Thursday, June 10, 2021

ਔਰਤ ਦਿਹਾੜੇ ਮੌਕੇ ਵਿਸ਼ਾਲ ਔਰਤ ਕਾਨਫਰੰਸ ’ਚ ਔਰਤਾਂ ਦਾ ਹੜ

      ਔਰਤ ਦਿਹਾੜੇ ਮੌਕੇ ਵਿਸ਼ਾਲ ਔਰਤ ਕਾਨਫਰੰਸ ’ਚ ਔਰਤਾਂ ਦਾ ਹੜ

 ਦਿੱਲੀ ਕਿਸਾਨ ਮੋਰਚੇ ਦੌਰਾਨ ਅੱਜ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਔਰਤ ਦਿਹਾੜੇ ਮੌਕੇ ਵਿਸ਼ਾਲ ਔਰਤ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਪੰਜਾਬ ਤੇ ਹਰਿਆਣੇ ਦੀਆਂ ਦਹਿ ਹਜ਼ਾਰਾਂ ਔਰਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਟਿਕਰੀ ਬਾਰਡਰ ’ਤੇ ਪਕੌੜਾ ਚੌਕ ਕੋਲ ਵਸਾਏ ਗਏ ਗ਼ਦਰੀ ਗੁਲਾਬ ਕੌਰ ਨਗਰ ਵਿੱਚ ਆਏ ਔਰਤਾਂ ਦੇ ਹੜ ਨੇ ਚੱਲ ਰਹੇ ਮੋਰਚੇ ਅੰਦਰ ਨਵੀਂ ਰੂਹ ਫੂਕ ਦਿੱਤੀ। ਇਸ ਵਿਸ਼ਾਲ ਕਾਨਫਰੰਸ ਦਾ ਸਮੁੱਚਾ ਸੰਚਾਲਨ ਔਰਤਾਂ ਵੱਲੋਂ ਹੀ ਕੀਤਾ ਗਿਆ ਤੇ ਇਸ ਨੂੰ ਔਰਤ ਬੁਲਾਰਿਆਂ ਨੇ ਸੰਬੋਧਨ ਕੀਤਾ। ਕਾਨਫਰੰਸ ਦੀ ਸ਼ੁਰੁਆਤ ਕੌਮੀ ਮੁਕਤੀ ਲਹਿਰ ਤੇ ਕਿਸਾਨ ਸੰਘਰਸ਼ਾਂ ਦੌਰਾਨ ਸ਼ਹਾਦਤ ਪਾਉਣ ਵਾਲੀਆਂ ਔਰਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ ਜਿਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਔਰਤਾਂ ਦਾ ਰੋਲ ਮਿਸਾਲੀ ਹੈ ਕਿਉਂਕਿ ਔਰਤਾਂ ਪਹਿਲਾਂ ਹੀ ਖੇਤੀ ਸੰਕਟ ਦੀ ਸਭ ਤੋਂ ਵੱਧ ਮਾਰ ਹੰਢਾ ਰਹੀਆਂ ਹਨ ਤੇ ਔਰਤਾਂ ਨੇ ਇਸ ਨਵੇਂ ਕਾਰਪੋਰੇਟ ਹਮਲੇ ਨੂੰ ਪਹਿਚਾਣ ਲਿਆ ਹੈ। ਸਮਾਜ ਦੇ ਅੰਦਰ ਸਭ ਤੋਂ ਵੱਧ ਦੁੱਖ ਤਕਲੀਫ਼ਾਂ ਸਹਿ ਸਕਣ ਦੀ ਸਮਰੱਥਾ ਵਾਲੇ ਇਸ ਤਬਕੇ ਦਾ ਸੰਘਰਸ਼ ਅੰਦਰ ਸ਼ਾਮਲ ਹੋਣਾ ਸੰਘਰਸ਼ ਦਾ ਇੱਕ ਅਜਿਹਾ ਤਾਕਤਵਰ ਪਹਿਲੂ ਹੈ ਜਿਸ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ ਜਿਸ ਰਾਹੀਂ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਉਸਰਦਾ ਹੈ। ਅੱਜ ਦੀ ਕਾਨਫਰੰਸ ਨੂੰ ਔਰਤ ਹੱਕਾਂ ਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਅਤੇ ਮਰਹੂਮ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਨੇ ਸੰਬੋਧਨ ਕਰਦਿਆਂ ਮੁਲਕ ਦੇ ਇਤਿਹਾਸ ਅੰਦਰ ਲੋਕ ਸੰਘਰਸ਼ਾਂ ਵਿੱਚ ਔਰਤਾਂ ਦੇ ਯੋਗਦਾਨ ਦੀ ਚਰਚਾ ਕੀਤੀ। ਉਨਾਂ ਕਿਹਾ ਕਿ ਮੌਜੂਦਾ ਫਾਸ਼ੀਵਾਦੀ ਹਕੂਮਤ ਔਰਤ ਹੱਕਾਂ ’ਤੇ ਪਹਿਲਾਂ ਸਭਨਾਂ ਸਮਿਆਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੀ ਹੈ। ਇਸ ਘੋਰ ਪਿਛਾਖੜੀ ਹਕੂਮਤ ਦਾ ਧਰਮ ਆਧਾਰਿਤ ਰਾਜ ਦਾ ਨਾਅਰਾ ਔਰਤਾਂ ਨੂੰ ਮੱਧਯੁਗੀ ਗ਼ੁਲਾਮੀ ਵੱਲ ਧੱਕਣ ਵਾਲਾ ਹੈ ਇਸ ਪਿਛਾਖੜੀ ਫਾਸ਼ੀਵਾਦੀ ਹੱਲੇ ਖ਼ਿਲਾਫ਼ ਔਰਤਾਂ ਨੂੰ ਸਮਾਜ ਦੇ ਹੋਰਨਾਂ ਦਬਾਏ ਤਬਕਿਆਂ ਜਿਵੇਂ ਦਲਿਤਾਂ, ਆਦਿਵਾਸੀਆਂ ਤੇ ਦਬਾਈਆਂ ਧਾਰਮਿਕ ਘੱਟਗਿਣਤੀਆਂ ਨਾਲ ਰਲ ਕੇ ਇਕਜੁੱਟ ਸੰਘਰਸ਼ ਉਸਾਰਨ ਦੀ ਜ਼ਰੂਰਤ ਹੈ। ਸਾਬਕਾ ਵਿਦਿਆਰਥਣ ਆਗੂ ਤੇ ਇਨਕਲਾਬੀ ਕਾਰਕੁੰਨ ਸ਼ੀਰੀਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਜਿਨਾਂ ਸਾਮਰਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖਿਲਾਫ ਕਿਸਾਨ ਸੰਘਰਸ਼ ਦਾ ਮੱਥਾ ਲੱਗਿਆ ਹੋਇਆ ਹੈ ਉਸ ਦਾ ਔਰਤਾਂ ਨਾਲ ਵੀ ਘੋਰ ਦੁਸ਼ਮਣਾਨਾ ਰਿਸ਼ਤਾ ਹੈ। ਇਹ ਸਾਮਰਾਜੀ ਕੰਪਨੀਆਂ ਇੱਕ ਹੱਥ ਔਰਤਾਂ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨਾਂ ਦੀ ਕਿਰਤ ਲੁੱਟਦੀਆਂ ਹਨ ਤੇ ਨਾਲ ਹੀ ਆਪਣਾ ਮਾਲ ਵੇਚਣ ਵਾਸਤੇ ਔਰਤਾਂ ਨੂੰ ਇੱਕ ਵਸਤ ਵਜੋਂ ਪੇਸ਼ ਕਰਦੀਆਂ ਹਨ। ਇਨਾਂ ਦੇ ਪੂੰਜੀ ਦੇ ਕਾਰੋਬਾਰਾਂ ਨੇ ਔਰਤ ਨੂੰ ਬਾਜ਼ਾਰ ਵਿਕਦੀ ਵਸਤ ’ਚ ਤਬਦੀਲ ਕਰ ਦਿੱਤਾ ਹੈ। ਇਸ ਲਈ ਕਾਰਪੋਰੇਟਾਂ ਖਿਲਾਫ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨਾਂ ਕਿਹਾ ਕਿ ਔਰਤ ਹੱਕਾਂ ਦੀ ਲਹਿਰ ਸਾਡੇ ਦੇਸ਼ ਦੀ ਸਾਮਰਾਜਵਾਦ ਖ਼ਿਲਾਫ਼ ਕੌਮੀ ਮੁਕਤੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਤੇ ਨਾਲ ਹੀ ਜਗੀਰੂ ਲੁੱਟ ਖਸੁੱਟ ਦੇ ਖਾਤਮੇ ਲਈ ਲੜੇ ਜਾਣ ਵਾਲੇ ਸੰਘਰਸ਼ ਔਰਤ ਦੀ ਗੁਲਾਮੀ ਦੇ ਸੰਗਲ ਤੋੜਨ ਵਾਲੇ ਸੰਘਰਸ਼ ਵੀ ਬਣਦੇ ਹਨ। ਇਉਂ ਔਰਤ ਹੱਕਾਂ ਦੀ ਲਹਿਰ ਲੋਕ ਹੱਕਾਂ ਦੀ ਲਹਿਰ ਦਾ ਜੁੜਵਾਂ ਹਿੱਸਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੀ ਤਰਫੋਂ ਕਿ੍ਰਸ਼ਨਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਦੌਲਤ ਔਰਤਾਂ ਸਮਾਜ ਅੰਦਰ ਤੀਹਰੇ ਦਾਬੇ ਦਾ ਸ਼ਿਕਾਰ ਹਨ। ਉਹ ਲੁਟੇਰੀਆਂ ਜਮਾਤਾਂ ਦੇ ਦਾਬੇ ਦੇ ਨਾਲ ਨਾਲ ਮਰਦਾਵੇਂ ਦਾਬੇ ਤੇ ਅਖੌਤੀ ਉੱਚ ਜਾਤੀ ਦਾਬੇ ਦਾ ਵੀ ਸ਼ਿਕਾਰ ਹਨ। ਔਰਤ ਹੱਕਾਂ ਦੀ ਲਹਿਰ ਦਾ ਸਭ ਤੋਂ ਉੱਭਰਵਾਂ ਸਰੋਕਾਰ ਖੇਤ ਮਜਦੂਰ ਔਰਤਾਂ ਬਣਨੀਆਂ ਚਾਹੀਦੀਆਂ ਹਨ। ਅੱਜ ਦੇ ਇਸ ਇਕੱਠ ਵਿੱਚ ਦਿੱਲੀ ਦੀਆਂ ਔਰਤ ਜਥੇਬੰਦੀਆਂ ਵੱਲੋਂ ਇੱਕ ਵੱਡੇ ਵਫਦ ਨੇ ਵੀ ਸ਼ਮੂਲੀਅਤ ਕੀਤੀ। ਇਸ ਵਫ਼ਦ ਦੀ ਤਰਫੋਂ ਸ਼ਬਨਮ ਹਾਸ਼ਮੀ ਨੇ ਸੰਬੋਧਨ ਕੀਤਾ ਤੇ ਕਿਸਾਨ ਸੰਘਰਸ਼ ਨਾਲ ਆਪਣੀ ਇੱਕਜੁੱਟਤਾ ਜਾਹਿਰ ਕੀਤੀ। ਉੱਘੀ ਕਲਾਕਾਰ ਮਾਇਆ ਰਾਏ ਨੇ ਮੰਚ ਤੋਂ ਸ਼ਾਨਦਾਰ ਕਲਾ ਕਿਰਤ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਇਸ ਤੋਂ ਇਲਾਵਾ ਹਰਿਆਣੇ ਤੋਂ ਸ਼ਵੇਤਾ, ਪੂਨਮ ਰਾਣੀ ਤੇ ਪੰਜਾਬ ਤੋਂ ਵਕੀਲ ਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਅੱਜ ਦੀ ਕਾਨਫਰੰਸ ਵਿਚ ਦੋ ਅਹਿਮ ਮਤੇ ਪਾਸ ਕੀਤੇ ਗਏ। ਇਕ ਮਤੇ ਰਾਹੀਂ ਜੇਲ ਵਿੱਚ ਸੁੱਟੇ ਹੋਏ ਜਮਹੂਰੀ ਹੱਕਾਂ ਦੀਆਂ ਔਰਤ ਕਾਰਕੁਨਾਂ ਸਮੇਤ ਸਭਨਾਂ ਕਾਰਕੁਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ ਫਾਸ਼ੀਵਾਦੀ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਦਾ ਸੱਚ ਉਘਾੜ ਰਹੀਆਂ ਬਹਾਦੁਰ ਪੱਤਰਕਾਰ ਔਰਤਾਂ ਨੂੰ ਸਲਾਮ ਕਹੀ ਗਈ। ਇਸ ਦੌਰਾਨ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ “ਜੇ ਹੁਣ ਵੀ ਨਾ ਬੋਲੇ’’ ਪੇਸ਼ ਕੀਤਾ ਗਿਆ। ਅੱਜ ਦੀ ਇਹ ਔਰਤ ਕਾਨਫ਼ਰੰਸ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਦੀ ਮੰਚ ਸੰਚਾਲਨਾ ’ਚ ਹੋਈ। ਔਰਤਾਂ ਦੀ ਸ਼ਮੂਲੀਅਤ ਏਨੀ ਵਿਆਪਕ ਸੀ ਕਿ ਵਿਸ਼ਾਲ ਪੰਡਾਲ ਦੇ ਵੱਡੇ ਇੰਤਜ਼ਾਮ ਵੀ ਛੋਟੇ ਪੈ ਗਏ। ਅਖੀਰ ’ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਾਨਫਰੰਸ ਵਿੱਚ ਪੁੱਜੀਆਂ ਔਰਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਔਰਤਾਂ ਬਿਨਾਂ ਕੋਈ ਵੀ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਸਮਾਜ ਦਾ ਅੱਧ ਬਣਦਾ ਇਹ ਤਬਕਾ ਸੰਘਰਸ਼ਾਂ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਇਨਾਂ ਦੀ ਸ਼ਮੂਲੀਅਤ ਨਾ ਸਿਰਫ ਸੰਘਰਸ਼ਾਂ ਦੀ ਮਜ਼ਬੂਤੀ ਲਈ ਜਰੂਰੀ ਹੈ, ਸਗੋਂ ਔਰਤਾਂ ਦੀ ਬਰਾਬਰੀ ਤੇ ਮਾਣ ਸਨਮਾਨ ਲਈ ਵੀ ਜ਼ਰੂਰੀ ਹੈ। ਉਨਾਂ ਦੀ ਜਥੇਬੰਦੀ ਹਮੇਸ਼ਾ ਔਰਤਾਂ ਨੂੰ ਸੰਘਰਸ਼ ਦੀਆਂ ਮੋਹਰੀ ਸਫਾਂ ’ਚ ਲਿਆਉਣ ਲਈ ਯਤਨਸ਼ੀਲ ਹੈ ਤੇ ਰਹੇਗੀ। ਔਰਤਾਂ ਦੇ ਮੋਹਰੀ ਯੋਗਦਾਨ ਨਾਲ ਇਹ ਸੰਘਰਸ਼ ਲਾਜਮੀ ਜਿੱਤ ਤੱਕ ਪੁੱਜੇਗਾ (ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਜਾਰੀ ਪੈ੍ਰਸ ਬਿਆਨ )

No comments:

Post a Comment