Tuesday, July 8, 2014

ਪਿਰਥੀਪਾਲ ਰੰਧਾਵਾ


ਸ਼ਹੀਦ ਪਿਰਥੀਪਾਲ ਰੰਧਾਵਾ:
ਜਿਉਣ-ਮਰਨ ਦੀ ਸ਼ਾਨਦਾਰ ਰਵਾਇਤ!
''ਸਾਰੇ ਬੰਦਿਆਂ ਨੇ ਮਰ ਹੀ ਜਾਣਾ ਹੈ, ਪਰ ਮਹੱਤਤਾ ਪੱਖੋਂ ਮੌਤ ਮੌਤ ਵਿੱਚ ਫਰਕ ਹੋ ਸਕਦਾ ਹੈ। ਪਰਾਚੀਨ ਚੀਨੀ ਲਿਖਾਰੀ ਜ਼ੂਮਾ ਚੀਅਨ ਨੇ ਕਿਹਾ ਸੀ, ''ਭਾਵੇਂ ਸਾਰੇ ਬੰਦਿਆਂ ਨੂੰ ਇੱਕੋ ਜਿਹੀ ਮੌਤ ਆਉਂਦੀ ਹੈ, ਪਰ ਇਹ ਤਾਈ ਪਰਬਤ ਤੋਂ ਭਾਰੀ ਵੀ ਹੋ ਸਕਦੀ ਹੈ ਜਾਂ ਫੰਘ ਤੋਂ ਹੌਲੀ ਵੀ'' ਲੋਕਾਂ ਵਾਸਤੇ ਮਰਨਾ ਤਾਈ ਪਰਬਤ ਤੋਂ ਭਾਰੀ ਹੈ ਪਰ ਫਾਸ਼ਿਸਟਾਂ ਵਾਸਤੇ ਕੰਮ ਕਰਨਾ ਅਤੇ ਲੁਟੇਰਿਆਂ ਤੇ ਜਾਬਰਾਂ ਵਾਸਤੇ ਮਰ ਜਾਣਾ ਫੰਘ ਤੋਂ ਹੌਲਾ ਹੈ।''  -ਮਾਓ-ਜ਼ੇ-ਤੁੰਗ
ਅੱਜ ਤੋਂ 33 ਵਰ੍ਹੇ ਪਹਿਲਾਂ ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਦਾ ਸਭ ਤੋਂ ਸਤਿਕਾਰਿਆ ਜਾਣ ਵਾਲਾ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਜਿਹੀ ਹੀ ਪਰਬਤੋਂ ਭਾਰੀ ਮੌਤ ਦੇ ਗਲ ਜਾ ਲੱਗਿਆ। ਮੌਤ! ਜਿਹੜੀ ਲੁੱਟ ਅਤੇ ਦਾਬੇ ਵਿਰੁੱਧ ਲੋਕਾਂ ਦੀ ਮੁਕਤੀ ਦੇ ਕਾਜ਼ ਲਈ ਜੂਝਦੇ ਹਜ਼ਾਰਾਂ ਜੁਝਾਰੂਆਂ ਦੇ ਮਨਾਂ ਅੰਦਰਲੀ ਜਮਾਤੀ ਨਫਰਤ ਨੂੰ ਪਰਚੰਡ ਕਰਨ ਵਾਲਾ ਪ੍ਰੇਰਨਾ ਸਰੋਤ ਬਣ ਗਈ। 
18 ਜੁਲਾਈ 1979, (ਜਿਸ ਦਿਨ ਲੋਕ ਦੁਸ਼ਮਣ ਤਾਕਤਾਂ ਦੇ ਸ਼ਿਸ਼ਕਾਰੇ ਹੋਏ ਜ਼ਰਖਰੀਦ ਗੁੰਡਿਆਂ ਨੇ ਇਸ ਹੋਣਹਾਰ ਸਖਸ਼ੀਅਤ ਨੂੰ ਨਿਗਲਿਆ ਸੀ) ਜਿੱਥੇ ਆਏ ਵਰ੍ਹੇ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਲਈ, ਇਸ ਸੁਘੜ ਜਨਤਕ ਆਗੂ ਦੀ ਅਣਹੋਂਦ ਦਾ ਦਿਲ ਵਿੰਨ੍ਹਵਾਂ ਅਹਿਸਾਸ ਲੈ ਕੇ ਆਉਂਦੀ ਹੈ, ਉਥੇ ਨਾਲ ਹੀ ਪਿਰਥੀ ਦੇ ਸ਼ਾਨਦਾਰ ਇਨਕਲਾਬੀ ਜੀਵਨ ਅਤੇ ਉਸਦੀ ਸੂਰਬੀਰਤਾ ਭਰੀ ਮੌਤ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੰਦੇਸ਼ ਲੈ ਕੇ ਆਉਂਦੀ ਹੈ। 
ਪਿਰਥੀ ਨੇ ਪੰਜਾਬ ਅੰਦਰ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਵਿੱਚ ਇੱਕ ਜਨਤਕ ਆਗੂ ਵਜੋਂ ਸਭ ਤੋਂ ਉੱਘੜਵਾਂ ਰੋਲ ਨਿਭਾਇਆ। ਉਸਦੀ ਅਗਵਾਈ ਵਿੱਚ ਉੱਸਰੀ ਪੰਜਾਬ ਸਟੂਡੈਂਟਸ ਯੂਨੀਅਨ ਨਾ ਸਿਰਫ ਪੰਜਾਬ ਦੇ ਵਿਦਿਆਰਥੀਆਂ ਦੀ ਮਾਣ-ਤਾਣ ਵਾਲੀ ਲੜਾਕੂ ਜਥੇਬੰਦੀ ਵਜੋਂ ਉੱਭਰੀ ਸਗੋਂ ਇਸਨੇ ਪੰਜਾਬੀ ਦੀ ਇਨਕਲਾਬੀ ਜਮਹੂਰੀ ਲਹਿਰ ਅੰਦਰ ਚੇਤਨ ਅਤੇ ਖਾੜਕੂ ਜੱਦੋਜਹਿਦਾਂ ਦੀਆਂ ਸ਼ਾਨਦਾਰ ਰਵਾਇਤਾਂ ਦੀ ਸਿਰਜਣਾ ਵਿੱਚ ਮੋਹਰੀ ਰੋਲ ਅਦਾ ਕੀਤਾ। ਦਰੁਸਤ ਕਮਿਊਨਿਸਟ ਇਨਕਲਾਬੀ ਸਿਆਸਤ ਤੋਂ ਅਗਵਾਈ ਅਤੇ ਪ੍ਰੇਰਨਾ ਲੈਣ ਅਤੇ ਇਸਨੂੰ ਜਨਤਕ ਸਰਗਰਮੀ ਦੇ ਖੇਤਰ ਵਿੱਚ ਲਾਗੂ ਕਰਨ ਦੀ ਆਪਣੀ ਯੋਗਤਾ ਸਦਕਾ ਪਿਰਥੀ ਨੇ ਪੰਜਾਬ ਅੰਦਰ ਜਬਰਦਸਤ ਖਾੜਕੂ ਇਨਕਲਾਬੀ ਜਨਤਕ ਲਹਿਰ ਨੂੰ ਜਥੇਬੰਦ ਕਰਨ ਅਤੇ ਅਗਵਾਈ ਦੇਣ ਵਿੱਚ ਉੱਭਰਵਾਂ ਰੋਲ ਅਦਾ ਕੀਤਾ। ਇਹ ਦਰੁਸਤ ਇਨਕਲਾਬੀ ਸਿਆਸਤ ਵਿੱਚ ਉਸਦੀ ਅਡੋਲ ਨਿਹਚਾ ਕਰਕੇ ਹੀ ਸੀ ਕਿ ਉਸਨੇ 1970-71 ਦੇ ਉਸ ਦੌਰ ਵਿੱਚ ਖਿੰਡੀ ਹੋਈ ਇਨਕਲਾਬੀ ਵਿਦਿਆਰਥੀ ਜਥੇਬੰਦੀ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਕਮਿਊਨਿਸਟ ਇਨਕਲਾਬੀ ਲਹਿਰ ਅੰਦਰਲਾ ਮਾਅਰਕੇਬਾਜ਼ ਰੁਝਾਨ ਚੜ੍ਹਤ ਵਿੱਚ ਸੀ। ਜਦੋਂ ਇਨਕਲਾਬੀ ਜਨਤਕ ਲੀਹ ਵਿੱਚ ਅਡੋਲ ਨਿਹਚਾ ਦੇ ਬਗੈਰ- ਇਹ ਵਿਸ਼ਵਾਸ਼ ਕਰਨਾ ਸੰਭਵ ਨਹੀਂ ਸੀ ਕਿ ਹਾਕਮ ਜਮਾਤਾਂ ਦੇ ਭਿਆਨਕ ਜਬਰ ਦੇ ਬਾਵਜੂਦ ਜਨਤਕ ਜਥੇਬੰਦੀਆਂ ਉਸਾਰੀਆਂ ਅਤੇ ਕਾਇਮ ਰੱਖੀਆਂ ਜਾ ਸਕਦੀਆਂ ਹਨ। ਪਿਰਥੀ ਦੀ ਅਗਵਾਈ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਨਕਲਾਬੀ ਜਨਤਕ ਲੀਹ ਦੀ ਖਰੀ ਝੰਡਾਬਰਦਾਰ ਵਜੋਂ ਮਾਅਰਕੇਬਾਜ਼ ਅਤੇ ਸੋਧਵਾਦੀ ਰੁਝਾਨਾਂ ਵਿਰੁੱਧ ਡਟਵੀਂ ਲੜਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਵਿਸ਼ਾਲ ਹਿੱਸਿਆਂ ਨੂੰ ਇਹਨਾਂ ਰੁਝਾਨਾਂ ਤੋਂ ਮੁਕਤ ਰੱਖਿਆ। 
ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੱਖ ਵੱਖ ਤਬਕਿਆਂ ਦੀ ਸਾਂਝੀ ਜਨਤਕ ਲਹਿਰ ਦੀ ਉਸਾਰੀ ਕਰਨ ਅਤੇ ਲੋਕਾਂ ਅੰਦਰ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਵਿੱਚ ਨਿਭਾਏ ਵਿਲੱਖਣ ਰੋਲ ਨੇ ਵਿਦਿਆਰਥੀਆਂ-ਨੌਜੁਆਨਾਂ ਤੋਂ ਇਲਾਵਾ ਲੋਕਾਂ ਦੇ ਹੋਰਨਾਂ ਜੁਝਾਰ ਹਿੱਸਿਆਂ ਦੇ ਮਨਾਂ ਵਿੱਚ ਵੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪਿਰਥੀਪਾਲ ਰੰਧਾਵਾ ਦੀ ਵਿਸ਼ੇਸ਼ ਥਾਂ ਬਣਾ ਦਿੱਤੀ ਸੀ। ਇਸੇ ਕਰਕੇ ਪਿਰਥੀ ਦਾ ਨਕਸ਼ਾ ਇੱਕ ਹਰਮਨ ਪਿਆਰੇ ਵਿਦਿਆਰਥੀ ਆਗੂ ਤੋਂ ਅੱਗੇ ਵਧ ਕੇ ਆਮ ਲੋਕਾਂ ਦੇ ਇੱਕ ਆਗੂ ਵਿੱਚ ਵਟਦਾ ਜਾ ਰਿਹਾ ਸੀ। 
ਪਿਰਥੀ ਦੀ ਸਖਸ਼ੀਅਤ ਇੱਕ ਵਧੀਆ ਕਮਿਊਨਿਸਟ ਵਾਲੇ ਸ਼ਾਨਦਾਰ ਗੁਣਾਂ ਦੀ ਮਾਲਕ ਸੀ। ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਵਿੱਚ ਬਣੇ ਉਸਦੇ ਮਾਣ ਤਾਣ ਵਾਲੇ ਰੁਤਬੇ ਨੇ ਉਸਨੂੰ ਕਦੇ ਵੀ ਫਤੂਰ ਨਹੀਂ ਚਾੜ੍ਹਿਆ। ਆਪਣੇ ਸਮੁੱਚੇ ਇਨਕਲਾਬੀ ਜੀਵਨ ਦੌਰਾਨ ਉਸਨੇ ਇਨਕਲਾਬੀ ਜਥੇਬੰਦੀ ਦੀ ਸਮੁਹਿਕ ਇੱਛਾ  ਸਾਹਮਣੇ ਚੇਤਨ ਆਪਾ ਸਮਰਪਣ  ਦੀ ਸ਼ਾਨਦਾਰ ਰਵਾਇਤ ਨੂੰ ਉੱਚੀ ਚੁੱਕਿਆ। ਵਿਦਿਆਰਥੀਆਂ ਅਤੇ ਲੋਕਾਂ ਲਈ ਗਹਿਰੇ ਨਿੱਘ ਅਤੇ ਸਤਿਕਾਰ ਦੀਆਂ ਭਾਵਨਾਵਾਂ ਨਾਲ ਭਰੇ ਇਸ ਆਗੂ ਦੀ ਸਖਸ਼ੀਅਤ ਲਈ ਛੋਟਾਪਣ ਅਤੇ ਤੰਗਨਜ਼ਰੀ ਬਿਲਕੁੱਲ ਓਪਰੇ ਸਨ। ਮਾਅਰਕੇਬਾਜ਼ ਅਤੇ ਸੋਧਵਾਦੀ ਸਿਆਸਤ ਦੇ ਪੈਰੋਕਾਰਾਂ ਵੱਲੋਂ ਸਮੇਂ ਸਮੇਂ ਉਸਦੀ ਸਖਸ਼ੀਅਤ ਉੱਤੇ ਘਟੀਆ ਨਿੱਜੀ ਤੋਹਮਤਬਾਜ਼ੀ ਨਾਲ ਭਰੇ ਜ਼ਹਿਰੀਲੇ ਹਮਲੇ ਹੁੰਦੇ ਰਹੇ। ਪਰ ਉਸ ਨੇ ਨਾ ਹੀ ਇਹਨਾਂ ਦੀ ਕਦੇ ਪ੍ਰਵਾਹ ਕੀਤੀ ਅਤੇ ਨਾ ਹੀ ਆਪਣੇ ਆਪ ਨੂੰ, ਸਿਆਸੀ ਵਿਰੋਧੀਆਂ ਨਾਲ ਵਿਚਾਰਧਾਰਕ ਲੜਾਈ ਰਾਹੀਂ ਨਜਿੱਠਣ ਦੇ ਮਿਆਰ ਤੋਂ ਨੀਵਾਂ ਡਿਗਣ ਦਿੱਤਾ। ਆਪਣੇ ਗੰਭੀਰ, ਵਿਚਾਰਸ਼ੀਲ ਅਤੇ ਨਿੱਘੇ ਸੁਭਾਅ ਕਰਕੇ ਉਹ ਉਹਨਾਂ ਸਾਰੇ ਲੋਕਾਂ ਨੂੰ ਪਿਆਰਾ ਲੱਗਣ ਲੱਗ ਪਿਆ ਸੀ, ਜਿਹੜੇ ਵੀ ਉਸਦੀ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਵਾਹ ਵਿੱਚ ਆਏ। 
ਬਹੁਤ ਹੀ ਹਰਮਨ ਪਿਆਰਾ ਅਤੇ ਸਤਿਕਾਰਿਆ ਇਨਕਲਾਬੀ ਘੁਲਾਟੀਆ ਹੋਣ ਕਰਕੇ ਅਤੇ ਇੱਕ ਵਿਲੱਖਣ ਇਨਕਲਾਬੀ ਜਨਤਕ ਆਗੂ ਵਾਲੇ ਗੁਣਾਂ ਦਾ ਮਾਲਕ ਹੋਣ ਕਰਕੇ ਪਿਰਥੀ ਦੀ ਸਖਸ਼ੀਅਤ ਇਸ ਲੁਟੇਰੇ ਸਮਾਜਿਕ ਪ੍ਰਬੰਧ ਲਈ ਖਤਰਾ ਬਣ ਕੇ ਉੱਭਰ ਰਹੀ ਸੀ। ਪਿਰਥੀ ਦੀ ਸ਼ਹੀਦੀ ਨਾਲ ਵੀ ਲੋਕ ਦੁਸ਼ਮਣ ਤਾਕਤਾਂ ਇਸ ਖਤਰੇ ਤੋਂ ਸੁਰਖਰੂ ਨਹੀਂ ਹੋ ਸਕੀਆਂ। ਉਸਦੇ ਕਤਲ ਵਿਰੁੱਧ ਚੱਲੀ ਲੋਕਾਂ ਦੀ ਜਬਰਦਸਤ ਵਿਰੋਧ ਲਹਿਰ ਲੋਕ ਮਨਾਂ ਅੰਦਰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪਿਰਥੀਪਾਲ ਰੰਧਾਵਾ ਦੀ ਸਖਸ਼ੀਅਤ ਦੇ ਡੂੰਘੇ ਅਸਰ ਦਾ ਬੱਝਵਾਂ ਪ੍ਰਗਟਾਵਾ ਸੀ। ਰੰਧਾਵਾ ਘੋਲ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਇੱਕ ਦਹਾਕੇ ਵਿੱਚ ਸਿਰਜੀਆਂ ਉਹਨਾਂ ਸ਼ਾਨਦਾਰ ਰਵਾਇਤਾਂ ਦਾ ਪ੍ਰਤੀਕ ਸੀ- ਜਿਹਨਾਂ ਨੂੰ ਪ੍ਰਫੁੱਲਤ ਕਰਨ ਵਿੱਚ ਪਿਰਥੀ ਨੇ ਉੱਭਰਵਾਂ ਰੋਲ ਨਿਭਾਇਆ। ਇਨਕਲਾਬੀ ਜਨਤਕ ਲਹਿਰ ਨੂੰ ਹੁਲਾਰਾ ਦੇ ਕੇ ਅਤੇ ਹਾਕਮ ਜਮਾਤਾਂ ਵਿਰੁੱਧ ਲੋਕਾਂ ਦੀ ਜਮਾਤੀ ਨਫਰਤ ਨੂੰ ਹੋਰ ਪਰਚੰਡ ਕਰਕੇ ਇਸ ਘੋਲ ਨੇ ਵਿਖਾ ਦਿੱਤਾ ਕਿ ਲੋਕ ਆਗੂਆਂ ਦੇ ਕਤਲਾਂ ਰਾਹੀਂ ਹਾਕਮ ਜਮਾਤਾਂ ਇਨਕਲਾਬੀ ਸ਼ਕਤੀਆਂ ਹੱਥੋਂ ਆਪਣੀ ਮੌਤ ਦੇ ਖਤਰੇ ਤੋਂ 'ਸੁਰਖਰੂ' ਨਹੀਂ ਹੋ ਸਕਦੀਆਂ।
ਪਿਰਥੀ ਦੀ ਜ਼ਿੰਦਗੀ ਅਤੇ ਮੌਤ ਇਨਕਲਾਬੀ ਲਹਿਰ ਦੇ ਕਾਜ ਅੰਦਰ ਦ੍ਰਿੜ੍ਹ ਵਿਸ਼ਵਾਸ਼ ਵਾਲੇ ਇਨਕਲਾਬੀ ਹੌਂਸਲੇ ਅਤੇ ਕੁਰਬਾਨੀ ਦੀ ਸ਼ਾਨਦਾਰ ਕਮਿਊਨਿਸਟ ਰਵਾਇਤ ਦੀ ਤਰਜਮਾਨ ਸੀ। ਅੱਜ ਪਿਰਥੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਰਥ ਉਸਦੀ ਜ਼ਿੰਦਗੀ ਅਤੇ ਮੌਤ ਤੋਂ ਪ੍ਰੇਰਨਾ ਲੈਂਦਿਆਂ ਉਸ ਦਰੁਸਤ ਇਨਕਲਾਬੀ ਲੀਹ ਦੀ ਰਾਖੀ ਅਤੇ ਵਧਾਰੇ ਲਈ ਡਟਣਾ ਹੈ, ਜੀਹਦੇ 'ਤੇ ਪਿਰਥੀ ਅੰਤਲੇ ਸਾਹਾਂ ਤੱਕ ਡਟਿਆ ਰਿਹਾ।  

No comments:

Post a Comment