ਪੰਜਾਬ ਚੋਣਾਂ ਦਾ ਦ੍ਰਿਸ਼ -ਕੁੱਝ ਗੱਲਾਂ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਆਉਦੀਆਂ ਹਨ, ਲੰਘ ਜਾਂਦੀਆਂ ਹਨ, ਇਉਂ ਤਾਂ ਨਵਾਂ ਕੁੱਝ ਵੀ ਨਹੀਂ ਹੁੰਦਾ। ਨਵਾਂ ਤਾਂ ਇਹੀ ਹੁੰਦਾ ਹੈ ਕਿ ਹਰ ਵਾਰ ਦੀਆਂ ਚੋਣਾਂ ਹੋਰ ਜ਼ਿਆਦਾ ਡੂੰਘੇ ਹੋ ਚੁੱਕੇ ਸਮਾਜਿਕ-ਆਰਥਿਕ ਸੰਕਟਾਂ ਦਰਮਿਆਨ ਹੁੰਦੀਆਂ ਹਨ। ਇਹਨਾਂ ਚੋਣਾਂ ਕੋਲ ਇਹਨਾਂ ਸੰਕਟਾਂ ਦਾ ਕੋਈ ਹੱਲ ਨਹੀਂ ਹੈ ਸਗੋਂ ਉਹ ਤਾਂ ਆਪ ਇਹਨਾਂ ਸੰਕਟਾਂ ਦਾ ਹਿੱਸਾ ਹਨ। ਹਾਕਮ ਜਮਾਤੀ ਸਿਆਸਤਦਾਨਾਂ ਦੀ ਕੁਰਸੀ ਦੀ ਇਹ ਖੇਡ ਇਹਨਾਂ ਸੰਕਟਾਂ ਦੇ ਵਧਾਰੇ ’ਚ ਹਿੱਸੇਦਾਰ ਵੀ ਹੈ ਤੇ ਮੋੜਵੇਂ ਰੂਪ ’ਚ ਇਹਨਾਂ ਸੰਕਟਾਂ ਦੇ ਡੂੰਘੇ ਹੋਣ ਨਾਲ ਹੋਰ ਜ਼ਿਆਦਾ ਨਿੱਘਰਦੀ ਜਾ ਰਹੀ ਹੈ। ਨਿੱਘਰਦਾ ਸਮਾਜਿਕ, ਆਰਥਿਕ ਤੇ ਰਾਜਨੀਤਕ ਢਾਂਚਾ ਤੇ ਹਾਕਮ ਜਮਾਤੀ ਸਿਆਸਤ ਦਾ ਸੰਕਟ ਆਪਸ ਵਿਚ ਜੁੜੇ ਹੋਏ ਹਨ। ਇਹ ਇੱਕ ਦੂਜੇ ਨੂੰ ਡੂੰਘਾ ਕਰਦੇ ਹਨ।
ਜਿਉਂ ਜਿਉਂ ਸਮਾਜ ਅੰਦਰ ਆਰਥਿਕ ਸੰਕਟ ਡੂੰਘਾ ਹੁੰਦਾ ਹੈ ਤਿਉਂ ਤਿਉਂ ਰਾਜ ਕਰਦੇ ਧੜਿਆਂ ਵਿਚ ਕੁੱਕੜਖੋਹੀ ਤੇਜ਼ ਹੁੰਦੀ ਹੈ। ਲੋਕਾਂ ਅੰਦਰ ਫੈਲਦੀ ਬੇਚੈਨੀ ਦਾ ਪ੍ਰਛਾਵਾਂ ਹਾਕਮ ਜਮਾਤੀ ਸਿਆਸਤ ’ਤੇ ਪੈਂਦਾ ਹੈ। ਇਸ ਬੇਚੈਨੀ ਨੂੰ ਵਰਤ ਕੇ ਇਕ ਦੂਜੇ ਨੂੰ ਠਿੱਬੀ ਲਾ ਕੇ ਕੁਰਸੀ ਤੱਕ ਪੁੱਜਣ ਦੇ ਯਤਨ ਤੇਜ਼ ਹੁੰਦੇ ਹਨ। ਪਰ ਇਸ ਬੇਚੈਨੀ ਨੂੰ ਵਰਤ ਕੇ ਹੀ ਮਸਲਾ ਮੁੱਕ ਨਹੀਂ ਜਾਂਦਾ, ਇਹ ਬੇਚੈਨੀ ਤਿੱਖੇ ਰੋਹ ’ਚ ਵਟਦੀ ਹੈ। ਰਾਜ ਸੱਤਾ ’ਤੇ ਬੈਠਿਆਂ ਲਈ ਸਿਰਦਰਦੀ ਬਣਦੀ ਹੈ ਪਰ ਖਰੇ ਇਨਕਲਾਬੀ ਬਦਲ ਦੀ ਅਣਹੋਂਦ ’ਚ ਇਹ ਅਗਲੀਆਂ ਚੋਣਾਂ ’ਚ ਕਿਸੇ ਹੋਰ ਹਾਕਮ ਜਮਾਤੀ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਂਦੀ ਹੈ। ਪੰਜਾਬ ਦਾ ਪਿਛਲੇ ਦਹਾਕਿਆਂ ਦਾ ਚੋਣ ਦ੍ਰਿਸ਼ ਅਜਿਹਾ ਹੀ ਹੁੰਦਾ ਹੈ।
ਸੰਸਾਰ ਸਾਮਰਾਜੀ ਪ੍ਰਬੰਧ ਦੇ ਅੰਗ ਵਜੋਂ ਸਾਡੇ ਮੁਲਕ ਤੇ ਪੰਜਾਬ ਅੰਦਰ ਆਰਥਿਕ-ਸਮਾਜਕ ਸੰਕਟ ਸਿਖਰਾਂ ਛੋਹ ਰਿਹਾ ਹੈ। ਆਰਥਿਕ ਸੁਧਾਰਾਂ ਦਾ ਸਾਮਰਾਜੀ ਹੱਲਾ ਕਿਰਤੀ ਲੋਕਾਂ ਦੀ ਜਿੰਦਗੀ ’ਚ ਉਥਲ-ਪੁਥਲ ਮਚਾ ਰਿਹਾ ਹੈ। ਲੋਕ ਇਹਨਾਂ ਸੰਕਟਾਂ ਤੋਂ ਨਿਜਾਤ ਚਾਹੁੰਦੇ ਹਨ। ਰੁਜ਼ਗਾਰ ਯਾਫ਼ਤਾ, ਖੁਸ਼ਹਾਲ ਤੇ ਸੁਖਾਲੀ ਜਿੰਦਗੀ ਚਾਹੁੰਦੇ ਹਨ ਪਰ ਹਾਕਮ ਜਮਾਤੀ ਸਿਆਸਤਦਾਨਾਂ ਤੇ ਪਾਰਟੀਆਂ ਕੋਲ ਦੇਸੀ ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਤੇ ਦੇਸੀ ਜਗੀਰਦਾਰਾਂ ਨੂੰ ਲੁਟਾਉਣ ਤੋਂ ਬਿਨਾਂ ਹੋਰ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਹਨਾਂ ਨੂੰ ਚੋਣਾਂ ’ਚ ਉੱਤਰਨਾ ਪੈਂਦਾ ਹੈ। ਪੰਜੀਂ ਸਾਲੀਂ ਮੋਹਰ ਲੁਆਉਣ ਦਾ ਢਮਢਮਾ ਕਰਨਾ ਪੈਂਦਾ ਹੈ। ਇਸ ਲਈ ਹਾਕਮ ਜਮਾਤੀ ਵੋਟ ਪਾਰਟੀਆਂ ਹਰ ਵਾਰ ਜਾਂ ਤਾਂ ਭਰਮਾਊ ਭਟਕਾਊ ਨਾਅਰੇ ਵਰਤਾਉਦੀਆਂ ਹਨ ਜਾਂ ਫਿਰ ਬਹੁਤ ਨਿਗੂਣੇ ਰਾਹਤ ਕਦਮਾਂ ਨੂੰ ਬਹੁਤ ਵੱਡੇ ਕਦਮਾਂ ਵਜੋਂ ਪ੍ਰਚਾਰਦੀਆਂ ਹਨ।
ਹੁਣ ਵੀ ਪੰਜਾਬ ਦੇ ਚੋਣ ਅਖਾੜੇ ਦਾ ਦ੍ਰਿਸ਼ ਅਜਿਹਾ ਹੀ ਹੈ। ਇਕ ਪਾਸੇ ਤਾਂ ਨਿੱਘਰਦੀ ਆਰਥਕ ਹਾਲਤ ਤੇ ਸਿਖਰਾਂ ਛੂਹ ਰਿਹਾ ਸਮਾਜਕ, ਸੱਭਿਆਚਾਰਕ ਤੇ ਵਾਤਾਵਰਨ ਦਾ ਸੰਕਟ ਸਿਆਸਤਦਾਨਾਂ ਨੂੰ ਮਜ਼ਬੂਰ ਕਰ ਰਿਹਾ ਹੈ ਕਿ ਉਹ ਕਿਸੇ ਵੱਡੀ ਤਬਦੀਲੀ ਦਾ ਦਾਅਵਾ ਕਰਨ। ਅਜਿਹੀ ਵੱਡੀ ਤਬਦੀਲੀ ਦੇ ਦਾਅਵੇ ਅਮੂਰਤ ਨਾਅਰਿਆਂ ਰਾਹੀਂ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਨਾਅਰਾ ਪੰਜਾਬ ਨੂੰ ਬਚਾਉਣ ਦਾ ਨਾਅਰਾ ਹੈ। ਹਰ ਸਿਆਸਤਦਾਨ, ਦੂਜੀ ਪਾਰਟੀ ਜਾਂ ਸਿਆਸਤਦਾਨ ਤੋਂ ਪੰਜਾਬ ਨੂੰ ਬਚਾਉਣ ਦਾ ਦਾਅਵਾ ਕਰ ਰਿਹਾ ਹੈ। ਚੋਣ ਪਿੜ ’ਚ ਨਵੇਂ ਉੱਭਰ ਰਹੇ ਖਿਡਾਰੀ ਰਵਾਇਤੀ ਸਿਆਸਤਦਾਨਾਂ ਤੋਂ ਪੰਜਾਬ ਨੂੰ ਬਚਾਉਣ ਦਾ ਹੋਕਾ ਦੇ ਰਹੇ ਹਨ। ਪਰ ਪੰਜਾਬ ਨੂੰ ਬਚਾਉਣ ਲਈ 1000 ਰੁਪਏ, 500 ਰੁ. ਜਾਂ ਕੋਈ ਹੋਰ ਨਿਗੂਣੀਆਂ ਰਿਆਇਤਾਂ ਦੇ ਲਾਰੇ ਲਾ ਰਹੇ ਹਨ। ਕਾਂਗਰਸ ਸਰਕਾਰ ਨੇ ਤਾਂ ਸਿੱਧਿਆਂ ਹੀ ਨੌਜਵਾਨਾਂ ਨੂੰ ਇੰਟਰਨੈਟ ਲਈ 1000 ਰੁ. ਤੇ ਬਜੁਰਗਾਂ ਨੂੰ ਵੀ 1000 ਰੁ. ਦੇਣ ਦੇ ਐਲਾਨ ਨਾਲ ਵੋਟ ਦੀ ਕੀਮਤ ਪਾਈ ਹੈ ਤੇ ਜਾਹਰਾ ਹੀ ਵੋਟਾਂ ਖਰੀਦਣ ਲਈ 1000-1000 ਰੁ. ਦੇਣ ਦੀ ਵਿਉਂਤ ਬਣਾਈ ਹੈ। ਇਸ ਜਰਜ਼ਰੇ ਹੋ ਚੁੱਕੇ ਲੁਟੇਰੇ ਨਿਜ਼ਾਮ ਅੰਦਰ ਕੋਈ ਕੇਜਰੀਵਾਲ ਮਾਡਲ ਦੀ ਗੱਲ ਕਰ ਰਿਹਾ ਹੈ, ਕੋਈ ਸਿੱਧੂ ਮਾਡਲ ਦੀ ਤੇ ਕੋਈ ਕਿਸੇ ਹੋਰ ਦੀ। ਇਹਨਾਂ ਮਾਡਲਾਂ ’ਚ ਇਕ ਪਾਸਿਉਂ ਮਾਲੀਆ ਉਗਰਾਹ ਕੇ ਦੂਜੇ ਪਾਸੇ ਪਾਉਣ ਨੂੰ ਹੀ ਸਭ ਕੁੱਝ ਦੱਸਿਆ ਜਾ ਰਿਹਾ ਹੈ। ਕੋਈ ਸ਼ਰਾਬ ਪਿਆ ਕੇ ਖਜ਼ਾਨਾ ਭਰਨ ਦੀ ਗੱਲ ਕਰ ਰਿਹਾ ਹੈ ਤੇ ਕੋਈ ਰੇਤਾ ਬੱਜਰੀ ਰਾਹੀਂ। ਕੋਈ ਬੱਸਾਂ ’ਚ ਮੁਫ਼ਤ ਸਫ਼ਰ ਕਰਾਉਣ ਦੇ ਲਾਰੇ ਲਾ ਰਿਹਾ ਹੈ ਤੇ ਕੋਈ ਭ੍ਰਿਸ਼ਟਾਚਾਰ ਖਤਮ ਕਰਨ ਰਾਹੀਂ ਖਜ਼ਾਨਾ ਭਰਨ ਤੇ ਲਹਿਰਾਂ ਬਹਿਰਾਂ ਕਰਨ ਦੀ ਸੁਰ ਛੇੜ ਰਿਹਾ ਹੈ। ਪਿਛਲੇ ਸਾਲਾਂ ’ਚ ਵਪਾਰੀਆਂ, ਸਿਆਸਤਦਾਨਾਂ ਤੇ ਗੁੰਡਾ ਗਰੋਹਾਂ ਦੇ ਥ੍ਰੀ ਇਨ ਵਨ ਦੇ ਮਿਸ਼ਰਣ ’ਚੋਂ ਉੱਭਰੀਆਂ ਕੁੱਝ ਅਲਾਮਤਾਂ ਨੂੰ ਹੀ ਬੁਨਿਆਦੀ ਗੱਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਵਗੈਰਾ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਅਜਿਹੇ ਮਾਫੀਆ ਨੂੰ ਜਨਮ ਦੇਣ ਵਾਲੇ ਆਰਥਿਕ ਸੁਧਾਰਾਂ ਵਾਲੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਰੱਦ ਕਰਨ ਦੀ ਗੱਲ ਨਹੀਂ ਕੀਤੀ ਜਾ ਰਹੀ। ਇਸ ਸਮੁੱਚੇ ਚੋਣ ਦ੍ਰਿਸ਼ ’ਚੋਂ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੀ ਚਰਚਾ ਗਾਇਬ ਹੈ। ਕਈਆਂ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਸਿਆਸੀ ਸ਼ਰੀਕਾ ਭੇੜ ਨੂੰ ਇਹਦੇ ਦੁਆਲੇ ਘੁਮਾਉਣ ਦਾ ਯਤਨ ਕੀਤਾ। ਪਹਿਲਾਂ ਦੀਆਂ ਘਟਨਾਵਾਂ ਦੇ ਮਾਮਲੇ ’ਚ ਸਜ਼ਾਵਾਂ ਦੇ ਮੁੱਦੇ ’ਤੇ ਹੁਣ ਵਾਪਰੀਆਂ ਘਟਨਾਵਾਂ ਦੁਆਲੇ ਲਾਮਬੰਦੀਆਂ ਲਈ ਮੁਹਿੰਮਾਂ ਦੇ ਯਤਨ ਵੀ ਹੋਏ ਪਰ ਹਾਕਮ ਜਮਾਤੀ ਸਿਆਸਤਦਾਨਾਂ ਦੀ ਮੌਕਾਪ੍ਰਸਤੀ ਦੀ ਨੁਮਾਇਸ਼ ਇਸ ਹੱਦ ਤੱਕ ਲਗਦੀ ਆ ਰਹੀ ਹੈ ਕਿ ਲੋਕਾਂ ਨੇ ਇਹਨਾਂ ਦੀਆਂ ਸਿਆਸੀ ਕਲਾਬਾਜ਼ੀਆਂ ਨੂੰ ਜ਼ੋਰਦਾਰ ਹੁੰਗਾਰਾ ਨਹੀਂ ਭਰਿਆ। ਬਾਦਲਕਿਆਂ ਨੇ ਪੰਥਕ ਇਕੱਠ ਸੱਦ ਕੇ ਪੰਥ ਨੂੰ ਖਤਰੇ ਦੀ ਦੁਹਾਈ ਪਾਉਣ ਦਾ ਫਿਰ ਯਤਨ ਕੀਤਾ ਪਰ ਅਜੇ ਤੱਕ ਤਾਂ ਗੱਲ ਨਹੀਂ ਬਣੀ। ਅਮਰਿੰਦਰ ਨੇ ਪਾਕਿਸਤਾਨ ਤੇ ਕੌਮੀ ਸੁਰੱਖਿਆ ਦਾ ਘਰਾਟ ਰਾਗ ਜਾਰੀ ਰੱਖਿਆ ਹੋਇਆ ਹੈ ਪਰ ਪੰਜਾਬ ਦੇ ਲੋਕਾਂ ’ਚ ਹੱਕੀ ਜਮਾਤੀ ਤਬਕਾਤੀ ਮੁੱਦਿਆਂ ਦੀ ਵਧੀ ਹੋਈ ਚੇਤਨਾ ਤੇ ਤਿੱਖੀਆਂ ਜੱਦੋਜਹਿਦਾਂ ਨੇ ਇਹਨਾਂ ਮੁੱਦਿਆਂ ਨੂੰ ਵਡੇਰੇ ਹੁੰਗਾਰੇ ’ਚ ਨਾ ਵਟਣ ਦਿੱਤਾ ਸਗੋਂ ਕਿਸਾਨ ਸੰਘਰਸ਼ ਸਮੇਤ ਸਭਨਾਂ ਕਿਰਤੀ ਲੋਕਾਂ ਦੇ ਹੱਕੀ ਮੰਗਾਂ ਮਸਲਿਆਂ ’ਤੇ ਸੰਘਰਸ਼ਾਂ ਦਾ ਭਖਾਅ ਬਣਿਆ ਰਿਹਾ। ਲੋਕਾਂ ਦੀ ਜ਼ਿੰਦਗੀ ਦੇ ਜੂਨ-ਗੁਜ਼ਾਰੇ ਦੇ ਮੁੱਦੇ ਪਾਰਟੀਆਂ ਤੇ ਸਿਆਸਤਦਾਨਾਂ ਦੇ ਮੱਥੇ ’ਚ ਵੱਜ ਰਹੇ ਹਨ ਤੇ ਹਾਕਮ ਜਮਾਤਾਂ ਦੇ ਦੰਭੀ ਬਿਰਤਾਂਤਾਂ ਨਾਲ ਭੇੜ ’ਚ ਆ ਰਹੇ ਹਨ।
ਐਤਕੀਂ ਦੀਆਂ ਪੰਜਾਬ ਅਸੈਂਬਲੀ ਚੋਣਾਂ ਦੇ ਮਹੌਲ ’ਚ ਖੇਤੀ ਕਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਰਾਹੀਂ ਬਣੇ ਮਹੌਲ ਦੇ ਅੰਸ਼ ਵੀ ਸ਼ਾਮਲ ਹਨ। ਕਿਸਾਨ ਸੰਘਰਸ਼ ਨੇ ਰਵਾਇਤੀ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਇਕ ਵਾਰ ਪੰਜਾਬ ’ਚੋਂ ਗੈਰ-ਪ੍ਰਸੰਗਿਕ ਵਰਗੀ ਹਾਲਤ ’ਚ ਧੱਕ ਦਿੱਤਾ ਸੀ। ਲੋਕਾਂ ਅੰਦਰ ਹੱਕਾਂ ਬਾਰੇ ਚੇਤਨਾ ਦਾ ਵਿਆਪਕ ਸੰਚਾਰ ਹੋਇਆ ਹੈ। ਬਦਲਵੀਂ ਸਿਆਸਤ ਦੀ ਤਲਾਸ਼ ਤੇਜ਼ ਹੋਈ ਹੈ ਤੇ ਕਿਸਾਨ ਲੀਡਰਸ਼ਿਪ ਤੋਂ ਬਦਲਵੀਂ ਸਿਆਸੀ ਲੀਡਰਸ਼ਿੱਪ ਦੀਆਂ ਆਸਾਂ ਵੀ ਜਾਗੀਆਂ ਹਨ। ਕਿਸਾਨ ਸੰਘਰਸ਼ ਨੇ ਕਈ ਪੱਖਾਂ ਤੋਂ ਪੰਜਾਬੀ ਲੋਕਾਂ ਦੀ ਚੇਤਨਾ ਨੂੰ ਉਗਾਸਾ ਦਿੱਤਾ ਹੈ ਪਰ ਤਾਂ ਵੀ ਇਹ ਚੇਤਨਾ ਸਿਆਸੀ ਚੇਤਨਾ ਨਹੀਂ ਹੈ। ਇਸ ਵਿਚ ਸਿਆਸੀ ਚੇਤਨਾ ਦੇ ਕੁੱਝ ਅੰਸ਼ ਸ਼ਾਮਲ ਹਨ। ਇਹ ਚੇਤਨਾ ਅਜੇ ਕਿਸੇ ਸਿਆਸੀ ਤਬਦੀਲੀ ਲਈ ਲੋੜੀਂਦੇ ਸਪਸ਼ਟ ਨਕਸ਼ੇ ’ਚ ਨਹੀਂ ਵਟੀ ਹੋਈ। ਲੋਕਾਂ ਦੀ ਚੇਤਨਾ ਤੇ ਅਜੇ ਹਾਕਮ ਜਮਾਤੀ ਸਿਆਸਤ ਦੀ ਹੀ ਸਰਦਾਰੀ ਮੌਜੂਦ ਹੈ। ਹਾਕਮ ਜਮਾਤੀ ਸਿਆਸਤ ਦੁਆਰਾ ਉਭਾਰੇ ਗਏ ਮੁੱਦੇ ਅਜੇ ਲੋਕਾਂ ਦੀ ਸੋਚਣੀ ਨੂੰ ਅਸਰ ਅੰਦਾਜ਼ ਕਰਦੇ ਹਨ ਤੇ ਤਬਦੀਲੀ ਲਈ ਰਸਤੇ ਵਜੋਂ ਅਜੇ ਵੀ ਲੋਕਾਂ ਦੇ ਮਨਾਂ ’ਤੇ ਹਾਕਮ ਜਮਾਤੀ ਸੰਸਥਾਵਾਂ ਤੋਂ ਹੀ ਝਾਕ ਬਰਕਰਾਰ ਹੈ। ਕਿਸਾਨ ਸੰਘਰਸ਼ ਨਾਲ ਲੋਕਾਂ ਨੂੰ ਹੱਕਾਂ ਦੀ ਲੱਗੀ ਜਾਗ ਇਹ ਆਧਾਰ ਮੁਹੱਈਆ ਕਰਦੀ ਹੈ ਕਿ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਜ਼ੋਰ ਨਾਲ ਉਭਾਰਿਆ ਜਾਵੇ, ਇਹਨਾਂ ਦੇ ਹੱਲ ਨਾਲ ਲੋਕਾਂ ਦੀ ਜ਼ਿੰਦਗੀ ’ਚ ਇਨਕਲਾਬੀ ਤਬਦੀਲੀ ਵਾਪਰਨ ਦਾ ਸੰਬੰਧ ਉਜਾਗਰ ਕੀਤਾ ਜਾਵੇ, ਇਹਨਾਂ ਮੁੱਦਿਆਂ ਦੇ ਹਵਾਲੇ ਨਾਲ ਸਮੁੱਚੇ ਲੋਕ ਪੱਖੀ ਵਿਕਾਸ ਮਾਡਲ ਦਾ ਨਕਸ਼ਾ ਉਭਾਰਿਆ ਜਾਵੇ ਤੇ ਇਸ ਦੀ ਪ੍ਰਾਪਤੀ ਲਈ ਲੋਕਾਂ ਦੇ ਸੰਘਰਸ਼ਾਂ ਦਾ ਰਸਤਾ ਦਰਸਾਇਆ ਜਾਵੇ। ਖਾਸ ਕਰ ਤਾਜ਼ਾ ਕਿਸਾਨ ਸੰਘਰਸ਼ ਦਾ ਆਪਣਾ ਤਜ਼ਰਬਾ ਅਜਿਹਾ ਮੁੱਲਵਾਨ ਤਜਰਬਾ ਹੈ ਜਿਸ ਰਾਹੀਂ ਲੋਕਾਂ ਨੇ ਆਪਣੀ ਜਥੇਬੰਦ ਤਾਕਤ ਦੇ ਜੋਰ ਹਕੂਮਤੀ ਰਾਜ ਮਸ਼ੀਨਰੀ ਨਾਲ ਆਢਾ ਲਿਆ ਹੈ ਤੇ ਆਪਣੇ ਸੰਘਰਸ਼ ਦੇ ਜ਼ੋਰ ਸੰਸਦ ਤੋਂ ਕਾਨੂੰਨ ਰੱਦ ਕਰਵਾਏ ਹਨ। ਹੁਣ ਤੱਕ ਲੋਕਾਂ ਨੇ ਜਦੋਂ ਵੀ ਆਪਣੀ ਪੁਗਾਈ ਹੈ, ਉਹ ਆਪਣੀ ਚੇਤਨਾ ਤੇ ਸੰਘਰਸ਼ਾਂ ਦੇ ਜ਼ੋਰ ਪੁਗਾਈ ਹੈ। ਇਸ ਲਈ ਇਹ ਸੰਘਰਸ਼ ਹੀ ਹੋਰ ਉਚੇਰੇ ਪੜਾਵਾਂ ’ਤੇ ਪੁੱਜ ਕੇ ਅੰਤਿਮ ਤੌਰ ’ਤੇ ਬੁਨਿਆਦੀ ਇਨਕਲਾਬੀ ਤਬਦੀਲੀ ਦਾ ਜ਼ਰੀਆ ਬਣ ਸਕਦੇ ਹਨ ਤੇ ਲੋਕ ਆਪਣੀ ਸੱਤਾ ਉਸਾਰ ਸਕਦੇ ਹਨ। ਇਹਨਾਂ ਚੋਣਾਂ ’ਚ ਲੋਕਾਂ ਦੀ ਇਨਕਲਾਬੀ ਬਦਲ ਦੀ ਤੇਜ਼ ਹੋਈ ਤਲਾਸ਼ ਦੇ ਝਲਕਾਰੇ ਹੋਰ ਵੀ ਉੱਘੜਵੇਂ ਹਨ। ਲੋਕ ਆਪਣੀ ਖਰੀ ਇਨਕਲਾਬੀ ਪਾਰਟੀ ਦੀ ਤਲਾਸ਼ ’ਚ ਹਨ। ਇਸ ਤਲਾਸ਼ ’ਚੋਂ ਹੀ ਉਹ ਨਵੇਂ ਨਵੇਂ ਉਭਰਦੇ ਪਲੇਟਫਾਰਮਾਂ/ਲੀਡਰਾਂ ਵੱਲ ਅਹੁਲਦੇ ਹਨ ਤੇ ਆਸਾਂ ਨਾਲ ਜੁੜਦੇ ਹਨ। ਲੋਕ ਅਜਿਹੀ ਲੀਡਰਸ਼ਿੱਪ ਦੀ ਤਲਾਸ਼ ’ਚ ਹਨ ਜਿਹੜੀ ਸੰਕਟਾਂ ਦੇ ਭੰਵਰਾਂ ’ਚ ਘਿਰੀ ਉਹਨਾਂ ਦੀ ਜ਼ਿੰਦਗੀ ਨੂੰ ਸੌਖੀ ਬਣਾ ਸਕੇ ਪਰ ਅਜਿਹੀ ਪਾਰਟੀ ਸਿਆਸੀ ਦ੍ਰਿਸ਼ ’ਤੇ ਨਾ ਦਿਖਦੀ ਹੋਣ ਕਰਕੇ ਉਹ ਰੰਗ-ਬਰੰਗੀਆਂ ਸਿਆਸੀ ਸ਼ਕਤੀਆਂ ਤੋਂ ਅਜਿਹੀ ਤਵੱਕੋ ਰਖਦੇ ਹਨ।
ਲੋਕ ਮਨਾਂ ’ਚ ਖਰੇ ਇਨਕਲਾਬੀ ਬਦਲ ਦੀ ਤੇਜ਼ ਹੋਈ ਇਸ ਤਲਾਸ਼ ਨੂੰ ਇਨਕਲਾਬੀ ਸ਼ਕਤੀਆਂ ਵੱਲੋਂ ਜ਼ੋਰਦਾਰ ਹੁੰਗਾਰਾ ਭਰਨਾ ਚਾਹੀਦਾ ਹੈ। ਇਨਕਲਾਬੀ ਬਦਲ ਉਸਾਰਨ ’ਚ ਜੁਟੀਆਂ ਸ਼ਕਤੀਆਂ ਨੂੰ ਇਸ ਬਦਲ ਦਾ ਭਵਿੱਖ ਨਕਸ਼ਾ ਸਪਸ਼ਟਤਾ ਨਾਲ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਲੋਕਾਂ ਸਾਹਮਣੇ ਬਦਲ ਉਭਾਰਨ ਦੀ ਸਰਗਰਮੀ ਨੂੰ ਜਮਾਤੀ ਘੋਲਾਂ ਦੀ ਮੌਜੂਦਾ ਹਾਲਤ ਨਾਲ ਗੁੰਦਣਾ ਚਾਹੀਦਾ ਹੈ ਤੇ ਉਹਨਾਂ ਮੁੱਦਿਆਂ ’ਤੇ ਜ਼ੋਰ ਦੇਣਾ ਚਾਹੀਦਾ ਹੈ ਜਿਨ੍ਹਾਂ ਤੱਕ ਜਮਾਤੀ ਘੋਲਾਂ ਨੂੰ ਉਗਾਸਾ ਦੇਣ ਦੀ ਫੌਰੀ ਲੋੜ ਉੱਭਰੀ ਹੈ। ਇਹਨਾਂ ਮੁੱਦਿਆਂ ਨੂੰ ਅੱਗੇ ਰਾਜਭਾਗ ਦੀ ਤਬਦੀਲੀ ਦੇ ਬੁਨਿਆਦੀ ਮੁੱਦਿਆਂ ਨਾਲ ਜੋੜਨਾ ਚਾਹੀਦਾ ਹੈ। ਇਨਕਲਾਬੀ ਬਦਲ ਉਸਾਰਨ ਦੀ ਇਹ ਸਰਗਰਮੀ ਬਦਲਵੇਂ ਪ੍ਰੋਗਰਾਮ ਦੇ ਠੋਸ ਜਮਾਤੀ ਮੁੱਦਿਆਂ ਦੁਆਲੇ ਘੁੰਮਣੀ ਚਾਹੀਦੀ ਹੈ। ਇਨਕਲਾਬੀ ਬਦਲ ਉਸਾਰਨ ਦਾ ਇਹ ਕਾਰਜ ਇਸ ਵੇਲੇ ਸੂਬੇ ਅੰਦਰ ਸਭ ਤੋਂ ਉੱਭਰਵਾਂ ਕਾਰਜ ਬਣਦਾ ਹੈ। ਸਿਰਫ ਚੋਣਾਂ ਦੇ ਦਿਨਾਂ ’ਚ ਹੀ ਨਹੀਂ ਸਗੋਂ ਉਸ ਤੋਂ ਮਗਰੋਂ ਵੀ ਲਗਾਤਾਰ ਨਿਭਾਇਆ ਜਾਣ ਵਾਲਾ ਕਾਰਜ ਹੈ। ਇਸ ਕਾਰਜ ਤੋਂ ਬਿਨਾਂ ਸੂਬੇ ਦੇ ਜਮਾਤੀ ਘੋਲਾਂ ਨੂੰ ਵੀ ਵਿਕਾਸ ਦੀ ਅਗਲੀ ਡਿੰਗ੍ਹ ਨਹੀਂ ਭਰਾਈ ਜਾ ਸਕਦੀ। ਜਮਾਤੀ ਘੋਲਾਂ ਦੇ ਅਗਲੇ ਵਿਕਾਸ ਰਾਹੀਂ ਇਨਕਲਾਬੀ ਬਦਲ ਉਸਾਰਨ ਦਾ ਕੰਮ ਤੇ ਇਸਦੇ ਬਦਲ ਨੂੰ ਉਭਾਰਨ-ਪ੍ਰਚਾਰਨ ਦਾ ਕੰਮ ਇੱਕ ਗੁੰਦਵਾਂ ਕੰਮ ਬਣਦਾ ਹੈ। ਇਨਕਲਾਬੀ ਜਥੇਬੰਦੀਆਂ ਨੂੰ ਚੋਣਾਂ ਦੀ ਇਸ ਰੁੱਤ ’ਚ ਪੂਰੀ ਤਨਦੇਹੀ ਨਾਲ ਇਨਕਲਾਬੀ ਬਦਲ ਉਭਾਰਨ ਦੀ ਸਰਗਰਮੀ ’ਚ ਜੁੱਟਣਾ ਚਾਹੀਦਾ ਹੈ।
No comments:
Post a Comment