Tuesday, July 8, 2014

ਮੋਗੇ ਵਿੱਚ ਕੀਤੀ ਕਨਵੈਨਸ਼ਨ ਦਾ ਮਤਾ


ਮੋਗੇ ਵਿੱਚ ਕੀਤੀ ਕਨਵੈਨਸ਼ਨ ਦਾ ਮਤਾ
ਮਿਤੀ 8-4-2014 ਨੂੰ ਪਾਰਲੀਮੈਂਟ ਚੋਣਾਂ ਦੇ ਭਖੇ ਮਾਹੌਲ ਅੰਦਰ, ਵੱਖ ਵੱਖ ਵਿਭਾਗਾਂ ਦੇ ਠੇਕਾ ਆਧਾਰਤ ਨਿਗੂਣੀਆਂ ਤਨਖਾਹਾਂ ਉੱਪਰ ਲਗਾਤਾਰ ਸੇਵਾਵਾਂ ਨਿਭਾ ਰਹੇ, ਅਧਿਆਪਕਾਂ ਤੇ ਮੁਲਾਜ਼ਮਾਂ ਦੀ ਅੱਜ ਦੀ ਇਹ ਕਨਵੈਨਸ਼ਨ, ਸਭਨਾਂ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਣਾਏ ਸਾਂਝੇ ਮੱਤ ਨਾਲ ਸਹਿਮਤ ਹੁੰਦੀ ਹੋਈ ਇਹ ਸੱਦਾ ਦਿੰਦੀ ਹੈ:
—ਚੋਣਾਂ ਵਿੱਚ ਹਿੱਸਾ ਲੈ ਰਹੀਆਂ ਸਾਮਰਾਜ, ਦੇਸੀ-ਬਦੇਸ਼ੀ ਕਾਰਪੋਰੇਟਾਂ, ਭੋਇੰ-ਸਰਦਾਰਾਂ ਤੇ ਪੂੰਜੀਪਤੀਆਂ ਪੱਖੀ ਸਾਰੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਬੁਲਾਰਿਆਂ ਨੂੰ ਆਪਾਂ ਪਹਿਲਾਂ ਵੀ ਜਾਣਦੇ ਤੇ ਪਹਿਚਾਣਦੇ ਹਾਂ। ਇਹ ਸਭ ਕੇਂਦਰ ਵਿੱਚ ਜਾਂ ਵੱਖ ਵੱਖ ਸੂਬਿਆਂ ਵਿੱਚ ਸਰਕਾਰੀ ਗੱਦੀਆਂ 'ਤੇ ਕਾਬਜ਼ ਰਹੇ ਹਨ। ਆਪਾਂ ਨੂੰ ਆਪਣੇ ਵਿਭਾਗਾਂ ਵਿੱਚ ਰੁਜ਼ਗਾਰ ਨਾ ਦੇਣ, ਵੱਖ ਵੱਖ ਨਾਵਾਂ ਦੀਆਂ ਸਕੀਮਾਂ ਹੇਠ ਨਿਗੂਣੀਆਂ ਤਨਖਾਹਾਂ ਉੱਪਰ ਠੇਕੇ 'ਤੇ ਭਰਤੀ ਕਰਨ ਵਿੱਚ ਇਹਨਾਂ ਸਭਨਾਂ ਦੀ ਇੱਕਮੱਤਤਾ ਹੈ। ਅੱਜ ਚੋਣਾਂ ਦੇ ਸੀਜਨ ਵਿੱਚ, ਇੱਕ ਦੂਜੇ ਖਿਲਾਫ ਅੱਡੀਆਂ ਚੁੱਕ ਚੁੱਕ ਤੁਹਮਤਾਂ ਲਾ ਰਹੇ ਇਹ ਸਾਰੇ, ਆਪਣੀਆਂ ਸੇਵਾਵਾਂ ਰੈਗੂਲਰ ਕਰਨ, ਤਨਖਾਹਾਂ ਪੂਰੀਆਂ ਦੇਣ ਅਤੇ ਪਿੱਤਰੀ ਵਿਭਾਗਾਂ ਵਿੱਚ ਵਾਪਸ ਭੇਜਣ ਸਬੰਧੀ ਮੂੰਹ ਬੰਦ ਕਰੀਂ ਬੈਠੇ ਹਨ। 
—ਆਪਣੇ ਹੱਕ ਵਿੱਚ ਇੱਕ ਵੀ ਬੋਲ ਨਾ ਬੋਲਣ ਪਿੱਛੇ ਇਹਨਾਂ ਦੀ ਕੋਈ ਭੁੱਲ ਜਾਂ ਵਿੱਸਰ ਜਾਣ ਦੀ ਗੱਲ ਨਹੀਂ ਹੈ। ਇਹ ਤਾਂ ਇਹਨਾਂ ਵੱਲੋਂ ਆਪੋ ਆਪਣੀ ਸਰਕਾਰ ਦੇ ਹੁੰਦਿਆਂ ਲਾਗੂ ਕੀਤੀਆਂ ਗਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਰੁਜ਼ਗਾਰ ਵਿਰੋਧੀ ਨੀਤੀਆਂ ਹੀ ਹਨ, ਜਿਹਨਾਂ ਨੇ ਇਹਨਾਂ ਦਾ ਮੂੰਹ ਠਾਕਿਆ ਹੋਇਆ ਹੈ। ਇਹਨਾਂ ਸਭਨਾਂ ਦਾ, ਆਪਣੇ ਨਾਲੋਂ ਦੇਸੀ-ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਨਾਲ ਮੋਹ ਜ਼ਿਆਦਾ ਹੈ। ਉਹਨਾਂ ਲਈ, ਸਸਤੀਆਂ ਜ਼ਮੀਨਾਂ ਵੀ, ਸਬਸਿਡੀਆਂ ਵੀ, ਟੈਕਸ ਛੋਟਾਂ ਵੀ, ਰਿਆਇਤਾਂ-ਖੁੱਲ੍ਹਾਂ ਵੀ, ਕਰਜ਼ੇ ਵੀ ਅਤੇ ਕਰਜ਼ਿਆਂ ਉੱਤੇ ਕਾਟੇ ਵੀ, ਦੇ ਮੋਟੇ ਗੱਫੇ ਹਨ। ਆਪਾਂ ਨੂੰ ਰੁਜ਼ਗਾਰ ਵੱਲੋਂ ਕੋਰਾ ਜੁਆਬ, ਸੰਘਰਸ਼ ਬਾਅਦ ਜੇ ਦੇਣਾ ਪੈ ਜਾਵੇ ਤਾਂ ਵਿਭਾਗ ਵਿੱਚ ਨਹੀਂ, ਕਿਸੇ ਸਕੀਮ ਅਧੀਨ, ਠੇਕੇ 'ਤੇ ਕੱਚਾ ਰੁਜ਼ਗਾਰ ਨਿਗੂਣੀ ਤਨਖਾਹ 'ਤੇ ਸਾਰੇ ਧੱਕੇ ਹਨ। 
—ਇਹਨਾਂ ਸਭਨਾਂ ਦੀਆਂ ਸਰਕਾਰਾਂ ਆਪਾਂ ਨੂੰ ਨਾ ਸਿਰਫ ਪੱਕਾ, ਰੈਗੂਲਰ ਪੂਰੀ ਤਨਖਾਹ ਅਤੇ ਵਿਭਾਗ ਵਿੱਚ ਰੁਜ਼ਗਾਰ ਨਹੀਂ ਦਿੰਦੀਆਂ, ਉਲਟਾ ਰੁਜ਼ਗਾਰ ਮੰਗਣ ਗਿਆਂ ਦੇ ਆਪਣੇ ਹੱਡ ਭੰਨਦੀਆਂ, ਪੱਗਾਂ ਲਾਹੁੰਦੀਆਂ ਤੇ ਗੁੱਤੋਂ ਘੜੀਸਦੀਆਂ ਹਨ। ਝੂਠੇ ਕੇਸ ਪਾ ਜੇਲ੍ਹੀਂ ਡੱਕਦੀਆਂ ਹਨ। 
—ਇਸ ਤੋਂ ਵੀ ਅੱਗੇ, ਆਪਾਂ ਜਦੋਂ ਵੀ ਕਦੇ ਆਪਣੀ ਮੰਗ ਦੱਸਣ ਲਈ ਜਾਂ ਰੋਸ ਪ੍ਰਗਟਾਉਣ ਲਈ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਆਪਣਾ ਮੱਥਾ, ਧਰਨੇ-ਮੁਜਾਹਰਿਆਂ 'ਤੇ ਪਾਬੰਦੀ ਲਾਉਂਦੇ ਡੀ.ਸੀ. ਜਾਂ ਐਸ.ਡੀ.ਐਮ. ਨਾਲ ਅਤੇ ਡਾਂਗਾਂ-ਗੋਲੀਆਂ ਤੇ ਪਾਣੀ ਦੀਆਂ ਬੁਛਾੜਾਂ ਵਾਲੀ ਤੋਪ-ਮਸ਼ੀਨ ਨਾਲ ਲੈਸ ਪੁਲਸ-ਕਮਾਂਡੋ ਨਾਲ ਲੱਗਦਾ ਹੈ। ਇਹ ਸਭ ਤਾਕਤਾਂ, ਆਪਾਂ ਨੂੰ ਸਰਕਾਰ ਦੇ ਨੇੜੇ ਵੀ ਫੜਕਣ ਨਹੀਂ ਦਿੰਦੀਆਂ। ਰਾਹ ਵਿੱਚੋਂ ਹੀ ਲਹੂ ਲੁਹਾਣ ਕਰਕੇ ਵਾਪਸ ਮੋੜ ਦਿੰਦੀਆਂ ਹਨ। ਆਪਾਂ ਨੂੰ ਤਾਂ ਇਹੀ ਸਰਕਾਰ ਬਣਕੇ ਟੱਕਰਦੇ ਹਨ। ਇਹਨਾਂ 'ਤੇ ਆਪਣਾ ਕਿਹੜਾ ਦਬਾਅ? ਕਿਉਂਕਿ ਇਹਨਾਂ ਨੂੰ ਕਿਹੜਾ ਆਪਾਂ ਤੇ ਲੋਕ ਵੋਟਾਂ ਨਾਲ ਚੁਣਦੇ ਹਾਂ। ਇਹਨਾਂ ਨੂੰ ਸਰਕਾਰ ਆਪਣੀ ਪਸੰਦ ਅਨੁਸਾਰ ਲਾਉਂਦੀ ਹੈ, ਆਪਣੀ ਸਰਕਾਰੀ ਦਬਸ਼ ਹੇਠ ਰੱਖਦੀ ਹੈ ਤੇ ਇਹ ਵੀ ਸਰਕਾਰ ਦੀ ਨੀਤੀ ਅਨੁਸਾਰ ਚੱਲਦੇ ਹਨ। 
—ਇਸ ਸਾਰੇ ਦੇ ਬਾਵਜੂਦ ਵੀ, ਆਪਾਂ ਜੋ ਕੁੱਝ ਵੀ ਹਾਸਲ ਕੀਤਾ ਹੈ, ਭਾਵੇਂ ਠੇਕੇ 'ਤੇ ਕੱਚਾ ਰੁਜ਼ਗਾਰ ਹੀ ਹੈ, ਭਾਵੇਂ ਤਨਖਾਹ ਵੀ ਬਹੁਤ ਘੱਟ ਹੈ। ਭਾਵੇਂ ਤਨਖਾਹ ਵਧਵਾਈ ਹੈ, ਭਾਵੇਂ ਪਿੱਤਰੀ ਵਿਭਾਗ ਵਿੱਚ ਨਹੀਂ ਹਾਂ, ਭਾਵੇਂ ਕਿਸੇ ਸਕੀਮ ਅਧੀਨ ਹੀ ਹਾਂ, ਪਰ ਰੁਜ਼ਗਾਰ ਵਿੱਚ ਹਾਂ। ਇਹ ਸਭ ਆਪਣੀ ਜਥੇਬੰਦੀ ਤੇ ਸੰਘਰਸ਼ ਦੇ ਜ਼ੋਰ ਹੀ ਹਾਸਲ ਕੀਤਾ ਹੈ। 
—ਸੋ ਅੱਜ ਦੀ ਕਨਵੈਨਸ਼ਨ, ਅੱਜ ਦੀ ਹਾਲਤ ਵਿੱਚ, ਵੋਟ ਪਾਉਣ ਜਾਂ ਨਾ ਪਾਉਣ ਨੂੰ ਵਿਅਕਤੀਗਤ ਖੇਤਰ ਵਿੱਚ ਛੱਡਦਿਆਂ ਇਸ ਪਲੇਚੇ-ਝਮੇਲੇ ਵਿੱਚ ਪੈਣ, ਉਲਝਣ ਤੇ ਖਪਣ ਦੀ ਥਾਂ ਆਪਣੇ ਹੱਕ ਹਾਸਲ ਕਰਨ ਵਾਲੇ ਅਤੇ ਹੱਕਾਂ ਦੀ ਰਾਖੀ ਕਰਨ ਵਾਲੇ ਸੰਦ-ਸੰਗਠਨ ਤੇ ਸੰਘਰਸ਼ ਨੂੰ ਮਜਬੂਤ ਕਰਨ ਤੇ ਸਾਂਝੇ ਕਰਨ ਦਾ ਸੱਦਾ ਦਿੰਦੀ ਹੈ। ਇਸ ਕਨਵੈਨਸ਼ਨ ਵਿੱਚ ਹਾਜ਼ਰ ਸਾਰੇ ਸਾਥੀ ਹੁਣੇ ਤੋਂ ਇਸ ਕੰਮ ਲਈ ਅਭਿਆਸ ਵਿੱਚ ਪੈਣ ਦੀ  ਵਚਨਬੱਧਤਾ ਕਰਦੇ ਹਨ। 
ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ
-ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ, ਪੰਜਾਬ।
-ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ।
-ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ।
-ਆਦਰਸ਼ ਸਕੂਲ ਟੀਚਿੰਗ ਅਤੇ ਨਾਨ-ਟੀਚਿੰਗ ਯੂਨੀਅਨ।
-ਐਸ.ਟੀ.ਆਰ. ਯੂਨੀਅਨ ਪੰਜਾਬ।
-ਈ.ਜੀ.ਐਸ. ਅਧਿਆਪਕ ਯੂਨੀਅਨ ਪੰਜਾਬ।
-ਏ.ਆਈ.ਈ. ਟੀਚਰ ਫਰੰਟ ਪੰਜਾਬ।
-ਜਲ-ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਪੰਜਾਬ।
-ਕੰਨਟੈਕਟ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ (ਫੀਮੇਲ)
-ਰੈਗੂਲਰ ਐਂਡ ਕੰਟਰੈਕਟ ਪੀ.ਆਰ.ਟੀ.ਸੀ. 
  ਵਰਕਰਜ਼ ਯੂਨੀਅਨ (ਆਜ਼ਾਦ)
-ਪਨ-ਬੱਸ ਕੰਟਰੈਕਟ ਵਰਕਰਜ਼ ਯੂਨੀਅਨ।
੦-੦

No comments:

Post a Comment