ਪੀ ਐੱਸ ਯੂ (ਸ਼ਹੀਦ ਰੰਧਾਵਾ) ਵੱਲੋਂ ਕੀਤੀ ਗਈ ਸੂਬਾ ਜਥੇਬੰਦਕ ਕਨਵੈਨਸ਼ਨ6 ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਕੀਤੀ ਚੋਣ
ਅੱਜ ਪਿੰਡ ਮਹਿਲਾਂ ’ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਨਵੈਨਸ਼ਨ ਹੋਈ ਜਿਸਦੇ ਵਿੱਚ ਪੰਜਾਬ ਦੇ ਵੱਖ ਵੱਖ ਕਾਲਜਾਂ ’ਚੋਂ ਆਏ ਸਰਗਰਮ ਵਿਦਿਆਰਥੀ ਕਾਰਕੁਨਾਂ ਵੱਲੋਂ ਛੇ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ । ਹੁਸ਼ਿਆਰ ਸਲੇਮਗੜ ਨੂੰ ਸੂਬਾ ਜਥੇਬੰਦਕ ਸਕੱਤਰ, ਜਗਸੀਰ ਸਿੰਘ, ਕੋਮਲ ਖਨੌਰੀ, ਅਮਿਤੋਜ ਮੌੜ, ਗਗਨ ਦਬੜ੍ਹੀਖਾਨਾ ਨੂੰ ਕਮੇਟੀ ਮੈਂਬਰ ਤੇ ਰਵਿੰਦਰ ਸੇਵੇਵਾਲਾ ਨੂੰ ਸਹਿਯੋਗੀ ਮੈਂਬਰ ਦੇ ਤੌਰ ’ਤੇ ਚੁਣਿਆ ਗਿਆ ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਸਰਕਾਰੀ ਸਿੱਖਿਆ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਤੇ ਹੁਣ ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਨੂੰ ਸਾਮਰਾਜੀ ਬਹੁਕੌਮੀ ਕੰਪਨੀਆਂ ਲੋਕਾਂ ਦੀ ਲੁੱਟ ਦਾ ਸਾਧਨ ਬਣਾਉਣਾ ਚਾਹੁੰਦੀਆਂ ਹਨ । ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ’ਤੇ ਫੀਸਾਂ - ਫੰਡਾਂ ਦਾ ਬੋਝ ਅੰਨ੍ਹੇਵਾਹ ਵਧਾਇਆ ਜਾ ਰਿਹਾ ਹੈ ਪਰ ਸਹੂਲਤਾਂ ਪੱਖੋਂ ਵਿੱਦਿਅਕ ਸੰਸਥਾਵਾਂ ਦੀ ਹਾਲਤ ਦਿਨੋਂ ਦਿਨ ਪਤਲੀ ਹੋ ਰਹੀ ਹੈ। ਬਿਲਡਿੰਗਾਂ, ਲਾਇਬ੍ਰੇਰੀਆਂ, ਲੈਬਾਰਟਰੀਆਂ, ਤਕਨੀਕੀ ਸਾਮਾਨ, ਮੈਸਾਂ - ਕੰਟੀਨਾਂ, ਹੋਸਟਲਾਂ, ਸਿਹਤ ਸਹੂਲਤਾਂ, ਪਾਣੀ ਦੇ ਇੰਤਜ਼ਾਮ, ਸਪੋਰਟਸ ਅਤੇ ਹੋਰ ਸਹੂਲਤਾਂ ਪੱਖੋਂ ਵਿੱਦਿਅਕ ਅਦਾਰੇ ਖਸਤਾ ਹਾਲਤ ਦਾ ਸਾਹਮਣਾ ਕਰ ਰਹੇ ਹਨ। ਲਗਾਤਾਰ ਗਰਾਂਟਾਂ ਛਾਂਗਣ, ਜਾਮ ਕਰਨ ਅਤੇ ਅਖ਼ੀਰ ਖ਼ਤਮ ਕਰ ਦੇਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ । ਪੱਕੀ ਭਰਤੀ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਲੰਮੇ ਸਮੇਂ ਤੋਂ ਖਾਲੀ ਪਈਆਂ ਪੋਸਟਾਂ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਜਿਹੇ ਸਮੇਂ ਇਨ੍ਹਾਂ ਹਾਲਤਾਂ ਨੂੰ ਬਦਲਣ ਲਈ ਪੰਜਾਬ ਦੇ ਵਿਦਿਆਰਥੀਆਂ ਕੋਲ ਸ਼ਹੀਦ ਪਿ੍ਰਥੀਪਾਲ ਸਿੰਘ ਰੰਧਾਵਾ ਦੀ ਅਗਵਾਈ ’ਚ ਉੱਸਰੀ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ - ਵਿਦਿਆਰਥੀ ਲਹਿਰ ਦਾ ਤਜਰਬਾ ਮੌਜੂਦ ਹੈ ਜਿਸ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਜ਼ਰੂਰਤ ਹੈ।
ਵਿਦਿਆਰਥੀ ਆਗੂ ਜਗਸੀਰ ਸਿੰਘ ਨੇ 2016 ਤੋਂ ਲੈ ਕੇ ਹੁਣ ਤੱਕ ਜਥੇਬੰਦੀ ਨੂੰ ਮੁੜ ਜਥੇਬੰਦ ਕਰਨ ਦਾ ਤਜਰਬਾ ਵਿਦਿਆਰਥੀਆਂ ਨਾਲ ਸਾਂਝਾ ਕੀਤਾ ।
ਅਮਿਤੋਜ ਮੌੜ ਵੱਲੋਂ ਜਥੇਬੰਦੀ ਦੇ ਮੰਗ ਪੱਤਰ ਦੀ ਵਿਆਖਿਆ ਕੀਤੀ ਗਈ ।
ਕੋਮਲ ਖਨੌਰੀ ਨੇ ਵਿਦਿਆਰਥੀ ਸੰਘਰਸ਼ਾਂ ਵਿਚ ਵਿਦਿਆਰਥਣਾਂ ਦੇ ਰੋਲ ਬਾਰੇ ਚਰਚਾ ਕੀਤੀ ਤੇ ਵਿਦਿਆਰਥੀ ਲੜਕੀਆਂ ਲਈ ਸਰਕਾਰੀ ਸਿੱਖਿਆ ਨੂੰ ਬਚਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਹੁਸ਼ਿਆਰ ਸਿੰਘ ਨੇ ਜਥੇਬੰਦੀ ਦੇ ਉਦੇਸ਼ ਤੇ ਮੰਤਵਾਂ ਦੀ ਵਿਆਖਿਆ ਕੀਤੀ ਤੇ ਵਿਦਿਆਰਥੀਆਂ ਨੂੰ ਇਸ ਦੀ ਰੋਸ਼ਨੀ ’ਚ ਕੰਮ ਕਰਨ ਦਾ ਸੱਦਾ ਦਿੱਤਾ।
ਅਖੀਰ ’ਚ ਵਿਦਿਆਰਥੀ ਆਗੂ ਗਗਨ ਦਬੜ੍ਹੀਖਾਨਾ ਵੱਲੋਂ ਦੋ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਨਾਅਰੇ ਮਾਰ ਕੇ ਪਾਸ ਕੀਤਾ ਗਿਆ। ਮਤਿਆਂ ਵਿੱਚ ਪਿਛਲੇ ਦਿਨੀਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਦੋ ਵੱਖ ਵੱਖ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਦੇ ਪੀਟੀਏ ਫੰਡ ਤੇ ਹੋਰ ਵਿਦਿਆਰਥੀ ਭਲਾਈ ਫੰਡਾਂ ਚੋਂ ਪੈਸਿਆਂ ਦੀ ਮੰਗ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਮਈ ਨੂੰ ਦਿੱਲੀ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ ’ਤੇ ਕੀਤੇ ਜਾ ਰਹੇ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥੀ ਆਗੂ ਰਮਨ ਕਾਲਾਝਾੜ ਨੇ ਨਿਭਾਈ ।
(ਪ੍ਰੈੱਸ ਲਈ ਜਾਰੀ ਕੀਤਾ ਬਿਆਨ)
No comments:
Post a Comment