ਜਮਹੂਰੀ ਹੱਕਾਂ ਦਾ ਘਾਣ ਬੇਰੋਕਟੋਕ ਜਾਰੀ
ਛੱਤੀਸਗੜ ’ਚ ਮਾਓਵਾਦੀਆਂ ਵਿਰੁੱਧ ਲੜਾਈ ਦੇ ਨਾਂ ਹੇਠ ਆਦਿਵਾਸੀਆਂ ਦੇ ਹਿੱਤਾਂ ਦੇ ਹੱਕਾਂ ਲਈ ਕੰਮ ਕਰ ਰਹੇ ਸਮਾਜਕ ਕਾਰਕੁੰਨਾਂ ਉਪਰ ਪੁਲਸ ਜਬਰ ਜਾਰੀ ਹੈ। ਕੌਮਾਂਤਰੀ ਔਰਤ ਦਿਵਸ ਦੇ ਮੌਕੇ ’ਤੇ ‘‘ਛੱਤੀਸਗੜ ਮਹਿਲਾ ਅਧਿਕਾਰ ਮੰਚ’’ ਅਤੇ ਜੇਲ ਬੰਦੀ ਰਿਹਾਈ ਕਮੇਟੀ’’ ਦੇ ਨਾਂ ਦੇ ਦੋ ਸੰਗਠਨਾਂ ਵੱਲੋਂ ਦੋ ਆਦਿਵਾਸੀ ਲੜਕੀਆਂ -ਕਵਾਸੀ ਪਾਂਡੇ ਤੇ ਕਵਾਸੀ ਨੰਦੇ-ਦੀਆਂ ਪੁਲਸ ਹਿਰਸਤ ’ਚ ਬਲਾਤਕਾਰ ਕੀਤੇ ਜਾਣ ਤੇ ਮੌਤ ਹੋਣ ਦੀਆਂ ਘਟਨਾਵਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਦੋ ਦਿਨਾ ਸਮਾਗਮ ਰੱਖਿਆ ਗਿਆ ਸੀ। 9 ਮਾਰਚ ਨੂੰ ਦਾਂਤੇਵਾੜਾ ਪੁਲਸ ਅਤੇ ਡੀ ਆਰ ਜੀ (ਡਿਸਟਰਿਕਟ ਰਿਜ਼ਰਵ ਗਾਰਡਜ਼ ਨਾਂ ਦੀ ਸਪੈਸਲ ਫੋਰਸ) ਦੇ ਇੱਕ ਸਾਂਝੇ ਅਪ੍ਰੇਸ਼ਨ ’ਚ , ਲਗਭਗ ਤਿੰਨ ਚਾਰ ਸੌ ਲੋਕਾਂ ਦੇ ਭਰੇ ਇਕੱਠ ’ਚੋਂ, ਪੁਲਸ ਹਿੜਮੇ ਮਾੜਕਮ ਨਾਂ ਦੀ 38 ਸਾਲਾ ਆਦਿਵਾਸੀ ਔਰਤ ਕਾਰਕੁੰਨ ਨੂੰ ਜਬਰਨ ਧੂਹ ਕੇ ਗੱਡੀ ’ਚ ਸੁੱਟ ਕੇ ਲੈ ਗਈ। ਪੁਲਸ ਨੇ ਦੋਸ਼ ਲਾਇਆ ਹੈ ਕਿ ਹਿੜਮੇ ਮਾੜਕਮ ਇੱਕ ਮਾਓਵਾਦੀ ਕਾਰਕੁੰਨ ਹੈ ਜਿਸ ਉੱਪਰ ਆਰਮਜ਼ ਐਕਟ, ਵਿਸਫੋਟਕ ਪਦਾਰਥ ਰੱਖਣ,ਕਤਲ ਕਰਨ,ਅਗਵਾ ਕਰਨ ਅਤੇ ਹੋਰ ਕਈ ਸੰਗੀਨ ਧਾਰਾਵਾਂ ਤਹਿਤ 5 ਕੇਸ ਦਰਜ ਹਨ। ਉਹ ਮਾਓਵਾਦੀਆਂ ਦੀ ਮੁਕਾਬਲੇ ਦੀ ਸਰਕਾਰ-ਜਨਤਨਾ ਸਰਕਾਰ-ਦੀ ਰੇਂਜ ਦੀ ਪ੍ਰਧਾਨ ਹੈ, ਉਸ ਦੀ 2016 ਤੋਂ ਭਾਲ ਸੀ ਅਤੇ ਉਸ ਦੀ ਗਿ੍ਰਫਤਾਰੀ ਲਈ ਪੁਲਸ ਵੱਲੋਂ ਇਕ ਲੱਖ ਦਸ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਜਮਹੂਰੀ ਹੱਕਾਂ ਦੀ ਜਥੇਬੰਦੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀਯੂਸੀਐਲ), ਛੱਤੀਸਗੜ ਮਹਿਲਾ ਅਧਿਕਾਰ ਸੰਗਠਨ, ਅਤੇ ਛੱਤੀਸਗੜ ਜੇਲ-ਬੰਦੀ ਰਿਹਾਈ ਕਮੇਟੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ, ਪੁਲਸ ਦੇ ਇਸ ਝੂਠ ਦਾ ਵੇਰਵੇ ਸਹਿਤ ਤੇ ਸਬੂਤ ਅਧਾਰਤ ਖੰਡਨ ਕੀਤਾ ਹੈ ਤੇ ਉਸ ਦੀ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ। ਕਈ ਹੋਰ ਨਿਰਪੱਖ ਪੱਤਰਕਾਰਾਂ ਅਤੇ ਹਸਤੀਆਂ ਨੇ ਵੀ ਪੁਲਸ ਦੇ ਇਹਨਾਂ ਦੋਸ਼ਾਂ ਨੂੰ ਮਨਘੜਤ ਦੱਸਿਆ ਹੈ।
ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ, ਹਿੜਮੇ ਮਾੜਕਮ ਪੁਲਸ ਹਿਰਾਸਤ ’ਚ ਆਦਿਵਾਸੀ ਔਰਤਾਂ ਦੇ ਬਲਾਤਕਾਰਾਂ, ਜਬਰ ਅਤੇ ਗਿ੍ਰਫਤਾਰੀਆਂ ਵਿਰੁੱਧ ਤੇ ਜੇਲਾਂ ’ਚ ਬੰਦ ਤੇ ਬੇਕਸੂਰ ਆਦਿਵਾਸੀਆਂ ਦੀ ਰਿਹਾਈ ਲਈ ਪਿਛਲੇ ਕਈ ਸਾਲਾਂ ਤੋਂ ਆਵਾਜ਼ ਉਠਾਉਦੀ ਆ ਰਹੀ ਹੈ। ਮੌਜੂਦਾ ਇਕੱਤਰਤਾ ਵੀ ਅਜਿਹੀਆਂ ਹੀ ਘਟਨਾਵਾਂ ਵਿਰੁੱਧ ਲੋਕ-ਵਿਰੁਧ ਲਾਮਬੰਦ ਕਰਨ ਹਿੱਤ ਬੁਲਾਈ ਗਈ ਸੀ। ਛੱਤੀਸਗੜ ’ਚ ਪੁਲਸ ਵੱਲੋਂ ਮਾਓਵਾਦੀਆਂ ਵੱਲੋਂ ਆਤਮ-ਸਮਰਪਣ ਕਰਨ ਦੀ ਅਖੌਤੀ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਦੀ ਸਫਲਤਾ ਦਾ ਦਾਅਵਾ ਕਰਨ ਲਈ ਤੇ ਇਸ ਲਈ ਮਿਲਦੇ ਫੰਡਾਂ ਨੂੰ ਹਜਮ ਕਰਨ ਲਈ ਪੁਲਸ ਸਥਾਨਕ ਆਦਿਵਾਸੀਆਂ ਨੂੰ ਮਾਓਵਾਦੀ ਕਹਿ ਕੇ ਫੜ ਰਹੀ ਤੇ ਜਬਰਨ ਆਤਮ ਸਮਰਪਣ ਕਰਵਾ ਰਹੀ ਹੈ। 19 ਫਰਵਰੀ ਨੂੰ ਦਾਂਤੇਵਾੜਾ ਪੁਲਸ ਵੱਲੋਂ ਆਤਮ-ਸਮਰਪਣ ਦੇ ਇਸ ਨਾਟਕ ਤਹਿਤ 5 ਆਦਿਵਾਸੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਇਹਨਾਂ ’ਚ ਕਵਾਸੀ ਪਾਂਡੇ ਨਾਂ ਦੀ ਇੱਕ 20-ਸਾਲਾ ਸਾਧਾਰਨ ਕੁੜੀ ਵੀ ਸ਼ਾਮਲ ਸੀ ਪੁਲਸ ਨੇ ਉਸ ਤੋਂ ਮਾਓਵਾਦੀ ਹੋਣ ਦਾ ਇਕਬਾਲ ਕਰਾਉਣ ਲਈ ਹਿਰਾਸਤ ’ਚ ਉਸ ’ਤੇ ਅਣਮਨੁੱਖੀ ਜਬਰ ਢਾਹਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਨਾਲ ਬਲਾਤਕਾਰ ਕੀਤੇ ਜਾਣ ਦੇ ਵੀ ਦੋਸ਼ ਹਨ। 23 ਫਰਵਰੀ ਨੂੰ ਪੁਲਸ ਨੇ ਇਹ ਕਹਾਣੀ ਸੁਣਾ ਦਿੱਤੀ ਕਿ ਉਸ ਨੇ ਬਾਥਰੂਮ ’ਚ ਚੁੰਨੀ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਉ ਹੀ ਸਾਲ ਡੇਢ ਸਾਲ ਪਹਿਲਾਂ ਗਿ੍ਰਫਤਾਰ ਕੀਤੀ ਨੌਜਵਾਨ ਆਦਿਵਾਸੀ ਕੁੜੀ ਕਵਾਸੀ ਨੰਦੇ ਨਾਲ ਵਾਪਰਿਆ ਸੀ। ਕੋਈ ਵੀ ਮੈਡੀਕਲ ਅਫਸਰ ਪੁਲਸ ਦੀ ਇੱਛਾ ਦੇ ਉਲਟ ਪੋਸਟ ਮਾਰਟਮ ਰਿਪੋਰਟ ਦੇਣ ਦੀ ਹਿੰਮਤ ਨਹੀਂ ਕਰ ਸਕਦਾ। ਹਿੜਮੇ ਮਾੜਕਮ ਦੀ ਗਿ੍ਰਫਤਾਰੀ ਉਸ ਦੀਆਂ ਪੁਲਸ ਵਿਰੋਧੀ ਕਾਰਵਾਈਆਂ ਠੱਪ ਕਰਨ ਤੇ ਹੋਰਨਾਂ ਨੂੰ ਸਬਕ ਸਿਖਾਉਣ ਦੀ ਕੇਸ਼ਿਸ਼ ਹੈ।
ਦਰਅਸਲ, ਹਿੜਮੇ ਮਾੜਕਮ ਛੱਤੀਸਗੜ ਦੀ ਇੱਕ ਜਾਣੀ ਪਛਾਣੀ ਕਾਰਕੁੰਨ ਹੈ ਜੋ ਆਦਿਵਾਸੀਆਂ ਦੇ ‘‘ਜਲ, ਜੰਗਲ ਤੇ ਜ਼ਮੀਨ’’ ਦੀ ਰਾਖੀ ਲਈ ਜੂਝਣ ਤੇ ਉਹਨਾਂ ਦੇ ਜਮਹੂਰੀ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਦੀ ਆ ਰਹੀ ਹੈ। ਉਹ ਛੱਤੀਸਗੜ ‘‘ਜੇਲ ਬੰਦੀ ਰਿਹਾਈ ਕਮੇਟੀ’’ ਦੀ ਕਨਵੀਨਰ ਹੈ ਅਤੇ ਪੁਲਸ ਵੱਲੋਂ ਆਦਿਵਾਸੀ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਪੈਰਾ ਮਿਲਟਰੀ ਕੈਂਪਾਂ ਦੀ ਸਥਾਪਨਾ ਦਾ ਵਿਰੋਧ ਕਰਦੀ ਆ ਰਹੀ ਹੈ। ਉਹ ਕਾਰਪੋਰੇਟ ਘਰਾਣਿਆਂ ਵੱਲੋਂ ਆਦਿਵਾਸੀਆਂ ਦੀਆਂ ਜ਼ਮੀਨਾਂ ਹੜੱਪਣ ਵਿਰੁੱਧ ਵੀ ਸਰਗਰਮ ਹੈ ਅਤੇ ਚਰਚਿਤ ਨੰਦਰਾਜ ਪਹਾੜ ਲਹਿਰ ਦੀ ਸਰਗਰਮ ਘੁਲਾਟੀਆ ਰਹੀ ਹੈ ਜੋ ਅਡਾਨੀ ਘਰਾਣੇ ਵੱਲੋਂ ਇਸ ਪਹਾੜ ’ਚੋਂ ਕੀਤੀ ਜਾ ਰਹੀ ਮਾਈਨਿੰਗ ਵਿਰੁੱਧ ਚੱਲੀ ਸੀ। ਆਦਿਵਾਸੀਆਂ ਦੇ ਅੱਡ ਅੱਡ ਮਸਲਿਆਂ ਦੇ ਸਬੰਧ ’ਚ ਉਹ ਪਿਛਲੇ ਸਾਲਾਂ ’ਚ ਅਨੇਕ ਵਾਰ ਦਾਂਤੇਵਾੜਾ,ਸੁਕਮਾ ਤੇ ਬੀਜਾਪੁਰ ਜਿਲਿਆਂ ਦੇ ਪੁਲਸ ਮੁਖੀਆਂ, ਕੁਲੈਕਟਰਾਂ ਤੇ ਇੱਥੋਂ ਤੱਕ ਕਿ ਛੱਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਰਾਜ ਦੇ ਗਵਰਨਰ ਨਾਲ ਵੀ ਮੀਟਿੰਗਾਂ ਕਰ ਚੁੱਕੀ ਹੈ। ਇਹਨਾਂ ਮੀਟਿੰਗਾਂ ਦੀਆਂ ਅਨੇਕ ਫੋਟੋਆਂ, ਵੀਡੀਓ ਤੇ ਆਡੀਓ ਜਾਰੀ ਕਰਕੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੇ ਪੁਲਸ ਵੱਲੋਂ ਉਸ ਦੇ ਮਾਓਵਾਦੀ ਹੋਣ ਤੇ ਉਸ ਦੀ ਚਾਰ ਸਾਲਾਂ ਤੋਂ ਭਾਲ ਹੋਣ ਦੇ ਦਾਅਵਿਆਂ ਦਾ ਝੂਠ ਸਭ ਦੇ ਸਾਹਮਣੇ ਜਾਹਰ ਕਰ ਦਿੱਤਾ ਹੈ।
ਛੱਤੀਸਗੜ ਦੀ ਉੱਘੀ ਆਦਿਵਾਸੀ ਕਾਰਕੁੰਨ ਸੋਨੀ ਸ਼ੋਰੀ , ਜੋ ਖੁਦ ਪੁਲਸ ਦੀਆਂ ਰੌਂਗਟੇ ਖੜੇ ਕਰ ਦੇਣ ਵਾਲੀਆਂ ਅਣਮਨੁੱਖੀ ਜ਼ਿਆਦਤੀਆਂ ਦਾ ਸ਼ਿਕਾਰ ਬਣ ਚੁੱਕੀ ਹੈ ਅਤੇ ਜੋ ਹਿੜਮੇ ਮਾੜਕਮ ਦੀ ਗਿ੍ਰਫਤਾਰੀ ਦੀ ਚਸ਼ਮਦੀਦ ਗਵਾਹ ਹੈ, ਨੇ ਹੈਰਾਨੀ ਜਾਹਰ ਕਰਦਿਆਂ ਪੁੱਛਿਆ ਹੈ :
‘‘ਕੀ ਤੁਸੀਂ ਕਦੇ ਇਹੋ ਜਿਹੇ ਮਾਓਵਾਦੀ ਬਾਰੇ ਸੁਣਿਆ ਹੈ ਜੋ ਅਕਸਰ ਹੀ ਐਸ ਪੀ ਨੂੰ, ਜਿਲਾ ਕੁਲੈਕਟਰ ਨੂੰ, ਮਿਲਣ ਲਈ ਉਹਨਾਂ ਦੇ ਦਫਤਰ ਜਾਂਦਾ ਹੋਵੇ, ਮੁੱਖ ਮੰਤਰੀ ਨੂੰ ਮਿਲਦਾ ਹੋਵੇ, ਗਵਰਨਰ ਨੂੰ ਮਿਲਦਾ ਹੋਵੇ ਅਤੇ ਆਪਣੀ ਅਸਲੀ ਸ਼ਨਾਖਤ ਵੀ ਜਾਹਰ ਕਰਦਾ ਹੋਵੇ? ਜਮਹੂਰੀ ਕਾਰਕੁੰਨਾਂ ਦਾ ਸੁਆਲ ਹੈ ਕਿ ਜੇ ਹਿੜਮੇ ਮਾਓਵਾਦੀ ਸੀ, ਉਸਦੇ ਉੁਪਰ 2016 ਤੋਂ ਲੈ ਕੇ ਹੁਣ ਤੱਕ 5 ਸੰਗੀਨ ਕੇਸ ਦਰਜ ਸਨ ਤੇ ਉਸ ਦਾ ਗਿ੍ਰਫਤਾਰੀ ਲਈ ਵੱਡਾ ਇਨਾਮ ਸੀ ਤਾਂ ਉਸ ਨੂੰ ਮੁੱਖ ਮੰਤਰੀ ਤੇ ਗਵਰਨਰ ਨੂੰ ਕਿਵੇਂ ਮਿਲਣ ਦਿੱਤਾ ਜਾਂਦ ਰਿਹਾ? ਤੇ ਖੁਦ ਉਹਨਾਂ ਹੀ ਪੁਲਸ ਅਫਸਰਾਂ ਨੂੰ, ਜੋ ਅੱਜ ਉਸ ’ਤੇ ਇਹ ਦੋਸ਼ ਲਾ ਰਹੇ ਹਨ, ਉਸ ਵੱਲੋਂ ਮਿਲਣ ਵੇਲੇ ਉਸ ਨੂੰ ਗਿ੍ਰਫਤਾਰ ਕਿਉ ਨਹੀਂ ਕੀਤਾ ਗਿਆ। ਪੁਲਸ ਕੋਲ ਇਸ ਦਾ ਕੋਈ ਵਾਜਬ ਜੁਆਬ ਨਹੀਂ ਹੈ। ਇਹ ਸਭ ਕੇਸ ਉਸ ਉੱਪਰ ਬਾਅਦ ’ਚ ਮੜੇ ਗਏ ਹਨ ਤੇ ਹੁਣ ਉਸ ਉੱਪਰ ਯੂਏਪੀੇਏ ਲਾ ਕੇ ਜੇਲ ਵਿੱਚ
ਸੜਨ ਲਈ ਸੁੱਟ ਦਿੱਤਾ ਜਾਵੇਗਾ।
ਛੱਤੀਸਗੜ ਰਾਜ, ਭਾਰਤੀ ਰਾਜ ਦੀ ਮਾਓਵਾਦੀ ਵਿਰੋਧ ਦੇ ਨਾਂ ਹੇਠ ਆਦਿਵਾਸੀਆਂ ਦੀਆਂ ਜ਼ਮੀਨਾਂ ਤੇ ਕੁਦਰਤੀ ਸੋਮਿਆਂ ਉਪਰ ਧਾੜਾ ਮਾਰ ਕੇ ਉਹਨਾਂ ਨੂੰ ਕਾਰਪੋਰੇਟਾਂ ਦੀ ਲੁੱਟ ਲਈ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਲੜਾਈ ਦਾ ਸਭ ਤੋਂ ਭਖਵਾਂ ਕੇਂਦਰ ਹੈ। ਬੀਜੇਪੀ, ਕਾਂਗਰਸ ਜਾਂ ਕੋਈ ਹੋਰ ਹੁਕਮਰਾਨ ਪਾਰਟੀ ਸਭ ਇਹ ਲੜਾਈ ਪੂਰੀ ਬੇਕਿਰਕੀ ਤੇ ਪੂਰੀ ਤਾਕਤ ਨਾਲ ਲੜ ਰਹੀਆਂ ਹਨ। ਇਸ ਲੜਾਈ ’ਚ ਹਕੂਮਤੀ ਹਥਿਆਰਬੰਦ ਬਲਾਂ ਨੂੰ ਕਿਸੇ ਵੀ ਜਵਾਬਦੇਹੀ ਤੋਂ ਬੇਫਿਕਰ ਹੋ ਕੇ ਅੰਨਾਂ ਜਬਰ ਢਾਹੁਣ ਦੀਆਂ ਖੁੱਲੀਆਂ ਛੁੱਟੀਆਂ ਦੇ ਰੱਖੀਆਂ ਹਨ। ਹਕੂਮਤੀ ਦਹਿਸ਼ਤਗਰਦੀ ਵਿਰੁੱਧ ਕਿਸੇ ਦਲੀਲ, ਵਕੀਲ ਜਾਂ ਅਪੀਲ ਦੀ ਸੁਣਵਾਈ ਨਹੀਂ। ਛੱਤੀਸਗੜ ਭਾਰਤ ਦੇ ਸਭ ਤੋਂ ਦੱਬੇ ਕੁਚਲੇ ਲੋਕਾਂ ਦੇ ਖੂਨ ਨਾਲ ਲਿੱਬੜੇ ਭਾਰਤ ਦੀ ਅਖੌਤੀ ਜਮਹੂਰੀਅਤ ਦੇ ਖੰੂਨੀ ਚਿਹਰੇ ਦੀ ਉੱਘੜਵੀਂ ਇਸ਼ਗਾਹ ਵਜੋਂ ਉੱਭਰੀ ਹੋਈ ਹੈ। ਇਸ ਦੇ ਬਾਵਜੂਦ ਦਹਾਕਿਆਂ ਤੋਂ ਇਹ ਸਿਰੜੀ ਲੜਾਈ ਅਰੁਕ ਜਾਰੀ ਹੈ, ਸਭਨਾਂ ਮੁਸ਼ਕਲਾਂ ਤੇ ਜਾਬਰ ਹੱਥਕੰਡਿਆਂ ਦੇ ਬਾਵਜੂਦ ਜਾਰੀ ਹੈ ਤੇ ਜਾਰੀ ਰਹਿਣ ਦੇ ਆਸਾਰ ਹਨ। ਹਿੜਮੇ ਮਾੜਕਮ ਜਿਹੀਆਂ ਲੋਕ ਪੱਖੀ ਸਮਾਜਕ ਕਾਰਕੰੁਨਾਂ ਦੀਆਂ ਗਿ੍ਰਫਤਾਰੀਆਂ, ਕੁਟਾਪੇ ਜਾਂ ਹੱਕ ਸੱਚ ਦੀ ਇਸ ਲੜਾਈ ’ਚ ਮੁਕਤੀ ਦੀ ਲੜਾਈ ਦੇ ਘੁਲਾਟਿਆਂ ਦੀਆਂ ਸ਼ਹੀਦੀਆਂ ਇਸ ਲੜਾਈ ਨੂੰ ਰੋਕ ਨਹੀਂ ਸਕਦੀਆਂ ਸਗੋਂ ਹੋਰ ਪ੍ਰਚੰਡ ਕਰਨ ਦਾ ਹੀ ਸਾਧਨ ਬਣਨਗੀਆਂ।
No comments:
Post a Comment