ਕਾਰੋਬਾਰੀ ਸਿਆਸਤਦਾਨਾਂ ਦਾ ਦੌਰ
ਸਾਡੇ ਸਿਆਸਤਦਾਨਾਂ ਲਈ ਸਿਆਸਤ ਇੱਕ ਮੁਨਾਫਾਮੁਖੀ ਕਾਰੋਬਾਰ ਹੈ। ਇਹ ਸਧਾਰਨ ਢੰਗ ਨਾਲ ਕੀਤੀ ਕਿਰਤ ਵਰਗਾ ਕਿਰਤ ਮੁੱਖੀ ਕਿੱਤਾ ਨਹੀਂ ਸਗੋਂ ਇਹ ਤਾਂ ਦਲਾਲੀਆਂ ਛਕਣ-ਛਕਾਉਣ ਦਾ ਧੰਦਾ ਹੈ। ਇਹ ਸੱਚਾਈ ਸਭ ਨੂੰ ਪਤਾ ਹੈ ਪਰ ਜਦੋਂ ਇਹਦੇ ਕੁਝ ਅੰਸ਼ ਕਿਸੇ ਸਿਆਸਤਦਾਨ ਦੇ ਆਪਣੇ ਮੂੰਹੋਂ ਪ੍ਰਗਟ ਹੁੰਦੇ ਹਨ ਤਾਂ ਗੱਲ ਦਿਲਚਸਪ ਹੋ ਜਾਂਦੀ ਹੈ।
ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਆਪਣੀ ਇਕ ਇੰਟਰਵਿਊ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਪ੍ਰਸੰਗ ’ਚ ਕਹਿ ਰਿਹਾ ਹੈ ਕਿ ਨਾ ਹੁਣ ਮੈਂ ਮੂੰਗਫਲੀ ਦੀ ਰੇਹੜੀ ਲਾ ਸਕਦੈਂ, ਨਾ ਮੈਨੂੰ ਖੇਤੀ ਕਰਨੀ ਆਉਂਦੀ ਆ, ਮੈਨੂੰ ਤਾਂ ਸਿਆਸਤ ਈ ਆਉੰਦੀ ਆ ਤੇ ਮੈਂ ਇਹੀ ਕਰਨੀ ਆ। ਜਦੋਂ ਮੈਂ ਲੋਕਾਂ ਕੋਲ ਜਾਣਾ ਹੈ ਤਾਂ ਫਿਰ ਜੋ ਮੈਂ ਚੋਣਾਂ ਤੋਂ ਪਹਿਲਾਂ ਕਿਹਾ ਸੀ, ਉਹਦਾ ਕੁਝ ਨਾ ਕੁਝ ਤਾਂ ਬਣਾ ਕੇ ਹੀ ਜਾਣਾ ਪਊ।ਲੋਕ ਸੇਵਾ ਦੇ ਦਾਅਵਿਆਂ ਦੇ ਪਰਦੇ ’ਚੋਂ ਵੀ ਸੱਚ ਬਹੁਤ ਸੁਭਾਵਕਤਾ ਨਾਲ ਮੂੰਹੋਂ ਪਰਗਟ ਹੋ ਰਿਹਾ ਹੈ। ਕਿਉਂਕਿ ਹਰ ਕਾਰੋਬਾਰ ਦੇ ਆਪਣੇ ਅਸੂਲ ਹਨ ਤੇ ਸਿਆਸਤ ਦੇ ਕਾਰੋਬਾਰ ’ਚ ਲੋਕਾਂ ਕੋਲ ਜਾਣਾ ਮਜਬੂਰੀ ਹੁੰਦੀ ਹੈ। ਮੰਤਰੀ ਸਾਹਿਬ ਆਪਣੇ ਇਸ ਕਾਰੋਬਾਰ ਦੀ ਮਜਬੂਰੀ ਜ਼ਾਹਰ ਕਰ ਰਹੇ ਹਨ। ਮੰਤਰੀ ਵੱਲੋਂ ਸਹਿਜ ਭਾਅ ਕੀਤੀ ਇਸ ਟਿੱਪਣੀ ਦੀਆਂ ਪਰਤਾਂ ਨੂੰ ਫਰੋਲੀਏ ਤਾਂ ਇੱਕ ਲੰਮੀ ਲਿਖਤ ਦਾ ਮਸਲਾ ਬਣ ਜਾਂਦਾ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ
- ਇਹ ਸਾਡੇ ਮੰਤਰੀ ਵੱਲੋਂ ਅਚੇਤ ਹੀ ਕੀਤਾ ਗਿਆ ਇਕਬਾਲ ਵੀ ਹੈ ਕਿ ਸਾਡੇ ਸਿਆਸਤਦਾਨਾਂ ਲਈ ਸਿਆਸਤ ਦੇ ਅਰਥ ਕੀ ਹਨ। ਉਂਜ ਕਿੰਨੇ ਹੀ ਨੌਜਵਾਨ ਸਿਆਸਤ ਅੰਦਰ ਨਿੱਤਰਨ ਦਾ ਆਪਣਾ ਮਕਸਦ ਇਸਤੋਂ ਕਿਤੇ ਵਧੇਰੇ ਸਪਸ਼ਟਤਾ ਨਾਲ ਐਲਾਨ ਰਹੇ ਹਨ, ਉਹਨਾਂ ਲਈ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਮੁਕਾਬਲੇ ਸਿਆਸਤ ਅੰਦਰ ਕੈਰੀਅਰ ਬਣਾਉਣਾ ਤਰਜੀਹੀ ਚੋਣ ਬਣਦਾ ਹੈ ਕਿਉਂਕਿ ਪੈਸੇ ਦੇ ਨਾਲ ਨਾਲ ਚੌਧਰ ਤੇ ਸ਼ੋਹਰਤ ਵਾਧੂ ਮਿਲਦੀ ਹੈ। ਮਸਲਾ ਤਾਂ ਇਹ ਹੈ ਕਿ ਇਹ ਐਲਾਨ ਏਨੀ ਬੇਬਾਕੀ ਅਤੇ ਸਪਸ਼ਟਤਾ ਨਾਲ ਕੀਤੇ ਜਾਂਦੇ ਹਨ ਕਿ ਸਾਡੇ ਸਮਾਜ ਨੂੰ ਇਨ੍ਹਾਂ ’ਤੇ ਕੋਈ ਇਤਰਾਜ਼ ਨਹੀਂ ਹੁੰਦਾ। ਪਹਿਲੇ ਜ਼ਮਾਨਿਆਂ ’ਚ ਕਾਰੋਬਾਰੀਆਂ ਤੇ ਸਿਆਸਤਦਾਨਾਂ ਦਰਮਿਆਨ ਇੱਕ ਵਿੱਥ ਮੌਜੂਦ ਰਹਿੰਦੀ ਸੀ। ਚਾਹੇ ਉਦੋਂ ਵੀ ਲੁਟੇਰੇ ਸਰਮਾਏਦਾਰਾਂ ਦੀ ਸੇਵਾ ਲਈ ਸਿਆਸਤ ਕੀਤੀ ਜਾਂਦੀ ਸੀ ਪਰ ਇਹਦਾ ਉਦੇਸ਼ ਏਨਾ ਜ਼ਾਹਰਾ ਨਹੀਂ ਸੀ ਹੁੰਦਾ।
ਸਿਆਸਤ ਦੇ ਕਾਰੋਬਾਰ ਦੀ ਪੱਧਰ ਤਕ ਚਲੇ ਜਾਣ ਦੀ ਇਹ ਹਾਲਤ ਸਾਡੇ ਮੁਲਕ ਦੀ ਹਾਕਮ ਜਮਾਤੀ ਸਿਆਸਤ ਦੇ ਅਗਲੇ ਨਿਘਾਰ ਦਾ ਸ਼ੀਸ਼ਾ ਹੈ। ਪਰ ਇਹ ਸ਼ੀਸ਼ਾ ਅਜੇ ਲੋਕਾਂ ਨੂੰ ਦਿਖਣ ਨਹੀਂ ਲੱਗਿਆ। ਲੋਕਾਂ ਦੀ ਨੀਵੀਂ ਸਮਾਜੀ -ਸਿਆਸੀ ਚੇਤਨਾ ਦੀਆਂ ਐਨਕਾਂ ਨੂੰ ਇਹ ਵਰਤਾਰਾ ਰੜਕਦਾ ਨਹੀਂ ਹੈ। ਸਗੋਂ ਸਾਡੇ ਸਮਾਜਿਕ ਕਦਰ ਪ੍ਰਬੰਧ ਦੇ ਪੱਧਰ ਤਕ ਇਹ ਗੱਲ ਏਨੀ ਸੁਭਾਵਕ ਹੋ ਚੁੱਕੀ ਹੈ ਕਿ ਲੋਕਾਂ ਅੰਦਰ ਜੜ੍ਹਾਂ ਜਮ੍ਹਾ ਚੁੱਕੇ ਇਹਨਾਂ ਸੰਸਕਾਰਾਂ ਤੋਂ ਹੀ ਇਹ ਹਾਕਮ ਜਮਾਤੀ ਸਿਆਸਤ ਤਕੜਾਈ ਲੈਂਦੀ ਹੈ। ਇੱਥੋਂ ਤੱਕ ਕਿ ਹੁਣ ਬਿਜ਼ਨਸਮੈਨ ਤੇ ਸਿਆਸਤਦਾਨ ਦੋ ਵੱਖ ਵੱਖ ਵਿਅਕਤੀ ਨਾ ਹੋ ਕੇ ਇੱਕੋ ਵਿਅਕਤੀ ’ਚ ਦੋਵੇਂ ਕੁਝ ਮੌਜੂਦ ਹੁੰਦਾ ਹੈ, ਕੋਈ ਓਹਲਾ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ, ਪੰਜਾਬ ਅੰਦਰ ਬਾਦਲ ਪਰਿਵਾਰ ਇਸ ਵਰਤਾਰੇ ਦੇ ਚੋਟੀ ਦੇ ਨੁਮਾਇੰਦੇ ਵਜੋਂ ਸਥਾਪਤ ਹੈ । ਉਂਜ ਇਹ ਸੂਚੀ ਬਹੁਤ ਲੰਮੀ ਹੈ ਪਰ ਲੋਕਾਂ ਤਰਫੋਂ ਇਸ ਵਰਤਾਰੇ ਨੂੰ ਕੋਈ ਚੁਣੌਤੀ ਮੌਜੂਦ ਨਹੀਂ ਹੈ। ਸਗੋਂ ਟੂ ਇਨ ਵਨ ਦਾ ਇਹ ਵਰਤਾਰਾ ਥਰੀ ਇਨ ਵਨ ਤਕ ਪਹੁੰਚ ਚੁੱਕਿਆ ਹੈ ਭਾਵ ਹੁਣ ਇਹਦੇ ਵਿੱਚ ਗੁੰਡਾਗਰਦੀ ਵਾਲਾ ਪੱਖ ਵੀ ਸ਼ਾਮਲ ਹੋ ਚੁੱਕਿਆ ਹੈ। ਸਿਰੇ ਦੀ ਹੱਦ ਤਕ ਨਸ਼ਰ ਹੋ ਜਾਣ ਵਾਲਾ ਕੋਈ ਵਿਅਕਤੀ ਵਿਸ਼ੇਸ਼ ਚਾਹੇ ਮੌਕੇ ਦਰ ਮੌਕੇ ਲੋਕਾਂ ਦੀ ਔਖ ਦਾ ਪਾਤਰ ਬਣ ਜਾਂਦਾ ਹੈ ਪਰ ਸਿਆਸਤ ਦੇ ਨਿਘਾਰ ਦਾ ਇਹ ਵਰਤਾਰਾ ਪਰਵਾਨਿਤ ਨੇਮਾਂ ਵਾਂਗ ਸਥਾਪਤ ਹੋ ਰਿਹਾ ਹੈ। ਇਸੇ ਲਈ ਚੋਣਾਂ ਅੰਦਰ ਪਾਣੀ ਵਾਂਗ ਵਹਾਏ ਜਾਂਦੇ ਪੈਸੇ ਸਾਰਿਆਂ ਨੂੰ ਕਾਰੋਬਾਰ ’ਚ ਕੀਤਾ ਵਾਜਬ ਨਿਵੇਸ਼ ਜਾਪਦੇ ਹਨ। ਪਿੰਡ ਅੰਦਰ ਸਰਪੰਚੀ ਦੀ ਚੋਣ ਅੰਦਰ ਲੱਗ ਰਹੇ ਲੱਖਾਂ ਰੁਪਿਆਂ ਦੀ ਇਸ ਖੇਡ ਵਿਚ ਸਾਰਾ ਪਿੰਡ ਹਿੱਸੇਦਾਰ ਹੁੰਦਾ ਹੈ ਤੇ ਪੂਰੀ ਸਰਗਰਮੀ ਨਾਲ ਸ਼ਮੂਲੀਅਤ ਕਰਦਾ ਹੈ। ਪੇਂਡੂ ਚੌਧਰੀਆਂ ਨਾਲ ਵੱਖ ਵੱਖ ਗਰਜ਼ਾਂ ਨਾਲ ਬੱਝੇ ਲੋਕ, ਧਰਮਾਂ ਜਾਤਾਂ ਦੀਆਂ ਪਾਲਾਬੰਦੀਆਂ ’ਚ ਵੰਡੇ ਲੋਕ, ਵਾਅਦਿਆਂ ਲਾਰਿਆਂ ਨਾਲ ਭਰਮਾ ਲਏ ਜਾਂਦੇ ਲੋਕ, ਨਿੱਕੀਆਂ ਨਿੱਕੀਆਂ ਗਿਣਤੀਆਂ ’ਚ ਉਲਝੇ ਲੋਕ, ਗੱਲ ਕੀ ਵੱਖ ਵੱਖ ਬਰੀਕ ਤੰਦਾਂ ਨਾਲ ਲੁਟੇਰੇ ਹਾਕਮ ਧੜਿਆਂ ਦੇ ਜਾਲ ਚ ਉਲਝੇ ਲੋਕ ਅਚੇਤ ਹੀ ਇਸ ਵੱਡੇ ਭਰਮਾਊ ਨਾਟਕ ਦੇ ਪਾਤਰ ਹੋ ਨਿਬੜਦੇ ਹਨ। ਅਜਿਹਾ ਤਾਂ ਵਾਪਰਦਾ ਹੈ ਕਿਉਂਕਿ ਰਾਜ ਕਰਦੀਆਂ ਲੁਟੇਰੀਆਂ ਜਮਾਤਾਂ ਨੇ ਲੋਕਾਂ ਦੇ ਦਿਮਾਗ ਉੱਪਰ ਕਾਠੀ ਪਾਈ ਹੋਈ ਹੈ। ਲੋਕਾਂ ਦੀਆਂ ਸੋਚਾਂ ’ਤੇ ਅਜਿਹੇ ਵਿਚਾਰਾਂ/ਸੰਸਕਾਰਾਂ ਦੀ ਜਕੜ ਰਹਿੰਦਿਆਂ ਰਾਜ ਤੇ ਸਮਾਜ ਅੰਦਰ ਕੋਈ ਬੁਨਿਆਦੀ ਤਬਦੀਲੀ ਬਾਰੇ ਨਹੀਂ ਚਿਤਵਿਆ ਜਾ ਸਕਦਾ। ਅਜਿਹੀ ਤਬਦੀਲੀ ਲਈ ਇਨ੍ਹਾਂ ਵਿਚਾਰਾਂ/ਸੰਸਕਾਰਾਂ ਦਾ ਟੁੱਟਣਾ ਜਰੂਰੀ ਹੈ।
ਲੋਕਾਂ ਦੇ ਆਪਣੇ ਹੱਕਾਂ ਲਈ ਸੰਘਰਸ਼ ਅਜਿਹੇ ਸੰਸਕਾਰਾਂ/ਵਿਚਾਰਾਂ ਨੂੰ ਖੋਰਨ ਲਈ ਜ਼ਮੀਨ ਤਿਆਰ ਕਰਨ ਦਾ ਕੰਮ ਕਰਦੇ ਹਨ ਪਰ ਇਨ੍ਹਾਂ ਨੂੰ ਅੰਤਿਮ ਖੋਰਾ ਲੋਕ ਪੱਖੀ ਇਨਕਲਾਬੀ ਸਿਆਸਤ ਦੇ ਉੱਭਰਨ ਨਾਲ ਹੀ ਪੈ ਸਕਦਾ ਹੈ। ਦਿਨੋਂ ਦਿਨ ਨਿਘਰ ਰਹੀ ਲੋਕ ਦੁਸ਼ਮਣ ਹਾਕਮ ਜਮਾਤੀ ਸਿਆਸਤ ਦੇ ਮੁਕਾਬਲੇ ’ਤੇ ਖ਼ਰੀ ਲੋਕ ਪੱਖੀ ਇਨਕਲਾਬੀ ਤਬਦੀਲੀ ਦੀ ਸਿਆਸਤ ਹੀ ਲੋਕਾਂ ਨੂੰ ਇਸ ਪ੍ਰਭਾਵ ਚੋਂ ਕੱਢ ਸਕਦੀ ਹੈ। ਲੋਕਾਂ ਦੀ ਆਪਣੀ ਸਿਆਸਤ ਦੀ ਸਥਾਪਤੀ ਲਈ ਸਖਤ ਜੱਦੋ ਜਹਿਦ ਦਰਕਾਰ ਹੈ।
No comments:
Post a Comment