Friday, June 11, 2021

ਸੰਗਰਾਮ ਅਤੇ ਸ਼ਾਇਰੀ ਦੀ ਜੁਗਲਬੰਦੀ ਦਾ ਸਾਥੀ: ਮਹਿੰਦਰ ਸਾਥੀ

 ਸੰਗਰਾਮ ਅਤੇ ਸ਼ਾਇਰੀ ਦੀ ਜੁਗਲਬੰਦੀ ਦਾ ਸਾਥੀ: ਮਹਿੰਦਰ ਸਾਥੀ

ਗਰੀਬੀ ਦੀ ਭੱਠੀ ’ਚ ਭੁੱਜਦੀ ਮਾਂ ਹਰਨਾਮ ਕੌਰ ਦੇ ਹੌਕਿਆਂ ਦੀ ਲਾਟ ਵਿਚੋਂ ਜਨਮਿਆਂ ਮਹਿੰਦਰ ਸਾਥੀ, ਭਾਵੇਂ ਜਿਸਮਾਨੀ ਤੌਰ ’ਤੇ ਦਰਦ ਵਿਛੋੜਾ ਦੇ ਗਿਆ ਪਰ ਉਸਦੀ ਜਿਉਂਦੀ, ਜਾਗਦੀ ਅਤੇ ਜੂਝਦੀ ਸ਼ਾਇਰੀ, ਮਸ਼ਾਲਾਂ ਬਾਲ਼ਕੇ ਚੱਲਣ ਦਾ ਪੈਗ਼ਾਮ ਉਦੋਂ ਤੱਕ ਦਿੰਦੀ ਰਹੇਂਗੀ, ਜਦੋਂ ਤੱਕ ਰਾਤ ਬਾਕੀ ਹੈ।

ਮੋਗਾ ਜਿਲ੍ਹੇ ਦੇ ਪਿੰਡ ਕਾਲੇਕੇ ’ਚ 6 ਜੂਨ 1936 ਨੂੰ ਪੈਦਾ ਹੋਇਆ ਮਹਿੰਦਰ ਸਾਥੀ 16 ਮਈ 2021 ਨੂੰ ਨੂਰਪੁਰ ਬੇਦੀ (ਜਿਲ੍ਹਾ ਰੋਪੜ) ਦੇ ਗੁਰਦੇਵ ਹਸਪਤਾਲ ’ਚ ਜ਼ਿੰਦਗੀ ਮੌਤ ਦੀ ਜੱਦੋ ਜਹਿਦ ਕਰਦਾ ਸ਼ਾਇਰਾਂ ਅਤੇ ਸੰਗਰਾਮੀ ਕਾਫ਼ਲਿਆਂ ਨੂੰ ਅਲਵਿਦਾ ਕਹਿ ਗਿਆ। ਅਗਲੇ ਦਿਨ ਕੀਰਤਪੁਰ ਵਿਖੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਅਤੇ ਅਸਤ ਜਲ ਪ੍ਰਵਾਹ ਕੀਤੇ ਗਏ।

ਕਿੱਥੇ ਜੰਮੇ ਦੀ ਕਿੱਥੋਂ ਅੰਤਿਮ ਵਿਦਾਇਗੀ ਹੋਈ। ਇਹ ਘਟਨਾਕ੍ਰਮ ਬੇਹੱਦ ਮਾਣ-ਮੱਤੀ ਦਾਸਤਾਂ ਆਪਣੀ ਬੁੱਕਲ ’ਚ ਸੰਭਾਲੀ ਬੈਠਾ ਹੈ। ਤੁਰ ਜਾਣ ਤੋਂ ਕੁੱਝ ਦਿਨ ਪਹਿਲਾਂ ਮਹਿੰਦਰ ਸਾਥੀ ਇਕੱਲਤਾ ਦੀ ਪੀੜ ਦੇ ਪਰਾਗੇ ਭੁੰਨਦਾ ਆਪਣੇ ਪਿਆਰੇ ਸੰਦੀਪ ਦਾਖ਼ਾ ਨਾਲ ਇਹ ਗ਼ਮਗੀਨ ਪਲ ਸਾਂਝੇ ਕਰਦਾ ਹੈ। ਇਹ ਬੋਲ ਕੰਨੀ ਪੈਂਦਿਆਂ ਹੀ ਡਾ. ਸੰਦੀਪ ਦਾਖਾ ਉਸਨੂੰ ਆਪਣੇ ਘਰ ਕੀਰਤਪੁਰ ਲੈ ਆਉਂਦਾ ਹੈ।

ਮੋਗੇ ਤੋਂ ਕੀਰਤਪੁਰ ਤੱਕ ਦੇ ਰਸਤੇ ਵਿੱਚ ਵੀ ਬੇਚੈਨੀ ਨਾਲ ਜੂਝਦੇ ਮਹਿੰਦਰ ਸਾਥੀ ਨੂੰ ਰਸਤੇ ’ਚ ਮੁੱਢਲੀ ਦਵਾ-ਬੂਟੀ ਕਰਦਿਆਂ ਉਹ ਆਪਣੇ ਕੀਰਤਪੁਰ ਕਲੀਨਿਕ ਵਿੱਚ ਆਕਸੀਜਨ ਲਗਾਉਂਦਾ ਹੈ। ਸਿਹਤ ਦੀ ਨਾਜ਼ੁਕ ਹਾਲਤ ਨੂੰ ਤੁਰੰਤ ਮਹਿਸੂਸ ਕਰਦਿਆਂ ਉਹ ਸਾਥੀ ਨੂੰ ਨੂਰਪੁਰ ਬੇਦੀ ਵਿਖੇ ਗੁਰਦੇਵ ਹਸਪਤਾਲ ਵਿੱਚ ਦਾਖਲ ਕਰਵਾ ਦਿੰਦਾ ਹੈ।

ਜੰਗਲ ਦੀ ਅੱਗ ਵਾਂਗ ਫੈਲੀ ਇਹ ਖ਼ਬਰ ਸੁਣਦਿਆਂ ਹੀ ਸਾਥੀ ਦੇ ਸਾਥੀ ਹਰ ਸੰਭਵ ਮੱਦਦ ਲਈ ਜੁਟ ਗਏ। ਵਿਚਾਰਾਂ ਦੇ ਰਿਸ਼ਤੇ ਨੇ ਆਪਣਾ ਗੌਰਵਮਈ ਰੰਗ ਵਿਖਾਇਆ। ਕਰੋਨਾ ਦੇ ਦੌਰ ਅੰਦਰ ਜਦੋਂ ਹਾਕਮਾਂ ਦੇ ਪ੍ਰਬੰਧ ਦਾ ਨੰਗ ਜਾਹਰ ਹੋਇਆ ਪਿਆ ਹੈ। ਜਦੋਂ ਦਹਿਸ਼ਤ ਅਤੇ ਦੂਰੀ ਬਣਾ ਕੇ ਰੱਖਣ, ਘਰਾਂ ਅੰਦਰ ਕੈਦ ਹੋਣ ਲਈ ਦਹਿਸ਼ਤਜ਼ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਸਨੂੰ ਲੰਗਾਰ ਕਰਦਿਆਂ ਡਾ. ਸੰਦੀਪ ਨੇ ਸਾਥੀ ਦੇ ਇਲਾਜ਼ ਲਈ, ਖੜ੍ਹੀ ਲੱਤ ਦਿਨ ਰਾਤ ਇੱਕ ਕਰ ਦਿੱਤਾ। ਹਸਪਤਾਲ ਦਾਖ਼ਲੇ ਦਾ ਅੱਧੀ ਰਾਤੀਂ ਪਤਾ ਲੱਗਣ ’ਤੇ ਸਵੇਰ ਹੁੰਦਿਆਂ ਜਦੋਂ ਅਸੀਂ ਹਸਪਤਾਲ ਗਏ ਤਾਂ ਮਹਿੰਦਰ ਸਾਥੀ ਆਈ.ਸੀ.ਯੂ. ’ਚ ਵੈਂਟੀਲੇਟਰ ’ਤੇ ਸੀ। ਜਦੋਂ ਮੈਂ ਆਪਣੀ ਪਹਿਚਾਣ ਦਿੰਦਿਆਂ ਆਵਾਜ਼ ਮਾਰੀ ਤਾਂ ਸਾਥੀ ਨੇ, ਹਵਾ ’ਚ ਲਹਿਰਾਉਂਦੇ ਤਣੇ ਮੁੱਕੇ ਨਾਲ ਸਿਦਕਦਿਲੀ ਭਰਿਆ ਚਿੰਨਾਤਮਕ ਹੁੰਗਾਰਾ ਭਰਿਆ। ਲਾਕ ਡਾਊਨ ਕਾਰਨ ਨੂਰਪੁਰ ਬੇਦੀ ਤੋਂ ਨਾ ਮਿਲਣ ਕਰਕੇ ਡਾ. ਸੰਦੀਪ ਦਾਖਾ ਕੀਰਤਪੁਰ ਤੋਂ ਫਰੂਟੀਆਂ ਦਾ ਬੈਗ ਭਰਕੇ ਲਿਆਇਆ। ਸੰਦੀਪ ਨੇ ਸਾਥੀ ਦੀ ਕਲਮ ਤੋਂ ਲਿਖੇ ਅੰਤਿਮ ਸ਼ਬਦ ‘‘ਮੈਂ ਫਰੂਟੀ ਪੀ ਲਈ ਹੈ’’ ਸੰਭਾਲ ਰੱਖੇ ਹਨ।

ਮੋਗਾ ਜਿਲ੍ਹੇ ਦੇ ਪਿੰਡ ਕਾਲੇਕੇ ਦੀ ਮਿੱਟੀ ’ਚੋਂ ਉੱਠੇ ਮਹਿੰਦਰ ਸਾਥੀ ਦਾ ਪਿਤਾ ਦੂਜੀ ਵਿਸ਼ਵ ਜੰਗ ਸਮੇਂ ਮਲਾਇਆ ’ਚ ਜਾਪਾਨੀ ਫੌਜ ਦੇ ਹੱਥ ਆ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਅਣਸੁਖਾਵੇਂ ਹਾਲਾਤ ਕਾਰਨ ਪਰਿਵਾਰ ਮੋਗੇ ਰਹਿਣ ਲੱਗ ਪਿਆ। ਮਹਿੰਦਰ ਸਾਥੀ, ਖਾਲਸਾ ਸਕੂਲ ’ਚ ਪੜ੍ਹਦਿਆਂ ਸਰਦਾਰ ਮੁਹੰਮਦ ਹਮਜਮਾਤੀ ਦਾ ਜਿਗਰੀ ਦੋਸਤ ਬਣ ਗਿਆ। ਇੱਕ ਮਾਂ ਦੇ ਦਿਲ ਦੇ ਜਦੋਂ ਹਾਕਮਾਂ ਨੇ ਦੋ ਟੋਟੇ ਕਰ ਦਿੱਤੇ ਤਾਂ ਸਰਦਾਰ ਮੁਹੰਮਦ ਨੂੰ ਕਾਲ਼ੀ ਹਨੇਰੀ ਪਾਕਿਸਤਾਨ ਉਡਾ ਕੇ ਲੈ ਗਈ। ਸਾਥੀ ਦੇ ਕਾਲ਼ਜੇ ਰੁੱਗ ਭਰਿਆ ਗਿਆ। ਸਰਦਾਰ ਮੁਹੰਮਦ ਦੀ ਸਲੇਟ, ਮਹਿੰਦਰ ਸਾਥੀ ਕੋਲ ਰਹਿ ਗਈ। ਸਾਥੀ ਨੇ ਉਹ ਸਲੇਟ ਆਪਣੀ ਹਿੱਕ ਨਾਲ ਲਗਾ ਕੇ ਰੱਖੀ। ਉਹਨੂੰ ਪੱਕਾ ਭਰੋਸਾ ਸੀ ਕਿ ਦੇਰ ਸਵੇਰ ਮੇਰਾ ਮੁਹੰਮਦ ਪਰਤ ਆਏਗਾ। ਮਹਿੰਦਰ ਉਦਾਸੀ ਦੇ ਆਲਮ ’ਚ ਖੋਇਆ ਰਹਿਣ ਲੱਗਾ। ਉਹ ਸੋਚਦਾ ਰਹਿੰਦਾ ਪੰਛੀ ਵੀ ਘਰ ਨੇ ਪਰਤਦੇ ਪਰ ਮੇਰਾ ਯਾਰ ਕਿਉਂ ਨਹੀਂ ਆਇਆ?

ਘਰ ਨੂੰ ਆਰਥਕ ਤੰਗੀਆਂ ਨੇ ਹੋਰ ਵੀ ਡੂੰਘੀ ਦਲਦਲ ਵਿੱਚ ਗੱਡ ਦਿੱਤਾ। ਮਹਿੰਦਰ ਟਰੱਕਾਂ ਦੀ ਵਰਕਸ਼ਾਪ ’ਤੇ ਰੋਟੀ ਰੋਜ਼ੀ ਦਾ ਜੁਗਾੜ ਕਰਨ ਲੱਗਾ। ਫਿਰ ਉਹ ਜੈ ਭਾਰਤ ਸਟੀਲ ਮਿੱਲ ਵਿੱਚ ਕੰਮ ਕਰਨ ਲੱਗਾ। ਮਜ਼ਦੂਰਾਂ ਵਾਸਤੇ ਬੋਨਸ ਦੀ ਮੰਗ ਲਈ ਇਥੇ ਜੇਤੂ ਸੰਘਰਸ਼ ਲੜਿਆ। ਉਸਨੇ ਨਿਊ ਭਾਰਤ ਇੰਡਸਟਰੀ ਵਿੱਚ ਵੀ ਕੰਮ ਕੀਤਾ।

ਜਦੋਂ ਪੱਛਮੀ ਬੰਗਾਲ ਦੇ ਨਕਸਲਬਾੜੀ ਖੇਤਰ ਵਿੱਚ ਕਿਸਾਨ ਬਗ਼ਾਵਤ ਉੱਠੀ ਤਾਂ ਪੰਜਾਬ ਦੀ ਜੁਆਨੀ ਸੰਗ, ਮਹਿੰਦਰ ਸਾਥੀ ਵੀ ਇਸ ਲਹਿਰ ਤੋਂ ਪ੍ਰਭਾਵਿਤ ਹੋਇਆ। ਮਾਰਕਸੀ ਦਰਸ਼ਨ ਦਾ ਅਧਿਐਨ ਕਰਨ ਲੱਗਾ। ਸਾਹਿਤਕ ਮੱਸ ਲੱਗੀ। ਝੂਠੇ ਪੁਲਸ ਮੁਕਾਬਲੇ ’ਚ ਮਾਰੇ ਗਏ ਉਸਦੇ ਦੋਸਤ ਬੰਤ ਰਾਜੇਆਣਾ ਦੀ ਮੌਤ ਉਸਦੇ ਮਨ ’ਤੇ ਗਹਿਰੇ ਸੱਲ ਕਰ ਗਈ। ਮਹਿੰਦਰ ਸਾਥੀ ਉਪਰ ਵੀ ਬੇਤਹਾਸ਼ਾ ਤਸ਼ੱਦਦ ਹੋਇਆ। ਡਰ ਅਤੇ ਲਾਲਚ ਦੇ ਸਾਰੇ ਹੱਥ ਕੰਡੇ ਅਪਣਾਏ ਗਏ ਪਰ ਮਹਿੰਦਰ ਸਾਥੀ ਅਗਨ-ਪ੍ਰੀਖਿਆ ਵਿਚੋਂ ਪਾਸ ਹੋ ਕੇ ਨਿਕਲਿਆ।

ਮਹਿੰਦਰ ਸਾਥੀ ਪੰਜਾਬੀ ਸਾਹਿਤ ਦੀ ਝੋਲੀ ਆਪਣੀਆਂ ਚਾਰ ਮੌਲਿਕ ਪੁਸਤਕਾਂ ‘ਜਲਾਵਤਨ ਰੁੱਤ ਪਰਤੇਗੀ’, ‘ਜਦੋਂ ਤੱਕ ਰਾਤ ਬਾਕੀ ਹੈ’, ‘ਪਤਝੜ ਸਦਾ ਨਾ ਰਹਿਣੀ’ ਅਤੇ ‘ਦੀਪ ਦਰਪਣ’ ਪਾ ਕੇ ਵਿਦਾ ਹੋਇਆ ਹੈ। ਉਹਨਾਂ ਦੀ ਪੰਜਵੀਂ ਪੁਸਤਕ ਦੀ ਪ੍ਰਕਾਸ਼ਨਾ ਵਿਚਾਰ ਅਧੀਨ ਸੀ ਪਰ ਇਸ ਕਾਰਜ ਨੂੰ ਅਧਵਟੇ ਛੱਡਕੇ ਹੀ ਸਾਥੀ ਤੁਰ ਗਿਆ।

ਮੋਗੇ ਦੀ ਪੱਟੀ ਵਾਲੀ ਗਲੀ ਉਦਾਸ ਹੈ। ਉਹ ਕਿਹੜਾ ਸ਼ਾਇਰ ਹੈ, ਜਿਸਨੇ ਮਹਿੰਦਰ ਸਾਥੀ ਦਾ ਸੰਗ ਸਾਥ ਨਾ ਮਾਣਿਆਂ ਹੋਵੇ। ਗ਼ਜ਼ਲ ਦੇ ਸਮਰੱਥ ਅਤੇ ਪ੍ਰਤੀਬੱਧਤ ਇਸ ਬਾਬਾ ਬੋਹੜ ਦੀ ਛਾਵੇਂ ਕਿੰਨੀਆਂ ਹੀ ਪੁੰਗਰਦੀਆਂ ਕਲਮਾਂ ਨੇ ਆਪਣੇ ਲੁੱਟੇ ਪੁੱਟੇ ਜਾਂਦੇ ਲੋਕਾਂ ਦੀ ਪੀੜ ਦੀ ਬਾਂਹ ਫੜਦੀਆਂ ਰਚਨਾਵਾਂ ਦੀ ਸਿਰਜਣਾ ਕੀਤੀ ਹੈ।

ਦਲਿਤਾਂ ਤੇ ਜਬਰ ਵਿਰੋਧੀ ਲਹਿਰ ਹੋਵੇ, ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀਆਂ ਸਰਗਰਮੀਆਂ ਦਾ ਦੌਰ ਹੋਵੇ। ਐਮਰਜੈਂਸੀ ਦਾ ਸੇਕ ਜੇਲ੍ਹ ਦੀਆਂ ਦੀਵਾਰਾਂ ਅੰਦਰ ਝੱਲਣ ਵਾਲਾ ਮਹਿੰਦਰ ਸਾਥੀ, ਕਲਮਾਂ ਦੇ ਕਾਫ਼ਲੇ ਦੀ ਪ੍ਰਤੀਬੱਧਤ ਲਹਿਰ ਦੇ ਨਾਲ-ਨਾਲ ਲੋਕਾਂ ਦੇ ਹੱਕੀ ਮਸਲਿਆਂ, ਜਮਹੂਰੀ ਅਧਿਕਾਰਾਂ, ਤਰਕਸ਼ੀਲ ਲਹਿਰ, ਸਾਹਿਤਕ ਸਭਿਆਚਾਰਕ ਮੇਲਿਆਂ ਵਿੱਚ ਆਪਣੀ ਠੁੱਕਦਾਰ ਸ਼ਾਇਰੀ ਸਮੇਤ ਉਸ ਤਣੇ ਮੁੱਕੇ ਨਾਲ ਹੀ ਹਾਜ਼ਰ ਹੁੰਦਾ ਜੋ ਮੁੱਕਾ ਉਸਨੇ ਜਿਸਮਾਨੀ ਵਿਦਾਇਗੀ ਸਮੇਂ ਤਣਕੇ ਸੁਨੇਹਾ ਦਿੱਤਾ ਕਿ ਮੈਂ ਆਪਣੀਆਂ ਨਜ਼ਮਾਂ ਦੇ ਰੂਪ ਵਿੱਚ ਸਦਾ ਤੁਹਾਡੇ ਅੰਗ ਸੰਗ ਰਹਾਂਗਾ।

ਮਹਿੰਦਰ ਸਾਥੀ ਦੀਆਂ ਕਵਿਤਾਵਾਂ ’ਚ ਸੁਹਜਤਾ, ਕੋਮਲਤਾ, ਕਲਾਤਮਕਤਾ ਅਤੇ ਵਿਦਰੋਹ ਦੇ ਰੰਗ ਡੁੱਲ੍ਹ ਡੁੱਲ੍ਹ ਪੈਂਦੇ ਹਨ। ਉਸਦੇ ਜੀਵਨ ਸਫ਼ਰ ਨੇ ਜੋ ਸਾਹਿਤ ਅਤੇ ਲੋਕ-ਸੰਘਰਸ਼ ਦੀ ਜੁਗਲਬੰਦੀ ਦਾ ਸ਼ਾਨਾਮੱਤਾ ਇਤਿਹਾਸ ਸਿਰਜਿਆ ਉਸ ’ਤੇ ਭਵਿੱਖ ਸਦਾ ਨਾਜ਼ ਕਰਦਾ ਰਹੇਗਾ। ਮਹਿੰਦਰ ਸਾਥੀ ਦੀ ਕਲਮ ਅਥਾਹ ਵਿਸ਼ਵਾਸ਼ ਸਿਰਜਦੀ ਹੈ ਕਿ:

ਪਤਝੜ ਸਦਾ ਨਾ ਰਹਿਣੀ,

ਆਉਣੀ ਬਹਾਰ ਆਖ਼ਿਰ

ਜੀਵਨ ਤੋਂ ਮੌਤ ਖਾਂਦੀ,

ਆਏ ਹੈ ਹਾਰ ਆਖ਼ਿਰ

ਮਹਿੰਦਰ ਸਾਥੀ ਨੇ ‘ਬਚ ਗਏ ਤਾਂ’ ਅਤੇ ‘ਗਾਇਬ ਵੈਰੀ’ ਦੋ ਨਜ਼ਮਾਂ ‘ਕਿੱਥੇ ਹੈ ਰਾਤ ਦਾ ਚੰਨ’ ਪੁਸਤਕ ਵਿੱਚ ਸ਼ਾਮਲ ਕਰਕੇ ਕਰੋਨਾ ਦੇ ਓਹਲੇ ਨੀਤੀਆਂ ਘੜਦੇ ਹਾਕਮਾਂ ਦਾ ਘੁੰਡ ਚੁੱਕਿਆ। ਆਖਰੀ ਪਲਾਂ ਉਪਰੰਤ ਸਾਥੀ ਨੂੰ ਭਾਵੇਂ ਕਰੋਨਾ ਦਾ ਮਰੀਜ਼ ਦੱਸਿਆ ਗਿਆ ਪਰ ਉਸਦੀ ਕਲਮ ਜਾਣਦੀ ਸੀ ਕਿ ਜਿਸ ਪ੍ਰਬੰਧ ਵਿੱਚ ਅਸੀਂ ਜੀਅ ਰਹੇ ਹਾਂ ਇਹ ਆਪਣੇ ਆਪ ’ਚ ਹੀ ਕਰੋਨਾ ਹੈ।



ਮਹਿੰਦਰ ਸਾਥੀ ਨੂੰ ਸਿਜਦਾ

ਇਹ ਮਹਿੰਦਰ ਸਾਥੀ ਦੀ ਕਲਮ ਦੀ ਤਾਕਤ ਸੀ ਕਿ “ਮਸ਼ਾਲਾਂ ਬਾਲ ਕੇ ਚੱਲਣਾ...’’ ਗੀਤ ਦਹਾਕਿਆਂ ਤੋਂ ਇਨਕਲਾਬੀ ਲੋਕ ਕਾਫਲਿਆਂ ਦਾ ਤਰਾਨਾ ਬਣ ਕੇ ਗੂੰਜਦਾ ਆ ਰਿਹਾ ਹੈ। ਕਿਰਤੀਆਂ ਲਈ ਸੁਨਿਹਰੀ ਸਵੇਰੇ ਦਾ ਸੁਪਨਾ ਸੰਜੋਈ ਚਲਦੀ ਰਹੀ ਮਾਣ ਮੱਤੀ ਕਲਮ ਚਾਹੇ ਥੰਮ ਗਈ ਹੈ ਪਰ ਲੋਕ ਸਾਹਿਤਕਾਰਾਂ ਵੱਲੋਂ ਮਸ਼ਾਲਾਂ ਬਾਲਣ ਦਾ ਹੋਕਾ ਦੇਣ ਦੀ ਰੀਤ ਜਿਉੰਦੀ ਹੈ, ਮਹਿੰਦਰ ਸਾਥੀ ਇਸ ਰੀਤ ਨੂੰ ਹੋਰ ਗੂੜ੍ਹੀ ਕਰਕੇ ਗਿਆ ਹੈ। ਕੂੜ ਦੇ ਹਨ੍ਹੇਰਿਆਂ ਖ਼ਿਲਾਫ਼ ਮਸ਼ਾਲਾਂ ਬਾਲਣ ਦਾ ਜਿਗਰਾ ਰੱਖਦੇ ਲੋਕੀ ਦੇ ਕਦਮਾਂ ’ਚ ਸਾਥੀ ਦੇ ਇਹ ਅਮਰ ਬੋਲ ਸਦਾ ਬਿਜਲੀਆਂ ਭਰਦੇ ਰਹਿਣਗੇ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਲੋਕਾਂ ਦੇ ਕਲਮਕਾਰ ਦੇ ਵਿਛੋੜੇ ਮੌਕੇ ਲੋਕਾਂ ਦੀ ਜ਼ਿੰਦਗੀ ਚ ਬਹਾਰ ਆਉਣ ਦੀ ਉਸ ਦੀ ਨਿਹਚਾ ਨੂੰ ਤੇ ਧੜਕਦੀ ਆਸ ਨੂੰ ਸਲਾਮ ਕਰਦਾ ਹੈ।   

No comments:

Post a Comment