ਪਤਝੜ ਸਦਾ ਨਾ ਰਹਿਣੀ
ਮਹਿੰਦਰ ਸਾਥੀ
ਪਤਝੜ ਸਦਾ ਨਾ ਰਹਿਣੀ, ਆਉਣੀ ਬਹਾਰ ਆਖਰ
ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਆਖਰ
ਮੰਨਿਆ ਹੈ ਰਾਤ ਲੰਬੀ , ਗਹਿਰਾ ਬੜਾ ਹੈ ਨ੍ਹੇਰਾ
ਇਉਂ ਜਾਪਦੈ ਕਿ ਹੋਣਾ ਹੀ ਨਈਂ ਜਿਵੇਂ ਸਵੇਰਾ
ਅੱਜ ਵਕਤ ਵੇਖਦਾ ਹੈ, ਕਿੰਨਾ ਕੁ ਸਾਡਾ ਜੇਰਾ ?
ਨਾ ਹੌਂਸਲੇ ਦਾ ਛੱਡੀਂ ਇਹ ਝੂਲਦਾ ਫੁਰੇਰਾ
ਪਾਇਆ ਮੁਸੀਬਤਾਂ ਤੋਂ ਏਸੇ ਨੇ ਪਾਰ ਆਖਰ
ਪਤਝੜ ਸਦਾ ਨਾ ਰਹਿਣੀ..............................
ਇਹ ਵਾਵਰੋਲੇ ਵਹਿਸ਼ੀ ਨਫਰਤ ਦੀਆਂ ਹਵਾਵਾਂ
ਖੂਨੀ ਜਨੂੰਨੀ ਮੌਸਮ ਤੇ ਆਤਸ਼ੀ ਘਟਾਵਾਂ
ਰੁੱਖ ਆਲ੍ਹਣੇ ਤੇ ਪੰਛੀ , ਜੋ ਫੂਕ ਰਹੀਆਂ ਛਾਂਵਾਂ
ਬਰਬਾਦੀਆਂ ਇਹ ਬਦੀਆਂ, ‘ਬੰਦੇ-ਨੁਮ’ ਬਲਾਵਾਂ
ਕਿੰਨਾ ਵੀ ਜੋਰ ਲਾਵਣ, ਜਿੱਤੇਗਾ ਪਿਆਰ ਆਖਰ
ਪਤਝੜ ਸਦਾ ਨਾ ਰਹਿਣੀ..............................
ਰੋਹੀ ਦੇ ਰਾਹੀ ਵਾਂਗੂੰ , ਥੱਕ ਕੇ ਹਰਾਸ ਨਾ ਹੋ
ਸਾਥੀ ਵਿਛੜ ਗਏ ਨੇ , ਫਿਰ ਵੀ ਉਦਾਸ ਨਾ ਹੋ
ਛੱਡ ਆਸ ਦਾ ਨਾ ਪੱਲਾ, ਹਾਰਾਂ ਦੇ ਪਾਸ ਨਾ ਹੋ
ਨਾ ! ਹੋ ਨਿਰਾਸ ਨਾ ਹੋ ! ਜੀਵਨ ਤੋਂ ਲਾਸ ਨਾ ਹੋ
ਸੰਘਰਸ ਹੀ ਹੈ ਸਾਥੀ , ਜੀਵਨ ਦਾ ਸਾਰ ਆਖਰ
ਪਤਝੜ ਸਦਾ ਨਾ ਰਹਿਣੀ..............................
ਇਹ ਸਹਿਮ ਦਾ ਸਮੁੰਦਰ ਲਹਿਣਾ ਹੀ ਲਹਿਣਾ ਇਕ ਦਿਨ
ਚਿੜੀਆਂ ਨੇ ਬਾਜਾਂ ਦੇ ਗਲ, ਪੈਣਾ ਹੀ ਪੈਣਾ ਇਕ ਦਿਨ
ਸਤਿਆਂ ਦੇ ਰੋਹ ਦੇ ਹੜ੍ਹ ਨੇ, ਵਹਿਣਾ ਹੀ ਵਹਿਣਾ ਇਕ ਦਿਨ
ਜੁਲਮੋ -ਸਿਤਮ ਦਾ ਧੌਲਰ, ਢਹਿਣਾ ਹੀ ਢਹਿਣੈ ਇਕ ਦਿਨ
ਉੱਠਣਗੇ ‘ਸਾਥੀ’ ਖਾਕੋਂ ਇਹ ਖਾਕਸਾਰ ਆਖਰ
ਪਤਝੜ ਸਦਾ ਨਾ ਰਹਿਣੀ, ਆਉਣੀ ਬਹਾਰ ਆਖਰ
No comments:
Post a Comment