ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਖ ਵੱਖ ਥਾਈਂ ਸਰਕਾਰ ਵਿਰੁੱਧ ਰੋਸ ਮਾਰਚ
ਖਡੂਰ ਸਾਹਿਬ, 17 ਅਪਰੈਲ: ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਤੇ ਟਾਂਡਾ ਦੀ ਸਾਂਝੀ ਟੀਮ ਨੇ ਵੱਡੀ ਗਿਣਤੀ ਵਿਚ ਮੋਟਰਸਾਈਕਲਾਂ ਤੇ ਗੱਡੀਆਂ ਉਪਰ ਲਾਊਡ ਸਪੀਕਰ ਰਾਹੀਂ ਪਿੰਡਾਂ ਅਤੇ ਕਸਬਿਆਂ ਵਿਚ ਹਾਕਮ ਧਿਰ ਅਕਾਲੀ-ਭਾਜਪਾ ਦਾ ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਦੱਸਿਆ ਕਿ ਮੌਜੂਦਾ ਸਰਕਾਰ ਨੇ ਕਿਸ ਤਰ੍ਹਾਂ 21 ਫਰਵਰੀ ਨੂੰ ਬਾਰਡਰ ਜ਼ੋਨ
ਦੇ ਚੀਫ ਦਫਤਰ ਅੱਗੇ ਹਰੇਕ ਵਰਗ ਦੇ ਲੋਕਾਂ ਦੇ ਹੱਕ ਲਈ ਸ਼ਾਂਤਮਈ ਧਰਨਾ ਦੇ ਰਹੇ ਨਿਰਦੋਸ਼ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਨੂੰ ਪੁਲੀਸ ਨੇ ਕੁੱਟਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ, ਜੇਲ੍ਹਾਂ ਵਿਚ ਬੰਦ 13 ਕਿਸਾਨ ਆਗੂ ਬਿਨਾਂ ਸ਼ਰਤ ਰਿਹਾਅ ਕਰਨ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚਲਾਈ ਗੋਲੀ, ਅੱਥਰੂ ਗੈਸ, ਲਾਠੀਚਾਰਜ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣ ਅਤੇ ਸ਼ਹੀਦ ਕਿਸਾਨ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਲੀ-ਭਾਜਪਾ ਸਰਕਾਰ ਦੇ ਸਾਰੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਬਾਬਾ ਗੁਰਮੇਜ ਸਿੰਘ, ਸਵਿੰਦਰ ਸਿੰਘ, ਕਸ਼ਮੀਰ ਸਿੰਘ ਬਾਣੀਆਂ, ਬਲਕਾਰ ਸਿੰਘ ਸੂਬੇਦਾਰ, ਭਗਵਾਨ ਸਿੰਘ ਸੰਘਰ, ਮੁਖਵਿੰਦਰ ਸਿੰਘ ਖਡੂਰ ਸਾਹਿਬ, ਬਚਿੱਤਰ ਸਿੰਘ, ਕੁਲਵੰਤ ਸਿੰਘ ਭੈਲ, ਇਕਬਾਲ ਸਿੰਘ, ਦਲਬੀਰ ਸਿੰਘ ਢੋਟੀਆਂ, ਗੁਰਬਚਨ ਸਿੰਘ ਲੁਹਾਰ, ਨਛੱਤਰ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ੋਨ ਚੌਗਾਵਾਂ ਵੱਲੋਂ ਪ੍ਰਧਾਨ ਬਾਜ ਸਿੰਘ ਸਾਰੰਗੜਾ, ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਦੀ ਅਗਵਾਈ ਵਿੱਚ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਝੰਡੇ ਲੈ ਕੇ ਵੱਖ-ਵੱਖ ਪਿੰਡਾਂ 'ਚ ਰੋਸ ਮਾਰਚ ਕੀਤਾ ਤੇ ਚੌਗਾਵਾਂ ਚੌਕ 'ਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਨਿਹੱਥੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਜ਼ਖਮੀ ਕੀਤਾ ਤੇ ਜਿਸ ਵਿਚ ਇੱਕ ਕਿਸਾਨ ਬਹਾਦਰ ਸਿੰਘ ਬੰਡਾਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਦੌਰਾਨ 13 ਕਿਸਾਨਾਂ ਉਪਰ ਝੂਠੇ ਪਰਚੇ ਕਰ ਦਿੱਤੇ ਗਏ ਜਿਸ ਦੇ ਵਿਰੋਧ ਵਿਚ ਚੱਬਾ ਦੇ ਗੁਰਦੁਆਰੇ ਵਿਖੇ 22 ਦਿਨ ਮੋਰਚਾ ਲਾਇਆ ਗਿਆ, ਜਿਸ ਵਿਚ ਪੰਜਾਬ ਸਰਕਾਰ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਤੇ ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਤੇ ਜ਼ਖਮੀਆਂ ਨੂੰ ਨਕਦ ਸਹਾਇਤਾ ਦੀਆਂ ਮੰਗਾਂ ਮੰਨ ਕੇ ਮੁਕਰ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਮੁਗਲਾਂ ਦੇ ਰਾਜ ਵਾਲੀ ਨੀਤੀ ਅਪਣਾਈ ਹੋਈ ਹੈ, ਜਿਸ ਦੇ ਜ਼ੁਲਮਾਂ ਤੋਂ ਪੰਜਾਬ ਦੇ ਲੋਕ ਤੰਗ ਆ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਅਕਾਲੀ ਭਾਜਪਾ ਸਰਕਾਰ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰੇਮ ਸਿੰਘ ਬੱਚੀਵਿੰਡ, ਕਸ਼ਮੀਰ ਸਿੰਘ, ਸੂਬਾ ਸਿੰਘ, ਗੁਰਲਾਲ ਸਿੰਘ, ਗੁਰਬਚਨ ਸਿੰਘ, ਬਲਦੇਵ ਸਿੰਘ, ਦਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।
----- ੦ -----
No comments:
Post a Comment