀ-ਪ੍ਰਚਾਰ ਦੀ ਮੁਹਿੰਮ ਚਲਾਉਣਾ ਹੈ। ਹੋਰ ਕਿਸੇ ਵੀ ਤਰ੍ਹਾਂ ਕਿਸਾਨ ਸੰਘਰਸ਼ ਨੂੰ ਲੋਕਾਂ ‘ਚ ਬਦਨਾਮ ਕਰਨੋਂ ਨਾਕਾਮ ਨਿਬੜੀ ਸਰਕਾਰ ਹੁਣ ਅਜਿਹੇ ਘਟੀਆ ਹੱਥਕੰਡੇ ਅਪਨਾਉਣ ’ਤੇ ਉਤਰ ਆਈ ਹੈ। ਇਹ ਹੁਣ ਗੈਰ ਸਮਾਜੀ ਅਨਸਰਾਂ ਦੀ ਇਸ ਜ਼ਾਲਮ ਕਰਤੂਤ ਨੂੰ ਕਿਸਾਨ ਲੀਡਰਸ਼ਿਪ ਦਾ ਅਕਸ ਗੰਧਲਾ ਕਰਨ ਲਈ ਵਰਤਣਾ ਚਾਹੁੰਦੀ ਹੈ।
ਕੌਮਾਂਤਰੀ ਕੌਮੀ ਮਹਿਲਾ ਕਮਿਸ਼ਨ ਨੂੰ ਜੋਗਿੰਦਰ ਸਿੰਘ ਉਗਰਾਹਾਂ ਤੋਂ ਪਹਿਲਾਂ ਇਹ ਜਵਾਬ ਮੋਰਚਿਆਂ ‘ਤੇ ਡਟੀਆਂ ਜਥੇਬੰਦੀ ਦੀਆਂ ਔਰਤ ਕਾਰਕੁੰਨਾਂ ਵੱਲੋਂ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੀ ਰਾਖੀ ਆਪ ਕਰਨ ਵਾਲਿਆਂ ’ਚ ਸ਼ਾਮਲ ਹਨ, ਉਹ ਇਸ ਧਰਨੇ ਨੂੰ ਜਥੇਬੰਦ ਕਰਨ ਤੇ ਇਸ ਨੂੰ ਚਲਾਉਣ ਵਿੱਚ ਹਿੱਸੇਦਾਰ ਹਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਸ ਲੀਡਰਸ਼ਿੱਪ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਉਸ ਲੀਡਰਸ਼ਿਪ ਨੇ ਤਾਂ ਸਮਾਜ ਅੰਦਰ ਸਦੀਆਂ ਤੋਂ ਔਰਤਾਂ ਦਾ ਸਥਾਨ ਨੀਵਾਂ ਸਮਝੇ ਜਾਣ ਵਾਲੇ ਵਿਚਾਰਾਂ ਨਾਲ ਆਢਾ ਲਾਇਆ ਹੋਇਆ ਹੈ , ਸੁਰੱਖਿਅਤ ਮਾਹੌਲ ਦੇ ਫ਼ਿਕਰ ਤਾਂ ਉਸ ਤੋਂ ਕਿਤੇ ਛੋਟੇ ਹਨ। ਜਿਹੜੇ ਫ਼ਿਕਰ ਦਾ ਜਵਾਬ ਤੁਸੀਂ ਇੱਕ ਨੋਟਸ ਰਾਹੀਂ ਚਾਹੁੰਦੀਆਂ ਹੋ ਅਜਿਹੇ ਅਨੇਕਾਂ ਫ਼ਿਕਰਾਂ ਦਾ ਭਾਰ ਸਾਡੇ ਆਗੂਆਂ ਨੇ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਹੈ ਤੇ ਸਾਡੇ ਕਾਫ਼ਲੇ ’ਚ ਸ਼ਾਮਲ ਸਭਨਾਂ ਮਰਦਾ ਨੂੰ ਇਹਨਾਂ ਫ਼ਿਕਰਾਂ ਨਾਲ ਜੋੜਨ ਲਈ ਜੁਟੇ ਹੋਏ ਹਨ। ਇਸ ਲੁਟੇਰੇ ਤੇ ਘੋਰ ਲੋਕ ਵਿਰੋਧੀ ਰਾਜ ਪ੍ਰਬੰਧ ਦੇ ਪਰਾਂ ਹੇਠ ਬੈਠੀਆਂ ਕਮਿਸਨ ਦੀਆਂ ਔਰਤਾਂ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਆਓ ਸਾਡੇ ਮੋਰਚੇ ’ਚ ਆਓ, ਤੁਹਾਨੂੰ ਜਾਗੀ ਹੋਈ ਔਰਤ ਸ਼ਕਤੀ ਦੇ ਦਰਸ਼ਨ ਕਰਾਈਏ। ਸਾਡੀ ਤੁਹਾਨੂੰ ਸਲਾਹ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਦੇ ਕਾਫਲੇ ’ਚ ਜੁੜੀਆਂ ਔਰਤਾਂ ਦੇ ਫਿਕਰ ਦੇ ਦਿਖਾਵੇ ਦੀ ਥਾਂ ਮੁਲਕ ਭਰ ‘ਚ ਪੈਰ ਪੈਰ ‘ਤੇ ਵਲੂੰਧਰੇ ਜਾ ਰਹੇ ਔਰਤ ਹਿਰਦਿਆਂ ਦੀ ਵੇਦਨਾ ਸੁਣੋ ਤੇ ਉਨ੍ਹਾਂ ਜਾਲਮਾਂ ਦੇ ਚਿਹਰਿਆਂ ‘ਤੇ ਜੁਰਮ ਦੇ ਨੋਟਸ ਚਿਪਕਾਉ।
ਕੌਮਾਂਤਰੀ ਮਹਿਲਾ ਕਮਿਸ਼ਨ ਦੀ ਇਸ ਕਾਰਵਾਈ ‘ਤੇ ਇਹੀ ਕਿਹਾ ਜਾ ਸਕਦਾ ਹੈ ਕਿ ਛਾਨਣੀ ਵੀ ਬੋਲ ਰਹੀ ਹੈ ਤੇ ਸ੍ਰੀਮਾਨ ਮੋਦੀ ਵੱਲੋਂ ਕੀਤੀ ਨਿਯੁਕਤੀ ਦਾ ਮੁੱਲ ’ਤਾਰ ਰਹੀ ਹੈ।
No comments:
Post a Comment