Tuesday, July 8, 2014

ਇਨਕਲਾਬੀ ਚੀਨ ਨੇ ਨਸ਼ਿਆਂ ਤੋਂ ਮੁਕਤੀ ਕਿਵੇਂ ਹਾਸਲ ਕੀਤੀ


ਇਨਕਲਾਬੀ ਚੀਨ ਨੇ ਨਸ਼ਿਆਂ ਤੋਂ ਮੁਕਤੀ ਕਿਵੇਂ ਹਾਸਲ ਕੀਤੀ
(ਚੇਅਰਮੈਨ ਮਾਓ-ਜੇ-ਤੁੰਗ ਦੀ ਰਹਿਨੁਮਾਈ ਹੇਠ ਹੋਏ ਚੀਨੀ ਇਨਕਲਾਬ ਬਾਅਦ ਆਪਣੀ ਹੋਣੀ ਦੇ ਆਪ ਮਾਲਕ ਬਣੇ ਚੀਨੀ ਲੋਕਾਂ ਨੇ ਤਿੰਨ ਸਾਲਾਂ ਦੇ ਅਰਸੇ 'ਚ ਹੀ ਨਸ਼ਿਆਂ ਦੀ ਲਾਹਨਤ ਦਾ ਫਸਤਾ ਵੱਢ ਕੇ ਇਹ ਸਾਬਤ ਕੀਤਾ ਕਿ ਜਮਾਤੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕਰਕੇ ਲੋਕ ਨਾ ਸਿਰਫ ਨਸ਼ਿਆਂ ਦੀ ਗੁਲਾਮੀ ਤੋਂ ਮੁਕਤ ਹੋ ਸਕਦੇ ਹਨ-ਸਗੋਂ ਅਜਿਹੀਆਂ ਸਮਾਜਕ ਲਾਹਨਤਾਂ ਨੂੰ ਜੜੋਂ ਪੁੱਟਣ ਦਾ ਕ੍ਰਿਸ਼ਮਾ ਵੀ ਕਰ ਸਕਦੇ ਹਨ। ਭਾਰਤ ਦੀ ਨਕਲੀ ਅਜਾਦੀ ਦਾ ਐਲਾਨ ਚੀਨੀ ਇਨਕਲਾਬ ਤੋਂ ਦੋ ਵਰ੍ਹੇ ਪਹਿਲਾਂ ਹੋਇਆ ਸੀ-ਪਰ ਅੱਜ ਸਾਡੇ ਮੁਲਕ ਅੰਦਰ ਮਾਰੂ ਨਸ਼ਿਆਂ ਦਾ ਜਹਿਰ ਕਿਤੇ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ। ਅਤੇ ਨਸ਼ਿਆਂ ਦੇ ਵਪਾਰੀ ਅਤੇ ਸਮਗਲਰ, ਸਿਆਸਤਦਾਨਾਂ ਅਤੇ ਰਾਜ ਮਸ਼ੀਨਰੀ ਦੀ ਸਹਾਇਤਾ ਨਾਲ ਇਸ ਕੋਹੜ ਦਾ ਲਗਾਤਾਰ ਪਸਾਰਾ ਕਰ ਰਹੇ ਹਨ। ਇਸ ਦੇ ਮੁਕਾਬਲੇ ਚੀਨੀ ਇਨਕਲਾਬ ਨੇ ਲੋਕਾਂ ਨੂੰ ਨਸ਼ਿਆਂ ਦਾ ਫਸਤਾ ਵੱਢਣ ਦੇ ਕਿਵੇਂ ਸਮਰੱਥ ਬਣਾਇਆ- ਹੇਠਲੀ ਲਿਖਤ ਇਸ ਮਹਾਨ ਸਫਲ ਤਜਰਬੇ ਦੀ ਤਸਵੀਰ ਪੇਸ਼ ਕਰਦੀ ਹੈ। —ਸੰਪਾਦਕ)
Êਪੁਰਾਣੇ ਚੀਨ ਵਿਚ, ਫੇਰੀ ਵਾਲੇ, ਅਫੀਮ ਗਲੀਆਂ 'ਚ ਮਿੱਠੀਆਂ ਗੋਲੀਆਂ ਦੀ ਤਰ੍ਹਾਂ ਵੇਚਦੇ ਸੀ। 1920 ਤੱਕ ਚੀਨ ਸੰਸਾਰ ਦੀ ਕੁੱਲ ਅਫੀਮ ਦਾ 90% ਪੈਦਾ ਕਰਦਾ ਸੀ ਅਤੇ ਮਾਰਫੀਨ, ਹੈਰੋਇਨ ਦੀ ਟਨਾਂ 'ਚ ਦਰਾਮਦ ਹੁੰਦੀ ਸੀ। ਦੂਜੀ ਸੰਸਾਰ ਜੰਗ ਵੇਲੇ ਤੱਕ ਚੀਨ 'ਚ ਅਨੁਮਾਨਤ 7 ਕਰੋੜ ਅਮਲੀ ਸਨ। ਗੱਲ ਕੀ ਲੱਗਭਗ ਸੰਸਾਰ ਦੇ ਜਿਆਦਤਰ ਮੁਲਕਾਂ 'ਚ  ਹੁੰਦੀ ਵਸੋਂ ਤੋਂ ਵੀ ਵੱਧ ਅਮਲੀ ਸਨ। 
Êਫੇਰ ਵੀ 1949 ਤੋਂ 1952 ਤੱਕ ਲਗਭਗ ਤਿੰਨ ਸਾਲਾਂ ਦੌਰਾਨ ਚੀਨ ਨੇ ਨਸ਼ਿਆਂ ਦੇ ਕੋਹੜ ਦਾ ਫਸਤਾ ਵੱਢ ਦਿੱਤਾ। ਹੁਣ ਉਥੇ ਨਾ ਅਮਲੀ, ਨਾ ਅਫੀਮ ਵੇਚਣ ਵਾਲੇ, ਨਾ ਅਫੀਮ ਪੈਦਾ ਕਰਨ ਵਾਲੇ ਅਤੇ ਨਾ ਗੈਰਕਾਨੂੰਨੀ ਨਸ਼ਿਆਂ ਦੀ ਸਮਗਲਿੰਗ ਹੁੰਦੀ ਸੀ। ਕੀ ਇਹ ਸੱਚ ਹੋ ਸਕਦਾ ਹੈ? ਇਹ ਮਨੁੱਖੀ ਸੁਭਾਅ ਬਾਰੇ ਅਸੀਂ ਜੋ ਕੁੱਝ ਜਾਣਦੇ ਹਾਂ ਉਹਦੇ ਉਲਟ ਨਹੀਂ ?
ਤੱਕੜੀ 'ਤੇ ਤੁਲਦੀ ਜਿੰਦਗੀ
''ਮੈਂ 23 ਸਾਲ ਦੀ ਸੀ ਜਦੋਂ ਤੋਂ ਨਸ਼ਾ ਕਰਨ ਲੱਗੀ'' ਸ਼ੰਘਾਈ ਦੀ ਇੱਕ ਵਸਨੀਕ ਸਾਂ-ਯੰਗ-ਮਾਈ ਨੇ ਦੱਸਿਆ। 1970 ਦੇ ਸ਼ੁਰੂ 'ਚ ਆਉਂਦੇ ਕਈ ਅਮਰੀਕੀਆਂ ਨੂੰ ਮਿਲੀ। ''ਸ਼ੁਰੂ 'ਚ ਮੈਂ ਬਹੁਤਾ ਨਹੀਂ ਸੀ ਕਰਦੀ। ਪਰ ਮੇਰੇ ਪਤੀ ਨੂੰ ਨਸ਼ੇ ਦੀ ਮਾੜੀ ਲੱਤ ਸੀ। ਨਸ਼ੇ ਨੇ ਉਹਨੂੰ ਭੂਤ ਬਣਾ ਦਿੱਤਾ-ਐਸਾ ਆਦਮੀ ਜੋ ਕੋਈ ਕੰਮ ਨਹੀਂ ਕਰ ਸਕਦਾ। ਕਿਉਂਕਿ ਉਸ ਤੋਂ ਕੋਈ ਕੰਮ ਨਹੀਂ ਹੁੰਦਾ ਸੀ, ਇਸ ਲਈ ਅਫੀਮ ਖਰੀਦਣ ਲਈ ਉਹਦੇ ਕੋਲ ਕੋਈ ਪੈਸਾ ਨਹੀਂ ਸੀ। ਨਸ਼ੇ ਦੀ ਘਾਟ ਕਰਕੇ ਪੈਂਦੀਆਂ ਕੜਵੱਲਾਂ ਨੂੰ ਉਹਦੀ ਕਮਜੋਰ ਦੇਹ ਝੱਲ ਨਾ ਸਕੀ, ਇਸ ਤਰ੍ਹਾਂ ਉਹਦੀ ਮੌਤ ਹੋ ਗਈ।''
''ਜਦੋਂ ਉਹਦੀ ਮੌਤ ਹੋਈ ਮੈਨੂੰ ਉਹਦੀ ਘਾਟ ਦਾ ਬਹੁਤ ਦੁੱਖ ਹੋਇਆ। ਆਵਦੇ ਦੁੱਖ ਤੋਂ ਬਚਣ ਲਈ ਮੈਂ ਹੋਰ ਵੀ ਨਸ਼ਾ ਕਰਨ ਲੱਗੀ। ਏਸ ਤਰ੍ਹਾਂ ਮੈਨੂੰ ਈ ਨਸ਼ੇ ਦੀ ਲੱਤ ਲੱਗ ਗਈ। ਮੈਨੂੰ ਜੁੰਮੇਵਾਰੀ ਦਾ ਕੋਈ ਅਹਿਸਾਸ ਹੀ ਨਹੀਂ ਰਿਹਾ, ਹੋਰ ਤਾਂ ਕੀ ਆਵਦੇ ਬੱਚੇ ਪ੍ਰਤੀ ਵੀ। ਬਹੁਤੀ ਵਾਰ ਮੈਂ ਉਹਨੂੰ ਖੁਆਉਣਾ ਵੀ ਭੁੱਲ ਜਾਂਦੀ ਸੀ। ਸੱਤ ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ ਕਿਉਂਕਿ ਮੈਂ ਸਖਤ ਖਸਰੇ ਦੀ ਹਾਲਤ 'ਚ ਉਹਦੀ ਦੇਖਭਾਲ ਨਾ ਕਰ ਸਕੀ।''
ਚੀਨ ਨਸ਼ੇ ਦੀ ਬਿਮਾਰੀ ਕਰਕੇ ਬਹੁਤ ਵੱਡੀ ਮਨੁੱਖੀ ਕੀਮਤ ਤਾਰਦਾ ਸੀ। ਭੁੱਖਮਰੀ ਦੇ ਸ਼ਿਕਾਰ ਕਿਰਤੀ ਭੁੱਖ ਦੀਆਂ ਪੀੜਾਂ ਨੂੰ ਅਫੀਮ ਦੇ ਰੰਗੀਨ ਸੁਪਨਿਆਂ ਨਾਲ ਠਾਰਦੇ ਅਤੇ ਜੋ ਥੋੜਾ ਬਹੁਤਾ ਪੈਸਾ ਰੋਟੀ ਲਈ ਹੁੰਦਾ ਉਹਨੂੰ ਵੀ ਨਸੇ 'ਤੇ ਖਰਚ ਕਰਦੇ। ਹਜਾਰਾਂ ਹੀ ਅਮਲੀ ਸਿੱਧੇ ਭੁੱਖਮਰੀ ਨਾਲ ਮਰ ਜਾਂਦੇ। ਹੋਰ ਆਵਦੇ ਬੱਚਿਆਂ ਨੂੰ ਛੱਡ ਦਿੰਦੇ। ਇੱਥੋਂ ਤੱਕ ਕਿ ਨਸ਼ੇ ਲਈ ਆਵਦੇ ਬੱਚਿਆਂ ਨੂੰ ਵੀ ਵੇਚ ਦਿੰਦੇ। ਉਤਰੀ ਚੀਨ ਦੇ ਸਫਰ 'ਤੇ ਇਕ ਹਮਦਰਦ ਜਪਾਨੀ ਨੇ ਏਸ ਦ੍ਰਿਸ਼ ਨੂੰ ਇਉਂ ਬਿਆਨ ਕੀਤਾ.-
'ਡੇਰਨ' ਵਿਚ, ਘਾਟ ਅਤੇ ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਦੇ ਗਰੁੱਪ ਸਨ। ਮਨਚੂਰੀਆ ਆਉਣ ਵਾਲੇ ਟੂਰਿਸਟ ਸਭ ਤੋਂ ਪਹਿਲਾਂ ਗੰਦ ਨਾਲ ਲਿੱਬੜੇ ਅਧਨੰਗੇ ਸਰੀਰ ਹੀ ਦੇਖਦੇ। ਮੈਂ ਕੁਲੀਆਂ ਦੀ ਰਿਹਾਇਸ਼ੀ ਥਾਂ ਹਿਕਜਾਨਸੋ ਗਿਆ। ਇਹ ਦਿਲ ਹਿਲਾਉਣ ਵਾਲੀ ਸੀ। ਅਫੀਮ ਇੱਥੇ ਸ਼ਰੇਆਮ ਮਿਲਦੀ ਸੀ। ਉਸ ਸਮੇਂ ਅਫੀਮ ਉਤੇ ਕਵਾਤੁੰਗ ਸ਼ਹਿਰੀ ਸਰਕਾਰ ਦੀ ਅਜਾਰੇਦਾਰੀ ਸੀ ਅਤੇ ਕਿਹਾ ਇਹ ਜਾਂਦਾ ਸੀ ਕਿ ਇਹ ਅਫੀਮ ਦੇ ਜਹਿਰ ਤੋਂ ਬਚਾਓ ਲਈ ਹੈ। ਹਿਕਜਾਨਸੋ 'ਚ ਇਹਦਾ ਵਿਉਪਾਰ ਸ਼ਰੇਆਮ ਸੀ। ਮੈਨੂੰ ਇਹਦੀ ਸਮਝ ਨਾ ਆਈ। ਕੀ ਇਹ ਸ਼ਰੇਆਮ ਬਸਤੀਵਾਦੀ ਨਹੀਂ ਸੀ? ਮਗਰਲੇ ਸਾਲਾਂ 'ਚ ਚੀਨ ਦੇ ਧੁਰ ਅੰਦਰ ਸਫਰ ਦੌਰਾਨ ਜੋਰ ਨਾਲ ਇਹ ਅਹਿਸਾਸ ਹੁੰਦਾ ਗਿਆ। ਜਿਉਂ ਜਿਉਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕਿਵੇਂ ਜਪਾਨੀ 'ਬਾਹਰਲੇ ਮੁਲਕ ਦੇ ਬਸ਼ਿੰਦੇ' ਹੋਣ ਵੀ ਵਰਤੋਂ (ਚੀਨੀ ਕਾਨੂੰਨ ਤੋਂ ਛੋਟ-ਸੰਪਾਦਕ) ਕਰਕੇ ਸਮਝੌਤੇ ਵਾਲੀਆਂ ਬੰਦਰਗਾਹਾਂ 'ਤੋਂ ਬਾਹਰ ਜਾ ਕੇ ਮਾਰਫੀਨ ਦਾ ਜਹਿਰ ਫੈਲਾਉਂਦੇ ਸੀ।''
1924 'ਚ ਇੱਕ ਹੋਰ ਯਾਤਰੂ ਹੈਰੀ ਫਰੈਕ ਨੇ ਦੱਖਣੀ ਯੂਆਨ ਸੂਬੇ ਦੀ ਹਾਲਤ ਬਾਰੇ ਲਿਖਿਆ ''-ਖੁਦ ਚੀਨੀ ਬੰਦਿਆਂ ਨੇ ਕਿਹਾ ਕਿ ਕੂਮਿੰਗ ਵਿਚ 10 ਵਿਚੋਂ 9 ਬੰਦੇ, 10 ਵਿਚੋ 6 ਔਰਤਾਂ, ਅਕਸਰ ਦਰਮਿਆਨੇ ਸਕੂਲੀ ਬੱਚੇ ਵੀ ਅਫੀਮ ਪੀਂਦੇ ਸੀ। ਲਗਭਗ ਸਾਰੇ ਕੁਲੀ ਆਵਦੀਆਂ ਅਫੀਮ ਦੀਆਂ ਪਾਈਪਾਂ ਅਤੇ ਲੈਂਪ ਵਾਲੇ ਡੱਬੇ ਆਵਦੇ ਬੈੱਡ ਉੱਤੇ ਹੀ ਰਖਦੇ ਸਨ। ਨਿੱਕੀ ਜਿਹੀ ਚਾਹ ਜਾਂ ਕਰਿਆਨੇ ਦੀ ਦੁਕਾਨ ਵਾਲੇ ਅਫੀਮ ਨੂੰ ਤਮਾਕੂ ਵਾਂਗਰ ਵੇਚਦੇ ਸਨ। 10 ਜਾਂ 15 ਮਿੰਟ ਚਲਣ ਵਾਲੇ ਅੱਧੇ ਭਰੇ ਅਫੀਮ ਦੇ ਗਿਲਾਸ ਦੀ ਕੀਮਤ ਯੁਆਨੀਮੈਟ ਸੀ।''
ਆਮ ਲੋਕਾਂ ਤੋਂ ਲੈ ਕੇ ਫੌਜੀ ਅਫਸਰਾਂ, ਸਰਕਾਰੀ ਅਫਸਰਾਂ ਅਤੇ ਭੋਂ ਮਾਲਕਾਂ 'ਚ ਵੀ ਅਫੀਮ ਆਮ ਪ੍ਰਚੱਲਤ ਸੀ। ਫਰੈਂਕ ਲਿਖਦਾ ਹੈ,''-ਬੈਂਕ ਦੇ ਮੈਨੇਜਰ ਨੂੰ ਇਸ ਗੱਲ ਉਤੇ ਕੋਈ ਔਖ ਨਹੀ ਸੀ ਕਿ ਬੈਂਕ ਦਾ ਮੁੱਖ ਕਲਰਕ ਆਵਦੇ ਬਿਸਤਰੇ ਵਰਗੀ ਕੁਰਸੀ ਤੋਂ ਹੀ ਬੈਂਕ ਦਾ ਕੰਮ ਕਰਦੇ ਸੀ ਤਾਂ ਜੋ ਉਹ ਲੈਣ ਦੇਣ ਦੇ ਦੌਰਾਨ ਅਫੀਮ ਦਾ ਸੂਟਾ ਲਾ ਕੇ ਸੌਂ ਸਕੇ-।''
ਸੰਖੇਪ 'ਚ ਚੀਨ ਅਜਿਹਾ ਮੁਲਕ ਸੀ ਜੋ ਥੱਲੇ ਤੋਂ ਲੈ ਕੇ ਉਤੇ ਤੱਕ ਨਸ਼ਿਆਂ 'ਚ ਗਰੱਸਿਆ ਹੋਇਆ ਸੀ ਅਤੇ ਇਹ ਉਹਨਾਂ ਸਮੱਸਿਆਵਾਂ 'ਚੋਂ ਸਿਰਫ ਇੱਕ ਸੀ ਜੋ ਨਵੇਂ ਲੋਕ ਜਮਹੂਰੀ ਚੀਨ ਨੂੰ ਸਦੀਆਂ ਤੋਂ ਜਗੀਰੂ ਅਤੇ ਵਿਦੇਸ਼ੀ ਦਾਬੇ ਹੇਠੋਂ ਵਿਰਸੇ 'ਚ ਮਿਲੀਆਂ।
ਮੁਕਤੀ
1 ਅਕਤੂਬਰ 1949 ਨੂੰ ਮਾਓ-ਜੇ-ਤੁੰਗ ਨੇ ਪੀਕਿੰਗ ਦੇ ਤਿੰਨ-ਐਨ-ਮਿੰਨ ਚੌਕ 'ਚ ਖੜ੍ਹੇ ਹੋ ਕੇ ਐਲਾਨ ਕੀਤਾ –''ਚੀਨੀ ਲੋਕ ਉਠ ਖੜ੍ਹੇ ਹਨ''। ਕੁੱਝ ਮਹੀਨਿਆਂ ਪਿੱਛੋਂ ਫਰਵਰੀ 24, 1950 ਨੂੰ ਸਰਕਾਰ ਵੱਲੋਂ ਅਫੀਮ ਤੇ ਅਫੀਮ ਨਾਲ ਸਬੰਧਤ ਨਸ਼ਿਆਂ ਦੀ ਮਨਾਹੀ ਦੇ ਹੁਕਮ 'ਤੇ ਸਹੀ ਪਾਈ ਗਈ। ਕਿਸੇ ਨੂੰ ਵੀ ਅਫੀਮ ਅਤੇ ਸਬੰਧਤ ਨਸ਼ਿਆਂ ਦੇ ਵਿਉਪਾਰ , ਖੇਤੀ   ਅਤੇ ਖਰੀਦੋ ਫਰੋਖਤ ਦੀ ਆਗਿਆ ਨਹੀ ਦਿੱਤੀ ਜਾਊਗੀ ਅਤੇ ਹੁਕਮ ਨਾ ਮੰਨਣ ਦੀ ਸੂਰਤ 'ਚ ਸਖਤ ਸਜਾ ਮਿਲੂਗੀ। ਫਿਰ ਵੀ ਚੀਨੀ ਕਮਿਊਨਿਸਟ ਪਾਰਟੀ ਨੂੰ ਪਤਾ ਸੀ ਕਿ ਅਫੀਮ ਦੀ ਬਿਮਾਰੀ ਇਸ ਨੂੰ ਸਿਰਫ ਗੈਰਕਾਨੂੰਨੀ ਕਰਾਰ ਦੇ ਕੇ ਜੜੋਂ ਨਹੀਂ ਪੁੱਟੀ ਜਾ ਸਕਦੀ। 
ਸਿਰਫ ਲੋਕ ਹੀ ਇਹਦੇ ਨਾਲ ਨਜਿੱਠ ਸਕਦੇ ਹਨ। ਪਰ ਅਫੀਮ ਵਰਗੀ ਪੁਰਾਣੀ ਬਿਮਾਰੀ ਨੂੰ ਜੜੋਂ ਪੁੱਟਣ ਲਈ ਲੋਕਾਂ ਦੇ ਹੱਥਾਂ 'ਚ ਦੋ ਮੁੱਖ ਹਥਿਆਰ ਚਾਹੀਦੇ ਹਨ, ਚੀਨੀ ਕਮਿ. ਪਾਰਟੀ ਦੀ ਅਗਵਾਈ ਅਤੇ ਰਾਜ ਸ਼ਕਤੀ। ਇਹਨਾਂ ਤੋਂ ਬਿਨਾ ਕੁੱਝ ਵੀ ਹਾਸਲ ਨਹੀਂ ਹੋ ਸਕਣਾ। 
ਚੀਨੀ ਕਮਿਊਨਿਸਟ ਪਾਰਟੀ ਨੇ, ਲੋਕ ਜੋ ਨਸ਼ਿਆ ਦਾ ਸ਼ਿਕਾਰ ਸਨ ਅਤੇ ਵੱਡੇ ਅਫੀਮ ਮਾਲਕਾਂ ਅਤੇ ਵਿਦੇਸ਼ੀ ਸਾਮਰਾਜੀਏ ਜੋ ਇਸ ਅਫੀਮ ਵਿਉਪਾਰ ਲਈ ਮੁੱੱਖ ਦੋਸ਼ੀ ਸਨ, ਵਿਚਾਲੇ ਲਕੀਰ ਖਿੱਚੀ। ਇਹ ਜਰੂਰੀ ਸੀ ਕਿਉਂ ਜੋ ਵੱੱਖ ਵੱਖ ਵਿਰੋਧਤਾਈਆਂ, ਵੱਖੋ-ਵੱਖਰੇ ਢੰਗਾਂ ਨਾਲ ਹੀ ਹੱਲ ਕੀਤੀਆਂ ਜਾ ਸਕਦੀਆਂ ਸਨ। ਲੋਕਾਂ ਵਿਚਾਲੇ ਵਿਰੋਧਤਾਈਆਂ ਨੂੰ ਹੱਲ ਕਰਦਿਆਂ, ਪ੍ਰੇਰਨਾ ਅਤੇ ਜਨਤਕ ਲਾਮਬੰਦੀ ਦੇ ਢੰਗ ਵਰਤੇ ਗਏ। ਜਦੋਂ ਕਿ ਜਮਾਤੀ ਦੁਸ਼ਮਣਾਂ ਨਾਲ ਨਜਿੱਠਣ ਦੇ ਮਾਮਲੇ 'ਚ ਰਾਜ ਦੀ ਤਾਕਤ ਦਾ ਰੋਲ ਫੈਸਲਾਕੁਨ ਸੀ। ਪਰ ਲੋਕਾਂ ਵਿਚ ਸਿਖਿੱਆ ਅਤੇ ਪ੍ਰੇਰਤ ਕਰਨ ਦੇ ਢੰਗ ਦੀ ਵਰਤੋਂ ਤਾਂ ਹੀ ਸੰਭਵ ਸੀ ਕਿਉਂਕਿ 25 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਦ ਰਾਜ ਸ਼ਕਤੀ ਲੋਕਾਂ ਦੇ ਹੱਥ ਵਿਚ ਸੀ। 
Ñਲੋਕਾਂ ਦੀ ਨਸ਼ੇ ਕਰਨ ਦੀ ਸਮੱਸਿਆ ਨਾਲ ਨਜਿਠਦੇ ਹੋਏ ਸਥਾਨਕ ਸੱਤਾ ਦੇ ਅਦਾਰਿਆਂ ਨੂੰ ਢੰਗ ਤਰੀਕਿਆਂ ਅਤੇ ਪ੍ਰੋਗਰਾਮਾਂ ਨੂੰ ਉਲੀਕਣ ਲਈ ਵੱਡੀ ਪਹਿਲਕਦਮੀ ਦਿੱਤੀ ਗਈ। ਪਰ ਕੁੱਝ ਆਮ ਅਸੂਲ ਲਾਗੂ ਸਨ-ਪਹਿਲਾ: ਕਿਸੇ ਨੂੰ ਵੀ ਇਸ ਬਿਨਾ 'ਤੇ ਮੁਜਰਮ ਕਰਾਰ ਦੇਣਾ ਜਾਂ ਸਮਾਜਕ ਤੌਰ 'ਤੇ ਨਿਸ਼ਾਨਦੇਹੀ ਕਰਨਾ ਕਿ ਉਹ ਅਮਲੀ ਹੈ, ਵਰਜਿਤ ਸੀ। ਉਹ ਵਿਦੇਸ਼ੀ ਸਾਮਰਾਜੀਆਂ ਦੇ ਸ਼ਿਕਾਰ ਸਨ ਜਿਹਨਾਂ ਨੇ ਚੀਨ 'ਚ ਅਫੀਮ ਲਿਆਂਦੀ ਅਤੇ ਉਨ੍ਹਾਂ ਨੂੰ ਇਹ ਸਮਝ ਕੇ ਹੀ ਨਜਿੱਠਣਾ ਚਾਹੀਦਾ ਹੈ। ਉਹਨਾਂ ਦਾ ਆਵਦੀ ਨਿਸ਼ਾਨਦੇਹੀ ਅਤੇ ਇਲਾਜ ਲਈ ਸਾਹਮਣੇ ਆਉਣਾ, ਉਹਨਾਂ ਦੀ ਇਨਕਲਾਬੀ ਕਾਰਵਾਈ ਦੇ ਤੌਰ 'ਤੇ ਪ੍ਰਸ਼ੰਸ਼ਾ ਦਾ ਹੱਕਦਾਰ ਹੋਵੇਗਾ। ਦੂਸਰੇ ਪਾਸੇ ਏਸ ਗੱਲ ਨੂੰ ਸਮਾਂ-ਬੱਧ ਵੀ ਕੀਤਾ ਗਿਆ। ਪੁਰਾਣੇ ਅਮਲੀਆਂ ਨੂੰ ਅਫੀਮ ਛੱਡਣ ਲਈ 6 ਮਹੀਨੇ ਅਤੇ ਘੱਟ ਅਮਲੀਆਂ ਨੂੰ ਤਿੰਨ ਮਹੀਨੇ ਦਿੱਤੇ ਗਏ। ਏਸ ਸਮੇਂ ਦੌਰਾਨ ਉਹਨਾਂ ਨੂੰ ਅਫੀਮ ਦੇ ਨਿੱਜੀ ਭੰਡਾਰ ਰੱਖਣ ਦੀ ਆਗਿਆ ਦਿੱਤੀ ਗਈ। ਇਹ ਨਾ ਤਾਂ ਕਬਜੇ 'ਚ ਲਏ ਗਏ ਅਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਡਾਕਟਰੀ ਸਹੂਲਤ ਮੁਹੱਈਆ ਕੀਤੀ ਗਈ, ਜੋ ਮੁੱਖ ਤੌਰ 'ਤੇ ਮੈਗਨੀਸ਼ੀਅਮ ਸਲਫੇਟ ਦੇ ਟੀਕੇ ਹੀ ਸਨ, ਜੋ ਨਸ਼ੇ ਬਗੈਰ ਪੈਂਦੀ ਕੜਵੱਲਾਂ ਕਰਕੇ ਦੁਖਦੇ ਪੱਠਿਆਂ ਨੂੰ ਰਾਹਤ ਦਿੰਦੇ ਸਨ। ਅਤੇ ਉਹਨਾਂ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ। 
 Êਪਰ ਇਹ ਸਾਰਾ ਕੁੱਝ ਏਨਾ ਸੌਖਾ ਨਹੀਂ ਸੀ ਕਿ ਅਫੀਮ ਦੇ ਆਦੀ ਫਟਾਫਟ ਕਹਿ ਦਿੰਦੇ, ''ਬੱਲੇ ਹੁਣ ਤਾਂ ਮੈਂ ਅਫੀਮ ਛੱਡ ਦੂੰ'' ਅਤੇ ਇਹ ਕਰਕੇ ਦਿਖਾ ਦਿੰਦੇ। ਬਹੁਤਿਆਂ ਨੇ ਤਾਂ ਖੁਦ ਦੀ ਅਮਲੀ ਦੇ ਤੌਰ ਤੇ ਨਿਸ਼ਾਨਦੇਹੀ ਦਾ ਵਿਰੋਧ ਕੀਤਾ ਅਤੇ ਗੈਰਕਾਨੂੰਨੀ ਸੋਮਿਆਂ ਤੋਂ ਅਫੀਮ ਭਾਲਦੇ ਰਹੇ। ਉਹਨਾਂ ਨੂੰ ਇੱਕ ਪਾਸੇ ਸਜਾ ਦਾ ਵੀ ਡਰ ਸੀ ਅਤੇ ਦੂਜੇ ਪਾਸੇ ਖੁਦ ਆਵਦੇ ਤੌਰ 'ਤੇ ਉਹ ਅਫੀਮ 'ਤੇ ਸਰੀਰ ਦੀ ਨਿਰਭਰਤਾ ਤੋਂ ਖਹਿੜਾ ਛੁਡਾਉਣ ਦੇ ਅਸਮਰੱਥ ਸਨ। ਨਸ਼ਾ ਵਿਰੋਧੀ ਮੁਹਿੰਮ ਨੇ ਵੀ ਭਖਣ 'ਚ ਕੁੱਝ ਸਮਾਂ ਲਿਆ। ਉਦਾਹਰਣ ਦੇ ਤੌਰ 'ਤੇ ਕੈਂਟਨ 'ਚ ਜਨਵਰੀ 1951 ਦੇ ਅਖੀਰ ਤੱਕ ਕੁੱਝ ਅਮਲੀਆਂ ਦੀ ਸਰਕਾਰੀ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੋਈ ਸੀ। ਪਹਿਲੇ ਮਹੀਨੇ ਸਿਰਫ 925 ਅਮਲੀ ਹੀ ਨਿਸ਼ਾਨਦੇਹੀ ਲਈ ਅੱਗੇ ਆਏ ਅਤੇ ਮਦਦ ਦੀ ਦਰਿਆਫਤ ਕੀਤੀ। ਇਹ ਗਿਣਤੀ ਸ਼ਹਿਰ ਦੇ ਕੁੱਲ ਅਮਲੀਆਂ ਦਾ ਨਿਗੂਣਾ ਹਿੱਸਾ ਸੀ। 
ਇੱਕ ਵੱਡੀ ਸਿਆਸੀ ਸਮੱਸਿਆ
ਚੀਨ 'ਚ ਜਿਵੇਂ ਲਿੰਗਕ ਬਿਮਾਰੀਆਂ ਨੂੰ ਖਤਮ ਕਰਨ ਦੀ ਸਫਲ ਮੁਹਿੰਮ ਦੌਰਾਨ ਹੋਇਆ, ਨਸ਼ਿਆਂ ਦੀ ਸਮੱਸਿਆ ਵੀ ਪੂਰੀ ਤਰਾਂ ਇੱਕ ਸਿਆਸੀ ਸਮੱਸਿਆ ਸੀ। ਮਤਲਬ, ਸਮੱਸਿਆ ਦੀ ਗੁਲੀ ਕਿਸੇ ਨਵੀਂ ਹੈਰਾਨੀ ਭਰੀ ਦਵਾਈ, ਟੀਕੇ ਜਾਂ ਟੈਸਟ ਦੀ ਖੋਜ ਨਹੀਂ ਸੀ, ਸਗੋਂ ਆਮ ਲੋਕਾਂ ਨੂੰ ਸਮੱਸਿਆ ਦੇ ਸੁਭਾਅ ਨੂੰ ਸਮਝਣ ਲਈ ਲਾਮਬੰਦ ਕਰਨ ਅਤੇ ਉਹਦੇ ਹੱਲ ਲਈ ਪੱਕਾ ਢੰਗ ਭਾਲਣ ਦੀ ਸੀ। ਕੈਂਟਨ ਅਤੇ ਹੋਰ ਥਾਈੰ ਅਮਲੀਆਂ ਦਾ ਅੱਗੇ ਆਉਣਾ ਅਤੇ ਇਲਾਜ ਕਰਾਉਣਾ ਇੱਕ ਜਰੂਰੀ ਸਮਾਜਕ ਸਵਾਲ ਬਣਾਇਆ ਗਿਆ। 
ਸਾਰੇ ਅਮਲੀਆਂ ਨੂੰ ਅੱਗੇ ਆਉਣ ਅਤੇ ਇਲਾਜ ਕਰਾਉਣ ਲਈ ਇੱਕ ਜਨਤਕ ਮੁਹਿੰਮ ਸ਼ੁਰੂ ਕੀਤੀ ਗਈ। ਰੈਲੀਆਂ ਮਾਰਚ ਹੋਏ। ਸਕੂਲਾਂ ਰੇਡੀਓ ਅਤੇ ਅਖਬਾਰਾਂ 'ਚ ਇਹਦੇ ਬਾਰੇ ਦੱਸਿਆ ਗਿਆ ਅਤੇ ਸਥਾਨਕ ਅਧਿਕਾਰੀਆਂ ਲਈ ਜਰੂਰੀ ਮੁੱਦਾ ਬਣ ਗਿਆ। ਪਰਿਵਾਰ ਦਰ ਪਰਿਵਾਰ ਇਹ ਜਰੂਰੀ ਮੁੱਦਾ ਬਣ ਗਿਆ। ਬੱਚੇ ਮਾਪਿਆਂ ਨਾਲ, ਘਰਵਾਲੀਆਂ ਆਵਦੇ ਪਤੀਆਂ ਨਾਲ ਇਸ ਬਹਿਸ 'ਚ ਪਈਆਂ ਕਿ ਪਰਿਵਾਰ ਦੇ ਅਮਲੀਆਂ ਨੂੰ ਲੋਕਾਂ 'ਚ ਨਸ਼ਰ ਹੋਣਾ ਚਾਹੀਦਾ ਹੈ ਜਾਂ ਨਹੀਂ। ਪੁਰਾਣੇ ਚੀਨ 'ਚ ਅਮਲੀਪੁਣਾ ਸ਼ਰਮਿੰਦਗੀ ਦਾ ਕਾਰਨ ਸੀ। ਪਰ ਇਹ ਇਕਬਾਲ ਕਰਨਾ ਅਚਾਨਕ ਮਾਣ ਦਾ ਸੋਮਾ ਹੋ ਗਿਆ। ਜਿਹੜੇ ਹੁਣ ਇਕਬਾਲ ਕਰਨ ਲਈ ਸਾਹਮਣੇ ਆਉਂਦੇ ਸੀ ਉਹਨਾਂ ਨੂੰ ਸਾਰੇ ਦੱਬੇ ਕੁਚਲੇ ਲੋਕਾਂ ਦੇ ਹਿਤਾਂ ਅਤੇ ਨਵੇਂ ਚੀਨ ਦੀ ਉਸਾਰੀ ਦੇ ਮੋਹਰੀ ਲੜਾਕਿਆਂ ਵਜੋਂ ਸਮਝਿਆ ਜਾਂਦਾ ਸੀ। 
ਸ਼ੰਘਾਈ 'ਚ ਸਾ-ਯੰਗ-ਮਾਈ ਏਸ ਮੁਹਿੰਮ 'ਚ ਸਰਗਰਮ ਹੋ ਗਈ। ਆਵਦੇ ਖੇਤਰ 'ਚ ਕੰਮ ਦੀ ਅਗਵਾਈ ਕਰਦੇ ਲੋਕਾਂ ਕੋਲੋਂ ਮਿਲੀ ਮੱਦਦ ਉਹਨੂੰ ਸਪਸ਼ਟ ਤੌਰ 'ਤੇ ਯਾਦ ਸੀ। ਇਉਂ ਉਹਦੀ ਜਿੰਦਗੀ ਹੀ ਬਦਲ ਗਈ। ਉਹਨੂੰ ਕਿਹਾ ਗਿਆ, ''ਆਵਦੇ ਬੱਚੇ ਦੀ ਮੌਤ ਦਾ ਦੋਸ਼ ਆਵਦੇ ਆਪ ਨੂੰ ਨਾ ਦੇ। ਤੂੰ ਵਿਦੇਸ਼ੀ ਸਾਮਰਾਜੀਆਂ ਦਾ ਸ਼ਿਕਾਰ ਸੀ, ਉਹ ਹੀ ਸਨ ਜੋ ਇਸ ਦੇ ਵਿਉਪਾਰ ਵਧਾਰੇ ਅਤੇ ਵੇਚਣ ਤੋਂ ਲਾਭ ਉਠਾਉਂਦੇ ਸੀ। ਉਨ੍ਹਾਂ ਨੇ ਹੀ ਅਫੀਮ ਨੂੰ ਚੀਨ 'ਚ ਲਿਆਂਦਾ, ਲੋਕਾਂ ਉਤੇ ਥੋਪਿਆ ਤਾਂ ਜੋ ਕਮਜੋਰ ਹੋਣ 'ਤੇ ਉਨ੍ਹਾਂ ਨੂੰ ਸੌਖਿਆਂ ਹੀ ਕਾਬੂ ਕੀਤਾ ਜਾ ਸਕੇ। ਹੁਣ ਤੁਹਾਨੂੰ ਇਲਾਜ ਸਵੀਕਾਰ ਕਰਨਾ ਚਾਹੀਦਾ ਹੈ। ਕਿਉਂਕਿ ਨਵੀਂ ਸਰਕਾਰ ਨੂੰ ਤੁਹਾਡੀ ਮੁੜ ਉਸਾਰੀ ਦੇ ਕੰਮ ਵਿੱਚ ਲੋੜ ਹੈ।''
ਕਿਉਂਕਿ ਇਹ ਸਾਰਾ ਕੁੱਝ ਐਨਾ ਸਰਵ-ਵਿਆਪੀ ਅਤੇ ਐਨਾ ਡਰਾਮਈ ਸੀ ਅਤੇ ਨਾਲ ਦੀ ਨਾਲ ਇਨਕਲਾਬੀ ਸਰਕਾਰ ਦੇ ਪੁਲਿਸ ਯਤਨਾਂ ਕਰਕੇ ਨਸ਼ੇ ਦੇ ਸੋਮੇ ਵੀ ਸੁਕਦੇ ਜਾ ਰਹੇ ਸਨ, ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਰਹੀ। ਮਾਰਚ 1951 ਤੱਕ ਕੈਂਟਨ 'ਚ 5000 ਅਮਲੀ ਸਾਹਮਣੇ ਆਏ। 3 ਜੂਨ 'ਅਫੀਮ ਬੰਦੀ ਦਿਨ' ਐਲਾਨਿਆਂ ਗਿਆ। ਇਹ 1839 'ਚ ਵਿਦੇਸ਼ੀ ਅਫੀਮ ਨੂੰ ਜਨਤਕ ਤੌਰ 'ਤੇ ਸਾੜਨ ਦੀ 112ਵੀਂ ਬਰਸੀ ਵੀ ਸੀ। 4000 ਪੁਰਾਣੇ ਅਮਲੀ, ਉਹਨਾਂ ਦੇ 2000 ਪਰਿਵਾਰਾਂ ਦੇ ਲੋਕ ਅਤੇ ਹੋਰਾਂ ਹਿਸਿੱਆਂ ਅਤੇ ਫੈਕਟਰੀਆਂ ਦੇ 5000 ਪ੍ਰਤੀਨਿਧਾਂ ਨੇ ਨਵੇਂ ਸ਼ਹਿਰੀ ਸਟੇਡੀਅਮ ਨੂੰ ਤੂੜ ਦਿੱਤਾ ਅਤੇ ਇਹ ਦਿਨ ਮਨਾਇਆ ਗਿਆ। 
ਸਾਰੇ ਸ਼ਹਿਰਾਂ 'ਚ ਇਉਂ ਹੀ ਹੋ ਰਿਹਾ ਸੀ। ਗਲੀ ਮੁਹੱਲਿਆਂ ਦੀ ਪੱਧਰ 'ਤੇ ਜਨਤਕ ਮੁਹਿੰਮ ਦੇ ਨਾਲ ਨਾਲ ਇਸ ਨੂੰ ਪੁਰਾਣੀ ਰਾਜ ਸ਼ਕਤੀ ਜੋ ਕਿ ਅਫੀਮ ਦੇ ਵਿਉਪਾਰ ਦੀ ਮੁੱਖ ਪਹਿਰੇਦਾਰ ਸੀ, ਨੂੰ ਤਬਾਹ ਕਰਨ ਨਾਲ ਜੋੜਨਾ ਫੈਸਲਾਕੁਨ ਸੀ। 1951 ਦੇ ਅੰਤ ਤੱਕ 'ਨਿਊ ਚਾਇਨਾ ਨਿਊਜ ਸਰਵਿਸ' ਨੇ ਐਲਾਨ ਕੀਤਾ ਕਿ ਨਸ਼ਿਆਂ ਦੀ ਸਮੱਸਿਆ ਉੱਤਰੀ ਅਤੇ ਉੱਤਰ- ਪੂਰਬੀ ਚੀਨ 'ਚ ਬੁਨਿਆਦੀ ਤੌਰ 'ਤੇ ਖਤਮ ਕਰ ਦਿੱਤੀ ਗਈ ਹੈ (ਇਹ ਇਲਾਕੇ ਪਹਿਲਾਂ ਆਜ਼ਾਦ ਹੋਏ)। ਦੱਖਣ 'ਚ ਇਸ ਗੱਲ ਨੇ ਇਕ ਸਾਲ ਹੋਰ ਲਿਆ। 
ਨਸ਼ਾ ਵੇਚਣ ਵਾਲਿਆਂ ਨਾਲ ਕੀ ਵਾਪਰੀ
ਅਮਲੀਆਂ ਦੇ ਭਾਰੀ ਸਮੂਹਾਂ 'ਚ ਕੰਮ ਕਰਦੇ ਹੋਏ, ਇਹ ਸਮਾਜਕ ਘੋਲ ਅਤੇ ਸਮਾਜਕ ਮਦਦ ਹੀ ਸੀ ਜੋ ਨਿਰਣਾਇਕ ਹੋ ਨਿੱਬੜੀ। ਅਮਲੀਆਂ ਦੀ ਵੱਡੀ ਬਹੁਗਿਣਤੀ ਨੇ ਆਵਦੀ ਮਰਜੀ ਨਾਲ, ਤਿੰਨ ਮਹੀਨੇ ਅਤੇ 6 ਮਹੀਨੇ ਦੀ ਸਮਾਂਬੱਧ ਸੀਮਾਂ ਤੋਂ ਕਾਫੀ ਪਹਿਲਾਂ, ਲੋਕਾਂ ਅਤੇ ਪਰਿਵਾਰ ਦੀ ਮਦਦ ਨਾਲ, ਘਰਾਂ 'ਚ ਹੀ ਅਫੀਮ ਛੱਡਣ ਦੇ ਅਮਲ 'ਚ ਗੁਜਾਰੇ। ਕੜਵੱਲਾਂ ਕਰਕੇ ਕੁੱਝ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ। ਕਾਨੂੰਨ ਅਤੇ ਤਾਕਤ ਬੁਨਿਆਦੀ ਤੌਰ 'ਤੇ ਕੋਈ ਹੱਲ ਨਹੀਂ ਸੀ। ਜਗੀਰਦਾਰੀ ਅਤੇ ਸਾਮਰਾਜੀ ਜੂਲੇ ਤੋਂ ਮੁਕਤ ਹੋਏ ਲੋਕਾਂ ਨੇ ਆਪ ਹੀ ਆਵਦੀ ਆਜਾਦੀ ਹਾਸਲ ਕਰਨੀ ਸੀ। ਅਮਲੀ ਜਮਾਤੀ ਦੁਸ਼ਮਣਾਂ ਦੇ ਸ਼ਿਕਾਰ ਸਨ, ਉਹ ਆਪ ਦੁਸ਼ਮਣ ਨਹੀਂ ਸਨ, ਚਾਹੇ ਉਹਨਾਂ ਨੇ ਆਵਦੀ ਆਦਤ-ਵਸ ਕੋਈ ਛੋਟੇ ਮੋਟੇ ਜੁਰਮ ਵੀ ਕੀਤੇ ਹੋਣ। 
ਨਸ਼ਾ ਵੇਚਣ ਵਾਲਿਆਂ ਨਾਲ ਵੀ ਸਰਕਾਰ ਅਤੇ ਚੀਨੀ ਕਮਿਊਨਿਸਟ ਪਾਰਟੀ ਨੇ ਲੋਕਾਂ ਉਤੇ ਟੇਕ ਰੱਖਣ ਦੀ ਨੀਤੀ ਅਤੇ ਦੁਸਮਣਾਂ ਅਤੇ ਲੋਕਾਂ ਵਿਚਾਲੇ ਫਰਕ ਰਖਦੇ ਹੋਏ ਨਜਿੱਠਿਆ। ਉਦਾਹਰਣ ਦੇ ਤੌਰ 'ਤੇ ਨਸ਼ਾ ਵੇਚਣ ਦਾ ਛੋਟਾ-ਮੋਟਾ ਧੰਦਾ ਕਰਦੇ ਅਕਸਰ ਹੀ ਅੱਤ ਗਰੀਬੀ ਦੀ ਹਾਲਤ 'ਚ ਰਹਿੰਦੇ ਸਨ ਅਤੇ ਜਿਉਂਦੇ ਰਹਿਣ ਲਈ ਹੀ ਅਫੀਮ ਵੇਚਦੇ ਸਨ। ਇਸ ਤਰ੍ਹਾਂ ਲੱਖਾਂ ਕਿਸਾਨ ਅਫੀਮ ਨੂੰ ਸਭ ਤੋਂ ਲਾਹੇਵੰਦ ਫਸਲ ਸਮਝ ਕੇ ਹੀ ਬੀਜਦੇ ਸਨ। ਇਹ ਲੋਕ ਦੁਸ਼ਮਣ ਨਹੀਂ ਸਨ। ਪਰ ਇਨ੍ਹਾਂ ਨੂੰ ਸਰਕਾਰ ਦੀ ਐਲਾਨੀ ਨਵੀਂ ਨੀਤੀ ਕਿ ਅਫੀਮ ਦੀ ਬਿਜਾਈ ਅਤੇ ਵੇਚ ਦੋਹਾਂ ਨੂੰ ਖਤਮ ਕੀਤਾ ਜਾਊਗਾ, ਨਾਲ ਆਵਦੇ ਰੁਜਗਾਰ ਨੂੰ ਖਤਰਾ ਖੜ੍ਹਾ ਹੋ ਗਿਆ। ਕਈਆਂ ਕੋਲ ਉਹਨਾਂ ਦੀ ਕੁੱਲ ਜਮ੍ਹਾ ਪੂੰਜੀ ਅਫੀਮ ਦਾ ਭੰਡਾਰ ਹੀ ਸੀ। ਉਹਨਾਂ ਨੂੰ ਡਰ ਸੀ ਕਿ ਉਹ ਸਭ ਕੁੱਝ ਗੁਆ ਕੇ ਕਿਧਰੇ ਮੰਗਤੇ ਤਾਂ ਨਹੀਂ ਬਣ  ਜਾਣਗੇ। ਸਪਸ਼ਟ ਹੀ ਉਹਨਾਂ ਨੂੰ ਮੁਜ਼ਰਮ ਕਰਾਰ ਦੇਣਾ ਅਤੇ ਨਿਸ਼ਾਨਾ ਬਣਾਉਣ ਦਾ ਮਤਲਬ ਉਹਨਾਂ ਦੀਆਂ ਕਾਰਵਾਈਆਂ ਗੁਪਤ ਰੂਪ 'ਚ ਜਾਰੀ ਰਹਿਣਾ ਹੋਊਗਾ ਅਤੇ ਫੇਰ ਇਹਨੂੰ ਪੁੱਟਣਾ ਹੋਰ ਵੀ ਮੁਸ਼ਕਲ ਹੋਵੇਗਾ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਅਚੰਭਾ-ਭਰੀ ਪੇਸ਼ਕਸ਼ ਕੀਤੀ। ਸਰਕਾਰ ਨੇ ਛੋਟੇ ਵਪਾਰੀਆਂ ਅਤੇ ਕਿਸਾਨਾਂ ਦੀ ਸਾਰੀ ਅਫੀਮ ਪੂਰੇ ਬਾਜਾਰੀ ਮੁੱਲ 'ਤੇ ਖਰੀਦਣ ਦੀ ਪੇਸ਼ਕਸ਼ ਕੀਤੀ। ਸਾਰੀ ਇਕੱਠੀ ਹੋਈ ਅਫੀਮ ਨੂੰ ਜਨਤਕ ਤੌਰ 'ਤੇ ਸਾੜਿਆ ਗਿਆ। ਨਿਰਸੰਦੇਹ ਇਹ ਕੋਸ਼ਿਸ਼ ਸਿਰਫ ਇੱਕ ਵਾਰ ਦੀ ਸੀ ਅਤੇ ਨਸ਼ੇ ਦੇ ਧੰਦੇ ਤੋਂ ਤੋਬਾ ਕਰਨ ਦੀ ਸ਼ਰਤ ਉੇਤੇ ਸੀ। ਅਤੇ ਹਕੀਕਤਨ ਇਹਦਾ ਮਤਲਬ ਇਉਂ ਹੀ ਸੀ। ਕੋਈ ਵੀ ਗਰੀਬ ਆਦਮੀ ਜੋ ਏਸ ਧੰਦੇ ਤੋਂ ਸਚਮੁੱਚ ਹੀ ਕਿਨਾਰਾ ਕਰਨਾ ਚਾਹੁੰਦਾ ਸੀ, ਉਹਨੂੰ ਆਵਦਾ ਸਭ ਕੁੱਝ ਗੁਆਉਣ ਦਾ ਡਰ ਨਹੀਂ ਸੀ। ਉਹਨਾਂ ਨੂੰ ਬਸ ਅੱਗੇ ਆਉਣ ਅਤੇ ਨਕਦੀ ਬਦਲੇ ਅਫੀਮ ਦੇਣ ਦੀ ਲੋੜ ਸੀ। ਹੋਰ ਵੀ, ਸਰਕਾਰ ਨੇ ਉਹਨਾਂ ਨੂੰ ਨੌਕਰੀ ਅਤੇ ਨਵੇਂ ਸਿਰੇ ਤੋਂ ਜਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ। ਹੁਣ ਉਹ ਵੀ ਨਵੇਂ ਚੀਨ ਦੀ ਉਸਾਰੀ 'ਚ ਹਿੱਸਾ ਪਾ ਸਕਦੇ ਸਨ। 
ਦੂਜੇ ਪਾਸੇ ਇਹਦਾ ਵਿਰੋਧ ਕਰਨ ਵਾਲਿਆਂ ਲਈ ਸਖਤ ਫੌਜਦਾਰੀ ਸਜਾਵਾਂ ਦਾ ਪ੍ਰਬੰਧ ਸੀ। ਨਸ਼ੇ ਦਾ ਵਿਉਪਾਰ ਅਤੇ ਖੇਤੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਅਫੀਮ ਦੇ ਖੇਤਾਂ 'ਚ ਹਲ ਫੇਰ ਦਿੱਤਾ ਗਿਆ। ਗੈਰ-ਕਾਨੂੰਨੀ ਵਿਉਪਾਰੀਆਂ ਨੂੰ ਲੋਕਾਂ ਨੇ ਪਛਾਣ ਕੇ ਕੈਦ ਕਰਵਾਇਆ। ਉਹਨਾਂ ਨੂੰ ਮਿਲਣ ਵਾਲੀ ਸਜਾ ਉਹਨਾਂ ਦੇ ਜੁਰਮ ਦੀ ਗੰਭੀਰਤਾ ਅਤੇ ਇਸ ਜੁਰਮ ਪ੍ਰਤੀ ਉਹਨਾਂ ਦੇ ਨਜ਼ਰੀਏ 'ਤੇ ਨਿਰਭਰ ਕਰਦੀ ਸੀ। ਕੈਂਟਨ 'ਚ, ਉਦਾਹਰਣ ਦੇ ਤੌਰ 'ਤੇ, ਇੱਕ ਇਲਾਕੇ ਦੇ ਅੰਕੜੇ ਸਾਰੀ ਕਹਾਣੀ ਦਸਦੇ ਹਨ। 1700 ਪਰਿਵਾਰਾਂ ਦੇ ਇਸ ਇਲਾਕੇ 'ਚ 17 ਪਰਿਵਾਰਾਂ ਦੇ 21 ਵਿਅਕਤੀ ਨਸ਼ੇ ਵੇਚਣ ਦੇ ਧੰਦੇ 'ਚ ਸ਼ਾਮਲ ਸਨ। 5 ਨੂੰ ਉਮਰ ਕੈਦ ਦੀ ਸਜਾ ਮਿਲੀ। ਚਾਰ ਨੂੰ ਓਨੇ ਹੀ ਗੰਭੀਰ ਅਪਰਾਧਾਂ ਲਈ ਜੁੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਦੇ ਇਲਾਕੇ ਦੇ ਲੋਕਾਂ ਦੀ ਨਿਗਰਾਨੀ ਹੇਠ ਛੱਡ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਗੰਭੀਰਤਾ ਨਾਲ ਗਲਤੀ ਦਾ ਅਹਿਸਾਸ ਕੀਤਾ ਸੀ। ਤਿੰਨਾਂ ਨੂੰ ਛੋਟੇ ਅਪਰਾਧਾਂ ਲਈ 6 ਮਹੀਨੇ ਦੀ ਸਜਾ ਮਿਲੀ, ਅੱਠਾਂ ਨੂੰ (ਮੁੜ ਸਿਖਿੱਆ) ਦੇ ਪ੍ਰੋਗਰਾਮ 'ਚ ਸ਼ਾਮਲ ਕੀਤਾ ਗਿਆ ਅਤੇ ਇੱਕ ਹਾਂਗਕਾਂਗ ਭੱਜ ਗਿਆ। 
ਇਲਾਕਾ ਦਰ ਇਲਾਕਾ ਅਫੀਮ ਵੰਡ ਦੇ ਪ੍ਰਬੰਧ ਨੂੰ ਇਸ ਕਰਕੇ ਹੀ ਜੜੋਂ ਪੁੱਟਿਆ ਜਾ ਸਕਿਆ ਕਿਉਂਕਿ ਲੋਕਾਂ ਕੋਲ ਰਾਜ ਸ਼ਕਤੀ ਸੀ। 
ਜਿੱਥੋਂ ਤੱਕ ਵੱਡੇ ਵਪਾਰੀਆਂ ਦਾ ਸਵਲ ਸੀ, ਮੁੱਖ ਦੋਸ਼ੀ ਜੋ ਲੋਕਾਂ ਦੇ ਦੁੱਖਾਂ ਦੇ ਸਿਰ'ਤੇ ਐਸ਼ ਕਰਦੇ ਸਨ ਉਹਨਾਂ ਨੂੰ ਯਕੀਨਨ ਹੀ ਦੁਸ਼ਮਣ ਸਮਝ ਕੇ ਉਸ ਹਿਸਾਬ ਨਾਲ ਹੀ ਸਲੂਕ ਕੀਤਾ ਗਿਆ। 
ਇਨਕਲਾਬ ਤੋਂ ਪਹਿਲਾਂ ਵਪਾਰੀ ਕਹਿੰਦੇ ਸਨ ''-ਪੁਲਿਸ ਸਾਡੀ ਮਿੱਤਰ ਹੈ''। ਸਾ-ਯੰਗ-ਆਈ ਨੇ ਦੱਸਿਆ, ''ਉਹਨਾਂ ਨੂੰ ਮੂਹਰਲੇ ਦਰਵਾਜਿਉਂ ਅੰਦਰ ਲਿਜਾ ਕੇ ਮਗਰਲੇ ਦਰਵਾਜਿਉਂ ਛੱਡ ਦਿੱਤਾ ਜਾਂਦਾ ਸੀ। ਪਰ ਹੁਣ ਹਾਲਤ ਉਲਟ ਸੀ।''
ਕਈ ਵੱਡੇ ਵੱਡੇ ਵਿਉਪਾਰੀ ਜਪਾਨੀ ਧਾੜਵੀ ਫੌਜਾਂ ਨਾਲ 1945 'ਚ ਪਿੱਛੇ ਹਟ ਗਏ ਜਾਂ 1949 'ਚ ਤਾਈਵਾਨ ਜਾਂ ਹਾਂਗਕਾਂਗ ਭੱਜ ਗਏ। ਜਿਹੜੇ ਪਿੱਛੇ ਰਹੇ, ਛੇਤੀ ਹੀ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ। ਇਹਨਾਂ ਵੱਡੇ ਮੁਜ਼ਰਮਾਂ ਉਤੇ ਹਜਾਰਾਂ ਲੋਕਾਂ ਸਾਹਮਣੇ ਲੋਕ-ਮੁਕੱਦਮਾ ਚਲਾਇਆ ਗਿਆ। ਲੋਕ, ਜਿਨ੍ਹਾਂ ਦੀ ਜਿੰਦਗੀ ਅਤੇ ਪਰਿਵਾਰ ਇਹਨਾਂ ਵੱਲੋਂ ਵੇਚੇ ਜਾਂਦੇ ਨਸ਼ੇ ਕਰਕੇ ਤਬਾਹ ਹੋਈ ਸੀ, ਉਹਨਾਂ ਨੇ ਗਵਾਹੀ ਦਿੱਤੀ। ਉਹਨਾਂ ਵਿਅਕਤੀਆਂ ਨਾਲ ਸਾਫ ਸਾਫ ਅਤੇ ਸਖਤ ਇਨਸਾਫ ਹੋਇਆ-ਉਮਰ ਕੈਦ ਜਾਂ ਮੌਤ ਦੀ ਸਜਾ। ਫੇਰ ਵੀ ਮੌਤ ਦੀ ਸਜਾ ਮੁਕਾਬਲਤਨ ਘੱਟ ਸੀ। ਸਿਰਫ ਵੱਡੇ ਸ਼ਹਿਰਾਂ 'ਚ 5 ਜਾਂ 10।
ਸੋ ਇਸ ਤਰਾਂ ਚੀਨ ਨੇ ਨਸ਼ਿਆਂ ਤੋਂ ਮੁਕਤੀ ਪਾਈ। ਉਹਨਾਂ ਨੇ ਇਨਕਲਾਬ ਲਿਆਂਦਾ। 
ਨਸ਼ਿਆਂ ਦਾ ਹੱਲ ਇਨਕਲਾਬ
ਚੀਨ 'ਚ ਅਜਿਹੇ ਢੰਗ ਤਰੀਕੇ ਅਮਲ 'ਚ ਲਿਆਉਣੇ ਇਸੇ ਕਰਕੇ ਸੰਭਵ ਹੋ ਸਕੇ ਕਿਉਂਕਿ ਉਹਨਾਂ ਨੇ ਇਨਕਲਾਬ ਲੈ ਆਂਦਾ ਸੀ। ਸਿਆਸੀ ਤਾਕਤ ਹੱਥ 'ਚ ਲਏ ਬਿਨਾ ਲੋਕਾਂ ਦੀ ਸਿਰਜਣਾਤਮਕ ਅਤੇ ਆਪਣੇ ਆਪ ਨੂੰ ਬਦਲਣ ਦੀ ਸਮਰੱਥਾ ਨੂੰ ਵੱਡੇ ਪੱਧਰ 'ਤੇ ਹਰਕਤ 'ਚ ਲਿਆਉਣਾ ਸੰਭਵ ਨਹੀਂ ਸੀ। ਨਾ ਹੀ ਉਹਨਾਂ ਜਮਾਤੀ ਦੁਸ਼ਮਣਾਂ ਨੂੰ ਦਬਾਉਣਾ ਸੰਭਵ ਸੀ ਜਿਹੜੇ ਨਸ਼ਿਆਂ ਦੇ ਕੌਮਾਂਤਰੀ ਵਪਾਰ 'ਚ ਲੱਗੇ ਹੋਏ ਸਨ। ਜਿੰਨਾ ਚਿਰ ਨਵੀਂ ਕਰੰਸੀ ਜਾਰੀ ਕਰਨਾ ਪ੍ਰੋਲੇਤਾਰੀ (ਲੋਕਾਂ-ਅਨੁਵਾਦਕ) ਦੇ ਹੱਥਾਂ 'ਚ ਨਾ ਹੋਵੇ ਅਤੇ  ਲੋਕਾਂ ਦਾ ਬੈਕਾਂ ਅਤੇ ਵਿਦੇਸ਼ੀ ਸਿੱਕੇ ਤੇ ਸਖਤ ਕੰਟਰੋਲ ਨਾ ਹੋਵੇ-ਨਸ਼ਿਆਂ ਦੀ ਸਮਗਲਿੰਗ ਲਈ ਧਨ ਦੀ ਵਰਤੋਂ ਜਾਮ ਨਹੀਂ ਕੀਤੀ ਜਾ ਸਕਦੀ। 
ਸਿਆਸੀ ਤੌਰ 'ਤੇ ਚੇਤੰਨ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਜਨਤਕ ਨਿਗਰਾਨੀ ਬਗੈਰ ਸਰਕਾਰੀ ਅਧਿਕਰੀਆਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਈ ਜਾ ਸਕਦੀ। ਪ੍ਰੋਲੇਤਾਰੀ (ਤੇ ਇਸ ਦੀਆਂ ਸੰਗੀ ਜਮਾਤਾਂ -ਅਨੁਵਾਦਕ) ਦੀ ਆਪਣੀ ਹਥਿਆਰਬੰਦ ਤਾਕਤ ਬਿਨਾਂ ਨਸ਼ਿਆਂ ਦੀ ਸਮਗਲਿੰਗ ਕਾਬੂ ਨਹੀਂ ਕੀਤੀ ਜਾ ਸਕਦੀ। ਲੁੱਟ ਅਤੇ ਮੁਨਾਫੇ 'ਤੇ ਅਧਾਰਤ ਸਰਮਾਏਦਾਰਾਂ (ਜਾਂ ਅਰਧ-ਜਗੀਰੂ, ਅਰਧ-ਬਸਤੀਵਾਦੀ -ਅਨੁਵਾਦਕ) ਆਰਥਕਤਾ ਨੂੰ ਤਬਾਹ ਕੀਤੇ ਬਿਨਾਂ ਪੈਸੇ ਖਾਤਰ ਖਤਰਨਾਕ ਚੀਜਾਂ ਦੇ ਵਪਾਰ ਦੀ ਜੜ ਨਹੀਂ ਪੁਟੀ ਜਾ ਸਕਦੀ। 
ਜਬਰੀ ਢੰਗ ਤਰੀਕਿਆਂ ਦੇ ਉਲਟ, ਡਾਕਟਰੀ ਸਹਾਇਤਾ ਬਗੈਰ ਲੋਕਾਂ ਦੀ ਨਸ਼ਿਆਂ ਤੋਂ ਖਹਿੜਾ ਛੁਡਾਉਣ 'ਚ ਅਸਲ ਮਦਦ ਨਹੀਂ ਕੀਤੀ ਜਾ ਸਕਦੀ।
ਲੋਕਾਂ ਦੀ ਜਥੇਬੰਦ ਚੌਕਸੀ ਅਤੇ ਲੋਕ-ਪੁਲਿਸ ਤੋਂ ਬਗੈਰ ਨਸ਼ਿਆਂ ਦੀ ਵੰਡ ਦਾ ਸਿਲਸਿਲਾ ਠੱਪ ਨਹੀਂ ਕੀਤਾ ਜਾ ਸਕਦਾ।
ਅਖਬਾਰਾਂ, ਰੇਡੀਓ, ਟੈਲੀਵੀਯਨ 'ਤੇ ਜਨਤਕ ਕੰਟਰੋਲ ਬਗੈਰ ਅਜਿਹੀਆਂ ਜਨਤਕ ਮੁਹਿੰਮਾਂ ਨਹੀਂ ਛੇੜੀਆਂ ਜਾ ਸਕਦੀਆਂ –ਜਿਹੜੀਆਂ ਲੋਕਾਂ ਵੱਲੋਂ ਕਿਸੇ ਸਮਾਜਕ ਬੁਰਾਈ 'ਤੇ ਕਾਬੂ ਪਾਉਣ ਲਈ ਜਰੂਰੀ ਹਨ।
ਆਰਥਕਤਾ 'ਤੇ ਲੋਕਾਂ ਦੇ ਕੰਟਰੋਲ ਬਿਨਾਂ, ਉਹਨਾਂ ਲੋਕਾਂ ਦੀ ਆਰਥਕ ਬਿਹਤਰੀ ਦੀ ਜਾਮਨੀ ਨਹੀਂ ਕੀਤੀ ਜਾ ਸਕਦੀ ਜਿਹੜੇ ਗਰੀਬੀ ਦੇ ਧੱਕੇ ਨਸ਼ਿਆਂ ਦੇ ਵਪਾਰ 'ਚ ਸ਼ਾਮਲ ਹੁੰਦੇ ਹਨ-ਪਰ ਜਿਹੜੇ ਇਸ ਨੂੰ ਸਚਮੁੱਚ ਤਿਆਗਣਾ ਚਾਹੁੰਦੇ ਹਨ। 
ਜਿੰਨਾ ਚਿਰ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਤਾਕਤ ਉਹਨਾਂ ਦੇ ਹੱਥਾਂ 'ਚ ਹੈ, ਉਹ ਨਸ਼ੇ ਛੱਡਣ ਲਈ ਸਹਾਇਤਾ ਲੈਣ ਖਾਤਰ ਅੱਗੇ ਆਉਣ ਤੋਂ ਡਰਦੇ ਰਹਿਣਗੇ।
ਅਜਿਹੇ ਮਹੌਲ ਬਿਨਾਂ ਜਿਸ ਵਿੱਚ ਸ਼ਹਿਰਾਂ ਦੇ ਸ਼ਹਿਰ ਜਨਤਕ ਮਦਦ ਨਾਲ ਪੁਰਾਣੀਆਂ ਆਦਤਾਂ ਖਿਲਾਫ ਜੂਝਦੇ ਹਨ, ਕਿਸੇ 'ਕੱਲੇ ਕਹਿਰੇ ਵਿਅਕਤੀ ਲਈ ਆਪਣੇ ਆਪ ਨੂੰ ਬਦਲਣ ਦੀ ਸ਼ਕਤੀ ਹਾਸਲ ਕਰਨਾ ਅਸੰਭਵ ਹੈ।
ਜਿੰਨਾ ਚਿਰ ਰਾਜ ਸੱਤਾ ਲੋਕਾਂ ਦੇ ਹੱਥ ਨਾ ਹੋਵੇ ਉਨਾ ਚਿਰ ਉਹਨਾਂ ਲੋਕਾਂ ਨੂੰ ਮੁਕਤ ਕਰਾਉਣਾ ਜਿਹੜੇ ਅਸਲ 'ਚ ਨਸ਼ਿਆਂ ਦੇ ਸ਼ਿਕਾਰ ਬਣਾਏ ਗਏ ਹਨ, ਅਤੇ ਉਹਨਾਂ ਨੂੰ ਜੇਲ੍ਹੀ ਤਾੜਨਾ ਜਿਹੜੇ ਅਸਲ ਮੁਜਰਮ ਹਨ-ਸੰਭਵ ਨਹੀਂ ਹੋ ਸਕਦਾ।
ਲੋਕ ਇਨਕਲਾਬ ਬਿਨਾਂ ਨਸ਼ਿਆਂ ਦੇ ਖਾਤਮੇ ਬਾਰੇ ਸੋਚਣਾ ਇੱਕ ਅਮਲੀ ਦੇ ਸੁਪਨਿਆਂ ਵਰਗੀ ਗੱਲ ਹੀ ਹੈ। 
(ਰੈਵੋਲੂਸ਼ਨਰੀ ਵਰਕਰ 'ਚੋਂ ਕੁੱਝ ਸੰਖੇਪ)

No comments:

Post a Comment