Saturday, July 5, 2014

ਗੰਧੜ ਬਲਾਤਕਾਰ ਕਾਂਡ


ਗੰਧੜ ਬਲਾਤਕਾਰ ਕਾਂਡ
ਲੋਕ ਸੰਘਰਸ਼ ਦੀ ਵੱਡੀ ਜਿੱਤ: ਬਾਦਲ ਹਕੂਮਤ ਦੇ ਪਰਦੇ ਲੀਰੋ-ਲੀਰ
-ਲਛਮਣ ਸਿੰਘ ਸੇਵੇਵਾਲਾ
ਜ਼ਿਲ੍ਹਾ ਮੁਕਤਸਰ ਦੇ ਪਿੰਡ ਗੰਧੜ ਵਿੱਚ 24 ਜਨਵਰੀ ਨੂੰ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਤਿੰਨ ਬਦਮਾਸ਼ਾਂ ਵੱਲੋਂ ਕੀਤੇ ਸਮੁਹਿਕ ਜਬਰ-ਜਨਾਹ ਦੇ ਮੁੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲੜੇ ਗਏ ਘੋਲ ਨੇ ਕਈ ਪੱਖ ਉਭਾਰ ਕੇ ਸਾਹਮਣੇ ਲਿਆਂਦੇ ਹਨ। ਇਸ ਕਾਂਡ ਦੇ ਇੱਕ ਦੋਸ਼ੀ ਗੁਰਲਾਲ ਨੂੰ ਬਚਾਉਣ ਲਈ ਬਾਦਲ ਸਰਕਾਰ ਤੇ ਉੱਚ ਪੁਲਸ ਅਧਿਕਾਰੀ 4 ਮਹੀਨੇ ਤਰਲੋਮੱਛੀ ਹੁੰਦੇ ਰਹੇ ਹਨ। ਇਨਸਾਫ ਲਈ ਸੰਘਰਸ਼ ਕਰਦੇ ਪੀੜਤ ਮਾਪਿਆਂ, ਕਿਸਾਨ-ਮਜ਼ਦੂਰ ਆਗੂਆਂ ਅਤੇ ਮਰਦ-ਔਰਤਾਂ ਨੂੰ ਸੈਂਕੜਿਆਂ ਦੀ ਤਦਾਦ  ਵਿੱਚ ਥਾਣਿਆਂ ਅਤੇ ਜੇਲ੍ਹਾਂ ਵਿੱਚ ਡੱਕਣ ਤੱਕ ਗਏ ਹਨ। ਉਸ ਨਾਲ ਅਕਾਲੀ-ਭਾਜਪਾ ਸਰਕਾਰ ਅਤੇ ਆਹਲਾ ਪੁਲਸ ਅਧਿਕਾਰੀ ਖੁਦ ਵੱਡੇ ਮੁਜਰਿਮਾਂ ਵਜੋਂ ਹੋਰ ਵਧੇਰੇ ਨੰਗੇ ਹੋ ਗਏ ਹਨ। ਇਸ ਨਾਲ ਉਹ ਬਲਾਤਕਾਰੀ ਗੁੰਡਾ ਗਰੋਹਾਂ ਦੇ ਚੱਕਵੇਂ ਤੇ ਡਟਵੇਂ ਹਮਾਇਤੀਆਂ ਅਤੇ ਉਹਨਾਂ ਦੇ ਪਾਲਣਹਾਰਿਆਂ ਵਜੋਂ ਹੋਰ ਵਧੇਰੇ ਸਥਾਪਤ ਹੋ ਗਏ ਹਨ। ਔਰਤ ਵਿਰੋਧੀ ਅਤੇ ਕਿਸਾਨ ਮਜ਼ਦੂਰ ਵਿਰੋਧੀ ਆਪਣੀ ਜਮਾਤੀ ਸਿਆਸੀ ਖਸਲਤ ਲੋਕਾਂ ਸਾਹਮਣੇ ਹੋਰ ਗੂੜ੍ਹੀ ਤਰ੍ਹਾਂ ਉਘਾੜ ਬੈਠੇ ਹਨ। ਜਿਵੇਂ ਪੁਲਸ ਨੇ ਪਹਿਲੇ ਦਿਨ ਹੀ ਸ਼ਿਕਾਇਤ ਮਿਲਣ ਦੇ ਬਾਵਜੂਦ ਨਾ ਕੁੜੀ ਨੂੰ ਹਸਪਤਾਲ ਲਿਜਾ ਕੇ ਮੈਡੀਕਲ ਤੇ ਇਲਾਜ ਕਰਵਾਇਆ, ਨਾ ਕੇਸ ਦਰਜ ਕੀਤਾ ਤੇ ਨਾ ਕਿਸੇ ਦੋਸ਼ੀ ਨੂੰ ਫੜਿਆ। ਖੇਤ ਮਜ਼ਦੂਰ ਜਥੇਬੰਦੀ ਦੇ ਜ਼ੋਰਦਾਰ ਦਖਲ ਤੇ ਪ੍ਰੈਸ ਵੱਲੋਂ ਘੇਰਨ ਤੋਂ ਬਾਅਦ ਜੇ ਅਗਲੇ ਦਿਨ ਕੇਸ ਦਰਜ ਵੀ ਕੀਤਾ ਤਾਂ ਉਹ ਵੀ ਕੁੜੀ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਵਾਲੀਆਂ ਬਣਦੀਆਂ ਧਾਰਾਵਾਂ ਦੀ ਥਾਂ ਸਿਰਫ ਬਲਾਤਕਾਰ ਦੀ ਕੋਸ਼ਿਸ਼ ਦਾ ਹੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਹਿਲਾਂ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਹੀ ਫੜਨ ਤੋਂ ਦੋ ਹਫਤਿਆਂ ਤੱਕ ਟਾਲਾ ਮਾਰਿਆ। ਦੋਸ਼ੀਆਂ ਨੂੰ ਸੌਦੇਬਾਜ਼ੀ ਰਾਹੀਂ ਮਾਪਿਆਂ ਨੂੰ ਖਰੀਦਣ ਦਾ ਮੌਕਾ ਦਿੱਤਾ ਗਿਆ। ਪਰ ਜਦ ਗਰੀਬ ਤੇ ਪੀੜਤ ਮਾਪਿਆਂ ਵੱਲੋਂ ਲੱਖਾਂ ਰੁਪਏ ਦੇ ਲਾਲਚਾਂ ਨੂੰ ਲੱਤ ਮਾਰ ਕੇ ''ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ'' ਦੀ ਸੁਣਵਾਈ ਕਰ ਦਿੱਤੀ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ 6 ਫਰਵਰੀ ਤੋਂ 8 ਫਰਵਰੀ ਤੱਕ ਕੜਾਕੇ ਦੀ ਠੰਢ ਅਤੇ ਵਰ੍ਹਦੇ ਮੀਂਹ ਵਿੱਚ ਵੀ ਲੱਖੇਵਾਲੀ ਥਾਣੇ ਅੱਗੇ ਮੋਰਚਾ ਲਾ ਦਿੱਤਾ ਤਾਂ ਦੋ ਦੋਸ਼ੀਆਂ ਨੂੰ ਫੜ ਕੇ ਰੋਸ ਨੂੰ ਠੰਢਾ ਪਾਉਣ ਦਾ ਯਤਨ ਕੀਤਾ ਗਿਆ। ਪਰ ਪੈਸੇ ਅਤੇ ਸਿਆਸੀ ਪਹੁੰਚ ਰੱਖਣ ਵਾਲੇ ਤੀਜੇ ਦੋਸ਼ੀ ਗੁਰਲਾਲ ਨੂੰ ਅਦਾਲਤ ਦੁਆਰਾ ਭਗੌੜਾ ਕਰਾਰ ਦੇਣ ਦੇ ਬਾਵਜੂਦ ਆਈ.ਜੀ. ਉਮਰਾਨੰਗਲ ਵੱਲੋਂ ਪੜਤਾਲ ਤੇ ਮੁੜ-ਪੜਤਾਲ ਦੇ ਨਾਂ ਹੇਠ ਉਸਦੀ ਗ੍ਰਿਫਤਾਰੀ 'ਤੇ ਮਹੀਨਿਆਂ ਬੱਧੀ ਰੋਕ ਲਾਉਣ ਅਤੇ ਕੇਸ ਵਿੱਚੋਂ ਖਾਰਜ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ। ਦੋਸ਼ੀ ਦੇ ਪਿੰਡ ਵਿੱਚ ਹੋਣ ਦੀ ਐਸ.ਐਸ.ਪੀ. ਅਤੇ ਡੀ.ਆਈ.ਜੀ. ਤੱਕ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਸ ਨੇ ਰਸਮੀ ਛਾਪਾ ਮਾਰਨ ਤੋਂ ਵੀ ਗੁਰੇਜ ਕੀਤਾ ਗਿਆ। ਇਹ ਕੁਝ ਕੁ ਉਦਾਹਰਨਾਂ ਹੀ ਪੁਲਸ ਤੇ ਵਿਸ਼ੇਸ਼ ਕਰਕੇ ਆਈ. ਜੀ. ਦੇ ਮੁਜਰਮਾਨਾ ਰੋਲ ਦੀ ਪੁਸ਼ਟੀ ਕਰਦੀਆਂ ਹਨ। ਇਹ ਉਹੀ ਆਈ.ਜੀ. ਹੈ, ਜਿਸਦੀ ਛਤਛਾਇਆ ਹੇਠ ਨਿਸ਼ਾਨ ਤੇ ਉਸਦੇ ਗੁੰਡਾ ਗਰੋਹ ਨੇ ਬਹੁਚਰਚਿਤ ਫਰੀਦਕੋਟ ਅਗਵਾ ਕਾਂਡ ਨੂੰ ਅੰਜ਼ਾਮ ਦਿੱਤਾ ਸੀ। ਉਦੋਂ ਏਸੇ ਨੇ ਹੀ ਉੱਥੇ ਡੀ.ਆਈ.ਜੀ. ਹੁੰਦਿਆਂ ਕੁੜੀ ਦੇ ਮਰਜੀ ਨਾਲ ਜਾਣ, ਪਿਆਰ ਮੁਹੱਬਤ ਦਾ ਕਿੱਸਾ ਹੋਣ, ਕੁੜੀ ਦੀਆਂ ਨਿਸ਼ਾਨ ਨਾਲ ਵਿਆਹ ਦੀਆਂ ਜਾਹਲੀ ਫੋਟੋਆਂ ਪ੍ਰੈਸ ਨੂੰ ਜਾਰੀ ਕਰਕੇ ਉਸ ਵੱਲੋਂ ਮਰਜੀ ਨਾਲ ਵਿਆਹ ਕਰਵਾਉਣ ਦੇ ਘਟੀਆ ਤੋਤਕੜੇ ਛੱਡਣ ਰਾਹੀਂ ਮੁਜਰਮਾਨਾ ਰੋਲ ਨਿਭਾਇਆ ਸੀ। 
ਇਸ ਵਾਰ ਫਿਰ ਇਸ ਸਚਾਈ 'ਤੇ ਮੋਹਰ ਲੱਗੀ ਹੈ ਕਿ ਚੇਤਨ, ਜਥੇਬੰਦ ਅਤੇ ਸਿਰੜੀ ਘੋਲਾਂ ਦੇ ਰਾਹ ਪਈ ਜਨਤਾ (ਖਾਸ ਕਰਕੇ ਔਰਤਾਂ) ਦੀ ਤਾਕਤ ਹੀ ਗੁੰਡਾ ਗਰੋਹਾਂ ਅਤੇ ਬਲਾਤਕਾਰੀਆਂ ਨੂੰ ਸਜ਼ਾਵਾਂ ਦੁਆਉਣ ਦਾ ਸਬੱਬ ਬਣ ਸਕਦੀ ਹੈ। ਔਰਤਾਂ ਦੀ ਸੁਰੱਖਿਆ ਲਈ ਜਾਮਨ ਬਣ ਸਕਦੀ ਹੈ। ਭਾਰੀ ਪੁਲਸ ਫੋਰਸ ਵੱਲੋਂ ਕੀਤੀ ਜਾਂਦੀ ਰਹੀ ਨਾਕਾਬੰਦੀ, ਸੈਂਕੜਿਆਂ ਦੀ ਤਦਾਦ ਵਿੱਚ ਗ੍ਰਿਫਤਾਰੀਆਂ ਹੋਣ, ਦਰਜਨਾਂ ਦੇ ਜੇਲ੍ਹਾਂ ਵਿੱਚ ਡੱਕੇ ਜਾਣ, ਅਤਿ ਦੀ ਗਰਮੀ ਤੇ ਖੇਤੀ ਧੰਦੇ ਦੇ ਭਾਰੀ ਕਸਾਅ ਦੇ ਬਾਵਜੂਦ ਜਿਵੇਂ 26 ਮਈ ਤੋਂ ਲੈ ਕੇ 17 ਜੂਨ ਤੱਕ ਸੈਂਕੜੇ ਮਰਦ-ਔਰਤਾਂ ਦੇ ਕਾਫ਼ਲੇ ਲਗਾਤਾਰ ਆਏ ਰੋਜ਼ ਪਹਿਲਾਂ 12 ਜੂਨ ਤੱਕ ਬਠਿੰਡੇ ਪਹੁੰਚ ਕੇ ਗ੍ਰਿਫਤਾਰੀਆਂ ਦੇਣ, ਫਿਰ 15 ਤੋਂ 17 ਜੂਨ ਤੱਕ ਤਲਵੰਡੀ ਸਾਬੋ ਖੇਤਰ ਵਿੱਚ ਪਹੁੰਚ ਕੇ ਪੂਰੇ ਜਾਹੋ ਜਲਾਲਤ ਬੁਲੰਦ ਹੌਸਲਿਆਂ ਨਾਲ ਤਰਥੱਲ ਪਾਉਂਦੇ ਰਹੇ ਹਨ।
ਇਹ ਔਰਤਾਂ ਤੇ ਕਿਸਾਨ-ਮਜ਼ਦੂਰ ਜਨਤਾ ਵਿੱਚ ਡੂੰਘੇ ਹੋ ਰਹੇ ਆਰਥਿਕ ਅਤੇ ਸਭਿਆਚਾਰਕ ਸੰਕਟ ਕਾਰਨ ਵਧ ਰਹੀ ਲੜਨ ਤਾਂਘ, ਪ੍ਰਚੰਡ ਹੋ ਰਹੀ ਨਫਰਤ ਤੇ ਵਧ ਰਹੀ ਜਮਾਤੀ ਸੋਝੀ ਦਾ ਇਜ਼ਹਾਰ ਹੈ। ਇਸ ਤੋਂ ਇਲਾਵਾ ਇਹ ਪੱਖ ਉਹਨਾਂ ਦੇ ਜਥੇਬੰਦੀਆਂ ਅਤੇ ਆਪਣੀ ਜਥੇਬੰਦਕ ਤਾਕਤ 'ਤੇ ਵਧ ਰਹੇ ਭਰੋਸੇ ਦਾ ਸੂਚਕ ਹੈ। ਜਬਰ ਜਨਾਹ ਦਾ ਸ਼ਿਕਾਰ ਬਣੀ ਲੜਕੀ ਦੇ ਅਖੌਤੀ ਨੀਵੀਂ ਜਾਤੀ 'ਚੋਂ ਹੋਣ ਦੇ ਬਾਵਜੂਦ ਜਿਵੇਂ ਖੇਤ ਮਜ਼ਦੂਰਾਂ ਨਾਲ ਕਿਸਾਨ ਮਰਦ-ਔਰਤਾਂ ਬਿਨਾ ਝਿਜਕ, ਵੱਡੀ ਪੱਧਰ 'ਤੇ ਗ੍ਰਿਫਤਾਰੀਆਂ ਦਾ ਸਪਸ਼ਟ ਪਤਾ ਹੋਣ ਦੇ ਬਾਵਜੂਦ ਧੜੱਲੇ ਨਾਲ ਅੱਗੇ ਆਈਆਂ ਹਨ, ਇਹ ਦੋਹਾਂ ਜਥੇਬੰਦੀਆਂ ਦੀ ਚੰਗੇਰੀ ਅਤੇ ਪਕੇਰੀ ਹੋ ਰਹੀ ਜਮਾਤੀ ਸਾਂਝ ਦਾ ਝਲਕਾਰਾ ਹੈ। ਕਿਸਾਨ ਜਥੇਬੰਦੀ ਦੇ ਬੁਨਿਆਦੀ ਕਿਸਾਨ ਜਨਤਾ (ਗਰੀਬ ਤੇ ਥੁੜ੍ਹ ਜ਼ਮੀਨੇ ਕਿਸਾਨਾਂ) 'ਚ ਵਧ ਰਹੇ ਪਸਾਰੇ ਦਾ ਸੰਕੇਤ ਹੈ। ਇਹ ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਦੇ ਖੇਤ ਮਜ਼ਦੂਰਾਂ ਨਾਲ ਸਾਂਝੇ ਤੇ ਵੱਡੇ ਹਿੱਤਾਂ ਲਈ ਉਹਨਾਂ ਨੂੰ ਸਿੱਖਿਅਤ ਤੇ ਚੇਤਨ ਕਰਨ ਅਤੇ ਅਹਿਮ ਤੇ ਬੁਨਿਆਦੀ ਸਾਂਝੇ ਮੁੱਦਿਆਂ 'ਤੇ ਸਾਂਝੇ ਘੋਲ ਲੜਨ ਦੀ ਲਈ ਦਿਸ਼ਾ ਤੇ ਘਾਲੀ ਜ਼ੋਰਦਾਰ ਘਾਲਣਾ ਦਾ ਸਿੱਟਾ ਹੈ। ਇਹਨਾਂ ਘੋਲਾਂ ਦੌਰਾਨ ਖੇਤ ਮਜ਼ਦੂਰ ਜਨਤਾ ਵੱਲੋਂ ਦਿਖਾਏ ਸਿਰੜੀ ਅਤੇ ਜੁਝਾਰੂ ਤੰਤ ਦੀ ਬਦੌਲਤ ਅਹਿਮ ਮੁੱਦਿਆਂ ਦੇ ਹੱਲ ਹੋਣ ਨਾਲ ਪਏ ਵਜ਼ਨ ਸਦਕਾ ਇਸ ਸਾਂਝ ਦੀ ਲੋੜ ਦੀ ਉੱਭਰੀ ਅਹਿਮੀਅਤ ਦਾ ਫਲ ਹੈ। 
ਬੇਸ਼ੱਕ ਬਾਦਲ ਹਕੂਮਤ ਦੋਸ਼ੀ ਨੂੰ ਫੜਨ ਲਈ ਤਾਂ ਮਜਬੂਰ ਹੋ ਗਈ, ਪਰ ਉਸ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਫੜੇ 6 ਆਗੂਆਂ ਨੂੰ ਰਿਹਾਅ ਨਾ ਕਰਨਾ ਅਤੇ ਉਲਟਾ ਤਲਵੰਡੀ ਸਾਬੋ ਖੇਤਰ ਵਿੱਚ ਰੋਸ  ਮਾਰਚ ਸਮੇਂ ਸੈਂਕੜਿਆਂ ਦੀ ਤਦਾਦ ਵਿੱਚ ਗ੍ਰਿਫਤਾਰ ਕੀਤੇ ਮਰਦ-ਔਰਤਾਂ 'ਚ ਵੱਖ ਵੱਖ ਜ਼ਿਲ੍ਹਿਆਂ ਦੇ ਚੋਣਵੇਂ 70-72 ਆਗੂ ਵਰਕਰਾਂ ਨੂੰ ਜੇਲ੍ਹ ਭੇਜਣ ਦਾ ਕਦਮ ਲਿਆ ਗਿਆ ਹੈ। ਇੱਥੋਂ ਤੱਕ ਕਿ ਗੱਡੀਆਂ ਅਤੇ ਉਹਨਾਂ ਦੇ ਡਰਾਇਵਰਾਂ 'ਤੇ ਕੇਸ ਪਾ ਕੇ ਥਾਣਿਆਂ ਤੇ ਜੇਲ੍ਹ ਵਿੱਚ ਡੱਕਿਆ ਹੈ। ਇਸਨੇ ਉਸਦੇ ਬਲਾਤਕਾਰੀਆਂ ਦੇ ਡਟਵੀਂ ਹਮਾਇਤੀ ਹੋਣ ਤੋਂ ਇਲਾਵਾ ਗੈਰ ਜਮਹੂਰੀ ਤੇ ਧੱਕੜ ਕਿਰਦਾਰ ਨੂੰ ਹੋਰ ਉਭਾਰ ਕੇ ਸਾਹਮਣੇ ਲਿਆਂਦਾ ਹੈ। ਇਸ ਨਾਲ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਬਾਦਲ ਸਰਕਾਰ ਨਾ ਸਿਰਫ ਬਲਾਤਕਾਰ ਦੇ ਦੋਸ਼ੀਆਂ ਵਿਰੁੱਧ ਹੀ ਜਨਤਾ ਨੂੰ ਲੜਨ ਤੋਂ ਰੋਕਣਾ ਚਾਹੁੰਦੀ ਸੀ, ਸਗੋਂ ਉਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ੇ, ਖੁਦਕੁਸ਼ੀਆਂ, ਜ਼ਮੀਨਾਂ ਤੇ ਰੁਜ਼ਗਾਰ ਬਚਾਉਣ, ਪਲਾਂਟਾਂ ਦੀ ਵੰਡ ਅਤੇ ਮਨਰੇਗਾ ਆਦਿ ਮੁੱਦਿਆਂ 'ਤੇ ਲੜਨ ਤੋਂ ਤੋਬਾ ਵੀ ਕਰਵਾਉਣਾ ਚਾਹੁੰਦੀ ਹੈ। ਇਹ ਸਚਾਈ ਜ਼ਿਲ੍ਹਾ ਪੁਲਸ ਅਫਸਰਾਂ ਦੇ ਸਿਰ ਚੜ੍ਹ ਕੇ ਬੋਲੀ ਹੈ, ਜਦੋਂ ਉਹਨਾਂ ਯੂਨੀਅਨ ਦੇ ਵਫਦ ਕੋਲੋਂ ਆਗੂਆਂ ਦੀ ਰਿਹਾਈ ਬਦਲੇ ਭਾਈਰੂਪਾ ਕੇਸ ਵਿੱਚ ਦਖਲ ਨਾ ਦੇਣ ਅਤੇ ਅੱਗੇ ਤੋਂ ਹੋਰਨਾਂ ਮੁੱਦਿਆਂ 'ਤੇ ਹਕੂਮਤ ਨੂੰ ਘੇਰ ਕੇ ਸਿਰਦਰਦੀ ਪੈਦਾ ਕਰਨ ਵਾਲੇ ਘੋਲ ਰੂਪਾਂ ਤੋਂ ਗੁਰੇਜ਼ ਕਰਨ ਦੀ ਸਪਸ਼ਟ ਮੰਗ ਰੱਖ ਦਿੱਤੀ ਗਈ, ਜਿਸ ਨੂੰ ਜਥੇਬੰਦੀਆਂ ਨੇ ਮੁੱਢੋਂ ਹੀ ਨਕਾਰ ਦਿੱਤਾ। ਇਸਦੇ ਨਾਲ ਹੀ ਲੋਕ ਸਭਾ ਚੋਣਾਂ ਦੌਰਾਨ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਜੁਝਾਰੂ ਘੋਲ ਲੜ ਕੇ ਮਨਵਾਈਆਂ ਅਤੇ ਲਾਗੂ ਕਰਵਾਈਆਂ ਮੰਗਾਂ ਦੀ ਵੀ ਹਕੂਮਤ ਨੂੰ ਚੜ੍ਹੀ ਚਿੜ੍ਹ ਵਿਖਾਈ ਦਿੰਦੀ ਹੈ। ਜਿਸ ਦੀ ਜ਼ਿਲ੍ਹਾ ਅਧਿਕਾਰੀ ''ਮੁਕਾਬਲੇ ਦੀ ਹਕੂਮਤ'' ਚਲਾਉਣਾ ਆਖ ਕੇ ਭੜਾਸ ਕੱਢ ਰਹੇ ਹਨ। 
ਇਸ ਸਮੁੱਚੀ ਹਾਲਤ 'ਚੋਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਆਗੂਆਂ ਦੀ ਰਿਹਾਈ ਲਈ ਚੱਲ ਰਹੇ ਘੋਲ ਨੂੰ ਆਪਣੇ ਬੁਨਿਆਦੀ ਤੇ ਅਹਿਮ ਮੁੱਦਿਆਂ- ਕਰਜ਼ਾ ਮੁਕਤੀ, ਖੁਦਕੁਸ਼ੀਆਂ, ਜ਼ਮੀਨਾਂ, ਪਲਾਟਾਂ, ਰੁਜ਼ਗਾਰ ਆਦਿ ਦਾ ਅੰਗ ਬਣਾ ਕੇ ਅੱਗੇ ਵਧਾਉਣ ਅਤੇ ਨਸ਼ਿਆਂ ਤੇ ਪ੍ਰਦੂਸ਼ਿਤ ਪਾਣੀ ਵਰਗੇ ਲੋਕਾਂ ਦੀ ਦੁਖਦੀ ਰਗ ਬਣੇ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਅੱਗੇ ਵਧਾਉਣ ਦਾ ਜੋ ਫੈਸਲਾ ਕੀਤਾ, ਉਹ ਬਿਲਕੁੱਲ ਦਰੁਸਤ ਹੈ। 
ਬਾਦਲ ਵੱਲੋਂ ਪਹਿਲਾਂ ਲੰਮਾ ਸਮਾਂ ਚੁੱਪ ਧਾਰੀ ਰੱਖਣੀ, ਫਿਰ ਸੂਬਾ ਆਗੂਆਂ ਨੂੰ ਮੀਟਿੰਗ ਸਮੇਂ ਦੋਸ਼ੀ ਨੂੰ ਨਾ ਬਖਸ਼ਣ ਦਾ ਵਾਅਦਾ ਕਰਕੇ ਕਾਰਵਾਈ ਤੋਂ ਟਾਲਾ ਵੱਟਣਾ। 26 ਮਈ ਨੂੰ ਜਥੇਬੰਦੀਆਂ ਵੱਲੋਂ ਆਈ.ਜੀ. ਦੀ ਕੋਠੀ ਅੱਗੇ ਬਠਿੰਡਾ ਵਿੱਚ ਰੱਖੇ ਇੱਕ ਰੋਜ਼ਾ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਆਗੂਆਂ ਅਤੇ ਜਨਤਾ ਉੱਪਰ ਝਪਟ ਪੈਣ ਲਈ ਪੁਲਸ ਨੂੰ ਖੁੱਲ੍ਹੀਆਂ ਛੁੱਟੀਆਂ ਦੇਣ ਰਾਹੀਂ ਸ਼੍ਰੀ ਬਾਦਲ ਅਤੇ ਅਕਾਲੀ-ਭਾਜਪਾ ਸਰਕਾਰ ਖੁਲ੍ਹਮ-ਖੁੱਲ੍ਹੇ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਪ ਮੋਰਚੇ 'ਤੇ ਡਟ ਗਈ। ਇਸਨੇ ਇਹਦੇ ਵੱਲੋਂ ਪਿੱਛੇ ਰਹਿ ਕੇ ਨਿਭਾਏ ਜਾ ਰਹੇ ਮੁਜਰਮਾਨਾ ਰੋਲ ਨੂੰ ਐਨ ਜੱਗ ਜ਼ਾਹਰ ਕਰ ਦਿੱਤਾ। ਇਉਂ ਪੁਲਸ, ਸਰਕਾਰ ਅਤੇ ਗੁੰਡਾ ਗਰੋਹ ਦਾ ਗੱਠਜੋੜ ਅਲਫ ਨੰਗਾ ਹੋ ਗਿਆ ਹੈ। 
ਪਰ ਪੁਲਸ ਤੇ ਬਾਦਲ ਹਕੂਮਤ ਵੱਲੋਂ ਲੰਮਾ ਸਮਾਂ ਖੱਜਲ ਖੁਆਰ ਕਰਨ, ਫਿਰ ਡਟਕੇ ਦੋਸ਼ੀ ਦਾ ਪੱਖ ਲੈਣ ਤੇ ਦਹਿਸ਼ਤਪਾਊ ਕਦਮਾਂ ਦੇ ਬਾਵਜੂਦ ਪੀੜਤ ਮਾਪੇ ਅਤੇ ਕਿਸਾਨ-ਮਜ਼ਦੂਰ ਜਨਤਾ ਨਾ ਲਿਫੀ ਨਾ ਝਿਪੀ। ਸਗੋਂ ਹੋਰ ਵੀ ਤਣ ਕੇ ਖੜ੍ਹੀ ਗਈ। 26 ਮਈ ਨੂੰ ਆਈ.ਜੀ. ਬਠਿੰਡਾ ਦੀ ਕੋਠੀ ਅੱਗੇ ਰੱਖੇ ਧਰਨੇ ਨੂੰ ਰੋਕਣ ਲਈ ਪੁਲਸ ਵੱਲੋਂ ਪੂਰਾ ਤਾਣ ਲਾਉਣ, ਦਰਜਨਾਂ ਆਗੂ ਵਰਕਰਾਂ ਨੂੰ ਜੇਲ੍ਹ ਤੇ ਥਾਣਿਆਂ ਵਿੱਚ ਡੱਕਣ ਦੇ ਬਾਵਜੂਦ 700 ਦੇ ਕਰੀਬ ਮਰਦ-ਔਰਤਾਂ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਭੁੱਚੋ ਤੇ ਨੰਦਗੜ੍ਹ ਵਿਖੇ ਪੁਲਸ ਵੱਲੋਂ ਰੋਕ ਲੈਣ ਤੇ ਉੱਥੇ ਹੀ ਰੋਹ ਭਰਪੁਰ ਧਰਨੇ ਦਿੱਤੇ ਗਏ। ਪੀੜਤ ਮਾਪਿਆਂ ਅਤੇ ਔਰਤਾਂ ਦੇ ਇੱਕ ਜੱਥੇ ਵੱਲੋਂ ਪੁਲਸ ਦੀਆਂ ਸਭ ਰੋਕਾਂ ਨੂੰ ਝਕਾਨੀ ਦੇ ਕੇ ਤੇ ਨਾਕੇ ਭੰਨ ਕੇ ਆਈ.ਜੀ. ਦੀ ਕੋਠੀ ਅੱਗੇ ਤਿੱਖਾ ਪ੍ਰਦਰਸ਼ਨ ਕਰਦਿਆਂ ਪੁਲਸ ਅਫਸਰਾਂ ਨੂੰ ਤਰੇਲੀਆਂ ਲਿਆ ਦਿੱਤੀਆਂ। ਇਸ ਤੋਂ ਵੀ ਅੱਗੇ ਵਧ ਕੇ 27 ਮਈ ਤੋਂ 12 ਜੂਨ ਤੱਕ 17 ਦਿਨ  ਲਗਾਤਾਰ ਭਾਰੀ ਗਿਣਤੀ ਵਿੱਚ ਮਰਦ-ਔਰਤਾਂ ਦੇ ਜੱਥੇ ਆਈ.ਜੀ. ਦੀ ਕੋਠੀ ਅੱਗੇ ਪਹੁੰਚ ਕੇ ਸਰਕਾਰ ਤੇ ਪੁਲਸ ਨੂੰ ਫਿੱਟ ਲਾਹਣਤਾਂ ਪਾਉਂਦੇ ਤੇ ਗ੍ਰਿਫਤਾਰੀਆਂ ਦਿੰਦੇ ਰਹੇ। ਸਿੱਟੇ ਵਜੋਂ ਹਕੂਮਤ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਸੀਨੇ ਨਾਲ ਲਾ ਕੇ ਰੱਖੇ ਦੋਸ਼ੀ ਨੂੰ ਜੇਲ੍ਹ ਭੇਜਣ ਦਾ ਕੌੜਾ ਅੱਕ ਚੱਬਣਾ ਪਿਆ ਅਤੇ 26 ਮਈ ਤੋਂ ਜੇਲ੍ਹ ਵਿੱਚ ਡੱਕੇ ਆਗੂਆਂ ਅਤੇ ਵਰਕਰਾਂ ਵਿੱਚੋਂ 7 ਔਰਤਾਂ ਸਮੇਤ ਅੱਠ ਜਣਿਆਂ ਨੂੰ ਰਿਹਾਅ ਕਰਨਾ ਪਿਆ ਹੈ। ਮਜ਼ਦੂਰਾਂ-ਕਿਸਾਨਾਂ ਨੇ ਆਪਣੇ ਇਸ ਹੱਕੀ ਸੰਘਰਸ਼ ਦੀ ਰੋਹਲੀ ਆਵਾਜ਼ ਨੂੰ ਰੋਲਣ ਲਈ ਅਤੇ ਅਗਾਂਹ ਨੂੰ ਖਾੜਕੂ ਜਨਤਕ ਸੰਘਰਸ਼ਾਂ ਤੋਂ ਕੰਨ ਕਰਾਉਣ ਲਈ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਅਖਤਿਆਰ ਕੀਤੇ ਜਾਬਰ ਹੱਥਕੰਡਿਆਂ ਸੰਗ ਭਿੜਦਿਆਂ ਅੰਸ਼ਿਕ ਜਿੱਤ ਪ੍ਰਾਪਤ ਕਰ ਲਈ ਹੈ। ਮੁਕੰਮਲ ਜਿੱਤ ਲਈ ਸੰਘਰਸ਼ ਜਾਰੀ ਹੈ ਤੇ ਇਸਦਾ ਘੇਰਾ ਵਧਾਇਆ ਜਾ ਰਿਹਾ ਹੈ।

No comments:

Post a Comment