Tuesday, July 8, 2014

ਕਾਲੀਆਂ ਝੰਡੀਆਂ ਦੀਆਂ ਸੂਹੀਆਂ ਝਲਕਾਂ


ਕਾਲੀਆਂ ਝੰਡੀਆਂ ਦੀਆਂ ਸੂਹੀਆਂ ਝਲਕਾਂ
(ਕਿਸਾਨ-ਮਜ਼ਦੂਰ ਖ਼ਬਰਨਾਮੇ ਦੀਆਂ ਰਿਪੋਰਟਾਂ ਦੇ ਆਧਾਰ ਉੱਤੇ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੁਕਮਰਾਨ ਪਾਰਟੀਆਂ ਦੇ ਵੋਟ-ਮੰਗਤਿਆਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਇੱਕ ਮੁਹਿੰਮ ਚਲਾਈ ਗਈ। ਉਸਦੀਆਂ ਕੁੱਝ ਝਲਕਾਂ ਹਾਜ਼ਰ ਹਨ। 
—ਕਾਲੀਆਂ ਝੰਡੀਆਂ ਦਿਖਾਉਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਯੂਨੀਅਨ ਦੇ ਅਸਰ ਹੇਠਲੇ ਲੱਗਭੱਗ ਸਾਰੇ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਵੱਡੇ ਇਕੱਠਾਂ ਵਾਲੇ ਰੋਸ ਮੁਜਾਹਰੇ ਹੋਏ ਹਨ। ਸੰਗਰੂਰ ਜ਼ਿਲ੍ਹੇ ਵਿੱਚ ਵਿਸ਼ੇਸ਼ ਕਰਕੇ ਪਿੰਡ ਪੱਧਰੇ ਇਕੱਠਾਂ ਦੀ ਗਿਣਤੀ ਢਾਈ-ਤਿੰਨ ਸੌ ਤੱਕ ਵੀ ਪਹੁੰਚਦੀ ਰਹੀ ਹੈ। 
—ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੰਚਾਇਤ ਨਾਲ ਸਿੱਧਮ-ਸਿੱਧੀ ਬਹਿਸ ਹੋਈ। ਕਿਸਾਨ ਆਗੂਆਂ ਨੇ ਜਦ ਮੰਨੀਆਂ ਹੋਈਆਂ ਮੰਗਾਂ ਗਿਣਵਾਈਆਂ ਤੇ ਪੁੱਛਿਆ ਕਿ ਇਹਨਾਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਬਾਦਲ ਹਕੂਮਤ ਕਿਉਂ ਭੱਜੀ ਹੈ ਤਾਂ ਪੰਚਾਇਤ ਲਾ-ਜੁਆਬ ਹੋਈ ਹੈ। ਉਹਨਾਂ ਇਹ ਕਹਿ ਕੇ ਖਹਿੜਾ ਛੁਡਾਉਣਾ ਚਾਹਿਆ ਕਿ ਸਾਡੇ ਨਾਲ ਪਿੰਡ ਦੇ ਮਸਲਿਆਂ 'ਤੇ ਗੱਲ ਕਰੋ। ਜਦੋਂ ਪਿੰਡ ਦੇ ਮਸਲਿਆਂ ਉੱਤੇ ਗੱਲ ਕਰਨ ਲਈ ਇਕੱਠ ਵਿਚਲੀਆਂ ਇਸਤਰੀਆਂ ਪੰਚਾਇਤ ਦੇ ਦੁਆਲੇ ਹੋ ਗਈਆਂ ਤਾਂ ਪੰਚਾਇਤ ਨੂੰ ਨਿਕਲਣ ਲਈ ਰਾਹ ਨਾ ਲੱਭਿਆ। 
—ਮੋਗੇ ਜ਼ਿਲ੍ਹੇ ਦੇ ਪਿੰਡ ਭਾਗੀਕੇ ਵਿੱਚ ਢੇਡ ਸੌ ਦੇ ਕਰੀਬ ਕਿਸਾਨ-ਮਜ਼ਦੂਰ ਪਿੰਡ ਵਿੱਚ ਅਜਿਹਾ ਮੁਜਾਹਰਾ ਕਰਕੇ ਅੰਤ ਵਿੱਚ ਆਪਣੇ ਪਿੰਡ ਦੇ ਇਲਾਕਾ ਐਮ.ਐਲ.ਏ. ਦੇ ਘਰ ਗਏ ਅਤੇ ਦੱਸ ਕੇ ਆਏ ਕਿ ਐਤਕੀਂ ਵੋਟਾਂ ਮੰਗਣ ਵਾਲਿਆਂ ਦਾ ਕਾਲੀਆਂ ਝੰਡੀਆਂ ਨਾਲ ਸੁਆਗਤ ਹੋਵੇਗਾ। 
—ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਬਾਦਲ, ਪਰਮਜੀਤ ਕੌਰ ਗੁਲਸ਼ਨ, ਜਨਮੇਜਾ ਸਿੰਘ ਸੇਖੋਂ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਸ਼ੇਰ ਸਿੰਘ ਘੁਬਾਇਆ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਮਲੂਕਾ, ਜੀਤ ਮਹਿੰਦਰ ਸਿੱਧੂ, ਲੰਬੀ ਖੇਤਰ ਦੇ ਹਰਪ੍ਰੀਤ ਐਮ.ਐਲ.ਏ. ਡਿੰਪੀ ਆਦਿ ਸਮੇਤ ਸਭ ਛੋਟੇ ਵੱਡੇ ਲੀਡਰਾਂ ਨੂੰ ਰੋਸ ਵਿਖਾਵਿਆਂ ਤੇ ਕਾਲੀਆਂ ਝੰਡੀਆਂ ਦਾ ਸਾਹਮਣਆ ਕਰਨਾ ਪਿਆ ਹੈ। 
—ਲੱਗਭੱਗ ਸਾਰੇ ਹੀ ਪਿੰਡਾਂ ਵਿੱਚ ਵੋਟਾਂ ਮੰਗਣ ਆਏ ਲੀਡਰ ਵੱਡੇ ਇਕੱਠਾਂ ਨੂੰ ਤਰਸਦੇ ਰਹੇ ਇਹਨਾਂ ਇਕੱਠਾਂ ਵਿੱਚ ਗਿਣਤੀ ਆਮ ਕਰਕੇ 40-50 ਹੀ ਰਹਿੰਦੀ ਰਹੀ ਹੈ। ਪਿੱਥੋ ਵਿੱਚ (ਰਾਮਪੁਰਾ ਨੇੜੇ) ਪ੍ਰਕਾਸ਼ ਸਿੰਘ ਬਾਦਲ ਦੇ ਅਜਿਹੇ ਛੋਟੇ ਇਕੱਠ ਦੇ ਮੁਕਾਬਲੇ ਯੂਨੀਅਨ ਦਾ ਤਿੰਨ-ਸਾਢੇ ਤਿੰਨ ਸੌ ਦਾ ਇੱਕਠ ਹੋਇਆ ਹੈ ਅਤੇ ਹੋਇਆ ਵੀ ਆਹਮੋ-ਸਾਹਮਣੇ ਐਨ ਮੁਕਾਬਲੇ 'ਚ। 
—ਲੋਕਾਂ ਦੀ ਵਿਰੋਧ ਸਰਗਰਮੀ ਨੂੰ ਦੇਖਦਿਆਂ ਸਥਾਨਕ ਲੀਡਰਾਂ ਤੇ ਚੌਧਰੀਆਂ ਨੂੰ ਚੋਣ ਇਕੱਠ ਕਰਨ ਲਈ ਹੋਕਿਆਂ, ਅਨਾਊਂਸਮੈਂਟਾਂ ਤੇ ਜ਼ੋਰ-ਸ਼ੋਰ ਦੇ ਪ੍ਰਚਾਰ ਤੋਂ ਗੁਰੇਜ ਕਰਨਾ ਪਿਆ ਹੈ। ਆਮ ਤੌਰ 'ਤੇ ਉਹਨਾਂ ਵੱਲੋਂ ਕੰਨੋਂ-ਕੰਨ ਸੁਨੇਹੇ ਲਾ ਕੇ ਹੀ ਸਾਰਿਆ ਜਾਂਦਾ ਰਿਹਾ ਹੈ। ਮੁਕਤਸਰ ਜ਼ਿਲ੍ਹੇ ਦੇ ਸਿੰਘੇਵਾਲਾ ਪਿੰਡ ਵਿੱਚ ਤਾਂ ਪਿੰਡ ਦੇ ਅਕਾਲੀ ਲੀਡਰ ਚਾਹੁੰਦੇ ਹੋਏ ਵੀ ਵਿਹੇੜੇ ਵਿੱਚ ਵੋਟਾਂ ਦੇ ਸੁਨੇਹੇ ਲਾਉਣ ਨਾ ਜਾ ਸਕੇ। ਖੇਤ ਮਜ਼ਦੂਰਾਂ ਵੱਲੋਂ ਰੋਕੇ ਜਾਣ ਉੱਤੇ ਇਹ ਲੀਡਰ ਪਹਿਲਾਂ ਗੁੱਸੇ ਵਿੱਚ ਆਏ, ਲੋਕਾਂ ਨਾਲ ਝਗੜੇ ਵੀ, ਹੱਥੋਪਾਈ ਵੀ ਕੀਤੀ ਤੇ ਥੱਪੜੋ-ਥੱਪੜੀ ਵੀ ਹੋਏ। ਫਿਰ ਲੋਕ ਰੌਂਅ ਨੂੰ ਭਾਂਪਦੇ ਹੋਏ ਬਿਨਾ ਸੁਨੇਹੇ ਲਾਏ ਹੀ ਪੁੱਠੇ ਮੁੜ ਗਏ। 
ਏਸੇ ਪਿੰਡ ਵਿੱਚ ਬਾਦਲ ਦੀ ਫੇਰੀ ਤੋਂ ਇੱਕ ਦਿਨ ਪਹਿਲਾਂ 40-50 ਦੇ ਕਰੀਬ ਪਿੰਡ ਦੇ ਮਰਦ-ਔਰਤਾਂ ਨੇ ਘਰ ਘਰ ਸੁਨੇਹੇ ਲਾਏ, ਕਾਲੀਆਂ ਝੰਡੀਆਂ ਦਿਖਾਉਣ ਦੀ ਤਿਆਰੀ ਕੀਤੀ। ਫੇਰੀ ਵਾਲੇ ਦਿਨ ਲੱਗਭੱਗ ਆਹਮੋ-ਸਾਹਮਣੇ ਹੀ ਇਕੱਠ ਹੋਇਆ। ਬਾਦਲ ਦੇ ਇੱਕਠ ਵਿੱਚ 40-50 ਬੰਦੇ ਤੇ ਜਥੇਬੰਦੀ ਦੇ ਇਕੱਠ ਵਿੱਚ ਗਿਣਤੀ 300 ਤੱਕ ਹੋਈ ਹੈ। 
ਬਾਦਲ ਦੇ ਇਕੱਠ ਵਿੱਚ ਇੱਕ ਬਜ਼ੁਰਗ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, ''ਅਸੀਂ ਤੈਨੂੰ 5 ਵਾਰ ਮੁੱਖ ਮੰਤਰੀ ਬਣਾ ਦਿੱਤਾ। ਪਰ ਤੂੰ ਜਿਹੜੀ ਆਟਾ-ਦਾਲ ਦੀ ਗੱਲ ਕਰਦੈਂ ਉਹ ਤਾਂ ਸਾਡੇ ਤੱਕ ਪਹੁੰਚਦੀ ਓ ਨੀਂ। ਕੋਈ ਹੋਰ ਈ ਲਈ ਜਾਂਦੈ, ਓਹਨੂੰ ਤਾਂ।''
—ਕੋਟੜੇ ਪਿੰਡ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਤੇ ਭੁੱਲਰ ਭਾਈਚਾਰੇ ਨੇ ਰਲ ਕੇ ਹਰਸਿਮਰਤ ਕੌਰ ਬਾਦਲ ਦਾ ਮੁਕੰਮਲ ਬਾਈਕਾਟ ਕੀਤਾ। ਪਿੰਡ ਦਾ ਸਰਪੰਚ 'ਬੀਬਾ ਜੀ' ਨੂੰ ਪਿੰਡ ਵਿੱਚ ਬੁਲਾਉਣ ਲਈ ਬਜਿੱਦ ਸੀ। ਤੇ ਓਹਦਾ ਪਿਓ ਭੁੱਲਰ ਭਾਈਚਾਰੇ ਵੱਲੋਂ 'ਬੀਬਾ ਜੀ' ਦਾ ਬਾਈਕਾਟ ਕਰਨ ਲਈ ਮੂਹਰੇ ਸੀ। ਪਿੰਡ ਨੂੰ ਜਾਂਦੇ ਛੇ ਦੇ ਛੇ ਰਾਹ ਲੋਕਾਂ ਨੇ ਟਰਾਲੀਆਂ ਲਾ ਕੇ ਤੇ ਵੱਡੇ ਮੁੱਢ ਸੁੱਟ ਕੇ ਬੰਦ ਕੀਤੇ ਹੋਏ ਸਨ। 'ਬੀਬਾ ਜੀ' ਨੂੰ ਬਰੰਗ ਵਾਪਸ ਮੁੜਨਾ ਪਿਆ। ਅੰਤ ਸਰਪੰਚ ਨੇ ਪਿੰਡ ਦੇ ਇਕੱਠ ਵਿੱਚ ਆਪਣੀ ਜਿੱਦ ਲਈ ਮਾਫੀ ਮੰਗੀ। 
—ਰਾਮਪੁਰੇ ਪਿੰਡ ਵਿੱਚ 'ਬੀਬਾ ਜੀ' ਤੇ ਜਨਮੇਜਾ ਸਿੰਘ ਸੇਖੋਂ ਦਾ ਕਾਫਲਾ ਗਲਤੀ ਨਾਲ ਕਾਲੀਆਂ ਝੰਡੀਆਂ ਵਾਲੇ ਇਕੱਠ ਵਿੱਚ ਆ ਵੱਜਿਆ। ਅੱਗੋਂ ਕਾਲੀਆਂ ਝੰਡੀਆਂ ਵਾਲੀ ਜਨਤਾ ਨੂੰ ਰੋਕਣ ਲਈ ਰਸਤੇ ਵਿੱਚ ਟੇਢੇ ਕਰਕੇ ਲਾਏ ਟਰੱਕ ਨੇ ਲੋਕਾਂ ਵਿੱਚ ਫਸੇ ਲੀਡਰਾਂ ਦੇ ਇਸ ਕਾਫਲੇ ਦਾ ਰਾਹ ਬੰਦ ਕਰ ਦਿੱਤਾ। ਇਕੱਠ ਵਿੱਚ ਫਸੀਆਂ ਗੱਡੀਆਂ ਨੂੰ ਪੁੱਠਾ ਮੁੜਨ ਦਾ ਕਜੀਆ ਪੈ ਗਿਆ। ਲੋਕਾਂ ਦਾ ਗੁੱਸਾ ਤੇ ਰੋਹ ਜਰਬਾਂ ਖਾਂਦਾ ਰਿਹਾ। ਮੁਰਦਾਬਾਦ ਦੇ ਨਾਅਰੇ ਆਕਾਸ਼ ਗੁੰਜਾਉਂਦੇ ਰਹੇ ਤੇ ਕਾਲੀਆਂ ਝੰਡੀਆਂ ਲੀਡਰਾਂ ਦੀਆਂ ਗੱਡੀਆਂ ਦੇ ਕਾਲੇ ਸ਼ੀਸਿਆਂ ਨਾਲ ਖਹਿੰਦੀਆਂ ਰਹੀਆਂ। 
—ਬਹੁਤ ਸਾਰੀਆਂ ਥਾਵਾਂ ਉੱਤੇ ਕਾਲੀਆਂ ਝੰਡੀਆਂ ਦੇ ਡਰੋਂ ਵੱਡੇ ਲੀਡਰਾਂ ਅਤੇ ਮੰਤਰੀਆਂ ਨੂੰ ਆਪਣੇ ਕਾਫਲਿਆਂ ਦੇ ਰਾਹ ਬਦਲਣੇ ਪਏ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਚੋਣ-ਪ੍ਰਚਾਰ ਲਈ ਮੁਕਤਸਰ ਜ਼ਿਲ੍ਹੇ ਦੇ ਪਿੰਡ ਫਤੂਹੀਵਾਲਾ ਤੋਂ ਨਾਲ ਜੁੜਵੇਂ ਪਿੰਡ ਸਿੰਘੇਵਾਲਾ ਜਾਣਾ ਸੀ ਤਾਂ ਅੱਧਾ ਕਿਲੀਮਟਰ ਦੇ ਇਸ ਰਾਹ ਵਿੱਚ ਭਤੂਹੀਵਾਲਾ ਦੇ ਮਜ਼ਦੂਰ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ। ਮਜਬੂਰੀ ਵਸ ਵੱਡੇ ਬਾਦਲ ਨੂੰ ਵੱਡੀ ਸੜਕ 'ਤੇ ਜਾ ਕੇ 7-8 ਕਿਲੋਮੀਟਰ ਦਾ ਵਿੰਗ ਪਾਉਣਾ ਪਿਆ। 
ਇਸੇ ਤਰ੍ਹਾਂ ਬਾਦਲ ਸਾਹਿਬ ਨਾਲ ਪਿੱਥੋ ਪਿੰਡ ਵਿੱਚ ਹੋਈ। ਪਿੰਡ ਵਿੱਚ ਆਉਣ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਰਾਮਪੁਰੇ ਪਿੰਡ ਤੋਂ ਪਿੱਥੋ ਨੂੰ ਆਉਂਦੀ ਟੁੱਟੀ ਸੜਕ ਦੀ ਮੁਰੰਮਤ ਕਰ ਦਿੱਤੀ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਰਾਹ ਉੱਤੇ ਤਾਂ ਪਿੰਡ ਦੇ ਕਾਲੀਆਂ ਝੰਡੀਆਂ ਵਾਲੇ ਬੈਠਣਗੇ। ਭਾਜੜ ਪੈ ਗਈ। ਰਾਤੋ ਰਾਤ ਇੱਕ ਹੋਰ ਸੜਕ ਦੀ ਮੁਰੰਮਤ ਕਰਨੀ ਪਈ, ਜਿਹੜੀ ਦੂਜੇ ਪਾਸੇ ਦੀ ਪਿੰਡ ਨੂੰ ਆਉਂਦੀ ਸੀ ਅਤੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ। ਸੜਕ ਉੱਤੇ ਰਾਤੋ ਰਾਤ ਲੁੱਕ ਪਾਈ ਗਈ। ਰੋਡ ਰੋਲਰ ਚਲਾਏ ਗਏ। ਹਫੇ ਹੋਏ ਪ੍ਰਸ਼ਾਸਨ ਨੇ ਮਸਾਂ ਸੜਕ ਬਣਾਈ ਤੇ ਮੁੱਖ ਮੰਤਰੀ ਦੀ ਪਿੰਡ ਵਿੱਚ ਫੇਰੀ ਪਵਾਈ। 
—ਮੌੜ ਚੜ੍ਹਤ ਸਿੰਘਵਾਲਾ (ਨੇੜੇ ਮੌੜ ਮੰਡੀ) ਵਿੱਚ ਪਿੰਡ ਦੀ ਧਰਮਸ਼ਾਲਾ ਵਿਰੋਧ ਕਰ ਰਹੇ ਲੋਕਾਂ ਨੇ ਰੋਕ ਲਈ ਅਤੇ ਦੁਪਿਹਰ ਇੱਕ ਵਜੇ ਤੱਕ ਇਕੱਠ ਕਰਨ ਲਈ 'ਬੀਬਾ ਜੀ' ਨੂੰ ਥਾਂ ਹੀ ਨਾ ਲੱਭੀ। ਅੰਤ ਪਿੰਡੋਂ ਬਾਹਰ ਫਿਰਨੀ ਉੱਤੇ ਇਕੱਠ ਕਰਕੇ ਹੀ ਵਾਪਸ ਮੁੜਨਾ ਪਿਆ। ਕਾਲੀਆਂ ਝੰਡੀਆਂ ਵਾਲਾ ਇਕੱਠ ਸਾਰਾ ਦਿਨ ਲੀਡਰਾਂ ਨੂੰ ਉਡੀਕਦਾ ਰਿਹਾ, ਕਨਸੋਆਂ ਲਾਉਂਦਾ ਰਿਹਾ, ''ਲੀਡਰ ਕਿੱਧਰ ਦੀ ਲੰਘੂਗਾ।''
—ਸੁਖਬੀਰ ਬਾਦਲ ਨੇ ਆਪਣੇ ਨਾਨਕੇ ਪਿੰਡ, ਚੱਕ ਫਤਹਿ ਸਿੰਘੇਵਾਲੇ, ਪਿੰਡ ਦੇ ਇੱਕ ਕਾਂਗਰਸੀ ਨੂੰ ਸਿਰੋਪਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਸਵੇਰ ਵੇਲੇ ਆਉਣਾ ਸੀ। 200 ਦੇ ਲੱਗਭੱਗ ਮਰਦ-ਇਸਤਰੀਆਂ ਕਾਲੀਆਂ ਝੰਡੀਆਂ ਲੈ ਕੇ ਸਵੇਰੇ ਤੋਂ ਸ਼ਾਮ ਦੇ 5 ਵਜੇ ਤੱਕ ਬਾਦਲ ਨੂੰ ਉਡੀਕਦੇ ਰਹੇ। ਉੱਪ ਮੁੱਖ ਮੰਤਰੀ ਜੀ ਕਾਲੀਆਂ ਝੰਡੀਆਂ ਵਾਲੇ ਇਕੱਠ ਤੋਂ ਘਬਰਾ ਗਏ। ਸ਼ਾਮ ਤੱਕ ਪਿੰਡ ਵਿੱਚ ਵੜਨ ਤੋਂ ਟਾਲਾ ਵੱਟਦੇ ਰਹੇ। ਸਰੋਪੇ ਦਾ ਪ੍ਰੋਗਰਾਮ ਹੀ ਕੈਂਸਲ ਕਰ ਦਿੱਤਾ। ਪਿੰਡ ਆਏ ਤਾਂ ਘਰੋਂ ਆ ਕੇ ਹੀ ਮੁੜ ਗਏ। 
—ਮਜ਼ਦੂਰਾਂ-ਕਿਸਾਨਾਂ ਦੀ ਚੋਣ ਸਰਗਰਮੀ ਤੋਂ ਔਖੇ ਹੋਏ ਮੌੜ ਬਲਾਕ ਦੇ ਇੱਕ ਪਿੰਡ ਦੇ ਸਰਪੰਚ ਨੇ ਪਿੰਡ ਵਿੱਚ ਹੋਕਾ ਦੇ ਦਿੱਤਾ ਕਿ ''ਪੰਚਾਇਤ ਦਾ ਫੈਸਲਾ ਹੈ, ਯੂਨੀਅਨ ਵਾਲਿਆਂ ਨੂੰ ਕਿਸੇ ਨੇ ਫੰਡ ਨਹੀਂ ਦੇਣਾ।'' ਹੋਕਾ ਦੇਣ ਦੀ ਦੇਰ ਸੀ ਕਿ 9-10 ਖੇਤ ਮਜ਼ਦੂਰ ਮਰਦ-ਇਸਤਰੀਆਂ ਪਿੰਡ ਦੇ ਕਿਸਾਨ ਆਗੂ ਕੋਲ ਪਹੁੰਚੇ ਤੇ ਕਹਿਣ ਲੱਗੇ, ''ਸਰਪੰਚ ਦੇ ਹੋਕੇ ਨਾਲ ਆਪਾਂ ਫੰਡ ਇੱਕਠਾ ਕਰਨ ਤੋਂ ਨਹੀਂ ਰੁਕਣਾ। ਐਤਕੀਂ ਆਪਾਂ ਸਾਡੇ ਵਾਲੇ ਪਾਸਿਉਂ ਫੰਡ ਕਰਾਂਗੇ ਤੇ ਆਹ ਚੁੱਕ 850 ਰੁਪਏ ਫੰਡ ਦੇ, ਇਹ ਤਾਂ ਅਸੀਂ ਆਉਂਦੇ ਆਉਂਦੇ ਹੀ ਕਰਕੇ ਲਿਆਏ ਹਾਂ।'' ਏਨੇ ਨੂੰ ਕਿਸਾਨਾਂ ਦਾ ਵੱਡਾ ਇਕੱਠ ਵੀ ਪਹੁੰਚ ਗਿਆ ਤੇ ਆਗੂ ਨੂੰ ਫੰਡ ਇਕੱਠਾ ਕਰਨ ਵਾਸਤੇ ਤੁਰਨ ਲਈ ਕਹਿਣ ਲੱਗਿਆ। ਆਗੂ ਹੈਰਾਨ ਸੀ ਕਿ ''ਅੱਗੇ ਫੰਡ ਲਈ ਮਸਾਂ ਖਿੱਚ ਕੇ 7-8 ਬੰਦੇ ਕਰੀਦੇ ਐ ਤੇ ਅੱਜ 25-30 ਹੋਏ ਫਿਰਦੇ ਐ।'' ਜਦੋਂ ਇਹ ਕਾਫਲਾ ਪਿੰਡ ਵਿੱਚ ਫੰਡ ਇਕੱਠਾ ਕਰਨ ਲਈ ਤੁਰਿਆ ਤਾਂ ਤਿੰਨਾ ਦਿਨਾਂ ਦਾ ਫੰਡ ਇਕੱਠਾ ਕਰਨ ਦਾ ਕੰਮ ਤਿੰਨ ਘੰਟਿਆਂ ਵਿੱਚ ਹੀ ਨਿੱਬੜ ਗਿਆ। ਕਾਫੀ ਲੋਕ ਦਰਵਾਜ਼ਿਆਂ ਵਿੱਚ ਖੜ੍ਹੇ ਫੰਡ ਦੇਣ ਲਈ ਉਡੀਕ ਕਰਦੇ ਮਿਲੇ। 7-8 ਘਰਾਂ ਨੇ ਯੂਨੀਅਨ ਨੂੰ ਤਾਂ ਫੰਡ ਦਿੱਤਾ ਹੀ, ਨਾਲ ਅਲਹਿਦਾ ਤੌਰ 'ਤੇ ਕਿਸੇ ਨੇ 1000 ਰੁਪਏ ਕਿਸੇ ਨੇ 500 ਰੁਪਏ ਤੇ ਕਿਸੇ ਨੇ ਵਾਧੂ ਕਣਕ ਸਰਪੰਚ ਦੇ ਹੋਕੇ ਦੇ ਨਾਮ 'ਤੇ ਯੂਨੀਅਨ ਦੀ ਝੋਲੀ ਵਿੱਚ ਪਾਈ। -0-
-ਪੇਸ਼ਕਸ਼:  ਨਾਜ਼ਰ ਸਿੰਘ ਬੋਪਾਰਾਏ

No comments:

Post a Comment