ਲੁਧਿਆਣਾ ਟੈਕਸਟਾਈਲ ਸੰਘਰਸ਼:
ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਕਨਵੈਨਸ਼ਨ
55 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੇ ਹੱਕ 'ਚ ਅਤੇ ਪੰਜਾਬ ਭਰ 'ਚ ਬੇਰੁਜ਼ਗਾਰ ਨੌਜਵਾਨਾਂ ਦੇ ਰੁਜ਼ਗਾਰ ਲਈ ਚੱਲ ਰਹੇ ਸੰਘਰਸ਼ਾਂ, ਵਿਸ਼ੇਸ਼ ਕਰ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕੀ ਅੰਦੋਲਨ 'ਤੇ ਹਕੂਮਤ ਵੱਲੋਂ ਢਾਹੇ ਜਾ ਰਹੇ ਤਸ਼ੱਦਦ ਖਿਲਾਫ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਆਯੋਜਿਤ ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਫਰੰਟ ਦੇ ਕੋ-ਕਨਵੀਨਰਾਂ- ਡਾ. ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਏ.ਕੇ. ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਰਿਟਾਇਰਡ ਕਰਨਲ ਜੇ.ਐਸ. ਬਰਾੜ ਅਤੇ ਮਜ਼ਦੂਰ ਆਗੂ ਲਖਵਿੰਦਰ ਸਿੰਘ ਸ਼ਾਮਲ ਸਨ। ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਸਭ ਤੋਂ ਪਹਿਲਾਂ ਫਰੰਟ ਦੇ ਕਨਵੀਨਰ, ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਅਤੇ ਮਰਹੂਮ ਗਾਇਕ ਪੁਨੇ ਹਜ਼ਾਰਿਕਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਹਾਜ਼ਰੀਨ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਲੁਧਿਆਣਾ ਦੇ 22 ਅਗਸਤ ਤੋਂ 2500 ਦੇ ਲਗਭਗ ਟੈਕਸਟਾਈਲ ਕਾਮਿਆਂ ਦੇ ਉਜਰਤਾਂ ਵਿੱਚ ਵਾਧੇ ਤੇ ਹੋਰ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਪ੍ਰਤੀ ਮਿਲ ਮਾਲਕਾਂ, ਕਿਰਤ ਵਿਭਾਗ ਅਤੇ ਪ੍ਰਸਾਸ਼ਨ ਵੱਲੋਂ ਧਾਰੇ ਲਟਕਾਊ ਅਤੇ ਹੰਭਾਊ ਵਤੀਰੇ ਨੂੰ ਮੌਜੂਦਾ ਪੂੰਜੀਵਾਦੀ ਪ੍ਰਬੰਧ ਦੀ ਢਾਂਚਾਗਤ ਹਿੰਸਾ ਕਰਾਰ ਦਿੰਦਿਆਂ ਮਜ਼ਦੂਰ ਮੰਗਾਂ ਨੂੰ ਮੰਨਣ ਦੀ ਜ਼ੋਰਦਾਰ ਮੰਗ ਕੀਤੀ। ਉਹਨਾਂ ਕਿਹਾ ਕਿ ਇੱਕ ਪਾਸੇ ਹਕੂਮਤ ਦਾ ਇਹ ਨਿੰਦਣਯੋਗ ਰਵੱਈਆ ਮਜ਼ਦੂਰਾਂ ਨੂੰ ਮਹਿੰਗਾਈ ਦੇ ਇੱਕ ਲੱਕਤੋੜ ਸਮੇਂ ਅੰਦਰ ਰੋਟੀ ਰੋਜ਼ੀ ਤੋਂ ਆਤੁਰ ਕਰਨ ਵਾਲਾ ਹੈ, ਉਥੇ ਦੂਜੇ ਪਾਸੇ ਸੂਬੇ ਭਰ ਵਿਚੱ ਬੇਰੁਜ਼ਗਾਰ ਨੌਜਵਾਨਾਂ ਦੇ ਵੱਖ ਵੱਖ ਹਿੱਸਿਆਂ ਨੂੰ ਲਾਠੀ ਗੋਲੀ ਨਾਲ ਦਬਾਉਣ ਦਾ ਰਾਹ ਹਕੂਮਤ ਨੇ ਅਖਤਿਆਰ ਕੀਤਾ ਹੋਇਆ ਹੈ। ਬੀਤੇ ਦਿਨੀਂ ਫਰੀਦਕੋਟ ਅਤੇ ਗਿੱਦੜਬਾਹਾ ਵਿਖੇ ਹੱਕ ਮੰਗਦੇ ਬੇਰੁਜ਼ਗਾਰਾਂ ਦੇ ਕੁਟਾਪੇ ਦੀਆਂ ਤਸਵੀਰਾਂ ਨੇ ਸਾਫ ਕਰ ਦਿੱਤਾ ਹੈ ਕਿ ਸੂਬੇ ਵਿੱਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਪ੍ਰੋ. ਜਗਮੋਹਣ ਸਿੰਘ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਮਹੂਰੀਅਤ ਹਰੇਕ ਨਾਗਰਿਕ ਦਾ ਬੁਨਿਆਦੀ ਹੱਕ ਹੈ ਤੇ ਪੰਜਾਬ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਕਦਾਚਿਤ ਇਹ ਘਾਣ ਬਰਦਾਸ਼ ਨਹੀਂ ਕਰੇਗੀ। ਉਹਨਾਂ ਝਾਰਖੰਡ ਦੇ ਜਮਹੂਰੀ ਲਹਿਰ ਦੇ ਘੁਲਾਟੀਏ ਅਤੇ ਰੰਗਕਰਮੀ ਜਤਿਨ ਮਰਾਂਡੀ ਨੂੰ ਝੂਠੇ ਪੁਲਸ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਅਤੇ ਛਤੀਸਗੜ੍ਹ ਵਿਖੇ ਜਮਹੂਰੀ ਹੱਕਾਂ ਲਈ ਲੜ ਰਹੀ ਅਧਿਆਪਕਾ ਸੋਨੀ ਸ਼ੋਰੀ 'ਤੇ ਢਾਹੇ ਅਣਮਨੁੱਖੀ ਪੁਲਸ ਤਸ਼ੱਦਦ ਦੀਆਂ ਦਿਲ-ਕੰਬਾਊ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਂਦਰੀ ਹਕੂਮਤ ਜਲ, ਜੰਗਲ, ਜ਼ਮੀਨ ਅਤੇ ਜਮਹੂਰੀ ਹੱਕਾਂ ਦੀ ਲੜਾਈ ਲੜ ਰਹੇ ਲੋਕਾਂ 'ਤੇ ਕਿਹੋ ਜਿਹਾ ਅੰਨ੍ਹਾ ਜਬਰ ਢਾਹ ਰਹੀ ਹੈ, ਇਹਨਾਂ ਘਟਨਾਵਾਂ ਤੋਂ ਸਮਝਿਆ ਜਾ ਸਕਦਾ ਹੈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਲਖਵਿੰਦਰ ਸਿੰਘ, ਰਾਜਵਿੰਦਰ ਨੇ ਟੈਕਸਟਾਈਲ ਮਜ਼ਦੂਰਾਂ ਦੇ ਹੱਕੀ ਅੰਦੋਲਨ ਦੀ ਪੂਰੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਲੁਧਿਆਣਾ ਦੇ ਮਜ਼ਦੂਰ ਅੰਦੋਲਨ ਦੇ ਇਤਿਹਾਸ ਵਿੱਚ ਕਾਫੀ ਅਰਸੇ ਬਾਅਦ ਮਜ਼ਦੂਰਾਂ ਨੇ ਸ਼ਾਨਦਾਰ ਲੜਾਈ ਨਿਰੰਤਰ ਲਗਭਗ ਦੋ ਮਹੀਨਿਆਂ ਤੋਂ ਜਾਰੀ ਰੱਖੀ ਹੋਈ ਹੈ। ਕਨਵੈਨਸ਼ਨ ਵਿੱਚ ਵੱਖ ਵੱਖ ਮਤਿਆਂ ਰਾਹੀਂ ਟੈਕਸਟਾਈਲ ਮਜ਼ਦੂਰਾਂ ਦੀਆਂ ਮੰਗਾਂ ਮੰਨਣ, ਪੰਜਾਬ ਭਰ ਵਿੱਚ ਬੇਰੁਜ਼ਗਾਰ ਨੌਜਵਾਨਾਂ 'ਤੇ ਢਾਹੇ ਜਾ ਰਹੇ ਜਬਰ ਨੂੰ ਨੱਥ ਪਾਉਣ ਤੇ ਸਾਰੇ ਵਰਗਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਗੋਬਿੰਦਪੁਰਾ (ਮਾਨਸਾ) ਦੇ ਕਿਸਾਨਾਂ, ਮਜ਼ੂਦਰਾਂ ਦੀ ਜ਼ਮੀਨ ਤੇ ਘਰ ਜਬਰੀ ਖੋਹਣ ਖਿਲਾਫ ਚੱਲ ਰਹੇ ਨਿਰੰਤਰ ਸੰਘਰਸ਼ 'ਤੇ ਜਬਰ ਢਾਹੁਣ, ਵਿਸ਼ੇਸ਼ ਕਰ ਔਰਤਾਂ 'ਤੇ ਦਰਜ ਝੂਠੇ ਪਰਚੇ ਰੱਦ ਕਰਨ, ਮਸਲੇ ਦਾ ਜਮਹੂਰੀ ਹੱਲ ਕਰਨ, ਝਾਰਖੰਡ ਦੇ ਲੋਕ ਆਗੂ ਜਤਿਨ ਮਰਾਂਡੀ ਦੀ ਫਾਂਸੀ ਦੀ ਸਜ਼ਾ ਰੱਦ ਕਰਨ, ਦੇਸ਼ ਦੇ ਸਾਰੇ ਸੂਬਿਆਂ 'ਚ ਜਿਥੇ ਕਾਲੇ ਕਾਨੂੰਨ ਵਿਸ਼ੇਸ਼ ਕਰ ਮਨੀਪੁਰ, ਕਸ਼ਮੀਰ, ਉੱਤਰ-ਪੂਰਬ ਵਿੱਚ ਮੜ੍ਹੇ ਵਿਸ਼ੇਸ਼ ਸੁਰੱਖਿਆ ਪੁਲਸ ਬਿਲ ਵਾਪਸ ਲੈਣ, ਮਨੀਪੁਰ ਦੀ ਵੀਰਾਂਗਣ ਈਰੋਮ ਸ਼ਰਮੀਲਾ ਦੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਮੰਨਣ ਤੇ 11 ਸਾਲਾਂ ਤੋਂ ਚੱਲ ਰਹੀ ਨਿਰੰਤਰ ਭੁੱਖ ਹੜਤਾਲ ਬੰਦ ਕਰਵਾਉਣ ਦੇ ਮਤੇ ਪਾਸ ਕੀਤੇ ਗਏ।
ਡਾ. ਪਰਮਿੰਦਰ ਸਿੰਘ (98557 00310)
No comments:
Post a Comment