ਔਰਤ ਦਿਹਾੜਾ ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼
ਅੱਜ ਜਦੋਂ ਔਰਤ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਖੇਤੀ
ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਨਾਲ ਕਿਸਾਨੀ
ਦਾ ਮੱਥਾ ਲੱਗਿਆ ਹੋਇਆ ਹੈ। ਇਸ ਦਿਹਾੜੇ ਮੌਕੇ ਇਨਾਂ ਸਾਮਰਾਜੀ ਕੰਪਨੀਆਂ ਤੇ ਦੇਸੀ ਦਲਾਲ
ਕਾਰਪੋਰੇਟਾਂ ਨਾਲ ਔਰਤ ਦੁਸ਼ਮਣੀ ਦੀ ਲਕੀਰ ਯਾਦ ਰੱਖੀ ਜਾਣੀ ਚਾਹੀਦੀ ਹੈ। ਇਨਾਂ ਸਾਮਰਾਜੀ ਕੰਪਨੀਆਂ
ਨੇ ਸਮਾਜ ਅੰਦਰ ਔਰਤ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈ ਕੇ ਸਭ ਤੋਂ ਵਧਕੇ ਉਸ ਦੀ ਕਿਰਤ ਲੁੱਟੀ
ਹੈ। ਤੇ ਉਸ ਦੀ ਦਾਬੇ ਤੇ ਵਿਤਕਰਿਆਂ ਭਰੀ ਜ਼ਿੰਦਗੀ ਨੂੰ ਹੋਰ ਵਧੇਰੇ ਦੁੱਭਰ ਬਣਾਇਆ ਹੈ । ਦੂਜੇ
ਪਾਸੇ ਉਸ ਨੂੰ ਜਗੀਰੂ ਦਾਬੇ ਤੋਂ ਮੁਕਤੀ ਦੇ ਨਾਂ ਥੱਲੇ ਬਾਜ਼ਾਰ ਅੰਦਰ ਆਪਣਾ ਮਾਲ ਵੇਚਣ ਵਾਲੀ ਇੱਕ
ਵਸਤ ’ਚ ਤਬਦੀਲ ਕਰ ਦਿੱਤਾ ਹੈ। ਅੱਜ
ਸੰਸਾਰ ਅੰਦਰ ਸਾਮਰਾਜਵਾਦ ਔਰਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਪਿਛਾਖੜੀ ਜਗੀਰੂ ਤਾਕਤਾਂ
ਨਾਲ ਗੱਠਜੋੜ ਰਾਹੀਂ ਔਰਤਾਂ ਨੂੰ ਗ਼ੁਲਾਮੀ ਦੇ ਸੰਗਲਾਂ ਵਿਚ ਜਕੜ ਕੇ ਰੱਖ ਰਿਹਾ ਹੈ। ਅੱਜ
ਸਾਮਰਾਜਵਾਦ ਤੇ ਉਸ ਦੇ ਦੇਸੀ ਜੋਟੀਦਾਰ ਔਰਤ ਲਹਿਰ ਦਾ ਚੋਟ ਨਿਸ਼ਾਨਾ ਬਣਦੇ ਹਨ ।
ਔਰਤ ਹੱਕਾਂ ਦੀ ਲਹਿਰ ਦੇ ਅੱਗੇ ਵਧਣ ਖਾਤਰ ਔਰਤਾਂ ਨੂੰ
ਇਸ ਦੁਸ਼ਮਣੀ ਦੀ ਪਛਾਣ ਕਰਨੀ ਬਹੁਤ ਜਰੂਰੀ ਹੈ। ਖੇਤੀ ਕਾਨੂੰਨਾਂ ਦਾ ਇਹ ਹੱਲਾ ਇਸ ਦੁਸ਼ਮਣੀ ਦੀ
ਲਕੀਰ ਨੂੰ ਹੋਰ ਗੂੜੀ ਕਰ ਰਿਹਾ ਹੈ। ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਤੇ ਔਰਤ ਹੱਕਾਂ ਲਈ ਸੰਘਰਸ਼
ਜੁੜਵੇਂ ਤੇ ਗੁੰਦਵੇਂ ਸੰਘਰਸ਼ ਬਣਦੇ ਹਨ। ਅੱਜ ਦਾ ਔਰਤ ਦਿਹਾੜਾ ਇਹਨਾਂ ਸੰਘਰਸ਼ਾਂ ਨੂੰ ਹੋਰ ਵਧੇਰੇ ਇਕਜੁੱਟ ਕਰਨ ਦਾ ਸੰਦੇਸ਼
ਦਿੰਦਾ ਹੈ।
No comments:
Post a Comment