Saturday, July 5, 2014

ਭਾਈ ਰੂਪਾ 'ਚ ਮਸੰਦ ਸੈਨਾ ਦੇ ਧਾਵੇ ਦਾ ਡਟਵਾਂ ਜਨਤਕ ਟਾਕਰਾ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਜ਼ਰਮਾਂ ਦੇ ਕਟਹਿਰੇ 'ਚ
ਭਾਈ ਰੂਪਾ 'ਚ ਮਸੰਦ ਸੈਨਾ ਦੇ ਧਾਵੇ ਦਾ ਡਟਵਾਂ ਜਨਤਕ ਟਾਕਰਾ
(ਕਿਸਾਨ-ਮਜ਼ਦੂਰ ਖ਼ਬਰਨਾਮੇ 'ਚੋਂ)
ਖੰਨਾ-ਚਮਿਆਰਾ ਪਿੰਡ 'ਚ ਮੁਜਾਰੇ ਕਿਸਾਨਾਂ 'ਤੇ ਗੋਲੀਆਂ ਚਲਾ ਕੇ ਮੌਤ ਦੀ ਵਾਛੜ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਵੱਲੋਂ 'ਟਾਸਕ ਫੋਰਸ' ਦੇ ਨਾਂਅ ਹੇਠ ਜਥੇਬੰਦ ਕੀਤੀ ਮਸੰਦ ਸੈਨਾ ਹੁਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਦੇ ਲੋਕਾਂ 'ਤੇ ਕਹਿਰ ਵਰ੍ਹਾ ਰਹੀ ਹੈ। ਪਿੰਡ ਦੀ ਲੰਗਰ ਕਮੇਟੀ ਦੇ ਨਾਂਅ 'ਤੇ 161 ਕਿੱਲੇ ਜ਼ਮੀਨ ਨੂੰ ਹਥਿਆਉਣ ਲਈ ਪਹਿਲਾਂ ਇਸਨੇ ਆਪਣੇ ਸਿਆਸੀ ਰੁਤਬੇ ਦੀ ਦੁਰਵਰਤੋਂ ਕਰਦੇ ਹੋਏ ਕਾਨੂੰਨੀ ਤੇ ਕਾਗਜ਼ੀ ਚੱਕ-ਥੱਲ ਕੀਤੀ ਹੈ। ਹੁਣ ਆਪਣੇ ਬਾਹੂਬਲ ਤੇ ਧੱਕੇ ਦੇ ਜ਼ੋਰ ਜ਼ਮੀਨ ਦਾ ਕਬਜ਼ਾ ਲੈਣ ਦੇ ਯਤਨ 'ਚ ਹੈ ਤੇ ਹਰ ਜਾਇਜ਼ ਨਾਜਾਇਜ਼ ਹਰਬਾ ਵਰਤ ਰਹੀ ਹੈ।
ਜ਼ਮੀਨ ਦੇ ਇਸ ਰੌਲੇ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਅਤੇ ਪਿੰਡ ਦੇ ਲੋਕਾਂ ਦਰਮਿਆਨ ਤਣਾਅ ਪਿਛਲੇ ਸਾਲ ਹੀ ਬਣ ਗਿਆ ਸੀ ਜਦੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ 161 ਕਿੱਲਿਆਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ 7 ਮਈ ਨੂੰ ਵੀ ਸ਼੍ਰੋਮਣੀ ਕਮੇਟੀ ਇਸੇ ਇਰਾਦੇ ਨਾਲ ਪਿੰਡ 'ਚ ਆਈ ਸੀ ਤੇ ਨਾਲ ਭਾਰੀ ਗਿਣਤੀ (ਲਗਭਗ ਦੋ ਢਾਈ ਸੌ) ਹਥਿਆਰਬੰਦ ਟਾਸਕ ਫੋਰਸ ਨੂੰ ਲੈ ਕੇ ਆਈ ਸੀ। ਜ਼ਮੀਨ ਦੇ ਠੇਕੇ ਦੀ ਬੋਲੀ ਦੇ ਕੇ ਸ਼੍ਰੋਮਣੀ ਕਮੇਟੀ  ਜ਼ਮੀਨ 'ਤੇ ਆਵਦੇ ਕਬਜ਼ੇ ਦਾ ਐਲਾਨ ਕਰਨ ਦਾ ਇਰਾਦਾ ਰੱਖਦੀ ਸੀ। ਆਪਣੇ ਇਸ ਮਨਸੂਬੇ ਨੂੰ ਅੰਜ਼ਾਮ ਦੇਣ ਲਈ ਟਾਸਕ ਫੋਰਸ ਸਮੇਤ ਪਿੰਡ 'ਚ ਵੜਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਪੁਲਸ ਪ੍ਰਸ਼ਾਸਨ ਦੀ ਮਦਦ ਵੀ ਲਈ ਗਈ ਹੈ ਜਿਸ ਦੇ ਚਲਦਿਆਂ ਬੋਲੀ ਦੇਣ ਵਾਲੇ ਦਿਨ ਸਵੇਰੇ ਤੜਕਸਾਰ ਹੀ ਭਾਰੀ ਪੁਲਸ ਫੋਰਸ ਦੀ ਪਿੰਡ 'ਚ ਤੈਨਾਤੀ ਹੋਈ ਹੈ।
ਟਕਰਾਅ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਆ ਕੇ ਬੋਲੀ ਦੇਣੀ ਸੀ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਪਿੰਡ ਤੋਂ ਬਾਹਰ ਨੇੜੇ ਹੀ ਠਹਿਰਾਇਆ ਗਿਆ ਸੀ ਤਾਂ ਕਿ ਲੋੜ ਪੈਣ 'ਤੇ ਉਹ ਛੇਤੀ ਪਿੰਡ 'ਚ ਆ ਸਕਣ। ਜਦੋਂ ਪਿੰਡ ਦੇ ਲੋਕਾਂ ਨੂੰ ਇਸ ਸਾਰੀ ਵਿਉਂਤ ਦਾ ਪਤਾ ਲੱਗਾ ਤਾਂ ਉਹ ਪਿੰਡ ਦੇ ਗੁਰੂ ਘਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਪਿੰਡ ਦਾ ਭਾਰੀ ਇਕੱਠ ਜੁੜ ਗਿਆ। ਲੋਕ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਬੋਲੀ ਲਈ ਗੁਰੂ ਘਰ 'ਚ ਵੜਨ ਤੋਂ ਰੋਕਣ ਦਾ ਇਰਾਦਾ ਧਾਰ ਕੇ ਆਏ ਸਨ। ਇਕੱਠ ਨਾਲ ਗੁਰੂ ਘਰ ਦੀ ਦੂਜੀ ਮੰਜਲ 'ਤੇ ਮੌਜੂਦ ਦਰਬਾਰ ਸਾਹਿਬ ਹਾਲ ਵੀ ਭਰ ਗਿਆ। ਲੋਕਾਂ ਨੇ ਸਪੀਕਰ ਲਾ ਲਿਆ ਤੇ ਐਲਾਨ ਕਰ ਦਿੱਤਾ ਕਿ ਜੇ ਲੋਕਾਂ ਦੀ ਰਜ਼ਾ ਦੇ ਉਲਟ ਧੱਕੇ ਨਾਲ ਜ਼ਮੀਨ ਦੀ ਬੋਲੀ ਦਿੱਤੀ ਗਈ ਤਾਂ ਅਸੀਂ ਦਰਬਾਰ ਸਾਹਿਬ 'ਚੋਂ ਹੇਠਾਂ ਛਾਲਾਂ ਮਾਰ ਦੇਵਾਂਗੇ। ਲੋਕਾਂ ਦੇ ਵਿਰੋਧ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਗੁਰੂ ਘਰ 'ਚ ਦਾਖ਼ਲ ਨਾ ਹੋ ਸਕੇ। 
ਕਮੇਟੀ ਦੇ ਨੁਮਾਇੰਦੇ ਗੁਰੂ ਘਰ ਦੇ ਨਾਲ ਲੱਗਵੇਂ ਇੱਕ ਘਰ 'ਚ ਚਲੇ ਗਏ ਤੇ ਉੱਥੇ ਹੀ ਲੋਕਾਂ ਦੀ ਰਜ਼ਾ ਨੂੰ ਦਰਕਿਨਾਰ ਕਰਦਿਆਂ ਅੰਦਰਖਾਤੇ ਬੋਲੀ ਲਾ ਕੇ ਜ਼ਮੀਨ ਠੇਕੇ 'ਤੇ ਦੇ ਦਿੱਤੀ। ਘਰ 'ਚੋਂ ਬਾਹਰ ਆ ਕੇ ਇਨ੍ਹਾਂ ਨੁਮਾਇੰਦਿਆਂ ਨੇ ਲੋਕਾਂ ਦੇ ਵਿਰੋਧ ਨੂੰ ਟਾਲਣ ਲਈ ਤੇ ਗੁਰੂ ਘਰ 'ਚ ਦਾਖ਼ਲ ਹੋਣ ਲਈ ਗਲਤਬਿਆਨੀ ਕੀਤੀ ਕਿ ਜੇ ਲੋਕ ਨਹੀਂ ਚਾਹੁੰਦੇ ਤਾਂ ਬੋਲੀ ਨਹੀਂ ਦਿੱਤੀ ਜਾਵੇਗੀ। ਪਰ ਗੁਰੂ ਘਰ 'ਚ ਦਾਖ਼ਲ ਹੋ ਕੇ ਇਨ੍ਹਾਂ ਨੁਮਾਇੰਦਿਆਂ ਨੇ ਲੋਕਾਂ ਨਾਲ ਤਲਖਕਲਾਮੀ ਸ਼ੁਰੂ ਕਰ ਦਿੱਤੀ। ਲੋਕਾਂ ਵੱਲੋਂ ਲਾਏ ਸਪੀਕਰ ਦੀਆਂ ਤਾਰਾਂ ਪੁੱਟ ਦਿੱਤੀਆਂ। ਏਨੇ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਪੁਲਸ ਨੂੰ ਧੱਕਦੀ ਹੋਈ ਪਿੰਡ ਦੇ ਅੰਦਰ ਦਾਖ਼ਲ ਹੋ ਗਈ ਤੇ ਗੁਰੂ ਘਰ ਦੇ ਐਨ ਗੇਟ ਦੇ ਅੱਗੇ ਆ ਗਈ। ਚੋਣ ਜ਼ਾਬਤੇ 'ਚ ਹਥਿਆਰ ਚੁੱਕਣ ਦੀ ਮਨਾਹੀ ਦੇ ਬਾਵਜੂਦ ਟਾਸਕ ਫੋਰਸ ਦਾ ਢਾਈ ਸੌ ਲੱਠਮਾਰ ਬੰਦਾ ਡਾਂਗਾ, ਕਿਰਪਾਨਾਂ, ਗੰਡਾਸਿਆਂ ਤੇ ਅਸਲੇ ਨਾਲ ਲੈਸ ਵਿਰੋਧ ਕਰ ਰਹੇ ਲੋਕਾਂ 'ਤੇ ਟੁੱਟ ਪੈਣ ਲਈ ਤਿਆਰ ਖੜ੍ਹਾ ਸੀ। ਲੋਕਾਂ ਤੇ ਟਾਸਕ ਫੋਰਸ ਵਿਚਕਾਰ ਪੁਲਸ ਵੱਲੋਂ ਬਣਾਈ ਮਨੁੱਖੀ ਕੰਧ ਦੀ ਵਿੱਥ ਸੀ।
ਅਜਿਹੇ ਹਾਲਾਤ ਬਣਨ ਤੋਂ ਬਾਅਦ ਤਣਾਅ ਵਧ ਗਿਆ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਟਕਰਾਅ ਸ਼ੁਰੂ ਹੋ ਗਿਆ। ਲੋਕਾਂ ਅੰਦਰ ਗੁੱਸਾ ਵੀ ਸੀ ਤੇ ਆਪਣੇ ਆਪ ਨੂੰ ਇਸ ਹਮਲੇ ਤੋਂ ਬਚਾਉਣ ਦਾ ਸਵਾਲ ਵੀ। ਡਾਂਗਾਂ ਸੋਟਿਆਂ ਤੇ ਰੋੜਿਆਂ ਨਾਲ ਲੈਸ ਲੋਕ ਲੱਠਮਾਰ ਟਾਸਕ ਫੋਰਸ ਨਾਲ ਭਿੜਨ ਲਈ ਤਿਆਰ ਹੋ ਗਏ। ਬੋਲੀ ਦੇਣ ਤੋਂ ਬਾਅਦ ਗੁਰੂ ਘਰ ਅੰਦਰ ਵੜੇ ਅਤੇ ਲੋਕਾਂ ਨਾਲ ਤਲਖ਼ਕਲਾਮੀ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦੀ ਰੋਹ 'ਚ ਆਏ ਲੋਕਾਂ ਵੱਲੋਂ ਭਾਰੀ ਗਿੱਦੜ ਕੁੱਟ ਹੋਈ। ਗੁੱਸੇ ਤੇ ਰੋਹ ਨਾਲ ਭਰੇ ਪੀਤੇ ਲੋਕਾਂ 'ਚ ਘਿਰੇ ਇੱਕ ਨੁਮਾਇੰਦੇ ਨੂੰ ਜਾਨੀ ਨੁਕਸਾਨ ਹੋਣ ਦੇ ਡਰੋਂ ਵਿੱਚੋਂ ਕੁਝ ਪਿੰਡ ਵਾਸੀਆਂ ਨੇ ਕੰਧ ਟਪਾ ਕੇ ਦਬੱਲਿਆ ਵੀ। 
ਲੱਠਮਾਰ ਟਾਸਕ ਫੋਰਸ ਨਾਲ ਵੀ ਲੋਕਾਂ ਦੀ ਸਿੱਧੀs sਟੱਕਰ ਹੋਈ। ਡਾਂਗਾਂ, ਸੋਟਿਆਂ ਤੇ ਰੋੜਿਆਂ ਨਾਲ ਲੈਸ ਲੋਕ ਪੂਰੀ ਤਰ੍ਹਾਂ ਹਥਿਆਰਬੰਦ ਟਾਸਕ ਫੋਰਸ ਦੇ ਲੱਠਮਾਰਾਂ 'ਤੇ ਭਾਰੀ ਪੈ ਰਹੇ ਸਨ। ਹਾਲਾਤ ਵਿਗੜਦੇ ਵੇਖ ਟਾਸਕ ਫੋਰਸ 'ਚ ਵੀ ਭਾਜੜ ਪੈ ਗਈ। ਇਹ ਖਿੰਡ ਕੇ ਪਿੰਡ ਦੀਆਂ ਗਲੀਆਂ ਵੱਲ ਨੂੰ ਭੱਜ ਤੁਰੀ ਤੇ ਇਹਦੇ ਲੱਠਮਾਰ ਰੋਹ 'ਚ ਆਏ ਪਿੰਡ 'ਚੋਂ ਬਾਹਰ ਨਿਕਲਣ ਦਾ ਰਾਹ ਲੱਭਣ ਲੱਗੇ। ਲੋਕਾਂ ਦੇ ਰੋਹ ਤੋਂ ਤ੍ਰਹਿੰਦੀ ਇਹ ਟਾਸਕ ਫੋਰਸ ਪਿੰਡ ਦੀ ਜੂਹ 'ਚੋਂ ਪੱਤਰੇ ਵਾਚ ਗਈ।
ਪਤਾ ਲੱਗਣ 'ਤੇ ਸਾਡੀ ਜਥੇਬੰਦੀ ਦੇ ਆਗੂ ਵੀ ਪਿੰਡ 'ਚ ਪਹੁੰਚੇ ਹਨ। ਸ਼੍ਰੋਮਣੀ ਕਮੇਟੀ ਦੀ ਧੱਕੜ ਕਾਰਵਾਈ ਖਿਲਾਫ਼ ਉੱਠੇ ਰੋਹ ਨੂੰ ਜਥੇਬੰਦ ਤੇ ਜ਼ਬਤਬੱਧ ਕਰਨ ਤੇ ਵਿਉਂਤਬੱਧ ਘੋਲ 'ਚ ਪਲਟਾਉਣ ਦੀਆਂ ਕੋਸ਼ਿਸ਼ਾਂ ਵਿੱਢੀਆਂ ਹਨ। ਸਾਡੀ ਔਰਤ ਆਗੂਆਂ ਦੀ ਟੀਮ ਨੇ ਪਿੰਡ ਅੰਦਰ ਮੀਟਿੰਗਾਂ ਰਾਹੀਂ ਜਚਵੀਂ ਪ੍ਰਚਾਰ ਮੁਹਿੰਮ ਚਲਾਈ ਹੈ। ਇਸ ਦੇ ਹਿੱਸੇ ਵਜੋਂ ਦੋ ਦਿਨਾਂ 'ਚ 9 ਮੀਟਿੰਗਾਂ ਕਰਵਾ ਕੇ 1000 ਮਰਦ ਔਰਤਾਂ ਤੱਕ ਲੜਨ, ਡਟਣ ਤੇ ਇਉਂ ਪਿੰਡ ਦੀ ਜ਼ਮੀਨ ਬਚਾਉਣ ਦੇ ਰਾਹ ਤੁਰਨ ਦਾ ਸੁਨੇਹਾ ਦਿੱਤਾ। ਦੂਜੀਆਂ ਕਿਸਾਨ ਜਥੇਬੰਦੀਆਂ ਨੇ ਵੀ ਪਿੰਡ ਦੀ ਹਮਾਇਤ ਕੀਤੀ ਹੈ।
ਪਿੰਡ ਦੇ ਰੌਂਅ ਸਦਕਾ ਤੇ ਜਥੇਬੰਦੀਆਂ ਦੇ ਹਮਾਇਤੀ ਕੰਨ੍ਹੇ ਸਦਕਾ ਲੋਕਾਂ ਨੇ ਸਰਗਰਮੀ ਜਾਰੀ ਰੱਖੀ ਹੈ। ਪ੍ਰਸ਼ਾਸਨ ਦੇ ਸਖ਼ਤ ਰਵੱਈਏ, ਪਿੰਡ ਦੇ ਸੋਲਾਂ ਬੰਦਿਆਂ ਅਤੇ 160 ਦੇ ਲਗਭਗ ਅਣਪਛਾਤਿਆਂ 'ਤੇ ਕੇਸਾਂ ਅਤੇ ਅਫ਼ਸਰਾਂ ਤੇ ਲੀਡਰਾਂ ਦੇ 'ਸਖ਼ਤ ਕਾਰਵਾਈ' ਦੇ ਬਿਆਨਾਂ ਦੇ ਬਾਵਜੂਦ ਲਗਾਤਾਰ ਰੋਸ ਪ੍ਰਗਟਾਇਆ ਹੈ। ਟਕਰਾਅ ਤੋਂ ਦੋ ਦਿਨ ਬਾਅਦ ਪੁਲਸੀ ਰੋਕਾਂ ਦੇ ਬਾਵਜੂਦ ਪਿੰਡ 'ਚ 1500 ਦਾ ਮੁਜ਼ਾਹਰਾ ਹੋਇਆ ਹੈ। ਪਿੰਡ ਵਾਸੀ ਚੰਗੀ ਗਿਣਤੀ 'ਚ ਪ੍ਰਸ਼ਾਸਨ ਨੂੰ ਮਿਲ ਕੇ ਰੋਸ ਪ੍ਰਗਟਾ ਕੇ ਆਏ ਹਨ। ਕੇਸ ਦੀ ਸੁਣਵਾਈ ਮੌਕੇ 250 ਦੀ ਗਿਣਤੀ 'ਚ ਫੂਲ ਕਚਹਿਰੀਆਂ 'ਚ ਪਹੁੰਚੇ ਹਨ ਤੇ ਉੱਥੇ ਰੈਲੀ ਕੀਤੀ ਹੈ।
ਇਲਾਕੇ 'ਚ ਪੁਲਸ ਪਹਿਰਾ ਲੱਗਿਆ ਹੈ, ਪਿੰਡ ਸੀਲ ਕੀਤਾ ਗਿਆ ਹੈ। ਪਰ ਲੋਕਾਂ ਦੇ 'ਕੱਠ ਫਿਰ ਵੀ ਹੋਏ ਹਨ। ਧੋਖੇ ਨਾਲ ਕੀਤੀਆਂ ਪੰਜ ਗ੍ਰਿਫਤਾਰੀਆਂ ਤੋਂ ਬਾਅਦ ਪਿੰਡ 'ਚ ਹੋਏ ਰੋਸ ਮੁਜ਼ਾਹਰੇ ਨੂੰ ਲੋਕਾਂ ਨੇ ਠੰਡਾ ਮਿੱਠਾ ਜਲ ਛਕਾ ਕੇ ਵੀ ਹਮਾਇਤ ਪ੍ਰਗਟ ਕੀਤੀ ਹੈ। 23 ਮਈ ਨੂੰ ਪਿੰਡ 'ਚ 8-9 ਸੌ ਦਾ ਇਕੱਠ ਜੁੜਿਆ ਹੈ, ਅਗਲੇ ਵੱਡੇ ਇਕੱਠ ਬਾਰੇ ਵੀ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਸਰਗਰਮੀ ਜਾਰੀ ਹੈ, ਜਚਵੇਂ ਘੋਲ ਦਾ ਪੈੜਾ ਬੰਨ੍ਹਣ ਲਈ ਯਤਨ ਜੁਟਾਏ ਜਾ ਰਹੇ ਹਨ।
(9 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਹਥਿਆਰਬੰਦ ਮਸੰਦ ਸੈਨਾ ਨੇ ਪੁਲਸ ਦੀ ਛਤਰਛਾਇਆ ਹੇਠ ਇੱਕ ਵਾਰ ਜ਼ਮੀਨ 'ਤੇ ਕਬਜ਼ਾ ਕਰ ਲਿਆ, ਪਰ ਪਿੰਡ ਤੇ ਇਲਾਕੇ ਦੇ ਲੋਕਾਂ 'ਚ ਬੇਹੱਦ ਰੋਹ ਹੈ, ਲੋਕਾਂ ਦਾ ਘੋਲ ਜਾਰੀ ਹੈ।) ੦-੦

No comments:

Post a Comment