ਅਜਿਹੇ ਸਪਸ਼ਟ ਨੀਤੀ-ਵਖਰੇਵਿਆਂ ਵੱਲ ਪਿੱਠ ਕਰਕੇ ਟਿੱਪਣੀਕਾਰ ਇਸ ਜਥੇਬੰਦੀ ਨੂੰ ਜਗੀਰਦਾਰਾਂ ਅਤੇ ਧਨੀ ਕਿਸਾਨਾਂ ਦੀ ਜਥੇਬੰਦੀ ਸਾਬਤ ਕਰਨ ਲਈ ਤਿਣਕਿਆਂ ਨੂੰ ਹੱਥ ਪਾਉਂਦਾ ਫਿਰਦਾ ਹੈ। ਉਹ ਮਿਸਾਲ ਦਿੰਦਾ ਹੈ ਕਿ ''ਜਦੋਂ ਰਾਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਹੁੰਦਿਆਂ, ਸਾਢੇ ਸੱਤ ਕਿਲਿਆਂ ਤੱਕ ਦੇ ਕਿਸਾਨਾਂ ਦੇ ਬਿੱਲ ਮੁਆਫ ਕਰਨ ਦੀ ਗੱਲ ਕੀਤੀ ਤਾਂ ਸੁਖਦੇਵ ਸਿੰਘ ਕੋਕਰੀ (ਉਗਰਾਹਾਂ) ਨੇ ਬਿਆਨ ਵਿੱਚ ਇਸ ਨੂੰ ਕਿਸਾਨਾਂ ਨੂੰ ਪਾੜਨ ਦੀ ਸਾਜਿਸ਼ ਕਿਹਾ।''
ਅਸੀਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਕੋਕਰੀ ਦੇ ਇਸ ਬਿਆਨ 'ਚ ਗਲਤ ਕੀ ਹੈ? ਕੀ ਸਾਢੇ ਸੱਤ ਕਿਲੇ ਤੋਂ ਉਪਰ ਜ਼ਮੀਨ ਵਾਲੇ ਸਾਰੇ ਕਿਸਾਨ-ਦੁਸ਼ਮਣ ਜਮਾਤਾਂ ਦੇ ਘੇਰੇ ਵਿੱਚ ਆਉਂਦੇ ਹਨ? ਕੀ ''ਸਾਡਾ ਰਾਹ'' ਦਾ ਟਿੱਪਣੀਕਾਰ 8 ਕਿਲੇ ਜ਼ਮੀਨ ਵਾਲੇ ਕਿਸਾਨਾਂ ਲਈ ਖੇਤੀ ਖਪਤਾਂ ਦੇ ਮਾਮਲੇ ਵਿੱਚ ਰਿਆਇਤਾਂ ਦਾ ਵਿਰੋਧੀ ਹੈ? ਕੀ ਟਿੱਪਣੀਕਾਰ ਇਸ ਗੱਲ ਬਾਰੇ ਅਣਜਾਣ ਹੈ ਕਿ ਸ਼ਿਸ਼ਤ-ਬੰਨ੍ਹਵੀਆਂ ਸਬਸਿਡੀਆਂ (ਟਾਰਗੈਟਡ ਸਬਸਿਡੀਜ਼) ਦੇ ਨਾਂ ਹੇਠ ਇਹਨਾਂ ਦੇ ਘੇਰੇ ਨੂੰ ਵੱਧ ਤੋਂ ਵੱਧ ਸੀਮਤ ਕਰਨਾ ਹਾਕਮਾਂ ਦੀ ਸ਼ਾਤਰਾਨਾ ਨੀਤੀ ਹੈ। ਅਜਿਹੀ ਹਾਲਤ ਵਿੱਚ ਜੇ ਕੋਈ ਜਥੇਬੰਦੀ ਸਬਸਿਡੀਆਂ ਦੀਆਂ ਹੱਕਦਾਰ ਪਰਤਾਂ ਨੂੰ ਲਾਂਭੇ ਕਰਨ ਦੀ ਨੀਤੀ ਦਾ ਵਿਰੋਧ ਕਰਦੀ ਹੈ ਤਾਂ ਉਹ ਜਾਗੀਰਦਾਰਾਂ ਅਤੇ ਧਨੀ ਕਿਸਾਨਾਂ ਦੀ ਨੁਮਾਇੰਦਾ ਕਿਵੇਂ ਹੋਈ? ਕੀ ਇਨਕਲਾਬੀ ਸਾਂਝੇ ਮੋਰਚੇ ਦੀ ਪਹੁੰਚ ਕਮਿਊਨਿਸਟ ਇਨਕਲਾਬੀਆਂ ਤੋਂ ਅਜਿਹੀ ਕੋਸ਼ਿਸ਼ ਦੀ ਹਮਾਇਤ ਕਰਨ ਦੀ ਮੰਗ ਨਹੀਂ ਕਰਦੀ? ਦਿਲਚਸਪ ਗੱਲ ਇਹ ਹੈ ਕਿ ''ਸਾਡਾ ਰਾਹ'' ਦਾ ਟਿੱਪਣੀਕਾਰ ਇਹ ਸਪਸ਼ਟ ਕਰਨ ਦੀ ਖੇਚਲ ਨਹੀਂ ਕਰਦਾ ਕਿ ਮੁਫਤ ਬਿਜਲੀ ਦੇ ਸੁਆਲ 'ਤੇ ਉਸਦੀ ਆਪਣੀ ਪੁਜੀਸ਼ਨ ਕੀ ਹੈ? ਇਹ ਖੁਸ਼ੀ ਦੀ ਗੱਲ ਹੋਣੀ ਸੀ ਜੇ ਉਹ ਘੱਟੋ ਘੱਟ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਇਹ ਮਸ਼ਵਰਾ ਦਿੰਦਾ ਕਿ ਉਹ ਘਰੇਲੂ ਖਪਤ ਲਈ ਮੁਫਤ ਬਿਜਲੀ ਦੀ ਆਪਣੀ ਮੰਗ ਨੂੰ ਜਗੀਰਦਾਰਾਂ ਕੋਲੋਂ ਮੁਫਤ ਬਿਜਲੀ ਸਹੂਲਤ ਖੋਹਣ ਦੀ ਮੰਗ ਨਾਲ ਜੋੜਨ। ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਆਪਣੀ ਚੇਤਨਾ, ਤਿਆਰੀ ਅਤੇ ਤਾਕਤ ਪੱਖੋਂ ਕਿਸੇ ਸਹੀ ਮੰਗ ਨੂੰ ਹੱਥ ਪਾਉਣ 'ਚ ਕਿਸੇ ਮੌਕੇ ਸੀਮਤਾਈਆਂ ਹੋ ਸਕਦੀਆਂ ਹਨ। ਪਰ ਇਹ ਗੱਲ ਕਮਿਊਨਿਸਟ ਇਨਕਲਾਬੀਆਂ ਨੂੰ ਦਰੁਸਤ ਮੰਗਾਂ ਵੱਲ ਕਿਸਾਨਾਂ-ਖੇਤ ਮਜ਼ਦੂਰਾਂ ਦਾ ਧਿਆਨ ਦੁਆਉਣੋਂ ਨਹੀਂ ਰੋਕਦੀ। ਪਰ ਸਾਡਾ ਰਾਹ ਦਾ ਟਿੱਪਣੀਕਾਰ ਜਗੀਰਦਾਰਾਂ ਦੇ ਮਾਮਲੇ ਵਿੱਚ ਮੁਫਤ ਬਿਜਲੀ ਸਹੂਲਤ ਖਤਮ ਕਰਨ ਦੀ ਮੰਗ ਪੇਸ਼ ਕਰਨ 'ਚ ਤਾਂ ਨਾਕਾਮ ਰਹਿੰਦਾ ਹੈ। ਪਰ ਬਿਜਲੀ ਦੇ ਮਾਮਲੇ 'ਚ ਰਿਆਇਤ ਨੂੰ ਸਾਢੇ ਸੱਤ ਕਿਲੇ ਵਾਲੇ ਕਿਸਾਨਾਂ ਤੱਕ ਸੀਮਤ ਕਰਨ ਦੇ ਰਾਜਿੰਦਰ ਕੌਰ ਭੱਠਲ ਦੇ ਪੈਂਤੜੇ 'ਤੇ ਜਾ ਖੜ੍ਹਦਾ ਹੈ। ਇਉਂ ਉਹ ਆਪਣੀ ਪੁਜੀਸ਼ਨ ਦੀ ਧਾਰ ਉਸ ਕਿਸਾਨੀ ਦੇ ਹਿੱਸਿਆਂ ਵੱਲ ਸੇਧ ਲੈਂਦਾ ਹੈ, ਜਿਸ ਨੂੰ ਉਹ ਖੁਦ ਹੀ ਪ੍ਰੋਲੇਤਾਰੀ ਦੀ 'ਨੇੜਲੀ ਸੰਗੀ' ਕਹਿੰਦਾ ਹੈ। ਇਥੋਂ ਸੰਕੇਤ ਮਿਲਦਾ ਹੈ ਕਿ ਕਿਸਾਨ ਲਹਿਰ ਦੀ ਧਾਰ ਨੂੰ ਜਗੀਰਦਾਰਾਂ ਦੇ ਖਿਲਾਫ ਸੇਧਣ ਬਾਰੇ ''ਸਾਡਾ ਰਾਹ'' ਦੇ ਟਿੱਪਣੀਕਾਰ ਦਾ ਅਸਲ ਸਰੋਕਾਰ ਐਸਾ-ਵੈਸਾ ਹੀ ਹੈ। ਜਾਗੀਰਦਾਰਾਂ ਖਿਲਾਫ ਉਸਦਾ ਨਕਲੀ ਢੋਲ ਡੱਗਾ ਅਸਲ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਏਕਤਾ ਖਿਲਾਫ ਸੇਧਿਆ ਹੋਇਆ ਹੈ।
ਜਗੀਰਦਾਰੀ ਖਿਲਾਫ ਵਿਖਾਇਆ ਜਾ ਰਿਹਾ ਟਿੱਪਣੀਕਾਰ ਦਾ ਜੋਸ਼ ਇੱਕ ਹੋਰ ਪੱਖੋਂ ਵੀ ਫੁੱਲਿਆ ਹੋਇਆ ਗ਼ੁਬਾਰਾ ਸਾਬਤ ਹੁੰਦਾ ਹੈ। ਉਹ ਜ਼ੋਰ ਸ਼ੋਰ ਨਾਲ ਕਹਿੰਦਾ ਹੈ ਕਿ ਬੀ.ਕੇ.ਯੂ. ਦੇ ਨਾਂ ਹੇਠ ਕੰਮ ਕਰਦੇ ਸਭ ਪਲੇਟਫਾਰਮ ਲੱਖੋਵਾਲ, ਰਾਜੇਵਾਲ ਅਤੇ ਪਿਸ਼ੌਰਾ ਸਿੰਘ ਦੇ ਪਲੇਟਫਾਰਮਾਂ ਵਰਗੇ ਹੀ ਹਨ। ਇਉਂ ਕਰਦਿਆਂ ਉਹ ਪੰਜਾਬ ਦੀ ਕਿਸਾਨ ਲਹਿਰ ਅੰਦਰ ਕਤਾਰਬੰਦੀ ਦੇ ਅਮਲ ਦੇ ਇੱਕ ਬਹੁਤ ਹੀ ਮਹੱਤਵਪੂਰਨ ਕਾਂਡ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਇਹ ਕਾਂਡ ਸੂਦਖੋਰੀ ਕਰਜ਼ੇ ਦੇ ਸੁਆਲ 'ਤੇ ਜਾਗੀਰਦਾਰ ਲੀਡਰਸ਼ਿੱਪਾਂ ਖਿਲਾਫ ਤਿੱਖੇ ਸੰਘਰਸ਼ ਦਾ ਕਾਂਡ ਹੈ। ਪਿਸ਼ੌਰਾ ਸਿੰਘ ਦੀ ਅਗਵਾਈ ਹੇਠਲੀ ਜਥੇਬੰਦੀ 'ਚ ਇਹ ਸੰਘਰਸ਼ ਲੀਡਰਸ਼ਿੱਪ ਨਾਲੋਂ ਨਿਖੇੜੇ ਦੀ ਤਿੱਖੀ ਨੋਕ ਬਣਿਆ। ਇਸ ਸੰਘਰਸ਼ ਦੇ ਸਿੱਟੇ ਵਜੋਂ ਹੋਂਦ ਵਿੱਚ ਆਈ ਬੀ.ਕੇ.ਯੂ. ਉਗਰਾਹਾਂ ਵੱਲੋਂ ਇਸ ਮੁੱਦੇ ਨੂੰ ਨਿਖੇੜੇ ਦੇ ਪਹਿਲੇ ਬੁਨਿਆਦੀ ਨੁਕਤੇ ਵਜੋਂ ਉਭਾਰਿਆ ਗਿਆ। (ਵੇਖੋ ਜੇਠੂਕੇ ਸੂਬਾ ਇਜਲਾਸ ਦੀ ਸੰਖੇਪ ਰਿਪੋਰਟ- ਸੁਰਖ਼ ਰੇਖਾ ਜੂਨ-ਜੁਲਾਈ 2002) ਇਹ ਵੀ ਸਭ ਜਾਣਦੇ ਹਨ ਕਿ ਕਿਵੇਂ ਚੱਠੇਵਾਲਾ ਵਰਗੇ ਸੰਘਰਸ਼ਾਂ ਰਾਹੀਂ ਸੂਦਖੋਰੀ ਕਰਜ਼ੇ ਅਤੇ ਜ਼ਮੀਨ ਦਾ ਮਸਲਾ ਜੁੜਵੇਂ ਰੂਪ 'ਚ ਉੱਭਰ ਕੇ ਸਾਹਮਣੇ ਆਏ ਅਤੇ ਇਸ ਵਰਤਾਰੇ ਨੇ ਕੀਮਤ ਸੂਚਕ ਅੰਕ ਦੀ ਮੰਗ ਦੁਆਲੇ ਉਸਰਿਆ ਕਿਸਾਨ ਸਰਗਰਮੀ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਇਹਨਾਂ ਪੱਖਾਂ ਨੂੰ ਮਹੱਤਵ ਨਾ ਦੇ ਸਕਣ ਪਿੱਛੇ ਕਾਰਨ ਇਹ ਹੈ ਕਿ ਖੁਦ ''ਸਾਡਾ ਰਾਹ'' ਦੇ ਟਿੱਪਣੀਕਾਰ ਲਈ ਸੂਦਖੋਰੀ ਖਿਲਾਫ ਸੰਘਰਸ਼ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ। ਸੂਦਖੋਰੀ ਦਾ ਮੁੱਦਾ ਵੱਡੇ ਪੇਂਡੂ ਜ਼ਮੀਨ ਮਾਲਕਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਣ ਪੱਖੋਂ ਬਹੁਤ ਹੀ ਅਹਿਮ ਮੁੱਦਾ ਹੈ। ਕਿਉਂਕਿ ਵੱਡੇ ਪੇਂਡੂ ਜ਼ਮੀਨ ਮਾਲਕ ਖੁਦ ਸੂਦਖੋਰੀ ਦਾ ਧੰਦਾ ਕਰਦੇ ਹਨ। ਇਸੇ ਪੱਖ ਨੂੰ ਬੀ.ਕੇ.ਯੂ. ਦੀ ਉਗਰਾਹਾਂ ਦੀ ਦਸਤਾਵੇਜ਼ 'ਚੋਂ ਉਪਰ ਦਿੱਤੇ ਹਵਾਲੇ ਵਿੱਚ ਉਭਾਰਿਆ ਗਿਆ ਹੈ। ਅਸਲ ਗੱਲ ਤਾਂ ਇਹ ਹੈ ਕਿ ''ਸਾਡਾ ਰਾਹ'' ਦੇ ਉੱਘੇ ਕਾਲਮਨਵੀਸ ਆਪਣੇ ਜ਼ਿਹਨ 'ਚੋਂ ਜਗੀਰਦਾਰੀ ਦੀ ਸਫ ਵਲੇਟ ਚੁੱਕੇ ਸਨ। ਉਹ ਹੋਰਨਾਂ ਤੋਂ ਪੰਜਾਬ ਅੰਦਰ ਨਿਰੋਲ ਸਾਮਰਾਜ-ਵਿਰੋਧੀ ਸਾਂਝਾ ਇਨਕਲਾਬੀ ਥੜ੍ਹਾ ਉੁਸਾਰਨ 'ਚ ਸਹਿਯੋਗ ਮੰਗਦੇ ਰਹੇ ਹਨ। ਇਹ ਤਾਂ ਖੰਨਾ-ਚਮਾਰਾ 'ਚ ਮੱਥੇ 'ਚ ਵੱਜੀ ਹਕੀਕਤ ਸੀ, ਜਿਸ ਨੇ ਉਹਨਾਂ ਨੂੰ ਪੰਜਾਬ ਵਿੱਚ ਜਗੀਰੂ ਹਿੱਤਾਂ ਦੀ ਹੋਂਦ ਦਾ ਕੁਝ ਅਹਿਸਾਸ ਕਰਵਾਇਆ।
ਰਾਜੇਵਾਲ, ਲੱਖੋਵਾਲ ਅਤੇ ਪਿਸ਼ੌਰਾ ਸਿੰਘ ਮਾਰਕਾ ਲੀਡਰਸ਼ਿੱਪਾਂ ਨਾਲੋਂ ਨਿਖੇੜੇ ਸਬੰਧੀ ਟਿੱਪਣੀਕਾਰ ਵੱਲੋਂ ਵਿਖਾਈ ਚਿੰਤਾ ਵੀ ਪੋਲੀ ਪਤਲੀ ਸਾਬਤ ਹੁੰਦੀ ਹੈ। ਇਸ ਦਾ ਸਿੱਕੇਬੰਦ ਸਬੂਤ ਉਸ ਵੱਲੋਂ ਗੋਬਿੰਦਪੁਰਾ ਸੰਘਰਸ਼ ਦੀ ਕਦਰ-ਘਟਾਈ ਦੀ ਜ਼ੋਰਦਾਰ ਕੋਸ਼ਿਸ਼ ਵਿੱਚੋਂ ਮਿਲਦਾ ਹੈ। ਉਹ ਕਹਿੰਦਾ ਹੈ ਕਿ ''ਗੋਬਿੰਦਪੁਰੇ ਦਾ ਮਸਲਾ ਪੂਰੇ ਪਿੰਡ ਦਾ ਮਸਲਾ ਨਹੀਂ ਬਲਕਿ ਕੁਝ ਪਰਿਵਾਰਾਂ ਦਾ ਹੈ।'' ਫੇਰ ਉਹ ਕਹਿੰਦਾ ਹੈ ਕਿ ''ਇਹ ਕਾਰਪੋਰੇਟ ਵਿਰੁੱਧ ਸੇਧਤ ਹੈ, ਜਗੀਰਦਾਰੀ ਵਿਰੁੱਧ ਨਹੀਂ। ਇਸ ਕਰਕੇ ਇਹ ਉਹਨਾਂ ਅਰਥਾਂ ਵਿੱਚ ਜ਼ਮੀਨੀ ਘੋਲ ਨਹੀਂ।'' ਗੋਬਿੰਦਪੁਰਾ ਘੋਲ ਦਾ ਜ਼ਿਕਰ ਕਰਨ ਸਮੇਂ ਉਹ ਇਸ ਕਸਵੱਟੀ ਨੂੰ ਲਾਂਭੇ ਰੱਖ ਦਿੰਦਾ ਹੈ ਕਿ ਇਹ ਘੋਲ ਕਿਹਨਾਂ ਜਮਾਤਾਂ ਦਾ ਘੋਲ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ''ਕਾਰਪੋਰੇਟ'' ਹਿੱਤਾਂ ਨਾਲ ਕੀ ਰਿਸ਼ਤਾ ਹੈ। ਉਹ ਜ਼ਰਾ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਨਵੀਆਂ ਆਰਥਿਕ ਨੀਤੀਆਂ ਤਹਿਤ ਹੋ ਰਿਹਾ ਕਾਰਪੋਰੇਟ ਹਿੱਤਾਂ ਦੇ ਹਮਲੇ ਦਾ ਵੱਡੇ ਪੇਂਡੂ ਜ਼ਮੀਨ ਮਾਲਕਾਂ ਅਤੇ ਆਮ ਕਿਸਾਨੀ ਦਰਮਿਆਨ ਕਤਾਰਬੰਦੀ ਨਾਲ ਕੀ ਰਿਸ਼ਤਾ ਹੈ। ਉਹ ਇਹ ਵੀ ਨਹੀਂ ਸੋਚਦਾ ਕਿ ਲੱਖੋਵਾਲ, ਰਾਜੇਵਾਲ ਅਤੇ ਪਿਸ਼ੌਰਾ ਸਿੰਘ ਮਾਰਕਾ ਲੀਡਰਸ਼ਿੱਪਾਂ ਦੇ ਕਾਰਪੋਰੇਟ ਹਿੱਤਾਂ ਪ੍ਰਤੀ ਰਵੱਈਏ ਅਤੇ ਮਜ਼ਲੂਮ ਕਿਸਾਨੀ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਦੇ ਕਾਰਪੋਰੇਟ ਹਿੱਤਾਂ ਪ੍ਰਤੀ ਰਵੱਈਏ 'ਚ ਕੀ ਫਰਕ ਹੋਣਾ ਚਾਹੀਦਾ ਹੈ ਅਤੇ ਇਸਦਾ ਕੀ ਮਹੱਤਵ ਹੈ। ਗੋਬਿੰਦਪੁਰਾ ਘੋਲ ਦੀ ਗੱਲ ਕਰਦਿਆਂ ਉਹ ਬਹੁਤ ਪ੍ਰਤੱਖ ਤੱਥਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਉਹ ਗੋਬਿੰਦਪੁਰਾ ਮਸਲੇ ਨੂੰ ਕੁਝ ਪਰਿਵਾਰਾਂ ਦਾ ਮਸਲਾ ਕਹਿੰਦਾ ਹੈ ਜਦੋਂ ਕਿ ਇਸ ਘੋਲ ਦੇ ਨਿਪਟਾਰੇ ਦੌਰਾਨ ਡੇਢ ਸੌ ਮਜ਼ਦੂਰ ਕਿਸਾਨ ਪਰਿਵਾਰਾਂ ਨੂੰ 3-3 ਲੱਖ ਉਜਾੜਾ ਭੱਤਾ ਦੇਣ ਅਤੇ ਇੱਕ-ਇੱਕ ਜੀਅ ਨੂੰ ਪੱਕੀ ਨੌਕਰੀ ਦੇਣ ਦਾ ਫੈਸਲਾ ਹੋਇਆ ਹੈ। ਇੰਡੀਆ ਬੁਲਜ਼ ਦੇ ਧਾਵੇ ਨੇ ਸਾਰੇ ਪਿੰਡ ਨੂੰ ਪ੍ਰਭਾਵਤ ਕੀਤਾ। ਉਹਨਾਂ ਨੂੰ ਵੀ ਜਿਹਨਾਂ ਨੂੰ ਚੈੱਕ ਚੁੱਕਣ ਲਈ ਮਜਬੂਰ ਕਰਨ ਵਿੱਚ ਸਰਕਾਰ ਕਾਮਯਾਬ ਹੋ ਗਈ ਸੀ। ਸੰਘਰਸ਼ ਦਾ ਲਾਹਾ ਸਾਰੇ ਪਿੰਡ ਨੂੰ ਹੋਇਆ ਹੈ। ਜਿਹਨਾਂ ਕੋਲੋਂ ਪਹਿਲਾਂ ਜ਼ਮੀਨ ਲਈ ਜਾ ਚੁੱਕੀ ਸੀ, ਉਹਨਾਂ ਦੇ ਮੁਆਵਜੇ 'ਚ ਵੀ 2 ਲੱਖ ਰੁਪਏ ਪ੍ਰਤੀ ਏਕੜ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਮਹੱਤਵਪੂਰਨ ਗੱਲ ਇਹ ਨਹੀਂ ਕਿ ਇਸ ਹਮਲੇ ਨੇ ਸਿੱਧੇ ਉਜਾੜੇ ਦੇ ਰੂਪ ਵਿੱਚ ਕਿੰਨੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ। ਅਜਿਹੀਆਂ ਗਿਣਤੀਆਂ-ਮਿਣਤੀਆਂ ਤਾਂ ''ਆਰਥਿਕਵਾਦੀ'' ਕਰਦੇ ਹਨ, ਜੋ ਅੱਜ ਕੱਲ੍ਹ ''ਸਾਡਾ ਰਾਹ'' ਦੇ ਟਿੱਪਣੀਕਾਰਾਂ ਦੀ ਮਨਪਸੰਦ ਸਿਆਸੀ ਗਾਲ਼ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੇ ਘੋਲ ਦਾ ਸਾਮਰਾਜੀ ਹੱਲੇ ਖਿਲਾਫ ਕਿਸਾਨੀ ਦੇ ਸਿਆਸੀ ਸਰੋਕਾਰ ਨੂੰ ਉਗਾਸਾ ਦੇਣ 'ਚ ਕੀ ਰੋਲ ਬਣਦਾ ਹੈ ਅਤੇ ਅਜਿਹੇ ਹਮਲਿਆਂ ਖਿਲਾਫ ਟਾਕਰੇ ਦੀ ਪਿਰਤ ਸਥਾਪਤ ਕਰਨ ਪੱਖੋਂ ਕੀ ਰੋਲ ਬਣਦਾ ਹੈ। ਗੋਬਿੰਦਪੁਰਾ ਸੰਘਰਸ਼ ਦੀ ਅਹਿਮੀਅਤ ਘਟਾਉਣ 'ਚ ਸਿੱਧੇ-ਅਸਿੱਧੇ ਰੂਪ 'ਚ ਨਵੀਆਂ ਆਰਥਿਕ ਨੀਤੀਆਂ ਦੀ ਡੋਰ ਨਾਲ ਬੱਝੀਆਂ ਲੱਖੋਵਾਲ, ਰਾਜੇਵਾਲ ਅਤੇ ਪਿਸ਼ੌਰਾ ਸਿੰਘ ਮਾਰਕਾ ਲੀਡਰਸ਼ਿੱਪਾਂ ਦੀ ਦਿਲਚਸਪੀ ਤਾਂ ਸਮਝ ਆ ਸਕਦੀ ਹੈ, ਪਰ ''ਸਾਡਾ ਰਾਹ'' ਦਾ ਟਿੱਪਣੀਕਾਰ ਕਿਹੜੀ ਗੱਲੋਂ ਗੋਬਿੰਦਪੁਰਾ ਪਿੰਡ ਨੂੰ ਪੰਜਾਬ ਦੇ ਨਕਸ਼ੇ 'ਚੋਂ ਗਾਇਬ ਕਰਨ ਨੂੰ ਫਿਰਦਾ ਹੈ? ਕੀ ਉਸ ਨੂੰ ਗੋਬਿੰਦਪੁਰਾ ਘੋਲ ਨਾਲ ਜੁੜ ਕੇ ਪ੍ਰਗਟ ਹੋਈ ਕਾਰਪੋਰੇਟ ਹਿੱਤਾਂ ਖਿਲਾਫ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਏਕਤਾ ਚੰਗੀ ਨਹੀਂ ਲੱਗਦੀ?
ਟਿੱਪਣੀਕਾਰ ਇਹ ਮਨਚਾਹੀ ਪੇਸ਼ਕਾਰੀ ਕਰਦਾ ਹੈ ਕਿ ਸਭਨਾਂ ਬੀ.ਕੇ.ਯ.ੂ ਪਲੇਟਫਾਰਮਾਂ ਦੇ ''ਆਗੂ ਤੱਕ ਵੀ ਯੂਨੀਅਨ ਤੌਰ 'ਤੇ ਵੱਖਰੇ ਹਨ ਤੇ ਸਿਆਸੀ ਤੌਰ 'ਤੇ ਕਾਂਗਰਸੀ/ਅਕਾਲੀ ਹਨ। ਇਹ ਪੈਂਤੜਾ ਕਿਸਾਨੀ ਦਾ ਗੁੱਸਾ ਉਸ ਪ੍ਰਬੰਧ ਵਿਰੁੱਧ ਸੇਧਤ ਹੋਣੋਂ ਰੋਕਦਾ ਹੈ, ਜੋ ਪ੍ਰਬੰਧ ਕਿਸਾਨੀ ਦੀਆਂ ਸਮੱਸਿਆਵਾਂ ਦਾ ਸਰੋਤ ਹੈ।'' ਉਹ ਬੀ.ਕੇ.ਯੂ. ਉਗਰਾਹਾਂ ਦੇ ਸੰਵਿਧਾਨ ਦੀ ਹੇਠ ਲਿਖੀ ਧਾਰਾ ਬਾਰੇ ਘੇਸਲ ਮਾਰ ਜਾਂਦਾ ਹੈ, ''ਕਿਸੇ ਰਾਜਨੀਤਕ ਪਾਰਟੀ ਦਾ ਅਹੁਦੇਦਾਰ ਯੂਨੀਅਨ ਦਾ..... ਅਹੁਦੇਦਾਰ ਨਹੀਂ ਬਣ ਸਕਦਾ।'' ਚੰਗਾ ਹੋਵੇਗਾ ਜੇ ਟਿੱਪਣੀਕਾਰ ਇਸ ਜਥੇਬੰਦੀ 'ਚ ਸੰਵਿਧਾਨ ਦੀ ਉਪਰੋਕਤ ਧਾਰਾ ਦੀ ਉਲੰਘਣਾ ਦੀ ਕੋਈ ਮਿਸਾਲ ਪੇਸ਼ ਕਰ ਸਕੇ।
ਟਿੱਪਣੀਕਾਰ ਇੱਕ ਹੋਰ ਮਨਚਾਹੀ ਪੇਸ਼ਕਾਰੀ ਇਹ ਕਰਦਾ ਹੈ ਕਿ ਬੀ.ਕੇ.ਯੂ. ਦੇ ਸਾਰੇ ਧੜੇ ਆਪਣੇ ਆਪ ਨੂੰ ਗੈਰ-ਸਿਆਸੀ ਕਹਿੰਦੇ ਹਨ। ਬੀ.ਕੇ.ਯੂ. ਉਗਰਾਹਾਂ ਦਾ ਵਿਧਾਨ ਇਸ ਦਾਅਵੇ ਨੂੰ ਰੱਦ ਕਰਦਾ ਹੈ। ਸੰਵਿਧਾਨ ਯੂਨੀਅਨ ਨੂੰ ''ਗੈਰ-ਪਾਰਟੀ ਕਿਸਾਨ ਜਥੇਬੰਦੀ'' ਕਹਿੰਦਾ ਹੈ। ''ਗੈਰ-ਸਿਆਸੀ'' ਨਹੀਂ ਕਹਿੰਦਾ। ਸਿਆਸਤ ਤੋਂ ਕਿਨਾਰਾ ਕਰਨ ਲਈ ਨਹੀਂ ਕਹਿੰਦਾ। ਵਿਧਾਨ ਦੀ ਭੂਮਿਕਾ ਗੱਲ ਨੂੰ ਐਨ ਸਪਸ਼ਟ ਕਰਦੀ ਹੈ, ''ਅਸੀਂ ਰਾਜਨੀਤਕ ਪਾਰਟੀ ਨਹੀਂ ਹਾਂ, ਨਾ ਹੀ ਕਿਸੇ ਰਾਜਨੀਤਕ ਪਾਰਟੀ ਦਾ ਵਿੰਗ ਹਾਂ। ਪਰ ਅਸੀਂ ਰਾਜ-ਭਾਗ ਜਾਂ ਸਿਆਸੀ ਪਾਰਟੀਆਂ ਦੇ ਕਦਮਾਂ ਅਤੇ ਨੀਤੀਆਂ ਨੂੰ ਕਿਸਾਨ ਹਿੱਤਾਂ ਦੀ ਕਸਵੱਟੀ 'ਤੇ ਪਰਖਾਂਗੇ। ਉਹਨਾਂ ਸਭ ਕਦਮਾਂ ਜਾਂ ਨੀਤੀਆਂ ਦਾ ਵਿਰੋਧ ਕਰਾਂਗੇ ਜੋ ਕਿਸਾਨ ਹਿੱਤਾਂ ਨਾਲ ਟਕਰਾਉਂਦੇ ਹਨ। ਅਸੀਂ ਸੰਘਰਸ਼ ਰਾਹੀਂ ਰਾਜ-ਭਾਗ ਦੀਆਂ ਨੀਤੀਆਂ 'ਚ ਕਿਸਾਨ ਹਿੱਤਾਂ ਦੀ ਲੋੜ ਅਨੁਸਾਰ ਸਰਗਰਮ ਦਖਲਅੰਦਾਜ਼ੀ ਕਰਾਂਗੇ ਅਤੇ ਕਿਸਾਨ ਵਿਰੋਧੀ ਆਰਥਿਕ ਸਿਆਸੀ ਨੀਤੀਆਂ ਜਾਂ ਕਦਮਾਂ ਨੂੰ ਪਛਾੜਨ ਲਈ ਜੂਝਾਂਗੇ। ਇਉਂ ਅਸੀਂ ਰਾਜਨੀਤਕ ਪਾਰਟੀਆਂ ਤੋਂ ਆਜ਼ਾਦ ਰਹਿੰਦਿਆਂ, ਕਿਸਾਨ ਹਿੱਤਾਂ ਦੀ ਰਾਖੀ ਅਤੇ ਵਧਾਰੇ ਦੀ ਸਿਆਸਤ 'ਤੇ ਪਹਿਰਾ ਦੇਵਾਂਗੇ।''
ਉਪਰੋਕਤ ਹਵਾਲੇ 'ਚ ਸਿਆਸਤ ਬਾਰੇ ਇਸ ਕਿਸਾਨ ਜਥੇਬੰਦੀ ਦੀ ਪਹੁੰਚ ਅਤੇ ਰੁਖ ਸਪਸ਼ਟ ਹੈ। ਜੇ ''ਸਾਡਾ ਰਾਹ'' ਦੇ ਟਿੱਪਣੀਕਾਰ ਨੂੰ ਇਹ ਪੁਜੀਸ਼ਨ ''ਆਰਥਿਕਵਾਦੀ ਪੈਂਤੜਾ'' ਲੱਗਦੀ ਹੈ ਤਾਂ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨ ਜਥੇਬੰਦੀ ਨੂੰ ''ਆਰਥਿਕਵਾਦ'' ਤੋਂ ਮੁਕਤ ਕਰਵਾਉਣ ਦਾ ਉਸਦਾ ਨੁਸਖਾ ਕੀ ਹੈ? ਕੀ ਕਿਸਾਨ ਜਥੇਬੰਦੀ ਨੂੰ ਰਾਜਨੀਤਕ ਪਾਰਟੀ ਕਰਾਰ ਦੇਣਾ ਜਾਂ ਕਿਸੇ ਰਾਜਨੀਤਕ ਪਾਰਟੀ ਦਾ ਵਿੰਗ ਬਣਾਉਣਾ?
ਜੇ ਟਿੱਪਣੀਕਾਰ ਇਹ ਸੋਚਦਾ ਹੈ ਕਿ ਮੌਜੂਦਾ ਹਾਲਤਾਂ 'ਚ ਆਪਣੇ ਆਪ ਨੂੰ ਕਿਸੇ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਵਿੰਗ ਬਣਾਏ ਬਗੈਰ ਕੋਈ ਜਨਤਕ ਜਥੇਬੰਦੀ ਇਨਕਲਾਬੀ ਹੋ ਹੀ ਨਹੀਂ ਸਕਦੀ, ਸਿਰਫ ਆਰਥਿਕਵਾਦੀ ਹੀ ਹੋ ਸਕਦੀ ਹੈ ਤਾਂ ਉਹ ਖੁੱਲ੍ਹ ਕੇ ਆਪਣੀ ਪੁਜੀਸ਼ਨ ਸਪਸ਼ਟ ਕਰੇ ਤਾਂ ਜੋ ਇਸ ਬਾਰੇ ਗੱਲ ਹੋ ਸਕੇ। ਨਾਲ ਹੀ ਅਸੀਂ ਪੁੱਛਣਾ ਚਾਹਾਂਗੇ ਕਿ ਉਸ ਦੀਆਂ ਨਜ਼ਰਾਂ 'ਚ ਪੰਜਾਬ ਅੰਦਰ ਅਜਿਹੀ ਕਿਹੜੀ ਇਨਕਲਾਬੀ ਕਿਸਾਨ ਜਾਂ ਖੇਤ ਮਜ਼ਦੁਰ ਜਥੇਬੰਦੀ ਹੈ, ਜਿਸ ਨੇ ਆਪਣੇ ਆਪ ਨੂੰ ਕਿਸੇ ਕਮਿਊਨਿਸਟ ਇਨਕਲਾਬੀ ਪਾਰਟੀ ਦਾ ਵਿੰਗ ਕਰਾਰ ਦਿੱਤਾ ਹੋਇਆ ਹੈ? ਇਸ ਪੱਖੋਂ ਬੀ.ਕੇ.ਯੂ. ਉਗਰਾਹਾਂ ਅਤੇ ਹੋਰਨਾਂ ਜਥੇਬੰਦੀਆਂ 'ਚ ਵਖਰੇਵਾਂ ਕੀ ਹੈ? ਇਹ ਕੀ ਸਮੱਸਿਆ ਹੈ, ਜਿਹੜੀ ਆਮ ਕਰਕੇ ਜਨਤਕ ਜਥੇਬੰਦੀਆਂ ਨੂੰ ਆਪਣੇ ਆਪ ਨੂੰ ਵਿਸ਼ੇਸ਼ ਪਾਰਟੀਆਂ ਦਾ ਵਿੰਗ ਐਲਾਨਣ ਤੋਂ ਵਰਜਦੀ ਹੈ। ਉਹਨਾਂ ਨੂੰ ਵੀ ਜਿਹੜੀਆਂ ਅਣ-ਐਲਾਨੇ ਤੌਰ 'ਤੇ ਵੱਧ-ਘੱਟ ਰੂਪ ਵਿੱਚ ਪਾਰਟੀਆਂ ਦੀਆਂ ਜੇਬੀ ਜਥੇਬੰਦੀਆਂ ਅਤੇ ਬਰਾਂਚਾਂ ਵਾਂਗ ਹਰਕਤ ਵਿੱਚ ਆਉਂਦੀਆਂ ਹਨ।
ਟਿੱਪਣੀਕਾਰ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਰਾਜਨੀਤਕ ਪਾਰਟੀਆਂ ਨਾਲੋਂ ਫਾਸਲਾ ਰੱਖਣ ਦਾ ਪੈਂਤੜਾ ਅਜੇ ਤੱਕ ਮੌਕਾਪ੍ਰਸਤ ਹਾਕਮ ਜਮਾਤੀ ਪਾਰਟੀਆਂ ਦੀ ਕਿਸਾਨ ਲਹਿਰ ਅੰਦਰ ਘੁਸਪੈਠ ਨੂੰ ਰੋਕਣ ਦੇ ਹਥਿਆਰ ਵਜੋਂ ਕੰਮ ਕਰਦਾ ਆ ਰਿਹਾ ਹੈ। ਇਹ ਅਜੇ ਤੱਕ ਹਾਕਮ ਜਮਾਤੀ ਨੀਤੀਆਂ ਖਿਲਾਫ ਕਿਸਾਨ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੇ ਰਾਹ ਦਾ ਅੜਿੱਕਾ ਨਹੀਂ ਬਣਿਆ, ਸਗੋਂ ਸੰਘਰਸ਼ਸ਼ੀਲ ਗੈਰ-ਸਿਆਸੀ ਕਿਸਾਨ ਜਨਤਾ ਅਤੇ ਹਾਕਮ ਜਮਾਤੀ ਪਾਰਟੀਆਂ ਦੇ ਅਸਰ ਹੇਠਲੀ ਜਨਤਾ ਨੂੰ ਰਾਜ-ਭਾਗ ਦੀਆਂ ਨੀਤੀਆਂ ਖਿਲਾਫ ਸਿਆਸੀ ਸੰਘਰਸ਼ ਦੇ ਅਖਾੜੇ 'ਚ ਖਿੱਚਣ ਦੇ ਅਮਲ ਨੂੰ ਰੈਲ਼ਾ ਕਰਦਾ ਆ ਰਿਹਾ ਹੈ। ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦਾ ਵਿੰਗ ਨਾ ਹੋ ਕੇ ਵੀ ਕਿਸਾਨ ਜਥੇਬੰਦੀਆਂ ਦੀ ਸਰਗਰਮੀ ਨੇ ਇਨਕਲਾਬੀ ਚੇਤਨਾ ਦੇ ਸੰਚਾਰ ਵਿੱਚ ਹਿੱਸਾ ਪਾਇਆ ਹੈ ਜਾਂ ਇਸਦਾ ਰਾਹ ਪੱਧਰਾ ਕਰਨ ਦਾ ਰੋਲ ਨਿਭਾਇਆ ਹੈ। ਜੇ ਪੰਜਾਬ ਦੀ ਜਥੇਬੰਦ ਕਿਸਾਨ ਜਨਤਾ ਦੇ ਵੱਡੇ ਹਿੱਸੇ ਨਵੀਆਂ ਆਰਥਿਕ ਨੀਤੀਆਂ ਦੇ ਵਿਰੋਧ ਵਿੱਚ ਡਟੇ ਹੋਏ ਹਨ, ਤਾਂ ਇਹ ਉਹਨਾਂ ਦੇ ਕਿਸੇ ਰਾਜਨੀਤਕ ਪਾਰਟੀ ਦੇ ਵਿੰਗ ਹੋਣ ਦਾ ਪ੍ਰਤਾਪ ਨਹੀਂ ਹੈ। ਇਹ ਹਕੀਕਤ ਦੱਸਦੀ ਹੈ ਕਿ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਵਿੰਗ ਹੋਏ ਬਗੈਰ ਵੀ ਜਨਤਕ ਜਥੇਬੰਦੀਆਂ ਲੋਕਾਂ ਨੂੰ ਹਾਕਮ ਜਮਾਤਾਂ ਖਿਲਾਫ ਅਤੇ ਪ੍ਰਬੰਧ ਖਿਲਾਫ ਸੰਘਰਸ਼ ਦੇ ਅਖਾੜੇ ਵਿੱਚ ਖਿੱਚਣ ਦਾ ਸਾਧਨ ਬਣ ਸਕਦੀਆਂ ਹਨ। ਗੱਲ ਦੇ ਠੋਸ ਨਿਤਾਰੇ ਲਈ ਅਸੀਂ ਟਿੱਪਣੀਕਾਰ ਤੋਂ ਜਾਨਣਾ ਚਾਹਾਂਗੇ ਕਿ ਪੰਜਾਬ ਵਿੱਚ ਕਿਹੜੀ ਜਨਤਕ ਜਥੇਬੰਦੀ ਕਿਸੇ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਵਿੰਗ ਹੋ ਕੇ, ਲੋਕਾਂ ਦੀ ਸੰਘਰਸ਼ ਸਰਗਰਮੀ ਅੰਦਰ ਕਿਹੜੇ ਵਿਸ਼ੇਸ਼ ਇਨਕਲਾਬੀ ਲੱਛਣਾਂ ਦਾ ਸੰਚਾਰ ਕਰ ਸਕੀ ਹੈ?
ਦੂਜੇ ਪਾਸੇ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਅੰਦਰ ਇਸ ਗੱਲ ਦਾ ਭਰਪੂਰ ਤਜਰਬਾ ਮੌਜੂਦ ਹੈ ਕਿ ਜਨਤਕ ਜਥੇਬੰਦੀਆਂ ਨੇ ਕਮਿਊਨਿਸਟ ਇਨਕਲਾਬੀ ਪਲੇਟਫਾਰਮਾਂ ਨਾਲ ਟੋਚਨ ਹੋਏ ਬਗੈਰ ਲੋਕਾਂ ਦੇ ਇਨਕਲਾਬੀਕਰਨ 'ਚ ਮਹੱਤਵਪੂਰਨ ਰੋਲ ਨਿਭਾਇਆ। ਸੱਤਰਵਿਆਂ 'ਚ ਪੀ.ਐਸ.ਯੂ. ਅਤੇ ਨੌਜਵਾਨ ਭਾਰਤ ਸਭਾ ਦਾ ਤਜਰਬਾ ਇਸ ਗੱਲ ਦੀ ਬਹੁਤ ਹੀ ਉੱਘੜਵੀਂ ਉਦਾਹਰਨ ਹੈ। ਕਿਸੇ ਕਮਿਊਨਿਸਟ ਇਨਕਲਾਬੀ ਪਲੇਟਫਾਰਮ ਨਾਲ ਟੋਚਨ ਹੋਏ ਬਗੈਰ ਇਹਨਾਂ ਜਥੇਬੰਦੀਆਂ ਨੇ ਗੁੰਝਲਦਾਰ ਹਾਲਤਾਂ 'ਚ ਲੋਕਾਂ ਨੂੰ ਰਾਹ ਵਿਖਾਉਣ ਦੀਆਂ ਸੰਗਰਾਮ ਰੈਲੀ ਵਰਗੀਆਂ ਮਿਸਾਲਾਂ ਕਾਇਮ ਕੀਤੀਆਂ, ਜਦੋਂ ਕਿ ਵੱਧ-ਘੱਟ ਰੂਪ ਵਿੱਚ ਕਮਿਊਨਿਸਟ ਇਨਕਲਾਬੀ ਪਲੇਟਫਾਰਮਾਂ ਨਾਲ ਟੋਚਨ ਹੋਈਆਂ ਜਥੇਬੰਦੀਆਂ ਜੇ.ਪੀ. ਲਹਿਰ ਦੇ ਚੱਕਰਵਿਊ 'ਚ ਉਲਝੀਆਂ ਰਹੀਆਂ। ਇੰਨਾ ਹੀ ਨਹੀਂ 1977 'ਚ ਜਨਤਾ ਪਾਰਟੀ ਦੀ ਸਰਕਾਰ ਬਣਨ 'ਤੇ ਇਹ ''ਗੈਰ-ਪਾਰਟੀ'' ਇਨਕਲਾਬੀ ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਸਨ, ਜਿਹਨਾਂ ਨੇ ਇਸ ਹਕੂਮਤ ਦੇ ਅਸਲ ਖਾਸੇ ਨੂੰ ਪਛਾਣ ਕੇ ਲੋਕਾਂ ਨੂੰ ਚੇਤਨ ਕੀਤਾ ਜਦੋਂ ਕਿ ਕਮਿਊਨਿਸਟ ਇਨਕਲਾਬੀ ਪਲੇਟਫਾਰਮਾਂ ਨਾਲ ਟੋਚਨ ਕੁਝ ਜਥੇਬੰਦੀਆਂ ''ਜਮਹੂਰੀਅਤ ਦੀ ਜਿੱਤ'' ਦੇ ਭਰਮ 'ਚ ਗੁਆਚ ਗਈਆਂ।
ਜੇ ਟਿੱਪਣੀਕਾਰ ਦੀ ਇਹ ਸਮਝ ਹੈ ਕਿ ਕੋਈ ਜਨਤਕ ਜਥੇਬੰਦੀ ਰਾਜਨੀਤਕ ਪਾਰਟੀ ਦਾ ਵਿੰਗ ਹੋਏ ਬਗੈਰ ਸਿਆਸੀ ਵਿਕਾਸ ਦੇ ਰਾਹ ਪੈ ਹੀ ਨਹੀਂ ਸਕਦੀ ਤਾਂ ਉਸ ਨੂੰ ਇਹ ਦੱਸਣਾ ਪਵੇਗਾ ਕਿ ਗੈਰ-ਪਾਰਟੀ ਜਨਤਾ ਨੂੰ ਜਮਾਤੀ ਸੰਘਰਸ਼ ਦੇ ਅਖਾੜਿਆਂ 'ਚ ਖਿੱਚਣ ਲਈ ਕਿਸ ਸਾਧਨ ਦੀ ਵਰਤੋਂ ਕੀਤੀ ਜਾਵੇਗੀ? ਅਤੇ ਅਜਿਹਾ ਕੀਤੇ ਬਗੈਰ ਜਨਤਾ ਦਾ ਸਿਆਸੀਕਰਨ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ? ਟਿੱਪਣੀਕਾਰ ਇਹ ਨਹੀਂਂ ਸਮਝਦਾ ਕਿ ਆਰਥਿਕਵਾਦ ਦੇ ਲੇਬਲ ਲਾਉਣੇ ਜਿੰਨਾ ਸੌਖਾ ਕੰਮ ਹੈ, ਲੋਕਾਂ ਦੇ ਇਨਕਲਾਬੀ ਸਿਆਸੀਕਰਨ ਦੀ ਦਰੁਸਤ ਲੀਹ ਪੇਸ਼ ਕਰਨਾ ਅਤੇ ਇਸ ਉੱਤੇ ਪਹਿਰਾ ਦੇਣਾ ਓਨਾ ਹੀ ਕਠਨ ਕਾਰਜ ਹੈ।
ਟਿੱਪਣੀਕਾਰ ਦਾ ਇਲਜ਼ਾਮ ਹੈ ਕਿ ਬੀ.ਕੇ.ਯੂ. ਦੇ ਸਾਰੇ ਗਰੁੱਪ ''ਹੋਰ ਜਮਾਤਾਂ ਨਾਲ ਏਕੇ ਦੀ ਜ਼ਰੂਰਤ'' ਮਹਿਸੂਸ ਨਹੀਂ ਕਰਦੇ। ਉਹ ਇਹ ਹੂੰਝਾ-ਫੇਰੂ ਫਤਵਾ ਦਿੰਦਾ ਹੈ ਕਿ ਇਹਨਾਂ ਵੱਲੋਂ ਅੱਜ ਤੱਕ ਜੋ ਵੀ ਸਾਂਝੀ ਕਾਰਵਾਈ ਹੋਈ ਹੈ ਉਹ ਆਪਣੇ ਤੰਗਨਜ਼ਰ ਲਾਹੇ ਖਾਤਰ ਹੋਈ ਹੈ। ਅਜਿਹਾ ਫਤਵਾ ਵੇਖ ਕੇ ਅਣਡਿੱਠ ਕਰਨ ਦਾ ਨਤੀਜਾ ਹੀ ਹੋ ਸਕਦਾ ਹੈ। ਕਿਉਂਕਿ ਜਥੇਬੰਦ ਕਿਸਾਨ ਜਨਤਾ ਵੱਲੋਂ ਹੋਰਨਾਂ ਤਬਕਿਆਂ ਦੀ ਬੇਗਰਜ਼ ਅਤੇ ਬਿਨਾ ਸ਼ਰਤ ਹਮਾਇਤ ਦੀਆਂ ਮਿਸਾਲਾਂ ਏਨੀਆਂ ਜ਼ੋਰਦਾਰ ਹਨ ਕਿ ਇਸ ਦਾ ਅਸਰ ਹੋਰਨਾਂ ਤਬਕਿਆਂ ਦੀ ਜਨਤਾ ਦੇ ਮਨਾਂ 'ਤੇ ਉੱਕਰਿਆ ਹੋਇਆ ਹੈ। ਇਸ ਹਕੀਕਤ ਨੂੰ ਨਿੱਜੀਕਰਨ ਖਿਲਾਫ ਜੂਝੇ ਬਿਜਲੀ ਕਾਮੇ ਜਾਣਦੇ ਹਨ, ਰੁਜ਼ਗਾਰ ਲਈ ਜੂਝੇ ਬੇਰੁਜ਼ਗਾਰ ਅਧਿਆਪਕ ਜਾਣਦੇ ਹਨ, ਸਨਅੱਤੀ ਮਜ਼ਦੂਰ ਜਾਣਦੇ ਹਨ ਅਤੇ ਸਭ ਤੋਂ ਵੱਧ ਉਹ ਖੇਤ ਮਜ਼ਦੂਰ ਜਾਣਦੇ ਹਨ, ਜਿਹਨਾਂ ਦੇ ਜਥੇਬੰਦ ਹੋਣ ਦੇ ਅਮਲ ਨੂੰ ਜਥੇਬੰਦ ਕਿਸਾਨ ਜਨਤਾ ਦੀ ਹਮਾਇਤੀ ਢੋਈ ਸਦਕਾ ਉਗਾਸਾ ਮਿਲਿਆ ਹੈ। ਕਿੰਨੇ ਹੀ ਥਾਵਾਂ 'ਤੇ ਖੇਤ ਮਜ਼ਦੂਰ ਜਥੇਬੰਦੀ ਦਾ ਅਸਰਦਾਰ ਢੰਗ ਨਾਲ ਉੱਭਰਨਾ ਇਸ ਕਰਕੇ ਸੰਭਵ ਹੋਇਆ ਹੈ ਕਿਉਂਕਿ ਕਿਸਾਨ ਜਥੇਬੰਦੀ ਨੇ ਪੇਂਡੂ ਧਨਾਡ ਚੌਧਰੀਆਂ ਦੇ ਪੈਰਾਂ ਹੇਠੋਂ ਉਹ ਜ਼ਮੀਨ ਖਿੱਚ ਲਈ ਸੀ, ਜਿਸ ਦੇ ਸਿਰ 'ਤੇ ਉਹ ਸਮੁੱਚੀ ਕਿਸਾਨੀ ਨੂੰ ਜਥੇਬੰਦ ਹੋ ਰਹੀ ਖੇਤ ਮਜ਼ਦੂਰ ਜਨਤਾ ਖਿਲਾਫ ਭੁਗਤਾਉਂਦੇ ਸਨ।
ਟਿੱਪਣੀਕਾਰ ਇਹ ਇਤਰਾਜ਼ ਕਰਦਾ ਹੈ ਕਿ ਬੀ.ਕੇ.ਯੂ. ਵਾਲੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਕੋਈ ਅਸਰਦਾਰ ਜਥੇਬੰਦੀਆਂ ਨਹੀਂ ਬਣਾਈਆਂ। ਜੇ ਕਰ ਥੋੜ੍ਹੀਆਂ ਬਹੁਤੀਆਂ ਹਨ ਤਾਂ ਉਹ ਜ਼ਿਆਦਾਤਰ ਕਿਸਾਨੀ ਦੀ ਸਹਾਇਤਾ ਵਿੱਚ ਹੀ ਭੁਗਤਦੀਆਂ ਹਨ। ਜੇ ਟਿੱਪਣੀਕਾਰ ਇਹ ਕਹਿਣਾ ਚਾਹੁੰਦਾ ਹੈ ਕਿ 17 ਜਥੇਬੰਦੀਆਂ ਦੇ ਪਲੇਟਫਾਰਮ 'ਚ ਸ਼ਾਮਲ ਖੇਤ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦੀ ਸਹਾਇਤਾ ਤੋਂ ਬਿਨਾ ਖੇਤ ਮਜ਼ਦੂਰ ਹਿੱਤਾਂ ਲਈ ਕੋਈ ਸਰਗਰਮੀ ਨਹੀਂ ਕੀਤੀ ਤਾਂ ਉਸ ਨੂੰ ਇਹ ਗੱਲ ਇਹਨਾਂ ਜਥੇਬੰਦੀਆਂ ਦੀ ਸਮੁੱਚੀ ਸਰਗਰਮੀ ਦੇ ਠੋਸ ਵੇਰਵਿਆਂ ਦੇ ਆਧਾਰ 'ਤੇ ਸਾਬਤ ਕਰਨੀ ਹੋਵੇਗੀ। ਉਸਦੀ ਸਹੂਲਤ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀਆਂ ਰਿਪੋਰਟਾਂ ਨਾਲ ਸਬੰਧਤ ਕਿੰਨੇ ਹੀ ਕਿਤਾਬਚੇ ਮੌਜੂਦ ਹਨ ਜਿਹੜੇ ਖੇਤ ਮਜ਼ਦੂਰ ਹਿੱਤਾਂ ਲਈ ਜ਼ੋਰਦਾਰ ਸਰਗਰਮੀ ਦੀ ਗਵਾਹੀ ਦਿੰਦੇ ਹਨ। ਉਸ ਦੇ ਇਸ ਇਤਰਾਜ਼ ਬਾਰੇ ਚਰਚਾ ਦਾ ਵੀ ਕੋਈ ਮਹੱਤਵ ਨਹੀਂ ਹੈ ਕਿ ਬੀ.ਕੇ.ਯੂ. ਵਾਲੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਕੋਈ ਅਸਰਦਾਰ ਜਥੇਬੰਦੀਆਂ ਨਹੀਂ ਬਣਾਈਆਂ। ਕਿਉਂਕਿ ਇਸ ਇਤਰਾਜ਼ ਦਾ ਉਸ ਸਿੱਟੇ ਨਾਲ ਕੋਈ ਸੰਬੰਧ ਨਹੀਂ ਬਣਦਾ ਜੋ ਟਿੱਪਣੀਕਾਰ ਨੇ ਪੇਸ਼ ਕੀਤਾ ਹੈ। ਯਾਨੀ ਇਸ ਸਿੱਟੇ ਨਾਲ ਕਿ ਬੀ.ਕੇ.ਯੂ. ਦੇ ਸਾਰੇ ਗਰੁੱਪ ਲੈਂਡਲਾਰਡਾਂ ਅਤੇ ਧਨੀ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਐਨ ਸੰਭਵ ਹੈ ਕਿ ਕਿਸਾਨਾਂ ਦੀ ਕੋਈ ਜਥੇਬੰਦੀ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਬਾਰੇ ਸੁਚੇਤ ਨਾ ਹੋਵੇ ਜਿਹੜਾ ਉਂਝ ਵੀ ਬੁਨਿਆਦੀ ਤੌਰ 'ਤੇ ਖੇਤ ਮਜ਼ਦੂਰਾਂ ਦਾ ਆਪਣਾ ਕਾਰਜ ਹੈ ਜਾਂ ਫਿਰ ਲੋਕਾਂ ਨੂੰ ਇਨਕਲਾਬ ਖਾਤਰ ਜਥੇਬੰਦ ਕਰਨ ਲਈ ਜੁਟੇ ਕਮਿਊਨਿਸਟ ਇਨਕਲਾਬੀਆਂ ਦਾ ਕਾਰਜ ਹੈ। ਪਰ ਖੇਤ ਮਜ਼ੂਦਰਾਂ ਨਾਲ ਸਾਂਝ ਦੀ ਅਹਿਮੀਅਤ ਬਾਰੇ ਸੁਚੇਤ ਨਾ ਹੋਣਾ ਆਪਣੇ ਆਪ 'ਚ ਕਿਸੇ ਜਥੇਬੰਦੀ ਨੂੰ ਲੈਂਡਲਾਰਡਾਂ/ਧਨੀ ਕਿਸਾਨਾਂ ਦੀ ਜਥੇਬੰਦੀ ਸਾਬਤ ਨਹੀਂ ਕਰਦਾ। ਇਹ ਗੱਲ ਤਾਂ ਹੀ ਸਾਬਤ ਹੋ ਸਕਦੀ ਹੈ, ਜੇ ਕਿਸੇ ਜਥੇਬੰਦੀ ਨੇ ਬੇਜ਼ਮੀਨੇ ਗਰੀਬ ਅਤੇ ਦਰਮਿਆਨੇ ਕਿਸਾਨਾਂ ਦੇ ਹਿੱਤਾਂ ਵੱਲ ਪਿੱਠ ਕੀਤੀ ਹੋਵੇ ਅਤੇ ਲੈਂਡਲਾਰਡਾਂ ਅਤੇ ਧਨੀ ਕਿਸਾਨਾਂ ਦੀਆਂ ਮੰਗਾਂ ਦਾ ਝੰਡਾ ਚੁੱਕਿਆ ਹੋਵੇ। ਇਸ ਪੱਖੋਂ ਪਰਖ ਕਸਵੱਟੀ ਦੇ ਕੁਝ ਅਹਿਮ ਨੁਕਤੇ ਬਣਦੇ ਹਨ। ਨਿੱਜੀ ਸੂਦਖੋਰਾਂ ਦੀ ਲੁੱਟ ਬਾਰੇ ਰਵੱਈਆ ਅਹਿਮ ਨੁਕਤਾ ਬਣਦਾ ਹੈ। ਇੱਕ ਹੋਰ ਅਹਿਮ ਨੁਕਤਾ ਇਹ ਬਣਦਾ ਹੈ ਕਿ ਕੋਈ ਜਥੇਬੰਦੀ ਖੇਤੀ ਜਿਣਸਾਂ ਦੇ ਭਾਅ ਕੀਮਤ ਸੂਚਕ ਅੰਕ ਨਾਲ ਜੋੜਨ ਦੀ ਮੰਗ 'ਤੇ ਖੜ੍ਹੀ ਹੈ ਜਾਂ ਖੇਤੀ ਖਪਤਾਂ ਸਸਤੀਆਂ ਕਰਨ ਦੀ ਮੰਗ ਨੂੰ ਮੂਹਰੇ ਲਿਆ ਰਹੀ ਹੈ। ਨਵੀਆਂ ਆਰਥਿਕ ਨੀਤੀਆਂ ਦੇ ਹੱਲੇ, ਵਿਸ਼ੇਸ਼ ਕਰਕੇ ਕਾਰਪੋਰੇਟ ਹਿੱਤਾਂ ਦੇ ਹਮਲੇ ਖਿਲਾਫ ਸੰਘਰਸ਼ ਬਾਰੇ ਰਵੱਈਆ ਇੱਕ ਹੋਰ ਨੁਕਤਾ ਬਣਦਾ ਹੈ। ਕਿਸਾਨੀ ਦੀਆਂ ਹੇਠਲੀਆਂ ਪਰਤਾਂ ਨਾਲ ਸਬੰਧਤ ਵਿਸ਼ੇਸ਼ ਮੰਗਾਂ 'ਤੇ ਜ਼ੋਰ ਦੇਣ ਦਾ ਪੱਖ ਵੀ ਇਸ ਪਰਖ ਕਸਵੱਟੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਲੈਂਡ ਸੀਲਿੰਗ ਪ੍ਰਤੀ ਰੁਖ-ਰਵੱਈਆ ਵੀ ਇੱਕ ਸੰਕੇਤ ਬਣਦਾ ਹੈ। ਕਿਸੇ ਕਿਸਾਨ ਜਥੇਬੰਦੀ ਦੇ ਖਾਸੇ ਨੂੰ ਅੰਗਣ ਸਮੇਂ ਇਹਨਾਂ ਪੱਖਾਂ ਨੂੰ ਲਾਂਭੇ ਨਹੀਂ ਰੱਖਿਆ ਜਾ ਸਕਦਾ। ਕਿਸਾਨੀ ਦੀਆਂ ਮਜ਼ਲੂਮ ਪਰਤਾਂ ਅੰਦਰ ਖੇਤ ਮਜ਼ਦੂਰਾਂ ਦੀ ਅਹਿਮੀਅਤ ਬਾਰੇ ਪੇਤਲਾ ਅਹਿਸਾਸ ਇਸ ਅਹਿਸਾਸ ਨੂੰ ਤੇਜ ਕਰਨ ਦੀ ਜ਼ਰੂਰਤ ਤਾਂ ਉਭਾਰਦਾ ਹੈ ਪਰ ਇਹਨਾਂ ਪਰਤਾਂ ਦੇ ਜਮਾਤੀ ਖਾਸੇ ਬਾਰੇ ਹੀ ਕੋਈ ਹੋਰ ਨਤੀਜਾ ਕੱਢ ਲੈਣ ਦਾ ਆਧਾਰ ਨਹੀਂ ਬਣਦਾ। ਟਿੱਪਣੀਕਾਰ ਇਸ ਅਹਿਸਾਸ ਤੋਂ ਵੀ ਖਾਲੀ ਜਾਪਦਾ ਹੈ ਕਿ ਪੇਂਡੂ ਜਮਾਤਾਂ ਅੰਦਰ ਇਨਕਲਾਬੀ ਚੇਤਨਾ ਦਾ ਸੰਚਾਰ ਕਰਨ ਵਿੱਚ ਮੋਹਰੀ ਰੋਲ ਖੇਤ ਮਜ਼ਦੂਰਾਂ ਨੇ ਅਦਾ ਕਰਨਾ ਹੈ। ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਬੁਨਿਆਦੀ ਸਾਂਝ ਨੂੰ ਉਜਾਗਰ ਕਰਨ ਵਿੱਚ ਵੀ ਮੋਹਰੀ ਰੋਲ ਖੇਤ ਮਜ਼ਦੂਰਾਂ ਨੇ ਅਦਾ ਕਰਨਾ ਹੈ। ਮਾਲਕ ਕਿਸਾਨੀ ਦੀ ਕੋਈ ਕਿਸਾਨ ਜਥੇਬੰਦੀ ਆਪਣੀ ਵਿਕਸਤ ਚੇਤਨਾ ਦੇ ਸਿਰ 'ਤੇ ਇਸ ਕਾਰਜ ਵਿੱਚ ਹਿੱਸਾ ਪਾ ਸਕਦੀ ਹੈ। ਪਰ ਜੇ ਮੱਧਮ ਚੇਤਨਾ ਦੀ ਵਜਾਹ ਕਰਕੇ ਅਜਿਹੇ ਰੋਲ ਤੋਂ ਊਣੀ ਨਿਬੜਦੀ ਹੈ ਤਾਂ ਇਹ ਗੱਲ ਉਸ ਨੂੰ ਜਾਗੀਰਦਾਰਾਂ ਦੀ ਜਥੇਬੰਦੀ ਗਰਦਾਨਣ ਦਾ ਆਧਾਰ ਨਹੀਂ ਬਣਦੀ। ''ਬੀ.ਕੇ.ਯੂ. ਵਰਤਾਰੇ'' ਬਾਰੇ ''ਸਾਡਾ ਰਾਹ'' ਦੇ ਟਿੱਪਣੀਕਾਰ ਦਾ ਵਿਸ਼ਲੇਸ਼ਣ ਹਕੀਕਤ ਨਾਲੋਂ ਕਿੰਨਾ ਦੂਰ ਹੈ, ਇਸ ਨਾਲੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸਦੇ ਵਿਸ਼ਲੇਸ਼ਣ ਦਾ ਸੂਝ-ਚੌਖਟਾ ਬੁਰੀ ਤਰ੍ਹਾਂ ਕਮਜ਼ੋਰ ਹੈ। ਇਸ ਕਮਜ਼ੋਰੀ ਵਿੱਚ ਇਸ ਗੱਲ ਦਾ ਵੀ ਹੱਥ ਜਾਪਦਾ ਹੈ ਕਿ ਨਿਰਣਾ ਤਾਂ ਟਿੱਪਣੀਕਾਰ ਨੇ ਬਗੈਰ ਕਿਸੇ ਵਿਸ਼ਲੇਸ਼ਣ ਦੇ ਹੀ ਕੀਤਾ ਹੋਇਆ ਹੈ। ਬਾਕੀ ਸਾਰੀ ਮਸ਼ਕ ਤਾਂ ਇਹ ਦਰਸਾਉਣ ਲਈ ਕੀਤੀ ਜਾਪਦੀ ਹੈ ਕਿ ਵੇਖੋ ਕਿੱਡੇ ਗੰਭੀਰ ਵਿਸ਼ਲੇਸ਼ਣ ਦੇ ਅਧਾਰ 'ਤੇ ਨਿਰਣਾ ਕੀਤਾ ਗਿਆ ਹੈ। ਪਰ ਕੰਗਾਲੀ ਆਰਥਿਕ ਹੋਵੇ, ਸਿਆਸੀ ਜਾਂ ਬੌਧਿਕ ਪ੍ਰਗਟ ਹੋਏ ਬਿਨਾ ਨਹੀਂ ਰਹਿੰਦੀ।
ਛਪਦੇ ਛਪਦੇ: ''ਸਾਡਾ ਰਾਹ'' ਵਾਲੇ ਸਾਥੀ ਦਸੰਬਰ ਅੰਕ ਵਿੱਚ ਹੋਰ ਅੱਗੇ ਚਲੇ ਗਏ ਹਨ। ਕਿਸਾਨ ਖੇਤ ਮਜ਼ਦੂਰ ਸੰਘਰਸ਼ ਤਿੱਖੇ ਮੋੜ 'ਤੇ ਪਹੁੰਚ ਗਿਆ ਹੈ ਅਤੇ ''ਸਾਡਾ ਰਾਹ'' ਨੇ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਪਲੇਟਫਾਰਮ 'ਚ ਆਪਸੀ ਭੇੜ ਭੜਕਾਉਣ ਦੀ ਕੋਸ਼ਿਸ਼ ਹੋਰ ਤੇਜ ਕਰ ਦਿੱਤੀ ਹੈ। ਇਸਨੇ ਬੀ.ਕੇ.ਯੂ. ਉਗਰਾਹਾਂ ਨੂੰ ''ਅਕਾਲੀ ਦਲ ਦਾ ਪੰਜਵਾਂ ਟਾਇਰ'' ਕਰਾਰ ਦੇ ਦਿੱਤਾ ਹੈ। ਇਹ ਇੱਕ ਤਰ੍ਹਾਂ, 17 ਜਥੇਬੰਦੀਆਂ ਦੇ ਪਲੇਟਫਾਰਮ ਨੂੰ ਤੋੜ ਦੇਣ ਦਾ ਸੱਦਾ ਹੈ। ਕੌਣ ਹੈ, ਜੋ ''ਸਾਡਾ ਰਾਹ'' ਨੂੰ ਸੁਮੱਤ ਬਖਸ਼ੇ!
No comments:
Post a Comment