''ਆਪਾਂ ਸਾਰੇ ਕਬਜ਼ਾ ਕਰਨ ਵਾਲੇ ਹਾਂ''
(16 ਨਵੰਬਰ 2011 ਨੂੰ ਪੀਪਲਜ਼ ਯੂਨੀਵਰਸਿਟੀ ਵਾਸ਼ਿੰਗਟਨ ਸੁਕੇਅਰ ਵਿਖੇ ਅਰੁੰਧਤੀ ਰਾਏ ਵੱਲੋਂ ਦਿੱਤਾ ਗਿਆ ਭਾਸ਼ਣ)
(ਚੀਨੀ ਸਮਾਜਵਾਦ ਨੂੰ ਲੱਗੀ ਪਛਾੜ ਅਤੇ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਇਹ ਕੰਨਪਾੜਵਾਂ ਸ਼ੋਰ-ਸ਼ਰਾਬਾ ਉੱਚਾ ਹੋਇਆ ਸੀ ਕਿ ਪੂੰਜੀਵਾਦ ਉੱਤਮ ਹੈ ਅਤੇ ਸਦੀਵੀ ਹੈ। ਪੂੰਜੀਵਾਦੀ ਹਨੇਰੇ ਦੇ ਚਮਗਿੱਦੜ ਉਦੋਂ ਜ਼ੋਰ-ਸ਼ੋਰ ਨਾਲ ਚਿਰਚਾ ਰਹੇ ਸਨ। ਪਰ ਅੱਜ ਪੂੰਜੀਵਾਦੀ ਪ੍ਰਬੰਧ ਦੇ ਸੰਕਟ ਨੇ ਇਹ ਆਵਾਜ਼ਾਂ ਮੱਧਮ ਕਰ ਦਿੱਤੀਆਂ ਹਨ। ਦੁਨੀਆਂ ਭਰ ਵਿੱਚ ਬੇਚੈਨੀ ਹੈ। ਜਮਾਤੀ ਘੋਲ ਫੁੱਟ ਰਹੇ ਹਨ, ਪੂੰਜੀਵਾਦ ਦੀ ਨਿੰਦਾ ਹੋ ਰਹੀ ਹੈ। ਇਸ ਤੋਂ ਛੁਟਕਾਰੇ ਦੀ ਤਾਂਘ ਦੇ ਸਪਸ਼ਟ ਇਜ਼ਹਾਰ ਹੋਣ ਲੱਗ ਪਏ ਹਨ। ਕਈ ਹਲਕੇ ਭਾਵੇਂ ਪੂੰਜੀਵਾਦ ਦੇ ਇਨਕਲਾਬੀ ਬਦਲ ਬਾਰੇ ਘਚੋਲੇ, ਸ਼ੰਕੇ ਜਾਂ ਦੁਚਿੱਤੀ ਵਿੱਚ ਹਨ ਤਾਂ ਵੀ ਇਸਦੇ ਅਣਮਨੁੱਖੀ ਖਾਸੇ ਦੀ ਤਿੱਖੀ ਅਲੋਚਨਾ ਕਰ ਰਹੇ ਹਨ। 'ਕਬਜ਼ਾ ਕਰੋ' ਲਹਿਰ ਬਾਰੇ ਅਰੁੰਧਤੀ ਰਾਏ ਦਾ ਭਾਸ਼ਣ ਇਸੇ ਗੱਲ ਨੂੰ ਜ਼ਾਹਰ ਕਰਦਾ ਹੈ। —ਸੰਪਾਦਕ)
ਸਾਮਰਾਜ ਦੇ ਗੜ੍ਹ 'ਚ ਅਨਿਆਂ ਵਿਰੁੱਧ ਉੱਠ ਖੜ੍ਹੇ ਹੋਣ ਅਤੇ ਬਰਾਬਰੀ ਲਈ ਲੜਨ ਵਾਲੀ ''ਕਬਜ਼ਾ ਕਰੋ'' ਲਹਿਰ ਨੂੰ ਸੰਸਾਰ ਭਰ ਦੇ ਲੋਕਾਂ ਵੱਲੋਂ ਸਲਾਮ!
ਮੰਗਲਵਾਰ ਸਵੇਰੇ ਪੁਲਸ ਨੇ ਜ਼ੁਕੋਟੀ ਪਾਰਕ ਨੂੰ ਖਾਲੀ ਕਰਵਾ ਲਿਆ ਸੀ, ਪਰ ਅੱਜ ਲੋਕ ਫਿਰ ਵਾਪਸ ਆ ਗਏ ਹਨ। ਪੁਲਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਇਲਾਕੇ ਖਾਤਰ ਨਹੀਂ ਲੜੀ ਜਾ ਰਹੀ। ਅਸੀਂ ਇੱਥੇ ਜਾਂ ਉਥੇ ਕਿਸੇ ਪਾਰਕ 'ਤੇ ਕਬਜ਼ਾ ਕਰਨ ਦੇ ਹੱਕ ਖਾਤਰ ਨਹੀਂ ਲੜ ਰਹੇ ਹਾਂ। ਅਸੀਂ ਨਿਆਂ ਲਈ ਲੜ ਰਹੇ ਹਾਂ। ਸਿਰਫ਼ ਅਮਰੀਕਾ ਦੇ ਲੋਕਾਂ ਖਾਤਰ ਨਿਆਂ ਲਈ ਨਹੀਂ, ਸਗੋਂ ਹਰ ਇੱਕ ਖਾਤਰ ਨਿਆਂ ਲਈ।
ਅਮਰੀਕਾ ਅੰਦਰ 17 ਸਤੰਬਰ ਤੋਂ ਸ਼ੁਰੂ ਹੋਈ 'ਕਬਜ਼ਾ ਕਰੋ' ਦੀ ਲਹਿਰ ਰਾਹੀਂ ਤੁਸੀਂ ਸਾਮਰਾਜ ਦੀ ਐਨ ਹਿੱਕ 'ਚ ਇੱਕ ਨਵੀਂ ਸੋਚ, ਨਵੇਂ ਸਿਆਸੀ ਬੋਲਾਂ ਨੂੰ ਦਾਖਲ ਕਰਨ 'ਚ ਕਾਮਯਾਬ ਹੋਏ ਹੋਂ। ਤੁਸੀਂ ਓਸ ਪ੍ਰਬੰਧ ਅੰਦਰ ਸੁਪਨੇ ਲੈਣ ਦੇ ਹੱਕ ਨੂੰ ਮੁੜ ਦਾਖਲ ਕੀਤਾ ਹੈ ਜੋ ਹਰ ਬੰਦੇ ਨੂੰ ਸੰਮੋਹਿਤ ਕਰਕੇ ਅਜਿਹੀਆਂ ਜਿਉਂਦੀਆਂ ਲੋਥਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਬੇਥਵ੍ਹੇ ਉਪਭੋਗਤਾਵਾਦ ਨੂੰ ਹੀ ਖੁਸ਼ਹਾਲੀ ਅਤੇ ਸੰਪੂਰਣਤਾ ਸਮਝਦੀਆਂ ਹਨ।
ਇੱਕ ਲੇਖਕ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਬਰਦਸਤ ਪ੍ਰਾਪਤੀ ਹੈ। ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।
ਅਸੀਂ ਨਿਆਂ ਦੀ ਗੱਲ ਕਰ ਰਹੇ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਫੌਜ ਇਰਾਕ ਅਤੇ ਅਫ਼ਗਾਨਿਸਤਾਨ ਅੰਦਰ ਕਬਜ਼ਾ ਕਰਨ ਲਈ ਜੰਗ ਲੜ ਰਹੀ ਹੈ। ਅਮਰੀਕੀ ਡਰੋਨ ਜਹਾਜ਼ ਪਾਕਿਸਤਾਨ ਅਤੇ ਉਸਤੋਂ ਪਰ੍ਹੇ ਆਮ ਸ਼ਹਿਰੀਆਂ ਨੂੰ ਮਾਰ ਰਹੇ ਹਨ। ਦਹਿ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਪਲਟਨਾਂ ਅਤੇ ਮੌਤ ਵੰਡਦੇ ਜੱਥੇ ਅਫਰੀਕਾ 'ਚ ਦਾਖਲ ਹੋ ਰਹੇ ਹਨ। ਤੇ ਹੁਣ ਇਰਾਨ ਖਿਲਾਫ਼ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਹਾਲੇ ਇਰਾਕ ਅਤੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਲਈ ਵਹਾਏ ਜਾ ਰਹੇ ਤੁਹਾਡੇ ਕਰੋੜਾਂ ਡਾਲਰ ਕਾਫ਼ੀ ਨਾ ਹੋਣ।
ਵੱਡੇ ਆਰਥਿਕ ਮੰਦਵਾੜੇ ਦੇ ਵੇਲੇ ਤੋਂ ਲੈ ਕੇ, ਹਥਿਆਰ ਬਣਾਉਣਾ ਅਤੇ ਜੰਗ ਲਾਉਣਾ ਦੋ ਅਜਿਹੀਆਂ ਮੁੱਖ ਜੁਗਤਾਂ ਹਨ ਜਿਹਨਾਂ ਰਾਹੀਂ ਅਮਰੀਕਾ ਆਪਣੇ ਅਰਥਚਾਰੇ ਨੂੰ ਬਲ ਬਖਸ਼ਦਾ ਰਿਹਾ ਹੈ। ਹੁਣੇ ਹੁਣੇ ਹੀ, ਰਾਸ਼ਟਰਪਤੀ ਉਬਾਮਾ ਦੇ ਸਮੇਂ 'ਚ ਹੀ ਅਮਰੀਕਾ ਨੇ ਸਾਊਦੀ ਅਰਬ ਨਾਲ 60 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹ ਸੰਯੁਕਤ ਅਰਬ ਅਮੀਰਾਤ ਨੂੰ ਹਜ਼ਾਰਾਂ ਦੀ ਗਿਣਤੀ 'ਚ ਬੰਕਰ-ਭੰਨ ਬੰਬ ਵੇਚਣ ਦੀ ਤਿਆਰੀ 'ਚ ਬੈਠਾ ਹੈ। ਇਹਨੇ ਮੇਰੇ ਮੁਲਕ ਭਾਰਤ ਨੂੰ 5 ਬਿਲੀਅਨ ਡਾਲਰ ਦੇ ਫੌਜੀ ਜਹਾਜ਼ ਵੇਚੇ ਹਨ ਜਿੱਥੇ ਅਫ਼ਰੀਕਾ ਦੇ ਸਾਰੇ ਗਰੀਬ ਮੁਲਕਾਂ ਦੇ ਕੁੱਲ ਜੋੜ ਨਾਲੋਂ ਵੀ ਜਿਆਦਾ ਗ਼ਰੀਬ ਲੋਕ ਵਸਦੇ ਹਨ। ਹੀਰੋਸ਼ੀਮਾਂ ਅਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਤੋਂ ਲੈ ਕੇ ਵੀਅਤਨਾਮ, ਕੋਰੀਆ, ਲਾਤੀਨੀ ਅਮਰੀਕਾ ਤੱਕ ਦੇ ਸਾਰੇ ਯੁੱਧਾਂ ਦੌਰਾਨ ਲੱਖਾਂ ਹੀ ਜਾਨਾਂ ਗਈਆਂ ਹਨ-ਤੇ ਇਹ ਸਾਰੇ ਯੁੱਧ ''ਅਮਰੀਕੀ ਜੀਵਨ ਜਾਚ'' ਦੀ ਚੜ੍ਹਾਈ ਯਕੀਨੀ ਕਰਨ ਲਈ ਲੜੇ ਗਏ। ਅੱਜ ਅਸੀਂ ਜਾਣਦੇ ਹਾਂ ਕਿ ''ਅਮਰੀਕੀ ਜੀਵਨ ਜਾਚ''-ਜਿਹੋ ਜਿਹਾ ਬਣਨ ਦੀ ਇੱਛਾ ਕਰਨ ਦੀ ਬਾਕੀ ਸਾਰੇ ਮੁਲਕਾਂ ਤੋਂ ਆਸ ਕੀਤੀ ਜਾਂਦੀ ਹੈ- ਦਾ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕਾ ਦੀ ਅੱਧੀ ਵਸੋਂ ਦੀ ਦੌਲਤ 'ਤੇ 4 ਸੌ ਲੋਕਾਂ ਦੀ ਮਾਲਕੀ ਹੈ। ਇਸਦਾ ਮਤਲਬ ਹੈ ਕਿ ਹਜ਼ਾਰਾਂ ਲੋਕਾਂ ਨੂੰ ਘਰਾਂ ਅਤੇ ਨੌਕਰੀਆਂ ਤੋਂ ਕੱਢਿਆ ਗਿਆ ਹੈ ਜਦੋਂ ਕਿ ਅਮਰੀਕੀ ਸਰਕਾਰ ਨੇ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੂੰ ਰਾਹਤ ਪੈਕੇਜ ਵੰਡੇ ਹਨ — ਇਕੱਲੇ ਅਮਰੀਕੀ ਕੌਮਾਂਤਰੀ ਗਰੁੱਪ ਨੂੰ ਹੀ 182 ਬਿਲੀਅਨ ਡਾਲਰ ਦਿੱਤੇ ਗਏ ਹਨ।
ਭਾਰਤੀ ਸਰਕਾਰ ਅਮਰੀਕੀ ਆਰਥਿਕ ਨੀਤੀ ਦੀ ਸ਼ਰਧਾਵਾਨ ਭਗਤ ਹੈ। ਖੁੱਲ੍ਹੀ ਮੰਡੀ ਦੀ ਆਰਥਿਕਤਾ ਦੇ 20 ਸਾਲਾਂ ਦੇ ਸਿੱਟੇ ਵਜੋਂ ਭਾਰਤ ਦੇ ਸਿਖਰਲੇ 100 ਧਨਾਢਾਂ ਕੋਲ ਮੁਲਕ ਦੀ ਕੁੱਲ ਪੈਦਾਵਾਰ ਦੇ ਇੱਕ ਚੌਥਾਈ ਦੇ ਬਰਾਬਰ ਧਨ-ਦੌਲਤ ਹੈ, ਜਦੋਂ ਕਿ 80 ਫੀਸਦੀ ਤੋਂ ਵੀ ਜਿਆਦਾ ਲੋਕ 50 ਸੈਂਟ (23-24 ਰੁ.) ਦਿਹਾੜੀ ਨਾਲੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ; 2 ਲੱਖ 50 ਹਜ਼ਾਰ ਕਿਸਾਨ ਮੌਤ ਦੇ ਮੂੰਹ 'ਚ ਧੱਕੇ ਜਾ ਚੁੱਕੇ ਹਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਸਾਡੇ ਲਈ ਇਹ ਵਿਕਾਸ ਹੈ, ਅਤੇ ਹੁਣ ਅਸੀਂ ਆਵਦੇ ਆਪ ਨੂੰ ਸੁਪਰ-ਪਾਵਰ (ਮਹਾਂ-ਸ਼ਕਤੀ) ਸਮਝਦੇ ਹਾਂ। ਤੁਹਾਡੀ ਤਰ੍ਹਾਂ ਅਸੀਂ ਵੀ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ : ਸਾਡੇ ਕੋਲ ਪ੍ਰਮਾਣੂ ਬੰਬ ਹਨ ਅਤੇ ਘਿਣਾਉਣੀ ਨਾ-ਬਰਾਬਰੀ ਹੈ।
ਚੰਗੀ ਖ਼ਬਰ ਇਹ ਹੈ ਕਿ ਲੋਕ ਅੱਕ ਚੁੱਕੇ ਹਨ ਅਤੇ ਉਹ ਹੋਰ ਬਰਦਾਸ਼ਤ ਨਹੀਂ ਕਰਨ ਲੱਗੇ। 'ਕਬਜ਼ਾ ਕਰੋ' ਲਹਿਰ ਵੀ ਸੰਸਾਰ ਭਰ 'ਚ ਚੱਲ ਰਹੀਆਂ ਉਹਨਾਂ ਹਜ਼ਾਰਾਂ ਵਿਰੋਧ ਲਹਿਰਾਂ 'ਚ ਸ਼ਾਮਲ ਹੋ ਗਈ ਹੈ ਜਿਹਨਾਂ ਰਾਹੀਂ ਗਰੀਬੀ ਮਾਰੇ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਧਨਾਢ ਕਾਰਪੋਰੇਸ਼ਨਾਂ ਦਾ ਰਾਹ ਰੋਕ ਰਹੇ ਹਨ। ਸਾਡੇ 'ਚੋਂ ਥੋੜ੍ਹਿਆਂ ਨੇ ਹੀ ਸੋਚਿਆ ਸੀ ਕਿ ਅਸੀਂ ਤੁਹਾਨੂੰ, ਯਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਆਵਦੇ ਨਾਲ ਖੜ੍ਹੇ ਅਤੇ ਸਾਮਰਾਜ ਦੇ ਗੜ੍ਹ 'ਚ ਅਜਿਹਾ ਕਰਦੇ ਹੋਏ ਤੱਕਾਂਗੇ। ਮੈਨੂੰ ਨਹੀਂ ਪਤਾ ਮੈਂ ਕਿਵੇਂ ਦੱਸਾਂ ਕਿ ਇਹ ਕਿੱਡੀ ਵੱਡੀ ਗੱਲ ਹੈ।
(www.naujwan.blogspot.com ਸੰਖੇਪ)
ਨਵੀਆਂ ਸ਼ਕਲਾਂ 'ਚ ਜਾਰੀ ਰਹਿ ਰਹੀ 'ਕਬਜ਼ਾ ਕਰੋ' ਮੁਹਿੰਮ
ਦਿਨੋਂ ਦਿਨ ਤਿੱਖੀ ਹੋ ਰਹੀ ਠੰਢ ਦੇ ਧਾਵੇ ਅਤੇ ਲੋਕਾਂ ਦੇ ਧਰਨਿਆਂ ਉੱਪਰ ਵਾਰ ਵਾਰ ਦੇ ਪੁਲਸੀ ਹਮਲਿਆਂ ਦੇ ਬਾਵਜੂਦ ਦਹਿ-ਹਜ਼ਾਰਾਂ ਲੋਕਾਂ ਵੱਲੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ 'ਚ 'ਕਬਜ਼ਾ ਕਰੋ' ਮੁਹਿੰਮ ਜਾਰੀ ਰਹਿ ਰਹੀ ਹੈ। ਯੂਰਪ ਦੇ ਇੰਗਲੈਂਡ, ਗਰੀਸ, ਨੀਦਰਲੈਂਡ ਆਦਿ ਦੇਸ਼ਾਂ ਵਿੱਚ ਅੱਡ ਲੋਕਾਂ ਦੇ ਰੋਹ-ਫੁਟਾਰੇ ਠੱਲ੍ਹਣ ਦਾ ਨਾਂ ਨਹੀਂ ਲੈ ਰਹੇ।
'ਕਬਜ਼ਾ ਕਰੋ' ਮੁਹਿੰਮ ਦੇ ਆਯੋਜਕਾਂ ਨੇ ਇਸ ਮੁਹਿੰਮ ਨੂੰ ਹੁਣ ਨਵੀਂ ਦਿਸ਼ਾ ਦੇਣੀ ਸ਼ੁਰੂ ਕੀਤੀ ਹੋਈ ਹੈ। ਇਸ ਨੂੰ ''ਘਰਾਂ 'ਤੇ ਕਬਜ਼ੇ ਕਰੋ'' ਦਾ ਨਾਂ ਦਿੱਤਾ ਗਿਆ ਹੈ। ਲੋਕਾਂ ਦੇ ਵੱਡੇ ਵੱਡੇ ਇਕੱਠ ਉਹਨਾਂ ਘਰਾਂ 'ਤੇ ਕਬਜ਼ੇ ਕਰਦੇ ਹਨ, ਜਿਹਨਾਂ ਨੂੰ ਬੈਂਕਾਂ ਨੇ ਜੰਦਰੇ ਮਾਰੇ ਹੋਏ ਹਨ। ਅਮਰੀਕਾ ਦੇ ਦੋ ਦਰਜ਼ਨ ਤੋਂ ਵੱਧ ਸ਼ਹਿਰਾਂ ਵਿੱਚ ਲੋਕਾਂ ਨੇ ਅਜਿਹੇ ਜਨਤਕ ਐਕਸ਼ਨਾਂ ਰਾਹੀਂ ਘਰਾਂ ਦੇ ਮਾਲਕਾਂ ਨੂੰ ਉਥੇ ਬੈਠਾ ਕੇ ਆਪ ਡੇਰੇ ਲਾਏ ਹੋਏ ਹਨ ਤਾਂ ਕਿ ਪੁਲਸ ਉਹਨਾਂ ਨੂੰ ਉਥੋਂ ਉਠਾ ਨਾ ਦੇਵੇ। ਲੋਕ ਕਹਿੰਦੇ ਹਨ, ''ਅਸੀਂ ਹਿੰਸਕ ਨਹੀਂ ਹਾਂ ਸਿਰਾਂ 'ਤੇ ਛੱਤ ਮਨੁੱਖ ਦਾ ਜਮਾਂਦਰੂ ਹੱਕ ਹੈ।'' ਬੈਂਕ ਕਸੂਤੀ ਹਾਲਤ ਵਿੱਚ ਫਸੇ ਹੋਏ ਹਨ, ਕਰਨ ਤਾਂ ਕੀ ਕਰਨ!
15 ਅਕਤੂਬਰ ਦੇ ਸੰਸਾਰ ਦੇ ਲੋਕਾਂ ਨੂੰ ਦਿੱਤੇ ਸੱਦੇ ਨੂੰ ਮਿਲੇ ਭਰਪੂਰ ਹੁੰਗਾਰੇ 'ਚੋਂ ਉਤਸ਼ਾਹ ਵਿੱਚ ਆਏ 'ਕਬਜ਼ਾ ਕਰੋ' ਮੁਹਿੰਮ ਦੇ ਆਯੋਜਕਾਂ ਨੇ ਹੁਣ 10 ਦਸੰਬਰ ਨੂੰ 'ਮਨੁੱਖੀ ਅਧਿਕਾਰ ਦਿਵਸ' 'ਤੇ ਅਜਿਹਾ ਹੀ ਇੱਕ ਹੋਰ ਸੱਦਾ ਦਿੱਤਾ ਹੈ। ਉਹਨਾਂ ਨੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ 10 ਤੋਂ 17 ਦਸੰਬਰ ਵਿਚਕਾਰ ਆਪੋ ਆਪਣੇ ਢੰਗਾਂ ਅਨੁਸਾਰ ਇਹ ਦਿਨ ਮਨਾਉਣ ਦਾ ਸੱਦਾ ਦਿੰਦੇ ਹੋਏ, ਇਹ ਐਲਾਨ ਕੀਤੇ ਹਨ, ''ਇਸ ਧਰਤੀ ਦੀਆਂ ਸਰਕਾਰਾਂ ਨੂੰ ਲੋਕਾਂ ਦੀ ਖਾਤਰ ਕੰਮ ਕਰਨੇ ਚਾਹੀਦੇ ਹਨ, ਨਾ ਕਿ ਲੋਕਾਂ ਦੇ ਖਿਲਾਫ'' ਅਨੇਕਾਂ ਦੇਸ਼ਾਂ ਤੋਂ ਇਸ ਸੱਦੇ ਨੂੰ ਸਮਰਥਨ ਮਿਲ ਰਹੇ ਹਨ।
No comments:
Post a Comment