ਗੁਡ ਕੰਡਕਟ ਬੌਂਡ ਕੀ ਹੈ?
—ਹਰਜਿੰਦਰ ਸਿੰਘ
ਮਾਰੂਤੀ ਸੁਜ਼ੂਕੀ ਦੇ ਮਾਨੇਸਰ ਵਾਲੇ ਪਲਾਂਟ ਦੇ ਮਜ਼ਦੂਰਾਂ ਦੇ ਲੰਬੇ ਸੰਘਰਸ਼ ਦੌਰਾਨ ਜਿਹੜਾ ਬੌਂਡ ਮਜ਼ੂਦਰਾਂ 'ਤੇ ਠੋਸਿਆ ਗਿਆ ਅਤੇ ਜਿਸਦਾ ਮਜ਼ਦੂਰਾਂ ਨੇ ਸਖਤ ਵਿਰੋਧ ਕੀਤਾ ਉਸ ਵਿੱਚ ਜੋ ਦਰਜ ਹੈ, ਉਹ ਇਸ ਤਰ੍ਹਾਂ ਹੈ: ''ਜੇ, ਡਿਊਟੀ 'ਤੇ ਹਾਜ਼ਰ ਹੋਣ ਤੋਂ ਬਾਅਦ ਮੈਂ ਹੌਲੀ ਕੰਮ ਕਰਨ (ਗੋ ਸਲੋਅ), ਵਿਚਕਾਰਦੀ ਕੰਮ ਰੋਕਣ, ਫੈਕਟਰੀ ਦੇ ਅੰਦਰ ਹੜਤਾਲ ਕਰਨ (ਸਟੇ-ਇਨ-ਸਟਰਾਈਕ), ਨਿਯਮ ਮੁਤਾਬਕ ਕੰਮ ਕਰਨ (ਵਰਕ ਟੂ ਰੂਲ), ਭੰਨਤੋੜ ਕਰਨ ਜਾਂ ਫੈਕਟਰੀ ਅੰਦਰ ਅਜਿਹੀ ਸਰਗਰਮੀ ਕਰਨ ਜਿਹੜੀ ਪੈਦਾਵਾਰ ਘਟਾਉਣ ਵਾਲਾ ਅਸਰ ਪਾਉਂਦਾ ਹੋਵੇ ਦਾ ਫੈਕਟਰੀ ਪ੍ਰਬੰਧਕਾਂ ਵੱਲੋਂ ਮੈਨੂੰ ਭਾਗੀ ਪਾਇਆ ਗਿਆ ਤਾਂ ਮੈਂ, ਸਹਿਮਤ ਹਾਂ ਕਿ ਮੈਨੂੰ ਬਿਨਾ ਨੋਟਿਸ ਦਿੱਤਿਆਂ ਫੈਕਟਰੀ ਪ੍ਰਬੰਧਕ ਨੌਕਰੀ ਤੋਂ ਕੱਢਣ (ਡਿਸਮਿਸ ਕਰਨ) ਦੇ ਹੱਕਦਾਰ ਹਨ।'' ਇਸਦੇ ਨਾਲ ਉਪਰੋਕਤ ਵਿੱਚ ਇਹ ਗੱਲਾਂ ਵੀ ਲਾਗੂ ਹੁੰਦੀਆਂ ਹਨ- (1) ਜੇ ਮੈਂ ਝੂਠੇ ਬਹਾਨੇ ਨਾਲ ਛੁੱਟੀ ਲੈਂਦਾ ਹਾਂ ਜਾਂ ਇਸ ਲਈ ਬੇਨਤੀ ਕਰਦਾ ਹਾਂ। (2) ਜੇ ਮੈਂ ਨਿੱਜੀ ਦਿੱਖ, ਸਫਾਈ, ਸਮੇਤ ਸੱਜ-ਧੱਜ (ਪ੍ਰੌਪਰ ਗਰੂਮਿੰਗ) ਦੀ ਘਾਟ (ਲੈਕ) ਦਿਖਾਉਂਦਾ ਹਾਂ। (3) ਨਿੱਜੀ ਜਿੰਦਗੀ ਵਿੱਚ ਕੰਪਨੀ ਦਾ ਵਕਾਰ ਘਟਾਉਣ ਵਾਲਾ ਵਿਹਾਰ ਕਰਦਾ ਹਾਂ। (4) ਟਾਇਲਟ ਵਿੱਚ ਵੱਧ ਸਮਾਂ ਲਾਉਂਦਾ ਹਾਂ। ਜਾਂ (5) ਆਦਤਨ ਸਫਾਈ ਵੱਲ ਲਾਪਰਵਾਹ ਹਾਂ।''
ਇਸ ਬੌਂਡ ਦੀ ਇਬਾਰਤ ਆਪਣੇ ਆਪ ਵਿੱਚ ਹੀ ਬਹੁਤ ਕੁਝ ਨੂੰ ਜ਼ਾਹਰ ਕਰ ਦਿੰਦੀ ਹੈ। ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦੀ ਤਲਵਾਰ ਮਜ਼ਦੂਰਾਂ ਦੇ ਸਿਰ 'ਤੇ ਹੈ, ਜਿਸ ਲਈ ਸੌ ਬਹਾਨਿਆਂ ਦਾ ਰਸਤਾ ਇਸ 'ਬੌਂਡ' ਰਾਹੀਂ ਖੋਲ੍ਹਿਆ ਹੋਇਆ ਹੈ। ਤਾਂ ਵੀ ਕੁਝ ਗੱਲਾਂ ਦਾ ਜ਼ਿਕਰ ਹਾਲਤ ਦੀ ਸਹੀ ਤਸਵੀਰ ਬਣਾਉਣ ਵਿੱਚ ਸਹਾਈ ਹੋ ਸਕਦਾ ਹੈ। ਫੈਕਟਰੀ ਵਿਚ ਰੋਟੀ ਖਾਣ ਲਈ ਛੁੱਟੀ 30 ਮਿੰਟ ਹੈ, ਇਸ ਤੋਂ ਇਲਾਵਾ ਸਾਰੀ ਦਿਹਾੜੀ ਵਿੱਚ 5 ਤੋਂ 7 ਮਿੰਟ ਦੀਆਂ ਦੋ ਛੁੱਟੀਆਂ (ਬਰੇਕ) ਹਨ ਚਾਹ ਆਦਿ ਪੀਣ ਲਈ। ਇਸ ਤੋਂ ਇਲਾਵਾ ਕੋਈ ਬਰੇਕ ਨਹੀਂ ਨਾ ਟਾਇਲਟ ਜਾਣ ਲਈ ਨਾ ਬੀੜੀ ਆਦਿ ਲਈ, ਵਿਚਕਾਰ ਕੋਈ ਇੱਕ-ਦੋ ਮਿੰਟ ਦਾ ਦਮ ਵੀ ਨਹੀਂ ਲੈ ਸਕਦਾ। ਬਰੇਕ ਦਾ ਸਮਾਂ ਇੰਨਾ ਘੱਟ ਹੈ ਕਿ 500 ਮੀਟਰ ਦੂਰ ਕੰਟੀਨ ਤੱਕ ਬਹੁਤ ਤੇਜ ਭੱਜ ਕੇ ਚਾਹ ਪੀ ਕੇ ਮੁੜਨਾ ਬਹੁਤ ਮੁਸ਼ਕਲ ਹੈ। 2-3 ਮਿੰਟ ਵੀ ਲੇਟ ਹੋ ਜਾਣ 'ਤੇ ਜੁਰਮਾਨੇ ਹਨ, ਸੁਪਰਵਾਈਜ਼ਰਾਂ-ਮੈਨੇਜਰਾਂ ਦੀਆਂ ਗਾਲ੍ਹਾਂ ਥੱਪੜ ਵੀ ਹਨ। ਡਿਊਟੀ 'ਤੇ ਪਹੁੰਚਣ ਸਮੇਂ ਕੁਝ ਮਿੰਟ ਲੇਟ ਹੋਣ ਦਾ ਮਤਲਬ ਜੁਰਮਾਨੇ-ਗੈਰ ਹਾਜ਼ਰੀ ਹੈ। ਅਤੇ ਇੱਕ ਗੈਰ ਹਾਜ਼ਰੀ ਵੱਟੇ ਤਿੰਨ ਦਿਹਾੜੀਆਂ ਦੀ ਤਨਖਾਰ ਕੱਟਣ ਦਾ ਨਿਯਮ ਹੈ।
ਇਹ ਮਾਰੂਤੀ ਸੁਜ਼ੂਕੀ ਦੇ ਪਰਬੰਧਕਾਂ ਦਾ ਅਨੁਸਾਸ਼ਤ ਲੇਬਰ (ਡਿਸਿਪਲਿਨਡ ਵਰਕਰ) ਦਾ ਨਮੂਨਾ ਹੈ। (ਅਤੇ ਇਹ ਨਮੂਨਾ ਸਿਰਫ ਇਥੇ ਹੀ ਨਹੀਂ ਹੈ।) ਇਸ ਦੇ ਨਾਲ ਹੀ ਮਾਰੂਤੀ ਸੁਜ਼ੂਕੀ ਦੀ ਇੱਕ ਹੋਰ ਵਿਸ਼ੇਸ਼ ਖੂਬੀ ਹੈ। ਮਾਰੂਤੀ ਸੁਜ਼ੂਕੀ ਭਾਰਤ ਦੇ ਹੀ ਨਹੀਂ ਸਗੋਂ ਸੰਸਾਰ ਪੱਧਰ ਦੇ ਸਭ ਤੋਂ ਵੱਧ ਅਤੇ ਸਭ ਤੋਂ ਉੱਚ ਪੱਧਰ ਦੇ ਮਸ਼ੀਨੀਕ੍ਰਿਤ ਪਲਾਂਟਾਂ ਵਿਚੱੋਂ ਹੈ। ਇਥੇ ਕੰਪਿਊਟਰੀਕ੍ਰਿਤ ਬਹੁਤ ਤੇਜ ਚੱਲਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਅਤੇ ਰੋਬੋਟ ਹਨ। ਇਸ ਪਲਾਂਟ ਵਿੱਚ ਬਹੁਤ ਤੇਜ ਚੱਲਣ ਵਾਲੀਆਂ ਮਸ਼ੀਨਾਂ-ਰੋਬੋਟਾਂ ਅਤੇ ਹੱਥੀ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇਕੱਠੇ ਡਾਹਿਆ ਜਾਂਦਾ ਹੈ। ਕੰਮ ਦਾ ਇੱਕ ਹਿੱਸਾ ਇਹ ਤੇਜ ਮਸ਼ੀਨਾਂ ਕਰਦੀਆਂ ਹਨ ਅਤੇ ਦੂਜਾ ਹਿੱਸਾ ਕਾਮੇ। ਬੇਹਦੱ ਤੇਜ ਮਸ਼ੀਨਾਂ ਦਾ ਕਾਮਿਆਂ ਨੂੰ ਮੁਕਾਬਲਾ ਕਰਨਾ ਪੈਂਦਾ ਹੈ। ਨਤੀਜਾ ਇਹ ਕਿ ਕਾਮਿਆਂ ਨੂੰ ਬਹੁਤ ਤੇਜ ਸਪੀਡ ਨਾਲ ਕੰਮ ਕਰਨਾ ਪੈਂਦਾ ਹੈ। ਇੱਕ ਮਜ਼ਦੂਰ ਤੋਂ ਦੋ ਮਜ਼ਦੂਰਾਂ ਜਿੰਨਾ ਕੰਮ ਲਿਆ ਜਾਂਦਾ ਹੈ, ਉਹਨਾਂ 'ਤੇ ਕੰਮ ਦਾ ਅਸਹਿ ਬੋਝ ਪਾਇਆ ਜਾਂਦਾ ਹੈ। ਇਸੇ ਤਰੀਕੇ ਨਾਲ ਮਾਰੂਤੀ ਸੁਜ਼ੂਕੀ ਨੇ 2010 ਵਿੱਚ ਆਪਣੇ ਹੀ ਮਿਥੇ ਟੀਚੇ ਤੋਂ ਢਾਈ ਲੱਖ ਤੋਂਵੀ ਵੱਧ ਕਾਰਾਂ ਦੀ ਪੈਦਾਵਾਰ ਕੀਤੀ।
ਸਰਮਾਏਦਾਰੀ ਆਪਣਾ ਢਿੱਡ ਭਰਨ ਲਈ (ਵੱਧ ਤੋਂ ਵੱਧ ਮੁਨਾਫਾ ਲੈਣ ਲਈ) ਮਜ਼ਦੂਰਾਂ ਨੂੰ ਘੱਟ ਤੋਂ ਘੱਟ ਉਜਰਤਾਂ ਦੇ ਕੇ ਵੱਧ ਤੋਂ ਵੱਧ ਕੰਮ ਕਰਵਾਉਣ ਤਾ ਤਰੀਕਾ ਅਪਣਾਉਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਨਵੀਆਂ ਆਰਥਿਕ ਨੀਤੀਆਂ ਦੇ ਪੁਲੰਦੇ ਰਾਹੀਂ ਇਹ ਅਮਲ ਬਹੁਤ ਤੇਜ ਕੀਤਾ ਗਿਆ ਹੈ। ਸਾਮਰਾਜੀਏ ਆਪਣਾ ਸੰਕਟ ਮਜ਼ਦੂਰਾਂ ਅਤੇ ਲੋਕਾਂ 'ਤੇ ਲੱਦਦੇ ਆ ਰਹੇ ਹਨ। ਤੇਜ ਆਟੋਮੈਟਿਕ ਮਸ਼ੀਨਾਂ ਨੂੰ ਮਜ਼ਦੂਰਾਂ 'ਤੇ ਕੰਮ ਬੋਝ ਵਧਾਉਣ ਲਈ ਵਰਤਣਾ, ਉਹਨਾਂ ਤੋਂ ਵੱਧ ਤੋਂ ਵੱਧ ਕੰਮ ਲੈਣਾ। ਦੂਜੇ ਹੱਥ, ਜਾਬਰ ਤੇ ਅਣਮਨੁੱਖੀ ਕੰਮ ਦੀਆਂ ਹਾਲਤਾਂ ਪੈਦਾ ਕਰਕੇ ਉਜਰਤ ਗੁਲਾਮੀ ਅਤੇ ਲੁੱਟ ਦਾ ਸ਼ਿਕੰਜਾ ਹੋਰ ਹੋਰ ਕਸਣਾ। ਮਾਰਤੀ ਸੁਜ਼ੂਕੀ ਇਸ ਸਾਰੇ ਕਾਸੇ ਦੀ ਬਹੁਤ ਉੱਘੜਵੀਂ ਮਿਸਾਲ ਹੈ। ਅਤੇ ਇਹ ਨਵਾਂ 'ਬੌਂਡ' ਇਸੇ ਮਕਸਦ ਦੀ ਪੂਰਤੀ ਵਾਸਤੇ ਇੱਕ ਸੰਦ ਹੈ।
ਗੁੜਗਾਉਂ ਸਨਅੱਤੀ ਪੱਟੀ : ਮਜ਼ਦੂਰ ਹਲਚਲ ਦਾ ਮਘ ਰਿਹਾ ਅਖਾੜਾ
ਦਿੱਲੀ ਦੇ ਬਾਰਡਰ ਨਾਲ ਲੱਗਦਾ ਹਰਿਆਣੇ ਗੁੜਗਾਓਂ ਜ਼ਿਲ੍ਹਾ ਇੱਕ ਅਹਿਮ ਸਨਅੱਤੀ ਕੇਂਦਰ ਹੈ। ਅਖਬਾਰੀ ਖਬਰਾਂ ਮੁਤਾਬਕ ਇਸ ਸਨਅੱਤੀ ਪੱਟੀ ਵਿਚ ਕੋਈ 20 ਲੱਖ ਮਜ਼ਦੂਰ ਹਨ। ਵੱਡੀ ਆਟੋ ਇੰਡਸਟਰੀ ਅਤੇ ਟੈਕਸਟਾਈਲ ਇੰਡਸਰੀ ਦਾ ਇਹ ਅਹਿਮ ਕੇਂਦਰ ਹੈ। ਮਜ਼ਦੂਰਾਂ ਦੀ ਅੰਨ੍ਹੀਂ ਲੁੱਟ ਕੀਤੀ ਜਾਂਦੀ ਹੈ ਅਤੇ ਗੁੰਡਿਆਂ ਅਤੇ ਪੁਲਸ ਦੀ ਤਾਕਤ ਦੇ ਜ਼ੋਰ ਮਜ਼ਦੂਰਾਂ ਨੂੰ ਦਬਾਇਆ ਕੁਚਲਿਆ ਜਾਂਦਾ ਹੈ। ਬੀਤੇ ਸਾਲਾਂ ਵਿੱਚ ਹਰਿਆਣਾ ਸਰਕਾਰ ਅਤੇ ਫੈਕਟਰੀ ਮਾਲਕਾਂ ਨੇ ਟਿੱਲ ਲਾਇਆ ਕਿ ਇਸ ਖਿੱਤੇ ਨੂੰ ਮਜ਼ਦੂਰ ਯੂਨੀਅਨਾਂ ਤੋਂ ਮੁਕਤ ਰੱਖਿਆ ਜਾਵੇ। ਪਰ ਪਿਛਲੇ ਕੁਝ ਸਮੇਂ ਤੋਂ ਗੱਲ ਉਹਨਾਂ ਦੇ ਹੱਥਾਂ ਵਿੱਚੋਂ ਨਿਕਲਦੀ ਜਾ ਰਹੀ ਹੈ। 2005 ਵਿੱਚ ਹੌਂਡਾ ਜਪਾਨੀ ਮੋਟਰ ਸਾਈਕਲ ਫੈਕਟਰੀ ਦੇ ਮਜ਼ਦੂਰਾਂ ਦੇ ਘੋਲ ਅਤੇ ਪੁਲਸ ਵੱਲੋਂ ਅੰਨ੍ਹੇ ਜਬਰ ਤੋਂ ਬਾਅਦ ਦੇ ਸਮੇਂ ਵਿੱਚ ਹਾਲਤ ਨੇ ਕਰਵਟ ਲੈਣੀ ਸ਼ੁਰੂ ਕੀਤੀ ਹੋਈ ਹੈ। ਮਜ਼ਦੂਰ ਸੰਘਰਸ਼ਾਂ ਦੇ ਅਖਾੜੇ ਮਘਣ ਅਤੇ ਯੂਨੀਅਨਾਂ ਬਣਨ ਦਾ ਅਮਲ ਤੇਜ ਹੋਇਆ ਹੈ। ਅਕਤੂਬਰ 2006 ਵਿੱਚ ਹੀਰੋ ਹੌਂਡਾ ਦੇ ਮਜ਼ੂਦਰਾਂ ਦਾ ਸੰਘਰਸ਼, 2007 ਵਿੱਚ ਡੈਲਫੀ (ਕਾਰਾਂ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ) ਦੇ ਮਜ਼ਦੂਰਾਂ ਦਾ ਸੰਘਰਸ਼, ਅਗਸਤ 2007 ਵਿੱਚ ਦਰਜਨ ਤੋਂ ਵੱਧ ਫੈਕਟਰੀਆਂ ਵਿੱਚ ਘੱਟੋ ਘੱਟ ਉਜਰਤਾਂ ਵਧਾਉਣ ਦਾ ਸੰਘਰਸ਼ ਅਤੇ 2009 ਵਿੱਚ ਰੀਕੋ ਆਟੋ ਇੰਡਸਟਰੀ ਦੇ ਮਜ਼ਦੂਰਾਂ ਦਾ ਤਾਲਾਬੰਦੀ ਖਿਲਾਫ ਸੰਘਰਸ਼ ਅਤੇ ਇਸ ਦੌਰਾਨ ਫੈਕਟਰੀ ਮਾਲਕਾਂ ਦੇ ਗੁੰਡਿਆਂ ਵੱਲੋਂ ਇੱਕ ਮਜ਼ਦੂਰ ਦਾ ਕਤਲ ਕਰਨ ਵਿਰੁੱਧ 70 ਤੋਂ ਵੱਧ ਫੈਕਟਰੀਆਂ ਦੇ ਇੱਕ ਲੱਖ ਮਜ਼ਦੂਰਾਂ ਦੀ ਹੜਤਾਲ ਕੁਝ ਅਹਿਮ ਸੰਘਰਸ਼ ਹਨ। ਇਸੇ ਲੜੀ ਵਿੱਚ ਮਾਰੂਤੀ ਸੁਜ਼ੂਕੀ ਦੇ ਮਜ਼ਦੂਰਾਂ ਦਾ ਬੀਤੇ ਦਿਨਾਂ ਵਿੱਚ ਜੂਨ 2011 ਤੋਂ ਅਕਤੂਬਰ 2011 ਦਾ ਲੰਬਾ ਤੇ ਸ਼ਾਨਦਾਰ ਸੰਘਰਸ਼ ਹੈ। ਹਾਲਾਤ ਇਸ ਗੱਲ ਨੂੰ ਉਜਾਗਰ ਕਰ ਰਹੇ ਹਨ ਕਿ ਵੱਡੇ (ਦੇਸੀ-ਵਿਦੇਸ਼ੀ) ਸਰਮਾਏਦਾਰਾਂ ਅਤੇ ਸਰਕਾਰ ਦੀ ਗੁੜਗਾਉਂ ਨੂੰ ਮਜ਼ਦੂਰ ਸੰਘਰਸ਼ਾਂ ਅਤੇ ਯੂਨੀਅਨਾਂ ਤੋਂ ਮੁਕਤ ਰੱਖਣ ਦੀ ਵਿਉਂਤ ਘੱਟੇ ਰੁਲ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਗੁੜਗਾਵਾਂ ਮਜ਼ਦੂਰ ਸੰਘਰਸ਼ਾਂ ਦਾ ਹੋਰ ਵੀ ਉੱਘੜਵਾਂ ਅਖਾੜਾ ਬਣੇਗਾ।
No comments:
Post a Comment