Tuesday, January 18, 2022

ਕਿਸਾਨ ਸੰਘਰਸ਼: ਕਿਉਂ ਝੁਕੀ ਹਕੂਮਤ

ਕਿਸਾਨ ਸੰਘਰਸ਼:

ਕਿਉਂ ਝੁਕੀ ਹਕੂਮਤ

 (ਕੁੱਝ ਪੱਖਾਂ ਦੀ ਚਰਚਾ)

ਇੱਕ ਵਰ੍ਹੇ ਤੋਂ ਉੱਪਰ ਚੱਲੇ ਕਿਸਾਨ ਘੋਲ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੂੰ ਇਤਿਹਾਸਕ ਬਣਾਉਣ ਵਾਲਾ ਪੱਖ ਸਿਰਫ਼ ਹਾਸਲ ਹੋਈ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਸਪਸ਼ਟ ਪ੍ਰਾਪਤੀ ਹੀ ਨਹੀਂ, ਬਲਕਿ ਇਸ ਸੰਘਰਸ਼ ਦਾ ਜੁਝਾਰ ਤਰੀਕਾ ਅਤੇ ਜਬਤ ਦਾ ਸਲੀਕਾ, ਇਸ ਦਾ ਅਰਸਾ, ਇਸ ਅੰਦਰ ਸ਼ਾਮਲ ਲੋਕ ਹਿੱਸੇ, ਇਸ ਦਾ ਪੰਜਾਬ ਦੇ ਸੱਭਿਆਚਾਰ ਅਤੇ ਸਿਆਸਤਤੇ ਅਸਰ, ਇਸ ਵੱਲੋਂ ਪਾਈਆਂ ਨਿਵੇਕਲੀਆਂ ਪਿਰਤਾਂ, ਦੇਸ਼ ਦੇ ਸਿਆਸੀ ਮਾਹੌਲ ਅੰਦਰ ਇਸ ਦਾ ਸਥਾਨ ਅਤੇ ਅਸਰ ਆਦਿ ਕਈ ਕੁੱਝ ਹੈ ਇੱਥੋਂ ਤੱਕ ਕਿ ਜਿਵੇਂ ਇਨ੍ਹਾਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਦਾ ਅਚਨਚੇਤ ਐਲਾਨ ਹੋਇਆ, ਉਹਨੇ ਵੀ ਇਸ ਜਿੱਤ ਨੂੰ ਹੋਰ ਰੰਗਦਾਰ ਬਣਾਇਆ

       ਮੋਦੀ ਹਕੂਮਤ ਦਾ ਪਿਛਲਾ ਵਿਹਾਰ, ਕਿਰਦਾਰ ਅਤੇ ਇਸ ਸੰਘਰਸ਼ ਨਾਲ ਨਜਿੱਠਣ ਲਈ ਅਪਣਾਇਆ ਜਾ ਰਿਹਾ ਤਰੀਕਾਕਾਰ ਰਲ ਮਿਲ ਕੇ ਇਹ ਪ੍ਰਭਾਵ ਪੈਦਾ ਕਰ ਰਹੇ ਸਨ ਕਿ ਪੂਰੀ ਪ੍ਰਾਪਤੀ ਲਈ ਜੱਦੋਜਹਿਦ ਅਜੇ ਹੋਰ ਚੱਲੇਗੀ ਇਸ ਦੇ ਅਧਿਕਾਰਤ ਨੁਮਾਇੰਦੇ ਲਗਾਤਾਰ ਖੇਤੀ ਕਨੂੰਨਾਂ ਨੂੰ ਤਰਕ-ਸੰਗਤ ਠਹਿਰਾ ਰਹੇ ਸਨ ਗੱਲਬਾਤ ਦਾ ਰਸਮੀ ਅਮਲ ਬੰਦ ਸੀ ਹਕੂਮਤ ਦੀ ਪਹੁੰਚ ਲਟਕਾਉਣ ਹੰਭਾਉਣ ਰਾਹੀਂ ਸੰਘਰਸ਼ ਦੇ ਲੜਾਕੂ ਤੱਤ ਨੂੰ ਖੋਰਨ, ਲਖੀਮਪੁਰ ਖੀਰੀ ਵਰਗੇ ਹਿੰਸਾ ਚੱਕਰ ਰਾਹੀਂ ਸਾਧਾਰਨ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਸਿੰਘੂ ਬਾਰਡਰ ਉੱਪਰ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਹੋਰ ਏਜੰਡੇ ਅੱਗੇ ਲਿਆਉਣ ਅਤੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਦਿਖ ਰਹੀ ਸੀ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਅਤੇ ਕਦਮਾਂ ਦੇ ਦਰਮਿਆਨ ਮੋਦੀ ਹਕੂਮਤ ਵੱਲੋਂ ਖੇਤੀ ਕਨੂੰਨਾਂ ਦੀ ਮੁਕੰਮਲ ਵਾਪਸੀ ਦੇ ਚੁੱਕੇ ਗਏ ਕਦਮ ਨੇ ਆਮ ਲੋਕਾਂ ਦੇ ਨਾਲ ਨਾਲ ਸੰਘਰਸ਼ਸ਼ੀਲ ਲੋਕਾਂ ਦੇ ਵੀ ਇੱਕ ਹਿੱਸੇ ਨੂੰ ਅਚੰਭਿਤ ਕੀਤਾ ਲੋਕਾਂ ਨੇ ਮੋਦੀ ਵੱਲੋਂ ਟੀ ਵੀ ਉੱਪਰ ਖੇਤੀ ਕਾਨੂੰਨਾਂ ਦੀ ਵਾਪਸੀ ਸਬੰਧੀ ਕੀਤੇ ਐਲਾਨ ਉਪਰ ਫੌਰੀ ਯਕੀਨ ਨਹੀਂ ਕੀਤਾ ਸੰਸਦ ਅੰਦਰ ਮੋਹਰ ਲੱਗਣ ਤੱਕ ਇਸ ਗੱਲ ਨੂੰ ਕੱਚੀ ਸਮਝਿਆ ਗਿਆ ਜਥੇਬੰਦੀਆਂ ਵੱਲੋਂ ਵੀ ਜਿੱਤ ਦਾ ਐਲਾਨ ਕਰਨ ਲਈ ਤਹੱਮਲ ਦਿਖਾਇਆ ਗਿਆ 

     ਇਸ ਫੈਸਲੇ ਦਾ ਇੱਕ ਕਾਰਨ ਅਨੇਕਾਂ ਸੂਬਿਆਂ ਦੀਆਂ ਰਹੀਆਂ  ਵਿਧਾਨ ਸਭਾਈ ਚੋਣਾਂ ਬਣਿਆ ਹੈ ਇਨ੍ਹਾਂ ਸੂਬਿਆਂ ਵਿੱਚੋਂ ਉੱਤਰ ਪ੍ਰਦੇਸ਼ ਇੱਕ ਮਹੱਤਵਪੂਰਨ ਚੋਣ ਪਿੜ ਹੈ ਜੋ ਭਾਜਪਾ ਹਕੂਮਤ ਦੇ ਮੁੱਖ ਗੜ੍ਹਾਂ ਵਿੱਚੋਂ ਇੱਕ ਹੈ ਪਿਛਲੇ ਸਮੇਂ ਅੰਦਰ ਇਹ ਭਾਜਪਾ ਦੀ ਵੰਡ ਪਾਊ ਸਿਆਸਤ ਦੀ ਮੁੱਖ ਪ੍ਰਯੋਗਸ਼ਾਲਾ ਬਣ ਕੇ ਉੱਭਰਿਆ ਹੈ ਆਪਣੇ ਆਕਾਰ ਪੱਖੋਂ ਵੀ ਇੱਕ ਵੱਡਾ ਰਾਜ ਹੋਣ ਕਾਰਨ ਇਸ ਦੀ ਸਿਆਸਤ ਮੁਲਕ ਦੀ ਕੇਂਦਰੀ ਸਿਆਸਤਤੇ ਅਸਰ ਪਾਉਂਦੀ ਹੈ ਅਤੇ ਇਹ ਰਾਜ ਸਭ ਤੋਂ ਵੱਧ ਗਿਣਤੀ ਵਿੱਚ ਸੰਸਦ ਮੈਂਬਰ ਭੇਜਦਾ ਹੈ ਕਿਸਾਨ ਸੰਘਰਸ਼ ਨੇ ਇਸ ਦੀ ਸਿਆਸਤ ਨੂੰ ਭਾਜਪਾ ਦੀਆਂ ਹਕੂਮਤੀ ਲੋੜਾਂ ਤੋਂ ਉਲਟ ਰੁਖ਼ ਅਸਰਅੰਦਾਜ਼ ਕੀਤਾ ਹੈ ਆਉਂਦੀਆਂ ਚੋਣਾਂ ਦੌਰਾਨ ਇੱਥੇ ਭਾਜਪਾ ਦੀਆਂ ਚੋਣ ਗਿਣਤੀਆਂ ਕਿਸਾਨ ਸੰਘਰਸ਼ ਨਾਲ ਪ੍ਰਭਾਵਤ ਹੁੰਦੀਆਂ ਨਜ਼ਰ ਆਉਂਦੀਆਂ ਸਨ ਕਿਸਾਨ ਸੰਘਰਸ਼ ਨੇ ਪੰਜਾਬ ਅੰਦਰ ਵੀ ਜ਼ੋਰਦਾਰ ਭਾਜਪਾ ਵਿਰੋਧੀ ਮਾਹੌਲ ਸਿਰਜਿਆ ਸੀ ਇਸ ਕਰਕੇ ਮੋਦੀ ਹਕੂਮਤ ਨੂੰ ਮਜ਼ਬੂਰ ਕਰਨ ਵਿੱਚ ਇਸ ਕਾਰਕ ਦਾ ਅਹਿਮ ਰੋਲ ਬਣਿਆ ਹੈ, ਪਰ ਮੋਦੀ ਹਕੂਮਤ ਨੂੰ ਪਿੱਛੇ ਮੁੜਨ ਲਈ ਮਜ਼ਬੂਰ ਕਰਨ ਪਿੱਛੇ ਇਹ ਹੀ ਇੱਕੋ ਇੱਕ ਕਾਰਕ ਨਹੀਂ ਸੀ

         ਸਾਡੇ ਦੇਸ਼ ਦੀ ਹਾਕਮ ਜਮਾਤੀ ਸਿਆਸਤ ਉੱਪਰ ਸਾਮਰਾਜੀ ਸ਼ਕਤੀਆਂ ਅਤੇ ਉਨ੍ਹਾਂ ਦੇ ਦੇਸੀ ਸੰਗੀਆਂ ਦਾ ਗਲਬਾ ਹੈ ਇਸ ਸਿਆਸਤ ੳੱੁਪਰ ਇਸੇ ਗਲਬੇ ਦੇ ਸਿਰਤੇ ਉਹ ਇੱਥੋਂ ਦੀਆਂ ਆਰਥਿਕ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੁੰਦੇ ਹਨ ਇਸ ਸਿਆਸਤ ਅੰਦਰ ਕੁਰਸੀ ਦੀ ਦਾਅਵੇਦਾਰੀ ਲਈ ਸਾਮਰਾਜੀਆਂ ਤੇ ਉਨ੍ਹਾਂ ਦੇ ਦੇਸੀ ਝੋਲੀ ਚੁੱਕਾਂ ਦੇ ਹਿੱਤਾਂ ਪ੍ਰਤੀ ਆਪਣੀ ਵੱਧ ਤੋਂ ਵੱਧ ਵਫਾਦਾਰੀ ਦਰਸਾਉਣ ਦੀ ਮਜ਼ਬੂਰੀ ਬਣਦੀ ਹੈ ਮੁਲਕ ਦੀ ਸਿਆਸਤ ਉੱਪਰ ਭਾਰੂ ਸਾਮਰਾਜੀ ਸ਼ਕਤੀਆਂ ਅਤੇ ਉਨ੍ਹਾਂ ਦੇ ਦੇਸੀ ਸੰਗੀਆਂ ਵੱਲੋਂ ਹਾਸਲ ਵਿਕਲਪਾਂ ਵਿੱਚੋਂ ਉਸ ਰਾਜਸੀ ਪਾਰਟੀ ਦੀ ਚੋਣ ਕੀਤੀ ਜਾਂਦੀ ਹੈ ਜੋ ਵੱਧ ਤੋਂ ਵੱਧ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਕਰ ਸਕੇ ਅਜਿਹੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੰਨ੍ਹੇਂਵਾਹ ਫੰਡ ਝੋਕੇ ਜਾਂਦੇ ਹਨ, ਮੀਡੀਆ ਰਾਹੀਂ ਉਸ ਦੇ ਹੱਕ ਵਿੱਚ ਲੋਕ ਮੱਤ ਨੂੰ ਪ੍ਰਭਾਵਤ ਕੀਤਾ ਜਾਂਦਾ ਹੈ, ਵੋਟ ਮਸ਼ੀਨਾਂ ਤੋਂ ਲੈ ਕੇ ਬੂਥ ਕਬਜ਼ਿਆਂ ਤੱਕ ਵੰਨ ਸੁਵੰਨੇ ਤਰੀਕਿਆਂ ਰਾਹੀਂ ਉਸ ਦੀ ਜਿੱਤ ਯਕੀਨੀ ਬਣਾਈ ਜਾਂਦੀ ਹੈ ਇਉਂ ਨਾ ਸਿਰਫ ਆਪਣੀਆਂ ਵਫ਼ਾਦਾਰ ਸਰਕਾਰਾਂ ਘੜਨ ਦਾ ਸਗੋਂ ਆਪਣੇ ਹਿੱਤਾਂ ਤੋਂ ਥੋੜ੍ਹਾ ਹੀ ਉਲਟ ਜਾਂਦੀਆਂ ਸਰਕਾਰਾਂ ਨੂੰ ਡੇਗਣ ਦਾ ਵੀ ਇਨ੍ਹਾਂ ਸਾਮਰਾਜੀ ਸ਼ਕਤੀਆਂ ਦਾ ਲੰਮਾ ਚੌੜਾ ਇਤਿਹਾਸ ਹੈ ਅਤੇ ਦੁਨੀਆਂ ਭਰ ਦੇ ਸੈਂਕੜੇ ਮੁਲਕਾਂ ਨੇ ਇਉਂ ਸਾਮਰਾਜੀ ਲੋੜਾਂ ਪਿੱਛੇ ਸਰਕਾਰਾਂ ਬਣਨ ਡਿੱਗਣ ਅਤੇ ਸਿਆਸੀ ਖਾਨਾਜੰਗੀਆਂ ਝੱਲਣ ਦੇ ਅਮਲ ਹੰਢਾਏ ਹਨ

     ਮੋਦੀ ਹਕੂਮਤ ਇਨ੍ਹਾਂ ਸਾਮਰਾਜੀ ਨੀਤੀਆਂ ਦੀ ਪੱਕੀ ਪੈਰੋਕਾਰ ਬਣ ਕੇ ਉੱਭਰੀ ਹੈ ਇਹਨੇ ਮਨਮੋਹਨ ਹਕੂਮਤ ਵੱਲੋਂ ਚੁੱਕੇ ਗਏ ਨੀਤੀ ਕਦਮਾਂ ਦੀ ਰਫ਼ਤਾਰ ਤੋਂ ਨਾਖੁਸ਼ ਸਾਮਰਾਜੀਆਂ ਅੱਗੇ ਨਾ ਸਿਰਫ਼  ਬੇਹੱਦ ਤੇਜ਼ੀ ਨਾਲ ਵੱਡੇ ਨੀਤੀ ਕਦਮ ਚੁੱਕ ਕੇ ਆਪਣੀ ਕਾਰਗੁਜ਼ਾਰੀ ਸਾਬਤ ਕੀਤੀ ਬਲਕਿ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਮੁਕਾਬਲੇ ਲੋਕ ਰੋਹਚੋਂ ਉਪਜਣ ਵਾਲੇ ਵੱਡੇ ਸਿਆਸੀ ਖਤਰੇ ਸਹੇੜਨ ਵਿੱਚ ਵੀ ਗੁਰੇਜ਼ ਨਹੀਂ ਕੀਤਾ ਇਹੀ ਕਾਰਗੁਜ਼ਾਰੀ ਇਹਦੇ ਦੁਬਾਰਾ ਸੱਤਾ ਵਿੱਚ ਆਉਣ ਦਾ ਆਧਾਰ ਬਣੀ ਕਿਸਾਨ ਘੋਲ ਦੇ ਇੰਨਾ ਲੰਮਾਂ ਲਟਕਣ ਦਾ ਕਾਰਨ ਵੀ ਭਾਜਪਾ ਹਕੂਮਤ ਦੀ ਸਾਮਰਾਜੀ ਨੀਤੀਆਂ ਪ੍ਰਤੀ ਡੂੰਘੀ ਵਫ਼ਾਦਾਰੀ ਬਣਿਆ ਹੈ ਹਰ ਹੀਲੇ ਸਾਮਰਾਜ ਪੱਖੀ ਖੇਤੀ ਕਾਨੂੰਨ ਲਾਗੂ ਰੱਖਣ ਦੀ ਧੁੱਸ ਵਿੱਚੋਂ ਹੀ ਉਹਦੇ ਸਾਰੇ ਪੈਂਤੜੇ ਨਿਕਲਦੇ ਰਹੇ ਹਨ ਅਤੇ ਇਸ ਵਫਾਦਾਰੀ ਅਤੇ ਧੱਕੜਪੁਣੇ ਸਦਕਾ ਹੀ ਉਹ ਲੰਬੇ ਸਮੇਂ ਤੱਕ ਭਾਰਤੀ ਸਿਆਸਤ ਅੰਦਰ ਸਾਮਰਾਜੀਆਂ ਦੀ ਚੋਣ ਬਣੇ ਰਹਿਣ ਦੀ ਉਮੀਦ ਰੱਖਦੀ ਹੈ

             ਸਾਮਰਾਜੀ ਹਿੱਤਾਂ ਨੂੰ ਵੀ ਇਹੋ ਵਫ਼ਾਦਾਰੀ ਅਤੇ ਧੱਕੜਪੁਣਾ ਰਾਸ ਬੈਠਦਾ ਹੈ ਪਰ ਜੋ ਰਾਸ ਨਹੀਂ ਬੈਠਦਾ, ਉਹ ਲੋਕਾਂ ਅੰਦਰ ਇਨ੍ਹਾਂ ਨੀਤੀਆਂ ਦੇ ਨਸ਼ਰ ਹੋਣ ਅਤੇ ਚੋਟ ਨਿਸ਼ਾਨੇਤੇ ਆਉਣ ਦਾ ਅਮਲ ਹੈ ਇਸ ਇਤਿਹਾਸਕ ਕਿਸਾਨ ਘੋਲ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਸਨੇ ਲੋਕਾਂ ਅੰਦਰ ਕਾਰਪੋਰੇਟਾਂ ਸਾਮਰਾਜੀਆਂ ਦੇ ਹਿੱਤਾਂ ਦਾ ਮੁਲਕ ਦੇ ਲੋਕਾਂ ਦੇ ਹਿੱਤਾਂ ਨਾਲ ਟਕਰਾਅ ਉਘਾੜਨ ਦਾ ਅਮਲ ਛੇੜਿਆ ਹੈ ਮੌਜੂਦਾ ਹਕੂਮਤ ਤੋਂ ਅੱਗੇ ਵਧ ਕੇ ਹਕੂਮਤਾਂ ਨੂੰ ਚਲਾਉਣ ਵਾਲੀਆਂ ਨੀਤੀਆਂ ਚਰਚਾ ਵਿੱਚ ਆਉਣ ਲੱਗੀਆਂ ਹਨ ਇਸ ਕਿਸਾਨ ਸੰਘਰਸ਼ ਦੌਰਾਨ ਲੋਕਾਂ ਦੁਆਰਾ ਬੰਦ ਕੀਤੇ ਗਏ ਟੌਲ ਪਲਾਜ਼ੇ, ਮਾਲ, ਸਾਈਲੋ ਗੁਦਾਮ ਅਤੇ ਰਿਲਾਇੰਸ ਵਰਗੀਆਂ ਕੰਪਨੀਆਂ ਦੇ ਪੈਟਰੋਲ ਪੰਪ ਇਸ ਨਵੇਂ ਛਿੜੇ  ਅਮਲ ਦਾ ਠੋਸ ਇਜ਼ਹਾਰ ਬਣੇ ਹਨ ਆਮ ਲੋਕਾਂ ਦੀ ਬੋਲਚਾਲ ਦਾ ਹਿੱਸਾ ਬਣੇ ਸਾਮਰਾਜੀਏ, ਕਾਰਪੋਰੇਟ, ਅੰਬਾਨੀ-ਅਡਾਨੀ ਸ਼ਬਦ ਉਨ੍ਹਾਂ ਦੀ ਦੁਸ਼ਮਣ ਤਾਕਤਾਂ ਖ਼ਿਲਾਫ਼ ਵਧੀ ਚੇਤਨਾ ਦਾ ਹੀ ਇਜ਼ਹਾਰ ਹਨ ਸੰਘਰਸ਼ ਦੇ ਲਟਕਾਅ ਨਾਲ ਮੋਰਚਿਆਂ ਉੱਪਰ ਲੋਕਾਂ ਦੀ ਹਾਜ਼ਰੀ ਭਾਵੇਂ ਕਿਸੇ ਹੱਦ ਤੱਕ ਘਟ ਰਹੀ ਸੀ ਪਰ ਇਹ ਚੇਤਨਾ ਨਿਰੰਤਰ ਵਧ ਰਹੀ ਸੀ, ਜਿਸ ਨੇ ਲੋਕ ਦੋਖੀ ਤਾਕਤਾਂ ਨੂੰ ਖਤਰੇ ਦਾ ਸੰਕੇਤ ਦਿੱਤਾ ਹੁਣ ਤੱਕ ਲੋਕ ਸੰਘਰਸ਼ ਮੁੱਖ ਰੂਪ ਵਿੱਚ ਫੌਰੀ ਕਦਮਾਂ ਅਤੇ ਇਨ੍ਹਾਂ  ਕਦਮਾਂ ਨੂੰ ਅਮਲ ਵਿੱਚ ਲਿਆਉਣ ਵਾਲੀਆਂ ਹਕੂਮਤਾਂ ਦੇ ਖ਼ਿਲਾਫ਼ ਹੀ ਸੇਧਤ ਰਹਿੰਦੇ ਰਹੇ ਸਨ ਮੌਕੇ ਦੀਆਂ ਸਰਕਾਰਾਂ ਹੀ ਲੋਕ ਰੋਹ ਦੀ ਫੇਟ ਸਹਾਰਦੀਆਂ ਰਹੀਆਂ ਸਨ ਇਸ ਫੇਟ ਦਾ ਵੱਡੇ ਤੋਂ ਵੱਡਾ ਅੰਜਾਮ ਹਕੂਮਤ ਬਦਲੀ ਹੀ ਹੋ ਸਕਦਾ ਹੈ ਅਜੇਹੇ ਵੇਲੇ  ਸਾਮਰਾਜੀ ਹਿੱਤਾਂ ਨੂੰ ਪ੍ਰਣਾਈ ਕੋਈ ਹੋਰ ਹਕੂਮਤ ਸੱਤਾ ਸੰਭਾਲ ਲੈਂਦੀ ਹੈ ਜਦੋਂ ਕਿ ਮੁਲਕ ਦੀ ਦਲਾਲ ਸਿਆਸਤ ਦਾ ਕਿਰਦਾਰ ਸੁਰੱਖਿਅਤ ਰਹਿੰਦਾ ਹੈ ਵੱਡੇ ਨੀਤੀਗਤ ਕਦਮਾਂ ਅੱਗੇ ਹਕੂਮਤਾਂ ਦੀ ਅਜਿਹੀ ਅਦਲਾ-ਬਦਲੀ ਸਾਮਰਾਜੀ ਜੋਕਾਂ ਲਈ ਕਿਸੇ ਪੱਖੋਂ ਵੀ ਘਾਟੇਵੰਦਾ ਸੌਦਾ ਨਹੀਂ ਹੁੰਦਾ ਪਰ ਇਸ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਮੋਦੀ ਹਕੂਮਤ ਦੇ ਨਾਲ ਨਾਲ ਬਾਕੀ ਪਾਰਟੀਆਂ ਦਾ ਕਿਰਦਾਰ ਵੀ ਕਾਰਪੋਰੇਟਾਂ ਸਾਮਰਾਜੀਆਂ ਨਾਲ ਵਫਾਦਾਰੀ ਪੱਖੋਂ ਚਰਚਾ ਵਿੱਚ ਆਉਣ ਦਾ ਰਾਹ ਖੁੱਲ੍ਹ ਰਿਹਾ ਸੀ ਪਿੰਡਾਂ ਸ਼ਹਿਰਾਂ ਅੰਦਰ ਥਾਂ ਥਾਂ ਘੇਰੇ ਜਾ ਰਹੇ ਅਤੇ ਨਿਰ-ਉੱਤਰ ਹੋਏ ਹਾਕਮ ਜਮਾਤੀ ਸਿਆਸਤ ਦੇ ਨੁਮਾਇੰਦੇ ਵੀ ਇਸੇ ਤੱਥ ਦੀ ਸ਼ਾਹਦੀ ਭਰ ਰਹੇ ਸਨ

       ਦਹਾਕਿਆਂ ਤੋਂ ਭਾਰਤੀ ਹਾਕਮ ਜਮਾਤ ਨੇ ਪੂੰਜੀ ਨਿਵੇਸ਼ ਦੇ ਨਾਂ ਹੇਠ ਹੁੰਦੀ ਸਾਮਰਾਜੀ ਘੁਸਪੈਠ ਨੂੰ ਹੀ ਮੁਲਕ ਦੇ ਵਿਕਾਸ ਦੇ ਇੱਕੋ ਇੱਕ ਮਾਰਗ ਵਜੋਂ ਪੇਸ਼ ਕੀਤਾ ਹੈ ਕਾਰਪੋਰੇਟਾਂ ਸਾਮਰਾਜੀਆਂ ਦੇ ਮੁਨਾਫ਼ਿਆਂ ਦੇ ਵਧਦੇ ਗ੍ਰਾਫਾਂ ਅਤੇ ਉਨ੍ਹਾਂ ਦੀ ਲੁੱਟ ਨੂੰ ਆਸਾਨ ਕਰਨ ਦੀਆਂ ਲੋੜਾਂ ਤਹਿਤ ਉਸਾਰੇ ਢਾਂਚੇ ਨੂੰ ਮੁਲਕ ਦੀ ਤਰੱਕੀ ਵਜੋਂ ਪੇਸ਼ ਕੀਤਾ ਹੈ ਹਾਕਮ ਜਮਾਤਾਂ ਦੇ ਸਾਰੇ ਹਿੱਸੇ ਇਸੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਭਰਮਾਉਂਦੇ ਅਤੇ ਵੋਟਾਂ ਮੰਗਦੇ ਆਏ ਹਨ ਪਰ ਖੇਤੀ ਕਾਨੂੰਨਾਂ ਦੇ ਪ੍ਰਸੰਗ ਵਿੱਚ ਅਜਿਹੇ ਵਿਕਾਸ ਦਾ ਲੋਕਾਂ ਦੇ ਵਿਨਾਸ਼ ਨਾਲ ਰਿਸ਼ਤਾ ਚਰਚਾ ਵਿੱਚ ਆਉਣ ਨਾਲ  ਬੁਰੀ ਤਰ੍ਹਾਂ ਫਸੀਆਂ ਹੋਈਆਂ ਹਾਕਮ ਜਮਾਤੀ ਪਾਰਟੀਆਂ ਨੂੰ ਕਾਰਪੋਰੇਟਾਂ ਸਾਮਰਾਜੀਆਂ ਦੀ ਲੁੱਟ ਖ਼ਿਲਾਫ਼ ਜ਼ੁਬਾਨ ਖੋਲ੍ਹਣੀ ਪੈ ਰਹੀ ਸੀ ਅਤੇ ਦਹਾਕਿਆਂ ਤੋਂ ਸਥਾਪਤ ਕੀਤੇ ਸਾਮਰਾਜ ਪੱਖੀ ਵਿਕਾਸ ਮਾਡਲ ਦੇ ਖ਼ਿਲਾਫ਼ ਭੁਗਤਣਾ ਪੈ ਰਿਹਾ ਸੀ ਇਸ ਮਾਹੌਲ ਦਾ ਪਸਾਰਾ ਸਾਮਰਾਜੀਆਂ ਦੇ ਗੋਲੇ ਭਾਰਤੀ ਹਾਕਮਾਂ ਲਈ ਹਕੀਕੀ ਚਿੰਤਾ ਦਾ ਸਬੱਬ ਬਣਿਆ ਹੋਇਆ ਸੀ ਇਸ ਮਾਹੌਲ ਦੇ ਚੱਲਦੇ ਜਾਣ ਦਾ ਇੱਕ ਅਰਥ ਇਹ ਬਣਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਭਨਾਂ ਹਾਕਮ ਜਮਾਤੀ ਸਿਆਸਤਦਾਨਾਂ ਲਈ ਲੋਕਾਂ ਵਿੱਚ ਜਾਣ ਲਈ ਇਸ ਵਿਕਾਸ ਮਾਡਲ ਨੂੰ ਭੰਡਣ ਅਤੇ ਹਕੀਕੀ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਮਜ਼ਬੂਰੀ ਬਣੀ ਰਹੇਗੀ ਅਤੇ ਇਹ ਗੱਲ ਸਗੋਂ ਇਸ ਮਾਡਲ ਦੇ ਲੋਕ ਦੋਖੀ ਕਿਰਦਾਰ ਦੀ ਹੀ ਪੁਸ਼ਟੀ ਬਣੇਗੀ ਅਤੇ ਇਸ ਖਿਲਾਫ ਲੋਕ ਰੋਹ ਨੂੰ ਹੋਰ ਤਕੜਾ ਕਰੇਗੀ   

       ਸੰਘਰਸ਼ ਦੇ ਲਟਕਾਅ ਨਾਲ ਇੱਕ ਚੀਜ਼ ਜੋ ਹੋਰ ਪੱਕੀ ਹੁੰਦੀ ਜਾ ਰਹੀ ਸੀ ਉਹ ਸੀ ਲੋਕ ਨਾਬਰੀ ਮਹੀਨਿਆਂ ਬੱਧੀ ਬੰਦ ਪਏ ਉਹ ਟੌਲ ਪਲਾਜ਼ੇ, ਜਿਨ੍ਹਾਂ ਦੀ ਲੁੱਟ ਦੀ ਚੋਭ ਸਮਾਜ ਦਾ ਹਰ ਤਬਕਾ ਮੰਨਦਾ ਸੀ, ਜਾਮ ਪਏ ਵੱਡੇ ਮਾਲ ਅਤੇ ਹੋਰ ਕਾਰਪੋਰੇਟ ਕਾਰੋਬਾਰ ਲੋਕ ਨਾਬਰੀ ਦੀ ਅਜਿਹੀ ਤਸਵੀਰ ਬਣੇ ਹੋਏ ਸਨ ਜਿਹੜੀ ਹਰ ਸੜਕ ਉੱਤੇ ਪ੍ਰਦਰਸ਼ਿਤ ਸੀ ਇਹ ਤਸਵੀਰ ਹਰ ਦਿਨ ਲੋਕਾਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਾ ਰਹੀ ਸੀ ਸਾਲ ਭਰ ਤੋਂ ਠੱਪ ਪਏ ਇਨ੍ਹਾਂ ਕਾਰੋਬਾਰਾਂ ਦੇ ਕਰੋੜਾਂ ਅਰਬਾਂ ਦੇ ਮੁਨਾਫ਼ਿਆਂ ਦੀ ਪੀੜ ਦੀ ਰੜਕ ਤਾਂ ਸੀ ਹੀ, ਜਿਹੜੀ ਹਰ ਲੰਘਦੇ ਦਿਨ ਨਾਲ ਤਿੱਖੀ ਹੁੰਦੀ ਜਾ ਰਹੀ ਸੀ, ਪਰ ਉਸ ਤੋਂ ਵਧ ਕੇ ਤੌਖਲਾ ਅਜੇਹੇ ਕਾਰੋਬਾਰਾਂ ਨੂੰ ਠੱਪ ਕਰ ਦੇਣ ਦੀ ਰਿਵਾਇਤ ਸਥਾਪਤੀ ਦਾ ਸੀ, ਜੋ ਸੰਘਰਸ਼ ਦੇ ਲਟਕਾਅ ਦੇ ਨਾਲ ਨਾਲ ਵਧਦਾ ਜਾ ਰਿਹਾ ਸੀ ਲੋਕਾਂ ਦੀ ਚੇਤਨਾ ਅੰਦਰ ਇਹ ਚੀਜ਼ ਸਥਾਪਤ ਹੋ ਜਾਣੀ ਕਿ ਅਜਿਹੇ ਕਾਰੋਬਾਰ ਬੰਦ ਕੀਤੇ ਜਾ ਸਕਦੇ ਹਨ, ਬੰਦ ਰੱਖੇ ਜਾ ਸਕਦੇ ਹਨ ਸਾਮਰਾਜੀ ਹਿੱਤਾਂ ਲਈ ਗੰਭੀਰ ਅਰਥ ਰੱਖਦੀ ਗੱਲ ਹੈ

      ਚੱਲ ਰਿਹਾ ਕਿਸਾਨ ਸੰਘਰਸ਼ ਹਾਕਮ ਜਮਾਤਾਂ ਅਤੇ ਲੋਕ ਹਿੱਤਾਂ ਵਿੱਚ ਦੁਸ਼ਮਣੀ ਦੀ ਲਕੀਰ ਗੂੜ੍ਹੀ ਕਰਦਾ ਜਾ ਰਿਹਾ ਸੀ ਇਹਦੇ ਮੋਰਚਿਆਂ ੳੱੁਪਰ ਆਏ ਦਿਨ ਜਾ ਰਹੀਆਂ ਜਾਨਾਂ ਇਸ ਦੁਸ਼ਮਣੀ ਨੂੰ ਹੋਰ ਪ੍ਰਚੰਡ ਕਰ ਰਹੀਆਂ ਸਨ ਕਿਸਾਨ ਘੋਲ ਹੋਰਨਾਂ ਜਥੇਬੰਦ ਹਿੱਸਿਆਂ ਲਈ ਹਵਾਲਾ ਨੁਕਤਾ ਬਣਿਆ ਹੋਇਆ ਸੀ, ਜਿਸ ਦਾ ਜ਼ਿਕਰ ਹਰ ਘੋਲ ਦੇ ਕੇਂਦਰ ਵਿੱਚ ਰਹਿ ਰਿਹਾ ਸੀ ਪਾਟਕ ਪਾਊ ਸਿਆਸਤ ਦੀਆਂ ਸਭ ਸਾਜਿਸ਼ਾਂ ਨੂੰ ਮਾਤ ਦੇ ਕੇ ਇਹ ਸਾਂਝੀਵਾਲਤਾ ਦੀਆਂ ਬੁਨਿਆਦਾਂ ਨਵੇਂ ਸਿਰਿਓਂ ਧਰ ਰਿਹਾ ਸੀ, ਜੋ ਆਪਣੇ ਆਪ ਵਿੱਚ ਹਾਕਮ ਜਮਾਤਾਂ ਦੇ ਵੰਡ ਪਾਊ ਮਨਸੂਬਿਆਂ ਲਈ ਘਾਤਕ ਸਾਬਤ ਹੋਣ ਵਾਲੀ ਗੱਲ ਸੀ

      ਇਹ ਕਿਸਾਨ ਘੋਲ ਵੱਲੋਂ ਮੁਲਕ ਦੀ ਸਿਆਸਤ ਉੱਤੇ ਫੌਰੀ ਅਤੇ ਲੰਮੇ ਦਾਅ ਤੋਂ ਪਾਏ ਜਾ ਰਹੇ ਅਸਰਾਂ ਦਾ ਕੁੱਲ ਜੋੜ ਮੇਲ ਸੀ, ਜਿਸ ਨੇ ਮੋਦੀ ਹਕੂਮਤ ਨੂੰ ਨਮੋਸ਼ੀਜਨਕ ਹਾਰ ਕਬੂਲਣ ਲਈ ਮਜ਼ਬੂਰ ਕੀਤਾ ਜਿਨ੍ਹਾਂ ਅਸਰਾਂ ਤੋਂ ਤ੍ਰਹਿ ਕੇ ਹਕੂਮਤ ਪਿੱਛੇ ਹਟੀ ਹੈ, ਲੋਕ ਲਹਿਰ ਨੂੰ ਉਹ ਅਸਰ ਸਥਾਈ ਬਣਾਉਣ ਲਈ ਤਾਣ ਜੁਟਾਉਣਾ ਚਾਹੀਦਾ ਹੈ   

 

  

No comments:

Post a Comment