ਨੌਜਵਾਨਾਂ ਤੇ ਕਿਸਾਨ ਆਗੂਆਂ ਦੇ ਟਕਰਾਅ ਦਾ ਝੂਠਾ ਬਿਰਤਾਂਤ ਰੱਦ ਕਰੋ
ਕਿਸਾਨ ਸੰਘਰਸ਼ ਅੰਦਰ ਨੌਜਵਾਨਾਂ ਤੇ ਕਿਸਾਨ ਆਗੂਆਂ
ਵਿਚਕਾਰ ਟਕਰਾਅ ਦਾ ਬਿਰਤਾਂਤ ਇਕ ਝੂਠਾ ਬਿਰਤਾਂਤ ਹੈ। ਕਿਸਾਨ ਆਗੂ ਤਾਂ ਵਰਿਆਂ ਤੋਂ ਇਹ ਯਤਨ ਕਰਦੇ
ਆ ਰਹੇ ਹਨ ਕਿ ਕਿਸਾਨ ਲਹਿਰ ਦੀਆਂ ਸਫਾਂ ’ਚ ਨੌਜਵਾਨ ਖ਼ੂਨ ਦਾ
ਸੰਚਾਰ ਹੋਵੇ। ਕਈ ਜਥੇਬੰਦੀਆਂ ਵੱਲੋਂ ਇਹ ਯਤਨ ਕੀਤੇ ਗਏ ਹਨ। ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ
ਇਸ ਦਿਸ਼ਾ ’ਚ ਇਕਤਾਰ ਕੋਸ਼ਿਸ਼ਾਂ
ਜੁਟਾਈਆਂ ਗਈਆਂ ਹਨ ਤੇ ਨੌਜਵਾਨਾਂ ਨੂੰ ਜਥੇਬੰਦ ਕਿਸਾਨ ਲਹਿਰ ਦੀਆਂ ਮੋਹਰੀ ਸਫਾਂ ’ਚ ਲਿਆਉਣ ਨੂੰ ਇੱਕ ਅਹਿਮ ਕਾਰਜ ਵਜੋਂ ਵਿਉਂਤਿਆ ਗਿਆ
ਹੈ। ਉਨਾਂ ਨੂੰ ਆਗੂਆਂ ਵਜੋਂ ਵਿਕਸਤ ਕਰਨ ਲਈ ਸਿੱਖਿਆ ਸਿਖਲਾਈ ਦਾ ਅਮਲ ਚਲਾਇਆ ਗਿਆ ਹੈ। ਜਿਸ ਦੇ
ਸਿੱਟੇ ਵਜੋਂ ਅੱਜ ਕਈ ਨੌਜਵਾਨ ਕਿਸਾਨ ਆਗੂ ਜਥੇਬੰਦੀ ਦੀਆਂ ਮੋਹਰੀ ਸਫਾਂ ’ਚ ਰੋਲ ਨਿਭਾ ਰਹੇ ਹਨ। ਵੱਧ ਘੱਟ ਰੂਪ ਵਿੱਚ ਇਹ ਵਰਤਾਰਾ
ਹੋਰਨਾਂ ਜਥੇਬੰਦੀਆਂ ਅੰਦਰ ਵੀ ਦਿਖਦਾ ਹੈ। ਕਈ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੌਜਵਾਨ ਸਭਾਵਾਂ
ਲਈ ਵੱਖ ਵੱਖ ਮੌਕਿਆਂ ’ਤੇ ਸਹਾਰਾ ਬਣੀਆਂ ਹਨ।
ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜਥੇਬੰਦ ਹੋਣ ਦੀ ਜਾਗ ਲਾਈ ਤਾਂ ਫਿਰ ਨੌਜਵਾਨਾਂ ਨੂੰ ਇਸ ਸੰਘਰਸ਼ ਤੋਂ
ਬਾਹਰ ਰੱਖਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਭਲਾ ਕੀ ਅਧਾਰ ਬਣਦਾ ਹੈ?
ਇਹ ਦੋਸ਼ ਮੌਜੂਦਾ ਸੰਘਰਸ਼ ਦੀ ਤਕੜਾਈ ਦੇ ਗੰਭੀਰ
ਸਰੋਕਾਰਾਂ ਚੋਂ ਨਹੀਂ ਲਾਏ ਜਾ ਰਹੇ। ਇਨਾਂ ਦੋਸ਼ਾਂ ਦਾ ਮਕਸਦ ਤਾਂ ਨੌਜਵਾਨਾਂ ਦੇ ਨਾਂ ਹੇਠ ਸੰਘਰਸ਼
ਦੀ ਅਗਵਾਈ ਹਥਿਆਉਣਾ ਤੇ ਇਸ ਨੂੰ ਆਪਣੇ ਸੌੜੇ ਮਕਸਦਾਂ ਲਈ ਵਰਤਣਾ ਹੈ। ਇਹ ਪਛਾਣ ਕਰਨੀ ਬਹੁਤ
ਜਰੂਰੀ ਹੈ ਕਿ ਨੌਜਵਾਨਾਂ ਦੇ ਨਾਂ ਹੇਠ ਸੰਘਰਸ਼ ਅੰਦਰ ਘੁਸਪੈਠ ਕਰਨ ਵਾਲੀਆਂ ਸ਼ਕਤੀਆਂ ਦੇ ਏਜੰਡੇ ਕੀ
ਹਨ।
ਸਮਾਜੀ ਸਿਆਸੀ ਸੂਝ ਤੋਂ ਬਿਨਾਂ ਨੌਜਵਾਨ ਹੋਣਾ ਆਪਣੇ ਆਪ
’ਚ ਕੋਈ ਅਰਥ ਨਹੀਂ ਰੱਖਦਾ,
ਸਿਵਾਏ ਇੱਕ ਊਰਜਾ ਦੀ ਸਿਖਰ
ਹੋਣ ਦੇ। ਅਜਿਹੀ ਸੂਝ ਤੋਂ ਬਗੈਰ ਇਹ ਊਰਜਾ ਹਾਕਮ ਜਮਾਤੀ ਸ਼ਕਤੀਆਂ ਦੇ ਸੌੜੇ ਮਕਸਦਾਂ ਦੇ ਢਹੇ ਚੜਦੀ ਹੈ। ਲੋਕ ਸੰਘਰਸ਼ਾਂ ਅੰਦਰ ਨਿਭਾਅ ਲਈ ਇਹ ਊਰਜਾ
ਚੇਤਨਾ ਅਤੇ ਇਰਾਦੇ ਦੇ ਸੁਮੇਲ ’ਚੋਂ ਹੀ ਪੈਦਾ
ਹੁੰਦੀ ਹੈ। ਲੜੇ ਜਾ ਰਹੇ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਇਸ ਊਰਜਾ ਤੋਂ ਵਾਂਝੀ ਨਹੀਂ ਹੈ।
ਨੌਜਵਾਨ ਫਿਰਕੂ ਭੀੜਾਂ ’ਚ ਵੀ ਮੋਹਰੀ ਹੋ ਸਕਦੇ ਹਨ, ਫ਼ੌਜੀ ਪੁਲਸੀ ਬਲਾਂ ’ਚ ਵੀ। ਵੋਟ ਬਟੋਰੂ ਟੋਲਿਆਂ ਦੇ ਛਕੜਿਆਂ ’ਤੇ ਚੜੇ ਨੌਜਵਾਨ ਪੋਲਿੰਗ ਬੂਥਾਂ ’ਤੇ ਕਬਜ਼ੇ ਵੀ ਕਰਦੇ
ਹਨ। ਸਮਗਲਰਾਂ ਹੱਥੋਂ ਵੀ ਵਰਤੇ ਜਾਂਦੇ ਹਨ। ਕਹਿਣ ਦਾ ਅਰਥ ਇਹ ਹੈ ਕਿ ਲੋਕ ਦੋਖੀ ਹਾਕਮ ਜਮਾਤਾਂ
ਵੱਲੋਂ ਲੋਕਾਂ ਖਿਲਾਫ਼ ਨੌਜਵਾਨਾਂ ਦੀ ਵਰਤੋਂ ਹੁੰਦੀ ਹੈ। ਹਰ ਤਰਾਂ ਦੀ ਤੰਗਨਜ਼ਰੀ, ਕੈਰੀਅਰਵਾਦੀ ਲਾਲਸਾਵਾਂ, ਆਪਾ-ਚਮਕਾਊ ਬਿਰਤੀਆਂ ਤੇ ਫਿਰਕੂ ਸੋਚਾਂ ਵਰਗੀਆਂ
ਅਲਾਮਤਾਂ ਤੋਂ ਮੁਕਤ ਹੋ ਕੇ ਚੇਤਨ ਹੋਏ ਨੌਜਵਾਨ ਹੀ ਸੰਘਰਸ਼ਾਂ ਅੰਦਰ ਸਾਰਥਕ ਰੋਲ ਅਦਾ ਕਰ ਸਕਦੇ
ਹਨ। ਕਿਸਾਨ ਲਹਿਰ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ। ਸੰਘਰਸ਼ ਅੰਦਰ ਸ਼ਾਮਲ ਅਜਿਹੇ ਨੌਜਵਾਨ ਇਸ
ਸੰਘਰਸ਼ ਦੀ ਤਾਕਤ ਹਨ ਤੇ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ। ਨੌਜਵਾਨਾਂ ਤੇ ਕਿਸਾਨ ਆਗੂਆਂ ਦੇ
ਟਕਰਾਅ ਦੇ ਬਿਰਤਾਂਤ ਪਿਛਲੇ ਮਕਸਦਾਂ ਨੂੰ ਸਮਝਣਾ
ਚਾਹੀਦਾ ਹੈ। ਅਸਲ ਬਿਰਤਾਂਤ ਸੰਘਰਸ਼ ਵਿਚ ਮੌਜੂਦ ਕਿਸਾਨ ਪੱਖੀ ਲੀਡਰਸ਼ਿਪਾਂ ਤੇ ਸੰਘਰਸ਼ ਅੰਦਰ
ਘੁਸਪੈਠ ਕਰ ਗਈਆਂ ਸੌੜੇ ਤੇ ਫ਼ਿਰਕੂ ਮੰਤਵਾਂ ਵਾਲੀਆਂ ਸ਼ਕਤੀਆਂ ਦੇ ਟਕਰਾਅ ਦਾ ਹੈ। ਇਹ ਅਸਲ
ਬਿਰਤਾਂਤ ਉਭਰਨਾ ਚਾਹੀਦਾ ਹੈ। -ਨੌਜਵਾਨ ਭਾਰਤ ਸਭਾ
No comments:
Post a Comment