ਪੰਜਾਬ ਦੇ ਠੇਕਾ-ਭਰਤੀ ਮੁਲਾਜ਼ਮਾਂ ਦੀ ਚੇਤਨਾ ਵਿੱਚ:
ਇੱਕ ਨਵਾਂ ਕਦਮ-ਵਧਾਰਾ
—ਸਾਂਝੇ ਕੰਟਰੈਕਟ ਵਰਕਰ ਕੇਂਦਰ ਉਸਾਰਨ ਦਾ ਉੱਦਮ
—ਵੋਟਾਂ ਦੇ ਸੋਰ-ਸ਼ਰਾਬੇ 'ਚ ਆਪਣੇ ਮੁੱਦਿਆਂ ਨੂੰ ਰੁਲਣੋਂ ਬਚਾਉਣ ਅਤੇ ਜਥੇਬੰਦੀ ਅਤੇ ਸੰਘਰਸ਼ ਉੱਤੇ ਟੇਕ ਰੱਖਣ ਦਾ ਸੱਦਾ
-ਡਾ. ਜਗਮੋਹਨ ਸਿੰਘ
ਸਾਰੇ ਦੇਸ਼ ਵਾਂਗੂੰ ਪੰਜਾਬ ਵਿੱਚ ਵੀ, ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਅਤੇ ਪੱਕੀਆਂ ਨੌਕਰੀਆਂ ਦੇਣ ਦੀ ਬਜਾਏ ਨਿਗੂਣੀਆਂ ਤਨਖਾਹਾਂ ਉੱਤੇ ਠੇਕਾ-ਆਧਾਰਤ ਕੱਚੀਆਂ ਨੌਕਰੀਆਂ ਦੇਣ ਦਾ ਵਰਤਾਰਾ ਵਿਆਪਕ ਹੋ ਗਿਆ ਹੈ। ਤਨਖਾਹਾਂ ਐਨੀਆਂ ਨਿਗੂਣੀਆਂ ਕਿ ਛਾਲੀਂ ਵਧਦੀ ਮਹਿੰਗਾਈ ਦੇ ਅਜ ਕੱਲ੍ਹ ਦੇ ਦਿਨਾਂ ਵਿੱਚ ਇੱਕ ਜੀਅ ਦੀ ਤਨਖਾਹ ਨਾਲ ਟੱਬਰ ਪਾਲਣਾ ਅਤਿਅੰਤ ਔਖਾ ਹੋ ਗਿਆ ਹੈ। ਇਸ ਕਰਕੇ ਬਹੁਤ ਮਾਮਲਿਆਂ ਵਿੱਚ ਕਾਮਿਆਂ ਨੂੰ ਕੰਮ ਦੀਆਂ ਲੰਮੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ।
ਪਿਛਲੇ ਦਿਨੀਂ ਰੋਪੜ ਦੇ ਥਰਮਲ ਪਲਾਂਟ ਵਿੱਚ ਇੱਕ ਘਟਨਾ ਵਾਪਰੀ। ਦੋ ਬੰਦੇ ਜ਼ਮੀਨ ਉੱਤੇ ਲਿਟੇ ਪਏ ਸਨ। ਉਹਨਾਂ ਨੂੰ ਕਿਸੇ ਨੇ ਆਵਾਜ਼ਾਂ ਮਾਰ ਕੇ ਉਠਾਉਣ ਦਾ ਯਤਨ ਕੀਤਾ। ਉਹ ਨਾ ਉੱਠੇ। ਉਹਨਾਂ ਨੂੰ ਹਿਲਾ-ਚਿਲਾ ਕੇ ਉਠਾਉਣ ਦਾ ਹੋਰ ਯਤਨ ਕੀਤਾ। ਉਹ ਨਾ ਹਿੱਲੇ, ਨਾ ਬੋਲੇ। ਆਲੇ-ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਲੋਕਾਂ ਨੇ ਸਮਝਿਆ, ਨਸ਼ੇੜੀ ਹੋਣਗੇ। ਨਸ਼ੇ ਨਾਲ ਟੱਲੀ ਹੋਏ ਪਏ ਹਨ। ਜਦੋਂ ਉਹਨਾਂ ਨੂੰ ਝੰਜੋੜ ਕੇ ਫੇਰ ਉਠਾਉਣ ਦਾ ਯਤਨ ਕੀਤਾ ਤਾਂ ਉਹ ਉੱਠੇ ਬੈਠੇ। ਉਹ 17 ਘੰਟਿਆਂ ਦੀ ਲੰਮੀ ਸ਼ਿਫਟ ਲਾ ਕੇ ਆਏ ਸਨ। ਉਹਨਾਂ ਨੇ ਦੱਸਿਆ ਕਿ ''ਅਸੀਂ ਸੋਚਿਆ ਇੱਥੇ ਦੋ ਘੜੀ ਬੈਠ ਕੇ ਦਮ ਲੈ ਲਈਏ, ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ।'' ਇਹ ਘਟਨਾ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹੈ ਕਿ ਕਬੀਲਦਾਰੀ ਦੀ ਗੱਡੀ ਨੂੰ ਰੁੜ੍ਹਦੀ ਰੱਖਣ ਵਾਸਤੇ ਠੇਕੇ ਉੱਤੇ ਭਰਤੀ ਹੋਏ ਕਾਮਿਆਂ ਨੂੰ ਆਪਣੀਆਂ ਦੇਹਾਂ ਮੁਸ਼ੱਕਤ ਦੀ ਘੁਲਾੜੀ ਵਿੱਚ ਕਿਵੇਂ ਪੀੜਣੀਆਂ ਪੈ ਰਹੀਆਂ ਹਨ।
ਠੇਕੇ ਉੱਤੇ ਭਰਤੀ ਹੋਏ ਜਾਂ ਬੇਰੁਜ਼ਗਾਰ ਨੌਜਵਾਨਾਂ ਦੀ ਇੱਕ ਕਿਸਮ ਉਹ ਹੈ, ਜਿਹਨਾਂ ਦੇ ਮਾਪਿਆਂ ਨੇ ਢਿੱਡ-ਪੇਟ ਬੰਨ੍ਹ ਕੇ ਉਹਨਾਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜ੍ਹਾਇਆ ਹੈ। ਕੋਈ ਟਰੇਨਿੰਗ ਜਾਂ ਕੋਰਸ ਕਰਵਾਇਆ ਹੈ। ਪੜ੍ਹੇ-ਲਿਖੇ ਅਤੇ ਸਿਖਲਾਈ-ਪ੍ਰਾਪਤ ਹੋਣ ਕਰਕੇ, ਆਮ ਮਜ਼ਦੂਰਾਂ ਦੇ ਮੁਕਾਬਲੇ ਉਹਨਾਂ ਵਿੱਚ ਵੱਧ ਸਹੂਲਤ-ਪ੍ਰਾਪਤ ਜ਼ਿੰਦਗੀ ਜਿਉਣ ਦੇ ਸੁਫਨੇ ਜਾਗੇ ਹੋਏ ਸਨ। ਵੱਧ ਆਸਾਂ-ਉਮੀਦਾਂ ਬੱਝੀਆਂ ਹੋਈਆਂ ਹਨ। ਬੇਰੁਜ਼ਗਾਰ ਰਹਿਣ ਕਰਕੇ ਜਾਂ ਨਿਗੂਣੀਆਂ ਤਨਖਾਹਾਂ ਉੱਤੇ ਦਿਨ-ਕਟੀ ਕਰਨ ਦੀ ਮਜਬੂਰੀ ਕਰਕੇ ਉਹਨਾਂ ਨੂੰ ਆਪਣੇ ਸੁਫਨੇ ਟੁੱਟਦੇ ਦਿਸਦੇ ਹਨ। ਭਵਿੱਖ ਹਨੇਰਾ ਦਿਸਦਾ ਹੈ। ਉਹ ਜ਼ਿੰਦਗੀ ਮੌਤ ਦੇ ਵਿਚਾਲੇ ਖਲਾਅ ਵਿੱਚ ਭਟਕਦੇ ਹੋਏ ਮਹਿਸੂਸ ਕਰਦੇ ਹਨ। ਉਹ, ਕਬੀਲਦਾਰੀ ਦਾ ਵਿਤੋਂ-ਵਧਵਾਂ ਬੋਝ ਢੋਂਦੇ ਮਾਪਿਆਂ ਦਾ ਇਹ ਬੋਝ ਵੰਡਾਉਣ ਦੀ ਹਾਲਤ ਵਿੱਚ ਨਾ ਹੋਣ ਕਰਕੇ, ਮਾਪਿਆਂ ਨੂੰ ਬੁਢਾਪੇ ਦੀ ਡੰਗੋਰੀ ਬਣਨ ਦਾ ਭਰੋਸਾ ਦੇਣ ਦੀ ਹਾਲਤ ਵਿੱਚ ਨਾ ਹੋਣ ਕਰਕੇ, ਮਾਪਿਆਂ ਦੇ ਉਦਾਸ ਚਿਹਰਿਆਂ ਵੰਨੀ, ਬੁੱਝੀਆਂ ਅੱਖਾਂ ਵੰਨੀ, ਝਾਕਣ ਦਾ ਵੀ ਉਹਨਾਂ ਦਾ ਹੀਆ ਨਹੀਂ ਪੈਂਦਾ। ਇਹ ਹਾਲਤ ਉਹਨਾਂ ਨੂੰ ਪੂਰੀਆਂ ਤਨਖਾਹਾਂ, ਪੱਕੀਆਂ ਨੌਕਰੀਆਂ ਲੈਣ ਖਾਤਰ ''ਕਰੋ ਜਾਂ ਮਰੋ'' ਦੇ ਮੁਕਾਮ ਉੱਤੇ ਜਾ ਖੜ੍ਹਾਉਂਦੀ ਹੈ।
ਦੂਜੇ, ਇਹ ਸਾਰੇ ਜੁਆਨੀ ਪਹਿਰੇ ਦੇ ਅਜਿਹੇ ਪੜਾਅ ਵਿੱਚੋਂ ਗੁਜਰ ਰਹੇ ਹਨ, ਜਿੱਥੇ ਅਣਖ ਮਾਰ ਕੇ ਰੀਂਗਦੀ ਜ਼ਿੰਦਗੀ ਜਿਉਣ ਨਾਲੋਂ, (ਖਾਸ ਹਾਲਤਾਂ ਦੇ ਜੋੜ-ਮੇਲ ਸਦਕਾ) ਸਿਰਲੱਥਾਂ ਦੇ ਕਾਫਲਿਆਂ ਸੰਗ ਰਲ ਕੇ, ਮੌਤੋਂ ਡਰਨ ਦੀ ਥਾਂ ਜੂਝ-ਮਰਨ ਦਾ ਚਾਅ ਚੜ੍ਹਦਾ ਹੈ।
ਪਿਛਲੇ ਕਈ ਸਾਲਾਂ ਤੋਂ ਕਈ ਮਹਿਕਮਿਆਂ (ਵਿਦਿਆ, ਸਿਹਤ, ਟਰਾਂਸਪੋਰਟ, ਬਿਜਲੀ, ਜਲ-ਸਲਪਾਈ, ਜੰਗਲਾਤ ਆਦਿਕ) ਨਾਲ ਸਬੰਧਤ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਠੇਕਾ-ਭਰਤੀ ਮੁਲਾਜ਼ਮਾਂ ਨੇ ਆਪਣੇ ਹੱਕਾਂ ਖਾਤਰ ਜਾਨ ਹੂਲਵੇਂ ਸੰਘਰਸ਼ਾਂ ਦੀਆਂ ਕਮਾਲ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਉਹ ਸਬੰਧਤ ਮਹਿਕਮੇ ਦੇ ਦਫਤਰਾਂ ਮੂਹਰੇ ਧਰਨੇ ਮਾਰਦੇ ਹਨ। ਮਰਨ ਵਰਤ ਰੱਖਦੇ ਹਨ। ਪੁਲਸ ਮਰਨ-ਵਰਤੀਆਂ ਨੂੰ ਚੁੱੱਕ ਕੇ ਜਿਹਲਾਂ ਵਿੱਚ ਤਾੜ ਦਿੰਦੀ ਹੈ। ਉਹ ਜਿਹਲਾਂ ਵਿੱਚ ਮਰਨ ਵਰਤ ਜਾਰੀ ਰੱਖਦੇ ਹਨ। ਓਧਰ ਧਰਨੇ ਵਾਲੀ ਥਾਂ ਉੱਤੇ ਮਰਨ ਵਰਤ ਦੀ ਲੜੀ ਜਾਰੀ ਰੱਖਣ ਵਾਲਿਆਂ ਦੀ ਕਤਾਰ ਲੱਗ ਜਾਂਦੀ ਹੈ।
ਉਹ ਪੁਲਸ ਦੀ ਦਹਿਸ਼ਤ ਤੋੜ ਕੇ ਵਜੀਰਾਂ ਦੇ ਆਉਣ ਉੱਤੇ ਰੋਸ ਵਿਖਾਵੇ ਕਰਦੇ ਹਨ। ਪੁਲਸ ਲਾਠੀਚਾਰਜ ਕਰਦੀ ਹੈ। ਗ੍ਰਿਫਤਾਰੀਆਂ ਕਰਕੇ ਜਿਹਲੀਂ ਤਾੜ ਦਿੰਦੀ ਹੈ। ਬਾਦਲਾਂ ਦੇ ਚੇਲੇ ਚਾਟੜੇ, ਮੁੰਡਿਆਂ 'ਤੇ ਕੁਟਾਪਾ ਚਾੜ੍ਹਦੇ, ਪੱਗਾਂ ਰੋਲਦੇ ਹਨ। ਆਪਣੀਆਂ ਧੀਆਂ ਵਰਗੀਆਂ ਕੁੜੀਆਂ ਦੀਆਂ ਚੁੰਨੀਆਂ ਲਾਹੁੰਦੇ, ਥੱਪੜੀਂ ਕੁੱਟਦੇ ਹਨ। ਬੇਰੁਜ਼ਗਾਰਾਂ ਦੇ ਇਹਨਾਂ ਖਾੜਕੂ ਘੋਲਾਂ ਨੇ ਇਸ ਹਕੀਕਤ ਨੂੰ ਸ਼ਰੇਆਮ ਬੇਪਰਦ ਕੀਤਾ ਹੈ ਕਿ ਅਸਲ ਵਿੱਚ ਇਹ ਬੁਰਛਾਗਰਦਾਂ ਦਾ ਟੋਲਾ ਹੀ ਹੈ, ਜਿਹੜੇ ਸਾਊ ਚਿਹਰਿਆਂ ਅਤੇ ਸਿੱਖੀ ਦੇ ਭੇਖ ਹੇਠ ਜਥੇਦਾਰੀਆਂ ਅਤੇ ਵਜ਼ੀਰੀਆਂ ਦੀਆਂ ਕੁਰਸੀਆਂ ਉੱਤੇ ਸਜੇ ਬੈਠੇ ਹਨ। ਪੁਲਸ ਜਬਰ, ਜਲਾਲਤ ਅਤੇ 'ਪੰਥਕ' ਗੁੰਡਾਗਰਦੀ ਦਾ ਅਜਿਹਾ ਵਰਤਾਰਾ ਇਹਨਾਂ ਜੁਝਾਰੂਆਂ ਦੇ ਗੁੱਸੇ ਨੂੰ ਹੋਰ ਜਰਬਾਂ ਦਿੰਦਾ ਹੈ। ਉਹਨਾਂ ਦੀ ਅਣਖ ਨੂੰ ਹੋਰ ਝੰਜੋੜਦਾ, ਇਰਾਦਿਆਂ ਨੂੰ ਹੋਰ ਪ੍ਰਚੰਡ ਕਰਦਾ ਆ ਰਿਹਾ ਹੈ।
ਉਹ ਕਿਸੇ ਵਜ਼ੀਰ ਦੇ ਹੋਣ ਵਾਲੇ ਅਗਲੇ ਸਮਾਗਮ ਵਿੱਚ ਵਿਘਨ ਪਾਉਣ ਦਾ ਸ਼ਰੇਆਮ ਐਲਾਨ ਕਰ ਦਿੰਦੇ। ਪੁਲਸ ਸਾਰਾ ਜ਼ੋਰ ਲਾ ਕੇ ਬੰਦੋਬਸਤ ਕਰਦੀ। ਉਹ ਫੇਰ ਵੀ ਚੋਰੀ ਛਿਪੇ ਪੰਡਾਲ ਅੰਦਰ ਘੁਸਣ ਵਿੱਚ ਸਫਲ ਹੋ ਜਾਂਦੇ। ਵਜ਼ੀਰ ਦਾ ਭਾਸ਼ਣ ਸ਼ੁਰੂ ਹੋਣ ਸਾਰ ਪੰਡਾਲ ਵਿੱਚ ਮੁਰਦਾਬਾਦ ਦੇ ਨਾਹਰੇ ਗੂੰਜ ਉੱਠਦੇ। ਪੁਲਸ ਅਤੇ 'ਪੰਥਕ' ਗੁੰਡੇ ਨਾਹਰੇ ਲਾਉਣ ਵਾਲਿਆਂ ਨੂੰ ਸਾਰਿਆਂ ਦਾ ਸਾਹਮਣੇ ਢਾਹ ਕੇ ਛੱਲੀਆਂ ਵਾਂਗੂੰ ਕੁੱਟਦੇ। ਜਿਹਲਾਂ ਵਿੱਚ ਤਾੜ ਦਿੰਦੇ। ਫੇਰ ਫੜੇ ਗਏ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਘੋਲ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ। ਉਹਨਾਂ ਦੇ ਰਿਹਾਅ ਹੋਣ ਸਾਰ ਨਵੀਆਂ ਘੋਲ ਸਰਗਰਮੀਆਂ ਦਾ ਨਵਾਂ ਗੇੜ ਸ਼ੁਰੂ ਹੋ ਜਾਂਦਾ। ਉਹਨਾਂ ਵੱਲੋਂ ਪੁਲਸ ਦੀ ਦਹਿਸ਼ਤ ਨੂੰ ਵੰਗਾਰਦੀਆਂ ਕਾਰਵਾਈਆਂ ਦਾ ਗੇੜ ਅਤੇ ਪੁਲਸ ਵੱਲੋਂ ਉਹਨਾਂ ਦੀਆਂ ਨਾਬਰ ਕਾਰਵਾਈਆਂ ਨੂੰ ਕੁਚਲਣ ਦਾ ਗੇੜ ਸ਼ੁਰੂ ਹੋ ਜਾਂਦਾ। ਉਹਨਾਂ ਦੇ ਦ੍ਰਿੜ, ਇਕਤਾਰ, ਆਪਾਵਾਰੂ, ਜੁਝਾਰ ਕਾਰਨਾਮਿਆਂ ਨੂੰ ਦੇਖ ਕੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਗਾਏ ਜਾਂਦੇ ਇਸ ਗੀਤ ਦੇ ਬੋਲ ਤਾਜ਼ਾ ਹੋ ਉੱਠਦੇ: ''ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ।''
ਵਾਟਰ ਵਰਕਸਾਂ ਦੀਆਂ ਟੈਂਕੀਆਂ ਨੂੰ ਘੋਲ ਦੇ ਅਖਾੜੇ ਬਣਾਉਣ ਦੀ ਕਾਢ ਵੀ ਇਹਨਾਂ ਦੀਆਂ ਜਥੇਬੰਦੀਆਂ ਵਿੱਚੋਂ ਇੱਕ ਨੇ ਕੱਢੀ ਹੈ। ਉਹ ਚੋਰੀ-ਛਿਪੇ ਟੈਂਕੀਆਂ ਉੱਤੇ ਚੜ੍ਹ ਕੇ, ਉੱਤੋਂ ਛਾਲਾਂ ਮਾਰ ਕੇ ਆਪਣੀ ਜਾਨ ਦੇਣ ਜਾਂ ਆਤਮਦਾਹ ਕਰਨ ਦਾ ਐਲਾਨ ਕਰ ਦਿੰਦੇ ਹਨ। ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਬਹੁਤੇ ਥਾਈਂ ਮੁੱਖ ਮੰਤਰੀ ਜਾਂ ਕਿਸੇ ਹੋਰ ਸਬੰਧਤ ਵਜ਼ੀਰ/ਅਫਸਰ ਨਾਲ ਉਹਨਾਂ ਦੀ ਮੀਟਿੰਗ ਨੂੰ ਯਕੀਨੀ ਬਣਾਉਣ ਦਾ ਭਰੋਸਾ ਦੇ ਕੇ ਪੁਲਸ ਉਹਨਾਂ ਨੂੰ ਹੇਠਾਂ ਉੱਤਰਨ ਵਾਸਤੇ ਰਜ਼ਾਮੰਦ ਕਰਦੀ। ਕੁੱਝ ਥਾਵਾਂ ਉੱਤੇ ਪੁਲਸ ਨੇ ਝੂਠਾ ਵਾਅਦਾ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਨ ਮਗਰੋਂ ਉਹਨਾਂ ਦਾ ਕੁਟਾਪਾ ਕੀਤਾ, ਖੇਤਾਂ ਵਿੱਚ ਭਜਾਇਆ। ਉਹਨਾਂ ਨੇ ਕਈ ਕਈ ਦਿਨ ਟੈਂਕੀਆਂ ਉੱਤੇ ਰਹਿ ਕੇ ਮੀਂਹ-ਝੱਖੜ ਦੀ ਮਾਰ ਵੀ ਝੱਲੀ। ਕੱਕਰ ਠੰਢੀਆਂ ਰਾਤਾਂ ਵੀ ਕੱਟੀਆਂ। ਲੱਗਭੱਗ ਹਰ ਥਾਂ ਉਹਨਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ, ਇਖਲਾਕੀ ਹਮਾਇਤ ਅਤੇ ਖੁੱਲ੍ਹੀ ਪਦਾਰਥਕ ਸਹਾਇਤਾ ਮਿਲੀ।
ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ, ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਦੋਂ ਉਹ ਆਤਮਦਾਹ ਕਰਨ ਦਾ ਐਲਾਨ ਕਰਦੇ ਤਾਂ ਦੇਖਣ-ਸੁਣਨ ਵਾਲਿਆਂ ਦਾ ਕਾਲਜਾ ਫੜਿਆ ਜਾਂਦਾ: ''ਹਾਇ! ਕਿਤੇ ਕਪੂਰਥਲੇ ਵਾਲੀ ਦੁਰਘਟਨਾ ਫੇਰ ਨਾ ਦੁਹਰਾਈ ਜਾਵੇ।'' ਟੈਂਕੀ ਦੀਆਂ ਪੌੜੀਆਂ ਉਤਰਦੀ ਇੱਕ ਕੁੜੀ ਦੀ, ਅੱਗ ਦੇ ਭਾਂਬੜਾਂ ਵਿੱਚ ਲਪੇਟੀ ਦੇਹ ਦੀ, ਵੀਡੀਓ ਦੇਖ ਕੇ ਇੱਕ ਪੱਥਰ-ਚਿੱਤ ਇਨਸਾਨ ਵੀ ਪਿਘਲ ਸਕਦਾ ਹੈ। ਇਹ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਈ.ਜੀ.ਐਸ. ਅਧਿਆਪਕ ਯੂਨੀਅਨ ਦੀ ਇੱਕ ਆਗੂ, ਕਿਰਨਜੀਤ ਕਪੂਰਥਲੇ ਦੀ ਟੈਂਕੀ ਉੱਤੇ ਚੜ੍ਹਨ ਵਾਲਿਆਂ ਵਿੱਚ ਸਾਮਲ ਸੀ। ਉਹ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਆਤਮਦਾਹ ਕਰਨ ਦਾ ਐਲਾਨ ਕਰ ਰਹੇ ਸਨ। ਇੱਕ ਹੈਂਕੜਬਾਜ਼ ਅਤੇ ਬਦਦਿਮਾਗ ਪੁਲਸ ਅਫਸਰ ਵੱਲੋਂ ਫੋਕੀਆਂ ਧਮਕੀਆਂ ਦੇਣ ਦਾ ਮਾਰਿਆ ਤਾਅਨਾ ਸੁਣ ਕੇ ਇਹ ਅਣਖੀ ਮੁਟਿਆਰ ਆਪਣੀ ਜਾਨ ਉੱਤੇ ਖੇਡ ਗਈ। ਉਸਨੇ ਆਪਣੇ ਉੱਤੇ ਪੈਟਰੋਲ ਪਾ ਕੇ ਲਾਂਬੂ ਲਾ ਲਿਆ।
ਬਾਦਲ ਸਰਕਾਰ ਦੇ ਹਾਕਮਾਂ ਉੱਤੇ, ਇਸ ਰੂਹ-ਕੰਬਾਊ ਦੁਖਾਂਤ ਦਾ ਕੋਈ ਅਸਰ ਨਹੀਂ ਹੋਇਆ। ਯੂਨੀਅਨ ਦੀਆਂ ਮੰਗਾਂ ਮੰਨਣ ਦੇ ਮਾਮਲੇ ਵਿੱਚ ਉਹ ਟੱਸ ਤੋਂ ਮੱਸ ਨਹੀਂ ਹੋਏ। ਹਰ ਬੰਦੇ ਦੀ ਸੋਚ, ਵਿਹਾਰ ਅਤੇ ਭਾਵਨਾਵਾਂ ਉੱਤੇ ਉਸ ਜਮਾਤ ਦੀ ਮੋਹਰਛਾਪ ਲੱਗੀ ਹੁੰਦੀ ਹੈ, ਜਿਸ ਵਿੱਚ ਉਹ ਜੰਮਿਆ, ਪਲਿਆ ਅਤੇ ਵਿਚਰ ਰਿਹਾ ਹੁੰਦਾ ਹੈ। ਇਹਨਾਂ ਲੋਕ-ਦੁਸ਼ਮਣ ਹਾਕਮਾਂ ਤੋਂ ਲੋਕਾਂ ਉੱਤੇ ਕਿਸੇ ਰਹਿਮ ਦੀ ਉੱਕਾ ਹੀ ਆਸ ਨਹੀਂ ਰੱਖੀ ਜਾ ਸਕਦੀ। ਕਿਉਂਕਿ ਇਹ ਉਹਨਾਂ ਜਮਾਤਾਂ ਦੇ ਨੁਮਾਇੰਦੇ ਹਨ, ਜਿਹਨਾਂ ਦੀ ਜਮਾਤੀ ਲੋੜ ਸਿਰੇ ਦੇ ਬੇਰਹਿਮ ਅਤੇ ਪੱਥਰ-ਚਿੱਤ ਹੋਣਾ ਹੈ। ਜਿਵੇਂ ਮਾਸਖੋਰੇ ਜਾਨਵਰ ਜੇ ਆਪਣਾ ਸ਼ਿਕਾਰ ਬਣਨ ਵਾਲੇ ਜਾਨਵਰਾਂ ਉੱਤੇ ਰਹਿਮ ਕਰਨ ਲੱਗ ਜਾਣ ਤਾਂ ਉਹਨਾਂ ਦੀ ਨਸਲ ਦਾ ਖਾਤਮਾ ਅਟੱਲ ਹੈ। ਘਾਹ ਨਾਲ ਦੋਸਤੀ ਕਰਨ ਵਾਲਾ ਘੋੜਾ ਬਚ ਨਹੀਂ ਸਕਦਾ। ਪਰ ਅਜਿਹੀਆਂ ਘਟਨਾਵਾਂ ਮੌਕੇ, ਇਨਸਾਨੀ ਜਜ਼ਬੇ ਦਾ ਦੰਭੀ ਵਿਖਾਵਾ ਕਰਨਾ ਇਹਨਾਂ ਹਾਕਮਾਂ ਦੀ ਸਿਆਸੀ ਮਜਬੂਰੀ ਹੁੰਦੀ ਹੈ। ਮੁੱਖ ਮੰਤਰੀ ਬਾਦਲ ਨੇ ਵੀ ਇਹ ਦੰਭ ਕੀਤਾ। ਕਿਰਨਜੀਤ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਅਤੇ ਉਸਦੇ ਭਰਾ ਨੂੰ ਨੌਕਰੀ ਦੇ ਦਿੱਤੀ।
ਇੱਕ ਪਾਸੇ ਅਕਾਲੀ ਹਾਕਮਾਂ ਦੀ ਅਣਮਨੁੱਖੀ ਜਹਿਨੀਅਤ ਦੀ ਅਤੇ ਦੂਜੇ ਪਾਸੇ, ਜਨਤਕ ਦਬਾਅ ਹੇਠ ਲਿਫ ਜਾਣ ਦੀ ਸੱਜਰੀ ਉਦਾਹਰਨ ਪਿਛਲੀ ਫਰਵਰੀ ਵਿੱਚ ਸਾਹਮਣੇ ਆਈ। ਹਾਕਮਾਂ ਦੀ ਹੈਵਾਨੀਅਤ ਨੂੰ ਅਮਲੀ ਰੂਪ ਦੇਣ ਵਾਲੇ ਇੱਕ ਪੁਲਸ ਅਫਸਰ ਨੇ ਫਰਵਰੀ ਦੀ ਯਖ਼ ਠੰਢੀ ਰਾਤ ਨੂੰ ਈ.ਜੀ.ਐਸ. ਯੂਨੀਅਨ ਦੇ ਧਰਨਾਕਾਰੀਆਂ ਤੋਂ ਰਜਾਈਆਂ ਖੋਹ ਲਈਆਂ। ਉਹਨਾਂ ਨੂੰ ਠੰਢ ਦੇ ਕਰੋਪ ਅੱਗੇ ਸੁੱਟ ਦਿੱਤਾ। ਇਹ ਧਰਨਾਕਾਰੀ ਬਠਿੰਡੇ ਦੀ ਟੈਂਕੀ ਦੇ ਉੱਤੇ ਅਤੇ ਹੇਠਾਂ ਲਗਾਤਾਰ ਧਰਾਨਾ ਦੇ ਰਹੇ ਸਨ। ਇੱਕ ਨੰਨ੍ਹੀਂ ਜਿੰਦ, ਮਾਂ ਦੀ ਗੋਦੀ ਵਿੱਚ ਸੁੰਗੜੀ ਇੱਕ ਛੋਟੀ ਬੱਚੀ ਠੰਢ ਦਾ ਕਹਿਰ ਨਾ ਸਹਾਰ ਸਕੀ। ਹਾਕਮਾਂ ਦੀ ਕਰੋਪੀ ਸਦਕਾ ਕੁਰਬਾਨ ਹੋ ਗਈ। ਇਸ ਦਿਲ-ਕੰਬਾਊ ਘਟਨਾ ਸਦਕਾ ਲੋਕਾਂ ਦੇ ਵਿਸ਼ਾਲ ਹਿੱਸਿਆਂ ਵੱਲੋਂ ਸਿਆਸੀ, ਇਖਲਾਕੀ ਅਤੇ ਪਦਾਰਥਕ ਹਮਾਇਤ ਦਾ ਹੜ੍ਹ ਆ ਗਿਆ। ਨੇੜੇ ਆ ਰਹੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਹੋ ਸਕਣ ਵਾਲੇ ਵੋਟ-ਹਰਜੇ ਨੂੰ ਭਾਂਪਦਿਆਂ ਅਕਾਲੀ ਹਾਕਮ ਹਿੱਲ ਗਏ। ਅੱਡੀ ਉੱਤੇ ਗੇੜਾ ਖਾਂਦਿਆਂ ਈ.ਜੀ.ਐਸ. ਅਧਿਆਪਕਾਂ ਨੂੰ ਦੋ ਸਾਲਾਂ ਵਾਸਤੇ ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ। ਹੁਣ ਵੋਟਾਂ ਲੰਘਣ ਮਗਰੋਂ, ਜਿਵੇਂ ਉਹ ਅਕਸਰ ਕਰਦੇ ਹਨ, ਉਹਨਾਂ ਨੇ ਥੁੱਕ ਕੇ ਚੱਟਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ। ਉਹਨਾਂ ਨੂੰ ਸਕੂਲਾਂ ਵਿੱਚੋਂ ਕੱਢਣ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਇਹਨਾਂ ਠੇਕਾ ਭਰਤੀ ਮੁਲਾਜ਼ਮਾਂ ਨੇ ਚੰਗੀਆਂ ਜਿੱਤਾਂ ਵੀ ਜਿੱਤੀਆਂ ਹਨ ਅਤੇ ਹਾਰਾਂ ਨੂੰ ਵੀ ਸਾਬਤਕਦਮੀ ਨਾਲ ਝੱਲਿਆ ਹੈ। ਘੋਲ ਪ੍ਰਾਪਤੀਆਂ ਪੱਖੋਂ ਈ.ਟੀ.ਟੀ. ਅਧਿਆਪਕਾਂ ਦੀ ਝੰਡੀ ਹੈ। ਇਹ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਤੋਂ ਲੜਦੇ ਆ ਰਹੇ ਹਨ। ਨੌਕਰੀਆਂ ਦੇਣ ਦੀ ਤਾਂ ਗੱਲ ਦੂਰ ਰਹੀ, ਕਾਂਗਰਸ ਸਰਕਾਰ ਇਹਨਾਂ ਦਾ ਮੰਗ-ਪੱਤਰ ਲੈਣ ਤੋਂ ਵੀ ਇਨਕਾਰੀ ਸੀ। ਸਰਕਾਰ ਨੂੰ ਇਹਨਾਂ ਦੀ ਜਥੇਬੰਦਕ ਤਾਕਤ ਅਤੇ ਦ੍ਰਿੜ ਖਾੜਕੂ ਘੋਲਾਂ ਮੂਹਰੇ ਲਿਫਣਾ ਪਿਆ। ਪਹਿਲਾਂ 4700 ਰੁਪਏ ਮਹੀਨਾ, ਫੇਰ 9100 ਰੁਪਏ ਮਹੀਨੇ ਉੱਤੇ ਠੇਕਾ ਆਧਾਰਤ ਨੌਕਰੀਆਂ ਦੇਣ ਦੇ ਐਲਾਨ ਹੋਏ। ਫੇਰ ਇਹਨਾਂ ਦੀਆਂ ਲਗਾਤਾਰ ਜਾਨ ਹੂਲਵੀਆਂ ਘੋਲ ਸਰਗਰਮੀਆਂ ਦੇ ਸਿੱਟੇ ਵਜੋਂ ਇਹ ਅਧਿਆਪਕ ਵਰਗ ਪੂਰੀਆਂ ਤਨਖਾਹਾਂ ਅਤੇ ਪੱਕੀਆਂ ਨੌਕਰੀਆਂ ਲੈਣ ਵਿੱਚ ਸਫਲ ਹੋ ਗਿਆ ਹੈ। ਪਿਛਲੇ ਬਹੁਤ ਸਾਲਾਂ ਤੋਂ ਪੱਕੀਆਂ ਨੌਕਰੀਆਂ ਉੱਤੇ ਲਗਾਤਾਰ ਕਾਟ ਲਾਈ ਜਾ ਰਹੀ ਹੈ। ਨਿਗੂਣੀਆਂ ਤਨਖਾਹਾਂ ਉੱਤੇ ਕੱਚੀਆਂ (ਠੇਕਾ-ਭਰਤੀ) ਨੌਕਰੀਆਂ ਦੇਣ ਦਾ ਸਰਬ-ਵਿਆਪੀ ਵਰਤਾਰਾ ਛਾਲਾਂ ਮਾਰ ਕੇ ਅੱਗੇ ਵਧ ਰਿਹਾ ਹੈ। ਅਜਿਹੇ ਸਮੇਂ ਵਿੱਚ ਲੱਗਭੱਗ 13000 ਅਧਿਆਪਕਾਂ ਵੱਲੋਂ ਵਰ੍ਹਿਆਂ-ਲੰਮੀ ਘੋਲ ਲਹਿਰ ਚਲਾ ਕੇ, ਹਕੂਮਤ ਦੀ ਬਾਂਹ ਨੂੰ ਵੱਟ ਚਾੜ੍ਹ ਕੇ ਪੂਰੀਆਂ ਤਨਖਾਹਾਂ ਪੱਕੀਆਂ ਨੌਕਰੀਆਂ ਲੈਣ ਦੀ ਪ੍ਰਾਪਤੀ ਸਿਰਫ ਪੰਜਾਬ ਭਰ ਵਿੱਚ ਹੀ ਨਹੀਂ, ਸਗੋਂ ਸ਼ਾਇਦ ਮੁਲਖ-ਪੱਧਰ ਉੱਤੇ ਇੱਕ ਨਿਰਾਲੀ ਅਤੇs sਉਤਸ਼ਾਹ-ਵਧਾਊ ਉਦਾਹਰਨ ਬਣਦੀ ਹੈ। ਬੇਰੁਜ਼ਗਾਰੀ ਦੇ ਘੁੱਪ ਹਨੇਰੇ ਵਿੱਚ ਇਹ ਚਾਨਣ ਦੀ ਇੱਕ ਲੀਕ ਹੈ।
ਠੇਕਾ-ਆਧਾਰਤ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਇਹਨਾਂ ਜਥੇਬੰਦੀਆਂ ਨੇ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਹਾਕਮਾਂ ਦੀ ਅੜੀ ਭੰਨ ਕੇ ਘੋਲ-ਪ੍ਰਪਾਤੀਆਂ ਕੀਤੀਆਂ ਹਨ ਅਤੇ ਇਸ ਤਰ੍ਹਾਂ ਬਾਹਰਮੁਖੀ ਤੌਰ 'ਤੇ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕੀਤੇ ਹਨ। ਇਹਨਾਂ ਪਾਰਲੀਮੈਂਟਰੀ ਚੋਣਾਂ ਦੌਰਾਨ ਇਹਨਾਂ ਨੇ ਜੋ ਸਟੈਂਡ ਲਿਆ ਹੈ, ਉਹ ਇਹਨਾਂ ਦੀ ਚੇਤਨਾ ਵਿੱਚ ਵੀ ਇੱਕ ਚੰਗੇ ਕਦਮ-ਵਧਾਰੇ ਦਾ ਸ਼ੁਭ ਸੰਕੇਤ ਦਿੰਦਾ ਹੈ।
8 ਅਪ੍ਰੈਲ (2014) ਨੂੰ ਮੋਗੇ ਵਿੱਚ, ਕਰੀਬ ਇੱਕ ਦਰਜਨ ਸੂਬਾ ਪੱਧਰੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਸਰਗਰਮ ਕਰਿੰਦਿਆਂ ਦੀ ਇੱਕ ਪੰਜਾਬ ਪੱਧਰੀ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਕਰੀਬ 175 ਆਗੂ/ਨੁਮਾਇੰਦੇ ਸ਼ਾਮਲ ਹੋਏ। ਇਸ ਕਨਵੈਨਸ਼ਨ ਵਿੱਚ ਇਹਨਾਂ ਚੋਣਾਂ ਦੌਰਾਨ ਲਏ ਜਾਣ ਵਾਲੇ ਸਟੈਂਡ ਨਾਲ ਸਬੰਧਤ ਇੱਕ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਤਹਿ ਕੀਤਾ ਗਿਆ ਕਿ ਇਸ ਸਾਂਝੇ ਪਲੇਟਫਾਰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਸਦਾ ਘੇਰਾ ਵਿਸ਼ਾਲ ਬਣਾਇਆ ਜਾਵੇਗਾ। ਸਮਝ ਨੂੰ ਪ੍ਰਚਾਰਨ ਤੇ ਲਾਗੂ ਕਰਨ ਲਈ ਬਠਿੰਡੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ 70-80 ਵਿਅਕਤੀ ਸ਼ਾਮਲ ਹੋਏ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿੱਚ ਇੱਕ ਮਾਰਚ ਕੀਤਾ ਗਿਆ, ਜਿਸ ਵਿੱਚ ਲੱਗਭੱਗ ਡੇਢ ਸੌ ਵਿਅਕਤੀ ਸ਼ਾਮਲ ਹੋਏ।
ਇਹਨਾਂ ਮੁਲਾਜ਼ਮਾਂ ਦੀ ਚੇਤਨਾ ਵਿੱਚ ਹੋਏ ਕਦਮ-ਵਧਾਰੇ ਦਾ ਸ਼ੁਭ ਸੰਕੇਤ ਦਿੰਦੇ ਮਤੇ ਨੂੰ ਅਸੀਂ ਇੰਨ-ਬਿੰਨ ਛਾਪ ਰਹੇ ਹਾਂ।
ਇਸ ਮਤੇ ਵਿੱਚ, ਵੋਟਾਂ ਪਾਉਣ ਜਾਂ ਨਾ-ਪਾਉਣ ਨੂੰ ਵਿਅਕਤੀਗਤ ਖੇਤਰ ਵਿੱਚ ਛੱਡਦਿਆਂ ਵੋਟਾਂ ਦੇ ਝਮੇਲੇ ਵਿੱਚ ਉਲਝਣ ਦੀ ਥਾਂ ਆਪਣੇ ਹੱਕਾਂ ਦੀ ਰਾਖੀ ਲਈ ਆਪਣੇ ਸੰਗਠਨ ਤੇ ਸੰਘਰਸ਼ 'ਤੇ ਟੇਕ ਰੱਖਣ ਅਤੇ ਇਹਨਾਂ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਪੰਜਾਬ ਦੀ ਟਰੇਡ ਯੂਨੀਅਨ ਲਹਿਰ ਵਿੱਚ ਹਾਕਮ ਜਮਾਤੀ ਪਾਰਟੀਆਂ (ਸੀ.ਪੀ.ਆਈ., ਸੀ.ਪੀ.ਐਮ. ਵਰਗੀਆਂ ਨਕਲੀ ਕਮਿਊਨਿਸਟ ਪਾਰਟੀਆਂ) ਦੀਆਂ ਜੇਬੀ ਟਰੇਡ ਯੂਨੀਅਨਾਂ ਭਾਰੂ ਹਨ। ਇਸ ਹਾਲਤ ਵਿੱਚ, ਦਹਿ-ਹਜ਼ਾਰਾਂ ਦੀ ਮੈਂਬਰਸ਼ਿੱਪ ਵਾਲੀਆਂ ਇਹਨਾਂ ਠੇਕਾ ਆਧਾਰਤ ਜਥੇਬੰਦੀਆਂ ਵੱਲੋਂ ਲਿਆ ਇਹ ਕਦਮ ਇੱਕ ਬਹੁਤ ਹੌਸਲਾ-ਵਧਾਊ ਸ਼ੁਭ ਘਟਨਾ-ਵਿਕਾਸ ਹੈ।
ਪਰ ਇਸ ਸਭ ਕਾਸੇ ਦੇ ਬਾਵਜੂਦ ਇਹ ਇੱਕ ਸੀਮਤ ਚੇਤਨਾ-ਵਿਕਾਸ ਹੈ। ਇਹ ਮੁਲਾਜ਼ਮ-ਮਜ਼ਦੂਰ-ਨੌਜਵਾਨ ਸ਼ਕਤੀ ਭਾਵੇਂ ਬਾਹਰਮੁਖੀ ਤੌਰ 'ਤੇ ਵੱਡੀਆਂ ਇਨਕਲਾਬੀ ਸੰਭਾਵਨਾਵਾਂ ਨਾਲ ਭਰਪੂਰ ਹੈ, ਪਰ ਇਹ ਆਪਣੇ ਤੌਰ 'ਤੇ ਇਹਨਾਂ ਲੁਪਤ ਸੰਭਾਵਨਾਵਾਂ ਨੂੰ ਇੱਕ ਹੱਦ ਤੋਂ ਅੱਗੇ ਸਾਕਾਰ ਨਹੀਂ ਕਰ ਸਕਦੇ। ਇਸ ਪੱਖੋਂ ਹੁਣ ਗੇਂਦ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਵਿਹੜੇ ਵਿੱਚ ਹੈ। ਆਪਣੇ ਜੂਝਾਰ ਘੋਲ ਕਾਰਨਾਮਿਆਂ ਰਾਹੀਂ, ਆਪਣੇ ਸੀਮਤ ਚੇਤਨਾ-ਵਿਕਾਸ ਦੇ ਸੰਕੇਤਾਂ ਰਾਹੀਂ ਇਹ ਜੁਝਾਰੂ ਕਾਫਲੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਦਰ ਖੜਕਾ ਰਹੇ ਹਨ। ਬਾਹਰਮੁਖੀ ਤੌਰ 'ਤੇ ਸੱਦਾ ਦੇ ਰਹੇ ਹਨ। ''ਆਓ! ਇਨਕਲਾਬੀ ਲਹਿਰ ਦੇ ਕਾਫਲਿਆਂ ਸੰਗ ਰਲਣ ਵਿੱਚ ਸਾਡੀ ਅਗਵਾਈ ਅਤੇ ਸਹਾਇਤਾ ਕਰੋ।''
-0-
No comments:
Post a Comment