ਚੰਨੋ:
ਪੈਪਸੀਕੋ ਮੈਨੇਜਮੈਂਟ ਝੁਕਾਈ,ਜਮਹੂਰੀ ਹੱਕਾਂ ਲਈ ਮਜ਼ਦੂਰ ਘੋਲ ਦੀ ਜਿੱਤ
—ਹਰਜਿੰਦਰ ਸਿੰਘ
ਸੰਗਰੂਰ-ਪਟਿਆਲਾ ਰੋਡ 'ਤੇ ਪਿੰਡ ਚੰਨੋ ਵਿਖੇ ਪੈਪਸੀਕੋ ਇੰਡੀਆ ਹੋਲਡਿੰਗ ਵਿੱਚ ਰੱਤ-ਨਿਚੋੜੂ ਠੇਕੇਦਾਰੀ ਪ੍ਰਥਾ ਦੇ ਸਤਾਏ ਕੈਜ਼ੂਅਲ ਵਰਕਰਾਂ ਨੇ ਇੱਕ ਵਾਰ ਫੇਰ ਆਪਣੇ ਏਕੇ ਅਤੇ ਘੋਲ ਦੇ ਬਲ 'ਤੇ 10 ਰੋਜ਼ਾ ਸਫਲ ਹੜਤਾਲ ਕਰਕੇ ਪ੍ਰਬੰਧਕਾਂ ਦੀਆਂ ਮਜ਼ਦੂਰ ਦੋਖੀ ਸਾਜਿਸ਼ਾਂ ਨੂੰ ਨਾਕਾਮ ਕਰਕੇ ਜਿਥੇ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਕੀਤੀ ਹੈ, ਉਥੇ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਵੀ ਬਹਾਲ ਕਰਵਾਇਆ ਹੈ।
ਪਹਿਲਾਂ ਵੀ ਇਸੇ ਸਾਲ ਦੇ ਜਨਵਰੀ ਮਹੀਨੇ ਫੈਕਟਰੀ ਦੇ ਸਮੂਹ ਕੈਜੂਅਲ ਵਰਕਰਾਂ ਨੇ 4 ਦਿਨ ਹੜਤਾਲ ਕਰਕੇ ਕੁਝ ਫੌਰੀ ਭਖਵੀਆਂ ਤੇ ਰੜਕਵੀਆਂ ਮੰਗਾਂ ਮੰਨਵਾ ਲਈਆਂ ਸਨ। ਕੁਝ ਅਜੇ ਰਹਿੰਦੀਆਂ ਸਨ। ਜਿਵੇਂ ਕੱਚੇ ਕੈਜੂਅਲ ਵਰਕਰਾਂ ਨੂੰ ਪੱਕੇ ਕਰਨ, ਸਰਵਿਸ ਵਿੱਚ ਗੈਰ-ਕਾਨੂੰਨੀ ਬਰੇਕ ਸਿਸਟਮ ਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਰੈਗੂਲਰ ਮਜ਼ਦੂਰਾਂ ਵਾਲੀਆਂ ਤੇ ਲੇਬਰ ਕਾਨੂੰਨਾਂ ਦੀਆਂ ਸਾਰੀਆਂ ਸਹੂਲਤਾਂ ਲਾਗੂ ਕਰਨ ਦੀਆਂ ਮੰਗਾਂ ਸਨ। ਇਸੇ ਤਰ੍ਹਾਂ ਕਾਮਿਆਂ ਦੇ ਕੱਟੇ ਗਏ ਪ੍ਰਾਵੀਡੈਂਟ ਫੰਡ ਦਾ ਹਿਸਾਬ, ਖਾਤਾ ਨੰ. ਕੱਟੇ ਪ੍ਰਾਵੀਡੈਂਟ ਦੀ ਰਸੀਦ ਪ੍ਰਤੀ ਮਹੀਨਾ ਦੇਣ ਅਤੇ ਕੰਪਨੀ ਦਾ ਪਹਿਚਾਣ ਪੱਤਰ ਵਰਗੀਆਂ ਮੰਗਾਂ ਸਨ, ਜਿਸ ਸਦਕਾ ਮੈਨੇਜਮੈਂਟ ਤੇ ਠੇਕੇਦਾਰਾਂ ਖਿਲਾਫ ਮਜ਼ਦੂਰਾਂ ਦੀ ਔਖ ਵਧ ਰਹੀ ਸੀ। ਪਿਛਲੇ ਸਮੇਂ ਤੋਂ ਰੈਗੂਲਰ ਤੇ ਕੈਜੂਆਲ ਵਰਕਰਾਂ ਵਿੱਚ ਬੇਹਤਰ ਤਾਲਮੇਲ ਤੇ ਸਾਂਝੇ ਹਿੱਤਾਂ ਦੀ ਸੋਝੀ ਦਾ ਹੋ ਰਿਹਾ ਪਸਾਰਾ ਮੈਨੇਜਮੈਂਟ ਅਤੇ ਠੇਕੇਦਾਰਾਂ ਨੂੰ ਰੜਕ ਰਿਹਾ ਸੀ। ਮਜ਼ਦੂਰਾਂ ਦੇ ਬੱਝ ਰਹੇ ਏਕੇ ਨੂੰ ਸੱਟ ਮਾਰਨ ਦੀ ਵਿਉਂਤ ਅਨੁਸਾਰ ਉਹਨਾਂ ਨੇ ਇੱਕ ਨਵਾਂ ਠੇਕੇਦਾਰ ਲਿਆ ਥੋਪਿਆ ਜੋ ਪਹਿਲਾਂ ਹੀ ਮਜ਼ੂਦਰਾਂ ਦੀ ਨਫਰਤ ਦਾ ਪਾਤਰ ਸੀ। ਮਜ਼ਦੂਰਾਂ ਦਾ ਗੁੱਸਾ ਭੜਕ ਪਿਆ। ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ 2 ਨਵੰਬਰ ਤੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਪ੍ਰਬੰਧਕਾਂ ਨੇ ਮੋੜਵਾਂ ਹਮਲਾ ਕਰਕੇ ਦੂਸਰੇ ਹੀ ਦਿਨ 9 ਮੋਹਰੀ ਕੈਜੂਅਲ ਵਰਕਰਾਂ ਦੀ ਛਾਂਟੀ ਕਰਨ, ਹੜਤਾਲੀ ਸਮੂਹ ਕੈਜੂਅਲ ਵਰਕਰਾਂ ਦੀ 8 ਦਿਨ ਦੀ ਤਨਖਾਹ ਕੱਟਣ, ਅਤੇ ਇੱਕ ਸ਼ਰਤਨਾਮੇ 'ਤੇ ਦਸਤਖਤ ਕਰਵਾ ਕੇ ਕੰਮ 'ਤੇ ਲੈਣ ਦੇ ਹੁਕਮ ਜਾਰੀ ਕਰ ਦਿੱਤੇ। ਰੈਗੂਲਰ ਕਾਮਿਆਂ ਦੀ ਜਥੇਬੰਦੀ ਦੇ ਕੁੱਝ ਆਗੂਆਂ ਨੂੰ ਵੀ ਨੌਕਰੀ ਤੋਂ ਕੱਢ ਦੇਣ ਦੇ ਸੰਕੇਤ ਛੱਡ ਕੇ ਫੈਕਟਰੀ ਅੰਦਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।
ਕਿਰਤੀਆਂ ਨੇ ਮੈਨੇਜਮੈਂਟ ਦੀਆਂ ਗਿੱਦੜ-ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਵੱਡੀ ਰੈਲੀ ਕਰਕੇ ਸੰਗਰਸ਼ ਜਾਰੀ ਰੱਖਣ ਦਾ ਫੈਸਲਾ ਕਰ ਲਿਆ। ਐਡਹਾਕ ਕਮੇਟੀ ਚੁਣੀ ਗਈ। ਸਹਾਇਕ ਲੇਬਰ ਕਮਿਸ਼ਨਰ ਸੰਗਰੂਰ ਅਤੇ ਈ.ਪੀ.ਐਫ. ਕਮਿਸ਼ਨਰ ਬਠਿੰਡਾ ਤੇ ਚੰਡੀਗੜ੍ਹ ਵਿਖੇ ਸ਼ਿਕਾਇਤ-ਪੱਤਰ ਭੇਜ ਦਿੱਤੇ। ਮੈਨੇਜਮੈਂਟ ਵੱਲੋਂ ਕਿਰਤੀਆਂ ਦੇ ਰੁਜ਼ਗਾਰ, ਸਹੂਲਤਾਂ ਤੇ ਹੱਕਾਂ 'ਤੇ ਬੋਲੇ ਜਾ ਰਹੇ ਧਾਵੇ ਖਿਲਾਫ ਅਤੇ ਆਪਣੀਆਂ ਹੱਕੀ ਮੰਗਾਂ ਦੀ ਹਮਾਇਤ ਲਈ ਵੱਡੀਆਂ ਮਜ਼ਦੂਰਾਂ ਟੀਮਾਂ ਇਲਾਕੇ ਦੇ ਪਿੰਡਾਂ ਵਿੱਚ ਕਾਫਲਾ ਮਾਰਚ ਰਾਹੀਂ ਲਗਾਤਾਰ ਪ੍ਰਚਾਰ ਕਰਨ ਲੱਗੀਆਂ। ਸਿੱਟੇ ਵਜੋਂ ਪਿੰਡਾਂ ਦੇ ਲੋਕ ਵਰਕਰਾਂ ਦੀ ਹਮਾਇਤ 'ਤੇ ਆਉਣ ਲੱਗੇ। ਪਿੰਡਾਂ 'ਚੋਂ ਨਵੀਂ ਭਰਤੀ ਅਤੇ ਦਿਹਾੜੀ 'ਤੇ ਨੌਜਵਾਨਾਂ ਨੂੰ ਕੰਮ 'ਤੇ ਲਿਜਾਣ ਲਈ ਭੇਜੀਆਂ ਕੰਪਨੀ ਦੀਆਂ ਗੱਡੀਆਂ ਖਾਲੀ ਮੁੜਨ ਲੱਗੀਆਂ। ਕੰਪਨੀ ਵਿੱਚ ਉਤਪਾਦਨ 40 ਫੀਸਦੀ ਘਟ ਗਿਆ। ਅੰਦਰ ਕੰਮ ਦਾ ਬੁਰਾ ਹਾਲ ਹੋ ਗਿਆ। ਅੰਤ ਵਰਕਰਾਂ ਦੇ ਏਕੇ ਅਤੇ ਸੰਘਰਸ਼ ਸਦਕਾ ਹੀ ਪ੍ਰਬੰਧਕਾਂ ਨੂੰ 7 ਨਵੰਬਰ ਨੂੰ ਤਨਖਾਹ ਦੇਣੀ ਪੈ ਗਈ ਤੇ ਯੂਨੀਅਨ ਪ੍ਰਤੀਨਿਧਾਂ ਦੀ 5 ਮੈਂਬਰੀ ਕਮੇਟੀ ਨਾਲ ਸਹਾਇਕ ਲੇਬਰ ਕਮਿਸ਼ਨਰ ਦੀ ਮੌਜੂਦਗੀ ਵਿੱਚ ਸ਼ਿਕਾਇਤ ਦੇ ਨਿਪਟਾਰੇ ਲਈ ਮੀਟਿੰਗ ਕਰਨੀ ਪੈ ਗਈ। ਢਾਈ ਘੰਟੇ ਮੈਨੇਜਮੈਂਟ ਨਾਲ ਗੱਲਬਾਤ ਚੱਲਦੀ ਰਹੀ, ਪ੍ਰਬੰਧਕ, ਕਿਰਤੀਆਂ ਦੀ ਪੁਰਾਣੀ ਸਰਵਿਸ, ਸਹੂਲਤਾਂ ਦੀ ਲਗਾਤਾਰਤਾ, ਪੀ.ਐਫ. ਨਾਲ ਸਬੰਧਤ ਮੰਗਾਂ ਤਾਂ ਮੰਨਦੇ ਸਨ, ਪ੍ਰੰਤੂ ਚੋਣਵੇਂ ਆਗੂਆਂ ਤੇ ਵਰਕਰਾਂ ਨੂੰ ਤੁਰੰਤ ਕੰਮ 'ਤੇ ਲੈਣ ਤੋਂ ਟਾਲਾ ਵੱਟ ਰਹੇ ਸਨ। ਜਦ ਵਰਕਰਾਂ ਨੇ ਬਿਨਾ ਸ਼ਰਤ ਸਭਨਾਂ ਕਿਰਤੀਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਸੁਣਾ ਦਿੱਤਾ ਤਾਂ ਆਖਰ ਮੈਨੇਜਮੈਂਟ ਨੂੰ ਕੌੜਾ ਅੱਕ ਚੱਬਣਾ ਪੈ ਗਿਆ। ਜਦੋਂ 11 ਨਵੰਬਰ ਨੂੰ ਸਾਰੇ ਕਿਰਤੀ ਬਿਨਾ ਸ਼ਰਤ ਕੰਮ 'ਤੇ ਬਹਾਲ ਹੋਏ।
No comments:
Post a Comment