ਸੇਵੇਵਾਲਾ ਦੇ ਸਹੀਦਾਂ ਦਾ ਲਹੂ
- ਅਮੋਲਕ ਸਿੰਘ
ਕਿਰਤੀ ਕਿਸਾਨਾਂ ਦੀ ਜੋਟੀ ਪਾਉਂਦਾ ਹੈ
ਇਹ ਨੌਜਵਾਨਾਂ ਸੰਗ ਗੀਤ ਗਾਉਂਦਾ ਹੈ
ਕਾਲੀਆਂ ਹਵਾਵਾਂ ਨੂੰ ਵੰਗਾਰਦਾ ਹੈ
ਦੋ ਮੂੰਹੇਂ ਨਾਗਾਂ ਨੂੰ ਲਲਕਾਰਦਾ ਹੈ
ਇਹ ਸਾਹੀਨ ਬਾਗ ਦੀ ਖੁਸਬੋ ਹੈ
ਯੂਨੀਵਰਸਿਟੀ ਚ ਜਗਦੇ ਦੀਵੇ ਦੀ ਲੋਅ ਹੈ
ਇਹ ਜਾਮੀਆਂ ਮਿਲੀਆ ਕੰਧਾਂ ਤੇ ਬੋਲ ਲਿਖੇ
ਹਾਕਮ ਨੇ ਫੇਰੀਆਂ ਕੂਚੀਆਂ ਪਰ ਨਾ ਮਿਟੇ
ਇਹ ਲਹੂ ਦਾ ਅਤੇ ਮਿੱਟੀ ਦਾ ਗੀਤ ਹੈ
ਇਹ ਰੰਗ ਮੰਚ,ਇਹ ਲੋਕ- ਸੰਗੀਤ ਹੈ
ਇਹ ਬਰਨਾਲੇ ਦੀ ਜੇਲ ਅੱਗੇ ਗੱਜਦਾ ਹੈ
ਇਹ ਦਿੱਲੀ ਦੀ ਹਿੱਕ ‘ਚ ਜਾ ਵੱਜਦਾ ਹੈ
ਇਹ ਖੈਰਤ ਨਹੀਂ, ਹੱਕ ਮੰਗਦਾ ਹੈ
ਜਰਵਾਣਿਆਂ ਦੇ ਬਾਰ ਮੂਹਰੇ ਖੰਘਦਾ ਹੈ
ਕਿਵੇਂ ਰੱਖ ਲਊ ਕਰੋਨਾ ਇਹਨੂੰ ਘਰੇ ਤਾੜਕੇ
ਸੱਚ ਉੱਗ ਪੈਂਦਾ ਪੱਥਰਾਂ ਦੀ ਹਿੱਕ ਪਾੜ ਕੇ
ਇਹ ਖਾਮੋਸੀ ਅਤੇ ਸਾਊਪੁਣੇ ਨੂੰ ਨਕਾਰਦਾ
ਸਰਹਿੰਦ ਦੀਆਂ ਨੀਹਾਂ ਵਿੱਚੋਂ ਹੈ ਵੰਗਾਰਦਾ
ਇਹ ਚਾਂਦਨੀ ਚੌਕ ਵਿੱਚੋਂ ਹੈ ਬੋਲਦਾ
ਡੂੰਘੇ ਪੱਤਣਾਂ ਦੇ ਹੇਠਾਂ ਏਹੇ ਰਹੇ ਖੌਲਦਾ
ਉਹਨਾਂ ਜਾਬਰਾਂ ਦੀ ਇਹਨੇ ਛਾਤੀ ਨਾਪੀ ਹੈ
ਜਿਹਨਾਂ ਨੂੰ ਸਮੁੰਦਰਾਂ ਦੇ ਪਾਰੋਂ ਥਾਪੀ ਹੈ
ਵੈਣ ਪਾਉਂਦੀਆਂ ਟਰਾਲੀਆਂ ਦੇ ਵਿੱਚ ਵਸਦਾ
ਲੇਖੇ ਮੋਰਚੇ ਦੇ ਲੱਗਿਆਂ ਦੀ ਕਥਾ ਦੱਸਦਾ
ਏਹੇ ਲਿਖਦਾ ਇਬਾਰਤ ਹੈ ਅੱਜ ਕੱਲ ਦੀ
ਏਹੇ ਦੱਸਦਾ ਏ ਦਾਰੂ ਜੀ ਦੁੱਖਾਂ ਦੇ ਹੱਲ ਦੀ
ਕਾਮਿਆਂ ਦੀ ਜਿੰਦ ਨੂੰ ਦੁੱਖਾਂ ਨੇ ਪਿੰਜਿਆ
ਸੇਵੇਵਾਲੇ ਡੁੱਲੀ ਰੱਤ ਨੇ ਲਹਿਰਾਂ ਨੂੰ ਸਿੰਜਿਆ
ਲੰਮ ਤੇ ਸਲੰਮਾ ਪੈਂਡਾ ਲੋਕ- ਜੰਗ ਦਾ
ਕਾਮਿਆਂ ਤੇ ਕਲਮਾਂ ਦਾ ਸਾਥ ਮੰਗਦਾ
ਸਮਿਆਂ ਦਾ ਇਹੋ ਹੈ ਪੈਗਾਮ ਬੇਲੀਓ
ਸਾਡੀ ਮੁਕਤੀ ਦਾ ਰਾਹ ਸੰਗਰਾਮ ਬੇਲੀਓ
No comments:
Post a Comment