ਸ਼ੋਕ ਸੰਦੇਸ਼ ਤੇ ਸ਼ਰਧਾਂਜਲੀਆਂ
ਅਲਵਿਦਾ, ਮਾਸਟਰ ਸੁਰਿੰਦਰ ਪਾਲ!
ਜਲੰਧਰ ਜਿਲ੍ਹੇ ਦੇ ਪਿੰਡ ਲੱਲੀਆਂ ਕਲਾਂ ਵਿਚ 13 ਮਈ, 1942 ਨੂੰ ਜਨਮੇ ਸੁਰਿੰਦਰ ਪਾਲ ਨੂੰ ਬਚਪਨ ਵਿਚ ਹੀ ਨਿਵੇਕਲਾ ਮਹੌਲ ਮਿਲਿਆ। ਪਿਤਾ ਦੇਸ ਰਾਜ ਤਰੱਕੀਪਸੰਦ ਵਿਚਾਰਾਂ ਦੇ ਸਨ ਜਦ ਕਿ ਮਾਤਾ ਸ਼ੀਲਾ ਦੇਵੀ ਗਦਰੀ ਬਾਬਾ ਜਗਤ ਰਾਮ ਹਰਿਆਣਾ ਦੀ ਧੀ ਸੀ। ਨਤੀਜੇ ਵਜੋਂ ਸੁਰਿੰਦਰ ਪਾਲ ਨੂੰ ਬਚਪਨ ਤੋਂ ਹੀ ਕੁੱਝ ਵੱਖਰਾ ਸੋਚਣ ਦੀ ਚੇਟਕ ਲੱਗ ਗਈ। ਪਿੰਡ ਦੇ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਸੁਰਿੰਦਰ ਪਾਲ ਨੇ ਲਾਂਬੜੇ ਤੋਂ ਜੇ. ਬੀ.ਟੀ. ਦੀ ਪੜ੍ਹਾਈ ਕੀਤੀ। ਜੇ.ਬੀ.ਟੀ ਦਾ ਕੋਰਸ ਕਰਦਿਆਂ ਉਹਨਾਂ ਦੀ ਨੇੜਤਾ ਆਪਣੇ ਅਧਿਆਪਕਾਂ ਨਾਲ ਹੋਈ, ਜੋ ਮਾਰਕਸਵਾਦੀ ਵਿਚਾਰਧਾਰਾ ਨਾਲ ਸਬੰਧ ਰਖਦੇ ਸਨ। ਇਸ ਨੇੜਤਾ ਨੇ ਸੁਰਿੰਦਰ ਪਾਲ ਵਿਚ ਮਾਰਕਸਵਾਦ ਦੇ ਅਧਿਐਨ ਦੀ ਚੇਟਕ ਪੈਦਾ ਕੀਤੀ। ਇਹ ਇੱਕ ਅਜਿਹਾ ਚਿਣਗ ਸੀ ਜੋ ਸੁਰਿੰਦਰਪਾਲ ਦੀ ਬਾਕੀ ਜਿੰਦਗੀ ਦੀ ਦਿਸ਼ਾ ਤੈਅ ਕਰ ਗਈ।
ਆਪਣੀ ਜੇ.ਬੀ.ਟੀ ਦੀ ਪੜਾਈ ਖਤਮ ਕਰਕੇ ਸੁਰਿੰਦਰ ਪਾਲ ਨੇ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ ਸ਼ਾਹਕੋਟ ਨੇੜਿਓਂ ਕੀਤੀ।
ਇਹ ਦੌਰ ਕੌਮੀ ਅਤੇ ਕੌਮਾਂਤਰੀ ਉਥਲ ਪੁਥਲ ਦਾ ਦੌਰ ਸੀ। ਬੰਗਾਲ ਵਿਚਲੀ ਨਕਸਲਵਾੜੀ ਦੀ ਘਟਨਾ ਨੇ ਸਮੁੱਚੇ ਭਾਰਤ ਦੇ ਨੌਜਵਾਨਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ। ਕਾਮਰੇਡ ਸੁਰਿੰਦਰ ਪਾਲ ਦੀ ਨੇੜਤਾ ਕਮਿਊਨਿਸਟ ਇਨਕਲਾਬੀਆਂ ਨਾਲ ਹੋ ਗਈ।
ਕੁੱਝ ਸਮੇ ਬਾਅਦ ਉਨ੍ਹਾਂ ਦੀ ਬਦਲੀ ਉੱਗੀ ਨੇੜਲੇ ਪਿੰਡ ਚੂਹੜ ਵਿਚ ਹੋ ਗਈ। ਸੁਰਿੰਦਰ ਪਾਲ ਉਸ ਵੇਲੇ ਅਧਿਆਪਕ ਯੂਨੀਅਨ ਤੋਂ ਇਲਾਵਾ ''ਯੁਵਕ ਕੇਂਦਰ '' ਨਾਂ ਦੀ ਸੰਸਥਾ ਵਿਚ ਕੰਮ ਕਰਦੇ ਸਨ। ਯੁਵਕ ਕੇਂਦਰ ਨੌਜਵਾਨਾਂ ਦੀ ਅਜਿਹੀ ਜਥੇਬੰਦੀ ਸੀ ਜੋ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਗਾ ਕੇ ਤੇ ਸਹਿਤ ਵੰਡ ਕੇ ਆਮ ਲੋਕਾਂ ਨੂੰ ਸ਼ਹੀਦਾਂ ਦੇ ਆਦਰਸ਼ਾਂ ਤੇ ਨਿਸ਼ਾਨਿਆਂ ਤੋਂ ਜਾਣੂੰ ਕਰਾÀੁਂਦੇ ਸਨ। ਨਤੀਜੇ ਵਜੋਂ ਨੇੜਲੇ ਪਿੰਡਾਂ ਦੇ ਨੌਜੁਆਨ ਯੁਵਕ ਕੇਂਦਰ ਨਾਲ ਜੁੜ ਗਏ। ਇਨ੍ਹਾਂ ਯੁਵਕਾਂ ਵਿਚ ਤਲਵੰਡੀ ਸਲੇਮ ਦਾ ਇੱਕ ਨੌਜਵਾਨ ਅਵਤਾਰ ਸਿੰਘ ਵੀ ਸੀ ਜੋ ਬਾਅਦ ਵਿੱਚ ਇਨਕਲਾਬੀ ਕਵੀ 'ਪਾਸ਼' ਵਜੋਂ ਪ੍ਰਸਿੱਧ ਹੋਇਆ। ਆਪਣੇ ਬੌਧਿਕ ਵਿਕਾਸ ਵਿਚ ਸੁਰਿੰਦਰ ਪਾਲ ਦੇ ਪਾਏ ਯੋਗਦਾਨ ਕਾਰਨ ਪਾਸ਼ ਉਨ੍ਹਾਂ ਨੂੰ ਆਪਣਾ ਸਿਧਾਂਤਕ ਗੁਰੂ ਮੰਨਦਾ ਸੀ। ਸੰਨ 2000 ਨੂੰ ਸਰਕਾਰੀ ਮਿਡਲ ਸਕੂਲ ਰਸੂਲਪੁਰ ਤੋਂ ਹੈੱਡ ਟੀਚਰ ਵਜੋਂ ਸੇਵਾ ਮੁਕਤ ਹੋਏ।
1978 ਵਿਚ ਬੇਰੁਜਗਾਰ ਅਧਿਆਪਕਾਂ ਦੇ ਅੰਦੋਲਨ ਵਿੱਚ ਉਨ੍ਹਾਂ ਨੇ ਜੇਲ੍ਹ ਯਾਤਰਾ ਵੀ ਕੀਤੀ। ਅੱਤਵਾਦ ਦੇ ਕਾਲੇ ਦਿਨਾਂ ਵਿਚ ਵੀ ਕਾਮਰੇਡ ਸਿਰੰਦਰ ਪਾਲ ਨੇ ਆਪਣੀ ਰਿਹਾਇਸ਼ ਪਿੰਡ ਵਿਚ ਹੀ ਰੱਖੀ ਅਤੇ ਇਲਾਕੇ ਵਿਚ ਅਗਾਂਹ ਵਧੂ ਵਿਚਾਰਧਾਰਾ ਦੇ ਪ੍ਰਚਾਰ ਦੇ ਕੰਮ ਨੂੰ ਜਾਰੀ ਰੱਖਿਆ।
ਵਧਦੀ ਉਮਰ ਨਾਲ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਵਧਦੀਆਂ ਗਈਆਂ ਪਰ ਕਾਮਰੇਡ ਸੁਰਿੰਦਰ ਪਾਲ ਨੇ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਗੰਭੀਰ ਬਿਮਾਰੀਆਂ ਨਾਲ ਜੂਝਦਿਆਂ ਬਿਤਾਇਆ। ਜਿਸ ਦਲੇਰੀ ਨਾਲ ਉਨ੍ਹਾਂ ਨੇ ਆਪਣੀਆਂ ਬਿਮਾਰੀਆਂ ਦਾ ਸਾਹਮਣਾ ਕੀਤਾ ਉਹ ਆਪਣੀ ਮਿਸਾਲ ਆਪ ਹੈ।
28 ਮਾਰਚ 2014 ਨੂੰ ਉਨ੍ਹਾਂ ਦੀ ਸਿਹਤ ਅਚਾਨਕ ਬਹੁਤ ਜਿਆਦਾ ਵਿਗੜ ਗਈ ਅਤੇ ਉਨ੍ਹਾਂ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ।
28 ਮਾਰਚ 2014 ਨੂੰ ਉਨ੍ਹਾਂ ਦੀ ਸਿਹਤ ਅਚਾਨਕ ਬਹੁਤ ਜਿਆਦਾ ਬਿਗੜ ਗਈ ਅਤੇ ਉਨ੍ਹਾਂ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ।
8 ਅਪ੍ਰੈਲ ਨੂੰ ਮਾਸਟਰ ਜੀ ਦੇ ਸ਼ਰਧਾਂਜਲੀ ਸਮਾਗਮ ਵਿਚ ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਦੇ ਆਗੂ ਸਾਥੀ ਅਜਮੇਰ ਸਿੰਘ, ਜਸਵਿੰਦਰ ਸਿੰਘ ਭੋਗਲ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਣ ਸਿੰਘ, ਲੋਕ ਮੋਰਚਾ ਦੇ ਅਮੋਲਕ ਸਿੰਘ ਤੋਂ ਇਲਾਵਾ ਕਈ ਹੋਰ ਬੁਲਾਰਿਆਂ ਨੇ ਮਾਸਟਰ ਜੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ। --0--
ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ ਬੇ ਵਕਤ ਵਿਛੋੜਾ ਦੇ ਗਏ
ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ 10 ਅਪ੍ਰੈਲ 2014 ਨੂੰ ਦਿਲ ਦੀ ਧੜਕਮ ਬੰਦ ਹੋਣ ਕਾਰਨ ਵਿਛੋੜਾ ਦੇ ਗਏ। ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ ਦਾ ਜਨਮ 1953 ਵਿਚ ਹੋਇਆ। ਸਹੁਰੇ ਪਰਿਵਾਰ ਵਿਚ ਕੋਈ ਲੜਕਾ ਨਾ ਹੋਣ ਕਾਰਨ ਕਾਮਰੇਡ ਨੇ ਖਾਲਿਸਤਾਨੀ ਦਹਿਸ਼ਦਗਰਦੀ ਦੇ ਕਾਲੇ ਦਿਨਾਂ ਵਿਚ ਟਪਿਆਲੇ ਰਹਿਣਾ ਸ਼ੁਰੂ ਕਰ ਦਿਤਾ। ਲੋਕ ਹਿੱਤਾਂ ਲਈ ਸੰਘਰਸ਼ ਦੀ ਮੁਢਲੀ ਸਿਖਿਆ ਕਾਮਰੇਡ ਨੇ ਸੀ.ਪੀ.ਆਈ (ਐਮ. ਐਲ ) ਦੇ ਆਗੂ ਕਾ.ਬਲਦੇਵ ਮਾਨ ਤੋਂ ਪ੍ਰਾਪਤ ਕੀਤੀ ਅਤੇ 19 ਸਾਲ ਦੀ ਉਮਰ ਵਿਚ ਨੌਜਵਾਨ ਭਾਰਤ ਸਭਾ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰੋਲ ਅਦਾ ਕਰਨ ਲੱਗ ਪਏ। ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ ਨੇ ਖਾਲਿਸਤਾਨੀ ਦਰਿਹਸ਼ਤਗਰਦੀ ਦੌਰ ਅੰਦਰ ਵੀ ਔਖੀਆਂ ਹਾਲਤਾਂ ਵਿੱਚ ਕੰਮ ਕੀਤਾ। ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ ਸਾਥੀ ਸਰਬਜੀਤ ਸਿੰਘ ਭਿੱਟੇਵੱਡ ਦੀ ਸ਼ਹਾਦਤ ਸਮੇਂ ਜਿੱਥੇ ਅਤਿਵਾਦੀਆਂ ਦੀਆਂ ਗੋਲੀਆਂ ਤੋਂ ਵਾਲ ਵਾਲ ਬਚੇ ਉਥੇ ਹੁਣ ਵੀ ਜਦੋਂ ਉਹ ਮਜਦੂਰਾਂ ਨੂੰ ਤੇਜੀ ਨਾਲ ਲਾਮਬੰਦ ਕਰ ਰਹੇ ਸਨ ਤਾਂ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪਰ ਸਾਥੀ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਬੇਖੌਫ ਮਜ਼ਦੂਰਾਂ ਨੂੰ ਲਾਮਬੰੰਦ ਕਰ ਰਹੇ ਸਨ। ਆਪਣੇ ਆਖਰੀ ਸਮੇਂ10 ਅਅਪ੍ਰੈਲ 2014 ਨੂੰ ਵੀ ਕਾਮਰੇਡ ਸ਼ਵਿੰਦਰ ਸਿੰਘ ਟਪਿਆਲਾ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਚੁਗਾਵਾਂ ਦੇ ਸਾਥੀਆਂ ਦੀ ਮੀਟਿੰਗ ਕਰਵਾਉਣ ਜਾ ਰਹੇ ਸਨ। ਜਦੋਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਸਾਥੀਆਂ ਨੂੰ ਵਿਛੋੜਾ ਦੇ ਗਏ। ਕਾਮਰੇਡ ਦਾ ਅੰਤਮ ਸੰਸਕਾਰ ਬਿਨਾ ਕਿਸੇ ਰਸਮ ਟਪਿਆਲਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ('ਇਨਕਲਾਬੀ ਸਾਡਾ ਰਾਹ' ਚੋਂ ਧੰਨਵਾਦ ਸਹਿਤ- ਸੰਖੇਪ)
—ਸਾਥੀ ਬਲਦੇਵ ਸਿੰਘ ਅਤੇ ਕਾਮਰੇਡ ਮੱਖਣ ਸਿੰਘ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਵਿੱਚ ਸਰਗਰਮ ਸਨ। 8 ਅਪ੍ਰੈਲ ਨੂੰ ਸਾਥੀ ਬਲਦੇਵ ਸਿੰਘ (ਦਸ਼ਮੇਸ਼ ਨਗਰ) ਦੀ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ, ਜਿਹਨਾਂ ਨੇ ਵਰਕਿੰਗ ਕਮੇਟੀ ਮੈਂਬਰ ਦੇ ਤੌਰ 'ਤੇ ਲੰਮਾ ਸਮਾਂ ਯੂਨੀਅਨ ਦੀ ਮਜਬੂਤੀ ਤੇ ਮਜ਼ਦੂਰ ਘੋਲਾਂ ਦੀ ਉਸਾਰੀ ਲਈ ਕੰਮ ਕੀਤਾ। ਸਾਥੀ ਮੱਖਣ ਸਿੰਘ (70 ਸਾਲ) ਜੋ ਕਿ ਕਿੱਤੇ ਪੱਖੋਂ ਰਾਜ ਮਿਸਤਰੀ ਸਨ, ਜਿਹੜੇ ਪਹਿਲਾਂ ਸੀ.ਪੀ.ਆਈ.(ਐਮ.) ਵਿੱਚ ਕੰਮ ਕਰਦੇ ਸਨ, ਪ੍ਰੰਤੂ 1995-96 ਵਿੱਚ ਮੋਲਡਰ ਯੂਨੀਅਨ ਨੂੰ ਦਰੁਸਤ ਸਮਝਦਿਆਂ ਕੰਮ ਕਰਨ ਲੱਗੇ। ਇਲਾਕੇ ਅੰਦਰ ਹੌਜ਼ਰੀ ਮਜ਼ਦੂਰਾਂ ਦੀ ਯੂਨੀਅਨ ਬਣਾਉਣ ਵਿੱਚ ਆਗੂ ਭੂਮਿਕਾ ਨਿਭਾਈ ਤੇ ਅਖੀਰ ਤੱਕ ਲਗਾਤਾਰ ਸਰਗਰਮ ਰਹੇ। ਇਹਨਾਂ ਦੀ ਮਾਮੂਲੀ ਬਿਮਾਰੀ ਨਾਲ ਜੂਝਦੇ ਹੋਏ 20 ਮਈ ਨੂੰ ਬੇਵਕਤੀ ਮੌਤ ਹੋ ਗਈ।
—ਮੁਲਾਜ਼ਮਾਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਸਾਥੀ ਹਰਦਿਆਲ ਸਿੰਘ ਕੋਹਾੜਾ 13 ਮਈ ਨੂੰ ਗੰਭੀਰ ਬਿਮਾਰੀ ਕਾਰਨ ਸਾਨੂੰ ਸਦੀਵੀਂ ਵਿਛੋੜਾ ਦੇ ਗਏ, ਜਿਹਨਾਂ ਨੇ ਬਿਜਲੀ ਮੁਲਾਜ਼ਮ ਦੀ ਸੰਘਰਸ਼ਸ਼ੀਲ ਜਥੇਬੰਦੀ ਟੀ.ਐਸ.ਯੂ., ਇਨਕਲਾਬੀ-ਜਮਹੂਰੀ ਫਰੰਟ, ਜਬਰ ਤੇ ਫਿਰਕਾਪ੍ਰਸਤੀ ਵਿਰੋਧ ਫਰੰਟ ਵਿੱਚ ਸਰਗਰਮੀ ਨਾਲ ਕੰਮ ਕਰਨ ਉਪਰੰਤ ਹੁਣ ਮਹਿਕਮੇ 'ਚੋਂ ਰਿਟਾਇਰਮੈਂਟ ਮਗਰੋਂ ਵੀ ਲੋਕ ਮੋਰਚਾ ਪੰਜਾਬ ਦੀ ਸਮਰਾਲਾ ਇਕਾਈ ਵਿੱਚ ਸਰਗਰਮ ਸਨ।
—ਚੌਥਾ ਸਾਥੀ ਨੌਜਵਾਨ ਸੁਖਵੰਤ ਸਿੰਘ, ਜੋ ਕਿ ਪਿਛਲੇ 4 ਸਾਲਾਂ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਜੂਝਦਾ ਹੋਇਆ 15 ਅਪ੍ਰੈਲ ਨੂੰ ਇਨਕਲਾਬੀ ਜਮਹੂਰੀ ਲਹਿਰ ਦੇ ਕਾਫਲੇ 'ਚੋਂ ਵਿਛੜ ਗਏ। ਸਾਥੀ ਸੁਖਵੰਤ ਨੇ ਲੁਧਿਆਣੇ ਕਾਲਜ ਪੜ੍ਹਦੇ ਸਮੇਂ ਆਪਣੇ ਹੋਰਨਾਂ ਨੌਜਵਾਨ ਸਾਥੀਆਂ ਨਾਲ ਮਿਲ ਕੇ 1996-97 ਵਿੱਚ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੀ ਉਸਾਰੀ ਕਰਕੇ ਫੀਸਾਂ ਦੇ ਵਾਧੇ, ਬੱਸ ਪਾਸ ਸਹੂਲਤ ਲਾਗੂ ਕਰਵਾਉਣ ਸਬੰਧੀ ਘੋਲ ਲੜੇ, ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵਿੱਚ ਬਾਖੂਬੀ ਰੋਲ ਨਿਭਾਇਆ ਤੇ ਹੁਣ ਵੀ ਲਗਾਤਾਰ ਇਨਕਲਾਬੀ ਜਮਹੂਰੀ ਲਹਿਰ ਦੇ ਸਭਨਾਂ ਸਮਾਗਮਾਂ ਵਿੱਚ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਵੀ ਸ਼ਮੂਲੀਅਤ ਕਰਦਾ ਆ ਰਿਹਾ ਸੀ।
ਇਹ ਸਾਥੀ ਮੌਜੂਦਾ ਲੁੱਟ-ਖਸੁੱਟ, ਜਬਰ-ਜ਼ੁਲਮ ਵਾਲੇ ਪ੍ਰਬੰਧ ਨੂੰ ਜੜ੍ਹੋਂ ਪੁੱਟ ਕੇ, ਲੁੱਟ-ਜਬਰ ਤੋਂ ਰਹਿਤ ਲੋਕ-ਪੱਖੀ ਪਰਬੰਧ ਸਿਰਜਣ ਦੇ ਮੁਦੱਈ ਸਨ। ਇਹਨਾਂ ਸਾਥੀਆਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਸਬੰਧਤ ਸੰਘਰਸ਼ਸ਼ੀਲ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ, ਇਨਕਲਾਬੀ ਪਲੇਟਫਾਰਮਾਂ ਵਾਲੇ ਸਾਥੀਆਂ ਨੇ ਸ਼ੋਕ ਸਮਾਗਮ/ਸ਼ਰਧਾਂਜਲੀ ਸਮਾਗਮ ਕੀਤੇ। ਹੱਥ-ਲਿਖਤਾਂ/ਪੋਸਟਰ ਜਾਰੀ ਕੀਤੇ।
-ਪੰਜਾਬ ਕਲਾ ਸੰਗਮ ਫਗਵਾੜਾ ਦੇ ਰੰਗ-ਕਰਮੀ ਰਾਕੇਸ਼ ਕੁਮਾਰ ਅਚਨਚੇਤ ਹੋਈ ਮੌਤ ਉਪਰੰਤ ਵਿਛੋੜਾ ਦੇ ਗਏ।
-ਸਰਬਜੀਤ ਸਿੰਘ ਅੱਚਰਵਾਲ, ਸਪੁੱਤਰ ਸ਼ਹੀਦ ਅਮਰ ਸਿੰਘ ਅੱਚਰਵਾਲ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ।
-ਪ੍ਰਿੰਸੀਪਲ ਸੁਖਵੰਤ ਸਿੰਘ, ਡੀ.ਟੀ.ਐਫ. ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਨਾ-ਮੁਰਾਦ ਬਿਮਾਰੀ ਕਾਰਨ ਵਿੱਛੜ ਗਏ।
-ਕਾਮਰੇਡ ਦਰਸ਼ਨ ਖਟਕੜ ਦੇ ਮਾਤਾ ਬਚਨ ਕੌਰ ਜੀ ਪਿਛਲੇ ਦਿਨੀਂ ਵਿੱਛੜ ਗਏ।
ਅਦਾਰਾ ਸੁਰਖ਼ ਰੇਖਾ ਵੀ ਸਾਥੀਆਂ ਦੇ ਪਰਿਵਾਰਾਂ ਤੇ ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।
ਛਪਦੇ-ਛਪਦੇ
ਸ਼ੋਕ ਸਮਾਚਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਜੀਵਨ ਸਾਥਣ ਗੁਰਮੇਲ ਕੌਰ ਦਾ ਦਿਹਾਂਤ ਹੋ ਗਿਆ ਹੈ। ਅਦਾਰਾ 'ਸੁਰਖ਼ ਰੇਖਾ' ਇਸ ਦੁਖ ਵਿਚ ਪਰਿਵਾਰ ਅਤੇ ਜੱਥੇਬੰਦੀ ਨਾਲ ਦੁਖ ਵਿਚ ਸ਼ਰੀਕ ਹੁੰਦਾ ਹੈ।
ਛਪਦੇ-ਛਪਦੇ
ਸ਼ੋਕ ਸਮਾਚਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਜੀਵਨ ਸਾਥਣ ਗੁਰਮੇਲ ਕੌਰ ਦਾ ਦਿਹਾਂਤ ਹੋ ਗਿਆ ਹੈ। ਅਦਾਰਾ 'ਸੁਰਖ਼ ਰੇਖਾ' ਇਸ ਦੁਖ ਵਿਚ ਪਰਿਵਾਰ ਅਤੇ ਜੱਥੇਬੰਦੀ ਨਾਲ ਦੁਖ ਵਿਚ ਸ਼ਰੀਕ ਹੁੰਦਾ ਹੈ।
No comments:
Post a Comment