ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਵੋਟਾਂ ਬਾਰੇ ਸਮਝ
''ਸਾਡੇ ਵੱਲੋਂ ਚੋਣਾਂ ਦੌਰਾਨ ਕੀਤੀ ਗਈ ਇਸ ਜ਼ੋਰਦਾਰ ਸੰਘਰਸ਼ ਸਰਗਰਮੀ ਪਿੱਛੇ ਵੋਟਾਂ ਬਾਰੇ ਸਾਡੀ ਖਾਸ ਸਮਝ ਦਾ ਅਹਿਮ ਰੋਲ ਹੈ। ਇਸ ਸਮਝ ਦੇ ਕਈ ਨੁਕਤੇ ਹਨ।''
''ਇੱਕ, ਅਸੀਂ ਸਮਝਦੇ ਹਾਂ ਕਿ ਵੋਟ ਲੋਕਾਂ ਦੇ ਹੱਥ ਦਿੱਤੀ ਹੋਈ ਕੋਈ ਤਾਕਤ ਜਾਂ ਅਧਿਕਾਰ ਨਹੀਂ ਹੈ, ਇਹ ਲੋਕਾਂ ਦੇ ਹੱਥ ਫੜਾਈ ਹੋਈ ਰਾਜਭਾਗ ਦੀ ਕੋਈ ਡੋਰ ਨਹੀਂ ਹੈ। ਵੋਟਾਂ ਦਾ ਕੁੱਲ ਅਮਲ ਰਾਜਭਾਗ ਉੱਤੇ ਕਾਬਜ਼ ਹਾਕਮ ਜਮਾਤਾਂ ਦੇ ਵੱਖ ਵੱਖ ਧੜਿਆਂ ਦੀ ਆਪਸੀ ਕੁੱਕੜ-ਖੋਹੀ ਦਾ ਸਿੱਟਾ ਹੈ। ਇਸ ਅਮਲ ਰਾਹੀਂ ਉਹ ਫੈਸਲਾ ਕਰਦੇ ਹਨ ਕਿ ਐਤਕੀਂ ਹਾਕਮਾਂ ਦਾ ਕਿਹੜਾ ਧੜਾ ਲੋਕਾਂ ਨੂੰ ਲੁੱਟੇਗਾ ਅਤੇ ਕੁੱਟੇਗਾ, ਇਸ ਲੁੱਟ ਅਤੇ ਕੁੱਟ ਵਿੱਚ ਕਿਹੜੇ ਧੜੇ ਦੀ ਕਿੰਨੀ ਹਿੱਸਾ-ਪੱਤੀ ਹੋਵੇਗੀ। ਵੋਟ ਦੇ ਅਖੌਤੀ ਅਧਿਕਾਰ ਰਾਹੀਂ ਤਾਂ ਉਹ ਲੋਕਾਂ ਨੂੰ ਭੁਚਲਾਵੇ ਵਿੱਚ ਲੈਣ, ਭੁਲੇਖਾ ਪਾਉਣ ਅਤੇ ਆਪਣੀ ਹੀ ਲੁੱਟ ਅਤੇ ਕੁੱਟ ਉੱਤੇ ਮੋਹਰ ਲਵਾਉਣ ਦਾ ਕੰਮ ਲੈਂਦੇ ਹਨ। ਤੇ ਇਹ ਸਭ ਨੂੰ ਪਤਾ ਹੈ ਕਿ ਮੋਹਰ ਵੀ ਪੈਸੇ, ਨਸ਼ਿਆਂ, ਗੁੰਡਾਗਰਦੀ, ਧੌਂਸ ਤੇ ਚੌਧਰ ਦੇ ਜ਼ੋਰ 'ਗੂਠਾ ਫੜ ਕੇ ਲਵਾਈ ਜਾਂਦਾ ਹੈ।
ਦੂਜਾ, ਅਸੀਂ ਸਮਝਦੇ ਹਾਂ ਕਿ ਵੋਟਾਂ ਦਾ ਅਮਲ ਬੁਰੀ ਤਰ੍ਹਾਂ ਲੁੱਟੇ ਜਾ ਰਹੇ ਲੋਕਾਂ ਨੂੰ ਇਸ ਲੋਟੂ ਤੇ ਜ਼ਾਲਮ ਰਾਜ ਪ੍ਰਬੰਧ ਵਿੱਚ ਫਾਹ ਕੇ ਰੱਖਣ ਵਾਲੀ ਘੁੰਮਣਘੇਰੀ ਹੈ। ਇਹ ਲੁੱਟ ਤੇ ਕੁੱਟ ਤੋਂ ਸਤੇ ਹੋਏ, ਬੰਦ ਖਲਾਸੀ ਦਾ ਰਾਹ ਭਾਲ ਰਹੇ ਲੋਕਾਂ ਨੂੰ ਪੰਜ ਸਾਲਾ ਗਧੀਗੇੜ ਵਿੱਚ ਪਾ ਕੇ ਰੱਖਣ ਦਾ ਸਾਧਨ ਹਨ। ਵੋਟਾਂ ਮਿਹਨਤਕਸ਼ ਤੇ ਕਿਰਤੀ ਲੋਕਾਂ ਦੀਆਂ ਅੱਖਾਂ 'ਤੇ ਪੜਦਾ ਪਾਉਣ ਦਾ ਕੰਮ ਕਰਦੀਆਂ ਹਨ, ਆਪਣੀ ਮੁਕਤੀ ਲਈ ਜਥੇਬੰਦ ਸੰਘਰਸ਼ਾਂ ਦੇ, ਏਕੇ ਦੇ ਰਾਹ 'ਤੇ ਤੁਰਨ, ਇਸ ਰਾਹ ਨੂੰ ਸਮਝਣ ਤੋਂ ਰੋਕ ਕੇ ਰੱਖਣ ਦਾ ਕੰਮ ਕਰਦੀਆਂ ਹਨ। ਇਹ ਦੁੱਖਾਂ ਤਕਲੀਫਾਂ ਦਾ ਪਹਾੜ ਢੋਅ ਰਹੇ ਲੋਕਾਂ ਸਾਹਮਣੇ ਇਸ ਰਾਹ ਦੀ ਬਜਾਏ ਇੱਕ ਜਾਂ ਦੂਜੇ ਹਾਕਮ ਧੜੇ ਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰਦੀਆਂ ਹਨ। ਲੋਕਾਂ ਨੂੰ ਇਸ ਝੂਠੀ ਆਸ 'ਤੇ ਲਾ ਕੇ ਰੱਖਣ ਦਾ ਕੰਮ ਕਰਦੀਆਂ ਹਨ ਕਿ ਸ਼ਾਇਦ ਸਰਕਾਰਾਂ ਬਦਲਣ ਨਾਲ ਹੀ, ਫਲਾਣੇ ਜਾਂ ਧਮਕਾਣੇ ਨੂੰ ਵੋਟਾਂ ਪਾਉਣ ਨਾਲ ਹੀ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਹੱਲ ਹੋ ਜਾਵੇਗਾ।
ਤੀਜਾ, ਅਸੀਂ ਸਮਝਦੇ ਹਾਂ ਕਿ ਵੋਟਾਂ ਦਾ ਅਮਲ ਲੋਕਾਂ ਅੰਦਰ ਪਾਟਕ ਪਾਉਣ, ਉਹਨਾਂ ਨੂੰ ਭਰਾਮਾਰ ਲੜਾਈ ਵਿੱਚ ਉਲਝਾਉਣ, ਉਹਨਾਂ ਦੀ ਭਾਈਚਾਰਕ ਤੇ ਜਥੇਬੰਦਕ ਏਕਤਾ ਨੂੰ ਖੋਰਾ ਲਾਉਣ ਦਾ ਕੰਮ ਕਰਦੀਆਂ ਹਨ। ਨਸ਼ਿਆਂ, ਗੁੰਡਾਗਰਦੀ, ਪੈਸੇ ਦੀ ਅੰਨ੍ਹੀਂ ਵਰਤੋਂ ਰਾਹੀਂ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਣ ਦਾ ਸਾਧਨ ਬਣਦੀਆਂ ਹਨ। ਤੇ ਇਹ ਸਭ ਕਰਕੇ ਲੋਕਾਂ ਨੂੰ ਕਮਜ਼ੋਰ ਤੇ ਨਿਤਾਣੇ ਕਰਨ ਦਾ ਸਾਧਨ ਬਣਦੀਆਂ ਹਨ।
ਚੌਥਾ, ਅਸੀਂ ਸਮਝਦੇ ਹਾਂ ਕਿ ਵੋਟਾਂ ਹਾਕਮ ਜਮਾਤਾਂ ਦੇ ਹੱਥ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਤੇ ਬੁਨਿਆਦੀ ਮੁੱਦਿਆਂ ਨੂੰ ਰੋਲਣ ਤੇ ਸੀਨ ਤੋਂ ਲਾਂਭੇ ਕਰਨ ਦਾ ਹਥਿਆਰ ਹਨ। ਵੋਟਾਂ ਦੌਰਾਨ ਲੋਕਾਂ ਦੀਆਂ ਮੰਗਾਂ-ਮਸਲਿਆਂ ਅਤੇ ਮੁੱਦਿਆਂ 'ਤੇ ਸਿਆਸੀ ਲੀਡਰਾਂ ਦੀ ਤੂੰ-ਤੂੰ, ਮੈਂ-ਮੈਂ ਤੇ ਆਪਸੀ ਕਾਟੋ-ਕਲੇਸ਼ ਦੀ ਮਿੱਟੀ ਪਾਈ ਜਾਂਦੀ ਹੈ। ਵੋਟ ਤਮਾਸ਼ੇ ਰਾਹੀਂ ਲੋਕਾਂ ਵੱਲੋਂ ਆਪਣੇ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਸੰਘਰਸ਼-ਚੇਤਨਾ ਨੂੰ ਖੋਰਨ ਖੁੰਢਾ ਕਰਨ ਤੇ ਗੰਧਲਾਉਣ ਦਾ ਕੰਮ ਕੀਤਾ ਜਾਂਦਾ ਹੈ।''
(ਕਿਸਾਨ-ਮਜ਼ਦੂਰ ਖਬਰਨਾਮੇ ਵਿੱਚੋਂ ਧੰਨਵਾਦ ਸਹਿਤ)
No comments:
Post a Comment