Tuesday, July 8, 2014

ਤ੍ਰਿਮਲਾ ਨਾਗੀ ਰੈੱਡੀ


ਕਾਮਰੇਡ ਤ੍ਰਿਮਲਾ ਨਾਗੀ ਰੈੱਡੀ ਦੀ ਯਾਦ ਵਿੱਚ!

(ਕਾਮਰੇਡ ਤ੍ਰਿਮਲਾ ਨਾਗੀ ਰੈੱਡੀ ਦਾ ਜੁਲਾਈ 1976 'ਚ ਦਿਹਾਂਤ ਹੋਇਆ ਸੀ। ਉਹਨਾਂ ਦੀ ਬਰਸੀ 'ਤੇ ਕਾ. ਹਰਭਜਨ ਸੋਹੀ ਦੀ ਇਹ ਲਿਖਤ ਸ਼ਰਧਾਂਜਲੀ ਵਜੋਂ ਛਾਪੀ ਜਾ ਰਹੀ ਹੈ।)
ਕਾਮਰੇਡ ਤ੍ਰਿਮਲਾ ਨਾਗੀ ਰੈੱਡੀ ਦੀ ਮੌਤ, ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਲਈ, ਆਪਣੀ ਮੁਕਤੀ ਲਈ ਜੂਝਦੇ ਭਾਰਤੀ ਲੋਕਾਂ ਲਈ, ਖਾਸ ਕਰਕੇ ਆਂਧਰਾ ਪ੍ਰਦੇਸ਼ ਦੇ ਲੋਕਾਂ ਲਈ, ਚਾਣਚੱਕ ਤੇ ਗਹਿਰਾ ਸਦਮਾ ਹੈ। ਉਸਦੇ ਦਿਹਾਂਤ ਨਾਲ ਭਾਰਤੀ ਕਮਿਊਨਿਸਟ ਲਹਿਰ ਦਾ ਅਜਿਹਾ ਇਨਕਲਾਬੀ ਥੰਮ੍ਹ ਡਿਗ ਪਿਆ ਹੈ, ਜਿਸ ਦਾ ਨਾਂ, ਸਭਨਾਂ ਥਾਵਾਂ 'ਤੇ ਲੋਕਾਂ ਦੇ ਮਨਾਂ ਅੰਦਰ ਇਸ ਲਹਿਰ ਦੇ ਦਰੁਸਤ ਰੁਝਾਨ ਨਾਲ ਜੁੜਿਆ ਹੋਇਆ ਸੀ, ਇਉਂ ਹੋਣਾ ਸੀ ਵੀ ਦਰੁਸਤ। ਕਿਉਂਕਿ ਇਹ ਉਹ ਹੀ ਸੀ, ਜਿਸਨੇ ਆਂਧਰਾ ਪ੍ਰਦੇਸ਼ ਦੇ ਬਹੁਗਿਣਤੀ ਕਾਰਕੁੰਨਾਂ ਸਾਹਮਣੇ ਸੀ.ਪੀ.ਐਮ. ਦੀ ਨਵ-ਸੋਧਵਾਦੀ ਲੀਡਰਸ਼ਿੱਪ ਨੂੰ ਨੰਗਿਆਂ ਕਰਨ ਅਤੇ ਇਸਦਾ ਵਕਾਰ ਘਟਾਉਣ 'ਚ, ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਲਾਲ ਝੰਡਾ ਉੱਚਾ ਚੁੱਕਦਿਆਂ, ਚਾਰੂ ਮਜ਼ੂਮਦਾਰ ਦੀ ਖੱਬੀ ਮਾਅਰਕੇਬਾਜ਼ ਲੀਹ ਦਾ ਥੋਥ ਜ਼ਾਹਰ ਕਰਨ ਤੇ ਇਸਦਾ ਵਿਰੋਧ ਕਰਨ 'ਚ ਮਹਾਨ ਤਿਲੰਗਾਨਾ ਘੋਲ ਦੇ ਤਜਰਬੇ ਦੇ ਅਧਾਰ 'ਤੇ ਬੁਨਿਆਦੀ ਰੂਪ ਵਿਚ ਸਹੀ ਜ਼ਰੱਈ ਇਨਕਲਾਬੀ ਲਹਿ ਉਲੀਕਣ 'ਚ, ਭਾਰਤੀ ਇਨਕਲਾਬ ਦੇ ਪ੍ਰੋਗਰਾਮ ਤੇ ਇਸਦੇ ਰਾਹ ਦਾ ਖਰੜਾ ਤਿਆਰ ਕਰਕੇ, ਇੱਕ ਇਨਕਲਾਬੀ ਕੇਂਦਰ ਦੀ ਉਸਾਰੀ ਲਈ ਤੇ ਨਤੀਜੇ ਵਜੋਂ ਹਕੀਕੀ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੀ ਉਸਾਰੀ ਲਈ ਸਿਆਸੀ ਅਧਾਰ ਪੈਦਾ ਕਰਨ 'ਚ ਕਾਮਰੇਡ ਡੀ.ਵੀ. ਰਾਓ ਦੇ ਨੇੜਲੇ ਸਹਿਯੋਗੀ ਵਜੋਂ ਆਗੂ ਰੋਲ ਅਦਾ ਕੀਤਾ। 
ਉਹ ਸਾਡੇ ਕੋਲੋਂ ਬੜੇ ਨਾਜ਼ੁਕ ਮੌਕੇ ਵਿਛੜਿਆ ਹੈ, ਜਦੋਂ ਵੱਖ ਵੱਖ ਕਮਿਊਨਿਸਟ ਇਨਕਲਾਬੀ ਬਣਤਰਾਂ ਨੂੰ, ਸਾਂਝੀ ਸਿਆਸੀ ਲੀਹ ਦੇ ਅਸੂਲੀ ਅਧਾਰ ਉੱਪਰ ਇੱਕ ਇਨਕਲਾਬੀ ਕੇਂਦਰੀ ਜਥੇਬੰਦੀ ਵਿਚ ਗੁੰਦਣ ਦੀਆਂ ਉਸਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਫਲ ਪੈਣਾ ਸ਼ੁਰੂ ਹੋ ਗਿਆ ਸੀ ਤੇ ਹਕੀਕੀ ਏਕਤਾ ਅਮਲ ਵੇਗ ਫੜ ਰਿਹਾ ਸੀ ਅਤੇ ਇੱਕ ਨਵੇਂ ਉਗਾਸੇ ਦੀਆਂ ਬਰੂਹਾਂ ਉੱਤੇ ਆਇਆ ਹੋਇਆ ਸੀ। ਉਸਦੀ ਮੌਤ ਕਮਿਊਨਿਸਟ ਇਨਕਲਾਬੀ ਏਕਤਾ ਦੇ ਇਸ ਕਾਜ਼ ਲਈ ਭਾਰੀ ਧੱਕਾ ਹੈ, ਜਿਸ ਲਈ ਉਸ ਅੰਦਰ ਏਨੀ ਪਰਬਲ ਤਾਂਘ ਸੀ ਤੇ ਜਿਸ ਨੂੰ ਪੂਰ ਚਾੜ੍ਹਨ ਲਈ, ਆਪਣੇ ਆਖਰੀ ਦਿਨਾਂ ਅੰਦਰ, ਕਮਜ਼ੋਰ ਸਿਹਤ ਦੀ ਕੀਮਤ 'ਤੇ ਵੀ ਉਸਨੇ ਆਪਣਾ ਸਾਰਾ ਤਾਣ ਲਾਇਆ ਹੋਇਆ ਸੀ। 
ਕਾ. ਨਾਗੀ ਰੈੱਡੀ ਇੱਕ ਭੀਸ਼ਣ ਬੁਲਾਰਾ ਤੇ ਇਨਕਲਾਬੀ ਪਰਚਾਰਕ ਸੀ, ਪਰ ਉਸਦੇ ਇਹ ਗੁਣ ਉਸਦੀ ਸਖਸ਼ੀਅਤ ਦੇ ਇੱਕ ਹੋਰ ਬੁਨਿਆਦੀ ਲੱਛਣ ਦਾ ਇਜ਼ਹਾਰ ਸਨ: ਉਹ ਇੱਕ ਅਸਲੀ ਇਨਕਲਾਬੀ ਜਨਤਕ ਆਗੂ ਸੀ। ਇੱਕ ਜਨਤਕ ਹਸਤੀ ਦੇ ਤੌਰ 'ਤੇ ਹਰ ਘਟਨਾ, ਨੀਤੀ ਜਾਂ ਫੈਸਲੇ ਵੇਲੇ, ਉਹ ਹਰ ਹਾਲ ਸੁਤੇਸਿੱਧ ਹੀ, ਜਨ-ਸਮੂਹ ਕੋਲ ਖਿੱਚਿਆ ਤੁਰਿਆ ਜਾਂਦਾ ਸੀ। ਸਮੂਹ ਨਾਲ ਰਾਬਤਾ- ਸਮੂਹ ਆਮ ਲੋਕਾਂ ਦਾ ਹੋਵੇ ਜਾਂ ਕਾਰਕੁਨਾਂ ਤੇ ਹਮਦਰਦਾਂ ਦਾ- ਉਹਦੀ ਇਨਕਲਾਬੀ ਜੀਵਨ-ਜਾਚ ਸੀ। ਪਰ, ਇੱਕ ਇਨਕਲਾਬੀ ਆਗੂ ਵਜੋਂ ਉਸ ਅੰਦਰ ਕਾਂਗ ਦੇ ਉਲਟ ਤੁਰਨ ਦਾ, ਸਸਤੀ ਸ਼ੁਹਰਤ ਨੂੰ ਲੱਤ ਮਾਰਦਿਆਂ, ਕਿਸੇ ਰੁਝਾਨ, ਜਜ਼ਬਾਤ ਜਾਂ ਪੱਖਪਾਤ ਨਾਲ ਪ੍ਰਭਾਵਿਤ ਹੋਏ ਲੋਕਾਂ 'ਚ ਦਲੇਰੀ ਨਾਲ ਜਾਣ ਅਤੇ ਤਹਮਲ ਪਰ ਦ੍ਰਿੜ੍ਹਤਾ ਨਾਲ ਉਹਨਾਂ ਦੀ ਕਿਸੇ ਪੁਜੀਸ਼ਨ ਜਾਂ ਕਦਮ ਦੀ ਗਲਤੀ ਦਾ ਅਹਿਸਾਸ ਕਰਵਾਉਣ ਦਾ ਜਿਗਰਾ ਵੀ ਸੀ। 
ਉਹ ਵੱਡੀ ਸਦਾਚਾਰਕ ਹਸਤੀ ਦਾ ਮਾਲਕ ਸੀ। ਉਸਦਾ ਨਿਸਚਾ ਸੀ ਕਿ ਕਿਸੇ ਮਹਾਨ ਤੇ ਉੱਚੇ ਕਾਰਜ ਲਈ ਪ੍ਰਣਾਏ ਹੋਏ ਇਨਕਲਾਬੀ ਨੂੰ, ਹਰ ਹਾਲਤ ਵਿਚ ਅਤੇ ਹਰ ਤਰ੍ਹਾਂ ਨਾਲ, ਆਪਣੇ ਜਮਾਤੀ ਵਿਰੋਧੀਆਂ ਤੇ ਸਿਆਸੀ ਕੁਰਾਹੀਆਂ ਤੋਂ ਉੱਚਾ ਰਹਿਣਾ ਬਣਦਾ ਹੈ। ਉਸਦੀ ਸਮੁੱਚੀ ਜ਼ਿੰਦਗੀ ਇਸ ਨਿਸਚੇ ਦੀ ਸਾਖੀ ਹੈ। ਹੋਰਨਾਂ ਤੋਂ ਉਲਟ, ਜਿਹਨਾਂ 'ਚੋਂ ਬਹੁਤੇ ਵਿਚਾਰ ਤੇ ਵਿਹਾਰ ਦੀ ਤੁੱਛਤਾ ਦੀ ਦਲਦਲ 'ਚ ਖੁੱਭੇ ਹੁੰਦੇ ਹਨ, ਕਾ. ਨਾਗੀ ਰੈੱਡੀ ਨਿਗੂਣੀਆਂ ਗਿਣਤੀਆਂ ਤੇ ਮਾਮਲਿਆਂ ਤੋਂ ਕਿਤੇ ਉੱਚਾ ਵਿਚਰਦਾ ਸੀ, ਜਿਹੋ ਜਿਹਾ ਗੁਣ ਇਹਨਾਂ ਸਮਿਆਂ ਅੰਦਰ ਕਿਸੇ ਵਿਰਲੇ ਟਾਵੇਂ 'ਚ ਹੀ ਲੱਭਦਾ ਹੈ। ਇਹੋ ਕਾਰਨ ਹੈ, ਕਿ ਹਰ ਵੰਨਗੀ ਦੇ ਮੌਕਾਪ੍ਰਸਤਾਂ ਤੇ ਸ਼ਬਦੀ ਲਫਾਫੇਬਾਜ਼ਾਂ ਦਾ ਹਰ ਕਿਸਮ ਦਾ ਭੰਡੀ ਪ੍ਰਚਾਰ ਤੇ ਬੋਲ-ਕੁਬੋਲ ਉਸਦੇ ਸਹਿਜ-ਮਤੇ 'ਚ ਉਖੇੜਾ ਨਹੀਂ ਲਿਆ ਸਕਦਾ ਸੀ। ਅਤੇ ਉਸਨੂੰ ਇਸੇ ਤਰ੍ਹਾਂ ਦੀ ਜੁਆਬੀ-ਬੁਰਿਆਈ ਲਈ ਨਹੀਂ ਉਕਸਾ ਸਕਦਾ ਸੀ। ਉਹ ਆਪਣੇ ਸਾਰੇ ਕੁਰਾਹੀਆਂ ਨੂੰ ਲੂ ਸ਼ੁਨ ਦੇ ਸ਼ਬਦਾਂ 'ਚ ਇਹ ਕਹਿੰਦਿਆਂ ਪਰਤੀਤ ਹੁੰਦਾ ਹੈ:
''ਚੜ੍ਹੀਆਂ ਭਵਾਂ ਨਾਲ, ਮੈਂ ਹਜ਼ਾਰਾਂ ਤੁਹਮਤਬਾਜ਼ ਉਂਗਲਾਂ ਨੂੰ ਅਰਾਮ ਨਾਲ ਝਨਕ ਸੁੱਟਦਾ ਹਾਂ, ਤੇ ਆਪ ਜੁੜੇ ਬੈਲ ਵਾਂਗ, ਨੀਵੀਂ ਪਾਏ, ਬੱਚਿਆਂ ਦੀ ਸੇਵਾ ਕਰਦਾ ਜਾਂਦਾ ਹਾਂ।'' ਇਹੋ ਕਾਰਨ ਹੈ ਕਿ ਸਾਜਸ਼ੀ, ਗੁੱਟਬੰਦਕ-ਸਾਜਬਾਜ਼ ਵਾਲੀ ਤੇ ਰੁਤਬਾ-ਪ੍ਰਸਤ ਦੋਗਲੇਪਣ ਦੀ ਸਿਆਸਤ ਉਸਦੇ ਸੁਭਾਅ ਲਈ ਏਨੀ ਓਪਰੀ ਸੀ ਕਿ ਕਿਸੇ ਕਮਿਊਨਿਸਟ ਵਿਚ ਅਜਿਹੀ ਗੱਲ ਦੀ ਹੋਂਦ, ਅਕਸਰ ਉਸਦੇ ਸਮਝੋਂ ਬਾਹਰੀ ਹੁੰਦੀ ਸੀ। ਆਪਣੀ ਭਲਮਾਣਸੀ ਤੇ ਨਫ਼ਾਸਤ ਕਰਕੇ ਹੀ, ਉਹ 'ਦੋਸਤਾਂ' ਉਪਰ ਛੇਤੀ ਕੀਤਿਆਂ ਸ਼ੱਕ ਕਰਨ ਦੀ ਥਾਂ ਉਹਨਾਂ ਤੋਂ ਧੋਖਾ ਖਾ ਜਾਣ ਨੂੰ ਤਰਜੀਹ ਦਿੰਦਾ ਸੀ। ਉਹ ਸਿਆਸਤ ਨੂੰ ਹੋਰ ਸਭ ਕਾਸੇ ਨਾਲੋਂ ਉਪਰ ਰੱਖਦਾ ਸੀ।
ਕਾ. ਨਾਗੀ ਰੈੱਡੀ ਕਮੀਆਂ ਤੋਂ ਮੁਕਤ ਨਹੀਂ ਸੀ। ਪਰ ਉਸਦੀ ਖੂਬੀ, ਆਪਣੇ ਨੁਕਸਦਾਰ ਪੱਖਾਂ ਤੇ ਸੀਮਤਾਵਾਂ ਨੂੰ ਨਿਰਖ ਸਕਣ ਦੀ ਸਮਰੱਥਾ ਵਿਚ ਸੀ। ਇਹ ਉਸਦੀ ਉੱਤਮ ਇਨਕਲਾਬੀ ਸਿਫਤ ਸੀ। ਇਸ ਸਿਫਤ ਸਦਕਾ ਹੀ ਉਹ ਆਪਣੇ ਸਾਥੀਆਂ ਦੀ ਨੁਕਤਾਚੀਨੀ ਨੂੰ ਖਿੜੇ ਮੱਥੇ ਲੈਂਦਾ ਸੀ ਤੇ ਸਵੈ-ਨੁਕਤਾਚੀਨੀ ਕਰਨ ਦੇ ਮਾਮਲੇ ਵਿਚ ਹਮੇਸ਼ਾ ਮੂਹਰੇ ਰਹਿੰਦਾ ਸੀ। ਸ਼ਾਇਦ ਉਹ ਸਾਡੀ ਲਹਿਰ ਅੰਦਰ ਦੋਸਤਾਂ ਤੇ ਦੁਸ਼ਮਣਾਂ ਵੱਲੋਂ ਸਭ ਤੋਂ ਵੱਧ ਨੁਕਤਾਚੀਨੀ ਦਾ, ਤੇ ਜ਼ਿਆਦਾ ਵਾਰੀ ਨਹੱਕੀ ਨੁਕਤਾਚੀਨੀ ਦਾ, ਸਾਹਮਣਾ ਕਰਨ ਵਾਲਾ ਵਿਅਕਤੀ ਸੀ। ਫਿਰ ਵੀ, ਉਸ ਲਈ, ਜਿਹੜਾ ਸਹੀ ਅਰਥਾਂ ਵਿਚ ਇੱਕ ਜਮਹੂਰੀਅਤ-ਪਸੰਦ ਇਨਕਲਾਬੀ ਸੀ, ਲਹਿਰ ਤੇ ਜਥੇਬੰਦੀ ਦੇ ਹਿੱਤ, ਹੋਰਨਾਂ ਸਾਰੀਆਂ ਗਿਣਤੀਆਂ ਤੋਂ ਉਪਰ ਸਨ ਅਤੇ ਉਹ ਆਪਣੀ ਇੱਛਾ ਨਾਲ, ਖੁਸ਼ੀ ਖੁਸ਼ੀ ਅਤੇ ਨਿਮਰਤਾ ਨਾਲ ਇਨਕਲਾਬੀ ਸਮੂਹਿਕ-ਰਜ਼ਾ ਦੀ ਤਾਬਿਆ ਵਿਚ ਰਹਿੰਦਾ ਸੀ। ਇਹ ਅਜਿਹੀ ਬਾਲਸ਼ਵਿਕ ਖਾਸੀਅਤ ਹੈ, ਜਿਸ ਨੂੰ ਗ੍ਰਹਿਣ ਕਰਨ 'ਚ ਆਮ ਤੌਰ 'ਤੇ ਬੁੱਧੀਜੀਵੀ ਗਏ-ਗੁਜ਼ਰੇ ਹੁੰਦੇ ਹਨ। 
ਇਸ ਗੱਲ ਦੇ ਬਾਵਜੂਦ ਕਿ ਉਹ ਕੌਮੀ ਪ੍ਰਸਿੱਧੀ ਵਾਲੀ ਜਨਤਕ ਸਖਸ਼ੀਅਤ ਸੀ, ਸ਼ਾਇਦ ਭਾਰਤ ਦੀ ਵੇਲੇ ਦੀ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਏਡੇ ਵੱਡੇ ਜਨਤਕ ਮਾਣ-ਤਾਣ ਵਾਲਾ ਉਹ ਇੱਕੋ ਇੱਕ ਵਿਅਕਤੀ ਸੀ, ਇਸ ਗੱਲ ਦੇ ਬਾਵਜੂਦ ਕਿ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਉਸਨੂੰ ਹੀ ਆਂਧਰਾ ਪ੍ਰਦੇਸ ਇਨਕਲਾਬੀ ਕਮਿਊਨਿਸਟ ਕਮੇਟੀ ਦਾ ਅਤੇ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਦਰੁਸਤ ਰੁਝਾਨ ਦੀ ਤਰਜਮਾਨੀ ਕਰਦੇ ਸਮੁੱਚੇ ਕੈਂਪ ਦਾ ਇੱਕੋ ਇੱਕ ਆਗੂ ਸਮਝਿਆ ਜਾਂਦਾ ਸੀ, ਜਿਸ ਕਿਸੇ ਨੂੰ ਵੀ ਉਸ ਨਾਲ ਮਿਲਣ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਹ ਝੱਟ ਭਾਂਪ ਸਕਦਾ ਸੀ ਕਿ ਜਦੋਂ ਵੀ ਦਰੁਸਤ ਲੀਹ 'ਤੇ ਅਗਵਾਈ ਮੁਹੱਈਆ ਕਰਨ ਦੇ ਸਿਹਰੇ ਦਾ ਸੁਆਲ ਉੱਭਰਦਾ ਸੀ, ਤਾਂ ਕਾਮਰੇਡ ਨਾਗੀ ਰੈੱਡੀ ਆਪਣੇ ਘੱਟ ਮਸ਼ਹੂਰ ਬਜ਼ੁਰਗ ਸਾਥੀ ਡੀ.ਵੀ. ਰਾਓ ਦੇ ਸਨਮਾਨ ਵਿਚ ਪੈਰ ਪਿੱਛੇ ਕਰ ਲੈਂਦਾ ਸੀ। 
ਇਹੋ ਜਿਹਾ ਸੀ, ਕਾ. ਨਾਗੀ ਰੈੱਡੀ! ਜਿਸਦੀਆਂ ਉੱਚੀਆਂ ਸਿਫਤਾਂ ਦਾ ਮੁੱਲ ਉਸਦੇ ਸਾਥੀਆਂ ਨੂੰ, ਹੁਣ ਪਹਿਲਾਂ ਨਾਲੋਂ ਵੀ ਵੱਧ ਮਹਿਸੂਸ ਹੁੰਦਾ ਹੈ। ਜਦੋਂ ਅਸੀਂ ਉਸਨੂੰ ਖੋਹ ਬੈਠੇ ਹਾਂ। ਸ਼ਾਇਦ, ਉਸਨੂੰ ਵਿਤੋਂ-ਬਾਹਲੇ ਕੰਮ ਨਾਲ ਅਤੇ ਲੋੜੀਂਦੇ ਇਲਾਜ ਤੇ ਸੰਭਾਲ ਪ੍ਰਤੀ ਬੇਧਿਆਨੀ ਨਾਲ ਆਪਣੀ ਸਿਹਤ ਤਬਾਹ ਕਰਨ ਦੇਣਾ ਸਾਡਾ ਅਵੇਸਲਾਪਣ ਸੀ, ਅਜਿਹੇ ਵਿਅਕਤੀ ਪ੍ਰਤੀ ਅਵੇਸਲਾਪਣ, ਜਿਹੜਾ ਆਪਣੇ ਸਾਥੀਆਂ ਦੀ ਛੋਟੀ ਤੋਂ ਛੋਟੀ ਬੇਅਰਾਮੀ ਦਾ ਫਿਕਰ ਰੱਖਦਾ ਸੀ ਅਤੇ ਉਹਨਾਂ ਦੇ ਸਰਫੇ ਖਾਤਰ ਹਰ ਕਸ ਆਪਣੇ ਸਿਰ ਲੈਣ ਲਈ ਤਤਪਰ ਰਹਿੰਦਾ ਸੀ। 
ਕਾ. ਨਾਗੀ ਰੈੱਡੀ ਦੀ ਇਨਕਲਾਬ ਦੇ ਕਾਜ ਪ੍ਰਤੀ ਤੇ ਇਨਕਲਾਬੀ ਜਥੇਬੰਦੀ ਪ੍ਰਤੀ ਬੇਗਰਜ਼ ਵਫ਼ਾ ਅਤੇ ਉਸ ਵੱਲੋਂ ਪਾਲੀ ਗਈ ਪਾਰਟੀ-ਜੀਵਨ ਦੀ ਮਰਿਆਦਾ, ਸਾਨੂੰ ਆਪਣੇ ਇਨਕਲਾਬੀ ਕੰਮ ਤੇ ਜ਼ਿੰਦਗੀ ਵਿਚ ਪ੍ਰੇਰਨਾ ਦਿੰਦੀ ਰਹੇਗੀ। ਅਸੀਂ ਆਪਣੇ ਵਿੱਛੜੇ ਸਾਥੀ ਦੀ ਯਾਦ ਵਿਚ ਆਪਣਾ ਲਾਲ ਝੰਡਾ ਝੁਕਾਉਂਦੇ ਹਾਂ। 
(ਪੀ.ਸੀ.ਆਰ.ਸੀ. ਦੀ ਮੁਖੀ ਕਮੇਟੀ ਵੱਲੋਂ 9 ਅਗਸਤ, 1976 ਨੂੰ ਪਾਸ ਕੀਤਾ ਸ਼ੋਕ ਮਤਾ)

No comments:

Post a Comment