ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਸੰਘਰਸ਼ ਦੌਰਾਨ
ਪੁਲਸ ਜਬਰ ਦਾ ਨੰਗਾ ਨਾਚ
ਸੱਤਾ ’ਤੇ ਭਾਵੇਂ ਕਿਸੇ ਵੀ ਮਾਰਕੇ ਦਾ ਹਾਕਮ ਜਮਾਤੀ ਧੜਾ ਕਾਬਜ ਹੋਵੇ, ਹੱਕੀ ਲੋਕ ਲਹਿਰਾਂ ਨੂੰ ਬਰਬਰਤਾ ਨਾਲ ਕੁਚਲਣ ਦੇ ਯਤਨ ਕਰਨ ਪੱਖੋਂ ਸਾਰੇ ਇਕ ਦੂਜੇ ਨਾਲੋਂ ਵਧ ਕੇ ਹਨ। ਜਾਬਰ ਕਾਲੇ ਕਾਨੂੰਨ, ਪੁਲਸ ਸੁਰੱਖਿਆ ਬਲਾਂ ਦੇ ਰੂਪ ’ਚ ਸੰਗਠਤ ਕਾਤਲ ਟੋਲੇ, ਅੰਨ੍ਹਾਂ ਤਸ਼ੱਦਦ, ਝੂਠੇ ਸੰਗੀਨ ਕੇਸ, ਫਿਰਕੂ ਕਾਤਲੀ ਟੋਲੇ-ਲੋਕ ਹੱਕਾਂ ਦੀ ਹਰ ਆਵਾਜ਼ ਨੂੰ ਦਬਾਉਣ ਦੇ ਸੰਦ ਵਜੋਂ ਨਿਸ਼ੰਗ ਵਰਤੇ ਜਾਂਦੇ ਰਹੇ ਹਨ। ਇਸ ਪਿਠ ਭੂਮੀ ’ਚ ਨਾਗਰਿਕਤਾ ਸੋਧ ਕਾਨੂੰਨ -ਐਨ ਆਰ ਸੀ ਖਿਲਾਫ ਉੱਠੀ ਵਿਸ਼ਾਲ ਲੋਕ ਲਹਿਰ ਨੂੰ ਕੁਚਲਣ ਖਾਤਰ ਬੀਜੇਪੀ ਹਕੂਮਤ ਵੱਲੋਂ ਕੀਤੀ ਪੁਲਸ ਬਰਬਰਤਾ ਦੀ ਅੰਨ੍ਹੀਂ ਵਰਤੋਂ ਭਾਵੇਂ ਕੋਈ ਨਵਾਂ ਵਰਤਾਰਾ ਨਹੀਂ ਪਰ ਪਿਛਲੇ ਡੇਢ ਦੋ ਮਹੀਨਿਆਂ ਵਿਚ ਹੀ ਵਿਸ਼ੇਸ਼ ਕਰ ਬੀਜੇਪੀ ਸ਼ਾਸਤ ਰਾਜਾਂ (ਉਤਰ ਪ੍ਰਦੇਸ਼, ਕਰਨਾਟਕਾ, ਆਸਾਮ, ਅਤੇ ਦਿੱਲੀ) ਵਿਚ ਵੱਡੀ ਗਿਣਤੀ (ਲਗਭਗ 40) ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਪੁਲਸ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਜਾਣਾ, ਹਜ਼ਾਰਾਂ ਦੀ ਗਿਣਤੀ ’ਚ ਮੁਸਲਮਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੁੱਧੀਜੀਵੀਆਂ, ਸਮਾਜ ਸੇਵਕਾਂ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਆਦਿ ਨੂੰ ਸੰਗੀਨ ਧਾਰਾਵਾਂ ਤਹਿਤ ਕੇਸਾਂ ’ਚ ਨਾਮਜਦ ਕਰਨਾ ਅਤੇ ਜੇਲ੍ਹੀਂ ਡੱਕਣਾ, ਦੇਸ਼ ਧ੍ਰੋਹ ਵਰਗੇ ਬਦਨਾਮ ਕਾਲੇ ਕਾਨੂੰਨ ਦੀ ਬੇਦਰੇਗ ਵਰਤੋਂ, ਪੁਲਸੀ ਧਾੜਾਂ ਵੱਲੋਂ ਯੂਨੀਵਰਸਿਟੀਆਂ, ਕਾਲਜਾਂ ’ਚ ਜਬਰੀ ਦਾਖਲ ਹੋ ਕੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਨਾ, ਗੋਲੀਆਂ, ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੀਂ ਵਰਤੋਂ ਕਰ ਸੈਂਕੜਿਆਂ ਦੀਆਂ ਲੱਤਾਂ-ਬਾਹਾਂ ਤੋੜ ਗੰਭੀਰ ਜਖਮੀ ਕਰਨਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਜਿੱਥੇ ਇਕ ਪਾਸੇ ਫਿਰਕੂ ਪਾਲੇਬੰਦੀਆਂ ਸਿਰ ਇਸ ਸੋਧ ਕਾਨੂੰਨ ਦੀ ਵਾਜਬੀਅਤ ਦਾ ਭਰਮ ਉਭਾਰਨ ਪੱਖੋਂ ਬੁਰੀ ਤਰ੍ਹਾਂ ਫੇਲ੍ਹ ਹੋਇਆ ਆਰ ਐਸ ਐਸ-ਭਾਜਪਾ ਲਾਣਾ ਇਸਦੇ ਹਰ ਹੱਕੀ ਵਿਰੋਧ ਨੂੰ ਕੁਚਲਣ ਖਾਤਰ ਆਪਣੀ ਮੁੱਖ ਟੇਕ ਪੁਲਸ-ਸੁਰੱਖਿਆ ਬਲ ਜਾਬਰ ਮਸ਼ੀਨਰੀ ’ਤੇ ਰੱਖ ਰਿਹਾ ਹੈ, ਉਥੇ ਦੂਜੇ ਪਾਸੇ ਫਿਰਕੂ ਤੁਅੱਸਬਾਂ ’ਚ ਗ੍ਰਸਿਆ ਪੁਲਸ ਸੁਰੱਖਿਆ ਬਲ ਢਾਂਚਾ ਆਪਣੇ ਅਸਲ ਖਾਸੇ ਭਾਵ ਹਾਕਮਾਂ ਦੇ ਲੋਕ ਵਿਰੋਧੀ ਜਾਲਮ ਤਸ਼ੱਦਦੀ ਸੰਦ ਵਜੋਂ ਆਪਣਾ ਅਸਲ ਰੋਲ ਨਿਭਾਉਦਾ ਸਾਫ ਦਿਖਾਈ ਦੇ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ 19.2.2020 (ਮੌਜੂਦਾ ਦਿੱਲੀ ਦੰਗਿਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ) ਤੱਕ ਦੀਆਂ ਘਟਨਾਵਾਂ ’ਤੇ ਮਾਰੀ ਪੰਛੀ ਝਾਤ ਇਸ ਵਰਤਾਰੇ ਦੇ ਪੁਸ਼ਟੀ ਕਰਦੀ ਹੈ।
ਉੱਤਰ-ਪੂਰਬ: 9 ਦਸੰਬਰ 2019 ਨੂੰ ਲੋਕ ਸਭਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰ ਦਿੱਤਾ ਗਿਆ। ਇਸ ਦੇ ਵਿਰੋਧ ’ਚ ਉਸੇ ਦਿਨ ਆਲ ਆਸਾਮ ਸਟੂਡੈਂਟਸ ਯੂਨੀਅਨ ਸਮੇਤ ਉੱਤਰ-ਪੂਰਬੀ ਵਿਦਿਆਰਥੀ ਜਥੇਬੰਦੀ ਵੱਲੋਂ ਆਸਾਮ ਸਮੇਤ ਸਾਰੇ ਉੱਤਰ-ਪੂਰਬ ’ਚ ਮੁਕੰਮਲ ਬੰਦ ਦਾ ਸੱਦਾ ਦਿੱਤਾ ਗਿਆ। ਦਸੰਬਰ ਦਾ ਸਾਰਾ ਮਹੀਨਾ ਆਸਾਮ, ਤਿ੍ਰਪੁਰਾ, ਮੇਘਾਲਿਆ, ਮਨੀਪੁਰ ਲੋਕ ਸੰਘਰਸ਼ ਦਾ ਅਖਾੜਾ ਬਣੇ ਰਹੇ। 15 ਦਸੰਬਰ ਤੱਕ ਪੁਲਸ ਵਾਲਿਆਂ ਦਾ ਗੋਲੀ ਜਾਂ ਕੁੱਟਮਾਰ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ। 12 ਦਸੰਬਰ ਨੂੰ ਸੀ ਆਰ ਪੀ ਐਫ ਦੇ ਜਵਾਨਾਂ ਨੇ ਗੁਹਾਟੀ ਵਿਖੇ ਇਕ ਪ੍ਰਾਈਵੇਟ ਟੀ ਵੀ ਚੈਨਲ ਦੇ ਦਫਤਰ ’ਚ ਜਬਰੀ ਦਾਖਲ ਹੋ ਕੇ ਮੌਕੇ ’ਤੇ ਮੌਜੂਦ ਸਟਾਫ ਦੀ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। 10 ਦਸੰਬਰ ਤੋਂ ਹੀ ਉੱਤਰ-ਪੂਰਬ ਦੇ ਬਹੁਤੇ ਸ਼ਹਿਰਾਂ, ਕਸਬਿਆਂ ’ਚ ਮੋਬਾਈਲ, ਇੰਟਰਨੈਟ ਅਤੇ ਐਸ ਐਮ ਐਸ ਸੇਵਾ ਬੰਦ ਕਰ ਦਿੱਤੀ ਗਈ ਸੀ ਜੋ ਕਿ ਬਾਅਦ ਵਿਚ ਗੁਹਾਟੀ ਹਾਈ ਕੋਰਟ ਦੇ ਹੁਕਮਾਂ ’ਤੇ 20 ਦਸੰਬਰ ਨੂੰ ਮੁੜ ਚਾਲੂ ਕੀਤੀ ਗਈ। ਗੁਹਾਟੀ ਸਮੇਤ ਆਸਾਮ ਅਤੇ ਤਿ੍ਰਪੁਰਾ ਦੇ ਕਈ ਸ਼ਹਿਰਾਂ ਵਿਚ ਕਰਫਿਊ ਲਗਾ ਦਿੱਤਾ ਗਿਆ। ਲੋਕ ਰੋਹ ਦੀ ਤਿੱਖ ਇੰਨੀਂ ਜ਼ਿਆਦਾ ਸੀ ਕਿ ਕਸ਼ਮੀਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੇ 5000 ਜਵਾਨ ਫੌਰੀ ਆਸਾਮ ’ਚ ਤਬਦੀਲ ਕੀਤੇ ਗਏ। ਬਹੁਤੇ ਥਾਈਂ ਵਿਰੋਧ ਪ੍ਰਦਰਸ਼ਨਾਂ ’ਤੇ ਨਾ ਸਿਰਫ ਲਾਠੀਚਾਰਜ ਤੇ ਅੱਥਰੂ ਗੈਸ ਦੀ ਅੰਨ੍ਹੀਂ ਵਰਤੋਂ ਹੋਈ ਸਗੋਂ ਗੋਲੀਬਾਰੀ ਵੀ ਕੀਤੀ ਗਈ। ਸੈਂਕੜਿਆਂ ਦੀ ਗਿਣਤੀ ਵਿਚ ਗੰਭੀਰ ਜਖਮੀ ਹੋਏ। 22 ਦਸੰਬਰ ਤੱਕ ਸਿਰਫ ਸੋਸ਼ਲ ਮੀਡੀਆ ’ਤੇ ਸੋਧ ਕਾਨੂੰਨ ਵਿਰੋਧੀ ਪੋਸਟਾਂ ਪਾਉਣ ਦੇ ਦੋਸ਼ਾਂ ਤਹਿਤ ਹੀ 28 ਕੇਸ ਦਰਜ ਕੀਤੇ ਗਏ ਅਤੇ 393 ਵਿਅਕਤੀ ਗਿ੍ਰਫਤਾਰ ਕੀਤੇ ਗਏ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ 11ਦਸੰਬਰ ਤੱਕ 2000 ਤੋਂ ਵੱਧ ਵਿਅਕਤੀਆਂ ਨੂੰ ਨਜ਼ਰਬੰਦ ਕੀਤਾ ਗਿਆ ਜਦੋਂ ਕਿ ਜਖਮੀਆਂ ਦੀ ਗਿਣਤੀ ਅਤੇ ਸੂਚੀ ਜਾਣ ਬੁੱਝ ਕੇ ਜਾਰੀ ਨਹੀਂ ਕੀਤੀ ਗਈ। ਕਿਸਾਨ ਆਗੂ ਅਖਿਲ ਗੋਗੋਈ ਨੂੰ ਐਨ ਆਈ ਏ ਵੱਲੋਂ 12 ਦਸੰਬਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਮਾਓਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਲਗਾ ਕੇ ਦੇਸ਼ ਧ੍ਰੋਹ ਦਾ ਕੇਸ ਮੜ੍ਹ ਦਿੱਤਾ ਗਿਆ। 12 ਦਸੰਬਰ ਦੀ ਬੀ ਬੀ ਸੀ ਦੀ ਖਬਰ ਅਨੁੁਸਾਰ ਤਿ੍ਰਪੁਰਾ ’ਚ ਫੌਜ ਤਾਇਨਾਤ ਕਰ ਦਿੱਤੀ ਗਈ ਅਤੇ 1200 ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਰਾਜਧਾਨੀ ਅਗਰਤਾਲਾ ’ਚ ਮੁਜਾਹਰਾ ਕਰ ਰਹੇ 200 ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਦਿੱਲੀ: 13 ਦਸੰਬਰ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੀ ਏ ਏ ਕਾਨੂੰਨ ਦੇ ਵਿਰੋਧ ਵਿਚ ਪਾਰਲੀਮੈਂਟ ਤੱਕ ਜਲੂਸ ਕੱਢਿਆ ਜਾਣਾ ਸੀ। ਦਿੱਲੀ ਪੁਲਸ ਵੱਲੋਂ ਡਾਂਗਾਂ -ਅੱੱਥਰੂ ਗੈਸ ਦੀ ਅੰਨ੍ਹੀਂ ਵਰਤੋਂ ਕਰਦਿਆਂ ਜਲੂਸ ਰਾਹ ਵਿਚ ਰੋਕ ਦਿੱਤਾ ਗਿਆ। ਬਹੁਤ ਸਾਰੇ ਵਿਦਿਆਰਥੀ ਗੰਭੀਰ ਜ਼ਖਮੀ ਹੋਏ। 50 ਵਿਦਿਆਰਥੀ ਗਿ੍ਰਫਤਾਰ ਕੀਤੇ ਗਏ। 15 ਦਸੰਬਰ ਦੀ ਸਵੇਰ ਜਾਮੀਆ ਦੇ ਹਜ਼ਾਰਾਂ ਵਿਦਿਆਰਥੀ ਦਿੱਲੀ ’ਚ ਹੋ ਰਹੇ ਇਸ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ। ਕਾਇਦੇ ਕਾਨੂੰਨਾਂ ਦਾ ਮਖੌਟਾ ਲਾਹ ਦਿੱਲੀ ਪੁਲਸ ਨੂੰ ਆਪਣੇ ਅਸਲ ਖਾਸੇ ’ਚ ਆਉਣ ’ਚ ਦੇਰ ਨਾ ਲੱਗੀ। ਜਾਮੀਆ ਦੇ ਵਿਦਿਆਰਥੀਆਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਉਹਨਾਂ ਵੱਲੋਂ ਜਥੇਬੰਦ ਹੋ ਕੇ ਦਿੱਲੀ ਹਕੂਮਤ ਨੂੰ ਚੁਣੌਤੀ ਦੇਣ ਦਾ ਸਬਕ ਸਿਖਾਉਣ ਦੇ ਮਨਸ਼ੇ ਨਾਲ 15 ਦਸੰਬਰ ਦੀ ਸ਼ਾਮ ਪੁਲਸੀ ਧਾੜਾਂ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਦੀ ਮਨਜੂਰੀ ਤੋਂ ਬਿਨਾਂ ਯੂਨੀਵਰਸਿਟੀ ਅੰਦਰ ਦਾਖਲ ਹੋਕੇ ਬਰਬਰਤਾ ਦਾ ਨੰਗਾ ਨਾਚ ਕੀਤਾ ਗਿਆ। ਲਾਇਬਰੇਰੀ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਧੂਹ ਧੂਹ ਕੇ ਬਾਹਰ ਕੱਢ ਕੇ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਪੜ੍ਹਨ ਵਾਲੇ ਕਮਰਿਆਂ ’ਚ ਵੜ ਕੇ ਕੁੱਟਮਾਰ ਅਤੇ ਭੰਨ ਤੋੜ ਕੀਤੀ ਗਈ। ਹੋਸਟਲ ਦੇ ਰਿਹਾਇਸ਼ੀ ਕਮਰਿਆਂ ਅਤੇ ਲਾਇਬਰੇਰੀ ’ਚ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਵਿਦਿਆਰਥੀਆਂ ਦਾ ਕੀਮਤੀ ਸਮਾਨ (ਲੈਪਟਾਪ, ਕੈਮਰੇ, ਮੋਬਾਈਲ ਆਦਿ) ਭੰਨ ਤੋੜ ਅਤੇ ਫੂਕ ਦਿੱਤਾ ਗਿਆ। ਸਬੂਤਾਂ ਦਾ ਖੁਰਾ ਖੋਜ ਮਿਟਾਉਣ ਦੇ ਮਨਸ਼ੇ ਨਾਲ ਲਾਇਬਰੇਰੀ ਅਤੇ ਯੂਨੀਵਰਸਿਟੀ ’ਚ ਲੱਗੇ ਸੀ ਸੀ ਟੀ ਵੀ ਕੈਮਰੇ ਭੰਨ ਦਿੱਤੇ। ਲਗਭਗ 200 ਵਿਦਿਆਰਥੀ ਜ਼ਖਮੀ ਹੋਏ ਜਿਨ੍ਹਾਂ ਨੂੰ ਸਾਥੀਆਂ ਨੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਾਇਆ। ਉਹਨਾਂ ’ਚੋਂ ਦੋ ਵਿਦਿਆਰਥੀਆਂ ਦੇ ਗੋਲੀਆਂ ਦੇ ਜ਼ਖਮ ਸਨ। ਲਗਭਗ ਸੌ ਵਿਦਿਆਰਥੀਆਂ ਨੂੰ ਪੁਲਸ ਚੁੱਕ ਕੇ ਲੈ ਗਈ। ਜਾਮੀਆ ਦੇ ਵਿਦਿਆਰਥੀ ਇਸ ਪੁਲਸ ਬਰਬਰਤਾ ਦਾ ਢੁੱਕਵਾਂ ਨਿਸ਼ਾਨਾ ਸਨ ਇਸ ਗੱਲ ਦਾ ਸਬੂਤ ਇੱਥੋਂ ਮਿਲਦਾ ਹੈ ਕਿ ਉਸੇ ਰਾਤ ਨਿਊ ਫਰੈਂਡਜ ਕਲੌਨੀ ’ਚ ਰਹਿੰਦੇ ਜਾਮੀਆ ਦੇ ਚਾਰ ਵਿਦਿਆਰਥੀਆਂ ਦੀ ਉਸੇ ਇਲਾਕੇ ਵਿਚ ਪੁਲਸ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਯੂਨੀਵਰਸਿਟੀ ਅਧਿਕਾਰੀਆਂ ਸਮੇਤ ਵੀ ਸੀ ਅਤੇ ਅਨੇਕਾਂ ਵਿਦਿਆਰਥੀਆਂ ਵੱਲੋਂ ਬਾਰ ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਗੁੰਡਾਗਰਦੀ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਹੁਣ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਸ ਤਾਂ ਪੁਲਸ, ਅਦਾਲਤਾਂ ਦਾ ਏਦੂੰ ਵੀ ਮਾੜਾ ਹਾਲ ਹੈ। ਪੁਲਸੀਆਂ ’ਤੇ ਕਾਰਵਾਈ ਦੇ ਹੁਕਮ ਦੇਣ ਦੀ ਥਾਂ ਸੁਪਰੀਮ ਕੋਰਟ ਵਿਦਿਆਰਥੀਆਂ ਨੂੰ ਹੀ ਦੋਸ਼ੀ ਠਹਿਰਾਉਦਿਆਂ ਕਹਿੰਦੀ ਹੈ, ‘‘ਵਿਦਿਆਰਥੀਆਂ ਕੋਲ ਨਿਆਂ ਕਾਨੂੰਨ ਤੋੜਨ ਦਾ ਲਾਇਸੈਂਸ ਨਹੀਂ ਹੈ, ਜੇ ਵਿਰੋਧ-ਹਿੰਸਾ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਹੋਇਆ , ਅਸੀਂ ਮਸਲੇ ਦੀ ਸੁਣਵਾਈ ਨਹੀਂ ਕਰਨੀ’’। ਦੂਜੇ ਪਾਸੇ ਜਾਮੀਆ ਵਿਦਿਆਰਥੀਆਂ ’ਤੇ ਹੋਏ ਪੁਲਸ ਤਸ਼ੱਦਦ ਖਿਲਾਫ ਸੈਂਕੜੇ ਦੇਸੀ ਵਿਦੇਸ਼ੀ ਯੂਨੀਵਰਸਿਟੀਆਂ -ਵਿਦਿਅਕ ਅਦਾਰਿਆਂ-ਖੋਜ ਕੇਂਦਰਾਂ ਦੇ ਵਿਦਿਆਰਥੀ, ਅਧਿਆਪਕ, ਪ੍ਰੋਫੈਸਰ, ਬੁੱਧੀਜੀਵੀ , ਅਹਿਮ ਸ਼ਖਸ਼ੀਅਤਾਂ , ਜਮਹੂਰੀ ਹੱਕਾਂ ਦੇ ਕਾਰਕੁੰਨ , ਜਥੇਬੰਦੀਆਂ, ਸਮਾਜ ਸੇਵਕ ਲਿਖਾਰੀ ਮੈਦਾਨ ’ਚ ਨਿੱਤਰੇ।
17 ਦਸੰਬਰ ਨੂੰ ਦਿੱਲੀ ਦੇ ਸਲੀਮਪੁਰ ਇਲਾਕੇ ਵਿਚ ਦਿੱਲੀ ਪੁਲਸ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮੁਜਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। 19 ਦਸੰਬਰ ਨੂੰ ਦਿੱਲੀ ਦੇ ਕਈ ਇਲਾਕਿਆਂ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਮੋਬਾਈਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ। ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਸਿਆਸੀ ਆਗੂਆਂ ਜੋਗਿੰਦਰ ਯਾਦਵ, ਸੀਤਾ ਰਾਮ ਯੇਚੁਰੀ, ਬਰਿੰਦਾ ਕਾਰਤ, ਉਮਰ ਖਾਲਿਦ ਅਤੇ ਹੋਰ ਕਈ ਆਗੂਆਂ ਸਮੇਤ 1200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਭੀਮ ਆਰਮੀ ਆਗੂ ਚੰਦਰ ਸ਼ੇਖਰ ਆਜ਼ਾਦ ਵੱਲੋਂ ਜਾਮਾ ਮਸਜਿਦ ਤੋਂ ਜੰਤਰ ਮੰਤਰ ਮੁਜਾਹਰਾ ਕਰਨ ਦੀ ਮੰਗੀ ਮਨਜੂਰੀ ਰੱਦ ਕਰ ਦਿੱਤੀ ਗਈ ਅਤੇ ਧਾਰਾ 144 ਮੜ੍ਹ ਦਿੱਤੀ ਗਈ। ਇਸ ਦੇ ਬਾਵਜੂਦ ਲੋਕਾਂ ਵੱਲੋਂ ਮੁਜਾਹਰਾ ਕੱਢਿਆ ਗਿਆ। ਉਸੇ ਸ਼ਾਮ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਭਾਰੀ ਲਾਠੀਚਾਰਜ ਕੀਤਾ ਗਿਆ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਦਿੱਲੀ ਗੇਟ ਅਤੇ ਸਲੀਮਪੁਰਾ ਦੀਆਂ ਘਟਨਾਵਾਂ ਨਾਲ ਸਬੰਧਤ 3 ਕੇਸ ਦਰਜ ਕੀਤੇ ਗਏ ਅਤੇ 21 ਦਸੰਬਰ ਨੂੰ ਚੰਦਰ ਸ਼ੇਖਰ ਨੂੰ 27 ਹੋਰ ਵਿਅਕਤੀਆਂ ਸਮੇਤ ਗਿ੍ਰਫਤਾਰ ਕਰ ਲਿਆ ਗਿਆ। 23 ਦਸੰਬਰ ਨੂੰ ਅਨੇਕਾਂ ਥਾਵਾਂ ’ਤੇ ਪ੍ਰਦਰਸ਼ਨ ਹੋਏ। ਕਿਸਾਨ ਭਵਨ ਦੇ ਬਾਹਰ ਉਘੇ ਕਿਸਾਨ ਆਗੂ ਅਖਿਲ ਗੋਗੋਈ ਦੀ ਰਿਹਾਈ ਦੀ ਮੰਗ ਕਰਦੇ 93 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਕੁੱਟਮਾਰ ਕੀਤੀ ਗਈ। ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਾਰਚ ਨੂੰ ਰੋਕਣ ਖਾਤਰ ਦਿੱਲੀ ਪੁਲਸ ਵੱਲੋਂ 24 ਦਸੰਬਰ ਨੂੰ ਕੇਂਦਰੀ ਦਿੱਲੀ ਦੇ ਮੰਡੀ ਹਾ ਉਸ ਏਰੀਏ ’ਚ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ। ਪੁਲਸ ਵੱਲੋਂ ਮਜਾਹਰਾਕਾਰੀਆਂ ਦੀ ਸ਼ਨਾਖਤ ਖਾਤਰ 27 ਦਸੰਬਰ ਤੋਂ ਚਿਹਰਿਆਂ ਦੀ ਸ਼ਨਾਖਤ ਸਬੰਧੀ ਵਿਸ਼ੇਸ਼ ਸਾਫਟਵੇਅਰ ਦੀ ਵਰਤੋਂ ਸ਼ੁਰੂ ਕੀਤੀ ਗਈ। 30 ਦਸੰਬਰ ਨੂੰ ਇਕ ਫਿਰਕੂ ਜਨੂੰਨੀ ਵੱਲੋਂ 20 ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ’ਚ ਜਾਮੀਆ ਦੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਕੇ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ ਗਿਆ। 5 ਜਨਵਰੀ 2020 ਨੂੰ ਜੇ ਐਨ ਯੂ ਅਧਿਕਾਰੀਆਂ ਅਤੇ ਪੁਲਸ ਦੀ ਨੰਗੀ ਚਿੱਟੀ ਮਿਲੀ ਭੁਗਤ ਨਾਲ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੇ ਨਕਾਬਪੋਸ਼ ਗੁੰਡਿਆਂ ਨੇ ਜੇ ਐਨ ਯੂ ਵਿਚ ਦਾਖਲ ਹੋ ਕੇ ਵਿਦਿਆਰਥੀਆਂ ’ਤੇ ਹਮਲਾ ਕੀਤਾ। ਪੁਲਸ ਦੀ ਮੌਜੂਦਗੀ ’ਚ ਗੁੰਡਾਗਰਦੀ ਦਾ ਇਹ ਤਾਂਡਵ ਪੂਰੇ ਤਿੰਨ ਘੰਟੇ ਜਾਰੀ ਰਿਹਾ। ਬਾਰ ਬਾਰ ਫੋਨ ਕਰਨ ਦੇ ਬਾਵਜੂਦ ਕੋਈ ਪੁਲਸ ਅਧਿਕਾਰੀ ਵਿਦਿਆਰਥੀਆਂ ਦੀ ਸੁਰੱਖਿਆ ਖਾਤਰ ਨਹੀਂ ਬਹੁੜਿਆ। ਹਮਲੇ ’ਚ 30 ਵਿਦਿਆਰਥੀ ਅਤੇ 12 ਅਧਿਆਪਕ ਗੰਭੀਰ ਰੂਪ ’ਚ ਜਖਮੀ ਹੋਏ। ਵਿਦਿਆਰਥੀ ਆਗੂ ਆਈ ਸੀ ਘੋਸ ਇਸ ਹਮਲੇ ਦਾ ਚੋਣਵਾਂ ਨਿਸ਼ਾਨਾ ਬਣੀ। ਬੇਸ਼ਰਮੀ ਦੀ ਹੱਦ ਇਹ ਹੈ ਕਿ ਜਿਸ ਸਮੇਂ ਜੇ ਐਨ ਯੂ ’ਚ ਇਹ ਸਾਰਾ ਕੁੱਝ ਚੱਲ ਰਿਹਾ ਸੀ ਉਸ ਸਮੇਂ ਦਿੱਲੀ ਪੁਲਸ ਆਈ ਸੀ ਘੋਸ਼ ਅਤੇ ਹੋਰ ਕਈ ਵਿਦਿਆਰਥੀਆਂ ਖਿਲਾਫ ਮੁਕੱਦਮੇ ਦਰਜ ਕਰਨ ਵਿਚ ਰੁੱਝੀ ਹੋਈ ਸੀ।
ਜੇ. ਐਨ. ਯੂ. ਦੇ ਹੀ ਇਕ ਵਿਦਿਆਰਥੀ ਆਗੂ ਅਤੇ ਰਿਸਰਚ ਸਕਾਲਰ ਸਰਜੀਲ ਇਮਾਮ ਖਿਲਾਫ 5 ਰਾਜਾਂ ਦੀ ਪੁਲਸ ਵੱਲੋਂ ਦੇਸ਼ ਧ੍ਰੋਹ ਦੇ ਪਰਚੇ ਇਹ ਦੋਸ਼ ਲਾਉਦਿਆਂ ਦਰਜ ਕੀਤੇ ਗਏ ਹਨ ਕਿ ਉਸ ਨੇ ਇਕ ਭਾਸ਼ਣ ਦੌਰਾਨ ਲੋਕਾਂ ਨੂੰ ਸੜਕਾਂ ਜਾਮ ਕਰਕੇ ਆਸਾਮ ਨੂੰ ਬਾਕੀ ਭਾਰਤ ਨਾਲੋਂ ਰਾਹ ਰੋਕ ਦੇਣ ਦਾ ਸੱਦਾ ਦਿੱਤਾ ਸੀ। 28 ਜਨਵਰੀ ਨੂੰ ਸਰਜੀਲ ਨੂੰ ਬਿਹਾਰ ਦੇ ਜਹਾਨਾਬਾਦ ਤੋਂ ਗਿ੍ਰਫਤਾਰ ਕਰਕੇ ਗੁਹਾਟੀ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਟਾਟਾ ਇਨਸਟੀਚਿਊਟ ਦੀ ਇਕ ਵਿਦਿਆਰਥਣ ਉਰਵਸ਼ੀ ਨੂੰ ਮੁੰਬਈ ਪੁਲਸ ਨੇ ਦੇਸ਼ ਧ੍ਰੋਹ ਦੇ ਪਰਚੇ ’ਚ ਨਾਮਜਦ ਕਰ ਦਿੱਤਾ ਕਿਉ ਜੋ ਉਸ ਨੇ ਸਰਜੀਲ ਇਮਾਮ ਦੇ ਹੱਕ ’ਚ ਨਾਅਰਾ ਲਗਾਇਆ ਸੀ।
ਉਤਰ ਪ੍ਰਦੇਸ਼: 15 ਦਸੰਬਰ ਨੂੰ ਦਿਨ ਸਮੇਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੋਧ ਕਾਨੂੰਨ ਖਿਲਾਫ ਮਾਰਚ ਕੱਢਿਆ ਜਾਂਦਾ ਹੈ। ਉਸੇ ਸ਼ਾਮ ਪੁਲਸ ਯੂਨੀਵਰਸਿਟੀ ’ਚ ਜਬਰੀ ਦਾਖਲ ਹੋ ਕੇ ਵਿਦਿਆਰਥੀਆਂ ’ਤੇ ਹਮਲਾ ਕਰ ਦਿੰਦੀ ਹੈ। ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਦੇ ਯੂ ਪੀ ਪੁਲਸ ਦੇ ਕਰਿੰਦਿਆਂ ਵੱਲੋਂ ਡਾਂਗਾਂ ਅਤੇ ਅੱਥਰੂ ਗੈਸ ਦੀ ਅੰਨ੍ਹੀਂ ਵਰਤੋਂ ਕਰਦਿਆਂ 60 ਤੋਂ ਵੱਧ ਵਿਦਿਆਰਥੀ ਗੰਭੀਰ ਰੂਪ ’ਚ ਜਖਮੀ ਕਰ ਦਿੱਤੇ ਜਾਂਦੇ ਹਨ। ਦਹਿਸ਼ਤਜ਼ਦਾ ਹੋਣ ਦੀ ਥਾਂ ਸਿਰਫ ਚਾਰ ਦਿਨ ਬਾਅਦ ਹੀ ਯੂਨੀਵਰਸਿਟੀ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵਿਦਿਆਰਥੀਆਂ ਦੇ ਮੋਢੇ ਨਾਲ ਮੋਢਾ ਜੋੜਦਾ ਹੈ। ਯੂਨੀਵਰਸਿਟੀ ’ਚ ਭਾਰੀ ਜਲੂਸ ਕੱਢਿਆ ਜਾਂਦਾ ਹੈ। 24 ਦਸੰਬਰ ਨੂੰ ਅਲੀਗੜ੍ਹ ਯੂਨੀਵਰਸਿਟੀ ’ਚ ਮੋਮਬੱਤੀ ਮਾਰਚ ਕਰਦੇ 1200 ਪ੍ਰਦਰਸ਼ਨਕਾਰੀਆਂ ਖਿਲਾਫ ਧਾਰਾ 144 ਦੀ ਉਲੰਘਣਾਂ ਦਾ ਪਰਚਾ ਦਰਜ ਕੀਤਾ ਗਿਆ। 16 ਦਸੰਬਰ ਨੂੰ ਲਖਨਊ ਦੇ ਨਡਵਾ ਕਾਲਜ ਦੇ ਵਿਦਿਆਰਥੀ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਹੋਏ ਪੁਲਸ ਤਸ਼ੱਦਦ ਖਿਲਾਫ ਸ਼ਹਿਰ ’ਚ ਸ਼ਾਂਤਮਈ ਜਲੂਸ ਕੱਢਣ ਦਾ ਪ੍ਰੋਗਰਾਮ ਬਣਾਉਦੇ ਹਨ। ਪੁਲਸ ਵਿਦਿਆਰਥੀਆਂ ਨੂੰ ਕਾਲਜ ਕੈਂਪਸ ’ਚ ਹੀ ਜਿੰਦਰਾ ਮਾਰ ਕੇ ਹਮਲਾ ਕਰਦੀ ਹੈ। ਪੁਲਸ ਵਾਲੇ ਵਿਦਿਆਰਥੀਆਂ ਨੂੰ ਡਾਂਗਾਂ ਸੋਟੀਆਂ ਨਾਲ ਕੁੱਟਦੇ, ਡਲੇ ਮਾਰਦੇ ਅਤੇ ਗੰਦੀਆਂ ਗਾਲ੍ਹਾਂ ਕੱਢਦੇ ਵੀਡੀਓ ’ਚ ਸਾਫ ਦਿਖਦੇ ਹਨ। 20 ਵਿਦਿਆਰਥੀ ਗੰਭੀਰ ਰੂਪ ’ਚ ਜ਼ਖਮੀ ਹੁੰਦੇ ਹਨ। ਉਲਟਾ 30 ਵਿਦਿਆਰਥੀਆਂ ਖਿਲਾਫ ਹੀ ਪੁਲਸ ’ਤੇ ਇਰਾਦਾ ਕਤਲ ਨਾਲ ਹਮਲਾ ਕਰਨ ਦਾ ਪਰਚਾ ਦਰਜ ਕੀਤਾ ਜਾਂਦਾ ਹੈ। ਦਸੰਬਰ ਦੇ ਅੱਧ ’ਚ ਹੀ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਤੇ ਹੋਏ ਪੁਲਸ ਤਸ਼ੱਦਦ ਖਿਲਾਫ ਅਤੇ ਸੋਧ ਕਾਨੂੰਨ ਵਿਰੁੱਧ ਰੋਸ ਦੀ ਲਹਿਰ ਸਾਰੇ ਉੱਤਰ ਪ੍ਰਦੇਸ਼ ਵਿਚ ਫੈਲ ਗਈ। ਰੋਸ ਪ੍ਰਦਰਸ਼ਨਾਂ ਨੂੰ ਕੁਚਲਣ ਦੇ ਮਨਸ਼ੇ ਨਾਲ ਸਾਰੇ ਉੱਤਰ ਪ੍ਰਦੇਸ਼ ਵਿਚ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਅਲੀਗੜ੍ਹ, ਕਾਨ੍ਹਪੁਰ, ਬਰੇਲੀ, ਵਾਰਾਨਸੀ, ਲਖਨਊ, ਸਾਂਬਲ , ਮੁਜੱਫਰਨਗਰ ਸਮੇਤ ਉੱਤਰ ਪ੍ਰਦੇਸ਼ ਦੇ 13 ਜਿਲ੍ਹਿਆਂ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਹੋਏ। ਪੁਲਸ ਵਲੋਂ ਕੀਤੇ ਲਾਠੀਚਾਰਜ, ਗੋਲੀਬਾਰੀ ਅਤੇ ਅੱਥਰੂ ਗੈਸ ਕਾਰਨ ਸੈਂਕੜਿਆਂ ਦੀ ਗਿਣਤੀ ’ਚ ਗੰਭੀਰ ਰੂਪ ’ਚ ਜਖਮੀ ਹੋਏ। 24 ਦਸੰਬਰ ਤੱਕ ਪੁਲਸ ਦੀ ਗੋਲੀ ਅਤੇ ਕੁੱਟਮਾਰ ਨਾਲ ਮਰਨ ਵਾਲਿਆਂ ਦੀ ਗਿਣਤੀ 25 ਤੱਕ ਅੱਪੜ ਗਈ। ਮੁੱਖ ਮੰਤਰੀ ਅਦਿੱਤਿਆ ਯੋਗੀ ਨਾਥ ਅਤੇ ਆਰ ਐਸ ਐਸ ਭਾਜਪਾ ਲਾਣੇ ਵੱਲੋਂ ਭੜਕਾਈਆਂ ਫਿਰਕੂ ਜਨੂੰਨੀ ਭੀੜਾਂ ਵੱਲੋਂ ਸੀਏਏ ਦਾ ਵਿਰੋਧ ਕਰ ਰਹੇ ਲੋਕਾਂ ਅਤੇ ਖਾਸ ਕਰ ਮੁਸਲਿਮ ਘੱਟ ਗਿਣਤੀ ਭਾਈਚਾਰੇ ’ਤੇ ਹਮਲੇ ਕੀਤੇ ਗਏ। ਘੇਰ-ਘੇਰ ਕੇ ਕੁੱਟਮਾਰ ਕੀਤੀ ਗਈ ਅਤੇ ਘਰਾਂ ਤੇ ਦੁਕਾਨਾਂ ’ਚ ਵੜ ਕੇ ਭੰਨ ਤੋੜ ਤੇ ਲੁੱਟਮਾਰ ਕੀਤੀ ਗਈ। ਫਿਰਕੂ ਜਨੂੰਨੀਆਂ ਵੱਲੋਂ ਰਾਮਪੁਰ ਜਿਲ੍ਹੇ ’ਚ ਦੋ ਮੁਸਲਿਮ ਨੌਜਵਾਨਾਂ ਨੂੰ ਕੁਟ ਕੁੱਟ ਕੇ ਮਾਰ ਦਿੱਤਾ ਪਰ ਪੁਲਸ ਵਾਲੇ ਖੜ੍ਹੇ ਤਮਾਸ਼ਾ ਦੇਖਦੇ ਰਹੇ। 708 ਵਿਅਕਤੀ ਗਿ੍ਰਫਤਾਰ ਕੀਤੇ ਗਏ, ਇਕੱਲੇ ਲਖਨਊ ’ਚੋਂ ਹੀ 21 ਦਸੰਬਰ ਨੂੰ 218 ਵਿਅਕਤੀ ਹਿਰਾਸਤ ’ਚ ਲਏ ਗਏ। ਪੁਲਸ ਵੱਲੋਂ ਜਾਰੀ ਸੂਚਨਾ ਅਨੁਸਾਰ ਹੀ ਇਕੱਲੇ ਕਾਨ੍ਹਪੁਰ ’ਚ 15 ਮੁਕੱਦਮਿਆਂ ’ਚ 21500 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ। ਮੁੱਖ ਮੰਤਰੀ ਯੋਗੀ ਅਤੇ ਭਾਜਪਾ ਲਾਣੇ ਵੱਲੋਂ ਸ਼ਿਸ਼ਕਰੀਆਂ ਹਿੰਦੂ ਜਨੂੰਨੀ ਭੀੜਾਂ ਵੱਲੋਂ ਜਨਤਕ ਜਾਇਦਾਦ ਦੇ ਨੁਕਸਾਨ ਨੂੰ ਵੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਸਿਰ ਮੜ੍ਹਦਿਆਂ ਨਾ ਸਿਰਫ ਭਰਪਾਈ ਖਾਤਰ ਜਾਇਦਾਦਾਂ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਸਗੋਂ ਇਸ ਤੋਂ ਵੀ ਅੱਗੇ ਜਾਂਦਿਆਂ ਮੁੱਖ ਮੰਤਰੀ ਵੱਲੋਂ ‘‘ਬਦਲਾ ਲਿਆ ਜਾਵੇਗਾ’’ ਵਰਗੇ ਭੜਕਾਊ ਬਿਆਨ ਦਾਗੇ ਗਏ। 25 ਦਸੰਬਰ ਨੂੰ ਰਾਮਪੁਰ ਪ੍ਰਸਾਸ਼ਨ ਵੱਲੋਂ 28 ਵਿਅਕਤੀਆਂ (ਮੁਸਲਿਮ) ਤੋਂ 14.86 ਲੱਖ ਰੁਪਏ ਵਸੂਲਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ। ਇਸੇ ਤਰ੍ਹਾਂ ਦੇ ਨੋਟਿਸ ਸਾਂਬਲ ਜਿਲ੍ਹੇ ਦੀ ਪੁਲਸ ਵੱਲੋਂ 15.35 ਲੱਖ ਦੀ ਵਸੂਲੀ ਖਾਤਰ 59 ਵਿਅਕਤੀਆਂ ਨੂੰ ਜਾਰੀ ਕੀਤੇ ਗਏ। ਮੁਜੱਫਰਪੁਰ ਪ੍ਰਸਾਸ਼ਨ ਵੱਲੋਂ ਮੁਸਲਿਮ ਭਾਈਚਾਰੇ ਦੀਆਂ 67 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਅਤੇ 53 ਵਿਅਕਤੀਆਂ ਨੂੰ 23.41 ਲੱਖ ਰੁਪਏ ਦੀ ਵਸੂਲੀ ਦੇ ਨੋਟਿਸ ਜਾਰੀ ਕਰ ਦਿੱਤੇ ਗਏ। ਕਾਨ੍ਹਪੁਰ ਪੁਲਸ ਨੇ ਗੋਲੀਬਾਰੀ ਕਾਰਨ ਜਖਮੀ ਹੋਏ 13 ਮੁਸਲਿਮ ਨੌਜਵਾਨਾਂ ਨੂੰ ਹੀ ਉਲਟਾ ਪੁਲਸ ਅਤੇ ਹਿੰਦੂ ਦੰਗਾਕਾਰੀਆਂ ਦੀ ਗੋਲੀਆਂ ਨਾਲ ਹੋਈਆਂ ਮੌਤਾਂ ਦਾ ਦੋਸ਼ੀ ਠਹਿਰਾ ਕੇ ਮੁਕੱਦਮਿਆਂ ’ਚ ਮੜ੍ਹ ਦਿੱਤਾ ਹੈ। ਕਾਨ੍ਹਪੁਰ ਦਾ ਐਸ ਐਸ ਪੀ ਬੇਸ਼ਰਮੀ ਨਾਲ ਦਲੀਲ ਦਿੰਦਾ ਹੈ ਕਿ ਇਹਨਾਂ ਦਾ ਜ਼ਖਮੀ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਮੌਕੇ ’ਤੇ ਹਾਜ਼ਰ ਸਨ। ਜਿਲ੍ਹੇ ਦੀ ਪੁਲਸ ਵੱਲੋਂ 20 ਦਸੰਬਰ ਦੀਆਂ ਘਟਨਾਵਾਂ ਸਬੰਧੀ 18 ਪਰਚੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ 20 ਦਸੰਬਰ ਦੀਆਂ ਘਟਨਾਵਾਂ ’ਚ ਬਿਜਨੌਰ ਪੁਲਸ ਅਤੇ ਹਿੰਦੂ ਫਿਰਕੂ ਭੀੜਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ 2 ਮੁਸਲਿਮ ਨੌਜਵਾਨਾਂ ਨੂੰ ਹੀ ਉਲਟਾ ਕੇਸਾਂ ’ਚ ਫਸਾ ਦਿੱਤਾ ਗਿਆ ਹੈ। ਬਿਜਨੌਰ ਪੁਲਸ ਵੱਲੋਂ 100 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਨਾਥਪੁਰਾ, ਨਜੀਬਾਬਾਦ, ਨਮੀਨਾ ਥਾਣਿਆਂ ’ਚ 47 ਪਰਚੇ ਦਰਜ ਕੀਤੇ ਗਏ ਹਨ। ਯੂ. ਪੀ. ਦਾ ਫਿਰੋਜ਼ਾਬਾਦ ਜ਼ਿਲ੍ਹਾ ਪੁਲਸ ਤਸ਼ੱਦਦ ਦਾ ਚੁਣਵਾਂ ਨਿਸ਼ਾਨਾ ਬਣਿਆ। ਪੁਲਸ ਗੋਲੀਬਾਰੀ ’ਚ ਮਾਰੇ ਗਿਆਂ ’ਚੋਂ 6 ਇੱਥੋਂ ਦੇ ਸਨ। ਜਖਮੀ ਹੋਏ 75 ’ਚੋਂ ਵੀ ਬਹੁਤਿਆਂ ਦੇ ਗੋਲੀਆਂ ਦੇ ਜਖਮ ਹਨ। ਪਰ ਪੁਲਸ ਵੱਲੋਂ ਅਜੇ ਤੱਕ ਇੱਕ ਵੀ ਗੋਲੀ ਬਰਾਮਦ ਨਹੀਂ ਕੀਤੀ ਗਈ, ਉਤੋਂ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਪੁਲਸ ਨੇ ਤਾਂ ਇਕ ਵੀ ਗੋਲੀ ਨਹੀਂ ਚਲਾਈ। 19 ਦਸੰਬਰ ਨੂੰ ਲਖਨਊ ਪੁਲਸ ਵੱਲੋਂ ਗਿ੍ਰਫਤਾਰ ਕੀਤੀ ਸਮਾਜਕ ਕਾਰਕੁੰਨ ਸਦਫ ਜਾਫਰ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਦਸਦੀ ਹੈ ਕਿ ਪੁਲਸ ਵੱਲੋਂ ਉਸ ਨੂੰ ਵਾਲਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਪੇਟ ਤੇ ਗੋਡਿਆਂ ’ਤੇ ਠੁੱਡੇ ਮਾਰੇ ਗਏ। ਜਨਵਰੀ 2020 ਦੇ ਪਹਿਲੇ ਹਫਤੇ ਅਲੀਗੜ੍ਹ ਪੁਲਸ ਵੱਲੋਂ ਅਲੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਖਿਲਾਫ ਮੁਕੱਦਮਿਆਂ ਵਿਚ ਗੁੰਡਾ ਐਕਟ ਦਾ ਵਾਧਾ ਕਰ ਦਿੱਤਾ ਗਿਆ। ਚੇਤੇ ਰਹੇ ਕਿ ਪੁਲਸ ਵੱਲੋਂ ਪਹਿਲਾਂ ਤੋਂ ਹੀ ਦੋ ਪਰਚੇ ਤਕਰੀਬਨ ਸੌ ਪਛਾਤਿਆਂ ਅਤੇ ਚਾਰ ਹਜ਼ਾਰ ਅਣਪਛਾਤਿਆਂ ਖਿਲਾਫ ਦਰਜ ਕੀਤੇ ਗਏ ਹਨ ਅਤੇ 150 ਤੋਂ ਵੱਧ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ। ਪੁਲਸ ਦਰਿੰਦਗੀ ਦੀ ਉਦੋਂ ਹੱਦ ਹੋ ਗਈ ਜਦੋਂ ਠੰਢੀਆਂ ਯੱਖ ਰਾਤਾਂ ਨੂੰ ਲਖਨਊ ਦੇ ਘੰਟਾ ਘਰ ਪਾਰਕ ਵਿਚ ਧਰਨੇ ’ਤੇ ਬੈਠੀਆਂ ਔਰਤਾਂ ਤੋਂ ਕੰਬਲ ਖੋਹ ਲਏ ਗਏ ਅਤੇ ਧਰਨੇ ਵਾਲੀ ਥਾਂ ’ਤੇ ਜਾਣ ਬੁੱਝ ਕੇ ਪਾਣੀ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਫਿਰੋਜ਼ਾਬਾਦ ਪੁਲਸ ਨੇ ਗੋਲੀਬਾਰੀ ’ਚ ਜਖਮੀ ਹੋਇਆਂ ’ਚੋਂ 8 ਨੂੰ ਉਲਟਾ ਆਰਮਜ਼ ਐਕਟ ਅਤੇ ਕਤਲ ਦੇ ਕੇਸਾਂ ’ਚ ਮੜ੍ਹ ਦਿੱਤਾ ਹੈ। ਇਹਨਾਂ 8 ਚੋਂ 5 ਦਿਹਾੜੀਦਾਰ, ਇੱਕ ਵਿਦਿਆਰਥੀ, ਇੱਕ ਮੌਲਵੀ ਅਤੇ ਇੱਕ ਦੁਕਾਨਦਾਰ ਹੈ। ਲਗਭਗ ਸਾਰੇ ਮੁਕੱਦਮਿਆਂ ’ਚ ਗਿ੍ਰਫਤਾਰ ਮੁਸਲਿਮ ਵਿਅਕਤੀਆਂ ਖਿਲਾਫ ਹਥਿਆਰਾਂ ਅਤੇ ਗੋਲੀ ਸਿੱਕੇ ਦੀਆਂ ਝੂਠੀਆਂ ਬਰਾਮਦਗੀਆਂ ਪਾਈਆਂ ਗਈਆਂ ਹਨ। ਦੰਗੇ ਕਰਨ ਅਤੇ ਇਰਾਦਾ ਕਤਲ ਵਰਗੇ ਝੂਠੇ ਕੇਸ ਅਦਾਲਤਾਂ ’ਚ ਟਿਕਦੇ ਨਾ ਵੇਖ ਮੁਜੱਫਰਨਗਰ ਪੁਲਸ ਇਹ ਝੂਠ ਬੋਲਦਿਆਂ ਕਿ ਦੋਸ਼ੀਆਂ ਵੱਲੋਂ ਦੰਗਿਆਂ ਖਾਤਰ ਨਾਬਾਲਗਾਂ ਨੂੰ ਭੜਕਾਇਆ ਅਤੇ ਵਰਤਿਆ ਗਿਆ ਹੈ, ਨਾਬਾਲਗਾਂ ਸਬੰਧੀ ਕਾਨੂੰਨ ਦੀਆਂ ਸਖਤ ਧਾਰਾਵਾਂ ਦਾ ਵਾਧਾ ਕਰਨ ਲੱਗ ਪਈ ਹੈ। ਚੇਤੇ ਰਹੇ ਕਿ ਮੁਜੱਫਰਨਗਰ ਪੁਲਸ ਵੱਲੋਂ 150 ਦੇ ਕਰੀਬ ਪਛਾਤਿਆਂ ਅਤੇ 3000 ਤੋਂ ਵੱਧ ਅਣਪਛਾਤਿਆਂ ਖਿਲਾਫ 50 ਤੋਂ ਵੱਧ ਪਰਚੇ ਦਰਜ ਕੀਤੇ ਹਨ। ਫਿਰਕੂ ਰਾਸ਼ਟਰਵਾਦ ਨੂੰ ਹਵਾ ਦਿੰਦਾ ਮੁੱਖ ਮੰਤਰੀ ਯੋਗੀ ਸ਼ਰੇਆਮ ਧਮਕੀ ਦਿੰਦਾ ਹੈ ਕਿ ਧਰਨਿਆਂ ਪ੍ਰਦਰਸ਼ਨਾਂ ਦੌਰਾਨ ਆਜ਼ਾਦੀ ਦੇ ਨਾਅਰੇ ਲਾਉਣ ਵਾਲਿਆਂ ਖਿਲਾਫ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾਣਗੇ। ਮੁੱਖ ਮੰਤਰੀ ਦੇ ਕਾਲੇ ਮਨਸੂਬਿਆਂ ’ਤੇ ਫੁੱਲ ਚੜ੍ਹਾਉਦਿਆਂ ਯੂਪੀ ਪੁਲਸ ਵੱਲੋਂ 19
ਵਿਅਕਤੀਆਂ ਖਿਲਾਫ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਗਏ ਹਨ। ਭਾਰਤ ਵਿਚ ਦੇਸ਼ ਧ੍ਰੋਹ ਤਹਿਤ ਨਾਮਜਦ ਵਿਅਕਤੀਆਂ ਦੀ ਕੁੱਲ ਗਿਣਤੀ 36 ਹੈ ਜਿਨ੍ਹਾਂ ’ਚੋਂ ਆਸਾਮ ’ਚ 4, ਬਿਦਰ ’ਚ 2, ਹੁਗਲੀ ’ਚ 3, ਮਹਾਂਰਾਸ਼ਟਰ 1 ਸ਼ਾਮਲ ਹਨ। ਮਿਤੀ 4-2-2020 ਨੂੰ ਛਪੀਆਂ ਖਬਰਾਂ ਅਨੁਸਾਰ ਸੋਧ ਕਾਨੂੰਨ ਵਿਰੋਧੀ ਸਰਗਰਮੀਆਂ ਦੇ ਸਿਲਸਿਲੇ ’ਚ ਯੂਪੀ ਪੁਲਸ ਵੱਲੋਂ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਪੀ ਐਫ ਆਈ ਦੇ 104 ਕਾਰਕੁੰਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਇਹ ਗਿ੍ਰਫਤਾਰੀਆਂ ਪਹਿਲਾਂ ਕੀਤੀਆਂ 25 ਗਿ੍ਰਫਤਾਰੀਆਂ ਤੋਂ ਇਲਾਵਾ ਹਨ। ਦੰਗੇ ਭੜਕਾੳਣ ਦੇ ਝੂਠੇ ਦੋਸ਼ ’ਚ ਗਿ੍ਰਫਤਾਰ ਕੀਤੇ ਪ੍ਰਸਿੱਧ ਡਾ. ਕਾਫੀਲ ਖਾਨ ਨੂੰ ਜਮਾਨਤ ਮਿਲਣ ਤੋਂ ਤੁਰੰਤ ਬਾਅਦ ਮੁੜ ਤੋਂ ਐਨ ਐਸ ਏ ਅਧੀਨ ਇਹ ਕਹਿ ਕੇ ਗਿ੍ਰਫਤਾਰ ਕਰ ਲਿਆ ਗਿਆ ਕਿ ਉਸ ਤੋਂ ਅਮਨ ਕਾਨੂੰਨ ਨੂੰ ਖਤਰਾ ਹੈ।
ਸਿਆਸੀ-ਪੁਲਸ-ਗੁੰਡਾ ਗੱਠਜੋੜ ਦਾ ਇਸ ਤੋਂ ਵੱਡਾ ਇਕਬਾਲ ਹੋਰ ਕੀ ਹੋ ਸਕਦਾ ਹੈ ਕਿ ਯੂਪੀ ਦਾ ਮੁੱਖ ਮੰਤਰੀ ਯੋਗੀ ਬਿਆਨ ਦਿੰਦਾ ਹੈ, ‘‘ਔਰ ਭਾਈ ਕੋਈ ਮਰਨੇ ਕੇ ਲੀਏ ਆ ਰਹਾ ਹੈ ਤੋਂ ਜਿੰਦਾ ਕਹਾਂ ਸੇ ਹੋ ਜਾਏਗਾ.. ..ਲੇਕਿਨ ਪੁਲਸ ਕੀ ਗੋਲੀ ਸੇ ਕੋਈ ਨਹੀਂ ਮਰਾ, ਜੋ ਮਰੇ ਹੈਂ ਉਪਦ੍ਰਵੀ ਉਪਦ੍ਰਵੀ ਕੀ ਗੋਲੀ ਸੇ ਹੀ ਮਰੇ ਹੈਂ। ’’
ਕਰਨਾਟਕਾ: ਯੂ. ਪੀ. ਤੋਂ ਬਾਅਦ ਕਰਨਾਟਕਾ ਭਾਜਪਾ ਸ਼ਾਸਤ ਸੂਬਾ ਹੈ ਜਿੱਥੇ ਸੋਧ ਬਿੱਲ ਖਿਲਾਫ ਪ੍ਰਦਰਸ਼ਨਕਾਰੀਆਂ ’ਤੇ ਅੰਨ੍ਹਾ ਪੁਲਸ ਤਸ਼ੱਦਦ ਕੀਤਾ ਗਿਆ। 16 ਦਸੰਬਰ ਨੂੰ ਕਰਨਾਟਕਾ ਦੇ ਕਈ ਭਾਗਾਂ ਵਿਚ ਸੀ ਏ ਏ ਵਿਰੁੱਧ ਧਰਨੇ ਮੁਜਾਹਰੇ ਰੈਲੀਆਂ ਹੋਈਆਂ। ਪੁਲਸ ਵੱਲੋਂ ਮੈਸੂਰ ਵਿਚ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ ਗਈ। ਸੀਮੋਗਾ ਵਿਚ ਸਾਬਕਾ ਐਮ ਐਲ ਏ ਕੇ ਬੀ ਪ੍ਰਾਸਾਨਾ ਕੁਮਾਰ ਦੀ ਅਗਵਾਈ ਵਿਚ ਸ਼ਹਿਰ ਦੇ ਗਾਂਧੀ ਪਾਰਕ ਵਿਚ ਪ੍ਰਦਰਸ਼ਨ ਹੋਇਆ। ਅਮਨ ਸ਼ਾਂਤੀ ਨੂੰ ਖਤਰਾ ਦਸਦਿਆਂ ਆਗੂ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੋਸ ਦੀ ਲਹਿਰ ਬਿਲਾਰੀ, ਬਿਦਰ, ਗੁਲਬਰਗਾ, ਕੋਡਾਮੂ ਅਤੇ ਊਡੂਪੀ ਸਮੇਤ ਕਈ ਸ਼ਹਿਰਾਂ ਵਿਚ ਫੈਲ ਗਈ। 21 ਜਨਵਰੀ ਨੂੰ ਕਰਨਾਟਕਾ ਦੇ ਕਾਲਾਬੁਰਗੀ ਸ਼ਹਿਰ ਵਿਚ ਸੋਧ ਕਾਨੂੰਨ ਦੇ ਵਿਰੋਧ ’ਚ ਤਿੰਨ ਲੱਖ ਲੋਕਾਂ ਦਾ ਮਿਸਾਲੀ ਇਕੱਠ ਹੋਇਆ। ਇਸੇ ਤਰ੍ਹਾਂ ਦਾ ਇਕ ਵੱਡਾ ਇਕੱਠ 19 ਦਸੰਬਰ ਨੂੰ ਬੰਗਲੌਰ ’ਚ ਹੋਇਆ ਸੀ। 19 ਦਸੰਬਰ ਨੂੰ ਨਾਮਵਰ ਇਤਿਹਾਸਕਾਰ ਰਾਮਾਚੰਦਰ ਗੂਹਾ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਬੰਗਲੌਰ ਪੁਲਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ। 19 ਦਸੰਬਰ ਨੂੰ ਬੰਗਲੌਰ ’ਚ ਦੋ ਮੁਸਲਿਮ ਪ੍ਰਦਰਸ਼ਨਕਾਰੀ ਪੁਲਸ ਗੋਲੀ ਨਾਲ ਮਾਰੇ ਗਏ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਇਹਨਾਂ ਜਖਮੀਆਂ ਨੂੰ ਜਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪੁਲਸ ਧੱਕੇ ਨਾਲ ਉਸ ਹਸਪਤਾਲ ’ਚ ਵੜ ਗਈ ਅਤੇ ਉਥੇ ਮੌਜੂਦ ਮਰੀਜ਼ਾਂ, ਜ਼ਖਮੀਆਂ ਅਤੇ ਸਾਕ-ਸਬੰਧੀਆਂ ਦੀ ਕੁੱਟਮਾਰ ਕੀਤੀ। ਪੁਲਸ ਦੀ ਇਹ ਕਰਤੂਤ ਹਸਪਤਾਲ ਦੇ ਕੈਮਰਿਆਂ ’ਚ ਰਿਕਾਰਡ ਹੈ। ਪੁਲਸ ਫਾਇਰਿੰਗ ’ਚ ਮਾਰੇ ਗਏ ਦੋ ਨੌਜਵਾਨਾਂ ਦੇ ਮਾਪਿਆਂ ਨੂੰ ਦਸ-ਦਸ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਐਲਾਨੇ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਯੇਦੂਰੱਪਾ ਬੇਸ਼ਰਮੀ ਨਾਲ ਇਹ ਕਹਿੰਦਿਆਂ ਮੁੱਕਰ ਗਿਆ ਕਿ ‘‘ਮੁਜ਼ਰਮਾਂ ਨੂੰ ਮੁਆਵਜ਼ਾ ਦੇਣਾ ਤਾਂ ਆਪਣੇ ਆਪ ’ਚ ਵੱਡਾ ਗੁਨਾਹ ਹੈ।’’
ਬਿਦਰ ਦੇ ਸ਼ਾਹੀਨ ਉਰਦੂ ਪ੍ਰਾਇਮਰੀ ਸਕੂਲ ਦੀ ਹੈਡਮਾਸਟਰ ਅਤੇ ਇਕ ਬੱਚੀ ਦੀ ਮਾਂ ਨੂੰ ਇਕ ਸਕੂਲ ਵਿਚ ਸੀ ਏ ਏ ਵਿਰੋਧੀ ਨਾਟਕ ਖੇਡਣ ਕਰਕੇ ਦੇਸ਼ ਧ੍ਰੋਹ ਦੇ ਪਰਚੇ ਤਹਿਤ ਗਿ੍ਰਫਤਾਰ ਕਰ ਲਿਆ ਗਿਆ। ਦੋਸ਼ ਇਹ ਸੀ ਕਿ ਬੱਚੀ ਨਾਟਕ ਦੌਰਾਨ ਕਹਿੰਦੀ ਹੈ ,‘‘ਦਸਤਾਵੇਜ਼ ਮੰਗਣ ਵਾਲਿਆਂ ਦੇ ਮੈਂ ਜੁੱਤੀਆਂ ਮਾਰਾਂਗੀ।’’ ਇਸੇ ਸਕੂਲ ਦੇ ਕਈ ਛੋਟੇ ਮਾਸੂਮ ਬੱਚਿਆਂ ਤੋਂ ਘੰਟਿਆਂ ਬੱਧੀ ਪੁਲਸੀਆ ਢੰਗ ਨਾਲ ਪੁੱਛਗਿੱਛ ਕੀਤੀ ਗਈ। ਕਰਨਾਟਕਾ ਦੇ ਮਾਲ ਵਿਭਾਗ ਦੇ ਮੰਤਰੀ ਆਰ ਅਸ਼ੋਕ ਨੇ ਐਲਾਨ ਕੀਤਾ ਹੈ ਕਿ ਯੂਪੀ ਦੀ ਤਰਜ਼ ’ਤੇ ਕਰਨਾਟਕਾ ਵਿਚ ਵੀ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਕੁਰਕੀਆਂ ਰਾਹੀਂ ਵਸੂਲਿਆ ਜਾਵੇਗਾ। 20-2-2020 ਨੂੰ ਛਪੀਆਂ ਖਬਰਾਂ ਬੰਗਲੂਰੂ ਦੇ ਇਕ 19 ਸਾਲਾ ਵਿਦਿਆਰਥੀ ਕਾਰਕੁੰਨ ਆਮੁੱਲਿਆ ਲੀਓਨਾ ਨੂੰ ਇਸ ਕਰਕੇ ਦੇਸ਼ ਧ੍ਰੋਹ ਦੇ ਮੁਕੱਦਮੇ ’ਚ ਗਿ੍ਰਫਤਾਰ ਕਰ ਲਿਆ ਗਿਆ ਕਿਉਕਿ ਇਕ ਪ੍ਰੋਗਰਾਮ ਦੌਰਾਨ ਉਸ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ। ਵੈਸੇ ਜਿਕਰਯੋਗ ਹੈ ਕਿ ਇਹ ਨਾਅਰਾ ਫੇਸਬੁੱੱਕ ’ਤੇ ਪਾਈ ਉਸ ਦੀ ਇਕ ਕਵਿਤਾ ਦਾ ਹਿੱਸਾ ਸੀ ਜਿਸ ਵਿਚ ਉਹ ਹਿੰਦੁਸਤਾਨ ਸਮੇਤ ਸਾਰੇ ਗੁਆਂਢੀ ਮੁਲਕਾਂ ਦੀ ਜ਼ਿੰਦਾਬਾਦ ਕਹਿੰਦੀ ਹੈ।
ਗੁਜਰਾਤ: 16 ਦਸੰਬਰ ਨੂੰ ਆਈ ਆਈ ਐਮ ਅਹਿਮਦਾਬਾਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ 50 ਵਿਦਿਆਰਥੀ ਅਤੇ ਕਾਰਕੁੰਨਾਂ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ। 17 ਦਸੰਬਰ ਨੂੰ ਗੁਜਰਾਤ ਪੁਲਸ ਵੱਲੋਂ ਸੀ ਏ ਏ ਵਿਰੋਧੀ ਕੰਧ ਚਿੱਤਰ ਬਨਾਉਣ ਦੇ ਦੋਸ਼ਾਂ ਤਹਿਤ 5 ਵਿਦਿਆਰਥੀਆਂ ਨੂੰ ਕੇਸ ਦਰਜ ਕੇ ਗਿ੍ਰਫਤਾਰ ਕਰ ਲਿਆ ਗਿਆ। 19 ਦਸੰਬਰ ਨੂੰ ਅਹਿਮਦਾਬਾਦ ਅਤੇ ਬਨਾਸਕਾਂਥਾ ’ਚ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂਗੈਸ ਦੇ ਗੋਲੇ ਦਾਗੇ ਗਏ।
ਭਾਰਤੀ ਹਾਕਮਾਂ ਦੀ ਬੁਖਲਾਹਟ ਅਤੇ ਅਸਹਿਣਸ਼ੀਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਾਰਵੇ ਦੇ ਇਕ ਟੂਰਿਸਟ ਨੂੰ ਤੁਰੰਤ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ ਕਿਉ ਜੋ ਉਸ ਨੇ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨ ’ਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਸਿਰਫ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਕਾਰਨ ਮਦਰਾਸ ਆਈ ਆਈ ਟੀ ’ਚ ਪੜ੍ਹਦੇ ਇਕ ਜਰਮਨ ਵਿਦਿਆਰਥੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ।
ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਇਸ ਲੋਕ ਲਹਿਰ ਦਾ ਸਭ ਤੋਂ ਨਿੱਗਰ ਅਤੇ ਹਾਂਦਰੂ ਪੱਖ ਇਹ ਹੈ ਕਿ ਲੋਕ ਆਰ ਐਸ ਐਸ ਭਾਜਪਾ ਲਾਣੇ ਦੀਆਂ ਸਾਰੀਆਂ ਫਿਰਕੂ ਪਾਟਕਪਾਊ ਚਾਲਾਂ ਨੂੰ ਭਾਂਜ ਦਿੰਦਿਆਂ ਅਤੇ ਪੁਲਸ-ਗੁੰਡਾ ਗੱਠਜੋੜ ਦੇ ਹਰ ਤਸ਼ੱਦਦ ਨਾਲ ਮੱਥਾ ਲਾਉਂਦਿਆਂ ਨਾਬਰੀ ਦਾ ਝੰਡਾ ਉੱਚਾ ਚੁੱਕ ਕੇ ਸੰਘਰਸ਼ਾਂ ਦੇ ਪਿੜਾਂ ’ਚ ਲਗਾਤਾਰ ਡਟੇ ਹੋਏ ਹਨ। ਆਓ ਇਸ ਲੋਕ ਸੰਘਰਸ਼ ਦਾ ਹਿੱਸਾ ਬਣਦਿਆਂ ਖਰੀ ਲੋਕ ਜਮਹੂਰੀਅਤ ਦੇ ਰਾਹ ’ਤੇ ਅੱਗੇ ਕਦਮ ਵਧਾਈਏ।