ਅਮਰੀਕਨ ਸਾਮਰਾਜ ਦੀ ਸਰਦਾਰੀ ਅਧੀਨ ਨਾਟੋ ਫੌਜੀ ਗਠਜੋੜ ਨੇ ਪਹਿਲਾਂ ਅਫਗਾਨਸਤਾਨ ਤੇ (2001 'ਚ) ਹਮਲਾ ਕਰਕੇ ਕਬਜ਼ਾ ਕੀਤਾ। ਬਾਅਦ 'ਚ (2003 'ਚ) ਇਰਾਕ ਤੇ ਹਮਲਾ ਕਰਕੇ ਕਬਜ਼ਾ ਕਰ ਲਿਆ। ਸਾਲਾਂ ਬੱਧੀ ਲੱਖਾਂ ਦੀ ਗਿਣਤੀ ਵਿਚ ਨਾਟੋ ਫੌਜਾਂ ਦੇ ਜੋਰ ਤੇ ਸਿੱਧਾ ਕਬਜ਼ਾ ਜਮਾਈ ਰੱਖਿਆ। ਇਰਾਕ ਤੇ ਅਫਗਾਨਸਤਾਨ ਦੇ ਲੋਕ ਅਮਰੀਕੀ ਅਤੇ ਨਾਟੋ ਕਬਜ਼ੇ ਖਿਲਾਫ ਲਗਾਤਾਰ ਅਜ਼ਾਦੀ ਦੀ ਲੜਾਈ ਲੜਦੇ ਰਹੇ। ਲਗਾਤਾਰ ਲੜੀਆਂ ਜਾ ਰਹੀਆਂ ਇਨਾਂ ਅਜ਼ਾਦੀ ਦੀਆਂ ਲੜਾਈਆਂ ਅਮਰੀਕਾ ਅੰਦਰੋਂ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਦੇ ਲੋਕਾਂ ਦੇ ਸਨਮੁਖ ਦੇ ਵਿਰੋਧ ਸਾਹਮਣੇ ਸੰਕਟ ਵਿਚ ਘਿਰੇ ਅਮਰੀਕੀ ਸਾਮਰਾਜੀ ਧੜੇ ਨੇ ਆਪਣੀ ਯੁਧਨੀਤੀ ਵਿਚ ਬਦਲਾਅ ਕਰਕੇ ਇਕ ਨਵੀਂ ਵਿਉਂਤ ਉਲੀਕੀ। ਜਿਸ ਤਹਿਤ ਇਰਾਕ ਅਤੇ ਅਫਗਾਨਸਤਾਨ ਵਿਚੋਂ ਨਾਟੋ ਫੌਜਾਂ ਬਾਹਰ ਕੱਢਕੇ ਪਿੱਠੂ ਸਰਕਾਰਾਂ ਰਾਹੀਂ ਇਨ੍ਹਾਂ ਮੁਲਕਾਂ ਤੇ ਕੰਟਰੋਲ ਜਾਰੀ ਰੱਖਣਾ ਸੀ। ਇਸ ਤਹਿਤ ਕੋਈ ਢਾਈ ਕੁ ਸਾਲ ਪਹਿਲਾਂ ਇਰਾਕ 'ਚੋਂ ਫੌਜਾਂ ਕੱਢੀਆਂ ਗਈਆਂ ਅਤੇ ਇਸ ਸਾਲ (2014) ਦੇ ਅਖੀਰ ਤੱਕ ਅਫਗਾਨਸਤਾਨ 'ਚੋਂ ਫੌਜਾਂ ਵਾਪਸ ਲਿਜਾਣ ਦੇ ਐਲਾਨ ਕੀਤੇ ਗਏ।
ਪਰ ਪਿਛਲੇ ਕੁਝ ਸਮੇਂ ਦੀਆਂ ਘਟਨਾਵਾਂ ਤੋਂ ਜਾਹਰ ਹੈ ਕਿ ਲੰਬੀ ਹਮਲਾਵਰ ਕਬਜ਼ਾ ਕਰੂ ਜੰਗ ਦੌਰਾਨ ਲੱਖਾਂ ਹੀ ਲੋਕਾਂ ਦੀ ਜਾਨ ਦੀ ਬਲੀ ਦੇਣ, ਦਹਿਲੱਖਾਂ ਨੂੰ ਉਜਾੜਨ ਤੇ ਤਬਾਹ ਕਰਨ, ਇਨ੍ਹਾਂ ਦੇਸ਼ਾਂ ਦੇ ਸ਼ਹਿਰਾਂ-ਪਿੰਡਾਂ ਨੂੰ ਵੱਡੀ ਪੱਧਰ ਤੇ ਮਲਬਾ ਬਣਾਉਣ (ਸਮੇਤ ਵੱਡੀ ਗਿਣਤੀ ਵਿਚ ਅਮਰੀਕੀ ਅਤੇ ਨਾਟੋ ਦੇਸ਼ਾਂ ਦੇ ਫੌਜੀਆਂ ਨੂੰ ਮਰਵਾਉਣ ਅਤੇ ਹਰ ਸਾਲ ਅਰਬਾਂ-ਖਰਬਾਂ ਡਾਲਰ ਰੋੜਨ) ਤੋਂ ਬਾਅਦ ਪਿੱਠੂ ਸਰਕਾਰਾਂ ਰਾਹੀਂ ਇਨ੍ਹਾਂ ਮੁਲਕਾਂ 'ਤੇ ਕੰਟਰੋਲ ਜਾਰੀ ਰੱਖਣ ਦੀਆਂ ਅਮਰੀਕੀ ਸਾਮਰਾਜੀ ਸਕੀਮਾਂ ਲੁੜ੍ਹਕ ਗਈਆਂ।
ਹੋਇਆ ਇਹ ਕਿ, ਇਸ 10 ਜੂਨ ਤੋਂ ਇਰਾਕ ਵਿਚ ਵੱਡੀ ਜੰਗ ਭੜਕ ਗਈ। ਇਸਲਾਮਕ ਸਟੇਟ ਆਫ ਇਰਾਕ ਅਤੇ ਲਿਵੇਂਟ (ਆਈ.ਐਸ.ਆਈ.ਐਲ.) ਨੇ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਉੱਤਰ-ਪੱਛਮ ਦੇ ਸੁੰਨੀ ਅਬਾਦੀ ਵਾਲੇ ਵੱਡੇ ਇਲਾਕੇ ਤੇ ਬਹੁਤ ਤੇਜੀ ਨਾਲ ਕਬਜ਼ਾ ਕਰ ਲਿਆ ਅਤੇ ਅਮਰੀਕੀ ਪਿੱਠੂ ਬਗਦਾਦ ਸਰਕਾਰ ਦੀਆਂ ਫੌਜਾਂ ਨੂੰ ਇਕ ਵਾਰ ਖਦੇੜ ਦਿੱਤਾ। ਅਲਕਾਇਦਾ ਨਾਲੋਂ ਅਲੱਗ ਹੋਏ ਆਈ.ਐਸ.ਆਈ.ਐਲ. ਅਤੇ ਇਰਾਕ ਦੀ ਸੁੰਨੀ ਅਬਾਦੀ ਦੇ ਹੋਰਨਾਂ ਧੜਿਆਂ ਦੀ ਫੌਜੀ ਤਾਕਤ ਨੇ ਅਮਰੀਕਾ ਅਤੇ ਇਸਦੀ ਪਿੱਠੂ ਬਗਦਾਦ ਦੀ ਸਰਕਾਰ ਦੀਆਂ ਚਾਲਾਂ ਇਕ ਵਾਰ ਪੁੱਠੀਆਂ ਪਾ ਦਿੱਤੀਆਂ। ਅਮਰੀਕਾ ਸਾਹਮਣੇ ਇਰਾਕ ਵਿਚ ਦੁਬਾਰਾ ਵੱਡੀ ਪੱਧਰ ਤੇ ਫੌਜਾਂ ਭੇਜਣ ਦਾ ਸੁਆਲ ਆ ਖੜਾ ਹੋਇਆ। ਪਰ ਸੰਕਟਗ੍ਰਸਤ ਅਤੇ ਪਹਿਲਾਂ ਦੇ ਮੁਕਾਬਲੇ ਕਮਜੋਰ ਪਏ ਅਮਰੀਕਾ ਨੂੰ ਇਕ ਵਾਰ ਸੀਮਤ ਸਿੱਧੇ ਫੌਜੀ ਦਖਲ ਨਾਲ ਸਬਰ ਕਰਨਾ ਪੈ ਰਿਹਾ ਹੈ ਅਤੇ ਆਪਣੇ ਪੁਰਾਣੇ ਵਿਰੋਧੀਆਂ ਇਰਾਨ ਅਤੇ ਰੂਸ ਨੂੰ ਰਿਆਇਤਾਂ ਦੇਣੀਆਂ ਪੈ ਰਹੀਆਂ ਹਨ। ਖਿੱਤੇ ਵਿਚ ਅਮਰੀਕਾ ਦੀ ਅੱਖ ਦਾ ਰੋੜ ਬਣੇ ਇਰਾਨ ਦਾ ਬਗਦਾਦ ਦੀ ਸਰਕਾਰ ਵਿਚ ਸਿਆਸੀ ਤੇ ਫੌਜੀ ਦਖਲ ਵੱਧ ਗਿਆ ਹੈ। ਇਥੋਂ ਤਕ ਕਿ ਸੀਰੀਆ 'ਤੇ ਅਮਰੀਕੀ ਧੱਕੇ ਦੇ ਦਬਾਅ ਵਿਚ ਨਰਮੀ ਆਈ ਹੈ। ਅਮਰੀਕਾ ਨੇ ਅਜੇ ਤੱਕ ਕੁਝ ਸੌ ਫੌਜੀ ਮਾਹਰ ਸਲਾਹਕਾਰਾਂ ਵਜੋਂ ਭੇਜੇ ਹਨ। ਖਾੜੀ ਵਿਚ ਇਕ ਵੱਡਾ ਸਮੁੰਦਰੀ ਜੰਗੀ ਬੇੜਾ ਤਾਇਨਾਤ ਕੀਤਾ ਹੈ ਤੇ ਡਰੋਨ ਹਮਲਿਆਂ ਦੇ ਜੁਗਾੜ ਫਿੱਟ ਕੀਤੇ ਹਨ। ਰੂਸੀਆਂ ਨੇ ਸੁਖੋਈ ਬੰਬਰ-ਫਾਈਟਰ ਜਹਾਜ ਭੇਜਣੇ ਸ਼ੁਰੂ ਕਰ ਦਿੱਤੇ ਹਨ। ਤੇਜ ਹੋਈ ਜੰਗ ਦੇ ਥੋੜ ਚਿਰੇ, ਫੌਜੀ-ਭੂਗੋਲਕ ਉਤਰਾਅ-ਚੜ੍ਹਾਅ ਵਾਲੇ ਨਤੀਜੇ ਕੁਝ ਵੀ ਹੋਣ। ਜੋ ਨੇੜ ਭਵਿੱਖ ਵਿਚ ਪ੍ਰਤੱਖ ਦਿਸਦਾ ਹੈ ਉਹ ਹੈ : ਅਮਰੀਕਨ ਜੰਗਬਾਜਾਂ ਦਾ ਇਰਾਕ 'ਤੇ ਕੰਟਰੋਲ ਡਾਵਾਂਡੋਲ ਹੈ। ਇਰਾਕ ਸ਼ੀਆ, ਸੁੰਨੀ ਅਤੇ ਕੁਰਦ ਸਮੂਹਾਂ ਦੇ ਟਕਰਾਅ ਦਾ ਅਖਾੜਾ ਬਣਿਆ ਰਹੇਗਾ ਅਤੇ ਅਮਰੀਕੀ-ਨਾਟੋ ਤਾਕਤਾਂ ਦੇ ਨਾਲ-ਨਾਲ ਇਰਾਨ ਦਾ ਦਖਲ (ਜੋ ਖਿੱਤੇ ਵਿਚ ਇਰਾਨ, ਸੀਰੀਆ ਅਤੇ ਲੇਬਨੋਨ ਧੜੇ ਨੂੰ ਮਜਬੂਤੀ ਦੇਵੇਗਾ ਅਤੇ ਇਜਰਾਇਲ-ਅਮਰੀਕਾ ਨਾਲ ਆਢਾ ਲਵੇਗਾ), ਸਾਉਦੀ ਅਰਬੀਆ ਦਾ ਦਖਲ ਅਤੇ ਸਭ ਤੋਂ ਵਧ ਕੇ ਅਮਰੀਕਨ ਧੜੇ ਨਾਲ ਆਢਾ ਲੈ ਰਹੇ ਰੂਸੀ ਸਾਮਰਾਜ ਦਾ ਦਖਲ ਖਿੱਤੇ ਵਿਚ ਖਹਿ ਭੇੜ ਦੇ ਅਖਾੜੇ ਨੂੰ ਹੋਰ ਤੇਜ ਕਰ ਦੇਵੇਗਾ।
ਦੂਜੇ ਪਾਸੇ ਅਫਗਾਨਿਸਤਾਨ ਵਿਚ ਵੀ ਅਮਰੀਕੀ ਮਨਸੂਬਿਆਂ ਨੂੰ ਝੱਟਕੇ ਲੱਗੇ ਹਨ। ਇਰਾਕ ਵਾਂਗ ਹੀ ਹਾਲਤ ਕੰਟਰੋਲ ਤੋਂ ਬਾਹਰ ਹੋ ਜਾਣ ਦੇ ਡਰੋਂ ਉਸਨੂੰ ਆਪਦੇ ਪਹਿਲੇ ਫੈਸਲੇ ਵਿਚ ਤਬਦੀਲੀ ਕਰਨੀ ਪਈ ਹੈ। ਅਮਰੀਕਾ ਨੇ 2016 ਦੇ ਅਖੀਰ ਤੱਕ 10,000 ਫੌਜਾਂ ਅਫਗਾਨਿਸਤਾਨ ਵਿਚ ਤਾਇਨਾਤ ਰੱਖਣ ਦਾ ਐਲਾਨ ਤਾਂ ਕਰ ਹੀ ਦਿੱਤਾ ਹੈ। ਸਾਮਰਾਜੀ ਸ਼ਰੀਕ ਰੂਸੀਆਂ ਨੂੰ ਅਤੇ ਚੀਨੀਆਂ ਨੂੰ ਛੋਟਾਂ ਦਿੰਦਿਆਂ ਕੁਝ ਪਿੱਛੇ ਹੱਟਣ ਤੋਂ ਇਲਾਵਾ ਅਮਰੀਕੀ ਸਾਮਰਾਜੀਆਂ ਨੇ ਪਾਕਿਸਤਾਨ ਅਤੇ ਭਾਰਤੀ ਹੁਕਮਰਾਨਾਂ ਦੀਆਂ ਸੇਵਾਵਾਂ ਜੁਟਾਉਣ ਵਿਚ ਨਵੀਂ ਤੇਜੀ ਲਿਆਂਦੀ ਹੈ। ਪਾਕਿਸਤਾਨੀ ਹਾਕਮਾਂ ਰਾਹੀਂ ਪਾਕਿਸਤਾਨ ਵਿਚਲੀ ਪਸ਼ਤੂਨ ਅਬਾਦੀ ਵਾਲੇ ਇਲਾਕਿਆਂ ਵਿਚ ਫੌਜੀ ਹਮਲੇ ਅਤੇ ਹਵਾਈ ਬੰਬਾਰੀ ਤੇਜ ਕੀਤੀ ਹੈ। ਜੂਨ ਦੇ ਆਖਰੀ ਅੱਧ ਵਿਚ ਹੀ ਇਕੱਲੇ ਵਜ਼ੀਰਿਸਤਾਨ ਵਿਚੋਂ ਪੰਜ ਲੱਖ ਲੋਕ ਉੱਜੜ ਗਏ ਹਨ। ਪਾਕਿਸਤਾਨੀ ਹਾਕਮ ਜਿਹੜੇ ਹੁਣ ਤੱਕ ਅਮਰੀਕੀ ਡਰੋਨ ਹਮਲਿਆਂ ਵਿਚ ਭਾਈਵਾਲ ਹੋਣ ਤੋਂ ਮੁਕਰਦੇ ਸਨ ਹੁਣ ਅਮਰੀਕਾ ਨਾਲ ਡਰੋਨ ਹਮਲਿਆਂ ਦੀ ਸਾਂਝੀ ਕਾਰਵਾਈ ਦੇ ਐਲਾਨ ਕਰਨ ਲੱਗੇ ਹਨ। ਇਸੇ ਤਰ੍ਹਾਂ ਭਾਰਤੀ ਹਾਕਮਾਂ ਦੀਆਂ ਅਫਗਾਨਿਸਤਾਨ ਵਿਚ ਹਰਕਤਾਂ ਤੇਜ ਹੋਈਆਂ ਹਨ। ਲੱਖਾਂ ਅਫਗਾਨੀਆਂ ਨੂੰ ਪਹਿਲਾਂ ਹੀ ਟਰੇਨਿੰਗ ਤੇ ਮੱਦਦ ਦੇ ਰਹੇ ਭਾਰਤੀ ਹਾਕਮਾਂ ਨੇ ਅਮਰੀਕੀ ਪਿੱਠੂਆਂ ਨੂੰ ਵੱਡੀ ਪੱਧਰ ਤੇ ਰੂਸ ਤੋਂ ਹਥਿਆਰ ਖਰੀਦ ਕੇ ਦਿਤੇ ਹਨ। ਅਫਗਾਨਿਸਤਾਨ ਦੇ ਕੁਦਰਤੀ ਸਾਧਨਾਂ ਤੇ ਕਬਜੇ ਦੀ ਦੋੜ ਵਿਚ ਪਈਆਂ ਦਲਾਲ ਭਾਰਤੀ ਕੰਪਨੀਆਂ ਨੇ ਅਮਰੀਕਾ ਦੇ ਛੋਟੇ ਸੰਗੀ ਵਜੋਂ ਪੂਛ ਚੁੱਕੀ ਹੋਈ ਹੈ। ਅਤੇ ਇਹ ਆਉਣ ਵਾਲੇ ਸਮੇਂ ਵਿਚ ਅਫਗਾਨਿਸਤਾਨ ਵਿਚ ਭਾਰਤੀ ਫੌਜਾਂ ਦੀ ਗਿਣਤੀ ਵਧਾਉਂਣ ਦੀਆਂ ਗੋਂਦਾ ਗੁੰਦ ਰਹੀਆਂ ਹਨ।
ਸੋ, ਜਿੱਥੇ ਇਕ ਪਾਸੇ ਇਰਾਕੀ ਅਤੇ ਅਫਗਾਨੀ ਲੋਕਾਂ ਦੀ ਅਜਾਦੀ ਦੀ ਲੜਾਈ ਦੀ ਹਮੈਤ ਅਤੇ ਅਮਰੀਕੀ ਜੰਗਬਾਜਾਂ ਦਾ ਥਾਂ-ਥਾਂ ਵਿਰੋਧ ਲਾਮਬੰਦ ਕਰਨ ਦੀ ਲੋੜ ਹੈ ਉੱਥੇ ਅਮਰੀਕੀ ਸਾਮਰਾਜੀਆਂ ਦੇ ਲਫਟੈਣ ਵਜੋਂ ਭਾਰਤੀ ਹਾਕਮਾਂ ਵਲੋਂ (ਖਾਸ ਕਰਕੇ ਅਫਗਾਨਿਸਤਾਨ ਵਿਚ) ਆਪਦੇ ਅੰਨੇ ਮੁਨਾਫਿਆਂ ਖਾਤਰ ਭਾਰਤ ਦੇ ਫੌਜੀਆਂ ਅਤੇ ਸੰਸਾਧਨਾਂ ਨੂੰ ਝੋਕਣ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। --- ੦ ---
No comments:
Post a Comment