ਰੋਜ਼ਮਰਾ ਦੇ ਸੰਘਰਸ਼ਾਂ ਨੂੰ ਲੋਕਾਸ਼ਾਹੀ ਦੀ ਸਿਰਜਣਾ ਲਈ ਸੰਘਰਸ਼ਾਂ ’ਚ ਪਲਟੋ
ਇਸ ਵਾਰ ਨਵੇਂ ਸਾਲ ਦਾ ਸੂਰਜ ਸਾਡੇ ਦੇਸ਼ ਦੇ ਕਿਰਤੀ ਲੋਕਾਂ ਵੱਲੋਂ ਮਨਾਏ ਜਾ ਰਹੇ ਜਿੱਤ ਦੇ ਜਸ਼ਨਾਂ ਦਰਮਿਆਨ ਚੜ੍ਹਿਆ ਹੈ। ਸਾਲ ਭਰ ਤੋਂ ਲੰਮੇਂ ਚੱਲੇ ਕਿਸਾਨ ਸੰਘਰਸ਼ ਰਾਹੀਂ ਲੋਕਾਂ ਨੇ ਸਾਡੇ ਮੁਲਕ ਦੀ ਖੇਤੀ ਅੰਦਰ ਸਾਮਰਾਜੀ ਲੁੱਟ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਲੋਕ ਸੰਗਰਾਮਾਂ ਦੇ ਇਤਿਹਾਸ ਵਿੱਚ ਨਿਵੇਕਲੀ ਥਾਂ ਰੱਖਣ ਵਾਲੇ ਇਸ ਸੰਘਰਸ਼ ਤੋਂ ਪਹਿਲਾਂ ਦਾ ਅਰਸਾ ਵੀ ਲੋਕ ਰੋਹ ਦੀ ਤਸਵੀਰ ਬਣਦਾ ਰਿਹਾ ਹੈ। ਇਸ ਅਰਸੇ ਨੇ ਇੱਕ ਪਾਸੇ ਹਾਕਮ ਜਮਾਤ ਵੱਲੋਂ ਆਪਣੇ ਜੰਗਲਾਂ, ਖੇਤਾਂ, ਵਾਦੀਆਂ, ਸਭ ਸੋਮਿਆਂ, ਅਦਾਰਿਆਂ ਤੇ ਲੋਕ-ਪੱਖੀ ਕਾਨੂੰਨਾਂ ਉੱਤੇ ਵੱਡੇ ਹਮਲੇ ਦੇਖੇ ਹਨ ਅਤੇ ਦੂਜੇ ਪਾਸੇ ਬਸਤਰ ਦੇ ਜੰਗਲਾਂ ਤੋਂ ਕਸ਼ਮੀਰ ਦੀ ਵਾਦੀ ਤੱਕ, ਥੂਥੁਕੁੱਡੀ ਤੋਂ ਗੁੜਗਾਓਂ ਤੱਕ, ਸ਼ਾਹੀਨ ਬਾਗ ਤੋਂ ਗੁਹਾਟੀ ਤੱਕ, ਪੰਜਾਬ ਦੇ ਪਿੰਡਾਂ ਤੋਂ ਰਾਜਧਾਨੀ ਦੇ ਬਾਰਡਰਾਂ ਤੱਕ ਉੱਠੀਆਂ ਰੋਹ ਦੀਆਂ ਚਿਣਗਾਂ ਦੇਖੀਆਂ ਹਨ। ਵੱਖ ਵੱਖ ਮਸਲਿਆਂ ਉੱਪਰ ਉੱਠੀਆਂ ਇਹਨਾਂ ਵਿਰੋਧ ਤਰੰਗਾਂ ਦਾ ਧੁਰਾ ਇੱਕ ਹੈ। ਸਾਡੇ ਮੁਲਕ ਦੇ ਲੋਕ ਆਪਣੀ ਹੀ ਧਰਤੀ ਉੱਪਰ ਬੇਵੁੱਕਤੀ ਤੇ ਆਪਣੇ ਹੀ ਸੋਮਿਆਂ ਤੋਂ ਬੇਦਖਲੀ ਖਿਲਾਫ਼ ਉੱਠ ਰਹੇ ਹਨ।
ਇਸ ਬੇਵੁੱਕਤੀ ਅਤੇ ਬੇਦਖਲੀ ਦਾ ਅਧਾਰ ਸਾਡੇ ਸਮਾਜ ਅੰਦਰ ਮੌਜੂਦ ਕਾਣੀ ਵੰਡ ਵਿੱਚ ਪਿਆ ਹੈ, ਜਿਹੜੀ ਹਰ ਲੰਘੇ ਦਿਨ ਹੋਰ ਕਾਣੀ ਹੁੰਦੀ ਜਾ ਰਹੀ ਹੈ। ਇਸ ਕਾਣੀ ਵੰਡ ਦੇ ਇੱਕ ਸਿਰੇ ’ਤੇ ਉਹਨਾਂ ਮੁੱਠੀਭਰ ਜਗੀਰਦਾਰਾਂ ਅਤੇ ਪੂੰਜੀਪਤੀਆਂ ਦੀ ਜਮਾਤ ਹੈ ਜਿਹੜੇ ਮੁਲਕ ਦੇ ਸੋਮਿਆਂ-ਸੰਪਤੀ ਉੱਤੇ ਕਾਬਜ ਹਨ। ਇਹ ਕਬਜਾ ਉਹਨਾਂ ਨੂੰ ਮੁਲਕ ਦੀ ਸਿਆਸਤ ਦਾ ਕੰਟਰੋਲ ਦਿੰਦਾ ਹੈ ਤੇ ਇਹੀ ਕੰਟਰੋਲ ਇਸ ਕਬਜੇ ਦੀ ਰਾਖੀ ਕਰਨ ਅਤੇ ਇਸਨੂੰ ਹੋਰ ਪੱਕਾ ਕਰਨ ਦਾ ਹੱਥਾ ਬਣਦਾ ਹੈ। ਕੁੱਲ ਧਰਤੀ ਦੇ ਜ਼ਖੀਰਿਆਂ ਦੀ ਲੁੱਟ ਕਰਨ ਵਾਲੇ ਸਾਮਰਾਜੀ ਇਸ ਜਮਾਤ ਦੇ ਸੰਗੀ ਹਨ। ਇਹਨਾਂ ਨਾਲ ਜੋਟੀ ਪਾ ਕੇ ਹੀ ਉਹ ਸਾਡੇ ਮੁਲਕ ਦੀ ਲੁੱਟ ਚੋਂਘ ਕਰਦੇ ਹਨ ਤੇ ਮੋੜਵੇਂ ਰੂਪ ਵਿੱਚ ਇਹ ਜੋਟੀ ਜਗੀਰਦਾਰਾਂ ਸਰਮਾਏਦਾਰਾਂ ਦੇ ਰਾਜ ਨੂੰ ਢੋਈ ਦਿੰਦੀ ਹੈ। ਇਉ ਸਾਮਰਾਜੀਆਂ-ਜਗੀਰਦਾਰਾਂ-ਸਰਮਾਏਦਾਰਾਂ ਦੀ ਲੋਟੂ ਜਮਾਤ ਸਾਡੇ ਮੁਲਕ ਦੇ ਸੋਮਿਆਂ ਤੇ ਸਾਡੇ ਲੋਕਾਂ ਦੇ ਖੂੰਨ ’ਤੇ ਵਧਦੀ ਫੁੱਲਦੀ ਹੈ।
ਇਸ ਕਾਣੀ ਵੰਡ ਦੇ ਦੂਜੇ ਸਿਰੇ ’ਤੇ ਸਾਡੇ ਮੁਲਕ ਦੇ ਮਿਹਨਤਕਸ਼ ਲੋਕ ਹਨ ਜਿਹਨਾਂ ਦੀ ਕਿਰਤ ਨੇ ਇਸ ਮੁਲਕ ਨੂੰ ਉਸਾਰਿਆ ਹੈ। ਏਥੋਂ ਦੀ ਧਰਤ ਮਾਲਾਮਾਲ ਕੀਤੀ ਹੈ, ਪਰ ਜਿਹੜੇ ਆਪ ਆਪਣੀਆਂ ਸਿਰਜੀਆਂ ਨਿਆਮਤਾਂ ਤੋਂ ਵਾਂਝੇ ਹਨ। ਉਹ ਦਿਨੋ ਦਿਨ ਹੋਰ ਨਪੀੜੇ ਜਾ ਰਹੋ ਹਨ, ਹੋਰ ਹਾਸ਼ੀਏ ’ਤੇ ਧੱਕੇ ਜਾ ਰਹੇ ਹਨ ਤੇ ਇਸ ਅਮਲ ਦੌਰਾਨ ਉਹ ਖੁੱਸਦੀ ਜਾ ਰਹੀ ਹਰ ਚੀਜ਼ ਨੂੰ ਬਚਾਉਣ ਲਈ ਅਹੁਲ ਵੀ ਰਹੇ ਹਨ। ਪਰ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਹਰ ਦਿਨ ਵੱਜਦੇ ਡਾਕਿਆਂ ਤੋਂ ਕਿਸੇ ਇੱਕ ਜਾਂ ਦੂਜੇ ਹੱਕ ਨੂੰ ਬਚਾ ਕੇ ਹੀ ਟਹਿਕ ਨਹੀਂ ਸਕਦੀਆਂ। ਲੋਕਾਂ ਦੇ ਇਹ ਸੰਘਰਸ਼ ਤਾਂ ਲੋਟੂ ਜਮਾਤ ਦੇ ਨਿੱਤ ਵਧਦੇ ਹੱਲਿਆਂ ਖਿਲਾਫ਼ ਬਚਾਅ-ਮੁਖੀ ਸੰਘਰਸ਼ ਹੀ ਬਣਦੇ ਹਨ। ਉਹਨਾਂ ਦੀਆਂ ਜ਼ਿੰਦਗੀਆਂ ਅੰਦਰ ਹਕੀਕੀ ਤਬਦੀਲੀ ਤਾਂ ਸਾਡੇ ਸਮਾਜ ਅੰਦਰ ਮੌਜੂਦ ਕਾਣੀ ਵੰਡ ਨੂੰ ਖਤਮ ਕਰਕੇ ਹੀ ਹੋਣੀ ਹੈ। ਉਸ ਪ੍ਰਬੰਧ ਨੂੰ ਖਤਮ ਕਰਕੇ ਹੀ ਹੋਣੀ ਹੈ ਜੋ ਇਸ ਲੁੱਟ ਤੇ ਕਾਣੀ ਵੰਡ ਦੀ ਰਾਖੀ ਕਰਦਾ ਹੈ।
ਜਿਵੇਂ ਇਸ ਅਨਿਆਂ ਦੇ ਪ੍ਰਬੰਧ ਨੂੰ ਖਤਮ ਕਰਨਾ ਕਿਰਤੀ ਜਮਾਤ ਦੀ ਲੋੜ ਹੈ, ਉਵੇਂ ਇਸ ਨੂੰ ਇੰਨ-ਬਿੰਨ ਸਲਾਮਤ ਰੱਖਣਾ ਸਾਡੇ ਮੁਲਕ ਦੀ ਲੋਟੂ ਹਾਕਮ ਜਮਾਤ ਦੀ ਲੋੜ ਹੈ। ਇਸ ਪ੍ਰਬੰਧ ਅੰਦਰ ਵੱਡੀ ਤਬਦੀਲੀ ਤਾਂ ਦੂਰ, ਇਸ ’ਤੇ ਮਾੜੀ- ਮੋਟੀ ਆਂਚ ਵੀ ਉਹਨਾਂ ਨੂੰ ਗਵਾਰਾ ਨਹੀਂ। ਇਸ ਕਰਕੇ ਲੁੱਟ ਦੇ ਇਸ ਸਿਲਸਿਲੇ ਅੰਦਰ ਮਾੜੀ-ਮੋਟੀ ਰੁਕਾਵਟ ਖਿਲਾਫ਼ ਇਹ ਰਾਜ ਪ੍ਰਬੰਧ ਆਪਣੇ ਸਾਰੇ ਸਸ਼ਤਰਾਂ ਸਮੇਤ ਨਿੱਤਰ ਪੈਂਦਾ ਹੈ। ਇਸਦੀ ਫੌਜ, ਨੀਮ-ਫੌਜੀ ਬਲ, ਪੁਲਸ, ਅਦਾਲਤਾਂ ਪ੍ਰਬੰਧਕੀ ਢਾਂਚਾ, ਕਾਨੂੰਨ, ਅਸੈਂਬਲੀਆਂ ਸਭ ਲੁੱਟ ਦੇ ਦਸਤੂਰ ਦੀ ਰੱਖਿਆ ਕਰਦੇ ਹਨ। ਇਹ ਸਭ ਸ਼ਸਤਰ ਭਾਰਤੀ ਹਾਕਮਾਂ ਨੇ ਆਪਣੇ ਲੁਟੇਰੇ ਅੰਗਰੇਜ਼ ਪੂਰਵਜ਼ਾਂ ਤੋਂ ਵਿਰਾਸਤ ਵਿੱਚ ਹਾਸਲ ਕੀਤੇ ਹਨ ਤੇ ਇਹਨਾਂ ਨੂੰ ਉਹਨਾਂ ਵਾਂਗ ਹੀ ਭਾਰਤ ਦੇ ਕਿਰਤੀ ਲੋਕਾਂ ਦੀ ਲੁੱਟ ਲਈ ਵਰਤਿਆ ਹੈ। ਇਸ ਕਰਕੇ ਭਾਵੇਂ ਮਾਨੇਸਰ ਦਾ ਮਾਰੂਤੀ ਸੁਜ਼ੂਕੀ ਪਲਾਂਟ ਹੋਵੇ ਤੇ ਭਾਵੇਂ ਨਿਆਮਗਿਰੀ ਦੀਆਂ ਪਹਾੜੀਆਂ, ਜਿੱਥੇ ਵੀ ਜੋਕ ਧੜੇ ਦੇ ਮੁਨਾਫਿਆਂ ਨੂੰ ਆਂਚ ਪਹੰੁਚਦੀ ਹੈ, ਉੱਥੇ ਇਹ ਰਾਜ ਮਸ਼ੀਨਰੀ ਆਪਣੇ ਇੱਕ ਜਾਂ ਦੂਸਰੇ ਸੰਦ ਰਾਹੀਂ ਲੋਕਾਂ ਦਾ ਲਹੂ ਵਹਾਉਣੋਂ ਗੁਰੇਜ਼ ਨਹੀਂ ਕਰਦੀ। ਜੋਕ ਹਿੱਤਾਂ ’ਤੇ ਕਿਸੇ ਸੰਘਰਸ਼ ਦਾ ਜਿੰਨਾਂ ਵੱਧ ਅਸਰ ਪੈਂਦਾ ਹੈ, ਓਨਾ ਵੱਧ ਖੂੰਖਾਰ ਉਸਦਾ ਪ੍ਰਤੀਕਰਮ ਹੁੰਦਾ ਹੈ। ਇਸੇ ਵਜਾ ਕਰਕੇ ਇਸ ਪ੍ਰਬੰਧ ਅੰਦਰ ਕੋਈ ਹਕੀਕੀ ਤਬਦੀਲੀ ਸ਼ਾਂਤਮਈ ਹੋ ਹੀ ਨਹੀਂ ਸਕਦੀ । ਹਾਕਮ ਜਮਾਤਾਂ ਵੱਲੋਂ ਘੜੇ ਵਿਉਤੇ ਤੇ ਚਲਾਏ ਜਾਂਦੇ ਤਮਾਮ ਅਮਲ, ਸਮੇਤ ਵੋਟ ਪ੍ਰਕਿਰਿਆ ਦੇ, ਇਸ ਪ੍ਰਬੰਧ ਨੂੰ ਤਬਦੀਲ ਕਰਨ ਵਾਲੇ ਨਹੀਂ , ਸਿਰਫ਼ ਤਬਦੀਲੀ ਦਾ ਭਰਮ ਸਿਰਜ ਸਕਦੇ ਹਨ। ਚੋਣ ਅਮਲੇ ਦੌਰਾਨ ਹਾਕਮ ਜਮਾਤਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੇ ਚਿਹਰੇ ਬਦਲਦੇ ਹਨ, ਪਰ ਹਿੱਤ ਉਵੇਂ ਹੀ ਸੁਰੱਖਿਅਤ ਰਹਿੰਦੇ ਹਨ। ਜੇਕਰ ਚੋਣ ਅਮਲ ਇਸ ਪ੍ਰਬੰਧ ਵਿੱਚ ਮਾੜੀ-ਮੋਟੀ ਤਬਦੀਲੀ ਲਿਆ ਸਕਣ ਦੇ ਯੋਗ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਡੇ ਰਾਜ ਭਾਗ ’ਤੇ ਕਾਬਜ ਲੋਟੂ ਜਮਾਤਾਂ ਹੀ ਇਸਦੇ ਖਿਲਾਫ਼ ਨਿੱਤਰਦੀਆਂ।
ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਅਸਲ ਤਬਦੀਲੀ ਲਈ ਜ਼ਰੂਰੀ ਹੈ ਕਿ ਸਾਡੇ ਦੇਸ਼ ਅੰਦਰੋਂ ਸਾਮਰਾਜੀ ਗਲਬਾ ਖਤਮ ਹੋਵੇ। ਸਾਮਰਾਜੀ ਕੰਪਨੀਆਂ ਨੂੰ ਮੁਲਕ ਤੋਂ ਬੇਦਖਲ ਕੀਤਾ ਜਾਵੇ ਅਤੇ ਉਹਨਾਂ ਦੀ ਪੂੰਜੀ ਜਬਤ ਕੀਤੀ ਜਾਵੇ। ਜ਼ਮੀਨ ਦੀ ਮੁੜ ਵੰਡ ਹੋਵੇ ਅਤੇ ਵੱਡੇ ਜਗੀਰਦਾਰਾਂ ਦੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਵਿੱਚ ਤਕਸੀਮ ਕੀਤੀਆਂ ਜਾਣ। ਵੱਡੇ ਧਨਾਡਾਂ ’ਤੇ ਭਾਰੀ ਟੈਕਸ ਲਾ ਕੇ ਮੁਲਕ ਦੇ ਮਾਲ ਖਜ਼ਾਨੇ ਭਰੇ ਜਾਣ। ਪਰ ਇਹਨਾਂ ਮੰਗਾਂ ਦਾ ਜ਼ਿਕਰ ਮਾਤਰ ਹੀ ਲੋਟੂ ਜਮਾਤ ਨੂੰ ਕੰਬਣੀਆਂ ਛੇੜਦਾ ਹੈ ਅਤੇ ਉਹ ਆਪਣੇ ਖੂੰਨੀ ਪੰਜੇ ਲੈ ਕੇ ਲੋਕਾਂ ਖਿਲਾਫ਼ ਨਿੱਤਰ ਆਉਦੀ ਹੈ। ਅੱਜ ਲੋਕ ਮੁਕਾਬਲਤਨ ਛੋਟੀਆਂ ਮੰਗਾਂ ਉੱਤੇ ਸੰਘਰਸ਼ ਕਰ ਰਹੇ ਹਨ ਅਤੇ ਹਾਕਮਾਂ ਦੇ ਖੂੰਨੀ ਵਾਰ ਝੱਲ ਰਹੇ ਹਨ। ਇਹਨਾਂ ਬਚਾਅ-ਮੁਖੀ ਲੋਕ ਸੰਘਰਸ਼ਾਂ ਨੇ ਭਵਿੱਖ ਅੰਦਰ ਲੋਕਾਂ ਨੂੰ ਇਸ ਮੁਲਕ ਦੇ ਸੋਮਿਆਂ ਉੱਤੇ ਅਧਿਕਾਰ ਜਤਾਈ, ਅਤੇ ਫਿਰ ਰਾਜਸੱਤਾ ਉੱਪਰ ਅਧਿਕਾਰ ਜਤਾਈ ਦੇ ਸੰਘਰਸ਼ਾਂ ਤੱਕ ਲੈ ਕੇ ਜਾਣਾ ਹੈ। ਜਿਉ ਜਿਉ ਲੋਕ ਹਿੱਤਾਂ ਤੇ ਜੋਕ ਹਿੱਤਾਂ ਵਿੱਚ ਭੇੜ ਤਿੱਖਾ ਹੋਣਾ ਹੈ, ਸੰਘਰਸ਼ਾਂ ਨੇ ਹੋਰ ਗਹਿਗੱਚ ਹੋਣਾ ਹੈ। ਇਸ ਰਾਜ ਪ੍ਰਬੰਧ ਤੋਂ ਨਿਆਾਂ ਦੀ ਆਸ ਰੱਖਕੇ ਇਹਨਾਂ ਸੰਘਰਸ਼ਾਂ ਵਿੱਚ ਕੁੱਦਿਆ ਨਹੀਂ ਜਾ ਸਕਦਾ। ਨਾ ਸਿਰਫ਼ ਇਸ ਪ੍ਰਬੰਧ ਅੰਦਰ ਮਾਨਤਾ ਪ੍ਰਾਪਤ ਚੋਣ ਅਮਲਾਂ ਨੂੰ ਰੱਦ ਕਰਕੇ, ਬਲਕਿ ਸੰਘਰਸ਼ਾਂ ਦਾ ਕਨਾਤਰਾ ਵੀ ਹੋਰ ਜੁਝਾਰੂ ਤੇ ਭੇੜੂ ਬਣਾਕੇ ਹਕੂਮਤੀ ਹੱਲੇ ਦੇ ਮੁਕਾਬਲੇ ਦਾ ਟਾਕਰਾ ਪ੍ਰਬੰਧ ਉਸਾਰ ਕੇ ਹੀ ਹਕੀਕੀ ਤਬਦੀਲੀ ਦੇ ਰਾਹਾਂ ’ਤੇ ਅੱਗੇ ਵਧਿਆ ਜਾ ਸਕਦਾ ਹੈ।
ਆਉਣ ਵਾਲਾ ਸਮਾਂ ਤਰਥੱਲੀਆਂ ਦਾ ਸਮਾਂ ਹੈ। ਲੋਕ ਉਭਾਰ ਦਿਨੋ ਦਿਨ ਬਲਵਾਨ ਹੋ ਰਹੇ ਹਨ। ਹਾਕਮ ਜਮਾਤਾਂ ਲਈ ਖਤਰੇ ਦੀ ਘੰਟੀ ਟਣਟਣਾ ਰਹੀ ਹੈ। ਇਸ ਤਰਥੱਲੀਆਂ ਦੇ ਦੌਰ ਅੰਦਰ ਹਾਕਮਾਂ ਦੀ ਜਮਾਤੀ ਕਿਰਦਾਰ ਬਾਰੇ ਸੁਚੇਤ ਹੋ ਕੇ, ਇਸ ਰਾਜ ਪ੍ਰਬੰਧ ਦੀਆਂ ਖੂੰਨੀ ਨਹੁੰਦਰਾਂ ਦੀ ਪਛਾਣ ਕਰਕੇ ਤੇ ਉਹਨਾਂ ਦੇ ਟਾਕਰੇ ਲਈ ਤਿਆਰ ਹੋ ਕੇ ਹੀ ਲੋਕ ਸੰਘਰਸ਼ਾਂ ਨੂੰ ਹਕੀਕੀ ਤਬਦੀਲੀ ਦੇ ਸੰਘਰਸ਼ਾਂ ਤੱਕ ਲਿਜਾਇਆ ਤੇ ਜੇਤੂ ਪਰਚਮ ਲਹਿਰਾਇਆ ਜਾ ਸਕਦਾ ਹੈ। ਹਾਕਮ ਜਮਾਤੀ ਪ੍ਰਬੰਧ ਦੇ ਭੁਲੇਖੇ ਖੁਰਨ ਅਤੇ ਲੋਕਾਸ਼ਾਹੀ ਦੀ ਸਿਰਜਣਾ ਦਾ ਅਧਾਰ ਖੜਾ ਹੋਣ ਦਾ ਸਮਾਂ ਬਰੂਹਾਂ ’ਤੇ ਹੈ। ਆਓ, ਇਸ ਸਮੇਂ ਨੂੰ ਹੁੰਗਾਰਾ ਭਰੀਏ।
No comments:
Post a Comment