ਮਨੁੱਖੀ ਸਿਹਤ ਅਤੇ ਸਮਾਜਵਾਦ
ਚੀਨੀ ਵਿਗਿਆਨੀਆਂ ਦੀ ਇਤਿਹਾਸਕ ਪੁਲਾਂਘ
—ਡਾ. ਜਗਮੋਹਨ ਸਿੰਘ
ਇਹ ਸੰਨ 1958 ਦਾ ਵਿੱਤੀ ਵਰ੍ਹਾ ਸੀ, ਜਦ ਇਕ ਬਰਤਾਨਵੀ ਮੈਗਜ਼ੀਨ ਵਿੱਚ ਛਪਿਆ ਕਿ ਮਨੁੱਖ ਸਮੇਤ ਸਭ ਦੁੱਧਾਧਾਰੀ ਜੀਵਾਂ ਦੀ ਪਾਚਣ ਪ੍ਰਣਾਲੀ ਨਾਲ ਸਬੰਧਤ ਇੱਕ ਰਸ- ਗਿਲਟੀ (ਪੈਨਕਰੀਆਸ) ਵੱਲੋਂ ਪੈਦਾ ਕੀਤੇ ਜਾਂਦੇ ਅਹਿਮ ਰਸ-ਇਨਸੂਲੀਨ ਨੂੰ ਜੀਵਤ ਸਰੀਰ ਤੋਂ ਬਾਹਰ ਪ੍ਰਯੋਗਸ਼ਾਲਾ ਵਿੱਚ ਤਿਆਰ ਕਰਨਾ ''ਅਜੇ ਸੰਭਵ ਨਹੀਂ ਹੈ।'' ਇਹ ਲਫਜ਼ ਇਸ ਪੱਖੋਂ ਬੜੇ ਅਹਿਮ ਸਨ ਕਿ ਇਹ ਸਮੁੱਚੇ ਵਿਕਸਤ ਦੇਸ਼ਾਂ ਵਿੱਚ ਮੈਡੀਕਲ ਸਾਇੰਸ ਦੇ ਵਿਕਾਸ ਪੱਧਰ 'ਤੇ ਇਕ ਟਿੱਪਣੀ ਸੀ। ਇਹ ਉਹ ਵਰ੍ਹਾ ਸੀ ਜਦ ਚੀਨੀ ਇਨਕਲਾਬ ਨੂੰ ਹੋਇਆਂ ਲਗਭਗ 10 ਵਰ੍ਹੇ ਪੂਰੇ ਹੋ ਚੁੱਕੇ ਸਨ। ਨਵਜਮਹੂਰੀ ਇਨਕਲਾਬ ਤੋਂ ਸਮਾਜਵਾਦ 'ਚ ਤਬਦੀਲੀ ਦੇ ਤਰਥੱਲੀਆਂ ਭਰੇ ਦਿਨ ਸਨ। ਚੀਨੀ ਪਾਰਟੀ ਦੀ ਆਮ ਲੀਹ ਅਤੇ ਅਗਾਂਹ ਵੱਲ ਮਹਾਨ ਛਾਲ ਤਿੱਖੇ ਝੱਖੜਾਂ ਵਿੱਚ ਘਿਰੀ ਹੋਈ ਸੀ। ਚੀਨੀ ਪਾਰਟੀ ਵੱਲੋਂ ਅਖਤਿਆਰ ਕੀਤੀ ਆਮ ਲੀਹ ਰਾਹੀਂ ਲੋਕਾਂ ਨੂੰ ਸੱਦਾ ਦਿੱਤਾ ਹੋਇਆ ਸੀ,''ਸਿਰਤੋੜ ਯਤਨ ਜੁਟਾਓ ਅਤੇ ਉੱਚੇ ਆਦਰਸ਼ ਪਾਲੋ''। ਮਾਰਕਸਵਾਦ-ਲੈਨਿਨਵਾਦ ਮਾਓ ਵਿਚਾਰਧਾਰਾ ਨਾਲ ਲੈਸ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਲੱਖਾਂ ਕਰੋੜਾਂ ਚੀਨੀ ਲੋਕ ਅਸਲੋਂ ਹੀ ਇੱਕ ਨਵੇਂ ਸਮਾਜ ਦੀ ਉਸਾਰੀ 'ਚ ਜੁਟੇ ਹੋਏ ਸਨ। ਅਜਿਹੀਆਂ ਹਾਲਤਾਂ 'ਚ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਤੋਂ ਪ੍ਰੇਰਤ ਨੌਜਵਾਨ ਵਿਗਿਆਨੀਆਂ ਦਾ ਇੱਕ ਗਰੁੱਪ ਇਸ ਚੁਣੌਤੀ ਨੂੰ ਕਬੂਲ ਕਰਨ ਲਈ ਅੱਗੇ ਆਇਆ ਅਤੇ ਇਸ ਅਹਿਮ ਮਨੁੱਖੀ ਰਸ ਨੂੰ ਜੀਵਤ ਸਰੀਰ ਤੋਂ ਬਾਹਰ ਪ੍ਰਯੋਗਸ਼ਾਲਾ ਵਿੱਚ ਤਿਆਰ ਕਰਨ ਦਾ ਕਾਰਜ ਹੱਥ ਲੈ ਲਿਆ।
ਮੁੱਢ ਵਿੱਚ ਹੀ ਇਨ੍ਹਾਂ ਜੀਵ-ਰਸਾਇਣ ਵਿਗਿਆਨੀਆਂ (ਬਾਇਓ-ਕੈਮਿਸਟਸ) ਨੂੰ ਢੇਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਾਮਵਰ ਅਧਿਕਾਰੀਆਂ ਦੇ ਕੁੱਝ ਹਿੱਸਿਆਂ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ''ਤੁਰਨ ਲੱਗਣ ਤੋਂ ਪਹਿਲਾਂ ਹੀ ਦੌੜ ਲਗਾਉਣ'' ਦੀ ਕੋਸ਼ਿਸ਼ ਹੈ। ਉਹ ਇਸ ਦਿਉ-ਕੱਦ ਪਰੋਜੈਕਟ ਦੀਆਂ ਮੁਸ਼ਕਲਾਂ ਨੂੰ ਜ਼ੋਰ ਸ਼ੋਰ ਨਾਲ ਉਭਾਰਦੇ ਅਤੇ ਉੱਚੇ ਉੱਚੇ ਨਿਸ਼ਾਨੇ ਮਿਥਣ ਤੋਂ ਵਰਜਦੇ। ਇਨ੍ਹਾਂ ਨੌਜਵਾਨ ਵਿਗਿਆਨੀਆਂ ਨੂੰ ਉਹ ''ਫਰ ਕੋਟਾਂ ਵਾਲੇ ਲਫੰਗੇ'' ਕਹਿ ਕਹਿ ਕੇ ਉਨ੍ਹਾਂ ਦੀ ਖਿੱਲੀ ਉਡਾਉਂਦੇ ਅਤੇ ''ਮੂਰਖਾਂ ਵਾਂਗ ਦਿਨ ਦਿਹਾੜੇ ਸੁਪਨੇ ਲੈਣ'' ਵਰਗੀਆਂ ਤਨਜ਼ਾਂ ਕਸਦੇ ਅਤੇ ਇਸ ਪ੍ਰੋਜੈਕਟ 'ਤੇ ਨੱਕ ਚੜ੍ਹਾਉਂਦੇ। ਤੱਤ ਰੂਪ ਵਿੱਚ ਇਹ ਹਮਲਾ ਇੱਕ ਸਿਆਸੀ ਹਮਲਾ ਸੀ। ਇਹ ਹਮਲਾ ਉਹਨਾਂ ਰੂੜ੍ਹੇ ਹਿੱਸਿਆਂ ਵੱਲੋਂ ਸੀ ਜਿਹੜੇ ਹਰ ਵਿਦੇਸ਼ੀ ਵਸਤੂ 'ਤੇ ਲੱਟੂ ਹੁੰਦੇ ਸਨ ਅਤੇ ਹਰ ਚੀਨੀ ਵਸਤੂ 'ਤੇ ਉਨ੍ਹਾਂ ਨੂੰ ਬੇਭਰੋਸਗੀ ਸੀ। ਪਰ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਤੋਂ ਪ੍ਰੇਰਤ ਇਹਨਾਂ ਨੌਜਵਾਨ ਵਿਗਿਆਨੀਆਂ ਨੇ ਹੌਂਸਲਾ ਨਾ ਹਾਰਿਆ ਅਤੇ ''ਪੁਰਾਣੀ ਤਰਜ਼ ਦੇ ਬੁੱਢੇ ਪ੍ਰੋਫੈਸਰਾਂ ਦੇ ਖਿਲਾਫ ਬਗਾਵਤ ਕਰ ਦਿੱਤੀ''।
ਪਾਰਟੀ ਦੀ ਕੇਂਦਰੀ ਕਮੇਟੀ ਦੇ ਮੋਹਰੀ ਮੈਂਬਰਾਂ ਨੇ ਉਹਨਾਂ ਦੀ ਇਹ ਕਹਿ ਕੇ ਹੌਂਸਲਾ-ਹਫ਼ਜ਼ਾਈ ਕੀਤੀ ਕਿ ਜੇ ਉਹ ਕਾਮਯਾਬ ਨਾ ਵੀ ਹੋਏ, ਉਨ੍ਹਾਂ ਦੇ ਜਾਨਸ਼ੀਨ ਇਸ ਪ੍ਰੋਜੈਕਟ ਨੂੰ ਅਗਾਂਹ ਤੋਰ ਲੈਣਗੇ ਅਤੇ ਹਰ ਹਾਲ ਸਫਲਤਾ ਹਾਸਲ ਕਰਨਗੇ। ਇਨਸੂਲੀਨ ਨੂੰ ਪ੍ਰਯੋਗਸ਼ਾਲਾ 'ਚ ਤਿਆਰ ਕਰਨ ਦੇ ਪ੍ਰੋਜੈਕਟ ਨੂੰ ਹੱਥ ਲੈਣ ਦੇ ਕਾਰਜ ਨੂੰ ਨੌਜਵਾਨ ਵਿਗਿਆਨੀਆਂ ਨੇ ਮਹਾਨ ਛਾਲ ਅਤੇ ਚੀਨੀ ਕਮਿਉਨਿਸਟ ਪਾਰਟੀ ਦੀ ਆਮ ਲੀਹ ਦੇ ਸੱਦੇ ਨੂੰ ਲਾਗੂ ਕਰਨ ਦੇ ਮੁੱਦੇ ਵਜੋਂ ਲਿਆ। ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਤ ਇਨ੍ਹਾਂ ਨੌਜਵਾਨ ਵਿਗਿਆਨੀਆਂ ਦੇ ਮਨਾਂ ਅੰਦਰ ਉਛਲਦੀਆਂ ਅਥਾਹ ਕੌਮੀ ਭਾਵਨਾਵਾਂ ਸਨ। ਉਹ ਵਿਕਸਤ ਦੇਸ਼ਾਂ ਦੇ ਮੰਨੇ ਪ੍ਰਮੰਨੇ ਵਿਗਿਆਨੀਆਂ ਨੂੰ ਮੁਕਤੀ ਤੋਂ ਬਾਅਦ ਦੇ ਚੀਨ ਦੀ ਬਦਲੀ ਹੋਈ ਨੁਹਾਰ ਦੇ ਦੀਦਾਰ ਕਰਾਉਣਾ ਚਾਹੁੰਦੇ ਸਨ।
ਪ੍ਰੋਜੈਕਟ ਸ਼ੁਰੂ ਕਰਨ ਸਾਰ ਹੀ ਉਨ੍ਹਾਂ ਨੂੰ ਤਜਰਬੇ ਦੀ ਘਾਟ ਰੜਕਣ ਲੱਗੀ। ਪਰ ਉਹ ਜੁਟੇ ਰਹੇ, ਜੂਝਦੇ ਰਹੇ ਅਤੇ ਆਪਣੀਆਂ ਗਲਤੀਆਂ ਤੋਂ ਸਬਕ ਸਿਖਦੇ ਹੋਏ ਅੱਗੇ ਵਧਦੇ ਗਏ। ਉਨ੍ਹਾਂ ਨੇ ਇਸ ਗੱਲ ਨੂੰ ਪੱਲੇ ਬੰਨ੍ਹਿਆਂ ਕਿ ਜੇ ਕੋਈ ਵਿਅਕਤੀ ਆਪਣੇ ਕੰਮ 'ਚ ਸਫਲ ਹੋਣਾ ਚਾਹੁੰਦਾ ਹੈ......ਉਸ ਨੂੰ ਆਪਣੇ ਵਿਚਾਰਾਂ ਨੂੰ ਬਾਹਰ-ਮੁਖੀ ਸੰਸਾਰ ਦੇ ਕਾਨੂੰਨਾਂ ਅਨੁਸਾਰੀ ਬਣਾਉਣਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦਾ ਉਹ ਆਪਣੇ ਕੰਮ ਵਿੱਚ ਫੇਲ੍ਹ ਹੋ ਜਾਵੇਗਾ। ਫੇਲ੍ਹ ਹੋਣ ਉਪਰੰਤ ਉਹ ਸਬਕ ਕਢਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦਰੁਸਤ ਕਰਦਾ ਹੈ....... ਇਸ ਤਰ੍ਹਾਂ ਆਪਣੀ ਅਸਫਲਤਾ ਨੂੰ ਸਫਲਤਾ 'ਚ ਤਬਦੀਲ ਕਰ ਸਕਦਾ ਹੈ। ਇਸੇ ਨੂੰ ਹੀ ਕਹਿੰਦੇ ਹਨ- ''ਅਸਫਲਤਾ ਸਫਲਤਾ ਦੀ ਮਾਂ ਹੁੰਦੀ ਹੈ'' ਅਤੇ ਕਿ ''ਡਿਗ-ਡਿਗ ਕੇ ਹੀ ਸਵਾਰ ਹੋਈਦਾ ਹੈ''।
ਇਨਸੂਲੀਨ ਨੂੰ ਪ੍ਰਯੋਗਸ਼ਾਲਾ 'ਚ ਤਿਆਰ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਇਨ੍ਹਾਂ ਨੌਜਵਾਨ ਵਿਗਿਆਨੀਆਂ ਅੱਗੇ ਸਭ ਤੋਂ ਪਹਿਲਾ ਸੁਆਲ ਇਹ ਸੀ ਕਿ ਕਿਸ ਪਹੁੰਚ ਅਨੁਸਾਰ ਅੱਗੇ ਤੁਰਿਆ ਜਾਵੇ। ਅਲੱਗ ਅਲੱਗ ਅਨੇਕਾਂ ਸੁਝਾਵਾਂ ਅਤੇ ਰਾਵਾਂ 'ਤੇ ਖੌਝਲ-ਖੁਝਲਾਈ ਹੋਈ। ਕਾਫੀ ਮੱਥਾ-ਖਪਾਈ ਤੋਂ ਬਾਅਦ ਉਹ ਇਸ ਸਿੱਟੇ 'ਤੇ ਪੁੱਜੇ ਕਿ ਪਹਿਲੀ ਸਟੇਜ 'ਤੇ ਇਨਸੂਲੀਨ ਦੇ ਅਣੂੰ (ਮੌਲੀਕਿਊਲ) ਦੇ ਦੋ ਮੁੱਖ ਹਿੱਸਿਆਂ ਨੂੰ ਅਲੱਗ ਅਲੱਗ ਤੌਰ 'ਤੇ ਤਿਆਰ ਕੀਤਾ ਜਾਵੇ ਅਤੇ ਦੂਜੀ ਸਟੇਜ 'ਤੇ ਦੋਵਾਂ ਹਿੱਸਿਆਂ (ਲੜੀਆਂ) ਨੂੰ ਇਨ੍ਹਾਂ ਵਿਚਕਾਰਲੇ ਗੰਧਕ ਦੇ ਦੋ ਦੋ ਪ੍ਰਮਾਣੂੰ ਬੰਧਾਂ (ਡਾਈ-ਸਲਫਾਈਡ ਲਿੰਕੇਜਜ਼) ਨੂੰ ਢੁੱਕਵੀਂ ਥਾਂ 'ਤੇ ਮੇਲਿਆ ਜਾਵੇ। ਇਸ ਪਹੁੰਚ ਦਾ ਮਹੱਤਵ ਪੂਰਨ ਪਹਿਲੂ ਇਹ ਸੀ ਕਿ ਜੇ ਉਹ ਕੁਦਰਤੀ ਤੌਰ 'ਤੇ ਪਾਈ ਜਾਂਦੀ ਇਨਸੂਲੀਨ (ਨੈਚਰਲ ਇਨਸੂਲੀਨ) ਨੂੰ ਇਸ ਦੇ ਦੋ ਹਿੱਸਿੱਆਂ 'ਚ ਵੰਡ ਕੇ ਜੋੜਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀ ਜਾਣ ਵਾਲੀ ਇਨਸੂਲੀਨ ਦੇ ਮਾਮਲੇ 'ਚ ਵੀ ਇਹੀ ਤਰਕੀਬ ਅਪਣਾਈ ਜਾ ਸਕੇਗੀ ਨਹੀਂ ਤਾਂ ਕੋਈ ਹੋਰ ਪਹੁੰਚ ਖੋਜਣੀ ਪਵੇਗੀ।
ਇਸ ਵਿਉਂਤ ਅਨੁਸਾਰ ਅੱਗੇ ਵਧਣ ਲਈ ਮਦਦ ਵਜੋਂ ਪੀਕਿੰਗ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ (ਕੈਮਿਸਟਰੀ ਡਿਪਾਰਟਮੈਂਟ) ਅਤੇ ਆਰਗੈਨਿਕ ਕੈਮਿਸਟਰੀ ਦੀ ਸੰਸਥਾ ਨੂੰ ਇਨ੍ਹਾਂ ਜੀਵ-ਰਸਾਇਣ ਵਿਗਿਆਨੀਆਂ (ਬਾਇਓ-ਕੈਮਿਸਟਸ) ਨਾਲ ਮੇਲ ਮਿਲਾਪ ਰੱਖਣ ਦੇ ਪ੍ਰਬੰਧ ਕੀਤੇ ਗਏ। ਇਸ ਤਰ੍ਹਾਂ ਵਿਗਿਆਨ ਦੇ ਵੱਖ ਵੱਖ ਖੇਤਰਾਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਪ੍ਰੋਜੈਕਟ ਦੇ ਵੱਖ ਵੱਖ ਵਿਸ਼ੇਸ਼ ਕਾਰਜਾਂ 'ਚ ਸਹਿਯੋਗ ਲਈ 15 ਹੋਰ ਗਰੁੱਪ ਸਥਾਪਤ ਕੀਤੇ ਗਏ।
ਜਿਵੇਂ ਉੱਪਰ ਜ਼ਿਕਰ ਕੀਤਾ ਹੈ, ਚੌਤਰਫੇ ਵਿਕਾਸ ਦੀ ਪਟੜੀ 'ਤੇ ਚੜ੍ਹਿਆ ਚੀਨ ਉਨ੍ਹਾਂ ਸਾਲਾਂ 'ਚ ਤੂਫਾਨੀ ਝੱਖੜਾਂ 'ਚ ਘਿਰਿਆ ਹੋਇਆ ਸੀ। ਪ੍ਰੋਜੈਕਟ ਲਈ ਪ੍ਰਯੋਗਸ਼ਾਲਾ ਦੇ ਸਮਾਨ ਦੀ ਰੜਕਵੀਂ ਘਾਟ ਸੀ। ਰਸਾਇਣਿਕ ਸਨੱਅਤ ਅਜੇ ਵਿਕਸਤ ਨਹੀਂ ਸੀ ਹੋਈ। ਲੋੜੀਂਦੇ ਰਸਾਇਣ ਬਾਹਰੋਂ ਮੰਗਵਾਉਣੇ ਬੜੇ ਮਹਿੰਗੇ ਸਨ। ਰਸਾਇਣਕ ਸਨੱਅਤ ਦੇ ਵਿਗਿਆਨੀਆਂ ਤਕਨੀਸ਼ੀਅਨਾਂ ਅਤੇ ਕਾਮਿਆਂ ਨੇ ਇਸ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਭਰਪੂਰ ਹੁੰਗਾਰਾ ਭਰਿਆ। ਉਨ੍ਹਾਂ ਇਕ ਜੋਰਦਾਰ ਹੰਭਲਾ ਮਾਰਿਆ ਅਤੇ ਦੇਖਦੇ ਹੀ ਦੇਖਦੇ ਰਸਾਇਣਕ ਸਨੱਅਤ ਦੀ ਇੱਕ ਪੂਰੀ ਸੂਰੀ ਨਵੀਂ ਸ਼ਾਖ ਖੜ੍ਹੀ ਕਰ ਦਿੱਤੀ। ਇਸ ਤਰ੍ਹਾਂ ਲੋੜੀਦੇ ਅਨੇਕਾਂ ਸੂਖਮ ਰਸਾਇਣਾਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕਰਨ ਤੋਂ ਇਲਾਵਾ ਉਨ੍ਹਾਂ ਨੇ ਇੱਕ ਅਜਿਹਾ ਉਪਕਰਣ ਵੀ ਤਿਆਰ ਕਰ ਲਿਆ ਜਿਸ ਨਾਲ ਇਨਸੂਲੀਨ ਦੇ ਅਣੂੰ 'ਚ ਮੌਜੂਦ (ਕੁੱਲ 17) ਅਮੀਨੋ ਤੇਜ਼ਾਬਾਂ (ਅਮਾਇਨੋ ਐਸਿਡਜ਼) ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਸੀ ਅਤੇ ਉਨਾਂ ਨੂੰ ਅਲੱਗ ਅਲੱਗ ਕੀਤਾ ਜਾ ਸਕਦਾ ਸੀ ਯਾਨੀ, ਇਨਸੂਲੀਨ ਦੇ ਅਣੂੰ ਨੂੰ ਤੀਲਾ-ਤੀਲਾ ਕੀਤਾ ਜਾ ਸਕਦਾ ਸੀ। ਇਸ ਤੋਂ ਛੇ ਮਹੀਨੇ ਦੇ ਅੰਦਰ ਅੰਦਰ ਹੀ ਇਕੱਲੇ ਇਕੱਲੇ 17 ਅਮੀਨੋ ਤੇਜ਼ਾਬਾਂ ਨੂੰ ਤਿਆਰ ਕਰ ਲਿਆ ਗਿਆ। ਇਸ ਨਾਲ ਪ੍ਰੋਜੈਕਟ ਦਾ ਕੰਮ ਅੱਗੇ ਤੁਰਨ ਲੱਗਾ।
No comments:
Post a Comment