Saturday, July 5, 2014

ਯੂਕਰੇਨ ਵਿਚ ਭੇੜ ਰੂਸੀ ਸਾਮਰਾਜੀਆਂ ਦਾ ਅਮਰੀਕੀ ਸਾਮਰਾਜ ਨਾਲ ਦਸਤਪੰਜਾ


ਯੂਕਰੇਨ ਵਿਚ ਭੇੜ
ਰੂਸੀ ਸਾਮਰਾਜੀਆਂ ਦਾ ਅਮਰੀਕੀ ਸਾਮਰਾਜ ਨਾਲ ਦਸਤਪੰਜਾ

ਪਿਛਲੇ ਕੁਝ ਮਹੀਨਿਆਂ ਤੋਂ ਯੁਕਰੇਨ ਸੁਰਖ਼ੀਆਂ ਵਿਚ ਹੈ। ਅਸਲ ਵਿਚ ਰੂਸੀਆਂ ਦਾ ਅਮਰੀਕੀਆਂ ਨਾਲ ਦਸਤਪੰਜਾ ਲੱਗਾ ਹੋਇਆ ਹੈ। ਚਾਹੇ ਛੇ ਸਾਲ ਪਹਿਲਾਂ ਜਾਰਜੀਆ ਵਿਚ ਭੂਤਰੇ ਅਮਰੀਕੀ-ਨਾਟੋ ਗੁੱਟ ਨੂੰ ਰੂਸੀਆਂ ਨੇ ਕਰਾਰਾ ਝਟਕਾ ਦਿੱਤਾ ਪਰ ਇਹ ਪਿਛਲੀ ਇਕ ਚੌਥਾਈ ਸਦੀ ਤੋਂ ਸਾਮਰਾਜੀਆਂ ਦੇ ਆਪਸੀ ਭੇੜ ਪੱਖੋਂ ਭਵਿੱਖ 'ਚ ਇਸਦੇ ਵੱਡੇ ਅਰਥ ਸਮੋਂਦੀ ਵੱਡੀ ਘਟਨਾ ਲੜੀ ਹੈ। ਅਮਰੀਕੀ ਸਾਮਰਾਜੀਆਂ ਦੀ ਸਰਦਾਰੀ ਹੇਠਲੇ 'ਇਕ ਧੁਰੇ' ਸੰਸਾਰ ਦਾ ਅੰਤ ਹੋ ਚੁੱਕਿਆ ਹੈ ਅਤੇ ਇਸਦੀ 'ਰੂਲ ਬੁਕ' (Book of Rules) ਨੂੰ ਬਦਲਣ ਦਾ ਹੋਕਾ ਦਿੱਤਾ ਗਿਆ ਹੈ। ਭਾਵੇਂ ਕਿ, ਸਾਮਰਾਜੀਆਂ ਦੀ ਅਮਰੀਕੀ ਧਿਰ ਆਰਥਕ ਅਤੇ ਫੌਜੀ ਤਾਕਤ ਪੱਖੋਂ ਅਜੇ ਭਾਰੂ ਹੈ।
ਚਾਰ ਕੁ ਮਹੀਨੇ ਪਹਿਲਾਂ ਰੂਸ ਦੀ ਘੇਰਾਬੰਦੀ ਤੰਗ ਕਰਨ ਦੇ ਮਕਸਦ ਨਾਲ ਪੱਛਮੀ ਨਾਟੋ ਤਾਕਤਾਂ ਨੇ ਰੂਸ ਪੱਖੀ ਯਾਨੁਕੋਵਿਚ ਸਰਕਾਰ ਉਲਟਾ ਦਿੱਤੀ। ਮੋੜ ਵਜੋਂ ਰੂਸ ਨੇ ਯੂਕਰੇਨ ਦੇ ਸੂਬੇ ਕਰੀਮੀਆਂ 'ਤੇ ਕਬਜਾ ਕਰਕੇ ਇਸ ਨੂੰ ਰੂਸ ਵਿਚ ਮਿਲਾ ਲਿਆ ਅਤੇ ਨਾਲ ਹੀ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਸੂਬਿਆਂ ਵਿਚ ਆਪਣੇ ਪੱਖੀ ਧਿਰ ਨੂੰ ਸ਼ਹਿ ਅਤੇ ਮਦਦ ਦੇ ਕੇ ਯੂਕਰੇਨ ਵਿਚ ਖਾਨਾਜੰਗੀ ਦੀ ਹਾਲਤ ਬਣਾ ਦਿੱਤੀ। ਰੂਸ ਦਾ ਇਹ ਹਿੱਸਾ ਯੂਕਰੇਨ ਸਰਕਾਰ ਤੋਂ ਬਾਗੀ ਹੋ ਗਿਆ। ਕਰੀਮੀਆ ਕਾਲੇ ਸਾਗਰ ਵਿਚ ਉਹ ਟਾਪੂ ਨੁਮਾ ਇਲਾਕਾ ਹੈ ਜਿਸਦੀ ਰੂਸ ਅਤੇ ਇਸਦੇ ਵਿਰੋਧੀਆਂ ਵਾਸਤੇ ਯੁਧਨੀਤਕ ਫੌਜੀ ਅਤੇ ਵਪਾਰਕ ਮਹੱਤਤਾ ਹੈ ਇਥੋਂ ਹੀ ਕਾਲੇ ਸਾਗਰ ਰਾਹੀਂ ਮੱਧ ਸਾਗਰ ਵਿਚਦੀਂ ਰੂਸ ਕੁਲ ਦੁਨੀਆਂ ਨਾਲ ਹਰ ਮੌਸਮ ਵਿਚ ਵਰਤੋਂ ਯੋਗ ਅਤੇ ਸਸਤਾ ਫੌਜੀ ਅਤੇ ਵਪਾਰਕ ਮਕਸਦਾਂ ਲਈ ਰਾਬਤਾ ਜੋੜ ਸਕਦਾ ਹੈ। ਅਮਰੀਕਾ ਅਤੇ ਪੱਛਮੀ ਯੂਰਪ ਰੂਸ ਖਿਲਾਫ ਕੁਝ ਆਰਥਕ ਸੈਂਕਸ਼ਨਾਂ (ਪਾਬੰਦੀਆਂ) ਸਮੇਤ ਬਹੁਤਾ ਦਬਾਅ ਨਹੀਂ ਬਣਾ ਸਕੇ। ਰੂਸ ਨੇ ਇਕ ਪਾਸੇ ਯੂਕਰੇਨ ਅਤੇ ਪੱਛਮੀ ਯੂਰਪ ਖਿਲਾਫ ਦਬਾਅ ਵਧਾ ਦਿੱਤਾ ਹੈ ਜਿਹੜੇ ਕਿ ਰੂਸ ਵਲੋਂ ਸਪਲਾਈ ਕੀਤੀ ਜਾਂਦੀ ਗੈਸ ਅਤੇ ਤੇਲ ਤੇ ਨਿਰਭਰ ਹਨ। ਅਤੇ ਦੂਜੇ ਪਾਸੇ ਚੀਨ ਨਾਲ ਗੈਸ ਅਤੇ ਤੇਲ ਦੀ ਸਪਲਾਈ ਸਬੰਧੀ ਚੀਨ ਨਾਲ ਵੱਡਾ ਸਮਝੌਤਾ ਕਰਕੇ ਆਪਣੇ ਮੁਨਾਫੇ ਨੂੰ ਯਕੀਨੀ ਬਣਾ ਲਿਆ ਹੈ।
ਸੰਕਟ ਵਿਚ ਘਿਰੀ ਅਮਰੀਕੀ ਸਾਮਰਾਜੀ ਧਿਰ ਰੂਸ ਨੂੰ ਇਸਦੀ ਸਰਹੱਦ ਤੇ ਘੇਰਨਾ ਚਾਹੁੰਦੀ ਹੈ ਅਤੇ ਰੂਸ ਆਪਣੇ ਸੰਕਟ ਨੂੰ ਗੁਆਂਢੀ ਕਮਜ਼ੋਰ ਮੁਲਕਾਂ ਤੇ ਲੱਦਣ ਲਈ ਪੁਰਾਣੇ ਸੋਵੀਅਤ ਯੂਨੀਅਨ ਦੇ ਮੈਂਬਰ ਮੁਲਕਾਂ ਨੂੰ ਆਪਣੇ ਵਪਾਰਕ-ਫੌਜੀ ਪ੍ਰਭਾਵ ਦੇ ਘੇਰੇ ਵਿਚ ਲਿਆਉਣਾ ਚਾਹੁੰਦਾ ਹੈ। ਇਕ ਕਮਜ਼ੋਰ ਸਰਮਾਏਦਾਰ ਮੁਲਕ ਯੂਕਰੇਨ ਦੋਵਾਂ ਜੰਗਬਾਜਾਂ ਦੇ ਜਬਾੜੇ ਹੇਠ ਹੈ। ਕੀਵ ਵਿਚ ਯੂਕਰੇਨ ਦੀ ਨਵੀਂ ਸਰਕਾਰ ਨੂੰ ਨਾਟੋ ਵਿਚ ਤਾਂ ਅਜੇ ਤੱਕ ਸ਼ਾਮਲ ਕਰਨ ਵਿਚ ਕਾਮਯਾਬ ਨਹੀਂ ਹੋਏ ਪਰ ਉਨ੍ਹਾਂ ਵਪਾਰਕ ਸਮਝੌਤਾ ਕਰ ਲਿਆ ਹੈ। ਪਰ, ਅਮਰੀਕੀ ਧਿਰ ਦੇ ਮੁਕਾਬਲੇ ਤੇ ਉੱਭਰ ਰਹੇ ਤੇ ਜ਼ੋਰ ਫ਼ੜ ਰਹੇ ਰੂਸੀ ਸਾਮਰਾਜੀਏ ਈਨ ਮੰਨਣ ਵਾਲੇ ਨਹੀਂ। ਜੋਰ ਅਜਮਾਈ ਦੇ ਲਮਕਣ ਅਤੇ ਦੂਰ ਮਾਰ ਅਸਰਾਂ ਵਾਲੀ ਹੋਣ ਦੇ ਅਸਾਰ ਹਨ।
——— 0 ———

No comments:

Post a Comment