ਸੁਨਾਮ ਨੌਜਵਾਨ ਕਾਨਫ਼ਰੰਸ ਦਾ ਅਹਿਦ
ਅਸੀਂ ਸੁਨਾਮ ਦੀ ਧਰਤੀ ’ਤੇ , ਆਪਣੇ ਸ਼ਹੀਦਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਖਡੀ, ਪੰਜਾਬ ਦੇ ਨੌਜੁਆਨਾਂ ਦੀ ਠਾਠਾਂ ਮਾਰਦੀ
ਜੁਝਾਰ ਸੰਗਤ ਹਾਂ। ਕਾਲੇ ਖੇਤੀ ਕਾਨੂੰਨਾਂ ਖਿਲਾਫ, ਸ਼ਾਨਾਂ ਮੱਤੇ ਕਿਸਾਨ ਸੰਘਰਸ਼ ਦੇ ਨਗਾਰੇ ਦੀ ਚੋਟ ਨੇ
ਸਾਡੇ ਤਨ ਮਨ ਹਲੂਣ ਦਿੱਤੇ ਹਨ। ਇਸ ਘੋਲ ਦੇ ਚਾਨਣ ਨੇ, ਸਾਡੇ ਸ਼ਹੀਦਾਂ ਦੇ ਸਰੋਕਾਰਾਂ ਨਾਲ, ਸਾਡੇ ਮਨਾਂ ਦਾ ਰਿਸ਼ਤਾ ਗੂੜਾ ਕਰ ਦਿੱਤਾ ਹੈ। ਸਾਡੇ
ਪਿਆਰੇ ਵਤਨ ਦੀ ਧਰਤੀ ਨੂੰ, ਚੂੰਡ ਰਹੀਆਂ
ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਗਿਰਝਾਂ, ਬੇਪਰਦ ਕਰ ਦਿੱਤੀਆਂ
ਹਨ। ਸਾਡੇ ਗ਼ਦਰੀ ਸ਼ਹੀਦਾਂ ਦੇ ਦਰਦ ਭਰੇ ਬੋਲ ਸੱਜਰੇ ਕਰ ਦਿੱਤੇ ਹਨ “ਹੀਰਾ ਹਿੰਦ, ਹੀਰਾ ਖ਼ਾਕ ਰੋਲ
ਦਿੱਤਾ’’। ਇਹ ਦਰਦ ਡੂੰਘਾ ਹੋ ਕੇ, ਸਾਡੇ ਸੀਨਿਆਂ ’ਚ ਲਹਿ ਗਿਆ ਹੈ।
ਅਸੀਂ ਭੁੱਲੇ ਨਹੀਂ,ਕਿ ਸਾਡੇ ਹੀਰੇ ਵਰਗੇ ਹਿੰਦੁਸਤਾਨ ਦੀ ਮੁਕਤੀ ਲਈ,
23 ਮਾਰਚ ਦੇ ਸ਼ਹੀਦਾਂ ਨੇ “ਸਾਮਰਾਜਵਾਦ ਮੁਰਦਾਬਾਦ’’ ਦਾ ਨਾਅਰਾ ਬੁਲੰਦ ਕੀਤਾ ਸੀ। ਕਿਸਾਨ ਸੰਘਰਸ਼ ਦੇ ਝੰਜੋੜੇ
ਨੇ, ਇਸ ਨਾਅਰੇ ਦੇ ਅਰਥ ਹੋਰ ਸਪਸ਼ਟ
ਕਰ ਦਿੱਤੇ ਹਨ। ਸਾਡੇ ਲਬਾਂ ’ਤੇ ਇਸ ਨਾਅਰੇ
ਦੀ ਗੂੰਜ,ਹੋਰ ਉੱਚੀ ਹੋ ਗਈ
ਹੈ। ਅਸੀਂ ਅਹਿਦ ਕਰਦੇ ਹਾਂ, ਕਿ ਸਾਡੇ ਤਣੇ ਹੋਏ
ਮੁੱਕੇ, ਇਸ ਨਾਅਰੇ ਦੀ ਗੂੰਜ ’ਤੇ
ਉਦੋਂ ਤੱਕ ਲਹਿਰਾਉਂਦੇ ਰਹਿਣਗੇ, ਜਦੋਂ ਤੱਕ ਸਾਮਰਾਜੀ
ਜੋਕਾਂ ਸਾਡੇ ਵਤਨ ਦੀ ਧਰਤੀ ਤੋਂ ਹੂੰਝੀਆਂ ਨਹੀਂ ਜਾਂਦੀਆਂ।
ਸਾਨੂੰ ਫਖ਼ਰ ਹੈ ਕਿ, ਕਿਸਾਨ ਸੰਘਰਸ਼ ਦਾ ਸੁਲੱਖਣਾ ਚਾਨਣ ਜੁਆਨੀ ਦੇ ਮਨਾਂ ਦੇ
ਖਲਾਅ ਨੂੰ ਪੂਰਨ ’ਚ ਹਿੱਸਾ ਪਾ ਰਿਹਾ
ਹੈ। ਆਪਣੀ ਤਕਦੀਰ ਆਪਣੇ ਹੱਥ ਲੈਣ ਲਈ ਸੰਘਰਸ਼ ਦੀ ਤਾਂਘ ਦਾ ਪਸਾਰਾ ਹੋ ਰਿਹਾ ਹੈ। ਇਹ ਤਾਂਘ,
ਨਸ਼ਿਆਂ ਅਤੇ ਵਿਦੇਸ਼ਾਂ ਨੂੰ
ਪਰਵਾਸ ਦੇ ਆਸਰੇ ਦਾ ਜਵਾਬ ਬਣ ਰਹੀ ਹੈ। ਸਾਨੂੰ ਮਾਣ ਹੈ
ਕਿ, ਅੱਜ ਅਸੀਂ ਮੁਨਾਫ਼ੇਖੋਰਾਂ
ਵੱਲੋਂ ਸਾਡੀਆਂ ਦੁਸ਼ਵਾਰੀਆਂ ਦਾ ਲਾਹਾ ਲੈ ਕੇ, ਸਾਡੇ ’ਤੇ ਥੋਪੇ ਜਾ ਰਹੇ
ਨਸ਼ਿਆਂ ਦੇ ਕੋਹੜ ਨੂੰ ਚੁਣੌਤੀ ਦੇਣ ਦੇ ਰਾਹ ਪਏ ਹੋਏ ਹਾਂ। ਅਸੀਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼,ਆਪਣੇ ਕਿਸਾਨਾਂ ਅਤੇ ਲੋਕਾਂ ਦੇ ਸੰਘਰਸ਼ ਦੀ ਜਾਨਦਾਰ
ਟੁਕੜੀ ਹਾਂ। ਅਸੀਂ ਜਾਣਦੇ ਹਾਂ ਕਿ, ਇਹ ਸੰਘਰਸ਼ ਜ਼ਮੀਨ ਅਤੇ ਰੋਟੀ ਦੀ ਰਾਖੀ ਦੇ ਨਾਲ ਨਾਲ, ਨੌਜਵਾਨਾਂ ਦੇ ਰੁਜ਼ਗਾਰ ਦੀ ਰਾਖੀ ਦਾ ਸੰਘਰਸ਼ ਵੀ
ਹੈ। ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ,
ਅਸੀਂ ਇਸ ਸੰਘਰਸ਼ ਦੀ ਗੂੰਜ
ਨੂੰ , ਜਾਨਾਂ ਹੂਲ ਕੇ ਉੱਚੀ
ਕਰਾਂਗੇ ।
ਅਸੀਂ ਸੁਚੇਤ ਹਾਂ ਕਿ, ਬੀਜੇਪੀ ਹਕੂਮਤ ਕਿਸਾਨ ਸੰਘਰਸ਼ ਨਾਲ ਨਿਪਟਣ ਲਈ ਬਰਤਾਨਵੀ
ਸਾਮਰਾਜੀਆਂ ਵਾਲੀ ਨੀਤੀ ’ਤੇ ਚੱਲ ਰਹੀ ਹੈ।
ਬਲ ਦੇ ਨਾਲ ਨਾਲ, ਛਲ ਦੇ ਹੱਥਕੰਡੇ
ਵਰਤ ਰਹੀ ਹੈ। “ਪਾੜੋ ਤੇ ਰਾਜ ਕਰ’’ੋ ਦਾ ਹਥਿਆਰ ਵਰਤ ਰਹੀ ਹੈ। ਫਿਰਕੂ ਕੌਮ ਹੰਕਾਰ ਦਾ
ਆਸਰਾ ਲੈ ਰਹੀ ਹੈ। ਇਹ ਮੁਲਕ ਦੇ ਕਿਸਾਨਾਂ, ਅਤੇ ਲੋਕਾਂ ਦੇ ਸਾਂਝੇ ਹੱਕੀ ਸੰਘਰਸ਼ ਨੂੰ, ਧਰਮਾਂ, ਫ਼ਿਰਕਿਆਂ, ਜਾਤਾਂ ਅਤੇ ਇਲਾਕਿਆਂ ਦੇ ਪਾਟਕ ਪਾ ਕੇ ਖਿੰਡਾਉਣਾ ਅਤੇ
ਕੁਚਲਣਾ ਚਾਹੁੰਦੀ ਹੈ। ਅਸੀਂ ਸ਼ਹੀਦ ਭਗਤ ਸਿੰਘ,
ਸ਼ਹੀਦ ਕਰਤਾਰ ਸਿੰਘ ਸਰਾਭਾ
ਅਤੇ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਨਾ ਲੈ ਕੇ “ਪਾੜੋ ਤੇ ਰਾਜ ਕਰੋ’’ ਦੀ ਇਸ ਨੀਤੀ ਨੂੰ
ਨਾਕਾਮ ਕਰਾਂਗੇ। ਅਸੀਂ ਸਾਂਝੇ ਕਿਸਾਨ ਹਿੱਤਾਂ ਅਤੇ ਲੋਕ ਹਿੱਤਾਂ ਦੇ, ਇਸ ਸੰਘਰਸ਼ ’ਤੇ ਧਰਮ ਦੇ ਸੰਘਰਸ਼ ਦਾ ਲੇਬਲ ਚਿਪਕਾਉਣ ਦੀ, ਸਾਜਿਸ਼ ਦਾ ਪਰਦਾਫਾਸ਼ ਕਰਾਂਗੇ। ਅਸੀਂ ਲੋਕ ਹਿੱਤਾਂ ਦੇ ਸੰਘਰਸ਼ਾਂ ਨੂੰ,ਧਰਮ ਨਿਰਲੇਪ ਲੀਹਾਂ ’ਤੇ ਚਲਾਉਣ ਦੀ, 23 ਮਾਰਚ ਦੇ ਸ਼ਹੀਦਾਂ ਅਤੇ ਗਦਰੀ ਸ਼ਹੀਦਾਂ ਦੀ ਨਸੀਹਤ ਦਾ
ਪਾਲਣ ਕਰਾਂਗੇ। ਅਸੀਂ ਕਿਸਾਨ ਸੰਘਰਸ਼ ਨੂੰ ਅਗਵਾ ਕਰਨ, ਢਾਹ ਲਾਉਣ ਜਾਂ ਇਸ ਨਾਲ ਭਿੜਨ ਦੀ ਕੋਸ਼ਿਸ਼ ਕਰ ਰਹੀ ਕਿਸੇ ਵੀ ਸਿਆਸਤ ਨੂੰ, ਨੌਜਵਾਨਾਂ ਦਾ ਮੋਢਾ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ ।
ਅਸੀਂ ਫ਼ਿਰਕੂ, ਤੰਗਨਜ਼ਰ ਅਤੇ ਲੋਕ ਦੁਸ਼ਮਣ ਸਿਆਸਤ ਦੇ ਹੱਥਾਂ ’ਤੇ ਚਡੇ ਮੁੱਠੀ ਭਰ ਅਨਸਰਾਂ ਵੱਲੋਂ, ਛੱਬੀ ਜਨਵਰੀ ਨੂੰ, ਲਾਲ ਕਿਲੇ ’ਚ ਕੀਤੀ ਕਾਰਵਾਈ ਨਾਲੋਂ, ਸਪੱਸ਼ਟ ਨਿਖੇੜੇ ਦਾ ਐਲਾਨ ਕਰਦੇ ਹਾਂ। ਅਸੀਂ ਜਾਣਦੇ ਹਾਂ
ਕਿ, ਇਹ ਕਾਰਵਾਈ ਬੀਜੇਪੀ ਹਕੂਮਤ
ਦੀ ਹੱਲਾਸ਼ੇਰੀ ਅਤੇ ਮਿਲੀ ਭੁਗਤ ਨਾਲ ਸੰਘਰਸ਼ ਨੂੰ ਲੀਹੋਂ ਲਾਹੁਣ ਅਤੇ ਡੋਬਾ ਦੇਣ ਦੇ ਮਕਸਦ ਨਾਲ
ਕੀਤੀ ਗਈ ਸੀ।
ਇੱਕ ਵਾਰ ਬੁਰੀ ਤਰਾਂ, ਨਾਕਾਮ ਹੋ ਜਾਣ ਪਿੱਛੋਂ ਵੀ, ਇਹ ਪਛਤਾਵਾ ਰਹਿਤ ਅਨਸਰ ਬਾਜ਼ ਨਹੀਂ ਆਏ। ਹੁਣ ਵੀ ਇਨਾਂ
ਵੱਲੋਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਕਿਸਾਨ ਸੰਘਰਸ਼ ’ਤੇ ,ਆਪਣਾ ਸਿਆਸੀ ਏਜੰਡਾ ਥੋਪਣ ਦੇ ਜ਼ੋਰਦਾਰ ਅਤੇ ਝਲਿਆਏ ਯਤਨ ਜਾਰੀ ਹਨ। ਇਸ ਖਾਤਰ, ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ, ਲੋਕਾਂ ਦੇ ਧਾਰਮਕ ਜਜ਼ਬਾਤਾਂ ਦੀ ਦੁਰਵਰਤੋਂ ਦੇ ਵਿਸ਼ੇਸ਼
ਯਤਨ ਕੀਤੇ ਜਾ ਰਹੇ ਹਨ।
ਸ਼ਹੀਦ ਭਗਤ ਸਿੰਘ, ਸਰਾਭੇ ਅਤੇ ਊਧਮ ਸਿੰਘ ਦੀ ਵਾਰਸ ਜੁਆਨੀ, ਲੋਕਾਂ ਦੇ ਧਾਰਮਕ ਜਜ਼ਬਾਤਾਂ ਨਾਲ ਖੇਡਣ ਦੀ ਇਸ ਕੋਸ਼ਿਸ਼
ਨੂੰ ਚੁੱਪ ਚਾਪ ਨਹੀਂ ਵੇਖ ਸਕਦੀ। ਅਸੀਂ ਸਿੱਖ ਧਰਮ ’ਚ ਵਿਸ਼ਵਾਸ਼ ਰੱਖਣ ਵਾਲੇ, ਆਪਣੇ ਸਾਦਾ ਦਿਲ ਲੋਕਾਂ ਨੂੰ, ਸੁਚੇਤ ਕਰਦੇ ਹਾਂ ਕਿ, ਇਹ ਅਨਸਰ , ਗੁਰਦੁਆਰਿਆਂ ਦੀ ਹੱਕੀ ਧਾਰਮਕ ਆਜ਼ਾਦੀ ਲਈ, ਸਾਮਰਾਜੀਆਂ ਖ਼ਿਲਾਫ਼ ਜੂਝਦਿਆਂ ਜਾਨਾਂ ਕੁਰਬਾਨ ਕਰਨ ਵਾਲੇ,
ਨਨਕਾਣਾ ਸਾਹਿਬ ਦੇ ਸ਼ਹੀਦਾਂ
ਦੇ ਵਾਰਸ ਨਹੀਂ ਹਨ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਅਨਸਰ ਅੰਗਰੇਜ਼ ਸਾਮਰਾਜੀਆਂ ਦੀ ਸ਼ਹਿ ’ਤੇ ਗੁਰਦੁਆਰਿਆਂ ’ਤੇ ਕਾਬਜ਼ ਰਹੀ, ਸਾਮਰਾਜੀਆਂ ਦੀ ਚਾਕਰ, ਮਹੰਤਸ਼ਾਹੀ ਦੇ ਵਾਰਸ ਹਨ। ਜਨਰਲ ਡਾਇਰ ਨੂੰ, ਦਰਬਾਰ ਸਾਹਿਬ ’ਚ ਸੱਦ ਕੇ, ਸਿਰੋਪਾ ਦੇਣ ਵਾਲੀ ਮਹੰਤਸ਼ਾਹੀ ਦੇ ਵਾਰਸ ਹਨ। ਗ਼ਦਰੀ
ਸੂਰਬੀਰਾਂ ਖਿਲਾਫ਼, ਹੁਕਮਨਾਮੇ ਜਾਰੀ
ਕਰਨ ਵਾਲੇ, ਬਦਨਾਮ ਅੰਗਰੇਜ਼
ਭਗਤਾਂ ਦੇ ਵਾਰਸ ਹਨ ।
ਅਸੀਂ ਐਲਾਨ ਕਰਦੇ ਹਾਂ ਕਿ, ਨੌਜੁਆਨਾਂ ਦੇ ਬਸੰਤੀ ਕਾਫਲੇ, ਸਾਮਰਾਜੀ ਕਾਰਪੋਰੇਟਸ਼ਾਹੀ ਅਤੇ ਇਸ ਦੇ ਦੇਸੀ ਜੋਟੀਦਾਰਾਂ
ਦੇ ਹੱਲੇ ਖ਼ਿਲਾਫ਼, ਆਪਣੇ ਕਿਸਾਨਾਂ ਅਤੇ
ਲੋਕਾਂ ਦੇ ਹੱਕੀ ਸੰਘਰਸ਼ ਦੀਆਂ ਕਤਾਰਾਂ ’ਚ, ਤਨਦੇਹੀ ਨਾਲ ਡਟੇ ਰਹਿਣਗੇ। ਅਸੀਂ ਹਰ ਕੁਰਬਾਨੀ ਦੇ ਕੇ,
ਸੰਘਰਸ਼ ਦੀ ਮਸ਼ਾਲ ਜਗਦੀ
ਰੱਖਾਂਗੇ। ਆਪਣੇ ਸ਼ਹੀਦਾਂ ਦੀਆਂ ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਵਿਰੋਧੀ ਰਿਵਾਇਤਾਂ ਨੂੰ ਬੁਲੰਦ
ਰੱਖਾਂਗੇ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਹਰ ਭਟਕਣ ਖ਼ਿਲਾਫ਼ ਕੰਧ ਬਣਕੇ ਖੜਾਂਗੇ।
ਸਾਮਰਾਜਵਾਦ ਮੁਰਦਾਬਾਦ!
ਫ਼ਿਰਕਾਪ੍ਰਸਤੀ ਮੁਰਦਾਬਾਦ !
ਕਾਲੇ ਖੇਤੀ ਕਾਨੂੰਨ ਮੁਰਦਾਬਾਦ!
No comments:
Post a Comment