ਉੱਘੇ ਲੋਕ-ਕਵੀ ਅਤੇ ਰੰਗ ਕਰਮੀ ਜਤਿਨ ਮਰਾਂਡੀ ਨੂੰ ਫਾਂਸੀ ਦੀ ਸਜ਼ਾ
ਮਿੱਟੀ ਨਾਲ ਜੁੜੀ ਕਵਿਤਾ ਕਦੇ ਖ਼ਾਮੋਸ਼ ਨਹੀਂ ਹੁੰਦੀ
—ਅਮੋਲਕ ਸਿੰਘ
ਝਾਰਖੰਡ ਦੇ ਭੁੱਖਾਂ-ਦੁੱਖਾਂ ਦੇ ਲਿਤਾੜੇ ਲੋਕਾਂ ਦੀ ਪੀੜ ਨੂੰ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਰੰਗ ਮੰਚ ਦੀ ਵਿਧਾ 'ਚ ਪਰੋ ਕੇ ਦਿਲਕਸ਼ ਅੰਦਾਜ਼ 'ਚ ਪੇਸ਼ ਕਰਕੇ, ਲੋਕਾਂ ਦੇ ਦਿਲਾਂ 'ਤੇ ਦਹਾਕਿਆਂ ਤੋਂ ਰਾਜ ਕਰਦਾ ਆ ਰਿਹਾ ਕਲਮਕਾਰ ਅਤੇ ਪ੍ਰਸਿੱਧ ਰੰਗ ਕਰਮੀ ਜਤਿਨ ਮਰਾਂਡੀ ਅੱਜ ਕੱਲ੍ਹ ਫ਼ਾਂਸੀ ਦੇ ਤਖ਼ਤੇ ਨਾਲ ਸੰਵਾਦ ਰਚਾ ਰਿਹਾ ਹੈ।
ਝਾਰਖੰਡ ਦੇ ਮਹਿਬੂਬ ਲੋਕ-ਕਵੀ ਜਤਿਨ ਮਰਾਂਡੀ ਨੂੰ ਗਿਰਿਡੀਹ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਜਤਿਨ ਮਰਾਂਡੀ ਦੇ ਨਾਲ ਅਨਿਲ ਰਾਮ, ਮਨੋਜ਼ ਰਜ਼ਵਰ ਅਤੇ ਚਤਰਾਪਥੀ ਮੰਡਲ ਨੂੰ ਵੀ ਫਾਂਸੀ ਚਾੜ੍ਹੇ ਜਾਣ ਦਾ ਫੈਸਲਾ ਸੁਣਾਇਆ ਗਿਆ ਹੈ।
ਪੂਰਾ ਮੁਲਕ ਜਾਣਦਾ ਹੈ ਕਿ 26 ਅਕਤੂਬਰ 2007 ਨੂੰ ਗਿਰਿਡੀਹ ਜ਼ਿਲ੍ਹੇ ਦੇ ਚਿਲਖਾਰੀ ਪਿੰਡ ਲਾਗੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਦੇ ਪੁੱਤਰ ਅਨੂਪ ਮਰਾਂਡੀ ਦੇ ਕਾਫ਼ਲੇ ਉਪਰ ਹਮਲਾ ਹੋਇਆ ਸੀ। ਪੁਲਿਸ ਨੇ ਜਿਨ੍ਹਾਂ ਵਿਅਕਤੀਆਂ ਉਪਰ ਇਸ ਹਮਲੇ ਦਾ ਕੇਸ ਦਰਜ ਕੀਤਾ ਉਨ੍ਹਾਂ ਵਿਚ ਇੱਕ ਨਾਂਅ ਜਤਿਨ ਮਰਾਂਡੀ ਵੀ ਸੀ।
29 ਅਕਤੂਬਰ ਦੇ 'ਪ੍ਰਭਾਤ ਖ਼ਬਰ' ਨਾਂਅ ਦੇ ਅਖ਼ਬਾਰ ਵਿਚ ਏਸੇ ਜਤਿਨ ਮਰਾਂਡੀ ਕਵੀ ਅਤੇ ਰੰਗ ਕਰਮੀ ਦੀ ਫੋਟੋ ਵੀ ਛਪ ਗਈ ਕਿ ਹਮਲਾਵਰਾਂ ਦੀ ਪਹਿਚਾਣ ਹੋ ਗਈ ਹੈ। ਪਰ ਦੂਜੇ ਦਿਨ ਹੀ 'ਪ੍ਰਭਾਤ ਖ਼ਬਰ' ਨੇ ਖ਼ੁਦ ਹੀ ਆਪਣੇ ਅਖ਼ਬਾਰ ਵਿਚ ਪਾਠਕਾਂ ਤੋਂ ਖ਼ਿਮਾ ਮੰਗੀ ਅਤੇ ਸਪੱਸ਼ਟੀਕਰਨ ਛਾਪਿਆ ਕਿ ਤਫ਼ਤੀਸ ਦੀ ਮੁਢਲੀ ਜਾਣਕਾਰੀ ਮੁਤਾਬਕ ਹਮਲੇ 'ਚ ਸ਼ਾਮਲ ਜਤਿਨ ਮਰਾਂਡੀ ਹੋਰ ਹੈ ਨਾ ਕਿ ਇਹ ਕਵੀ ਅਤੇ ਥੀਏਟਰ ਵਾਲਾ ਜਤਿਨ ਮਰਾਂਡੀ।
7 ਮਹੀਨੇ ਕੋਈ ਕਾਰਵਾਈ ਨਹੀਂ ਹੋਈ। ਜਤਿਨ ਆਪਣੇ ਖੇਤਰ 'ਚ ਕੰਮ ਕਰਦਾ ਰਿਹਾ ਪਰ ਉਸ ਉਪਰੰਤ ਜਤਿਨ ਮਰਾਂਡੀ ਨੂੰ ਗ੍ਰਿਫ਼ਤਾਰ ਕਰਕੇ ਵਹਿਸ਼ੀਆਨਾ ਤਸ਼ੱਦਦ ਢਾਹਿਆ ਗਿਆ। ਜਤਿਨ ਮਰੰਡੀ ਦਾ ਤਾਜ਼ਾ ਛਪੇ ਹਲਫ਼ੀਆ ਬਿਆਨ ਗਵਾਹ ਹਨ ਕਿ ਉਸਨੇ ਜ਼ੁਲਮ ਅੱਗੇ ਸਿਦਕ ਨਹੀਂ ਹਾਰਿਆ। ਉਸਨੇ ਸਾਫ ਕਿਹਾ ਕਿ ਮੈਂ ਕਲਾ ਦੇ ਖੇਤਰ ਦਾ ਕਾਮਾ ਹਾਂ। ਮੈਂ ਕਿਸੇ ਹਮਲੇ 'ਚ ਸ਼ਾਮਲ ਨਹੀਂ। ਮੁਲਕ ਦੇ ਸਾਹਮਣੇ ਤਾਜ਼ਾ ਆਈ ਅਪੀਲ ਜਿਸ ਉਪਰ ਜਤਿਨ ਮਰਾਂਡੀ ਦੀ ਜੀਵਨ ਸਾਥਣ ਅਰਪਨਾ ਮਰਾਂਡੀ ਦੇ ਦਸਤਖ਼ਤ ਹਨ ਉਸਨੇ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਜਿਸ ਵਕਤ ਅਨੂਪ ਮਰਾਂਡੀ ਦੇ ਕਾਫ਼ਲੇ ਉਪਰ ਹਮਲਾ ਹੋਇਆ ਉਸ ਵਕਤ ਜਤਿਨ ਮਰਾਂਡੀ ਆਪਣੇ ਗੀਤਾਂ ਦੀ ਨਵੀਂ ਐਲਬਮ 'ਗਰੀਬ ਦੀ ਜ਼ਿੰਦਗੀ' ਦੀ ਰਿਕਾਡਿੰਗ ਕਰ ਰਹੇ ਸਨ। ਇਸਦੇ ਠੋਸ ਸਬੂਤ ਵੀ ਅਦਾਲਤ ਦੇ ਸਾਹਮਣੇ ਰੱਖੇ ਗਏ ਹਨ। ਉਹ ਤੱਥ ਅਸੀਂ ਮੁਲਕ ਦੇ ਅਵਾਮ ਅੱਗੇ ਵੀ ਰੱਖਦੇ ਹਾਂ ਕਿ ਉਹ ਦੁੱਧੋਂ ਪਾਣੀ ਛਾਣ ਸਕਣ। ਸੱਚ ਦੇ ਪੱਖ 'ਚ ਅਵਾਜ਼ ਬੁਲੰਦ ਕਰਨ ਲਈ ਅੱਗੇ ਆ ਸਕਣ।
ਜਤਿਨ ਮਰਾਂਡੀ ਨੇ ਫਾਂਸੀ ਦੀ ਦਹਿਲੀਜ਼ ਤੋਂ ਜੋ ਲੋਕਾਂ ਦੇ ਨਾਂਅ ਸੁਨੇਹਾ ਲਿਖਿਆ ਹੈ ਉਸ ਵਿਚ ਦਰਜ਼ ਹੈ ਕਿ ਸਰਕਾਰ, ਪੁਲਿਸ, ਪ੍ਰਸ਼ਾਸਨ ਅਤੇ ਧੜਵੈਲ ਕੰਪਨੀਆਂ ਦੀ ਗਿਣੀ ਮਿਥੀ ਸਾਜ਼ਸ਼ ਤਹਿਤ ਮੈਨੂੰ ਝੂਠੇ ਕੇਸ ਵਿਚ ਫਸਾਇਆ ਹੈ। ਪੁਲਿਸ ਨੇ ਆਪਣੇ ਜੇਬੀ ਮੁਖਬਰਾਂ, ਗਵਾਹਾਂ ਦੀਆਂ ਝੂਠੀਆਂ ਗਵਾਹੀਆਂ ਨਾਲ ਫਾਈਲਾਂ ਦੇ ਢਿੱਡ ਭਰੇ ਹਨ। ਜਤਿਨ ਨੇ ਦਲੇਰੀ ਨਾਲ ਦੋਸ਼ ਲਾਇਆ ਹੈ ਕਿ, ''ਮੈਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਪੂਰੀ ਬੇਸ਼ਰਮੀ ਨਾਲ ਪੁਲਿਸ ਮੇਰੇ ਵੱਲ ਇਸ਼ਾਰਾ ਕਰਕੇ ਆਪ ਬਣਾਉਟੀ ਗਵਾਹਾਂ ਨੂੰ ਸਨਾਖ਼ਤ ਕਰਾਉਂਦੀ ਸੀ ਕਿ ਇਹ ਹੈ ਜਤਿਨ ਮਰਾਂਡੀ।
ਜਤਿਨ ਮਰਾਂਡੀ, ਅੱਤ ਦਰਜੇ ਦੀ ਗੁਰਬਤ ਦੇ ਲਿਤਾੜੇ ਝਾਰਖੰਡ ਦੇ ਪਿੰਡ ਵਿਚ ਪੈਦਾ ਹੋਇਆ। ਸੁਰਤ ਸੰਭਾਲਦੇ ਨੂੰ ਹੀ ਗਾਂ-ਬੱਕਰੀ ਚਾਰਨ ਦੇ ਧੰਦੇ ਪਾ ਦਿੱਤਾ। ਉਹ ਪੱਥਰਾਂ ਦੇ ਗੀਟਿਆਂ ਨਾਲ ਹੀ ਆਪਣੀ ਗਾਂ ਅਤੇ ਬੱਕਰੀ ਦੀ ਗਿਣਤੀ ਕਰਨ ਜੋਗਾ ਹੋਇਆ। ਜਿਵੇਂ ਕਿਵੇਂ ਤਿੰਨ ਜਮਾਤਾਂ ਪੜ੍ਹਿਆ। ਉਹ ਡੰਗਰਾਂ ਪਿੱਛੇ ਤੁਰਿਆ ਫਿਰਦਾ ਡੂੰਘੀਆਂ ਸੋਚਾਂ 'ਚ ਤਾਰੀਆਂ ਲਾਉਣ ਲੱਗਾ। ਉਸਨੂੰ ਖੇਤਾਂ ਦੇ ਮਾਲਕ ਜਾਗੀਰਦਾਰਾਂ, ਖੇਤ-ਮਜ਼ਦੂਰਾਂ ਦਾ ਅੰਤਰ ਰੜਕਣ ਲੱਗਾ। ਪੜ੍ਹਨ ਦੇ ਸਮਰੱਥ ਬੱਚਿਆਂ ਅਤੇ ਅਨਪੜ੍ਹ ਰਹਿ ਰਹੇ ਬਾਲਾਂ ਦਾ ਦਰਦ ਸਤਾਉਣ ਲੱਗਾ। ਉਸਦੀਆਂ ਸੋਚਾਂ 'ਚ ਜਵਾਰ ਭਾਟੇ ਫੁੱਟੇ। ਉਹਦੇ ਖ਼ਿਆਲਾਂ ਦੇ ਖੰਭ ਨਿਕਲ ਆਏ। ਉਹ ਉਡਾਰੀ ਭਰਨ ਜੋਗਾ ਹੋਇਆ। ਉਹਦੇ ਬੁੱਲ੍ਹਾਂ 'ਤੇ ਕਵਿਤਾ ਦਸਤਕ ਦੇਣ ਲੱਗੀ। ਟੁੱਟੇ ਫੁੱਟੇ ਅੱਖਰਾਂ ਨਾਲ ਲਿਖੀ ਕਵਿਤਾ, ਟੁੱਟੀ ਫੁੱਟੀ ਜ਼ਿੰਦਗੀ ਨੂੰ ਕਵਿਤਾ ਦੇ ਰੰਗਾਂ ਨਾਲ ਨਿਹਾਰਨ ਲੱਗੀ। ਮੁਸੀਬਤਾਂ ਦਾ ਭੱਠ ਝੋਕਦੇ ਝਾਰਖੰਡ ਵਾਸੀਆਂ ਨੇ ਆਪਣੇ ਜਤਿਨ ਮਰਾਂਡੀ ਦਾ ਮੱਥਾ ਚੁੰਮਿਆਂ। ਉਸਨੂੰ ਪਲਕਾਂ 'ਤੇ ਬਿਠਾਇਆ। ਬੱਸ ਫੇਰ ਕੀ ਸੀ ਕਵੀ ਜਤਿਨ, ਰੰਗ ਮੰਚ 'ਤੇ ਵੀ ਜਾਣ ਲੱਗਾ। ਉਹਨੇ ਪੈਰਾਂ ਨੂੰ ਘੁੰਗਰੂ ਬੰਨ੍ਹ ਲਏ। ਉਹਦੇ ਘੁੰਗਰੂਆਂ ਦੀ ਛਣਕਾਰ 'ਚ ਮਹਾਂਨਗਰਾਂ ਦੇ ਕੋਠਿਆਂ 'ਤੇ ਜਿਸਮ ਵੇਚਦੀਆਂ ਮੁਟਿਆਰਾਂ ਦੀ ਆਵਾਜ਼ ਧਮਕਣ ਲੱਗੀ। ਉਹ ਕਰਾਂਤੀ ਦਾ ਗੀਤ ਬਣ ਗਿਆ। ਸਥਾਪਤੀ ਦੇ ਕੰਨਾਂ ਨੂੰ ਇਹ ਗੀਤ ਹਰਗਿਜ਼ ਨਹੀਂ ਭਾਉਂਦਾ। ਰਾਜ ਭਾਗ ਅਤੇ ਝਾਰਖੰਡ ਦੇ ਕੁਦਰਤੀ ਮਾਲ-ਖਜ਼ਾਨਿਆਂ ਨੂੰ ਹੜੱਪਣ ਲੱਗੀਆਂ ਬਹੁ-ਕੌਮੀ ਕੰਪਨੀਆਂ ਅਤੇ ਉਹਨਾਂ ਦੇ ਸੇਵਾਦਾਰ ਰੰਗ-ਬਰੰਗੇ ਹੁਕਮਰਾਨਾਂ ਨੂੰ ਪੂਰੇ ਦੇਸ਼ ਅੰਦਰ, ਉਹ ਸੂਬਾ ਭਾਵੇਂ ਕੋਈ ਹੋਵੇ ਜਿੱਥੇ ਵੀ ਜਤਿਨ ਮਰਾਂਡੀ ਦੀ ਸੁਰ ਨਾਲ ਮੇਲ ਖਾਂਦੀ ਆਵਾਜ਼ ਕੰਨ ਪੈਂਦੀ ਹੈ ਉਸਨੂੰ ਖ਼ਾਮੋਸ਼ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਜਤਿਨ ਮਰਾਂਡੀ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਫ਼ਿਲਮਸਾਜ਼ ਸੰਜੇ ਕਾਕ, ਲੋਕ-ਕਵੀ ਗ਼ਦਰ, ਉੱਘੇ ਕਵੀ ਵਰਵਰਾ ਰਾਓ, ਪ੍ਰੋ. ਜੀ. ਹਰ ਗੋਪਾਲ, ਕੇ. ਸ਼ਿਵਾ ਰੈਡੀ, ਕੇਂਦਰੀ ਸਾਹਿਤ ਅਕਾਦਮੀ ਦੇ ਨਰਾਇਣ ਮੁਰਥੀ ਆਦਿ 50 ਦੇ ਕਰੀਬ ਬੁੱਧੀਜੀਵੀਆਂ ਨੇ ਆਵਾਜ਼ ਉਠਾਈ ਹੈ। ਪੰਜਾਬ ਅੰਦਰ ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਨੇ ਲੁਧਿਆਣਾ, ਭੈਣੀ ਬਾਘਾ (ਮਾਨਸਾ) ਕਨਵੈਨਸ਼ਨਾਂ 'ਚ ਮਤੇ ਪਾਸ ਕਰਕੇ ਪੰਜਾਬ ਭਰ ਵਿਚ ਜਤਿਨ ਮਰਾਂਡੀ ਦੀ ਸਜ਼ਾ ਰੱਦ ਕਰਾਉਣ ਲਈ ਮੁਹਿੰਮ ਲਾਮਬੰਦ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਜਦੋਂ ਦੁਨੀਆ ਦੇ 100 ਤੋਂ ਵੱਧ ਮੁਲਕ ਤਾਂ ਫਾਂਸੀ ਦੀ ਸਜ਼ਾ ਨੂੰ ਹੀ ਮੂਲੋਂ ਰੱਦ ਕਰ ਚੁੱਕੇ ਹਨ ਤਾਂ ਉਸ ਮੌਕੇ ਬਿਨਾਂ ਕਿਸੇ ਦੋਸ਼ ਦੇ, ਗਿਣੀ ਮਿਥੀ ਸਾਜ਼ਸ਼ ਤਹਿਤ ਨਾਟਕਕਾਰਾਂ, ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ, ਕਵੀਆਂ, ਸਾਹਿਤਕ/ਸਭਿਆਚਾਰਕ ਕਾਮਿਆਂ, ਤਰਕਸ਼ੀਲਾਂ, ਵਿਗਿਆਨੀਆਂ, ਸਮਾਜ-ਸੇਵੀਆਂ, ਇਨਸਾਫ-ਪਸੰਦ ਅਤੇ ਜਮਹੂਰੀਅਤ-ਪਸੰਦ ਜੱਥੇਬੰਦੀਆਂ, ਹਲਕਿਆਂ ਅਤੇ ਵਿਅਕਤੀਆਂ ਦੇ ਮੌਲਿਕ ਅਧਿਕਾਰਾਂ ਦੇ ਗਲ ਗੂਠਾ ਦਿੱਤਾ ਜਾ ਰਿਹਾ ਹੈ। ਜਤਿਨ ਮਰਾਂਡੀ ਨੂੰ ਫ਼ਾਂਸੀ 'ਤੇ ਲਟਕਾ ਕੇ ਅਸਲ ਵਿਚ ਜਾਗਦੀਆਂ ਕਲਮਾਂ ਅਤੇ ਜ਼ਿੰਦਾਦਿਲੀ ਵਾਲੇ ਲੋਕ-ਪੱਖੀ ਰੰਗ ਮੰਚ ਨੂੰ ਕੰਨ ਕਰਨ ਦੀ ਗਿਣੀ ਮਿਥੀ ਸਾਜ਼ਸ਼ ਨੂੰ ਨੇਪਰੇ ਚਾੜ੍ਹਨ ਦੇ ਮਨਸੂਬੇ ਕੰਮ ਕਰਦੇ ਹਨ ਕਿ ਜੇ ਕੋਈ ਸੱਚ ਨੂੰ ਸੱਚ ਕਹਿੰਦੇ ਸ਼ਬਦਾਂ ਦੀ ਲੋਅ ਵੰਡਣ ਦਾ ਹੀਆ ਕਰੇਗਾ ਤਾਂ ਹਨੇਰਾ ਉਸਨੂੰ ਨਿਗਲ ਜਾਣ ਦੀ 'ਤਾਕਤ' ਰੱਖਦਾ ਹੈ।
ਦੱਖਣੀ ਅਫ਼ਰੀਕਾ ਦੇ ਬੈਂਜਾਮਿਨ ਅਤੇ ਨਾਇਜੀਰੀਆ ਦੇ ਕੇਨ ਸੈਰੋਵੀਵਾ ਨੂੰ ਇਸ ਕਰਕੇ ਹੀ ਫ਼ਾਂਸੀ ਦਾ ਰੱਸਾ ਚੁੰਮਣਾ ਪਿਆ ਸੀ ਕਿਉਂਕਿ ਇਹ ਮਿੱਟੀ ਦੀ ਕਵਿਤਾ ਲਿਖਦੇ ਸਨ। ਇਨ੍ਹਾਂ ਦੀਆਂ ਕਿਰਤਾਂ ਦਰੜੇ ਲੋਕਾਂ ਨੂੰ ਆਪਣੀ ਤਕਦੀਰ ਬਦਲਣ ਲਈ ਸੂਰਜਾਂ ਦੇ ਹਮਸਫ਼ਰ ਬਣਨ ਲਈ ਵੰਗਾਰਦੀਆਂ ਸਨ। ਡਾ. ਵਿਨਾਇਕ ਸੇਨ ਨੂੰ ਉਮਰ ਭਰ ਲਈ ਜੇਲ੍ਹ ਦੀਆਂ ਕਾਲ-ਕੋਠੜੀਆਂ 'ਚ ਸੁੱਟ ਦਿੱਤਾ ਸੀ। ਇਹ ਲੋਕ-ਆਵਾਜ਼ ਅਤੇ ਬੁੱਧੀਜੀਵੀ ਹਲਕਿਆਂ ਦਾ ਹਰਕਤ 'ਚ ਆਉਣਾ ਹੀ ਸੀ ਜਿਸ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ।
ਜਤਿਨ ਮਰਾਂਡੀ ਦਾ 'ਦੋਸ਼' ਇਹੀ ਹੈ ਕਿ ਉਹ ਅਸ਼ਲੀਲ, ਬਾਜ਼ਾਰੂ, ਬਿਮਾਰ ਅਤੇ ਅੰਧਵਿਸ਼ਵਾਸੀ ਭਰਿਆ ਸਭਿਆਚਾਰਕ ਪ੍ਰਦੂਸ਼ਣ ਫੈਲਾਉਣ ਜਾਂ ਚੜ੍ਹਦੀ ਜੁਆਨੀ ਨੂੰ ਕੁਰਾਹੇ ਪਾਉਣ ਦੀ ਬਜਾਏ, ਭੁੱਖ, ਨੰਗ, ਗ਼ਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਰਜ਼ੇ, ਬਿਮਾਰੀਆਂ ਅਤੇ ਮੁਲਕ ਦੇ ਕੌਮੀ ਮਾਲ-ਖਜ਼ਾਨੇ ਲੁੱਟਣ ਦੇ ਜ਼ਿੰਮੇਵਾਰੀ ਦਾ ਪਾਜ਼ ਉਘੜਾਈ ਹੈ। ਨਵੀਂ ਜ਼ਿੰਦਗੀ 'ਚ ਨਵੇਂ ਰੰਗ ਭਰਨ ਲਈ ਸ਼ਬਦਾਂ ਅਤੇ ਸੁਰਾਂ ਦੀ ਵਿਦਰੋਹੀ ਸਰਗਮ ਛੇੜਦਾ ਹੈ।
No comments:
Post a Comment