Tuesday, July 8, 2014

ਚਾਰੂ ਮਜੂਮਦਾਰ


ਸ਼ਰਧਾਂਜਲੀਆਂ- ਕਾਮਰੇਡ ਸੋਹੀ ਦੀ ਕਲਮ ਤੋਂ
ਕਾਮਰੇਡ ਚਾਰੂ ਮਜੂਮਦਾਰ ਦੀ ਮੌਤ ਉੱਤੇ
ਕਮਿਊਨਿਸਟ ਪਾਰਟੀ (ਮ.ਲ.) ਦੇ ਬਾਨੀ ਚੇਅਰਮੈਨ ਕਾਮਰੇਡ ਚਾਰੂ ਮਜ਼ੂਮਦਾਰ ਦਾ 28 ਜੁਲਾਈ 1972 ਨੂੰ ਦੇਹਾਂਤ ਹੋ ਗਿਆ। ਕਾਮਰੇਡ ਚਾਰੂ ਮਜ਼ੂਮਦਾਰ ਨਕਸਲਬਾੜੀ ਦੀ ਉਸ ਇਤਿਹਾਸਕ ਹਥਿਆਰਬੰਦ ਕਿਸਾਨ ਬਗਾਵਤ ਦਾ ਸਿਧਾਂਤਕ ਰਹਿਬਰ ਸੀ, ਜਿਸ ਨਾਲ ਹਿੰਦੋਸਤਾਨ ਦੀ ਕਮਿਊਨਿਸਟ ਲਹਿਰ ਪਾਰਲੀਮੈਂਟਰੀ ਸਿਆਸਤ ਦੀ ਦਲਦਲ 'ਚੋਂ ਨਿਕਲ ਕੇ ਲੋਕ-ਯੁੱਧ ਦੇ ਸ਼ਾਹ-ਰਾਹ ਉੱਤੇ ਚੱਲ ਪਈ। ਹਿੰਦੋਸਤਾਨੀ ਇਨਕਲਾਬ ਦੇ ਇਤਿਹਾਸ ਅੰਦਰ ਇਸ ਮਹਾਨ ਇਨਕਲਾਬੀ ਮੋੜੇ ਦੇ ਨਾਲ ਕਾਮਰੇਡ ਚਾਰੂ ਮਜ਼ੂਮਦਾਰ ਦਾ ਨਾਂ ਅਮਿੱਟ ਰੂਪ ਵਿਚ ਜੁੜ ਗਿਆ ਹੈ ਅਤੇ ਹਮੇਸ਼ਾਂ ਲਈ ਸਤਿਕਾਰ ਦਾ ਪਾਤਰ ਬਣ ਗਿਆ ਹੈ। 
ਕਾਮਰੇਡ ਚਾਰੂ ਮਜ਼ੂਮਦਾਰ ਇੱਕ ਜੂਝਣਹਾਰ ਅਤੇ ਸਿਰੜੀ ਕਮਿਊਨਿਸਟ ਸੀ ਅਤੇ ਉਸਦੇ ਦਿਲ ਅੰਦਲ ਲਾਟ ਵਾਂਗ ਬਲ਼ਦੀ ਇਹ ਇਨਕਲਾਬ ਦੀ ਤਾਂਘ ਹੀ ਸੀ ਜਿਹੜੀ ਉਸਨੂੰ ਆਪਣੇ ਬਿਮਾਰ ਸਰੀਰ ਨਾਲ ਇਨਕਲਾਬ ਲਈ ਕਠਨ ਘਾਲਣਾ ਵਿਚ ਜੁਟੇ ਰਹਿਣ ਦਾ ਬਲ ਬਖਸ਼ਦੀ ਰਹੀ। ਕਾਮਰੇਡ ਚਾਰੂ ਮਜ਼ੂਮਦਾਰ ਦੀ ਮੌਤ, ਕਮਿਊਨਿਸਟ ਪਾਰਟੀ (ਮ.ਲ.) ਲਈ ਤਾਂ ਇੱਕ ਡੂੰਘਾ ਸੱਲ ਹੈ ਈ, ਹਿੰਦੋਸਤਾਨ ਦੇ ਸਾਰੇ ਕਮਿਊਨਿਸਟ ਇਨਕਲਾਬੀਆਂ ਲਈ ਇੱਕ ਦੁੱਖ ਭਰੀ ਘਟਨਾ ਹੈ।
ਕਾਮਰੇਡ ਚਾਰੂ ਦੀ ਮੌਤ ਉਸਦੀ ਗ੍ਰਿਫਤਾਰੀ ਤੋਂ ਬਾਹਰਵੇਂ ਦਿਨ ਵਿਚ ਹੋਈ ਜਦੋਂ ਉਹ ''ਪੁੱਛਗਿੱਛ'' ਲਈ ਪੁਲਸ ਹਵਾਲੇ ਸੀ। ਮੌਤ ਕਿਸੇ ਵੀ ਸ਼ਕਲ ਵਿਚ ਹੋਈ ਹੋਵੇ- ਕਾਬੂ ਆਏ ਇਨਕਲਾਬੀ ਦਾ ਖਾਤਮਾ ਕਰਨ ਲਈ ਤਸੀਹੇ ਦਾ ਕੁਢੱਬਾ ਢੰਗ ਵਰਤਿਆ ਗਿਆ ਹੋਵੇ ਜਾਂ ਲੋੜੀਂਦੀ ਡਾਕਟਰੀ ਸਹਾਇਤਾ ਨਾ ਦੇਣ ਦਾ ਸੂਖਮ, ਪਰ ਓਨਾ ਹੀ ਕਮੀਨਾ ਢੰਗ- ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਦਰਾ ਸਰਕਾਰ ਉਸਦੀ ਕਾਤਲ ਹੈ। ਜੇ ਲੋਕ ਪੱਛਮੀ ਬੰਗਾਲ ਦੇ ਚੀਫ ਮਨਿਸਟਰ ਦੀਆਂ ਮਕਰ ਭਰੀਆਂ ਸਫਾਈਆਂ ਨੂੰ ਹਕਾਰਤ ਨਾਲ ਰੱਦ ਕਰ ਰਹੇ ਹਨ ਤਾਂ ਇਹ ਕੋਈ ਓਪਰੀ ਗੱਲ ਨਹੀਂ। ਪਿਛਲੇ ਕੁੱਝ ਸਮੇਂ ਤੋਂ ਲੋਕਾਂ ਨੂੰ ਇਹਨਾਂ ਹਾਕਮਾਂ ਦੇ ਮਾਸੂਮ ਮਖੌਟਿਆਂ ਓਹਲੇ ਲੁਕੇ ਲਹੂ-ਲਿਬੜੇ ਰਾਕਸ਼ੀ ਚਿਹਰੇ ਵੇਖਣ ਦੇ ਅਣਗਿਣਤ ਮੌਕੇ ਮਿਲਦੇ ਰਹੇ ਹਨ। ਜਦੋਂ ਆਂਧਰਾ ਅੰਦਰ, ਅਦੁੱਤੀ ਲੋਕ ਆਗੂ ਕਾਮਰੇਡ ਵੈਂਪਾਤੂ ਸਤਿਆਨਰੈਣਨ ਅਤੇ ਉਸਦੇ ਸਾਥੀਆਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ। ਸ਼ੇਰਦਿਲ ਗੁਰੀਲਾ ਤਰੀਮਤ ਕਾਮਰੇਡ ਨਿਰਮਲਾ ਕ੍ਰਿਸ਼ਨਾ ਮੂਰਤੀ ਅਤੇ ਉਸਦੇ ਸਾਥੀਆਂ ਨੂੰ ਨੂੜ ਕੇ ਗੋਲੀਆਂ ਨਾਲ ਛਲਣੀ ਕੀਤਾ ਗਿਆ, ਜਦੋਂ ਪੰਜਾਬ ਅੰਦਰ, ਬਜ਼ੁਰਗ ਦੇਸ਼ ਭਗਤ ਬਾਬਾ ਬੂਝਾ ਸਿੰਘ ਅਤੇ ਦਰਜਨਾਂ ਨੌਜੁਆਨ ਸਿਰਲੱਥ ਇਨਕਲਾਬੀਆਂ ਨੂੰ ਗ੍ਰਿਫਤਾਰ ਕਰਕੇ ਨਿਹੱਥਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਜਦੋਂ ਰਾਤਾਂ ਨੂੰ ਕਲਕੱਤੇ ਦੇ ਮੁਹੱਲਿਆਂ ਅਤੇ ਪੰਜਾਬ ਦੇ ਪਿੰਡਾਂ 'ਚ ਪੁਲਸ ਦੀਆਂ ਧਾੜਾਂ ਵੱਲੋਂ ਅਣਗਿਣਤ ਗੱਭਰੂਆਂ ਨੂੰ ਚੁਣ ਚੁਣ ਕੇ ਧੂਹਿਆ ਗਿਆ ਤੇ ਮਾਰ-ਖਪਾਇਆ ਗਿਆ, ਲੋਕ ਹੰਝੂਆਂ ਤੇ ਰੋਹ ਭਰੀਆਂ ਅੱਖਾਂ ਨਾਲ ਇਹ ਸਭ ਕੁੱਝ ਦੇਖਦੇ ਰਹੇ ਹਨ। ਅਤੇ ਇਹਨਾਂਖੂਨੀ ਸਾਕਿਆਂ ਉੱਤੇ ਪਰਦਾ ਪਾਉਣ ਲਈ ਹਾਕਮਾਂ ਵੱਲੋਂ ਫੈਲਾਏ ''ਪੁਲਸ ਮੁਕਾਬਲਿਆਂ'' ਦੇ ਕੁਫਰ ਉੱਤੇ ਲੋਕ ਥੁੱਕਦੇ ਰਹੇ ਹਨ। ਉਹ ਲੋਕ, ਜਿਹਨਾਂ ਦਾ ਇਸ ਹਕੂਮਤ ਦੇ ਅੰਨ੍ਹੇ ਝੂਠ ਨਾਲ ਵਾਹ ਪਿਆ ਹੈ, ਉਹ ਕਿਸੇ ਵੀ ਇਨਕਲਾਬੀ ਦੀ ਮੌਤ ਬਾਰੇ ਹਕੂਮਤੀ ਬਿਆਨਾਂ ਨੂੰ ਕੀ ਵੁੱਕਤ ਦੇ ਸਕਦੇ ਹਨ? 
ਜਿਹਨਾਂ ਭੇਦ-ਭਰੇ ਹਾਲਾਤ ਅੰਦਰ ਕਾਮੇਰਡ ਚਾਰੂ ਦੀ ਮੌਤ ਹੋਈ ਹੈ, ਉਹਨਾਂ ਦੀ ਸਹੀ ਪੜਤਾਲ ਕਰਵਾਉਣ ਦੀ ਮੰਗ ਦੋ ਪਾਸਿਆਂ ਤੋਂ ਦੋ ਮਕਸਦਾਂ ਲਈ ਉੱਠ ਰਹੀ ਹੈ। ਕਮਿਊਨਿਸਟ ਇਨਕਲਾਬੀਆਂ ਵੱਲੋਂ ਇਸ ਮਕਸਦ ਲਈ ਕਿ ਉਹ ਲੋਕ, ਜਿਹਨਾਂ ਨੂੰ ਇਸ ਹਕੂਮਤ ਦੇ ਜਲਾਦ-ਸੁਭਾਅ ਬਾਰੇ ਕਿਸੇ ਕਿਸਮ ਦਾ ਭਰਮ-ਭੁਲੇਖਾ ਹੈ, ਅਸਲੀਅਤ ਨੂੰ ਜਾਣ ਲੈਣ। ਸਹੀ ਪੜਤਾਲ ਹੋਣ ਦੀ ਸੂਰਤ ਵਿਚ ਹਕੂਮਤ ਦਾ ਇਹ ਕੋਝਾ ਜ਼ੁਰਮ ਸਪਸ਼ਟ ਜ਼ਾਹਰ ਹੋ ਜਾਣਾ ਹੁੰਦਾ ਹੈ ਅਤੇ ਅਜਿਹੀ ਪੜਤਾਲ ਤੋਂ ਭੱਜਣ ਦੀ ਸੂਰਤ ਵਿਚ ਹਕੂਮਤ ਦੇ ਦੋਸ਼ੀ ਕਿਰਦਾਰ ਦੀ ਟੇਢੇ ਰੂਪ ਵਿਚ ਪੁਸ਼ਟੀ ਜਾਂਦੀ ਹੈ। ਦੂਜੇ ਪਾਸਿਉਂ ਬੁਰਜੂਆ ਸਿਆਸਤਦਾਨਾਂ ਤੇ ਸੋਧਵਾਦੀਆਂ ਵੱਲੋਂ ਪੜਤਾਲ ਦੀ ਮੰਗ ਦਾ ਮਕਸਦ ਸਾਧਾਰਨ ਜਨਤਾ ਅੰਦਰ ਹਿੰਦੋਸਤਾਨ ਦੀ ਅਣਜੰਮੀ ਜਮਹੂਰੀਅਤ ਦਾ ਭਰਮ ਬਣਾਈ ਰੱਖਣਾ ਹੈ ਅਤੇ ਆਪਣੀ ਇਨਸਾਫਪਸੰਦੀ ਦਿਖਾ ਕੇ ਲੋਕਾਂ ਅੱਗੇ ਸੱਚੇ ਹੋਣਾ ਹੈ। 
ਕਮਿਊਨਿਸਟ ਇਨਕਲਾਬੀ ਤਾਂ ਅਸਲੀਅਤ ਬੁੱਝੀਂ ਬੈਠੇ ਹਨ। ਉਹਨਾਂ ਲਈ ਅਸਲੀਅਤ ਕਿਸੇ ਇੱਕ ਘਟਨਾ ਦੀ ਪੜਤਾਲ 'ਚੋਂ ਨਹੀਂ ਨਿਕਲਦੀ, ਇਹ ਉਹਨਾਂ ਦੇ ਸੈਂਕੜੇ ਹਮਦਰਦਾਂ, ਸਾਥੀਆਂ ਅਤੇ ਆਗੂਆਂ ਦੀਆਂ ਸ਼ਹੀਦੀਆਂ ਦੇ ਤਲਖ ਤਜਰਬੇ ਵਿਚੋਂ ਉਪਜੀ ਹੈ। ਕਮਿਊਨਿਸਟ ਇਨਕਲਾਬੀਆਂ ਦਾ ਅਤੇ ਇਸ ਹਕੂਮਤ ਦਾ ਰਿਸ਼ਤਾ ਤਹਿ ਹੋ ਚੁੱਕਿਆ ਹੈ- ਮੌਤ ਦਾ ਰਿਸ਼ਤਾ। ਕਮਿਊਨਿਸਟ ਇਨਕਲਾਬੀਆਂ ਦੇ ਜਿਉਂਦੇ ਬੋਲ ਇਸ ਹਕੂਮਤ ਦੀ ਨੇੜੇ ਆ ਰਹੀ ਅਟੱਲ ਮੌਤ ਦੀ ਕਨਸੋਅ ਹਨ ਅਤੇ ਹਕੂਮਤ ਆਪਣੀ ਚੰਦਰੀ ਹੋਣੀ ਨੂੰ ਟਾਲਣ ਲਈ ਇਨਕਲਾਬੀ ਬੋਲਾਂ ਨੂੰ ਮੌਤ ਦੀ ਖਾਮੋਸ਼ੀ ਵਿਚ ਡੁਬੋਣ 'ਤੇ ਉਤਾਰੂ ਹੈ। ਇਸ ਡਾਇਣ ਹਕੂਮਤ ਦੀ ਮਾਰੂ ਸ਼ਕਤੀ ਦੇ ਹੁੰਦਿਆਂ ਵੀ ਜੇਕਰ ਕਮਿਊਨਿਸਟ ਇਨਕਲਾਬੀ ਜਿਉਂਦੇ ਹਨ ਤਾਂ ਇਸ ਲਈ ਕਿ ਉਹਨਾਂ ਸਾਰਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਜੜ੍ਹ ਨਹੀਂ ਪੁੱਟੀ ਜਾ ਸਕਦੀ। ਹਕੂਮਤ ਦਾ ਵਾਹ ਬੰਦਿਆਂ ਦੀ ਕਿਸੇ ਬੱਝਵੀਂ ਗਿਣਤੀ ਨਾਲ ਨਹੀਂ, ਜਿਹੜੀ ਮੁਕਾਈ ਜਾ ਸਕਦੀ ਹੈ, ਇੱਕ ਲਹਿਰ ਨਾਲ ਹੈ, ਜਿਸ ਅੰਦਰ ਨੌਂ-ਬਰ-ਨੌਂ ਹੁੰਦੇ ਰਹਿਣ ਦੀ ਕਲਾ ਹੈ। ਜਦੋਂ ਤੱਕ ਇਹ ਆਪਣੇ ਜੀਵਨ-ਸਰੋਤ ਵਿਸ਼ਾਲ ਲੋਕਾਈ ਤੋਂ ਬੇਮੁਖ ਨਹੀਂ ਹੋ ਜਾਂਦੀ, ਇਸ ਨੂੰ ਕੋਈ ਸ਼ੈਤਾਨੀ ਤਾਕਤ ਫਨਾਹ ਨਹੀਂ ਕਰ ਸਕਦੀ। ਕਮਿਊਨਿਸਟ ਇਨਕਲਾਬੀਆਂ ਲਈ ਜਿਉਣਾ ਮਰਨਾ ਵਿਅਕਤੀਗਤ ਮਾਮਲਾ ਨਹੀਂ, ਉਹ ਆਪਣੀ ਹਸਤੀ ਨੂੰ ਸਮੂਹਿਕ ਰੂਪ ਵਿਚ ਹੀ ਦੇਖਦੇ ਹਨ। ਇਨਕਲਾਬੀ ਸੰਘਰਸ਼ ਅੰਦਰ ਜਦੋਂ ਕੋਈ ਕਮਿਊਨਿਸਟ ਕੁਰਬਾਨ ਹੁੰਦਾ ਹੈ ਤਾਂ ਸਾਰੇ ਜਿਉਂਦੇ ਵੀ ਉਸ ਮੌਤ ਨੂੰ ਭੋਗਦੇ ਹਨ ਅਤੇ ਜਿਹੜਾ ਸਿਰਲੱਥ ਘੁਲਾਟੀਆ ਇਨਕਲਾਬੀ ਸਿਦਕ ਕਾਇਮ ਰੱਖਦਾ ਮੌਤ ਦੀ ਦਾਈ ਨੂੰ ਹੱਥ ਲਾ ਕੇ ਆਪਣੀ ਬਾਜੀ ਪੁਗਾ ਜਾਂਦਾ ਹੈ, ਉਹ ਪਿੱਛੇ ਬਚੇ ਸਾਥੀਆਂ ਦੇ ਵਿਚਾਰਾਂ ਤੇ ਕਾਰਨਾਮਿਆਂ ਵਿਚ ਧੜਕਦਾ ਰਹਿੰਦਾ ਹੈ, ਜਿਉਂਦਾ ਰਹਿੰਦਾ ਹੈ। 
ਕਾਮਰੇਡ ਚਾਰੂ ਮਜ਼ੂਮਦਾਰ ਅੱਜ ਸਾਡੇ ਵਿਚਕਾਰ ਮੌਜੂਦ ਨਹੀਂ ਹੈ, ਪਰ ਅਸੀਂ ਇਸ ਰਸਮੀ ਬੁਰਜੂਆ ਸਦਾਚਾਰ ਦੀ ਪਾਲਣਾ ਨਹੀਂ ਕਰਦੇ ਕਿ ਕਿਸੇ ਦੇ ਮਰਨ ਤੋਂ ਬਾਅਦ ਉਸਦੀ ਸਿਫਤ ਸਲਾਹੁਤਾ ਹੀ ਕਰਨੀ ਚਾਹੀਦੀ ਹੈ, ਉਸ ਦੇ ਮਾੜੇ ਪੱਖਾਂ ਦਾ ਵੇਰਵਾ ਨਹੀਂ ਪਾਉਣਾ ਚਾਹੀਦਾ। ਭਾਰਤੀ ਇਨਕਲਾਬ ਨਾਲ ਸੰਬੰਧਤ ਕਈ ਸਿਆਸੀ ਤੇ ਜਥੇਬੰਦਕ ਸੁਆਲਾਂ ਉੱਤੇ ਸਾਡੇ ਕਾਮਰੇਡ ਚਾਰੂ ਨਾਲ ਤਿੱਖੇ ਮੱਤਭੇਦ ਰਹੇ ਹਨ। ਖਾਸ ਕਰਕੇ ਉਸਦੀ ਅਗਵਾਈ ਵਿਚ ਚਲਾਈ ਗਈ ''ਜਮਾਤੀ ਦੁਸ਼ਮਣ ਦੇ ਖਾਤਮੇ ਦੀ ਮੁਹਿੰਮ'' ਅਤੇ ਇਸ ਮੁਹਿੰਮ ਨੂੰ ਮੁਢਲੇ ਪੜਾਅ ਵਿਚ ਇਨਕਲਾਬੀ ਲਹਿਰ ਲਈ ਇੱਕੋ ਇੱਕ ਸਹੀ ਪੈਂਤੜਾ ਮੰਨਣ ਦੀ ਉਸਦੀ ਪਾਲਸੀ ਦੇ ਅਸੀਂ ਤਕੜੇ ਨੁਕਤਾਚੀਨ ਰਹੇ ਹਾਂ। ਮੁੱਢ ਤੋਂ ਹੀ ਸਾਨੂੰ ਇਹ ਸੰਸਾ ਸੀ ਕਿ ਕਾਮਰੇਡ ਚਾਰੂ ਦੀ ਸਿਆਸੀ ਤੇ ਜਥੇਬੰਦਕ ਤੰਗਨਜ਼ਰੀ ਵਾਲੀ ਪਹੁੰਚ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸਖਤ ਧੱਕਾ ਲਾਉਣ ਦਾ ਕਾਰਨ ਬਣੇਗੀ। ਸਮੇਂ ਦੇ ਗੇੜ ਨੇ ਇਹ ਸੰਸਾ ਸੱਚ ਕਰ ਵਿਖਾਇਆ ਹੈ ਅਤੇ ਗਲਤ ਅਗਵਾਈ ਸਦਕਾ ਲਹਿਰ ਨੂੰ ਆਪਣਾ ਸਭ ਤੋਂ ਕੀਮਤੀ ਸਰਮਾਇਆ- ਕਸਬੀ ਇਨਕਲਾਬੀ ਦੀ ਜ਼ਿੰਦਗੀ- ਬੇਲੋੜਾ ਗੁਆਉਣ ਦੇ ਇੱਕ ਲੰਮੇ ਸਿਲਸਿਲੇ ਵਿਚੋਂ ਲੰਘਣਾ ਪੈ ਗਿਆ ਹੈ, ਜਿਸ ਦੀ ਆਖਰੀ ਕੜੀ ਸ਼ਾਇਦ ਕਾਮਰੇਡ ਚਾਰੂ ਨੂੰ ਖੋਣਾ ਵੀ ਨਾ ਬਣੇ। ਪਰ ਕਾਮਰੇਡ ਚਾਰੂ ਮਜ਼ੂਮਦਾਰ ਦੀ ਨੀਤੀ ਦੇ ਤਿੱਖੇ ਕੁਰਾਹੇ ਅਤੇ ਇਸਦੇ ਨਤੀਜੇ ਵਜੋਂ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਅਸੀਂ ਆਪਣੇ ਰਵੱਈਏ ਨੂੰ ਇਉਂ ਉਲਾਰ ਨਹੀਂ ਹੋਣ ਦਿੱਤਾ ਕਿ ਦੋਸਤ ਤੇ ਦੁਸ਼ਮਣ ਦੀ ਤਮੀਜ਼ ਹੀ ਭੁੱਲ ਜਾਈਏ ਅਤੇ ਕਾਮਰੇਡ ਚਾਰੂ ਨੂੰ ਕਮਿਊਨਿਸਟ ਇਨਕਲਾਬੀ ਲਹਿਰ ਦਾ ਗਲਤੀ ਕਰ ਰਿਹਾ ਅੰਗ ਨਾ ਮੰਨ ਕੇ ''ਉਲਟ ਇਨਕਲਾਬੀ'' ਸਫਾਂ ਵਿਚ ਲਿਜਾ ਖੜ੍ਹਾ ਕਰੀਏ, ਤੇ ਦੁਸ਼ਮਣਾਂ ਵਾਲੇ ਵਰਤਾਓ ਦਾ ਹੱਕਦਾਰ ਕਰਾਰ ਦੇਈਏ। ਇਸ ਲਈ ਭਾਵੇਂ ਇਹ ਸਾਡਾ ਇੱਕਤਰਫਾ ਦਾਅਵਾ ਹੀ ਰਿਹਾ ਹੈ ਪਰ ਲਗਾਤਾਰ ਰਿਹਾ ਹੈ ਕਿ ਉਹ ਸਾਡੇ ਵਿਚੋਂ ਇੱਕ ਸੀ। ਮੌਤ ਨਾਲ ਬਗਲਗੀਰ ਹੋਣ ਤੱਕ ਕਾਮਰੇਡ ਚਾਰੂ ਆਪਣੀ ਮੱਤ ਅਨੁਸਾਰ ਇਨਕਲਾਬੀ ਈਮਾਨ ਉੱਤੇ ਸਾਬਤ ਰਿਹਾ ਹੈ। ਇੱਕ ਭਾਰਤੀ ਅਖੌਤ ਹੈ ''ਉਹ ਸਦਾ ਜਿਉਂਦਾ ਰਹਿੰਦਾ ਹੈ, ਜਿਸਦਾ ਈਮਾਨ ਜਿਉਂਦਾ ਹੈ।'' ਅਸੀਂ ਉਹਨਾਂ ਸਾਰੇ ਕਮਿਊਨਿਸਟ ਇਨਕਲਾਬੀਆਂ ਨੂੰ ਬੜੇ ਅਦਬ ਤੇ ਅਪਣੱਤ ਨਾਲ ਚਿਤਵਦੇ ਹਾਂ, ਜਿਹਨਾਂ ਨੇ ਭਾਰਤੀ ਇਨਕਲਾਬ ਲਈ ਹੋ ਰਹੇ ਸੰਗਰਾਮ ਅੰਦਰ ਆਪਣੀਆਂ ਜਿੰਦਾਂ ਇਨਕਲਾਬ ਦੇ ਲੇਖੇ ਲਾਈਆਂ ਅਤੇ ਉਹਨਾਂ ਸਾਥੀਆਂ ਦੀ ਸਦਾ ਰਹਿਣੀ ਸ਼ਾਨ ਨੂੰ ਲਾਲ ਝੰਡੇ ਦੀ ਸਲਾਮੀ ਦਿੰਦੇ ਹਾਂ। 

No comments:

Post a Comment