ਭੈਣੀਬਾਘਾ :
ਗੋਬਿੰਦਪੁਰਾ ਜਬਰ ਖਿਲਾਫ ਜਨਤਕ ਕਨਵੈਨਸ਼ਨ
ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ) ਵੱਲੋਂ ਨੇੜਲੇ ਪਿੰਡ ਭੈਣੀਬਾਘਾ ਵਿਖੇ ਜਬਰ ਵਿਰੋਧੀ ਸੂਬਾਈ ਕਨਵੈਨਸ਼ਨ 'ਚ ਜੁੜੇ ਪੰਜਾਬ ਭਰ ਦੇ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀਆਂ, ਜਮਹੂਰੀਅਤ ਪਸੰਦ ਤੇ ਸੰਘਰਸ਼ਸ਼ੀਲ ਲੋਕਾਂ ਨੇ ਗੋਬਿੰਦਪੁਰਾ ਦੇ ਲੜੇ ਤੇ ਜਿੱਤੇ ਘੋਲ 'ਚ ਲੋਕਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਵੱਲੋਂ ਦਿਖਾਏ ਸਿਦਕ ਨੂੰ ਸਲਾਮ ਕਰਦਿਆਂ ਇਸ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ) ਦੇ ਕਨਵੀਨਰ ਅਤੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਅਤੇ ਜ਼ਮੀਨੀ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫਰੰਟ ਦੇ ਸੂਬਾਈ ਆਗੂ ਨਾਟਕਕਾਰ ਪ੍ਰੋ.ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ 'ਚ ਹੋਈ ਇਸ ਸੂਬਾਈ ਕਨਵੈਨਸ਼ਨ 'ਚ ਵੱਡੀ ਗਿਣਤੀ 'ਚ ਜੁੜੀਆਂ ਔਰਤਾਂ ਅਤੇ ਸੰਘਰਸ਼ਸ਼ੀਲ ਕਿਰਤੀਆਂ ਨੇ ਦੇਸ਼ ਭਰ ਤੋਂ ਇਥੇ ਪੁੱਜੇ ਬੁੱਧੀਜੀਵੀਆਂ ਦੇ ਵਿਚਾਰ ਸੁਣਦਿਆਂ ਜ਼ੋਰਦਾਰ ਨਾਅਰਿਆਂ ਅਤੇ ਤਾੜੀਆਂ ਦੀ ਗੂੰਜ 'ਚ ਜਿੱਤੇ ਗੋਬਿੰਦਪੁਰਾ ਜ਼ਮੀਨ ਗ੍ਰਹਿਣ ਮਾਮਲੇ 'ਤੇ ਮਾਣ ਮਹਿਸੂਸ ਕੀਤਾ।
ਇਸ ਮੌਕੇ ਦਾਂਤੇਵਾੜਾ ਤੋਂ ਆਏ ਉਘੇ ਸਮਾਜ ਸੇਵੀ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਜੰਗਲ, ਜਲ, ਜ਼ਮੀਨ, ਪਾਣੀ, ਵਾਤਾਵਰਨ ਅਤੇ ਕੁਦਰਤੀ ਖਣਿਜਾਂ ਦੀ ਰਾਖੀ ਲਈ ਜੰਗਲਾਂ 'ਚ ਜਿਸ ਤਰ੍ਹਾਂ ਆਦਿਵਾਸੀ ਲੜ ਰਹੇ ਹਨ, ਉਸੇ ਤਰ੍ਹਾਂ ਬਹੁਕੌਮੀ ਕੰਪਨੀਆਂ ਦੇ ਹੱਲੇ ਖ਼ਿਲਾਫ਼ ਪੰਜਾਬ ਹਿਮਾਲਿਆ ਬਣ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਗੋਬਿੰਦਪੁਰਾ ਦੀ ਜਿੱਤ ਆਦਿਵਾਸੀਆਂ ਦੇ ਤਣੇ ਮੁੱਕੇ ਨਾਲ ਮਿਲਦੀ ਜੁਲਦੀ ਹੈ। ਆਦਿਵਾਸੀਆਂ 'ਚ ਹਰਮਨ ਪਿਆਰੇ ਸਮਾਜ ਸੇਵੀ ਕੋਪਾ ਕੁੰਜ਼ਮ ਨੇ ਕਿਹਾ ਕਿ ਜੋ ਜੁਲਮ ਬਸਤਰ ਅਤੇ ਜੰਗਲਾਂ 'ਚ ਹੋ ਰਹੇ ਹਨ, ਉਹੀ ਜ਼ੁਲਮ ਪੰਜਾਬ 'ਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਿਲ ਕੇ ਟਾਕਰਾ ਕਰਨ ਦੀ ਲੋੜ ਹੈ। ਜਮਹੂਰੀ ਫਰੰਟ ਦੇ ਸੂਬਾਈ ਆਗੂ ਐਨ.ਕੇ. ਜੀਤ ਨੇ ਕਿਹਾ ਕਿ ਪੰਜਾਬ ਭਰ 'ਚ ਜੂਝਦੇ ਨੌਜਵਾਨਾਂ ਤੇ ਕਾਮਿਆਂ ਨੂੰ ਘੋਲ ਜਿੱਤਣ ਲਈ ਏਕੇ ਅਤੇ ਸੰਘਰਸ਼ ਉਪਰ ਟੇਕ ਰੱਖਣੀ ਚਾਹੀਦੀ ਹੈ।
ਗੋਬਿੰਦਪੁਰਾ ਪਿੰਡ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਲੰਮੇ ਜ਼ਮੀਨੀ ਘੋਲ ਦੀ ਗਾਥਾ ਬਿਆਨ ਕਰਕੇ ਭਰੇ ਪੰਡਾਲ ਦੇ ਰੌਂਗਟੇ ਖੜ੍ਹੇ ਕਰਦੀ ਤਕਰੀਰ ਨਾਲ ਬਹੁ-ਕੌਮੀ ਕੰਪਨੀਆਂ, ਪੁਲੀਸ, ਸਰਕਾਰ ਦੇ ਗੱਠਜੋੜ ਦੀ ਪੋਲ ਖੋਲ੍ਹੀ। ਵਿਦਿਆਰਥਣ ਨੇ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਜੂਝਣ ਦੀ ਲੋੜ ਹੇ। ਜਮਹੂਰੀ ਫਰੰਟ ਦੇ ਕੋ-ਕਨਵੀਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ.ਪਰਮਿੰਦਰ ਸਿੰਘ ਨੇ ਕਿਹਾ ਕਿ ਗੋਬਿੰਦਪੁਰਾ ਹੋਵੇ ਭਾਵੇਂ ਲੁਧਿਆਣਾ ਦੇ ਸਨਅਤੀ ਕਾਮੇ ਇਨ੍ਹਾਂ ਨੂੰ ਨਿੱਤ ਸੰਗਤ ਦਰਸ਼ਨਾਂ 'ਚ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹੱਲਾ ਸਾਮਰਾਜੀਆਂ ਦੀਆਂ ਵਿਸ਼ਵੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਨਤੀਜਾ ਹੈ ਅਤੇ ਇਸ ਨੂੰ ਠੱਲ੍ਹਣ ਲਈ ਜਮਹੂਰੀ ਇਨਕਲਾਬੀ ਲਹਿਰ ਦੀ ਲੋੜ ਹੈ।
ਇਸ ਮੌਕੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੇ ਕਿਹਾ ਕਿ ਜਮਹੂਰੀ ਫਰੰਟ ਉਨ੍ਹਾਂ ਬੁੱਧੀਜੀਵੀਆਂ ਅਤੇ ਹੱਕੀ ਸੰਘਰਸ਼ ਕਰਦੇ ਲੋਕਾਂ ਦੀ ਆਵਾਜ਼ ਹੈ ਜਿਨ੍ਹਾਂ ਦੀ ਸਵੈਮਾਣ ਭਰੀ ਜ਼ਿੰਦਗੀ 'ਤੇ ਹੱਲਾ ਬੋਲਿਆ ਜਾ ਰਿਹਾ ਹੈ। ਇਸ ਮੌਕੇ ਜਗਸੀਰ ਜੀਦਾ ਦੀ ਲੋਕ ਸੰਗਤ ਮੰਡਲੀ ਦੀਆਂ ਬੋਲੀਆਂ ਨੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ 'ਤੇ ਖੂਬ ਟਕੋਰ ਕੀਤੀ। ਇਸ ਮੌਕੇ ਯਸ਼ਪਾਲ, ਬਾਰੂ ਸਤਵਰਗ, ਪ੍ਰਿਤਪਾਲ, ਅਤਰਜੀਤ, ਜਗਸੀਰ ਜੀਦਾ, ਯਸ਼ਪਾਲ, ਬਲਵੰਤ ਮਖੂ ਤੇ ਅਮੋਲਕ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਮੰਚ ਸੰਚਾਲਨ ਨਰਭਿੰਦਰ ਨੇ ਕੀਤਾ।
No comments:
Post a Comment