ਸੰਪਾਦਕ ''ਲਾਲ ਪਰਚਮ'' ਦੇ ਨਾਂ ਖ਼ਤ
ਗੁਰਸ਼ਰਨ ਸਿੰਘ ਲਈ ਸ਼ਰਧਾਂਜਲੀ ਦੇ ਵੰਨ-ਸੁਵੰਨੇ ਰੰਗਾਂ ਨੂੰ ਟਹਿਕਣ ਦਿਓ
ਰੰਗ 'ਚ ਭੰਗ ਪਾਉਣੋ ਪਰਹੇਜ਼ ਕਰੋ
ਸਾਥੀ ਸੰਪਾਦਕ ਜੀ,
ਸਾਨੂੰ ਇਹ ਵੇਖ ਕੇ ਅਫਸੋਸ ਤੇ ਦੁੱਖ ਹੋਇਆ ਹੈ ਕਿ ਤੁਸੀਂ ਇੱਕ ਅਜਿਹੇ ਵਿਅਕਤੀ ਵੱਲੋਂ ਗੁਰਸ਼ਰਨ ਸਿੰਘ ਹੋਰਾਂ ਬਾਰੇ ਕੀਤੀ ਬੇਬੁਨਿਆਦ ਚਿੱਕੜ-ਉਛਾਲੀ ਨੂੰ ਲਾਲ ਪਰਚਮ ਵਿੱਚ, ਉਚੇਚੇ ਤੌਰ 'ਤੇ ਛਾਪਿਆ ਹੈ, ਜਿਸ ਵਿਅਕਤੀ ਨੂੰ ਇਸ ਚਿੱਕੜ ਉਛਾਲੀ ਦੀ ਵਜਾਹ ਕਰਕੇ 21 ਵਰ੍ਹੇ ਪਹਿਲਾਂ ਸੁਰਖ਼ ਰੇਖਾ ਦੇ ਸੰਪਾਦਕ ਦੀ ਜੁੰਮੇਵਾਰੀ ਤੋਂ ਹਟਾ ਦਿੱਤਾ ਗਿਆ ਸੀ। ਅਮਰੀਕ ਸਿੰਘ ਨੂੰ ਸੰਪਾਦਕੀ ਬੋਰਡ 'ਚੋਂ ਖਾਰਜ ਕਰਨ ਦੇ ਕਾਰਨ ਬਿਆਨਦਿਆਂ ਮਈ 1990 ਦੇ ਸੁਰਖ਼ ਰੇਖਾ ਵਿੱਚ ਕਿਹਾ ਗਿਆ ਸੀ, ''ਮੰਨੇ-ਪ੍ਰਮੰਨੇ ਲੋਕ-ਪੱਖੀ ਨਾਟਕਕਾਰ ਗੁਰਸ਼ਰਨ ਸਿੰਘ ਬਾਰੇ ਬੋਰਡ 'ਚ ਕੋਰਾ ਗੱਪ ਮਾਰਨਾ ਕਿ ਮੈਂ ਆਪ ਟੀ.ਵੀ. 'ਚ ਗੁਰਸ਼ਰਨ ਸਿੰਘ ਨੂੰ ਸਨਮਾਨ ਲੈਂਦਿਆਂ ਦੇਖਿਆ ਹੈ।'' ਸੁਰਖ਼ ਰੇਖਾ ਨੇ ਟਿੱਪਣੀ ਕੀਤੀ ਸੀ ਕਿ ਅਮਰੀਕ ਸਿੰਘ ਨੇ ਗੁਰਸ਼ਰਨ ਸਿੰਘ ਬਾਰੇ ਉਸਾਰੂ ਦ੍ਰਿਸ਼ਟੀਕੋਣ ਅਪਣਾਉਣ ਦੀ ਬਜਾਏ ਉਹਨਾਂ ਨੂੰ ''ਦੁਸ਼ਮਣਾਂ ਦੀ ਕਤਾਰ ਵਿੱਚ ਖੜ੍ਹਾ ਕਰਕੇ ਹੋਛੇ ਹਮਲੇ ਕੀਤੇ।''
ਸੁਰਖ਼ ਰੇਖਾ ਨੇ ਅਮਰੀਕ ਸਿੰਘ ਵੱਲੋਂ ਸੰਪਾਦਕੀ ਟੀਮ ਦੀ ਇੱਛਾ ਅਤੇ ਵਿਚਾਰਾਂ ਦੇ ਖਿਲਾਫ਼ ਅਤੇ ਪਰਚੇ ਦੀਆਂ ਤਹਿ-ਸ਼ੁਦਾ ਨੀਤੀਆਂ ਦੀ ਉਲੰਘਣਾ ਕਰਕੇ ਧੱਕੇ ਨਾਲ ਠੋਸੀ ਤੰਗਨਜ਼ਰ ਅਤੇ ਸੰਕੀਰਨ ਪਹੁੰਚ ਨੂੰ, ਸਪਸ਼ਟ ਤੌਰ 'ਤੇ ਰੱਦ ਕੀਤਾ ਸੀ। ਇਸ ਪਹੁੰਚ ਨੂੰ ''ਭਰਾਤਰੀ ਇਨਕਲਾਬੀ ਜਮਹੂਰੀ ਸ਼ਕਤੀਆਂ ਪ੍ਰਤੀ ਉਸਾਰੂ ਆਲੋਚਨਾਤਮਕ ਦ੍ਰਿਸ਼ਟੀ'' ਨਾ ਅਪਣਾਉਣ, ''ਗਾਲੀ ਗਲੋਚ ਦਾ ਸਹਾਰਾ ਲੈ ਕੇ ਸਿਧਾਂਤਕ ਕੰਗਾਲੀ ਦਾ ਇਜ਼ਹਾਰ ਕਰਨ'', ''ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ਗੁੱਡਾ ਬੰਨ੍ਹਣ'', ''ਜਮਹੂਰੀ ਦੇਸ਼ ਭਗਤ ਤੱਤਾਂ ਪ੍ਰਤੀ ਗਲਤ ਰਵੱਈਆ ਧਾਰਨ ਕਰਨ'', ''ਦੂਜਿਆਂ ਵਿਰੁੱਧ ਜ਼ਹਿਰ ਉਗਲ ਕੇ ਆਪਸੀ ਸਾਂਝ ਨੂੰ ਤੋੜਨ'' ਵਾਲੀ ਪਹੁੰਚ ਕਰਾਰ ਦਿੱਤਾ ਗਿਆ ਸੀ। ਅਮਰੀਕ ਸਿੰਘ ਦੀ ਪਹੁੰਚ ਨੂੰ ਐਲਾਨੀਆ ਅਤੇ ਦੋ ਟੁੱਕ ਰੱਦ ਕਰਦਿਆਂ ਸੁਰਖ਼ ਰੇਖਾ ਵੱਲੋਂ ਸਪਸ਼ਟ ਐਲਾਨ ਕੀਤਾ ਗਿਆ ਸੀ ਕਿ ਸੁਰਖ਼ ਰੇਖਾ ''ਨਾਟਕਕਾਰ ਗੁਰਸ਼ਰਨ ਸਿੰਘ, ਕਮਿਊਨਿਸਟ ਇਨਕਲਾਬੀਆਂ, ਇਨਕਲਾਬੀ ਜਮਹੂਰੀ ਸ਼ਕਤੀਆਂ ਨਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਪੱਧਰ 'ਤੇ ਏਕਤਾ ਉਸਾਰਨ'' ਦੀ ਪਹੁੰਚ ਦੀ ਰਾਖੀ ਕਰੇਗਾ। ਮਈ ਅਤੇ ਜੂਨ 1990 ਦੇ ਸੁਰਖ਼ ਰੇਖਾ ਦੇ ਚਾਰ ਅੰਕਾਂ ਵਿੱਚ ਅਮਰੀਕ ਸਿੰਘ ਨੂੰ ਸੰਪਾਦਕੀ ਬੋਰਡ 'ਚੋਂ ਖਾਰਜ ਕਰਨ ਦੇ ਕਾਰਨਾਂ ਦੀ ਵਿਆਖਿਆ ਕੀਤੀ ਗਈ ਸੀ। ਅਮਰੀਕ ਸਿੰਘ ਨੂੰ ਖਾਰਜ ਕਰਨ ਪਿੱਛੋਂ ਅਮੋਲਕ ਸਿੰਘ ਨੂੰ ਸੁਰਖ਼ ਰੇਖਾ ਦਾ ਸੰਪਾਦਕ ਬਣਾਇਆ ਗਿਆ ਸੀ। ਇਸ ਤੋਂ ਬਾਅਦ ''ਸੁਰਖ਼ ਰੇਖਾ'' ਅਤੇ ''ਜਨਤਕ ਲੀਹ'' ਦਰਮਿਆਨ ਸਾਂਝੀ ਸਮਝ ਦੇ ਅਧਾਰ 'ਤੇ ਏਕਤਾ ਹੋਈ ਅਤੇ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦਾ ਸੰਪਾਦਕ ਬਣਾਇਆ ਗਿਆ। ਸੁਰਖ਼ ਰੇਖਾ ਦਾ ਅਮਰੀਕ ਸਿੰਘ ਵੱਲੋਂ ਠੋਸੀ ਗਲਤ ਪਹੁੰਚ ਦੇ ਗਲਬੇ ਤੋਂ ਮੁਕਤ ਹੋਣਾ ਅਤੇ ਫੇਰ ਸੁਰਖ਼ ਰੇਖਾ ਅਤੇ ''ਜਨਤਕ ਲੀਹ'' ਦੀ ਏਕਤਾ ਹੋਣਾ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਹਲਕਿਆਂ ਲਈ ਬਹੁਤ ਹੀ ਖੁਸ਼ੀ ਭਰੀ ਘਟਨਾ ਸੀ ਅਤੇ ਗੁਰਸ਼ਰਨ ਸਿੰਘ ਉਹਨਾਂ ਵਿਅਕਤੀਆਂ 'ਚੋਂ ਸਨ, ਜਿਹਨਾਂ ਨੇ ਇਸ ਘਟਨਾ-ਵਿਕਾਸ 'ਤੇ ਸਭ ਤੋਂ ਵੱਧ ਤਸੱਲੀ ਅਤੇ ਖੁਸ਼ੀ ਮਹਿਸੂਸ ਕੀਤੀ।
ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਇਹ ਹਕੀਕਤ ਜਾਣੀ-ਪਛਾਣੀ ਹੈ ਕਿ ਮੌਜੂਦਾ ਸੁਰਖ਼ ਰੇਖਾ ਦਾ ਅਮਰੀਕ ਸਿੰਘ ਵੱਲੋਂ ਗੁਰਸ਼ਰਨ ਸਿੰਘ ਬਾਰੇ ਕੀਤੀ ਚਿੱਕੜ-ਉਛਾਲੀ ਨਾਲ ਕੋਈ ਸਬੰਧ ਨਹੀਂ ਹੈ। ਸਾਨੂੰ ਹੈਰਾਨੀ ਹੈ ਕਿ ਤੁਸੀਂ ਦੋ ਦਹਾਕਿਆਂ ਪਿੱਛੋਂ ਉਸ ਚਿੱਕੜ-ਉਛਾਲੀ ਨੂੰ ਅਤੇ ਗੁਰਸ਼ਰਨ ਸਿੰਘ ਵੱਲੋਂ ਦਿੱਤੇ ਇਸ ਦੇ ਜੁਆਬ ਨੂੰ ਵਿਸ਼ੇਸ਼ ਤੌਰ 'ਤੇ ਸੰਪਾਦਕੀ ਨੋਟ ਦੇ ਕੇ ਛਾਪਿਆ ਹੈ। ਤੁਸੀਂ ਪਾਠਕਾਂ ਨੂੰ ਇਹ ਨਹੀਂ ਦੱਸਿਆ ਕਿ ਇਸ ਚਿੱਕੜ-ਉਛਾਲੀ ਬਦਲੇ ਅਮਰੀਕ ਸਿੰਘ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਦੇ ਉਲਟ ਤੁਸੀਂ ਇਹ ਗਲਤ ਪੇਸ਼ਕਾਰੀ ਕੀਤੀ ਹੈ ਜਿਵੇਂ ਇਹ ਇਲਜ਼ਾਮਬਾਜ਼ੀ ਅਤੇ ਚਿੱਕੜ-ਉਛਾਲੀ ਜਸਪਾਲ ਜੱਸੀ ਅਤੇ ਅਮੋਲਕ ਸਿੰਘ ਵੱਲੋਂ ਕੀਤੀ ਗਈ ਹੈ। ਅਸੀਂ ਇਸ ਬਾਰੇ ਏਨਾ ਹੀ ਕਹਿ ਸਕਦੇ ਹਾਂ ਕਿ ਲਾਲ ਪਰਚਮ ਵਰਗੇ ਇਨਕਲਾਬੀ ਪਰਚੇ ਤੋਂ ਇਮਾਨਦਾਰੀ ਦੀ ਆਸ ਕੀਤੀ ਜਾਂਦੀ ਹੈ। ਤੁਹਾਡੇ ਵੱਲੋਂ ਆਪਣੇ ''ਲਾਲ ਪਰਚਮ'' ਨੂੰ ਇਉਂ ਨੀਵਾਂ ਕਰ ਲੈਣ 'ਤੇ ਸਾਨੂੰ ਦੁੱਖ ਹੋਇਆ ਹੈ, ਜਦੋਂ ਕਿ ਅਸੀਂ ਇਸ ਨੂੰ ਉੱਚਾ ਲਹਿਰਾਉਂਦਾ ਵੇਖਣ ਦੀ ਇੱਛਾ ਰੱਖਦੇ ਹਾਂ।
ਤੁਸੀਂ ''ਜਨਤਕ ਲੀਹ'' ਅਤੇ ਗੁਰਸ਼ਰਨ ਸਿੰਘ ਹੋਰਾਂ ਦਰਮਿਆਨ ਉਹਨਾਂ ਸਮਿਆਂ 'ਚ ਕੁਝ ਨੁਕਤਿਆਂ 'ਤੇ ਹੋਈ ਬਹਿਸ-ਵਿਚਾਰ ਨੂੰ ਵੀ ਇਉਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਇਹ ਗੁਰਸ਼ਰਨ ਸਿੰਘ ਹੋਰਾਂ ਪ੍ਰਤੀ ਦੁਸ਼ਮਣਾਨਾ ਰਵੱਈਏ ਨੂੰ ਪ੍ਰਗਟ ਕਰਦੀ ਹੋਵੇ। ਤੁਸੀਂ ਅਮਰੀਕ ਸਿੰਘ ਅਤੇ ਜਨਤਕ ਲੀਹ ਦੇ ਰਵੱਈਏ ਨੂੰ ਇੱਕ ਬਣਾ ਕੇ ਪੇਸ਼ ਕੀਤਾ ਹੈ, ਜਦੋਂ ਕਿ ਤੁਹਾਡੇ ਪਰਚੇ 'ਚ ਛਪੀ ਗੁਰਸ਼ਰਨ ਸਿੰਘ ਦੀ ਲਿਖਤ ਹੀ ਤੁਹਾਡੇ ਇਸ ਦਾਅਵੇ ਨੂੰ ਰੱਦ ਕਰਦੀ ਹੈ। ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਹੈ ਕਿ ''ਅਸਹਿਮਤ ਹੋਣਾ ਜਾਂ ਚਿੱਕੜ-ਉਛਾਲੀ ਕਰਨਾ ਦੋ ਵੱਖ ਵੱਖ ਧਾਰਨਾਵਾਂ ਹਨ। ਜਨਤਕ ਲੀਹ ਨਾਲ ਹੋਈ ਬਹਿਸ ਪਹਿਲੀ ਧਾਰਨਾ ਦੀ ਮਿਸਾਲ ਹੈ।'' ਸਪਸ਼ਟ ਤੌਰ 'ਤੇ ਗੁਰਸ਼ਰਨ ਸਿੰਘ ਹੋਰੀਂ ਇਥੇ ''ਜਨਤਕ ਲੀਹ'' ਦਾ ਜ਼ਿਕਰ ਇਹ ਨਮੂਨਾ ਦੇਣ ਲਈ ਕਰ ਰਹੇ ਹਨ ਕਿ ਬਹਿਸ ਕਿਵੇਂ ਕਰੀਦੀ ਹੈ। ਉਹ ਕਹਿ ਰਹੇ ਹਨ ਕਿ ਜਨਤਕ ਲੀਹ ਨੇ ਬਿਨਾ ਕਿਸੇ ''ਚਿੱਕੜ-ਉਛਾਲੀ'' ਦੇ ''ਅਸਹਿਮਤੀ'' ਜ਼ਾਹਰ ਕੀਤੀ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਲਾਲ ਪਰਚਮ ਦੇ ਸੰਪਾਦਕ ਨੇ ਸਮਤਾ ਦੇ ਪੰਨਿਆਂ 'ਤੇ ਚਲਦੀ ਰਹੀ ਪੂਰੀ ਬਹਿਸ ਪੜ੍ਹੀ ਹੋਵੇਗੀ। ਉਹ ਇਹ ਵੀ ਜਾਣਦੇ ਹੋਣਗੇ ਕਿ ਅਪ੍ਰੈਲ 1988 ਤੋਂ ਬਾਅਦ ਜੁਲਾਈ 1988 'ਚ ਗੁਰਸ਼ਰਨ ਸਿੰਘ ਹੋਰਾਂ ਨੇ ਸਬੰਧਤ ਮਸਲੇ ਬਾਰੇ ਜਸਪਾਲ ਜੱਸੀ ਦਾ ਲੇਖ ਇਹ ਵਿਸ਼ੇਸ਼ ਨੋਟ ਦੇ ਕੇ ਛਾਪਿਆ ਕਿ ਇਹ ਬਹਿਸ ਨੂੰ ਸਾਰਥਿਕ ਰੂਪ ਵਿੱਚ ਅੱਗੇ ਲਿਜਾਂਦਾ ਹੈ। ਅਫਸੋਸ ਹੈ ਕਿ ਜਿਸ ਬਹਿਸ ਨੂੰ ਗੁਰਸ਼ਰਨ ਸਿੰਘ ਹੋਰਾਂ ਨੇ ਸਾਰਥਿਕ ਬਹਿਸ ਕਰਾਰ ਦਿੱਤਾ ਸੀ, ਤੁਸੀਂ ਉਸ ਨੂੰ ਮੱਲੋ-ਜ਼ੋਰੀ ਗੁਰਸ਼ਰਨ ਸਿੰਘ ਪ੍ਰਤੀ ਦੁਸ਼ਮਣਾਨਾ ਰਵੱਈਏ ਦੀ ਮਿਸਾਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਿਚਾਰ-ਚਰਚਾ ਅਤੇ ਬਹਿਸ ਗੁਰਸ਼ਰਨ ਸਿੰਘ ਹੋਰਾਂ ਲਈ ਕਦੇ ਵੀ ਓਪਰੀ ਗੱਲ ਨਹੀਂ ਰਹੀ। ਨਾ ਹੀ ਕਿਸੇ ਇਨਕਲਾਬੀ ਲਈ ਹੋਣੀ ਚਾਹੀਦੀ ਹੈ। ਗੁਰਸ਼ਰਨ ਸਿੰਘ ਹੋਰਾਂ ਨੇ ਪਹਿਲਾਂ ਸਰਦਲ ਨੂੰ ਤੇ ਫੇਰ ਸਮਤਾ ਨੂੰ ਵਿਸ਼ੇਸ਼ ਤੌਰ 'ਤੇ ਇਨਕਲਾਬੀਆਂ ਦਰਮਿਆਨ ਆਪਸੀ ਖੁੱਲ੍ਹੀ ਬਹਿਸ ਦੇ ਮੰਚਾਂ ਵਜੋਂ ਉਭਾਰਿਆ ਅਤੇ ਸਥਾਪਤ ਕੀਤਾ ਸੀ। ਇਹ ਠੀਕ ਹੈ ਕਿ ਆਪਸੀ ਬਹਿਸ ਦਾ ਤਰੀਕਾਕਾਰ ਅਤੇ ਲਹਿਜਾ ਇਨਕਲਾਬੀਆਂ ਦੀ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ। ਇਸ ਨੂੰ ਮਜਬੂਤ ਕਰਨ ਵਾਲਾ ਹੋਣਾ ਚਾਹੀਦਾ ਹੈ। ਅਮਰੀਕ ਸਿੰਘ ਨੂੰ ਅਤੇ ਗੁਰਸ਼ਰਨ ਸਿੰਘ ਖਿਲਾਫ ਉਸਦੀ ਚਿੱਕੜ ਉਛਾਲੀ ਨੂੰ ਤਾਂ ਲੋਕ ਕਦੋਂ ਦੇ ਭੁੱਲ-ਭੁਲਾ ਚੁੱਕੇ ਹਨ। ਪਰ ਉਸ ਤੋਂ ਬਾਅਦ ਸੁਰਖ਼ ਰੇਖਾ ਅਤੇ ਇਸਦੇ ਸੰਪਾਦਕਾਂ (ਅਮੋਲਕ ਸਿੰਘ ਅਤੇ ਜਸਪਾਲ ਜੱਸੀ) ਨਾਲ ਗੁਰਸ਼ਰਨ ਸਿੰਘ ਹੋਰਾਂ ਦਾ ਗਹਿਰੀ ਸਦਭਾਵਨਾ ਵਾਲਾ ਰਿਸ਼ਤਾ ਅਜਿਹੀ ਜਿਉਂਦੀ ਜਾਗਦੀ ਹਕੀਕਤ ਹੈ, ਜਿਸ ਨੂੰ ਕੋਈ ਕੋਸ਼ਿਸ਼ ਕਰਕੇ ਵੀ ਮਿਟਾ ਨਹੀਂ ਸਕਦਾ। ਦਹਾਕਿਆਂ ਦੇ ਆਪਸੀ ਰਿਸ਼ਤੇ ਦੇ ਤਜਰਬੇ ਦੇ ਅਧਾਰ 'ਤੇ ਅਸੀਂ ਆਪਣੇ ਆਪ ਨੂੰ ਇਨਕਲਾਬੀ ਲਹਿਰ ਦੇ ਅਜਿਹੇ ਕਾਰਕੁਨਾਂ 'ਚ ਸ਼ੁਮਾਰ ਕਰ ਸਕਦੇ ਹਾਂ ਜਿਹਨਾਂ ਉੱਤੇ ਸਾਥੀ ਗੁਰਸ਼ਰਨ ਸਿੰਘ ਹਮੇਸ਼ਾਂ ਹੀ ਮਾਣ ਮਹਿਸੂਸ ਕਰਦੇ ਰਹੇ। 11 ਜਨਵਰੀ 2006 ਨੂੰ ਕੁੱਸਾ 'ਚ ''ਇਨਕਲਾਬੀ ਨਿਹਚਾ ਸਨਮਾਨ'' ਸਮਾਗਮ ਦੌਰਾਨ ਸਾਡੇ ਬਾਰੇ ਆਪਣਾ ਵਿਸ਼ਵਾਸ਼ ਉਹਨਾਂ ਨੇ ਹੇਠ ਲਿਖੇ ਸ਼ਬਦਾਂ 'ਚ ਪ੍ਰਗਟ ਕੀਤਾ ਸੀ:
''ਮੈਂ ਸਮਝਨਾਂ ਕਿ ਇਸ ਵੇਲੇ ਮਿਹਨਤਕਸ਼ ਲੋਕਾਂ ਦੀ ਤਾਕਤ ਐ। ਇਸ ਵੇਲੇ ਬੁੱਧੀਜੀਵੀਆਂ ਦੀ ਤਾਕਤ ਐ। ਇਸ ਵੇਲੇ ਲੇਖਕਾਂ, ਨਾਵਲਕਾਰਾਂ, ਨਾਟਕਕਾਰਾਂ, ਕਵੀਆਂ ਦੀ ਤਾਕਤ ਐ। ਇਹ ਸਾਰੀ ਤਾਕਤ ਇਕੱਠੀ ਹੋਏਗੀ। ਇਹ ਮੇਰੇ ਨੌਜਵਾਨ ਅਮੋਲਕ ਸਿੰਘ ਹੋਰੀਂ ਹੋਏ, ਜਸਪਾਲ ਜੱਸੀ ਹੋਰੀਂ ਹੋਏ ਇਸ ਲਹਿਰ ਦੀ ਅਗਵਾਈ ਕਰ ਰਹੇ ਨੇ। ਹੁਣ ਤਾਕਤ ਵਧੇਗੀ।''
No comments:
Post a Comment