Thursday, June 10, 2021

ਸਰਕਾਰੀ ਸਕੂਲਾਂ ਦੇ ‘‘ਸੁਧਾਰਾਂ’’ ਨੂੰ ਇਉਂ ਵੀ ਦੇਖੀਏ

 

ਸਰਕਾਰੀ ਸਕੂਲਾਂ ਦੇ ‘‘ਸੁਧਾਰਾਂ’’ ਨੂੰ ਇਉਂ ਵੀ ਦੇਖੀਏ

                ਕਿੰਨਾ ਸੋਹਣਾ ਸ਼ਬਦ ਹੈ ਸੁਧਾਰ’’ ਤੇ ਇਸ ਆਵਾ ਊਤ ਚੁੱਕੇ ਢਾਂਚੇ ਚ ਕੌਣ ਇਹ ਸਕੂਨਦਾਇਕ ਸ਼ਬਦ ਨਹੀਂ ਸੁਣਨਾ ਚਾਹੁੰਦਾ। ਪਰ ਸਾਡੇ ਮੁਲਕ ਅੰਦਰ ਪਿਛਲੇ ਤੀਹ ਸਾਲਾਂ ਦੇ ਅਮਲ ਨੇ ਇਸ ਦੇ ਅਰਥਾਂ ਦਾ ਭਾਵ ਪਿਛਾਖੜੀ ਜਿਹਾ ਕਰ ਦਿੱਤਾ ਹੈ।  ਅਗਾਂਹ ਵਧੂ ਸ਼ਬਦਾਂ ਦੀ ਡਿਕਸ਼ਨਰੀ ਚੋਂ ਇੱਕ ਸ਼ਬਦ ਘੋਰ ਬਦਨਾਮ ਕਰ ਦਿੱਤਾ ਗਿਆ ਹੈ। ਹਰ ਪਾਸੇ ਸੁਧਾਰ ਹੀ ਸੁਧਾਰ ਹੋ ਰਹੇ ਹਨ ਤਾਂ ਸਿੱਖਿਆ ਖੇਤਰ ਕਿਵੇਂ ਅਣਭਿੱਜ ਰਹਿ ਸਕਦਾ ਹੈ।

                ਸਰਕਾਰੀ ਸਕੂਲਾਂ ਅੰਦਰ ਨਿੱਜੀਕਰਨ ਦਾ ਅਮਲ ਸਾਰੇ ਦੇਸ਼ ਵਾਂਗੂੰ ਸੁਧਾਰਾਂ ਦੇ ਨਾਂ ਹੇਠ ਹੀ ਅੱਗੇ ਵਧਾਇਆ ਜਾ ਰਿਹਾ ਹੈ।  ਹੋਰਨਾਂ ਜਨਤਕ ਮਹਿਕਮਿਆਂ ਵਾਂਗ ਹੀ ਸਿੱਖਿਆ ਮਹਿਕਮੇ ਦਾ ਸੁਧਾਰ ਕਰਨ ਦੇ ਨਾਂ ਹੇਠ ਕਦਮ ਦਰ ਕਦਮ ਸਰਕਾਰ ਆਪਣੀ ਜਿੰਮੇਵਾਰੀ ਤੋਂ ਖਹਿੜਾ ਛੁਡਾੳਂੁਦੀ ਜਾ ਰਹੀ ਹੈ। ਅਧਿਆਪਕਾਂ ਨੂੰ ਜਿੰਮੇਵਾਰੀ, ਸਥਾਨਕ ਲੋਕਾਂ ਨੂੰ ਜਿੰਮੇਵਾਰੀ, ਸਮਾਜ ਸੇਵੀ ਸੰਸਥਾਵਾਂ ਨੂੰ ਜਿੰਮੇਵਾਰੀ ਦਾ ਇਹ ਸਾਰਾ ਢਕਵੰਜ ਲੋਕਾਂ ਦਾ ਸਕੂਲਾਂ ਨਾਲ ਸਰੋਕਾਰ ਵਧਾਉਣਾ ਨਹੀਂ ਹੈ ਜਾਂ ਉਨਾਂ ਦੀ ਹਿੱਸੇਦਾਰੀ ਰਾਹੀਂ ਸਕੂਲ ਪ੍ਰਬੰਧ ਵਿਉਂਤਣਾ ਨਹੀਂ ਹੈ ਸਗੋਂ ਸਰਕਾਰ ਦੀ ਅਸਲ ਜਿੰਮੇਵਾਰੀ ਤੋਂ ਭੱਜਣ ਲਈ ਹੈ। ਇਸ ਸਾਰੇ ਢਕਵੰਜ ਦੀ ਖਾਸੀਅਤ ਇਹ ਹੈ ਕਿ ਇਹ ਸਕੂਲਾਂ ਨੂੰ ਲਿਸ਼ਕਾਉਣ ਦੇ ਓਹਲੇ ਚ ਹੋ ਰਿਹਾ ਹੈ। ਇਹ ਭਰਮ ਸਿਰਜਿਆ ਜਾ ਰਿਹਾ ਹੈ ਕਿ ਜਿਵੇਂ ਕਿਤੇ ਰੰਗ ਬਰੰਗੇ ਕਰ ਦਿੱਤੇ ਗਏ ਇਹ ਸਕੂਲ ਸਾਡੇ ਕਿਰਤੀ ਲੋਕਾਂ ਦੇ ਬੱਚਿਆਂ ਦੇ ਭਵਿੱਖ ਚ ਵੀ ਰੰਗ ਭਰ ਦੇਣਗੇ। ਪਰ ਅਫਸੋਸ ਕਿ ਇਹ ਹੈ ਕਿ ਇਹ ਰੰਗ ਸਾਡੇ ਬੱਚਿਆਂ ਦੀ ਜਿੰਦਗੀ ਚ ਨਹੀਂ ਭਰੇ ਜਾ ਰਹੇ। ਸਰਕਾਰੀ ਸਕੂਲਾਂ ਦੀ ਇਹ ਹਾਲਤ ਅਜਿਹੀ ਹੈ ਕਿ ਉੱਪਰੋਂ ਰੰਗ ਰੋਗਨ ਕਰ ਦਿੱਤਾ ਗਿਆ ਹੈ ਤੇ ਅੰਦਰੇ ਅੰਦਰ ਸਿਉਂਕ ਇਸ ਸਰਕਾਰੀ ਸਕੂਲ ਢਾਂਚੇ ਨੂੰ ਖੋਖਲਾ ਕਰਦੀ ਤੁਰੀ ਜਾ ਰਹੀ ਹੈ। ਇਹ ਸਿਉਂਕ ਗਿਣਮਿਥ ਕੇ ਤਹਿ ਕੀਤੀ ਸਰਕਾਰੀ ਬੇਰੁਖ਼ੀ ਦੀ ਹੈ। ਖ਼ਤਰਨਾਕ ਗੱਲ ਇਹ ਹੈ ਕਿ ਇਹ ਬੇਰੁਖ਼ੀ ਵਧੇ ਹੋਏ ਸਰੋਕਾਰ ਦੇ ਪਰਦੇ ਹੇਠ ਛੁਪਾਈ ਹੋਈ ਹੈ। ਸਕੂਲਾਂ ਨੂੰ ਚਲਾਉਣ ਵਾਲੇ ਅਸਲ ਖੇਤਰ ਹਕੂਮਤੀ ਬੇਰੁਖ਼ੀ ਦਾ ਸ਼ਿਕਾਰ ਹਨ। ਹਕੂਮਤੀ ਸਰੋਕਾਰ ਅਸਲ ਚ ਵਿੱਦਿਅਕ ਮਾਹੌਲ ਨੂੰ ਮੇਸਣ ਦਾ ਹੈ। ਸਭ ਤੋਂ ਬੁਨਿਆਦੀ ਜਰੂਰਤਾਂ ਜਿਵੇਂ ਕਿ ਅਧਿਆਪਕਾਂ ਦੀਆਂ ਪੋਸਟਾਂ ਦੀ ਗਿਣਤੀ ਤੇ ਉਨਾਂ ਲਈ ਛੇ ਘੰਟੇ ਵਾਸਤੇ ਬੱਚਿਆਂ ਤੇ ਧਿਆਨ ਕੇਂਦਰਤ ਕਰਨ ਦਾ ਮਾਹੌਲ ਦਿੱਤੇ ਤੋਂ ਬਿਨਾਂ ਹੀ ਮਗਰੋਂ ਦੇ ਦੋਮ ਦਰਜੇ ਦੇ ਕੰਮਾਂ ਨੂੰ ਮੁੱਖ ਬਣਾ ਦਿੱਤਾ ਗਿਆ ਹੈ। ਕਲੈਰੀਕਲ ਕੰਮਾਂ ਦੀ ਵੰਨਗੀ ਚ ਆਉਂਦੇ ਇਨਾਂ ਕੰਮਾਂ ਨੂੰ ਸਕੂਲਾਂ ਅੰਦਰ ਅਜਿਹੇ ਮੁੱਖ ਸਥਾਨ ਤੇ ਰੱਖ ਦਿੱਤਾ ਗਿਆ ਹੈ ਜਿਸ ਨੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ  ਬੁਰੀ ਤਰਾਂ ਤਬਾਹ ਕੀਤਾ ਹੈ। ਅੰਕੜਿਆਂ ਦੀ ਪੇਸ਼ਕਾਰੀ ਨੂੰ ਵਿੱਦਿਅਕ ਪ੍ਰਾਪਤੀਆਂ ਦਾ ਪੈਮਾਨਾ ਬਣਾ ਦਿੱਤਾ ਗਿਆ ਹੈ। ਅਜਿਹਾ ਕਰਨ ਲਈ ਸਰਕਾਰ ਕੁਝ ਰਕਮਾਂ ਖਰਚ ਵੀ ਕਰ ਦੇਵੇ ਤਾਂ ਕੀ ਹੈ। ਆਖ਼ਰ ਸੁਧਾਰ’’ ਜੋ ਕਰਨੇ ਹਨ।

 ਇਸ ਸਾਰੇ ਅਡੰਬਰ ਨੂੰ  ਸੌਖੇ ਢੰਗ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਜੇਕਰ ਬੀਜੀ ਹੋਈ ਫਸਲ ਨੂੰ ਪਾਣੀ ਲਾਉਣ, ਗੋਡੀ ਕਰਨ ਤੇ ਸਾਰੀ ਪਾਲਣਾ ਪੋਸ਼ਣਾ ਕਰਨ ਦੇ ਕੰਮਾਂ ਲਈ ਲੋੜੀਂਦਾ ਸਮਾਂ ਦੇਣ  ਦੀ ਥਾਂ ਕਿਸਾਨ ਨੂੰ ਇਹ ਸਭ ਕੁਝ ਕੀਤਾ ਦਿਖਾਉਣ ਲਈ ਚਾਰਟ ਬਣਾਉਣ ਦੇ ਕੰਮਾਂ ਤੇੇ ਲਾ ਦਿੱਤਾ ਜਾਵੇ। ਕਿਸਾਨ ਵਾਸਤੇ ਫਸਲ ਪਾਲਣ ਵਾਲੇ ਕੰਮਾਂ ਨਾਲੋਂ ਜਿਆਦਾ ਫਿਕਰ ਪਾਣੀ ਲਾਉਣ, ਗੋਡੀ ਕਰਨ, ਸਪਰੇਅ ਕਰਨ ਵਰਗੇ ਕੰਮਾਂ ਨੂੰ ਚਾਰਟਾਂ ਰਾਹੀਂ ਦਿਖਾਉਣ ਦਾ ਹੋਵੇ ਤੇ ਇਸ ਚੱਕਰ ਚ ਉਹਦਾ ਝਾੜ ਚਾਹੇ ਅੱਧਾ ਰਹਿ ਜਾਵੇ। ਇਸ ਵੇਲੇ ਕੁਝ ਅਜਿਹੀ ਹਾਲਤ ਹੀ ਸਰਕਾਰੀ ਸਕੂਲਾਂ ਦੀ ਹੈ। ਪੜਾਉਣ ਨਾਲੋਂ ਜਿਆਦਾ ਊਰਜਾ ਤੇ ਸਮਾਂ ਪੜਾਏ ਹੋਏ ਦੀ ਪੇਸ਼ਕਾਰੀ ਤੇ ਰਿਪੋਰਟਿੰਗ ਕਰਨ ਤੇੇ ਖਰਚ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਵਿਦਿਆਰਥੀਆਂ ਨੂੰ ਪੜਾਉਣ ਲਈ  ਲੋੜੀਂਦੇ ਸਮੇਂ ਤੇ ਊਰਜਾ ਤੇੇ ਕੱਟ ਲਾ ਕੇ ਕੀਤਾ ਜਾ ਰਿਹਾ ਹੈ।     ਇਹ ਵਰਤਾਰਾ ਅਧਿਆਪਕਾਂ ਨੂੰ ਵਧੇਰੇ ਕੁਸ਼ਲ ਤੇ ਵਧੇਰੇ ਮੁਸਤੈਦ ਬਣਾਉਣ ਦੇ ਪਰਦੇ ਹੇਠ ਵਾਪਰ ਰਿਹਾ ਹੈ। ਇਹ ਕੁਸ਼ਲਤਾ ਤੇ ਮੁਸਤੈਦੀ ਕਿਸੇ ਲੁਟੇਰੀ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮਾਂ ਵਾਂਗੂੰ ਸਿਰਜੀ ਜਾ ਰਹੀ ਹੈ ਜਿਥੇ ਸੇਵਾ ਭਾਵਨਾ ਦਾ ਕੋਈ ਅੰਸ਼ ਮਾਤਰ ਲੱਭਣਾ ਵੀ ਔਖਾ ਹੁੰਦਾ ਹੈ। ਜਿੱਥੇ ਮੁਲਾਜ਼ਮ ਆਪਣੇ ਉੱਪਰਲੇ ਅਧਿਕਾਰੀਆਂ ਨੂੰ ਖ਼ੁਸ਼ ਕਰਨ ਲਈ ਹਰ ਤਰਾਂ ਦੀਆਂ ਵਿਉਂਤਾਂ ਘੜਦੇ ਹਨ। ਬਿਹਤਰ ਵਿਉਂਤਬੰਦੀਆਂ ਦੇ ਮਾਹਰ ਕਾਮਯਾਬ ਦਿਖਦੇ ਹਨ ਜਦਕਿ ਅਧਿਆਪਨ ਲਈ ਲੋੜੀਂਦੇ ਗੁਣਾਂ ਵਾਲੇ ਕੱਖੋਂ ਹੌਲੇ ਹੋ ਜਾਂਦੇ ਹਨ।

                ਜੋ ਇਨਾਂ ਸਕੂਲਾਂ ਚ ਵਾਪਰ ਰਿਹਾ ਹੈ ਇਹ ਸਾਡੇ ਸਮਾਜ ਲਈ ਅਜੇ ਕੋਈ ਮਸਲਾ ਨਹੀਂ ਹੈ। ਬਸ ਕੱਝ ਕੁ ਚੇਤਨ ਤੇ ਸੂਝਵਾਨ ਅਧਿਆਪਕਾਂ ਲਈ ਹੀ ਹੈ, ਬਾਕੀ ਦਾ ਅਧਿਆਪਕ ਵਰਗ ਉਪਰੋਂ ਆਏ ਹੁਕਮਾਂ ਨੂੰ ਜਾਂ ਸਿਰ ਸੁੱਟ ਕੇ ਮੰਨ ਲੈਂਦਾ ਹੈ ਜਾਂ ਫਿਰ ਬੁੜਬੁੜ ਕਰ ਛੱਡਦਾ ਹੈ। ਜ਼ਿਆਦਾ ਸਾਹ ਬੰਦ ਹੋਣ ਤੇੇ ਧਰਨੇ ਵੀ ਲਾ ਲੈਂਦਾ ਹੈ, ਜ਼ਰਾ ਕੁ ਸਾਹ ਸੌਖਾ ਹੋ ਜਾਣ ਤੇੇ ਫਿਰ ਉਸੇ ਰੁਟੀਨ ਚ ਜੁਟ ਜਾਂਦਾ ਹੈ।

                 ਸਮਾਜ ਦਾ ਵੱਡਾ ਹਿੱਸਾ ਪਹਿਲਾਂ ਹੀ ਸਰਕਾਰੀ ਸਕੂਲਾਂ ਤੋਂ ਮੁੱਖ ਮੋੜ ਚੁੱਕਿਆ ਹੈ, ਜੀਹਦੇ ਕੋਲ ਜ਼ਰਾ ਜਿੰਨੀ ਵੀ ਪਰੋਖੋਂ ਹੈ ਉਹੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਭੇਜਦਾ ਹੈ ਹਰ ਪਰਿਵਾਰ ਦੀ ਜੇਬ ਦੇ ਅਨੁਸਾਰੀ ਸਮਰੱਥਾ ਵਾਲੇ ਨਿੱਜੀ ਸਕੂਲ ਮੌਜੂਦ ਹਨ ਹੁਣ ਸਰਕਾਰੀ ਸਕੂਲਾਂ ਚ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਬੱਚੇ ਹੀ ਪੜਦੇ ਹਨ। ਇਸ ਤਬਕੇ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਦੀ ਵੀ ਸਮੱਸਿਆ ਹੈ। ਇਹ ਲੋਕ ਆਪਣੇ ਬੱਚਿਆਂ ਦੀਆਂ ਵਿੱਦਿਅਕ ਸੰਸਥਾਵਾਂ ਤੇ ਉਨਾਂ ਦੀਆਂ ਸਮੱਸਿਆਵਾਂ ਬਾਰੇ ਖਾਸ ਕਰਕੇ ਅਧਿਆਪਨ ਤੇ ਵਿਦਿਅਕ ਮਹੌਲ ਬਾਰੇ ਸੋਚਣ ਵਿਚਾਰਨ ਦੀ ਹਾਲਤ ਚ ਹੀ ਨਹੀਂ ਹਨ।

                ਸਰਕਾਰੀ ਸਕੂਲਾਂ ਦੀ ਇਹ ਪੂਰੀ ਦੀ ਪੂਰੀ ਹੋ ਰਹੀ ਢਾਂਚਾ ਬਦਲੀ ਨਾ ਸਾਡੇ ਸਮਾਜ ਦਾ ਸਰੋਕਾਰ ਹੈ ਨਾ ਸਮਾਜ ਦੀ ਭਾਰੂ ਸਿਆਸਤ ਦਾ। ਪਰ ਇਸ ਮਾਹੌਲ ਦੇ ਅਸਰ ਬਹੁਤ ਦੂਰ ਰਸ ਹੋਣਗੇ, ਅਧਿਆਪਕ ਵਿਦਿਆਰਥੀ ਜਥੇਬੰਦੀਆਂ ਨੂੰ ਇਸ ਮਾਹੌਲ ਬਾਰੇ ਚੇਤਨ ਹੋਣ ਤੇ ਲੋਕਾਂ ਨੂੰ ਚੇਤਨ ਕਰਨ ਦੀ ਜਰੂਰਤ ਹੈ। ਅਧਿਆਪਕਾਂ ੳੱੁਪਰ ਵਧ ਰਹੇ ਕੰਮ ਬੋਝ ਚੋਂ ਨਿਕਲਦੀਆਂ  ਮੰਗਾਂ ਨੂੰ ਸਰਕਾਰੀ ਸਕੂਲੀ ਸਿੱਖਿਆ ਢਾਂਚੇ ਦੀ ਤਬਾਹੀ ਦੇ ਮੁੱਦਿਆਂ ਨਾਲ ਜੋੜ ਕੇ ਪੇਸ਼ ਕਰਨ ਦੀ ਜ਼ਰੂਰਤ ਹੈ। ਸਕੂਲਾਂ ਦੀ ਬਦਲੀ ਤਸਵੀਰ ਪਿਛਲੇ ਸੱਚ ਨੂੰ ਲੋਕਾਂ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਅਧਿਆਪਕਾਂ ਦੇ ਹੱਕਾਂ ਤੇ ਵਿਦਿਆਰਥੀਆਂ ਦੇ ਸਿੱਖਿਆ ਦੇ ਹੱਕ ਦੀਆਂ ਲੋੜਾਂ ਨੂੰ ਵੱਧ ਤੋਂ ਵੱਧ ਜੋੜ ਕੇ ਉਭਾਰਨਾ ਚਾਹੀਦਾ ਹੈ।     

 

No comments:

Post a Comment