Tuesday, July 8, 2014

ਅਵਤਾਰ ਸਿੰਘ ਢੁੱਡੀਕੇ


ਅਵਤਾਰ ਸਿੰਘ ਢੁੱਡੀਕੇ
ਅਵਤਾਰ ਸਿੰਘ ਢੁੱਡੀਕੇ ਇਨਕਲਾਬੀ ਨੌਜਵਾਨ ਜਥੇਬੰਦੀ ਨੌਜਵਾਨ ਭਾਰਤ ਸਭਾ ਦੀ ਢੁੱਡੀਕੇ ਪਿੰਡ ਦੀ ਇਕਾਈ ਦਾ ਸਕੱਤਰ ਸੀ ਅਤੇ ਜਥੇਬੰਦੀ ਦੀਆਂ ਇਲਾਕਾ ਪੱਧਰੀਆਂ ਕਾਰਵਾਈਆਂ ਵਿਚ ਸਰਗਰਮ ਸੀ। ਉਹ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਮੈਂਬਰ ਸੀ। ਉਸਦੀ ਅਗਵਾਈ ਵਿਚ ਨੌਜਵਾਨ ਜਥੇਬੰਦੀ ਵੱਲੋਂ ਪਿੰਡ ਦੇ ਚੌਧਰੀਆਂ ਵੱਲੋਂ ਗਰੀਬਾਂ ਤੇ ਮਜਲੂਮਾਂ ਨਾਲ ਧੱਕੇ-ਧੋੜੇ ਤੇ ਬੇਇਨਸਾਫੀਆਂ ਖਿਲਾਫ ਦ੍ਰਿੜਤਾ ਨਾਲ ਡਟਿਆ ਜਾਂਦਾ ਰਿਹਾ ਅਤੇ ਅਜਿਹੀਆਂ ਕਾਰਵਾਈਆਂ ਖਿਲਾਫ ਲੋਕਾਂ ਨੂੰ ਉਭਾਰਨ ਅਤੇ ਜਥੇਬੰਦ ਕਰਨ ਦੀਆਂ ਜਮਹੂਰੀ ਚੇਤਨਾ ਦਾ ਜਾਗ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਨੌਜਵਾਨ ਸਭਾ ਵੱਲੋਂ ਪੇਂਡੂ ਚੌਧਰੀਆਂ ਦੀਆਂ ਧੌਂਸਬਾਜ਼, ਧੱਕੜ ਅਤੇ ਸਮਾਜ-ਵਿਰੋਧੀ ਕਾਰਵਾਈਆਂ ਨੂੰ ਦਿੱਤੀ ਜਾ ਰਹੀ ਚੁਣੌਤੀ ਸਦਕਾ ਅਤੇ ਉਸ ਵੱਲੋਂ ਸਭਾ ਦੀਆਂ ਸਰਗਰਮੀਆਂ ਵਿਚ ਨਿਭਾਏ ਜਾ ਰਹੇ ਆਗੂ ਰੋਲ ਸਦਕਾ ਉਹ ਪਿੰਡ ਦੇ ਚੌਧਰੀਆਂ ਦੀ ਅੱਖ ਦਾ ਰੋੜ ਸੀ। ਇਹਨਾਂ ਲੋਕ-ਵਿਰੋਧੀ ਪਿੰਡ ਦੇ ਚੌਧਰੀਆਂ ਵੱਲੋਂ ਉਸਨੂੰ ਜੁਲਾਈ 1983 ਵਿਚ ਇੱਕ ਗੁੰਡਾ ਹਮਲੇ ਰਾਹੀਂ ਸ਼ਹੀਦ ਕਰ ਦਿੱਤਾ ਗਿਆ।
ਹੋਰ ਸ਼ਹੀਦ
ਇਹਨਾਂ ਸ਼ਹੀਦਾਂ ਤੋਂ ਇਲਾਵਾ ਭੋਲਾ ਸਿੰਘ ਗੁਰੂਸਰ, ਦਰਸ਼ਨ ਸਿੰਘ ਸੁਖਲੱਧੀ, ਗੁਰਬੰਤਾ ਸਿੰਘ ਰਾਏਪੁਰ, ਤੇਜਾ ਸਿੰਘ ਬਬਨਪੁਰ ਅਤੇ ਸਰਵਨ ਸਿੰਘ ਬੋਹਾ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅਜਿਹੇ ਜਾਂਬਾਜ਼ ਘੁਲਾਟੀਏ ਸਨ, ਜਿਹਨਾਂ ਨੇ ਭਰ ਜੁਆਨੀ ਦੀ ਉਮਰੇ ਭਾਰਤੀ ਇਨਕਲਾਬ ਦੇ ਕਾਜ਼ ਲਈ ਸ਼ਹਾਦਤਾਂ ਪਾਈਆਂ। ਆਪਾਵਾਰੂ ਭਾਵਨਾ ਨਾਲ ਲੈਸ ਅਤੇ ਇਨਕਲਾਬੀ ਜਜਬੇ ਨਾਲ ਲਟ ਲਟ ਬਲ਼ਦੇ ਇਹ ਸੂਰਮੇ ਜੁਲਾਈ 1971 ਵਿਚ ਝੂਠੇ ਪੁਲਸ ਮੁਕਾਬਲਿਆਂ ਦੇ ਨਾਟਕ ਰਚ ਕੇ ਸ਼ਹੀਦ ਕਰ ਦਿੱਤੇ ਗਏ ਸਨ।
ਆਓ! ਇਹਨਾਂ ਇਨਕਲਾਬੀ ਸ਼ਹੀਦਾਂ ਦੀਆਂ ਇਨਕਲਾਬੀ ਪਿਰਤਾਂ ਤੋਂ ਪ੍ਰੇਰਨਾ ਲਈਏ, ਉਹਨਾਂ ਦੀ ਵਿਰਾਸਤ ਦੀ ਲੋਅ ਨੂੰ ਆਪਣੇ ਨੈਣਾਂ ਵਿਚ ਵਸਾ ਲਈਏ ਅਤੇ ਉਹਨਾਂ ਦੇ ਅਧੂਰੇ ਕਾਜ਼ ਦਾ ਝੰਡਾ ਹੱਥਾਂ ਵਿਚ ਲੈ ਕੇ ਅੱਗੇ ਵਧੀਏ। -੦-

No comments:

Post a Comment