ਸਿੱਖਾਂ ਤੇ ਕਾਮਰੇਡਾਂ ਦੇ ਟਕਰਾਅ ਦੀ ਧਾਰਨਾ ਝੂਠੀ ਹੈ ਤਾਂ ਅਸਲ ਰੌਲਾ ਕੀ ਹੈ
ਕਾਮਰੇਡ / ਸਿੱਖ ਦਾ ਬਿਰਤਾਂਤ ਕਿਸਾਨੀ ਸੰਘਰਸ਼ ਅੰਦਰ
ਘਸੋੜਿਆ ਗਿਆ ਨਕਲੀ ਬਿਰਤਾਂਤ ਹੈ। ਹਕੀਕਤ ਅੰਦਰ ਅਜਿਹਾ ਕੋਈ ਰੌਲਾ ਨਹੀਂ । ਕਿਸਾਨ ਸੰਘਰਸ਼ ਅੰਦਰ
ਧਰਮ ਨਿਰਪੱਖ ਤੇ ਫਿਰਕੂ ਨਜ਼ਰੀਏ ਵਾਲੀਆਂ ਤਾਕਤਾਂ ਦਾ ਟਕਰਾਅ ਜਰੂਰ ਮੌਜੂਦ ਹੈ। ਇਹ ਅਸਲੀ ਟਕਰਾਅ
ਹੈ। ਇਸ ਟਕਰਾਅ ਨੂੰ ਕਾਮਰੇਡ / ਸਿੱਖ ਬਣਾ ਕੇ ਪੇਸ਼ ਕਰਨਾ ਖੋਟੇ ਮਨਸੂਬਿਆਂ ਦਾ ਸਿੱਟਾ ਹੈ। ਸੰਘਰਸ਼
ਦੀ ਕਿਸਾਨ ਲੀਡਰਸ਼ਿਪ ਤੋਂ ਆਮ ਸਿੱਖ ਧਰਮੀ ਜਨਤਾ ਦੀ ਦੂਰੀ ਬਣਾਉਣਾ ਹੈ। ਇਸ ਲਈ ਸੰਘਰਸ਼ ਪ੍ਰਤੀ
ਸੁਹਿਰਦ ਤੇ ਗੰਭੀਰ ਲੋਕਾਂ ’ਤੇ ਕਾਮਰੇਡ ਹੋਣ ਦਾ
ਲੇਬਲ ਚਿਪਕਾਇਆ ਗਿਆ ਹੈ। ਇਥੋਂ ਤਕ ਕਿ ਕਾਮਰੇਡੀ ਵਿਚਾਰਧਾਰਾ ਨਾਲ ਦੂਰ ਦਾ ਵਾਸਤਾ ਵੀ ਨਾ ਰੱਖਣ
ਵਾਲੇ ਰਾਜੇਵਾਲ ਨੂੰ ਵੀ ਕਾਮਰੇਡ ਐਲਾਨ ਦਿੱਤਾ
ਗਿਆ ਹੈ। ਜਿਵੇਂ ਕਾਮਰੇਡ ਹੋਣਾ ਕੋਈ ਅਪਰਾਧ ਹੋਵੇ।
ਜਿਨਾਂ ਨੂੰ ਕਾਮਰੇਡ ਕਿਹਾ ਜਾ ਰਿਹਾ ਹੈ ਉਹ ਅਸਲ ਵਿੱਚ
ਇਸ ਸੰਘਰਸ਼ ਨੂੰ ਹਰ ਤਰਾਂ ਦੀ ਫਿਰਕੂ ਰੰਗਤ ਤੋਂ ਮੁਕਤ ਰੱਖ ਕੇ ਚਲਾਉਣਾ ਚਾਹੁੰਦੇ ਹਨ। ਸੰਘਰਸ਼ ਨੂੰ
ਧਾਰਮਿਕ ਦਖ਼ਲਅੰਦਾਜ਼ੀ ਤੋਂ ਮੁਕਤ ਰੱਖਣਾ ਇਸ ਦੀ ਤਾਕਤ ਸਮਝਦੇ ਹਨ। ਜਦ ਕਿ ਫ਼ਿਰਕੂ ਸਿਆਸੀ ਤਾਕਤਾਂ
ਵੱਲੋਂ ਆਪਣੇ ਸੌੜੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਕਿਸਾਨ ਸੰਘਰਸ਼ ਦੇ ਮੌਰਾਂ ’ਤੇ ਸਵਾਰ ਹੋਣ ਦੀ ਲਾਲਸਾ ‘ਚੋਂ ਧਾਰਮਿਕ ਤੇ
ਧਾਰਮਿਕ ਰੰਗਤ ਵਾਲੇ ਸਿਆਸੀ ਮੁੱਦਿਆਂ ਨੂੰ ਸੰਘਰਸ਼
ਅੰਦਰ ਉਭਾਰਨ ਦਾ ਯਤਨ ਕੀਤਾ ਗਿਆ ਹੈ। ਕਿਸਾਨੀ ਮੰਗਾਂ ‘ਚ ਧਾਰਮਿਕ ਜਾਂ ਹੋਰ ਸਿਆਸੀ ਮੁੱਦਿਆਂ ਨੂੰ ਪਾਸੇ ਰੱਖਣ
ਦੀ ਗੱਲ ਕਰਨ ਨੂੰ ਸਿੱਖ / ਕਾਮਰੇਡ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਪੇਸ਼ਕਾਰੀ ਸਿਰਫ਼ ਤੇ
ਸਿਰਫ਼ ਹਕੂਮਤ ਦੇ ਹਿੱਤ ’ਚ ਭੁਗਤਦੀ ਹੈ। ਇਸ
ਟਕਰਾਅ ਦੀ ਇਹ ਸਹੀ ਤਸਵੀਰ ਨਹੀਂ ਹੈ।
ਸਹੀ ਤਸਵੀਰ ਇਹ ਹੈ ਸੰਘਰਸ਼ ਅੰਦਰ ਆਮ ਸਿੱਖ ਧਰਮੀਆਂ ਤੇ
ਕਾਮਰੇਡਾਂ (ਕਾਮਰੇਡਾਂ ਤੋਂ ਇੱਥੇ ਭਾਵ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਵਿਅਕਤੀਆਂ ਤੋਂ ਹੀ
ਹੈ) ਵਿਚਕਾਰ ਕੋਈ ਟਕਰਾਅ ਨਹੀਂ ਹੈ। ਇਸ ਦਾ ਸਭ ਤੋਂ ਉੱਤਮ ਨਮੂਨਾ ਵੱਖ ਵੱਖ ਕਿਸਾਨ ਜਥੇਬੰਦੀਆਂ
ਹਨ ਜਿਨਾਂ ਵਿਚ ਸਭ ਧਰਮਾਂ ਜਾਤਾਂ ਗੋਤਾਂ ਦੇ ਲੋਕ ਸਾਮਲ ਹਨ। ਇਨਾਂ ਵਿੱਚ ਕਿਸੇ ਵੀ ਧਰਮ ਨੂੰ ਨਾ
ਮੰਨਣ ਵਾਲੇ ਲੋਕ ਵੀ ਸ਼ਾਮਲ ਹਨ। ਇਨਾਂ ਜਥੇਬੰਦੀਆਂ ’ਚ ਧਰਮ ਹਰ ਇੱਕ ਦਾ ਨਿੱਜੀ ਮਸਲਾ ਹੈ। ਕਿਸਾਨੀ ਮੰਗਾਂ
ਲਈ ਸੰਘਰਸ਼ ਵਿੱਚ ਸਾਰੇ ਇਕਜੁੱਟ ਹਨ। ਇਸ ਏਕੇ ’ਚ ਧਰਮ, ਜਾਤ ,ਗੋਤ ਆਦਿ ਕੋਈ ਅੜਿੱਕਾ ਨਹੀਂ ਹੈ। ਇੱਥੇ ਕਾਮਰੇਡ /
ਸਿੱਖ ਦੀ ਕੋਈ ਹਕੀਕਤ ਮੌਜੂਦ ਨਹੀਂ ਹੈ।
ਸਿੱਖ ਫਿਰਕਾਪ੍ਰਸਤ ਹਲਕਿਆਂ ਵੱਲੋਂ ਇਹ ਝੂਠਾ ਪ੍ਰਚਾਰ
ਕੀਤਾ ਜਾ ਰਿਹਾ ਹੈ ਕਿ ਕਾਮਰੇਡ ਇਸ ਸੰਘਰਸ਼ ’ਤੇ ਆਪਣਾ ਏਜੰਡਾ ਥੋਪ ਰਹੇ ਹਨ। ਸਾਰੇ ਸੰਘਰਸ਼ਾਂ ’ਤੇ ਝਾਤ ਮਾਰਿਆਂ ਇਹ ਦੇਖਿਆ ਜਾ ਸਕਦਾ ਹੈ ਕਿ ਕੌਣ ਆਪਣਾ ਏਜੰਡਾ ਚਲਾ ਰਿਹਾ ਹੈ। ਕਈ ਅਜਿਹੇ
ਕਿਸਾਨ ਆਗੂ ਹਨ ਜਿਨਾਂ ਨੂੰ ਕਾਮਰੇਡ ਕਹਿ ਕੇ ਭੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਨਾਂ ਨੇ
ਸੰਘਰਸ਼ ਅੰਦਰ ਹਮੇਸ਼ਾਂ ਹੀ ਕਿਸਾਨ ਮੰਗਾਂ ਨੂੰ ਉਭਾਰਿਆ ਹੈ, ਕਦੇ ਵੀ ਆਪਣੀ ਕਾਮਰੇਡੀ ਵਿਚਾਰਧਾਰਾ ਨੂੰ ਥੋਪਣ ਦਾ ਯਤਨ
ਨਹੀਂ ਕੀਤਾ। ਉਨਾਂ ਨੇ ਕਿਸੇ ਸਟੇਜ ਤੋਂ ਮਾਰਕਸਵਾਦ ਦਾ ਪ੍ਰਚਾਰ ਨਹੀਂ ਕੀਤਾ, ਇਨਕਲਾਬ ਦੀ ਕਿਸੇ ਲਾਈਨ ਦਾ ਪ੍ਰਚਾਰ ਨਹੀਂ ਕੀਤਾ,
ਕਿਸੇ ਨਾਸਤਿਕਤਾ ਦਾ ਪ੍ਰਚਾਰ
ਨਹੀਂ ਕੀਤਾ, ਕੋਈ ਨਵਾਂ ਰਾਜ
ਬਣਾਉਣ ਦੀ ਗੱਲ ਨਹੀਂ ਕੀਤੀ। ਕਿਸਾਨ ਸੰਘਰਸ਼ ਦੇ ਕਿਸੇ ਵੀ ਮੰਚ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਚਾਰ
ਲਈ ਨਹੀਂ ਵਰਤਿਆ।
ਜੇਕਰ ਕਿਸਾਨ ਮੰਗਾਂ ਤੋਂ ਬਾਹਰ ਜਾ ਕੇ ਕਿਸੇ ਨੇ ਨਵਾਂ
ਰਾਜ ਬਣਾਉਣ ਦੀ, ਇੱਕ ਖਾਸ ਧਰਮ ਦੀ
ਗੱਲ ਕੀਤੀ ਹੈ, ਖਾਸ ਸਿਆਸੀ
ਮੁੱਦਿਆਂ ( ਆਨੰਦਪੁਰ ਦਾ ਮਤਾ, ਪਾਣੀਆਂ ਦੇ ਮਸਲੇ,
ਬੋਲੀ ਦੇ ਮਸਲੇ ਆਦਿ) ਨੂੰ
ਉਭਾਰਿਆ ਹੈ ਤਾਂ ਉਹ ਆਪਣੇ ਆਪ ਨੂੰ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਫਿਰਕੂ ਅਨਸਰਾਂ ਨੇ ਉਭਾਰਿਆ
ਹੈ। ਇਉਂ ਕਿਸਾਨ ਸੰਘਰਸ਼ ਤੇ ਆਪਣਾ ਏਜੰਡਾ ਮੜਨ ਦਾ ਤੇ ਇਸ ਨੂੰ ਲੀਹੋਂ ਲਾਹੁਣ ਦੇ ਯਤਨ ਕਰਨ ਦਾ
ਦੋਸ਼ੀ ਭਲਾ ਕੌਣ ਬਣਦਾ ਹੈ ?
ਪੰਜਾਬ ਦੇ ਕਿਸਾਨਾਂ ਨੇ ਪਿਛਲੇ ਤਿੰਨ ਚਾਰ ਦਹਾਕਿਆਂ
ਦੌਰਾਨ ਆਪਣੀ ਕਿਰਤ ਦੀ, ਫਸਲਾਂ ਦੀ ਰਾਖੀ ਤੇ
ਜ਼ਮੀਨਾਂ ਦੀ ਰਾਖੀ ਲਈ ਅਨੇਕਾਂ ਸੰਘਰਸ਼ ਲੜੇ ਹਨ। ਇਨਾਂ ਸਾਰੇ ਸੰਘਰਸ਼ਾਂ ਦੌਰਾਨ ਇਹ ਅਖੌਤੀ ਸਿੱਖ
ਕਿੱਥੇ ਸਨ? ਅਨੇਕਾਂ ਕੇਸ ਬਣੇ
ਹਨ, ਕਿੰਨੇ ਹੀ ਕਿਸਾਨ ਕਾਰਕੁੰਨਾਂ
ਨੇ ਜੇਲਾਂ ਕੱਟੀਆਂ ਹਨ, ਸ਼ਹਾਦਤਾਂ ਹੋਈਆਂ
ਹਨ। ਇਸ ਲੰਮੇ ਅਮਲ ’ਚੋਂ ਗੁਜ਼ਰਦਿਆਂ ਹੀ
ਪੰਜਾਬ ਦੀ ਕਿਸਾਨ ਲਹਿਰ ਮੋਦੀ ਹਕੂਮਤ ਮੂਹਰੇ ਇਉਂ ਅੜਨ ਵਿੱਚ ਕਾਮਯਾਬ ਹੋ ਸਕੀ ਹੈ। ਇਹ ਸਾਰੇ “ਕਾਮਰੇਡ’’ ਇਸੇ ਲਹਿਰ ’ਚ ਮੋਹਰੀ ਸਫ਼ਾਂ ਚ ਰਹੇ ਹਨ। ਆਪਣੀਆਂ ਸਾਰੀਆਂ ਘਾਟਾਂ
ਕਮਜ਼ੋਰੀਆਂ ਦੇ ਬਾਵਜੂਦ ਇਹ ਪੰਜਾਬ ਦੇ ਕਾਮਰੇਡ ਹੀ ਹਨ ਜਿਹੜੇ ਸੂਬੇ ਅੰਦਰ ਲੋਕਾਂ ਦੇ ਹੱਕੀ
ਸੰਘਰਸ਼ਾਂ ’ਚ ਮੂਹਰੇ ਹੋ ਕੇ
ਜੂਝਦੇ ਆ ਰਹੇ ਹਨ। ਅਜਿਹੀ ਘਾਲਣਾ ਰਾਹੀਂ ਕਿਸੇ ਤਰਾਂ ਦੀ ਵੀ ਕਿਸਾਨ ਲਹਿਰ ਉਸਾਰਨ ਦਾ ਯਤਨ ਇਨਾਂ
ਅਖੌਤੀ ਸਿੱਖਾਂ (ਅਸਲ ’ਚ ਫਿਰਕੂ) ਨੇ ਕਿਉਂ ਨਹੀਂ ਕੀਤਾ। ਇਹ ਅਨਸਰ ਮੌਜੂਦਾ ਸੰਘਰਸ਼ ਅੰਦਰ
ਵੀ ਖੇਤੀ ਕਾਨੂੰਨਾਂ ਬਾਰੇ ੳੱੁਨੀ ਚਰਚਾ ਕਰਦੇ ਨਹੀਂ ਸੁਣੇ ਗਏ ਜਿੰਨੀ ਚਰਚਾ ਇਨਾਂ ਨੇ ਅੰਦੋਲਨ ਦੀ
ਲੀਡਰਸ਼ਿਪ ਹਥਿਆਉਣ ਲਈ ਕੀਤੀ, ਕਿਸਾਨ ਲੀਡਰਸ਼ਿਪ ਨੂੰ ਭੰਡਣ ਲਈ ਕੀਤੀ । ਖੇਤੀ
ਕਾਨੂੰਨਾਂ ਦੇ ਮਾਰੂ ਅਸਰਾਂ ਬਾਰੇ, ਇਨਾਂ ਦੇ ਸਾਮਰਾਜੀ
ਸੰਸਥਾਵਾਂ ਨਾਲ ਸਬੰਧਾਂ ਬਾਰੇ, ਇਨਾਂ ਕਾਨੂੰਨਾਂ ਦੇ
ਬਦਲ ’ਚ ਕਿਸਾਨ ਪੱਖੀ ਕਦਮਾਂ
ਬਾਰੇ ਕੋਈ ਪ੍ਰੋਗਰਾਮ ਇਨਾਂ ਦੇ ਏਜੰਡੇ ’ਤੇ ਨਹੀਂ ਹੈ । ਇਸੇ ਲਈ ਇਹ ਪੰਜਾਬ ਦੇ ਕਿਸੇ ਕਿਸਾਨ ਦੀ ਜ਼ਮੀਨ ਨੂੰ ਕੁਰਕੀ ਤੋਂ ਬਚਾਉਂਦੇ ਨਹੀਂ ਦੇਖੇ ਗਏ। ਕੋਈ ਕਰਜਾ
ਮੁਕਤੀ ਦੀ ਲੜਾਈ ਲੜਦੇ ਨਹੀਂ ਦੇਖੇ ਗਏ, ਕਿਸੇ ਦਲਿਤ ’ਤੇ ਜਬਰ ਖਿਲਾਫ ਖੜਦੇ ਨਹੀਂ ਦੇਖੇ ਗਏ, ਮਹਿਲ ਕਲਾਂ ਦੀ
ਧਰਤੀ ’ਤੇ ਨਿਭਦੇ ਨਹੀਂ ਦੇਖੇ
ਗਏ।
ਕਿਉਂਕਿ ਅਜਿਹਾ ਸੰਘਰਸ਼ ਕਰਨਾ ਇਨਾਂ ਦਾ ਕੋਈ ਏਜੰਡਾ
ਨਹੀਂ ਹੈ, ਇਹ ਤਾਂ ਮੌਜੂਦਾ
ਲੁਟੇਰੇ ਰਾਜ ਭਾਗ ’ਚੋਂ ਆਪਣੀ
ਹਿੱਸੇਦਾਰੀ ਲੈਣ ਦੀ ਲੜਾਈ ਲੜ ਰਹੇ ਹਨ। ਇਹ ਲੜਾਈ ਧਰਮ ਦੀ ਓਟ ਲੈ ਕੇ ਲੜ ਰਹੇ ਹਨ, ਜਿਵੇਂ ਭਾਜਪਾ ਹਿੰਦੂ ਧਰਮ ਦੀ ਓਟ ਲੈ ਕੇ ਲੜਦੀ ਹੈ,
ਬਹੁਤ ਵੱਡਾ ਹਿੱਸਾ ਤਾਂ ਛੇਤੀ
ਹੀ ਵਜ਼ੀਰੀਆਂ ਦੀਆਂ ਆਸਾਂ ਪਾਲਦਾ ਹੈ। ਅਜਿਹੀ ਹਿੱਸੇਦਾਰੀ ਲਈ ਇਹ ਕਿਸਾਨ ਸੰਘਰਸ਼ ਨੂੰ ਦਾਅ ’ਤੇ ਲਾ ਸਕਦੇ ਹਨ ਤੇ ਲਾ ਰਹੇ ਹਨ। ਸਿੱਖਾਂ ਤੇ ਕਾਮਰੇਡਾਂ ਦੇ ਟਕਰਾਅ ਦੇ ਝੂਠੇ ਬਿਰਤਾਂਤ ਰਾਹੀਂ
ਸੰਘਰਸ਼ ਅੰਦਰ ਪਾਟਕ ਪਾ ਰਹੇ ਹਨ।
ਇਸ ਲਈ
ਸੰਘਰਸ਼ ਅੰਦਰ ਸ਼ਾਮਲ ਤੇ ਸੰਘਰਸ਼ ਦੇ ਹਰ ਹਮਾਇਤੀ ਨੂੰ ਇਸ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਇਨਾਂ
ਫ਼ਿਰਕੂ ਅਨਸਰਾਂ ਨੂੰ ਸੰਘਰਸ਼ ਤੋਂ ਦੂਰ ਰੱਖ ਕੇ ਸੰਘਰਸ਼ ਨੂੰ ਮਜ਼ਬੂਤ ਕਰਨ ’ਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਇਹ ਕਿਸੇ ਵੀ ਨਾਂ
ਹੇਠ ਹੋ ਸਕਦੇ ਹਨ, ਪਰ ਆਪਣੇ ਪ੍ਰਵਚਨਾਂ
ਤੇ ਅਮਲਾਂ ਰਾਹੀਂ ਪਛਾਣੇ ਜਾ ਸਕਦੇ ਹਨ ਤੇ ਪਛਾਣੇ ਜਾਣੇ ਚਾਹੀਦੇ ਹਨ। (ਫੇਸਬੁੱਕ
ਪੇਜ ਲੋਕ ਯੁੱਧ ਤੋਂ)
No comments:
Post a Comment