ਚੰਡੀਗੜ੍ਹ ਧਰਨੇ ਦੀ ਤਿਆਰੀ:
ਖੇਤ ਮਜ਼ਦੂਰ ਮੁਹਿੰਮ ਦੀ ਰਿਪੋਰਟ
—ਪੱਤਰਪ੍ਰੇਰਕ
ਗੋਬਿੰਦਪੁਰਾ ਘੋਲ ਦਾ ਤਸੱਲੀਬਖਸ਼ ਨਿਪਟਾਰਾ ਕਰਵਾ ਲੈਣ ਤੋਂ ਬਾਅਦ ਅੱਜ ਕੱਲ੍ਹ 17 ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਕਈ ਹੋਰ ਅਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਅਹਿਮ ਮੁੱਦਿਆਂ ਨੂੰ ਲੈ ਕੇ 6 ਦਸੰਬਰ ਤੋਂ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਲਾਏ ਜਾਣ ਵਾਲੇ ਪੱਕੇ ਧਰਨੇ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਧਰਨੇ ਦੀ ਸਭ ਤੋਂ ਪ੍ਰਮੁੱਖ ਮੰਗ ਪੇਂਡੂ/ਖੇਤ ਮਜ਼ਦੂਰਾਂ ਦੇ ਪੂਰੇ ਘਰੇਲੂ ਬਿਜਲੀ ਬਿੱਲ ਜਾਤ-ਧਰਮ ਅਤੇ ਲੋਡ ਦੀ ਸ਼ਰਤ ਹਟਾ ਕੇ ਮੁਆਫ ਕਰਨ, ਖੜ੍ਹੇ ਬਕਾਏ ਖਤਮ ਕਰਨ ਤੇ ਪੁੱਟੇ ਮੀਟਰ ਮੁੜ ਚਾਲੂ ਕਰਨ ਦੀ ਹੈ। ਇਸ ਤੋਂ ਇਲਾਵਾ ਖੇਤੀ ਮੋਟਰਾਂ ਦੀ ਬਿੱਲ ਮੁਆਫੀ ਦਾ ਪੱਕਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਪਿਛਲੇ ਬਕਾਏ ਖਤਮ ਕਰਨ, 5 ਏਕੜ ਤੋਂ ਘੱਟ ਵਾਲਿਆਂ ਨੂੰ ਤੁਰੰਤ ਮੋਟਰ ਕੁਨੈਕਸ਼ਨ ਦੇਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਕਰਜ਼ੇ ਖਤਮ ਕਰਨ, ਸੂਦਖੋਰੀ ਸਬੰਧੀ ਨਵਾਂ ਮਜ਼ਦੂਰ-ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੂੰ ਪਲਾਟ ਦੇਣ, ਮਨਰੇਗਾ ਤਹਿਤ ਸਾਰਾ ਸਾਲ ਰੁਜ਼ਗਾਰ 200 ਰੁਪਏ ਦਿਹਾੜੀ 'ਤੇ ਦੇਣ, ਪੈਨਸ਼ਨਾਂ ਦੀ ਰਾਸ਼ੀ ਵਿੱਚ ਵਾਧਾ ਕਰਨ ਤੇ ਸ਼ਗਨ ਸਕੀਮ ਦੇ ਖੜ੍ਹੇ ਬਕਾਏ ਦੇਣ ਅਤੇ ਹੜ੍ਹਾਂ ਤੇ ਭਾਰੀ ਬਾਰਸ਼ਾਂ ਕਾਰਨ ਡਿਗੇ ਮਕਾਨਾਂ ਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਵਰਗੀਆਂ ਮੰਗਾਂ ਵੀ ਸ਼ਾਮਲ ਹਨ।
ਪੇਂਡੂ ਤੇ ਖੇਤ ਮਜ਼ਦੂਰਾਂ ਦੇ ਬਿਜਲੀ ਬਿੱਲਾਂ ਦੀ ਮੁਆਫੀ ਦੀ ਮੰਗ ਨੂੰ ਲੈ ਕੇ 17 ਜਥੇਬੰਦੀਆਂ ਵੱਲੋਂ ਵਿਸ਼ੇਸ਼ ਜ਼ੋਰ ਦੇਣ ਅਤੇ ਸਰਕਾਰ ਉਪਰ ਦਬਾਅ ਵਧਾਉਣ ਲਈ ਇਸ ਤੋਂ ਪਹਿਲਾਂ ਵੀ ਏਸੇ ਇਕੱਲੀ ਮੰਗ ਉਪਰ ਹੀ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਦੇਣ ਤੇ ਫਿਰ ਮੰਤਰੀਆਂ ਦੇ ਘਰਾਂ ਵੱਲ ਮਾਰਚ ਕਰਨ ਦੇ ਦੋ ਸਫਲ ਐਕਸ਼ਨ ਕੀਤੇ ਜਾ ਚੁੱਕੇ ਹਨ। ਇਹਨੀਂ ਦਿਨੀਂ ਵੀ ਮਜ਼ਦੂਰਾਂ ਦੀ ਮੁੱਖ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਲੱਗਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਲਈ ਸਾਰੇ ਪੰਜਾਬ ਵਿੱਚ ਹੀ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਗਰਮੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਖੇਤ ਮਜ਼ੂਦਰ ਯੂਨੀਅਨ ਦੁਆਰਾ ਕੀਤੀ ਜਾ ਰਹੀ ਤਿਆਰੀ ਦੀ ਪ੍ਰਾਪਤ ਹੋਈ ਰਿਪੋਰਟ ਨਮੂਨੇ ਵਜੋਂ ਪੇਸ਼ ਕਰ ਰਹੇ ਹਾਂ।
ਇਸ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਖੇਤ ਮਜ਼ਦੂਰਾਂ ਦੀ ਹਾਜ਼ਰੀ ਯਕੀਨੀ ਬਣਾਉਣ, ਦ੍ਰਿੜ੍ਹਤਾ ਨਾਲ ਖੜ੍ਹਨ ਅਤੇ ਪਿੰਡਾਂ ਵਿੱਚ ਜ਼ੋਰਦਾਰ ਤੇ ਜਾਨਦਾਰ ਸਰਗਰਮੀ ਰਾਹੀਂ ਮਜ਼ਦੂਰ ਵਿਹੜਿਆਂ ਨੂੰ ਹਰਕਤ ਵਿੱਚ ਲਿਆਉਣ ਲਈ ਖੇਤ ਮਜ਼ਦੂਰ ਜਥੇਬੰਦੀ ਵੱਲੋਂ 160 ਦੇ ਕਰੀਬ ਪੰਜਾਬ ਭਰ ਦੇ ਆਗੂਆਂ ਤੇ ਸਰਗਰਮ ਘੁਲਾਟੀਆਂ ਨੂੰ ਵੱਖ ਵੱਖ ਪੱਖਾਂ ਨਾਲ ਲੈਸ ਕਰਨ ਲਈ ਦੋ ਵਾਰ ਸਿੱਖਿਆਦਾਇਕ ਵਿਸਥਾਰੀ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਦੌਰਾਨ ਜਿਹਨਾਂ ਪੱਖਾਂ ਉਪਰ ਜ਼ੋਰ ਦਿੱਤਾ ਗਿਆ, ਉਹਨਾਂ ਵਿੱਚ ਬਿਜਲੀ ਬਿੱਲਾਂ ਦੀ ਬਿਨਾ ਸ਼ਰਤ ਮੁਆਫੀ ਸਮੇਤ ਬਾਕੀ ਮੰਗਾਂ ਦੀ ਵਾਜਬੀਅਤ ਅਤੇ ਮਹੱਤਤਾ ਉਭਾਰਨ, ਇਹਨਾਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਅਖਤਿਆਰ ਕੀਤੀਆਂ ਸਾਮਰਾਜੀ ਨੀਤੀਆਂ ਉਪਰ ਪਹਿਰਾ ਦੇ ਕੇ ਲਾਗੂ ਕਰਨ ਦੀ ਫੜੀ ਧੁੱਸ, ਇਸੇ ਧੁੱਸ ਨੂੰ ਹੋਰ ਤੇਜੀ ਨਾਲ ਅੱਗੇ ਵਧਾਉਣ ਲਈ ਆਉਂਦੇ ਸਮੇਂ 'ਚ ਚੁੱਕੇ ਜਾਣ ਵਾਲੇ ਵੱਡੇ ਕਦਮਾਂ ਦੀ ਬਦੌਲਤ ਮਜ਼ਦੂਰਾਂ ਉਪਰ ਪੈਣ ਵਾਲੇ ਮਾੜੇ ਪ੍ਰਭਾਵ, ਇਹਨਾਂ ਵੱਡੇ ਨੀਤੀ ਕਦਮਾਂ ਨੂੰ ਮੋੜਾ ਦੇ ਕੇ ਮੰਗਾਂ ਲਾਗੂ ਕਰਵਾਉਣ ਲਈ ਸਿਰੜੀ ਤੇ ਜਨਤਕ ਟਾਕਰੇ ਦੀ ਲਹਿਰ ਖੜ੍ਹੀ ਕਰਨ ਦੀ ਉੱਭਰਦੀ ਲੋੜ, ਵਿਸ਼ਾਲ ਸਿਰੜੀ ਤੇ ਦ੍ਰਿੜ੍ਹ ਘੋਲ ਦੇ ਆਸਰੇ ਮੰਗਾਂ ਲਾਗੂ ਕਰਵਾ ਸਕਣ ਦੀਆਂ ਰੌਸ਼ਨ ਸੰਭਾਵਨਾਵਾਂ (ਚੋਣਾਂ ਨਜ਼ਦੀਕ ਹੋਣ ਕਾਰਨ ਪੰਜਾਬ ਸਰਕਾਰ ਜਨਤਕ ਲਹਿਰ ਉਪਰ ਵੱਡੇ ਹਮਲੇ ਦੀ ਹਾਲਤ ਵਿੱਚ ਨਹੀਂ ਪ੍ਰੰਤੂ ਬਿਨਾ ਭੇੜ ਲਏ ਤੋਂ ਸ਼ਾਂਤਮਈ ਰੋਸ ਵਿਖਾਵਿਆਂ ਨਾਲ ਮੰਗਾਂ ਲਾਗੂ ਕਰਨ ਲਈ ਮਜਬੂਰ ਵੀ ਨਹੀਂ ਕੀਤੀ ਸਕਦੀ।) ਮੌਜੂਦ ਹਨ। ਇਸ ਘੋਲ ਨੂੰ ਗੋਬਿੰਦਪੁਰਾ ਘੋਲ ਦੀਆਂ ਮੰਗਾਂ ਦੀ ਪੂਛ ਨਾ ਸਮਝਿਆ ਜਾਵੇ ਸਗੋਂਵੱਖਰੇ ਤੇ ਵੱਡੇ ਘੋਲ ਵਜੋਂ ਲਿਆ ਜਾਵੇ ਆਦਿਕ ਪੱਖਾਂ ਨਾਲ ਲੈਸ ਕੀਤਾ ਗਿਆ। ਕੰਮ ਦੇ ਕਸਾਅ ਦੇ ਬਾਵਜੂਦ ਜਨਤਕ ਹਰਕਤਸ਼ੀਲਤਾ ਖਾਤਰ ਰੈਲੀਆਂ, ਜਾਗੋ, ਬਿੱਲ ਸਾੜਨ ਤੇ ਅਰਥੀਆਂ ਸਾੜਨ ਵਰਗੀਆਂ ਸ਼ਕਲਾਂ ਰਾਹੀਂ ਤਿਆਰੀ ਕਰਨ ਦਾ ਸੱਦਾ ਦਿੱਤਾ ਗਿਆ। ਇਸੇ ਦੌਰਾਨ ਪ੍ਰਾਪਤ ਸੂਚਨਾ ਅਨੁਸਾਰ ਬੀ.ਕੇ.ਯੂ. ਏਕਤਾ ਵੱਲੋਂ ਵੀ ਆਪਣੀਆਂ ਸਫਾਂ ਨੂੰ ਘੋਲ ਲਈ ਤਿਆਰ ਕਰਨ ਖਾਤਰ ਕਰੀਬ 800 ਆਗੂਆਂ, ਵਰਕਰਾਂ ਤੇ ਸਰਗਰਮਾਂ ਦੀਆਂ ਵੱਖ ਵੱਖ ਥਾਈਂ ਸਿੱਖਿਆਦਾਇਕ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ। ਖੇਤ ਮਜ਼ਦੂਰ ਹਿੱਸਿਆਂ ਨੂੰ ਘੋਲ ਵਿੱਚ ਸ਼ਾਮਲ ਕਰਨ ਲਈ ਸੂਬਾ ਕਮੇਟੀ ਵੱਲੋਂ ਦੋ ਫੈਸਲੇ ਲਏ ਗਏ। ਇੱਕ ਜਿਥੇ ਵੀ ਕਿਸਾਨ ਇਕਾਈਆਂ ਹਨ, ਉਥੋਂ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇ ਅਤੇ ਦੂਜਾ ਇਕਾਈਆਂ ਤੋਂ ਬਾਹਰਲੇ ਪਿਡਾਂ ਵਿੱਚੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਮਿਲ ਕੇ ਕਿਸਾਨਾਂ ਕੋਲੋਂ ਵਿਸ਼ੇਸ਼ ਅੰਦੋਲਨ ਫੰਡ ਇਕੱਠਾ ਕੀਤਾ ਜਾਵੇ, ਜਿਸਦੀ ਮੁੱਖ ਤੌਰ 'ਤੇ ਵਰਤੋਂ ਮਜ਼ਦੂਰਾਂ ਲਈ ਕੀਤੀ ਜਾਵੇ।
ਸਿੱਖਿਆਦਾਇਕ ਮੀਟਿੰਗਾਂ ਤੋਂ ਬਾਅਦ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਮੁੱਖ ਮੰਤਰੀ ਬਾਦਲ ਦੇ ਸੰਗਤ ਦਰਸ਼ਨਾਂ ਵਾਲੇ ਦਿਨ ਰੋਸ ਵਿਖਾਵਾ ਤੇ ਅਰਥੀ ਸਾੜਨ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਕਰੀਬ 25 ਪਿੰਡਾਂ ਵਿੱਚ ਅਰਥੀਆਂ ਤੇ ਬਿਜਲੀ ਬਿੱਲ ਸਾੜੇ ਗਏ। ਜਾਗੋ ਤੇ ਮਸ਼ਾਲ ਮਾਰਚ ਕੀਤੇ ਜਾ ਚੁੱਕੇ ਹਨ ਅਤੇ ਇਹ ਮੁਹਿੰਮ 5 ਦਸੰਬਰ ਤੱਕ ਜਾਰੀ ਰਹਿਣੀ ਹੈ। ਆਉਂਦੇ ਦਿਨਾਂ ਵਿੱਚ ਇਸਦਾ ਘੇਰਾ ਹੋਰ ਵਧਣਾ ਹੈ। ਇਸ ਤੋਂ ਇਲਾਵਾ ਮਜ਼ਦੂਰ ਵਿਹੜਿਆਂ ਵਿੱਚ ਮੀਟਿੰਗਾਂ, ਰੈਲੀਆਂ ਕਰਕੇ ਖੇਤ ਮਜ਼ੂਦਰਾਂ ਨੂੰ ਚੰਡੀਗੜ੍ਹ ਧਰਨੇ ਲਈ ਤਿਆਰ ਕਰਨ ਲਈ ਜ਼ੋਰਦਾਰ ਮੁਹਿੰਮ ਲਾਮਬੰਦ ਕੀਤੀ ਗਈ। ਔਰਤਾਂ ਨੂੰ ਘੋਲ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਮੀਟਿੰਗਾਂ ਜਥੇਬੰਦ ਕੀਤੀਆਂ ਜਾ ਰਹੀਆਂ ਹਨ। ਵੱਡੀ ਪੱਧਰ 'ਤੇ ਗਰੁੱਪਾਂ ਵੱਲੋਂ ਫੰਡ ਤੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਰੂਪਾਂ ਵਿੱਚ ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਮੋਹਰੀ ਆਗੂਆਂ, ਵਰਕਰਾਂ ਅਤੇ ਸਰਗਰਮਾਂ ਨੂੰ ਜਿਹਨਾਂ ਵੱਖ ਵੱਖ ਪੱਖਾਂ ਨਾਲ ਲੈਸ ਕੀਤਾ ਗਿਆ ਹੈ, ਉਹਨਾਂ ਦਾ ਧੁਰ ਹੇਠਾਂ ਘਰ ਘਰ ਤੱਕ ਸੰਚਾਰ ਕੀਤਾ ਜਾ ਰਿਹਾ ਹੈ।
(2 ਦਸੰਬਰ, 2011)
No comments:
Post a Comment