ਸ਼ਹੀਦ ਭਗਤ ਸਿੰਘ ਸ਼ਰਧਾਂਜਲੀ ਮੁਹਿੰਮ:
ਪੰਜਾਬ ਕਾਲੇ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ
ਬੀਤੇ ਸਤੰਬਰ ਮਹੀਨੇ 'ਚ ਪੰਜਾਬ ਅੰਦਰ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਨੌਜਵਾਨ ਭਾਰਤ ਸਭਾ ਦੇ ਸੱਦੇ ਤੇ ਚੱਲੀ ਮੁਹਿੰਮ ਦੌਰਾਨ ਭਰਵੀਂ ਗਿਣਤੀ ਨੌਜਵਾਨਾਂ ਵੱਲੋਂ ਲੋਕਾਂ ਤੱਕ ਸ਼ਹੀਦ ਦੇ ਇਨਕਲਾਬੀ ਵਿਚਾਰਾਂ ਦਾ ਸੰਦੇਸ਼ ਪਹੁੰਚਾਉਣ ਦੇ ਯਤਨ ਜੁਟਾਏ ਗਏ । ਸਤੰਬਰ ਦੇ ਮਗਰਲੇ ਅੱਧ ਦੌਰਾਨ ਤਾਂ ਨੌਜਵਾਨਾਂ ਦੀਆਂ ਟੋਲੀਆਂ ਵੱਖ ਵੱਖ ਸ਼ਕਲਾਂ ਰਾਹੀਂ ਸ਼ਹੀਦ ਦਾ ਜਨਮ ਦਿਹਾੜਾ ਮਨਾਉਣ ਲਈ ਲਗਾਤਾਰ ਸਰਗਰਮ ਰਹੀਆਂ। ਨਾਟਕ ਸਰਗਰਮੀਆਂ ਤੋਂ ਲੈ ਕੇ ਮਸ਼ਾਲ ਮਾਰਚਾਂ, ਮੀਟਿੰਗਾਂ, ਰੈਲੀਆਂ, ਦੀ ਲੜੀ ਚੱਲੀ। ਵੱਖ ਵੱਖ ਥਾਵਾਂ |ਤੇ ਸਮਾਗਮਾਂ ਦਾ ਹੋਕਾ ਦਿੰਦੇ ਪਰਚੇ, ਇਸ਼ਤਿਹਾਰ ਤੇ ਲਿਖਤਾਂ ਜਾਰੀ ਹੋਈਆਂ ਜਿਨਾਂ੍ਹ 'ਚ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਆਦਰਸ਼ਾਂ ਤੋਂ ਜਾਣੂੰ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਇਨਕਲਾਬੀ ਸਮਾਜਕ ਤਬਦੀਲੀ ਦੇ ਸੰਦੇਸ਼ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੁਹਿੰਮ ਦੌਰਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਕੌਮੀ ਮੁਕਤੀ ਲਹਿਰ 'ਚ ਨਿਭਾਏ ਸ਼ਾਨਾਮੱਤੇ ਰੋਲ ਦੀ ਚਰਚਾ ਕਰਦਿਆਂ ਨੌਜਵਾਨਾਂ ਸਿਰ ਅਜੋਕੇ ਸਮੇ 'ਚ ਆਇਦ ਹੁੰਦੀ ਵੱਡੀ ਜਿੰਮੇਵਾਰੀ ਅਦਾ ਕਰਨ ਦੀ ਲੋੜ ਵੀ ਉਭਾਰੀ ਗਈ। ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਇਨਕਲਾਬੀ ਚੇਤਨਾਂ ਦੇ ਰੰਗ 'ਚ ਰੰਗਣ ਦੀ ਸਮਰੱਥਾ ਵਾਲੀ ਨੌਜਵਾਨ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਮੁਹਿੰਮ ਦੌਰਾਨ ਵਿਸ਼ੇਸ਼ ਤੌਰ |ਤੇ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮੁੱਦਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਪ੍ਰਸੰਗ ਵਿੱਚ ਸੰਬੋਧਿਤ ਹੋਇਆ ਗਿਆ। ਪਹਿਲਾਂ ਹੀ ਜੁਲਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਮੁਹਿੰਮ ਦੌਰਾਨ ਕਾਲੇ ਕਾਨੂੰਨਾਂ ਖਿਲਾਫ ਆਵਾਜ ਬੁਲੰਦ ਕੀਤੀ ਗਈ ਸੀ ਤੇ ਫਿਰ ਅਗਸਤ ਮਹੀਨੇ 'ਚ ਭ੍ਰਿਸ਼ਟਾਚਾਰ ਦੇ ਮਸਲੇ 'ਤੇ ਵੀ ਮੁਹਿੰਮ ਚਲਾਈ ਗਈ ਸੀ।
ਭ੍ਰਿਸ਼ਟਾਚਾਰ ਦੇ ਬੁਨਿਆਦੀ ਕਾਰਨ ਟਿਕਦਿਆਂ , ਭ੍ਰਿਸ਼ਟਾਚਾਰ ਦੇ ਅਸਲ ਸਰੋਤਾਂ ਜਿਵੇਂ ਵੱਡੀਆਂ ਬਹੁ-ਕੌਮੀ ਕੰਪਨੀਆਂ, ਨਵੀਆਂ ਆਰਥਕ ਨੀਤੀਆਂ, ਭ੍ਰਿਸ਼ਟ ਸਿਆਸਤਦਾਨ ਤੇ ਭ੍ਰਿਸ਼ਟ ਵੋਟ ਪਾਰਟੀਆਂ ਵੱਲ ਸੰਗਰਸ਼ ਸੇਧਤ ਕਰਨ ਦੀ ਮਹੱਤਤਾ ਦਰਸਾਈ ਗਈ। ਸੰਘਰਸ਼ ਲਈ ਲੋਕਾਂ ਦੀ ਮਜਬੂਤ ਏਕਤਾ ਕਾਇਮ ਕਰਨ ਦਾ ਸੱਦਾ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਇਨਕਲਾਬੀ ਵਿਰਾਸਤ ਨੂੰ ਬੁਲੰਦ ਕੀਤਾ ਗਿਆ ਤੇ ਪੰਜਾਬ ਵਿਧਾਨ ਸਭਾ ਵੱਲੋਂ ਦੋ ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ ਗਿਆ।
ਮੁਹਿੰਮ ਦੌਰਾਨ ਬਠਿੰਡਾ ਜਿਲੇ ਦੇ ਪਿੰਡ ਘੁੱਦਾ 'ਚ ਇਲਾਕੇ ਪੱਧਰਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਸ ਪਾਸ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਵਾਲੀਆਂ ਮੀਟਿੰਗਾਂ ਹੋਈਆਂ। ਸਮਾਗਮ ਵਿੱਚ ਲਗਭਗ 1000 ਲੋਕਾਂ ਨੇ ਸ਼ਮੂਲੀਅਤ ਕੀਤੀ। ਸਿੰਘੇਵਾਲਾ ਪਿੰਡ 'ਚ ਮਸ਼ਾਲ ਮਾਰਚ ਕੀਤਾ ਗਿਆ।
ਮੋਗਾ ਇਲਾਕੇ ਦੇ ਨੌਜਵਾਨਾਂ ਦਾ ਕਾਫਲਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨਤਮਸਤਕ ਹੋ ਕੇ ਆਇਆ। ਪਹਿਲਾਂ ਤਿਆਰੀ ਦੌਰਾਨ ਇਲਾਕੇ ਦੇ ਪਿੰਡਾਂ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਹੋਈਆਂ। ਕਾਫਲੇ 'ਚ 150 ਦੇ ਲਗਭਗ ਨੌਜਵਾਨ ਸ਼ਾਮਲ ਹੋਏ । ਇਸ ਦੌਰਾਨ ਇੱਕ ਹੱਥ ਪਰਚਾ ਵੀ ਨੌਜਵਾਨਾਂ ਵਿੱਚ ਵੰਡਿਆ ਗਿਆ।
ਇਸ ਤੋਂ ਬਿਨਾਂ ਬਠਿੰਡੇ ਜਿਲੇ ਦੇ ਪਿੰਡ ਮੌੜ ਚੜ੍ਹਤ ਸਿੰਘ ਵਾਲਾ , ਸਿਵੀਆਂ ਤੇ ਚੁੱਘੇ ਕਲਾਂ ਵਿੱਚ ਵੀ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤੇ ਗਏ ਜਿੰਨਾਂ ਵਿੱਚ ਭਰਵੀਂ ਗਿਣਤੀ ਨੌਜਵਾਨਾਂ ਦੀ ਸ਼ਮੂਲੀਅਤ ਹੋਈ। ਛਾਜਲੀ ਵਿੱਚ ਵੀ ਮਸ਼ਾਲ ਮਾਰਚ ਹੋਇਆ। ਖੰਨਾ ਖੇਤਰ ਦੇ ਪਿੰਡ ਸ਼ੀਹਾਂ-ਦਾਊਦ 'ਚ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਸੈਂਕੜੇ ਲੋਕਾਂ ਦੀ ਇਕੱਤਰਤਾ ਹੋਈ।
No comments:
Post a Comment