ਮਨਪ੍ਰੀਤ ਦਾ ਸਾਂਝਾ ਮੋਰਚਾ:
''ਤੀਜਾ ਬਦਲ'' ਪਰ ਕੀਹਦੇ ਲਈ?
-ਡਾ. ਜਗਮੋਹਨ ਸਿੰਘ
ਪਿਛਲੇ ਦਿਨੀ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਪੀਪਲਜ਼ ਪਾਰਟੀ, ਸੀ.ਪੀ. ਆਈ., ਸੀ.ਪੀ. ਐਮ ਅਤੇ ਅਕਾਲੀ ਦਲ(ਲੋਂਗੋਵਾਲ) -ਚਾਰ ਪਾਰਟੀਆਂ ਦੇ ਸਾਂਝੇ ਮੋਰਚੇ ਦਾ ਗਠਨ ਹੋਇਆ ਹੈ। ਸਾਂਝੇ ਮੋਰਚੇ ਦੇ ਲੀਡਰਾਂ ਵੱਲੋਂ ਇਸ ਨੂੰ ਪੰਜਾਬ ਦੇ ਸਿਆਸੀ ਮੰਚ 'ਤੇ ਤੀਜੇ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 6 ਨਵੰਬਰ ਨੂੰ ਢੁੱਡੀ ਕੇ ਵਿਖੇ ਸੂਬਾ ਪੱਧਰ ਦਾ ਇਕ ਵੱਡਾ ਇਕੱਠ ਕਰਕੇ ਚੋਣ ਸੰਘਰਸ਼ 'ਚ ਕੁੱਦਣ ਦਾ ਐਲਾਨ ਕੀਤਾ ਗਿਆ ਹੈ। ਢੁੱਡੀਕੇ ਰੈਲੀ ਨੂੰ ''ਪੰਜਾਬ ਦੀ ਰਾਜਨੀਤੀ ਦੀ ਨਵੀਂ ਅੰਗੜਾਈ,'' ''ਰੈਲੀ ਰਾਹੀਂ ਇਤਿਹਾਸ ਸਿਰਜੇ ਜਾਣ'', ''ਲੋਕ ਪੱਖੀ ਸਰਕਾਰ ਦਾ ਨੀਂਹ ਪੱਥਰ'' ਰੱਖੇ ਜਾਣ ਵਰਗੇ ਲਕਬਾਂ ਰਾਹੀਂ ਉਚਿਆਇਆ ਜਾ ਰਿਹਾ ਹੈ। ਰੈਲੀ ਦੌਰਾਨ ਸਾਂਝੇ ਮੋਰਚੇ ਦਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਜੀਰੀ ਕਰਕੇ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਭਾਵੇਂ ਸਾਂਝੇ ਮੋਰਚੇ ਦੇ ਲੀਡਰਾਂ ਵੱਲੋਂ ਬੜੇ ਉੱਚ ਪਾਏ ਦੇ ਐਲਾਨਾਂ ਅਤੇ ਨਾਹਰਿਆਂ ਰਾਹੀਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਿਵੇਂ ਪੰਜਾਬ ਅੰਦਰ ਆ ਰਹੀਆਂ ਚੋਣਾਂ ਦੌਰਾਨ ਕੋਈ ਨਿਵੇਕਲਾ ਵਰਤਾਰਾ ਵਰਤਣ ਜਾ ਰਿਹਾ ਹੋਵੇ, ਕੋਈ ਹੇਠਲੀ ਉੱਤੇ ਹੋਣ ਜਾ ਰਹੀ ਹੋਵੇ। ਪਰ ਅਸਲੀਅਤ ਇਹ ਹੈ ਕਿ ਵੱਖ ਵੱਖ ਸਿਆਸੀ ਧਿਰਾਂ ਦੀਆਂ ਆਪੋ ਆਪਣੀਆਂ ਲੋੜਾਂ ਗਰਜਾਂ 'ਚੋਂ ਇਹ ਸਾਂਝਾ ਮੋਰਚਾ ਹੋਂਦ ਵਿੱਚ ਆਇਆ ਹੈ। ਲੇੜਾਂ ਗਰਜਾਂ ਆਪਣੇ ਆਪ ਨੂੰ ਪੈਰਾਂ ਸਿਰ ਕਰਨ ਦੀਆਂ ਅਤੇ ਅਸੈਂਬਲੀ ਤੱਕ ਪਹੁੰਚਣ ਦੀਆਂ। ਸੀ.ਪੀ.ਆਈ, ਸੀ.ਪੀ.ਐਮ ਨੂੰ ਤਾਂ ਇਸ ਮੋਰਚੇ ਰਾਹੀਂ ਜੋ ਵੀ ਪ੍ਰਾਪਤ ਹੋਇਆ ਲਾਹੇ ਦਾ ਹੋਵੇਗਾ, ਪਰ ਮਨਪ੍ਰੀਤ ਦੀ ਸਥਿੱਤੀ ਇਸ ਤੋਂ ਵੱਖਰੀ ਹੈ। ਉਸ ਦੀ ਲੜਾਈ ਵੱਡੀ ਅਤੇ ਨਿਸ਼ਾਨੇ ਉੱਚੇ ਹਨ। ਇਸ ਲਈ ਬਹੁ ਜਨ ਸਮਾਜ ਪਾਰਟੀ ਨੂੰ ਵੀ ਇਸ ਸਾਂਝੇ ਮੋਰਚੇ 'ਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹ ਬਾਦਲ ਆਕਾਲੀ ਦਲ ਨਾਲ ਨਰਾਜ ਵੱਖ ਵੱਖ ਹਿੱਸਿਆਂ ਤੱਕ ਵੀ ਪਹੁੰਚ ਕਰ ਰਿਹਾ ਹੈ। ਪਿਛਲੇ ਦਿਨੀ ਬਾਦਲ ਆਕਾਲੀ ਦਲ ਨਾਲ ਰਲੇਵੇਂ ਤੋਂ ਦੁਖੀ ਲੋਕ ਭਲਾਈ ਪਾਰਟੀ ਦੇ ਕਾਡਰ ਦਾ ਇੱਕ ਹਿੱਸਾ ਵੀ ਉਸ ਦੇ ਨਿਸ਼ਾਨੇ ਤੇ ਹੈ। ਇਥੋਂ ਤੱਕ ਕਿ ਉਹ ਸਿਰਸੇ ਵਾਲੇ ਡੇਰੇ ਤੋਂ ਹਮਾਇਤ ਲੈਣ ਜਾਣ ਤੱਕ ਵੀ ਗਿਆ ਹੈ। ਸੋ ਇਸ ਸਾਂਝੇ ਮੋਰਚੇ ਦੀ ਬੁੱਕਲ ਬੜੀ ਖੁੱਲ੍ਹੀ ਡੁੱਲੀ ਹੈ। ਇਸ ਵਿੱਚ ਆਪਣੇ ਆਪ ਨੂੰ ਕਮਿਊਨਿਸਟ ਅਖਵਾਉਂਦੀਆਂ ਪਾਰਟੀਆਂ ਤੋਂ ਲੈ ਕੇ ਫਿਰਕੂ ਅਤੇ ਧਾਰਮਕ ਰੰਗ ਵਿੱਚ ਰੰਗੀਆਂ ਪਾਰਟੀਆਂ ਤੱਕ ਦੇ ਸ਼ਾਮਲ ਹੋ ਸਕਣ ਦੀਆਂ ਗੁਜਾਇਸ਼ਾਂ ਮੌਜੂਦ ਹਨ। ਜੇ ਸਾਂਝੇ ਮੋਰਚੇ ਦੇ ਨੇਤਾ ਇਸੇ ਨੂੰ ''ਇਤਿਹਾਸ ਸਿਰਜਿਆ ਜਾ ਰਿਹਾ ਹੈ'' ਕਹਿੰਦੇ ਹਨ, ਤਾਂ ਇਹ ਇਤਿਹਾਸ ਤਾਂ ਭਾਰਤ ਦੇ ਹਰ ਸੂਬੇ 'ਚ ਹਰੇਕ ਪਾਰਲੀਮਾਨੀ ਚੋਣ ਦੌਰਾਨ ਸਿਰਜਿਆ ਜਾਂਦਾ ਹੈ।
ਮਨਪ੍ਰੀਤ ਆਪਣੇ ਭਾਸ਼ਣਾਂ 'ਤੇ ਲੋਕ ਪੱਖੀ ਮੁਲੰਮਾ ਚਾੜ੍ਹ ਕੇ ਟੁੰਬਵੇਂ ਲਫਜਾਂ ਰਾਹੀਂ ਲੋਕਾਂ ਦੇ ਵੱਖ ਵੱਖ ਹਿੱਸਿਆਂ ਨੂੰ ਸੰਬੋਧਤ ਹੁੰਦਾ ਹੈ। ਉਹ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਤੋਂ ਨਿਜਾਤ ਦੀਆਂ ਗੱਲਾਂ ਕਰਦਾ ਹੈ। ਉਹ ''ਭ੍ਰਿਸ਼ਟਾਚਾਰ-ਮੁਕਤ ਸਮਾਜ'' ਸਿਰਜਣ ਦੇ ਐਲਾਨ ਕਰਦਾ ਹੈ। ਅਕਾਲੀ ਦਲ ਵਿੱਚੋਂ ਬਾਹਰ ਆਉਣ ਵੇਲੇ ਤੋਂ ਹੀ ਉਸ ਨੇ ''ਰਾਜ ਨਹੀਂ ਨਿਜ਼ਾਮ ਬਦਲੋ'' ਦੀ ਰਟ ਲਾਈ ਹੋਈ ਹੈ, ਪਰ ਢੁੱਡੀ ਕੇ ਰੈਲੀ ਨੂੰ ''ਇੱਜਤ ਬਚਾਓ ਰੈਲੀ'' ਦਾ ਨਾਂ ਦਿੱਤਾ ਗਿਆ ਹੈ। ਉਸ ਨੂੰ ਭਲੀ ਭਾਂਤ ਪਤਾ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਅਤੇ ਉਸ ਦੇ ਸੁਪਨਿਆਂ ਨਾਲ ਉਸ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ, ਪਰ ਫਿਰ ਵੀ ਨੌਜਵਾਨਾਂ ਦੇ ਜਜਬਾਤਾਂ ਨੂੰ ਟੁੰਬਣ ਲਈ ਉਹ ਸ਼ਹੀਦ ਭਗਤ ਸਿੰਘ ਦੀ ਵਿਰਾਸਤ 'ਤੇ ਪਹਿਰਾ ਦੇਣ ਦੇ ਗਰਜਵੇਂ ਐਲਾਨ ਕਰਨ ਤੱਕ ਜਾਂਦਾ ਹੈ। ਗੱਲੀਂ ਬਾਤੀਂ ਉਹ ਸਭਨਾਂ ਨੂੰ ਪੁੱਤ ਬਖਸ਼ਦਾ ਹੈ,ਪਰ ਠੋਸ ਰੂਪ ਵਿੱਚ ਉਸ ਕੋਲ ਕਿਸੇ ਨੂੰ ਦੇਣ ਲਈ ਕੁੱਝ ਵੀ ਨਹੀਂ ਹੈ। ਢੁੱਡੀ ਕੇ ਰੈਲੀ 'ਤੇ ਜਾਰੀ ਕੀਤੇ ਸਾਂਝੇ ਚੋਣ ਪ੍ਰੋਗਰਾਮ ਵਿੱਚ ਭ੍ਰਿਸ਼ਟਾਚਾਰ ਰੋਕਣ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਗਰੀਬਾਂ ਨੂੰ ਸਸਤਾ ਆਟਾ, ਦਾਲ ਅਤੇ ਮਕਾਨ ਦੇਣ ਦੇ ਵਾਅਦੇ ਕੀਤੇ ਗਏ ਹਨ। ਚੋਣ ਅਖਾੜੇ 'ਚ ਉਤਰੀ ਕੋਈ ਵੀ ਪਾਰਟੀ ਅੱਜ ਕੱਲ੍ਹ ਇਹੋ ਜਿਹੇ ਵਾਅਦੇ ਹੀ ਕਰਦੀ ਹੈ । ਲੋਕਾਂ ਨੂੰ ਕਾਫੀ ਹੱਦ ਤੱਕ ਹੁਣ ਇਹ ਸਮਝ ਪਈ ਹੋਈ ਐ ਕਿ ਇਹ ਵਾਅਦੇ ਨਕਲੀ ਹੁੰਦੇ ਹਨ, ਵੋਟਾਂ ਖਿੱਚਣ ਲਈ ਹੀ ਹੁੰਦੇ ਹਨ। ਜਾਰੀ ਕੀਤਾ ਗਿਆ ਇਹ ਪ੍ਰੋਗਰਾਮ ਆਪਣੇ ਆਪ 'ਚ ਹੀ ''ਲੋਕ ਪੱਖੀ ਰਾਜ ਦਾ ਨੀਂਹ ਪੱਥਰ'' ਪੰਜਾਬ ਦੀ ਸਿਆਸਤ 'ਚ ਨਵੀਂ ਅੰਗੜਾਈ'' ਵਰਗੇ ਦੇ ਦਮਗਜਿਆਂ ਦੀ ਫੂਕ ਕੱਢ ਦਿੰਦਾ ਹੈ।
ਪੰਜਾਬ ਦੇ ਲੋਕਾਂ ਨੂੰ ਦੇਣ ਲਈ ਮਨਪ੍ਰੀਤ ਬਾਦਲ ਦੇ ਦਿਲ ਦਿਮਾਗ ਵਿੱਚ ਜੋ ਹੈ, ਉਸ ਦੀ ਝਲਕ ਬਹੁਤ ਚਿਰ ਪਹਿਲਾਂ ਸਬਸਿਡੀਆਂ ਦਾ ਭੋਗ ਪਾਉਣ ਅਤੇ ਜਨਤਕ ਸਹੂਲਤਾਂ ਖਤਮ ਕਰਨ ਦੀ ਉਸ ਦੀ ਜੋਰਦਾਰ ਵਕਾਲਤ ਦੇ ਰੂਪ ਵਿੱਚ ਲੋਕ ਦੇਖ ਚੁੱਕੇ ਹਨ। ਵਿੱਤ ਮੰਤਰੀ ਹੁੰਦਿਆਂ ਆਪਣੇ ਅਜਿਹੇ ਐਲਾਨਾਂ ਰਾਹੀਂ ਉਹ ਲੋਕ ਮਾਰੂ ਨਵੀਂਆਂ ਆਰਥਕ ਨੀਤੀਆਂ ਦੇ ਚੱਕਵੇਂ ਝੰਡਾਬਰਦਾਰਾਂ ਵਜੋਂ ਸਾਹਮਣੇ ਆਇਆ ਹੈ। ਉਹ ਹਾਕਮ ਜਮਾਤੀ ਵਿਕਾਸ ਦੇ ਰਾਹ 'ਤੇ ਤੇਜੀ ਨਾਲ ਅੱਗੇ ਵਧਣ ਲਈ ਉਸਲਵੱਟੇ ਲੈਂਦਾ ਰਿਹਾ ਹੈ। ਸਾਮਰਾਜੀ ਵਫਾਦਾਰੀ ਦੇ ਸਿਰ 'ਤੇ ਸਿਆਸਤ 'ਚ ਆਪਣੇ ਪੈਰ ਜਮਾਉਣ ਦਾ ਉਸ ਦਾ ਸੰਕਲਪ ਅਤੇ ਆਪਣੀ ਕਾਬਲੀਅਤ ਦੇ ਸਿਰ ਤੇ ਸੁਖਬੀਰ ਵਰਗੇ ਆਪਣੇ ਸ਼ਰੀਕਾਂ ਨੂੰ ਚਿੱਤ ਕਰ ਦੇਣ ਦਾ ਆਤਮ ਵਿਸ਼ਵਾਸ਼ ਮਨਪ੍ਰੀਤ ਦੇ ਮਨ ਨੂੰ ਲਗਾਤਾਰ ਚੋਭਾਂ ਲਾ ਲਾ ਉਸ ਨੂੰ ਬੇਚੈਨ ਕਰ ਰਿਹਾ ਹੈ। ਆਪਣੇ ਇਸ ਦੁਵੱਲੇ ਮਿਸ਼ਨ ਨੂੰ ਹੀ ਸ਼ਾਇਦ ਮਨਪ੍ਰੀਤ ''ਨਿਜ਼ਾਮ ਬਦਲਣ'' ਦਾ ਨਾਂ ਦਿੰਦਾ ਹੈ। ਪਰ ਪੰਜਾਬ ਦੇ ਲੋਕਾਂ ਲਈ ਸੁਖਬੀਰ ਤੇ ਮਨਪ੍ਰੀਤ ਇੱਕੋ ਹੀ ਬਿਰਖ ਦੇ ਦੋ ਟਾਹਣੇ ਹਨ, ਜੋ ਭਾਵੇਂ ਆਪਸ ਵਿੱਚ ਖੰਿਹਦੇ ਵੀ ਰਹਿੰਦੇ ਹਨ ਪਰ ਦੋਹਾਂ ਦੀਆਂ ਰਗਾਂ ਵਿੱਚ ਇਕੋ ਹੀ ਖੂਨ ਵਗਦਾ ਹੈ-ਸਾਮਰਾਜੀ ਵਫਾਦਾਰੀ ਦਾ ਖੂਨ!
ਮਨਪ੍ਰੀਤ ਸਬਸਿਡੀਆਂ ਖਤਮ ਕਰਨ ਦਾ ਚੱਕਵਾਂ ਵਕੀਲ ਬਣ ਕੇ ਬਾਦਲ ਅਕਾਲੀ ਦਲ ਨਾਲੋਂ ਵੱਖ ਹੋਇਆ। ਹੁਣ ਸਬਸਿਡੀਆਂ ਦੇਣ ਦੇ ਐਲਾਨ ਕਰਕੇ ਵੋਟਾਂ ਮੰਗਦਾ ਫਿਰਦਾ ਹੈ। ਪੰਜਾਬ ਦੇ ਲੋਕਾਂ ਦੀ ''ਇੱਜਤ ਬਚਾਉਣ'' ਦੇ ਨਾਅਰੇ ਲਾ ਰਿਹਾ ਮਨਪ੍ਰੀਤ ਅਸਲ ਵਿੱਚ ਆਪਣੀ ਇੱਜਤ ਬਣਾਉਣ ਦੀਆਂ ਮਸ਼ਕਾਂ ਕਰਦਾ ਫਿਰਦਾ ਹੈ। ਪਹਿਲਾਂ ਸਬਸਿਡੀਆਂ ਛਾਂਗਣ ਦਾ ਵਕੀਲ ਬਣ ਕੇ ਸਾਮਰਾਜੀ ਕੰਪਨੀਆਂ 'ਚ ''ਇੱਜਤ ਬਣਾਉਣ'' ਦੀ ਕੋਸ਼ਿਸ਼ ਕੀਤੀ, ਹੁਣ ਵੋਟਾਂ ਦੇ ਦਿਨਾਂ 'ਚ ਸਬਸਿਡੀਆਂ ਦੇਣ ਅਤੇ ਦੋ ਰੁਪਏ ਕਿਲੋ ਚੌਲ ਵੰਡਣ ਦੇ ਐਲਾਨਾਂ ਨਾਲ ਗਰੀਬਾਂ 'ਚ ਇੱਜਤ ਬਣਾਉਣ ਨੂੰ ਫਿਰਦਾ ਹੈ। ਸਾਂਝਾ ਮੈਨੀਫੈਸਟੋ ਮਨਪ੍ਰੀਤ ਦੇ ਚਿਹਰੇ ਦਾ ਮੁਲੰਮਾ ਹੈ। ਬਾਦਲਾਂ-ਅਮਰਿੰਦਰਾਂ ਨਾਲੋਂ ਵੱਖਰਾ ਦਿਸਣ ਦੀ ਕੋਸ਼ਿਸ਼ ਹੈ। ਖੱਬੀਆਂ ਪਾਰਟੀਆਂ ਉਸ ਨਾਲ ਸਾਂਝਾ ਮੈਨੀਫੈਸਟੋ ਜਾਰੀ ਕਰਕੇ ਇਸ ਕੋਸ਼ਿਸ਼ ਵਿੱਚ ਹੱਥ ਵਟਾ ਰਹੀਆਂ ਹਨ। ਮਨਪ੍ਰੀਤ ਦੇ ਸਾਂਝਾ ਮੋਰਚੇ ਨੂੰ ਜੋਕਾਂ ਲਈ ''ਤੀਜਾ ਬਦਲ'' ਬਣਾਉਣਾ ਕਿਸੇ ਦਾ ਸੁਪਨਾ ਹੋ ਸਕਦਾ ਹੈ। ਲੋਕਾਂ ਲਈ ਇਹ ਕੋਈ ''ਬਦਲ'' ਨਹੀਂ ਹੈ। ਲੋਕਾਂ ਦਾ ਬਦਲ ਤਾਂ ਅਸੰਬਲੀ ਚੋਣਾਂ ਦੇ ਅਖਾੜੇ ਤੋਂ ਬਾਹਰ ਸੰਘਰਸ਼ ਦੇ ਮੈਦਾਨਾਂ 'ਚ ਉਸਰਨਾ ਹੈ।
No comments:
Post a Comment