'ਝੂਠੇ ਮੁਕਾਬਲਿਆਂ ਦਾ ਵਰਤਾਰਾ ਅਤੇ ਜਮਹੂਰੀ ਹੱਕਾਂ ਦਾ ਸੁਆਲ' ਵਿਸ਼ੇ 'ਤੇ
ਜਮਹੂਰੀ ਫਰੰਟ ਵੱਲੋਂ ਸੂਬਾਈ ਕਨਵੈਨਸ਼ਨ ਅਤੇ ਮਾਰਚ: 10 ਦਸੰਬਰ ਨੂੰ
ਜਲੰਧਰ: 29 ਨਵੰਬਰ ਸੰਸਾਰ ਭਰ 'ਚ ਮਨਾਏ ਜਾਂਦੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਨੂੰ ਦਿਨੇ 11 ਵਜੇ ਨਹਿਰੂ ਪਾਰਕ ਮੋਗਾ ਵਿਖੇ ''ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ)'' ਵੱਲੋਂ ''ਝੂਠੇ ਮੁਕਾਬਲਿਆਂ ਦਾ ਵਰਤਾਰਾ ਅਤੇ ਮਨੁੱਖੀ ਅਧਿਕਾਰ'' ਵਿਸ਼ੇ ਉਪਰ ਸੂਬਾਈ ਕਨਵੈਨਸ਼ਨ ਅਤੇ ਰੋਸ ਮਾਰਚ ਕੀਤਾ ਜਾਵੇਗਾ।
ਸ਼੍ਰੋਮਣੀ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਅਤੇ ਕਨਵੀਨਰਸ਼ਿਪ ਹੇਠ ਪੰਜਾਬ ਅੰਦਰ 2 ਵਰ੍ਹੇ ਪਹਿਲਾਂ ਗਠਿਤ ਹੋਏ 'ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ)' ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ, ਪ੍ਰੋ.ਏ.ਕੇ. ਮਲੇਰੀ, ਯਸ਼ਪਾਲ ਨੇ ਅੱਜ ਇਥੇ ਜਾਰੀ ਕੀਤੇ ਲਿਖਤੀ ਪ੍ਰੈਸ ਬਿਆਨ 'ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਪੀ.ਆਈ. (ਮਾਓਵਾਦੀ) ਪਾਰਟੀ ਦੇ ਚੋਟੀ ਦੇ ਆਗੂ ਕਾਮਰੇਡ ਕੋਟੇਸ਼ਵਰ ਰਾਓ ਕਿਸ਼ਨਜੀ ਨੂੰ ਜਿਵੇਂ ਝੂਠੇ ਮੁਕਾਬਲੇ ਦੀ ਥੋਥੀ ਕਹਾਣੀ ਘੜਕੇ ਗੋਲੀਆਂ ਨਾਲ ਉਡਾਇਆ ਗਿਆ ਹੈ ਇਹ ਫਾਸ਼ੀ ਵਰਤਾਰਾ ਸਾਬਤ ਕਰਦਾ ਹੈ ਕਿ ਸੰਸਾਰ ਦੀ ਵੱਡੀ ਜਮਹੂਰੀਅਤ ਹੋਣ ਦਾ ਦੰਭ ਕਰਦੀ ਭਾਰਤੀ ਸਟੇਟ ਅਸਲ 'ਚ ਲੋਕ ਹੱਕਾਂ ਅਤੇ ਲੋਕ-ਮੁਕਤੀ ਦੀ ਗੱਲ ਕਰਨ ਵਾਲਿਆਂ ਦੇ ਆਪਣੇ ਰਾਜਨੀਤਕ ਵਿਚਾਰਾਂ ਅੱਗੇ ਖੜ੍ਹਨ ਦਾ ਦਮ ਨਹੀਂ ਰੱਖਦੀ। ਇਸ ਲਈ ਅਪਰੇਸ਼ਨ ਗਰੀਨ ਹੰਟ, ਨਿੱਜੀ ਹਥਿਆਰਬੰਦ ਸੈਨਾਵਾਂ ਅਤੇ ਭਾੜੇ ਦੇ ਸੂਹੀਆਂ ਰਾਹੀਂ ਕਰਾਂਤੀਕਾਰੀਆਂ ਦੇ ਸਿਆਸੀ ਕਤਲ ਕਰਨ ਦੇ ਗਿਣੇ ਮਿਥੇ ਏਜੰਡੇ ਨੂੰ ਸਰ-ਅੰਜਾਮ ਦੇਣ ਦਾ ਅਪਰਾਧ ਕਰਨ 'ਤੇ ਉਤਰ ਆਈ ਹੈ। ਜੇਕਰ ਤੁਰੰਤ ਪੈਰ ਇਸ ਖਿਲਾਫ਼ ਬੁੱਧੀਜੀਵੀਆਂ, ਜਮਹੂਰੀਅਤਪਸੰਦ ਇਨਕਲਾਬੀ ਸ਼ਕਤੀਆਂ, ਲੇਖਕਾਂ, ਪੱਤਰਕਾਰਾਂ, ਤਰਕਸ਼ੀਲਾਂ, ਇਨਸਾਫ਼ਪਸੰਦ ਹਲਕਿਆਂ ਨੇ ਜਨਤਕ ਪ੍ਰਤੀਰੋਧ ਦੀ ਲਹਿਰ ਨਾ ਖੜ੍ਹੀ ਕੀਤੀ ਤਾਂ ਭਵਿੱਖ ਵਿਚ ਪੰਜਾਬ ਨੂੰ ਵੀ ਮੁੜ ਝੂਠੇ ਪੁਲਸ ਮੁਕਾਬਲਿਆਂ ਦਾ ਮਨਹੂਸ ਦੌਰ ਫੇਰ ਝੱਲਣਾ ਪਵੇਗਾ। ਜਿਸ ਦੀਆਂ ਘਿਨੌਣੀਆਂ ਕਹਾਣੀਆਂ, ਪਹਿਲਾਂ ਹੀ ਪੰਜਾਬ ਦੇ ਜਾਗਰੂਕ ਅਤੇ ਮਾਨਵੀ ਅਧਿਕਾਰਾਂ ਦੇ ਝੰਡਾਬਰਦਾਰਾਂ ਦੇ ਚੇਤਿਆਂ 'ਚ ਸਦਾ ਖਟਕਦੀਆਂ ਰਹਿੰਦੀਆਂ ਹਨ।
ਕੋ-ਕਨਵੀਨਰਾਂ ਨੇ 10 ਦਸੰਬਰ ਨੂੰ 'ਝੂਠੇ ਮੁਕਾਬਲਿਆਂ ਦੇ ਵਰਤਾਰੇ ਅਤੇ ਜਮਹੂਰੀ ਹੱਕਾਂ ਦਾ ਸੁਆਲ' ਮੁੱਦੇ ਉਪਰ ਗੰਭੀਰ ਵਿਚਾਰਾਂ ਕਰਨ ਅਤੇ ਰੋਸ ਮਾਰਚ ਰਾਹੀਂ ਆਪਣਾ ਵਿਰੋਧ ਦਰਜ ਕਰਾਉਣ ਲਈ ਪੰਜਾਬ ਦੇ ਸਮੂਹ ਬੁੱਧੀਮਾਨ ਤਬਕਿਆਂ ਅਤੇ ਲੋਕ ਹੱਕਾਂ ਲਈ ਜੂਝਦੇ ਸੰਗਰਾਮੀਆਂ ਨੂੰ ਵੱਧ ਚੜ੍ਹਕੇ ਕਨਵੈਨਸ਼ਨ 'ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਝੂਠੇ ਮੁਕਾਬਲਿਆਂ ਦੇ ਵਰਤਾਰੇ ਤੋਂ ਇਲਾਵਾ ਝਾਰਖੰਡ ਦੇ ਉੱਘੇ ਲੋਕ ਕਵੀ ਜਤਿਨ ਮਰਾਂਡੀ ਨੂੰ ਦਿੱਤੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਇਰੋਮਾ ਸ਼ਰਮੀਲਾ ਵੱਲੋਂ ਬੀਤੇ 11 ਵਰ੍ਹੇ ਤੋਂ ਭੁੱਖ ਹੜਤਾਲ ਕਰਕੇ 'ਸੁਰੱਖਿਆ ਫੌਜਾਂ ਨੂੰ ਦਿਤੇ ਵਿਸ਼ੇਸ਼ ਅਧਿਕਾਰ' ਰੱਦ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪ੍ਰਵਾਨ ਕਰਨ ਅਤੇ 10 ਦਸੰਬਰ ਦੇ ਕੌਮਾਂਤਰੀ ਮਾਨਵੀ ਅਧਿਕਾਰ ਦਿਵਸ ਦੀ ਮਹੱਤਤਾ ਉਭਾਰਨ ਉਪਰ ਵੀ ਕਨਵੈਨਸ਼ਨ ਆਪਣੀ ਵਿਚਾਰ-ਚਰਚਾ ਨੂੰ ਕੇਂਦਰਤ ਕਰੇਗੀ।
ਜਾਰੀ ਕਰਤਾ:
ਡਾ. ਪਰਮਿੰਦਰ ਸਿੰਘ,ਕੋ-ਕਨਵੀਨਰ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ)
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸੰਪਰਕ: 95010 25030
No comments:
Post a Comment